A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

ਚਉਬੀਸ ਅਵਤਾਰ: ਰਚਨਾ ਉਦੇਸ਼ DushtDaman.org

March 13, 2008
Author/Source: Dr. Jasbir Singh Saabar

ਚਉਬੀਸ ਅਵਤਾਰ: ਰਚਨਾ ਉਦੇਸ਼
ਡਾ. ਜਸਬੀਰ ਸਿੰਘ ਸਾਬਰ


ਦਸਮ ਗ੍ਰੰਥ ਦੀ ਵਡ ਅਕਾਰੀ ਅਤੇ ਬਹੁ ਚਰਚਿਤ ਰਚਨਾ ਚਉਬੀਸ ਅਵਤਾਰ ਦਾ ਆਮ ਤੌਰ ਤੇ ਸਤਹੀ ਪੱਧਰ ਤੇ ਹੀ ਅਧਿਐਨ ਹੋਇਆ ਹੈ। ਇਸ ਦੇ ਰਚਨਾ ਮੰਤਵ ਨੂੰ ਵੀ ਗੌਣ ਰੂਪ ਪ੍ਰਦਾਨ ਕਰਕੇ ਹੀ ਸਮਝਿਆ ਜਾਂਦਾ ਰਿਹਾ ਹੈ। ਇਸ ਰੁਚੀ ਦਾ ਪ੍ਰਮੁੱਖ ਕਾਰਨ ਹੈ ਇਸ ਰਚਨਾ ਦੇ ਕ੍ਰਤਿਤਵ ਉਤੇ ਲਗਾਇਆ ਗਿਆ ਪ੍ਰਸ਼ਨ ਚਿੰਨ੍ਹ। ਇਸ ਰਚਨਾ ਦੇ ਸਿਰਲੇਖ ਸਨਮੁਖ, ਇਸ ਨੂੰ ਅਵਤਾਰਵਾਦੀ ਭਾਵਨਾ ਉਭਾਰਨ ਵਾਲੀ ਮੰਨ ਕੇ ਇਸ ਦਾ ਪਠਨ ਪਾਠਨ ਕਰਨ ਤੋਂ ਵੀ ਸੰਕੋਚ ਹੀ ਕੀਤਾ ਜਾਂਦਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ਇਸ ਰਚਨਾ ਨੂੰ ਦਸਮ ਗੁਰੂ ਜੀ ਦੀ ਕਿਰਤ ਮੰਨਣ ਨਾਲ ਗੁਰੂ ਗੋਬਿੰਦ ਸਿੰਘ, ਅਵਤਾਰਵਾਦ ਵਿਚ ਆਸਥਾ ਰਖਣ ਵਾਲੇ ਸਿੱਧ ਹੁੰਦੇ ਹਨ। ਪਰ ਕੀ ਇਹ ਰਚਨਾ ਅਵਤਾਰਵਾਦੀ ਭਾਵਨਾ ਉਭਾਰਨ ਵਾਲੀ ਹੈ ਵੀ? ਇਸ ਪ੍ਰਸ਼ਨ ਦਾ ਸਹੀ ਉੱਤਰ ਇਸ ਰਚਨਾ ਦੇ ਸੰਪੂਰਨ ਪਾਠ ਨੂੰ ਸਹੀ ਪਰਿਪੇਖ ਵਿਚ ਪੜ੍ਹਨ ਉਪਰੰਤ ਹੀ ਲੱਭਦਾ ਹੈ। ਰਚਨਾ ਦਾ ਗਹਿਰ ਗੰਭੀਰ ਅਧਿਐਨ ਇਸ ਤੱਥ ਨੂੰ ਉਭਾਰਦਾ ਹੈ ਕਿ ਚਉਬੀਸ ਅਵਤਾਰ ਕਥਾ ਵਿਚ ਅਵਤਾਰੀ ਭਾਵਨਾ ਦਾ ਉਭਾਰ ਨਹੀਂ ਸਗੋਂ ਜ਼ੋਰਦਾਰ ਖੰਡਨ ਹੈ। ਇਹ ਖੰਡਨਾਤਮਕ ਸੁਰ ਵੀ ਸਧਾਰਨ ਨਹੀਂ ਸਗੋਂ ਉਸ ਪੱਧਰ ਦਾ ਹੈ ਜੋ ਗੁਰਬਾਣੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਇਕ ਸੁਰਤਾ ਦਿਖਾਉਂਦਾ ਹੈ ਵਖਰਤਾ ਨਹੀਂ। ਇਸ ਤੱਥ ਦੀ ਪੁਸਟੀ ਕਰਦੇ ਹਨ ਚਉਬੀਸ ਅਵਤਾਰ ਕਥਾ ਦੇ ਅਰੰਭਕ 38 ਛੰਦ ਜੋ ਗੁਰਬਾਣੀ ਵਾਂਗ ਹੀ ਸਮੇਂ ਸਮੇਂ ਹੋਏ ਅਵਤਾਰਾਂ ਨੂੰ ਕਾਲ-ਯੁਕਤ ਅਤੇ ਕੇਵਲ ਇਕੋ ਇਕ ਪਤਮਾਤਮਾ ਦੀ ਹਸਤੀ ਨੂੰ ਅਕਾਲ ਦਰਸਾਉਂਦੇ ਹਨ। ਜੇਕਰ ਗੁਰਬਾਣੀ ਦਾ ਸਿਧਾਂਤ:

ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹਿ ਜਾਨਹਿ ਭੇਦ॥
ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥

ਵਾਲਾ ਹੈ ਤਾਂ ਇਸ ਰਚਨਾ ਵਿਚ ਵੀ ਇਹੋ ਸੁਰ ਗੂੰਜਦੀ ਹੈ:

ਜੋ ਚਉਬੀਸ ਅਵਤਾਰ ਕਹਾਏ॥ ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ॥
ਸਭ ਹੀ ਜਗ ਭਰਮੇ ਭਵਰਾਯੰ॥ ਤਾਤੇ ਨਾਮ ਬੇਅੰਤ ਕਹਾਯੰ॥7॥

ਏਥੋਂ ਤੱਕ ਕਿ ਇਸ ਰਚਨਾ ਵਿਚ ਤਾਂ ਗੁਰੁ ਅਰਜਨ ਦੇਵ ਜੀ ਦੇ ਕਥਨ ‘ਸਗਲ ਪਰਾਧ ਦੇਹਿ ਲੋਰੋਨੀ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ’ ਅਨੁਸਾਰ ਆਖਿਆ ਗਿਆ ਹੈ ਕਿ

ਜੋ ਜੋ ਰੰਗ ਏਕ ਕੇ ਰਾਚੇ॥ ਤੇ ਤੇ ਲੋਕ ਲਾਜ ਤਜਿ ਨਾਚੇ॥
ਆਦਿ ਪੁਰਖ ਜਿਨਿ ਏਕੁ ਪਛਾਨਾ॥ ਦੁਤੀਆ ਭਾਵ ਨ ਮਨ ਮਹਿ ਆਨਾ॥
ਜੋ ਜੋ ਭਾਵ ਦੁਤਿਯ ਮਹਿ ਰਾਚੇ॥ ਤੇ ਤੇ ਮੀਤ ਮਿਲਨ ਤੇ ਬਾਚੇ॥
ਏਕ ਪੁਰਖ ਜਿਨਿ ਨੇਕੁ ਪਛਾਨਾ॥ ਤਿਨ ਹੀ ਪਰਮ ਤਤ ਕਹੈ ਜਾਨਾ॥22॥
………
ਭਿੰਨ ਭਿੰਨ ਜਿਮੁ ਦੇਹ ਧਰਾਏ॥ ਤਿਮੁ ਤਿਮੁ ਕਰ ਅਵਤਾਰ ਕਹਾਏ॥
ਪਰਮ ਰੂਪ ਜੋ ਏਕ ਕਹਾਯੋ॥ ਅੰਤਿ ਸਭੋ ਤਿਹ ਮੱਧਿ ਮਿਲਯੋ॥33॥

ਉਪਰੋਕਤ ਹਵਾਲੇ ਸਿਧ ਕਰਦੇ ਹਨ ਕਿ ਜਿਸ ਤਰ੍ਹਾਂ ਗੁਰਬਾਣੀ, ਅਵਤਾਰਵਾਦ ਵਿਚ ਆਸਥਾ ਰਖਣ ਵਾਲੀ ਰੁਚੀ ਨੂੰ ਅਸਵੀਕਾਰ ਕਰਦੀ ਹੈ ਉਸੇ ਤਰ੍ਹਾਂ ਚਉਬੀਸ ਅਵਤਾਰ ਰਚਨਾ ਵਿਚ ਇਨ੍ਹਾਂ ਅਵਤਾਰਾਂ ਨੂੰ ਨਾ ਤਾਂ ਕਿਧਰੇ ਪੂਜਨੀਕ ਪਦ ਹੀ ਪ੍ਰਦਾਨ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਦੀ ਪੂਜਾ-ਅਰਚਨਾ ਕਰਨ ਵੱਲ ਕੀਤਾ ਕੋਈ ਸੰਕੇਤ ਹੀ ਪ੍ਰਾਪਤ ਹੁੰਦਾ ਹੈ। ਭਾਵ ਚਉਬੀਸ ਅਵਤਾਰ ਰਚਨਾ ਦਾ ਉਦੇਸ਼, ਅਵਤਾਰਵਾਦ ਦੀ (glorification) ਨਹੀਂ ਹੈ ਸਗੋਂ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣ ਵਾਲੀ ਰੁਚੀ ਨੂੰ ਪਾਪ ਕਰਮ ਦਰਸਾਉਣ ਵਾਲਾ ਹੈ।

ਰਚਨਾਕਾਰ ਇਸ ਰਚਨਾ ਵਿਚਲੀਆਂ ਅਵਤਾਰ-ਕਥਾਵਾਂ ਦੇ ਮਾਧਿਅਮ ਰਾਹੀਂ ਦੁਵੱਲਾ ਕਾਰਜ ਕਰਦਾ ਹੈ। ਇਕ ਪਾਸੇ ਉਹ ਜਨ ਸਧਾਰਨ ਦਾ ਸ਼ੋਸ਼ਨ ਕਰਨ ਵਾਲੀਆਂ ਤਾਕਤਾਂ ਨੂੰ ਅਸੁਰੀ ਸ਼ਕਤੀਆਂ ਦੇ ਹੋਏ ਮੰਦੇ ਹਸ਼ਰ ਦੀ ਤਸਵੀਰ ਦਿਖਾ ਕੇ ਉਨ੍ਹਾਂ ਅੰਦਰ ਡਰ ਭਾਉ ਪੈਦਾ ਕਰਦਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਕਥਾਵਾਂ ਦੇ ਹੀਰੋ ਅਥਵਾ ਨਾਇਕ ਦੇ ਸ਼ਕਤੀ ਪ੍ਰਦਰਸ਼ਨ ਦੇ ਰੋਲ ਮਾਡਲ ਰਾਹੀਂ, ਜਨ ਸਾਧਾਰਨ ਦੀ ਚੇਤਨਾ ਵਿਚ ਚੁਪ ਚਾਪ ਜ਼ੁਲਮ ਸਹਿਣ ਦੀ ਰੁਚੀ ਨੂੰ, ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰਨ ਹਿਤ ਹੱਲਾਸ਼ੇਰੀ ਦਿੰਦਾ ਹੈ। ਕਿਉਂਕਿ ਇਹ ਹੀਰੋ, ਗਿਣਤੀ ਵਿਚ ਮੁੱਠੀ ਭਰ ਹੋਣ ਦੇ ਬਾਵਜੂਦ ਅਸੁਰੀ ਸ਼ਕਤੀਆਂ ਦਾ ਨਾ ਕੇਵਲ ਡੱਟ ਕੇ ਟਾਕਰਾ ਹੀ ਕਰਦੇ ਹਨ ਸਗੋਂ ਉਹਨਾਂ ਖੂੰਨਖਾਰ ਅਸੁਰਾਂ ਦਾ ਸੰਘਾਰ ਕਰਕੇ ਫਤਹਿ ਵੀ ਹਾਸਲ ਕਰਦੇ ਹਨ। ਰਚਨਾ ਪਾਠ ਦੀਆਂ ਅੰਦਰਲੀਆਂ ਗਵਾਹੀਆਂ ਰਚਨਾਕਾਰ ਦੇ ਰਚਨਾ ਉਦੇਸ਼ ਨੂੰ ਬੜਾ ਸਪਸ਼ਟ ਕਰਦੀਆਂ ਹਨ ਕਿ:

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥
ਅਵਰ ਬਾਸਨਾ ਨਾਂਹਿ ਪ੍ਰਭ ਧਰਮ ਜੁੱਧ ਕੇ ਚਾਇ॥

ਰਚਨਾਕਾਰ ਆਪਣੇ ਏਸੇ ਉਦੇਸ਼ ਦੀ ਪੂਰਤੀ ਲਈ, ਜੁਝਾਰੂ ਰੁਚੀ ਪੈਦਾ ਕਰਨ ਵਾਲੀਆਂ ਇਨ੍ਹਾਂ ਅਵਤਾਰ-ਕਥਾਵਾਂ ਨੂੰ ਧਰਾਤਲ ਬਣਾਉਂਦਾ ਹੈ। ਇਸ ਪ੍ਰਸੰਗ ਵਿਚ ਇਕ ਨੁਕਤਾ ਵਿਸ਼ੇਸ਼ ਰੂਪ ਵਿਚ ਸਾਡੇ ਧਿਆਨ ਦੀ ਮੰਗ ਕਰਦਾ ਹੈ ਜੋ ਇਸ ਰਚਨਾ ਦਾ ਗੌਰਵ ਵਧਾਉਣ ਵਾਲਾ ਹੈ। ਇਹ ਨੁਕਤਾ ਹੈ ਕਿ ਇਨ੍ਹਾਂ ਅਵਤਾਰ-ਕਥਾਵਾਂ ਦੀ ਕਥਾ ਵਸਤੂ, ਪਰੰਪਰਾਗਤ ਕਥਾ ਨਾਲੋਂ ਬਹੁਤ ਭਿੰਨ ਹੈ। ਏਥੇ ਬੇਲੋੜੀ ਅਵਤਾਰ-ਮਹਿਮਾ, ਸ਼ਿੰਗਾਰਕ ਰੁਚੀਆਂ ਦਾ ਉਭਾਰ ਅਤੇ ਪ੍ਰੇਮ ਕਥਾਵਾਂ ਦਾ ਵਿਸਥਾਰ ਲਗਭਗ ਮਨਫ਼ੀ ਹੈ। ਵਧੇਰੇ ਬੱਲ (thrust) ਉਹਨਾਂ ਘਟਨਾਵਾਂ ਦੇ ਸੰਚਾਰ ਉਤੇ ਕੇਂਦਰਤ ਹੈ ਜੋ ਜਨ-ਸਧਾਰਨ ਵਿਚ ਜੁਝਾਰੂ ਰੁਚੀਆਂ ਪੈਦਾ ਕਰਕੇ ਉਸ ਨੂੰ ‘ਧਰਮ ਯੁੱਧ ਕੇ ਚਾਉ’ ਹਿਤ ਮਾਨ ਸਨਮਾਨ ਵਾਲਾ ਜੀਵਨ ਜਿਉਣ ਹਿਤ, ਤਿਆਰ ਕਰਨ ਦੇ ਸਮਰਥ ਹੋ ਸਕਦੀਆ ਹਨ। ਲੋੜ ਹੈ ਕੇਵਲ ਇਨ੍ਹਾਂ ਅਵਤਾਰ ਕਥਾਵਾਂ ਦੇ ਗਰਭ ਵਿਚਲੇ ਇਸ ਲੁਪਤ (coded) ਸੰਦੇਸ਼ ਨੂੰ (decode) ਕਰਕੇ ਸਹੀ ਪਰਿਪੇਖ ਵਿਚ ਸਮਝਣ ਦੀ (the coded message should be decoded in its real perspect.) ਰਚਨਾਕਾਰ ਆਪਣੇ ਮੰਤਵ-ਕਾਰਜ ਦੀ ਪੂਰਤੀ ਲਈ ਬਹੁਤ ਹੀ ਚੇਤੰਨ ਲਗਦਾ ਹੈ। ਉਹ ਇਨ੍ਹਾਂ ਅਵਤਾਰ-ਕਥਾਵਾਂ ਵਿਚੋਂ ਵੀ ਰਾਮ-ਅਵਤਾਰ ਅਤੇ ਕ੍ਰਿਸ਼ਨ-ਅਵਤਾਰ ਦਾ ਵਰਣਨ ਬਹੁਤ ਵਿਸਥਾਰ ਨਾਲ ਕਰਦਾ ਹੈ ਕਿਉਂਕਿ ਇਹ ਦੋਵੇਂ ਨਾਇਕ ਇਕ ਤਾਂ ਇਤਿਹਾਸਕ ਹਨ ਅਤੇ ਦੂਜਾ ਲੋਕ-ਮਾਨਸ ਦੀ ਚੇਤਨਾ ਵਿਚ ਦ੍ਰਿੜ੍ਹ ਹੋ ਚੁੱਕੇ ਸਨ। ਏਥੇ ਹੀ ਬੱਸ ਨਹੀਂ ਇਸ ਰਚਨਾ ਦੀ ਬੋਲੀ ਵੀ ਬੀਰ-ਰਸ ਉਭਾਰਨ ਵਾਲੀ ਹੈ ਜਿਸ ਦੇ ਪੜ੍ਹਨ ਸੁਣਨ ਨਾਲ ਸੁਤੇ ਸਿਧ ਲੂੰ ਕੰਡੇ ਖੜੇ ਹੋ ਜਾਂਦੇ ਹਨ।

ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਰਚਨਾਕਾਰ ਨੇ ਆਪਣੇ ਉਦੇਸ਼ ਦੀ ਪੂਰਤੀ ਲਈ ਇਨ੍ਹਾਂ ਅਵਤਾਰ-ਕਥਾਵਾਂ ਨੂੰ ਹੀ ਕਿਉਂ ਮਾਧਿਅਮ ਬਣਾਇਆ? ਮੈਨੂੰ ਇੰਜ ਲਗਦਾ ਹੈ ਕਿ ਮਧ ਕਾਲ ਵਿਚ ਅਵਤਾਰਵਾਦੀ ਭਾਵਨਾ ਜਨ-ਮਾਨਸ ਦੀ ਚੇਤਨਾ ਵਿਚ ਆਪਣੀ ਪਕੜ ਏਨੀ ਮਜ਼ਬੂਤ ਕਰ ਲੈਦੀ ਹੈ ਕਿ ਕਿਸੇ ਰਚਨਾਕਾਰ ਲਈ ਇਸ ਪਰੰਪਰਾ ਨੂੰ ਅਣਗੋਲਿਆਂ ਕਰ ਸਕਣਾ ਸੁਗਮ ਕਾਰਜ ਨਹੀਂ ਸੀ। ਨਿਰਸੰਦੇਹ ਅਵਤਾਰਵਾਦ, ਮਧਕਾਲ ਦੀ ਪੈਦਾਇਸ਼ ਨਹੀਂ ਕਿਉਂਕਿ ਵੈਦਿਕ ਕਾਲ ਵਿਚ ਇਸ ਦਾ ਉਲੇਖ ਮਿਲ ਜਾਂਦਾ ਹੈ ਭਾਵੇਂ ਇਹ ਉਲੇਖ ਸਧਾਰਨ ਤੇ ਰਸਮੀ ਜਿਹਾ ਹੀ ਹੈ। ਪਰ ਉੱਤਰ-ਵੈਦਿਕ ਕਾਲ ਵਿਚ ਇਹ ਤੱਥ ਸਪੱਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ ਹੈ। ਭਾਗਵਤ ਗੀਤਾ ਵਿਚ ਜ਼ਿਕਰ ਹੈ ਕਿ ਜਦੋਂ ਵੀ ਧਰਤੀ ਉੱਤੇ ਅਸੁਰੀ ਸ਼ਕਤੀਆਂ ਦੇ ਪਾਪ-ਕਰਮ ਵਧ ਜਾਂਦੇ ਹਨ ਤਾਂ ਭਗਵਾਨ ਆਪਣੇ ਪੈਰੋਕਾਰਾਂ ਦੀ ਰੱਖਿਆ ਹਿੱਤ ਸਮੇਂ ਸਮੇਂ ਅਵਤਾਰ ਧਾਰਨ ਕਰਕੇ ਪਾਪ ਦਾ ਵਿਨਾਸ਼ ਕਰਦਾ ਹੈ। ਇਹ ਵਿਸ਼ਵਾਸ਼ ਅਰੰਭ ਵਿਚ ਤਾਂ ਜਨਮਾਨਸ ਨੂੰ ਧਰਵਾਸ ਤੇ ਸਾਹਸ ਦਿੰਦਾ ਹੈ। ਪਰ ਹੌਲੀ-2 ਵਿਸ਼ਵਾਸ ਦੀ ਇਹ ਲਹਿਰ ਅੰਧ ਵਿਸ਼ਵਾਸ ਵਿਚ ਤਬਦੀਲ ਹੋ ਜਾਂਦੀ ਹੈ ਕਿਉਂਕਿ ਚਤੁਰ ਵਰਣ, ਮਾਨਵ ਸਮਾਜ ਨੂੰ ਇਸ ਪ੍ਰਕਾਰ ਬੁਰੀ ਤਰ੍ਹਾਂ ਵੰਡਦਾ ਹੈ ਜਿਸ ਵਿਚ ਬ੍ਰਾਹਮਣ ਦੀ ਸਰਦਾਰੀ ਸਥਾਪਤ ਹੋ ਜਾਂਦੀ ਹੈ। ਬ੍ਰਾਹਮਣ ਵਰਗ ਹੀ ਪੁਜਾਰੀ ਵਰਗ ਬਣ ਜਾਂਦਾ ਹੈ ਅਤੇ ਪੁਜਾਰੀ ਵਰਗ ਸੰਸਥਾਗਤ ਰੂਪ ਧਾਰਨ ਕਰਕੇ ਜਨ ਮਾਨਸ ਨੂੰ ਧਰਮ-ਕਰਮ ਦੇ ਕਾਰਜਾਂ ਵਿਚੋਂ ਲਗਭਗ ਖਾਰਜ ਕਰਕੇ ਉਸ ਨੂੰ ਜਲਾਲਤ ਭਰਿਆ ਜੀਵਨ ਜਿਉਣ ਲਈ ਬੇਬਸ ਕਰ ਦਿੰਦਾ ਹੈ। ਧਰਮ ਕਰਮ ਤੇ ਧਰਮ ਸ਼ਾਸਤਰ ਇਕ ਵਿਸ਼ੇਸ਼ ਵਰਗ ਦੀ ਮਲਕੀਅਤ ਬਣਾ ਦਿੱਤੇ ਜਾਂਦੇ ਹਨ ਅਤੇ ਪੁਜਾਰੀ ਵਰਗ ਦੀ ਸੰਸਥਾ, ਵਿਸ਼ੇਸ਼ ਵਰਗ ਲਈ ਹੀ ਧਰਮ ਸਾਧਨਾ ਦੇ ਕਿਵਾੜ੍ਹ ਖੁਲ੍ਹੇ ਰਖਦੀ ਹੈ। ਇਸ ਤਰ੍ਹਾਂ ਇਨ੍ਹਾਂ ਅਵਤਾਰਾਂ ਉਪਰ, ਪੁਜਾਰੀ ਵਰਗ ਕਬਜ਼ਾ ਜਮਾ ਕੇ ਇਨ੍ਹਾਂ ਦਾ ਅਵਤਾਰਵਾਦੀ ਸਰੂਪ ਅਕਾਲ ਵਾਲਾ ਪੇਸ਼ ਕਰ ਦਿੰਦੇ ਹਨ ਹਾਲਾਂ ਕਿ ਇਹ ਅਵਤਾਰ ਅਕਾਲ ਦੇ ਭੇਜੇ ਹੋਏ ਅਤੇ ਕਾਲ ਯੁਕਾ ਹਨ।

ਇਨ੍ਹਾਂ ਅਵਤਾਰਾਂ ਦੀ ਹੋਂਦ ਸੰਬੰਦੀ ਪ੍ਰਵਾਨਤ ਪ੍ਰਥਮ ਲਿਖਤੀ ਸ੍ਰੋਤ ਮਹਾਂ-ਭਾਰਤ ਹੈ ਜਿਸ ਦੇ ਅਰੰਭ ਵਿਚ 6 ਅਵਤਾਰਾ ਦਾ ਹਵਾਲਾ ਪ੍ਰਾਪਤ ਹੁੰਦਾ ਹੈ। ਇਹ 6 ਅਵਤਾਰ ਹਨ- ਵਰਾਹ, ਨਰਸਿੰਹ, ਵਾਮਨ, ਪਰਸ਼ੂਰਾਮ, ਰਾਜਾ ਦਸਰਥ ਦਾ ਬੇਟਾ ਰਾਮ ਅਤੇ ਵਾਸੂਦੇਵ ਸੁਤ ਕ੍ਰਿਸ਼ਨ। ਮਹਾਂਭਾਰਤ ਵਿਚ ਹੀ ਅੱਗੋਂ ਚੱਲ ਕੇ 4 ਹੋਰ ਅਵਤਾਰਾਂ ਦਾ ਜਿਕਰ ਕੀਤਾ ਗਿਆ ਹੈ ਜਿਸ ਵਿਚ 1. ਹੰਸ 2. ਕੂਰਮ 3. ਮਤਸਯ ਅਤੇ 4. ਕਲਕੀ ਅਵਤਾਰ ਸ਼ਾਮਲ ਹਨ। ਪਰ ਮਹਾਂਭਾਰਤ ਵਿਚ ਇਨ੍ਹਾਂ ਅਵਤਾਰਾਂ ਬਾਰੇ ਕੋਈ ਵਿਸ਼ੇਸ਼ ਕਿਸਮ ਦੀ ਚਰਚਾ ਨਹੀਂ ਕੀਤੀ ਗਈ। ਇਨ੍ਹਾਂ ਅਵਤਾਰਾਂ ਸੰਬੰਦੀ ਵਿਸਤਰਿਤ ਚਰਚਾ ਹੁੰਦੀ ਹੈ। ਪੌਰਾਣ ਸਾਹਿਤ ਵਿਚ ਜਿਥੇ ਇਨ੍ਹਾਂ ਨੂੰ ਫ਼ਖਰਜੋਗ ਤੇ ਜਿਕਰਯੋਗ ਮਹੱਤਵ ਦਿੱਤਾ ਗਿਆ ਹੈ। ਵੈਸੇ ਤਾਂ ਹਰ ਪੌਰਾਣ ਵਿਚ ਹੀ ਦਸ ਅਵਤਾਰਾਂ ਦਾ ਜਿਕਰ ਕੀਤਾ ਗਿਆ ਹੈ, ਭਾਵੇਂ ਇੰਨਾਂ ਦੇ ਨਾਮ-ਕ੍ਰਮ ਵਿਚ ਅਦਲਾ ਬਦਲੀ ਹੁੰਦੀ ਰਹੀ ਹੈ। ਪਰ ਭਾਗਵਤ ਪੌਰਾਣ ਵਿਚ ਤਾਂ ਇਹ ਅਵਤਾਰ ਸਮੁੱਚੇ ਗ੍ਰੰਥ ਦਾ ਮੇਰੂਦੰਡ ਬਣੇ ਹੋਏ ਹਨ ਜਿੰਨਾਂ ਦਾ ਤਿੰਨ ਥਾਵਾਂ ਉੱਤੇ ਵਿਸਥਾਰ ਸਹਿਤ ਵਰਣਨ ਹੋਇਆ ਹੈ। ਪਰ ਏਥੇ ਵੀ ਇਹ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਭਾਗਵਤ ਪੌਰਾਣ ਦਾ ਲੇਖਕ ਇਨ੍ਹਾਂ ਅਵਤਾਰਾਂ ਦੀ ਗਿਣਤੀ ਦਸ ਦੀ ਥਾਂ ਬਾਈ ਦਰਸਾ ਕੇ ਵੀ ਆਖਦਾ ਹੈ ਕਿ ਭਗਵਾਨ ਦੇ ਅਵਤਾਰਾਂ ਦੀ ਸੰਖਿਆ ਤਾਂ-ਅਸੰਖ ਤਕ ਹੈ। ਪਹਿਲੇ ਸਕੰਧ ਵਿਚ ਜੋ 22 ਅਵਤਾਰ ਦੱਸੇ ਗਏ ਹਨ ਉਹਨਾਂ ਵਿਚ ਲੇਖਕ ਨੇ ਨਾਰਦ, ਦਤਾ ਤ੍ਰੇਯ ਅਤੇ ਰਿਸ਼ਭ ਨੂੰ ਭੀ ਸ਼ਾਮਲ ਕੀਤਾ ਹੈ ਹਾਲਾਂ ਕਿ ਇਹ ਰਿਸਿਮੁਨੀ ਸ਼ਸ਼ਤ੍ਰਧਾਰੀ ਨਹੀਂ ਕੇਵਲ ਉਪਦੇਸ਼ਕ ਹੀ ਹਨ। ਭਾਗਵਤ ਪੌਰਾਣ ਦੇ ਹੀ ਦੂਜੇ ਸਕੰਧ ਦੇ ਸਤਵੇ ਅਧਿਆਇ ਵਿਚ ਇਨ੍ਹਾਂ ਅਵਤਾਰਾਂ ਦੀ ਸੰਖਿਆ ਪਹਿਲਾਂ 23 ਅਤੇ ਫੇਰ 24 ਦੱਸੀ ਗਈ ਹੈ। ਏਸੇ ਗੰ੍ਰਥ ਦੇ ਗਿਆਰਵੇ ਸਕੰਧ ਦੇ ਨੌਵੇਂ ਅਧਿਆਇ ਵਿਚ ਇਹ ਸੰਖਿਆ ਘਟ ਕੇ 16 ਰਹਿ ਜਾਂਦੀ ਹੈ। ਇਸ ਤਰ੍ਹਾਂ ਭਾਗਵਤ ਪੌਰਾਣ ਵਿਚ ਲੇਖਕ ਨੇ ਅਵਤਾਰਾਂ ਦੀ ਵਿਸਤਾਰ ਪੂਰਵਕ ਚਰਚਾ ਤਾਂ ਕੀਤੀ ਹੈ ਪਰ ਇਕਸਾਰਤਾ ਨੂੰ ਧਿਆਨ ਵਿਚ ਨਹੀਂ ਰੱਖਿਆ। ਇਸ ਗੰ੍ਰਥ ਵਿਚ ਭਗਵਾਨ ਦੇ ਅਵਤਾਰ ਵੀ ਤਿੰਨ ਪ੍ਰਕਾਰ ਦੇ ਮੰਨੇ ਗਏ ਹਨ। 1. ਪੁਰਖ ਅਵਤਾਰ 2. ਗੁਣਾ ਅਵਤਾਰ 3. ਲੀਲਾ ਅਵਤਾਰ। ਪੁਰਖ ਅਵਤਾਰ ਨੂੰ ਭਗਵਾਨ ਦੇ ਤੁਲ ਮੰਨ ਕੇ ਉਸ ਨੂੰ ਸ੍ਰੀ ਕ੍ਰਿਸ਼ਨ ਦਾ ਨਾਮ ਦਿੱਤਾ ਗਿਆ ਹੈ। ਗੁਣਾ ਅਵਤਾਰ ਵੀ ਅਗੋਂ ਤਿੰਨ ਪ੍ਰਕਾਰ ਦੇ ਮੰਨੇ ਗਏ ਹਨ। 1. ਸਤੋ ਗੁਣ 2. ਰਜੋ ਗੁਣ 3. ਤਮੋ ਗੁਣ। ਲੀਲਾ ਅਵਤਾਰ ਚੌਵੀ ਦਰਸਾਏ ਗਏ ਹਨ 1. ਚਤੁ ਜਨ 2. ਨਾਰਦ 3. ਵਰਾਹ 4.ਮਤਸਯ 5. ਯੱਗ 6. ਨਰ ਨਾਰਾਯਣ 7. ਕਪਿਲ 8. ਦਤਾ ਤ੍ਰੇਯ 9. ਹਯਸ਼ੀਰਖ 10. ਹੰਸ 11. ਧਰਵ ਪ੍ਰਿਯ 12. ਰਿਸ਼ਭ 13. ਪ੍ਰਿਥ 14. ਨਰਸਿੰਹ 15. ਕੂਰਮ 16. ਧਨਵੰਤਰਿ 17. ਮੋਹਿਨੀ 18.ਵਾਮਨ 19. ਪਰਸ਼ੂ ਰਾਮ 20. ਰਾਮ ਚੰਦਰ 21. ਵਿਆਸ 22. ਬਲਰਾਮ 23. ਬੁੱਧ ਅਤੇ 24. ਕਲਕੀ। ਸ੍ਰੀ ਕ੍ਰਿਸ਼ਨ ਨੂੰ ਇਨ੍ਹਾਂ ਸਾਰਿਆਂ ਤੋਂ ਸਰਬੋਤਮ ਮੰਨਿਆ ਗਿਆ ਹੈ।

ਭਾਗਵਤ ਪੌਰਾਣ ਵਿਚ ਵਰਣਿਤ ਇਹ ਅਵਤਾਰ, ਆਪੋ ਆਪਣੇ ਸਮਿਆਂ ਵਿਚ ਇਕ ਵਿਸ਼ੇਸ਼ ਮੰਤਵ-ਕਾਰਜ ਨੂੰ ਸੰਪੂਰਨ ਕਰਨ ਹਿਤ ਅਵਤਰਿਤ ਹੁੰਦੇ ਹਨ। ਭਗਵਾਨ, ਸਾਮਿਅਕ ਲੋੜਾਂ ਨੂੰ ਸਨਮੁਖ ਰਖ ਕੇ ਇਨ੍ਹਾਂ ਅਵਤਾਰਾਂ ਨੂੰ ਲੋੜੀਂਦੀਆਂ ਸੀਮਿਤ ਸ਼ਕਤੀਆਂ ਪ੍ਰਦਾਨ ਕਰਦਾ ਹੈ। ਇਨ੍ਹਾਂ ਅਵਤਾਰਾਂ ਦਾ ਪ੍ਰਮੁਖ ਕਾਰਜ, ਅਸੁਰੀ ਸ਼ਕਤੀਆਂ ਦਾ ਸੰਘਾਰ ਕਰਦਿਆਂ ਧਰਮ ਦੀ ਮਰਿਆਦਾ ਸਥਾਪਤ ਕਰਨਾ ਹੈ। ਇਸ ਤੱਥ ਦੀ ਪੁਸ਼ਟੀ ਰਿਸ਼ੀ ਵਿਸ਼ਵਾਮਿੱਤਰ ਵੱਲੋਂ ਰਾਜਾ ਦਸ਼ਰਥ ਪਾਸੋਂ ਕੁਝ ਸਮੇਂ ਲਈ ਸ੍ਰੀ ਰਾਮ ਤੇ ਲਕਸ਼ਮਣ ਨੂੰ ਆਪਣੇ ਨਾਲ ਲੈ ਜਾਣ ਦੀ ਮੰਗ ਤੋਂ ਹੋ ਜਾਂਦੀ ਹੈ ਕਿਉਂਕਿ ਰਾਖਸ਼ ਸੈਨਾ, ਰਿਸਿ ਵਿਸ਼ਵਾਮਿੱਤਰ ਦੇ ਧਰਮ ਕਾਰਜਾਂ ਵਿਚ ਵਿਘਨ ਪਾਉਂਦੀ ਸੀ ਜੋ ਸ੍ਰੀ ਰਾਮ ਤੇ ਲਕਸ਼ਮਣ ਦੇ ਤੀਰਾਂ ਦੀ ਮਾਰ ਕਾਰਨ ਸਮਾਪਤ ਹੋ ਜਾਂਦੀ ਹੈ। ਦੈਂਤ ਰਾਵਣ ਦਾ ਸੰਘਾਰ ਤੇ ਵਭੀਸ਼ਣ ਦਾ ਰਾਜ ਤਿਲਕ ਵੀ ਅਸੁਰ-ਸੰਘਾਰ ਤੇ ਦੇਵ ਸਤਿਕਾਰ ਦੀ ਪੁਸ਼ਟੀ ਕਰਨ ਵਾਲੇ ਤੱਥ ਹਨ। ਏਹੋ ਰੁਖ ਭਗਵਾਨ ਕ੍ਰਿਸ਼ਨ ਦਾ ਹੈ। ਪਰ ਇਨ੍ਹਾਂ ਅਵਤਾਰਾਂ ਦਾ ਇਕ ਹੋਰ ਵੀ ਕੰਮ ਸੀ ਉਹ ਸੀ ਜਨ ਸ਼ਧਾਰਨ ਨੂੰ ਪਰਮਾਤਮਾ ਦੇ ਨਾਲ ਜੋੜਨਾ। ਪਰ ਇਨ੍ਹਾਂ ਦਾ ਅਵਤਾਰ ਬਿੰਬ, ਲੋਕ ਮਾਨਸ ਦੀ ਚੇਤਨਾ ਵਿਚ ਅਜੇਹਾ ਦ੍ਰਿੜ ਹੋ ਗਿਆ ਅਤੇ ਇਹ ਅਵਤਾਰ ਵੀ ਆਪੋ ਆਪਣੀ ਪੂਜਾ ਵਿਚ ਅਜੇਹੇ ਮਗਨ ਹੋਏ ਕਿ ਨਿਰਗੁਣ ਨਿਰਾਕਾਰ ਭਗਵਾਨ, ਲੋਕ-ਚੇਤਨਾ ਵਿਚੋਂ ਮਨਫ਼ੀ ਹੀ ਹੋ ਗਿਆ। ਇਹ ਇਕ ਅਜੇਹਾ ਸੂਤਰ ਹੈ ਜੋ ਪੌਰਾਣ ਸਾਹਿਤ ਵਿਚ ਸੰਕਲਪੇ ਅਵਤਾਰਵਾਦ ਨੂੰ ਮੱਧਕਾਲ ਵਿਚ ਪੁਜ ਕੇ ਭਗਵਾਨ ਦੇ ਰੂਪ ਵਿਚ ਹੀ ਰੂਪਾਂਤਰਿਤ ਕਰ ਦਿੰਦਾ ਹੈ। ਏਥੇ ਆ ਕੇ ਹੀ ਦਵੰਦ ਪੈਦਾ ਹੁੰਦਾ ਹੈ ਪੋਰਾਣਕ ਰੁਚੀ ਵਾਲੇ ਮਧਕਾਲੀ ਅਵਤਾਰਵਾਦ ਦਾ ਅਤੇ ਗੁਰਬਾਣੀ ਤੇ ਦਸਮ ਗ੍ਰੰਥ ਵਿਚ ਉਲਿਖਤ ਚਉਬੀਸ ਅਵਤਾਰ ਦੇ ਅਵਤਾਰਵਾਦੀ ਸਰੂਪ, ਦਰਿਸ਼ਟੀਕੋਣ ਅਤੇ ਉਦੇਸ਼ ਦਾ। ਪੌਰਾਣ ਸਾਹਿਤ ਦੇ ਦਰਿਸ਼ਟੀਕੋਣ ਤੋਂ ਅਵਤਾਰਵਾਦ ਦਾ ਸਰੂਪ ਭਗਵਾਨ ਦੇ ਸਮਤੁਲ ਹੈ ਜਿਸ ਬਾਰੇ ਹਿੰਦੀ ਵਿਸ਼ਵ ਕੋਸ਼ ਵਿਚ ਵਿਸਤਾਰ ਪੂਰਵਕ ਚਰਚਾ ਕਰਦਿਆ ਆਖਿਆ ਗਿਆ ਹੈ ਕਿ ‘ਅਵਤਾਰ ਵਾਸਤਵ ਮੇਂ ਪਰਮੇ ਸ਼ਵਰ ਕਾ ਵੋਹ ਰੂਪ ਹੈ ਜਿਸ ਦੁਆਰਾ ਵਹ ਕਿਸੀ ਵਿਸ਼ੇਸ਼ ਉਦੇਸ਼ ਕੋ ਲੇਕਰ ਕਿਸੀ ਵਿਸ਼ੇਸ਼ ਰੂਪ ਮੇਂ ਕਿਸੀ ਵਿਸ਼ੇਸ਼ ਦੇਸ਼ ਔਰ ਕਾਲ ਮੇਂ ਲੋਕੋਂ ਮੇਂ ਅਵਤਰਣ ਕਰਤਾ ਹੈ’। ਪੱਛਮ ਦੇ ਇਕ ਪ੍ਰਸਿੱਧ ਵਿਦਵਾਨ ਜੌਹਨ ਹਿਨਲਜ਼ ਦੇ ਅਵਤਾਰਵਾਦ ਦੇ ਮੰਤਵ ਸੰਬੰਧੀ ਵਿਚਾਰ, ਪੌਰਾਣਿਕ ਸਾਹਿਤ ਦੀ ਵਿਚਾਰਧਾਰਾ ਨਾਲੋਂ ਕੁਝ ਹਟਵੇਂ ਹਨ ਜੋ ਇਸ ਪ੍ਰਕਾਰ ਹਨ:

“The purpose of their descent is to renew the true order of harmony of the Universe when this is disturbed in the various ages. The avataras also stands as model of heroism and nobility which inspired the faithful, and as a symbols of the passionate love of relationship between man and God”.

ਡਾਂ ਜੌਹਨ ਦਾ ਦਰਿਸ਼ਟੀਕੋਣ ਦਸਮ ਗ੍ਰੰਥ ਵਿਚਲੇ ਚਉਬੀਸ ਅਵਤਾਰ ਦੇ ਉਦੇਸ਼ ਦੇ ਕਾਫੀ ਨੇੜੇ ਜਾ ਪੁੱਜਦਾ ਹੈ। ਅਕਾਲ ਪੁਰਖ ਅਸੀਮ ਸ਼ਕਤੀ ਵਾਲਾ ਅਰਥਾਤ ਅਨੰਤ ਕਲਾ ਸੰਪੰਨ ਹੈ। ਇਸ ਤੱਥ ਦੇ ਸਨਮੁੱਖ ਹੀ ‘ਅਵਤਾਰਵਾਦ’ ਦੇ ਪ੍ਰਸੰਗ ਵਿਚ ਇਹ ਮੰਨਿਆ ਜਾਂਦਾ ਹੈ ਕਿ ਅਨੰਤ ਕਲਾ ਦੇ ਸੁਆਮੀ ਦੀਆਂ ਕੁਝ ਸ਼ਕਤੀਆਂ ਲੈ ਕੇ ‘ਅਵਤਾਰ’, ਇਸ ਲੌਕਕ ਜਗਤ ਵਿਚ ‘ਅਵਤਰਿਤ’ ਹੁੰਦੀਆਂ, ਧਰਮ-ਯੁਗਤ ਲੋਕ ਭਲਾਈ ਕਾਰਜ ਕਰਦੇ ਹਨ। ਏਸੇ ਲਈ ਸ੍ਰੀ ਕ੍ਰਿਸ਼ਨ ਨੂੰ ਸੋਲਾਂ ਕਲਾ ਸੰਪੂਰਨ ਅਤੇ ਸ੍ਰੀ ਰਾਮ ਚੰਦਰ ਨੂੰ 14 ਕਲਾ ਦੇ ਸੁਆਮੀ ਮੰਨਿਆ ਜਾਂਦਾ ਹੈ। ਗੁਰਬਾਣੀ ਅਤੇ ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਕਥਾ ਦੀਆਂ ਇਨ੍ਹਾਂ ਸਾਰੀਆਂ ਅਵਤਾਰੀ ਸ਼ਕਤੀਆਂ ਨੂੰ ਅਕਾਲ ਪੁਰਖ ਦੀ ਖੇਡ ਦਸਿਆ ਗਿਆ ਹੈ ਜੋ ਸਮਾਂ ਪਾ ਕੇ ਨਾਸ਼ ਹੋ ਜਾਂਦੀਆਂ ਹਨ:

-ਹੁਕਮਿ ਉਪਾਏ ਦਸ ਅਵਤਾਰਾ॥ ਦੇਵ ਦਾਨਵ ਅਗਣਤ ਅਪਾਰਾ॥
-ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥13॥
(ਆਦਿ ਗ੍ਰੰਥ, ਪੰਨਾ 1037)

-ਜਬ ਜਬ ਹੋਤਿ ਅਰਿਸਟਿ ਅਪਾਰਾ॥ ਤਬ ਤਬ ਦੇਹ ਧਰਤ ਅਵਤਾਰਾ॥
-ਕਾਲ ਸਬਨ ਕੋ ਪੇਖਿ ਤਮਾਸਾ॥ ਅੰਤਹ ਕਾਲ ਕਰਤ ਹੈ ਨਾਸਾ॥2॥

ਮੱਧਕਾਲ ਵਿਚ ਸਥਾਪਤ ਹੋਈ ਉਹ ਮਿਥ ਜੋ ਅਵਤਾਰਾਂ ਨੂੰ ਅਕਾਲ ਪੁਰਖ ਦਾ ਪਦ ਪ੍ਰਦਾਨ ਕਰਦੀ ਸੀ, ਚਉਬੀਦ ਅਵਤਾਰ ਕਥਾ ਵਿਚ ਟੁੱਟ ਜਾਂਦੀ ਹੈ, ਕਿਉਂਕਿ ਏਥੇ ਇਨ੍ਹਾਂ ਅਵਤਾਰਾਂ ਦਾ ਸਰੂਪ, ਧਰਮ ਦੀ ਭੰਗ ਹੋ ਚੁੱਕੀ ਮਰਿਯਾਦਾ ਨੂੰ ਸੁਰਜੀਤ ਕਰਨ ਲਈ ਦੁਸਟ ਸੰਘਾਰ ਕਰਨ ਵਾਲਾ ਹੈ ਅਕਾਲ ਪੁਰਖ ਵਾਲਾ ਨਹੀਂ। ਇਨ੍ਹਾਂ ਅਵਤਾਰਾਂ ਦੇ ਸ਼ਕਤੀਸ਼ਾਲੀ ਗੁਣਾਂ ਦਾ ਪ੍ਰਦਰਸ਼ਨ ਬਲਹੀਨ ਹੋ ਚੁੱਕੀ ਮਾਨਵਤਾ ਦੀ ਚੇਤਨਾ ਵਿਚ ਧਰਮ ਯੁੱਧ ਦੇ ਚਾਉ ਦਾ ਸੰਚਾਰ ਕਰਨ ਅਤੇ ਮਾਨ ਸਨਮਾਨ ਵਾਲਾ ਜੀਵਨ ਜਿਉਣ ਦੀ ਪ੍ਰੇਰਨਾ ਕਰਨ ਵਾਲਾ ਹੈ।

ਨਿਰਸੰਦੇਹ ਦਸ਼ਮੇਸ਼ ਗੁਰੂ ਦੇ ਤਤਕਾਲੀਨ ਸਮਾਜ ਵਿਚ ਕੋਈ ਦੈਵੀ ਸ਼ਕਤੀਆਂ ਦੇ ਸੁਆਮੀ ਦੇਵਗਣ ਅਤੇ ਖੂੰਨਖਾਰ ਰੁਚੀਆਂ ਤੇ ਡਰਾਉਣੀਆਂ ਕਾਲਪਨਿਕ ਸੂਰਤਾਂ ਵਾਲੇ ਦਾਨਵ ਨਹੀਂ ਸਨ। ਨੇਕੀ ਤੇ ਬਦੀ ਦੀ ਇਹ ਟੱਕਰ ਚਿਰਕਾਲ ਤੋਂ ਚੱਲੀ ਆ ਰਹੀ ਸੁਰ ਅਤੇ ਅਸੁਰ ਸ਼ਕਤੀਆਂ ਵਿਚਕਾਰ ਨਹੀਂ ਸੀ। ਦਰਅਸਲ ਇਸ ਸਮੇਂ ਭਾਰਤੀ ਸਮਾਜ, ਜਿਨ੍ਹਾਂ ਸ਼ਕਤੀਆਂ ਤੋਂ ਪੀੜਤ ਸੀ ਉਹ ਸੀ ਵਿਦੇਸ਼ੀ ਹਮਲਾਵਰਾਂ ਵੱਲੋਂ ਜ਼ੋਰ ਜਬਰ ਨਾਲ ਕਾਇਮ ਕੀਤੀ ਹਕੂਮਤ ਅਤੇ ਪੁਜਾਰੀ ਵਰਗ ਦਾ ਧਰਮ ਖੇਤਰ ਵਿਚ ਪ੍ਰਚਲਤ ਪੂਜਾ ਵਿਧੀਆਂ ਦਾ ਫੋਕਾ ਕਰਮ ਕਾਂਡ। ਇਸ ਤਰ੍ਹਾਂ ਇਸ ਸਮੇਂ ਇਕ ਪਾਸੇ ਬਦੀ ਦਾ ਪ੍ਰਤੀਕ ਅਸੁਰੀ ਰੁਚੀਆਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਦੇਸ਼ੀ ਹਾਕਮ ਅਤੇ ਇਨ੍ਹਾਂ ਦੀ ਸਰਪ੍ਰਸਤੀ ਹੇਠ ਅਧਰਮ ਦੀ ਆੜ ਹੇਠ ਅਧਰਮ ਕਰਨ ਵਾਲਾ ਪੁਜਾਰੀ ਵਰਗ ਬਣਦਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਸ਼ਕਤੀਆਂ ਹੱਥੋਂ ਪੀੜਤ ਹੋ ਰਿਹਾ ਜਨ-ਸਧਾਰਨ। ਇਹ ਇਕ ਇਤਿਹਾਸਕ ਸੱਚ ਹੈ ਕਿ ਹਮਲਾਵਾਰ ਹੋ ਕੇ ਆਏ ਵਿਦੇਸ਼ੀ ਹਾਕਮਾਂ ਦੀ ਸਥਾਨਕ ਵੱਸੋਂ ਨਾਲ ਕੋਈ ਭਾਵਨਾਤਮਕ ਸਾਂਝ ਨਹੀਂ ਸੀ ਬਣ ਸਕਦੀ। ਉਹ ਤਲਵਾਰ ਦੇਜੋਰ ਨਾਲ ਇਸਲਾਮ ਧਰਮ ਫੈਲਾਅ ਰਹੇ ਸਨ ਅਤੇ ਅਨੈਤਿਕਤਾ ਦੇ ਅਧਾਰ ‘ਤੇ ਹਕੂਮਤ ਕਰਦੇ ਸਨ। ਜਹਾਦ ਦੇ ਨਾਂ ਹੇਠ ਜਬਰੀ ਧਰਮ ਪਰੀਵਰਤਨ ਜ਼ੋਰ ਤੇ ਸੀ ਪਰ ਧੰਨ ਤੇ ਪਰ ਤ੍ਰਿਆ ਰੂਪ ਉਤੇ ਵਿਦੇਸ਼ੀ ਹਾਕਮ ਆਪਣਾ ਹੱਕ ਸਮਝ ਕੇ ਕਾਬਜ਼ ਹੋ ਰਹੇ ਸਨ। ਤ੍ਰਾਸਦੀ ਇਹ ਕਿ ਜਨ ਸਧਾਰਨ ਇਸ ਤ੍ਰਿਸਕਾਰ, ਫਿਟਕਾਰ ਅਤੇ ਅਤਿਆਚਾਰ ਨੂੰ ਰੱਬੀ ਭਾਣਾ ਮੰਨ ਕੇ ਸਾਹਸਹੀਣ ਜੀਵਨ ਜਿਉਣ ਦਾ ਆਦੀ ਬਣ ਗਿਆ ਸੀ।

ਮੇਰੇ ਵਿਚਾਰ ਅਨੁਸਾਰ ਦਸ਼ਮੇਸ਼ ਗੁਰੁ ਆਪਣੇ ਸਮਕਾਲੀ ਸਮਾਜ ਦੇ ਮਾਨਵ ਦੀ ਇਸ ਸਾਰੀ ਸਥਿਤੀ ਨੂੰ ਮਨੋਵਿਗਿਆਨਕ ਦਰਿਸ਼ਟੀ ਤੋਂ ਭਲੀਭਾਂਤ ਵਿਚਾਰਦੇ ਹਨ, ਸਮਝਦੇ ਹਨ ਅਤੇ ਫੇਰ ਇਸ ਦੇ ਸਮਾਧਾਨ ਲਈ ਲੋੜੀਂਦੀ ਜੁਗਤ ਵਿਉਂਤਦੇ ਹਨ। ਦਸਮ ਗੁਰੂ ਜੀ ਨੇ ਸਮਾਜਕ ਕ੍ਰਾਂਤੀ ਲਿਆਉਣ ਲਈ ਜਿਹੜੀ ਜੁਗਤ ਵਿਉਂਤੀ ਉਸ ਅਨੁਸਾਰ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਮਿੱਥ ਨੂੰ ਤੋੜਿਆ ਜੋ ਜ਼ਾਲਮ ਨੂੰ ਮਨਮਰਜ਼ੀ ਨਾਲ ਜ਼ੋਰ ਜ਼ੁਲਮ ਕਰਨ ਦੀ ਖੁਲ੍ਹ ਦਿੰਦੀ ਸੀ ਅਤੇ ਜਨ ਸਾਧਾਰਨ ਨੂੰ ਰੱਬੀ ਭਾਣਾ ਮੰਨ ਕੇ ਜ਼ੋਰ ਜੁਲਮ ਸਹਿਣ ਦੀ ਆਦੀ ਬਣਾਈ ਬੈਠੀ ਸੀ। ਭੰਗਾਣੀ ਦੇ ਯੁੱਧ ਵਿਚ ਦੁਸ਼ਮਣ ਦੀ ਬੇਅੰਤ ਸ਼ਕਤੀਸ਼ਾਲੀ ਸੈਨਾ ਅਤੇ ਦਸਮ ਗੁਰੁ ਦੀ ਮੁਠੀ ਭਰ ਫੌਜ ਤੇ ਕਿਰਪਾਲ ਦਾਸ ਬੈਰਾਗੀ ਦੇ ਪੈਰੋਕਾਰਾਂ ਵੱਲੋਂ ਵਿਖਾਏ ਜੌਹਰ ਨੇ ‘ਨਿਸਚੈ ਕਰ ਅਪਨੀ ਜੀਤ ਕਰੋ’, ਦੇ ਸੰਕਲਪ ਨੂੰ ਸਾਕਾਰ ਕਰਕੇ, ਜਨ ਸਾਧਾਰਨ ਨੂੰ ਨਿਮਾਣੀ ਤੇ ਨਿਤਾਣੀ ਸਮਝੇ ਜਾਣ ਵਾਲੀ ਮਿੱਥ ਤੋੜਨ ਦਾ ਚਮਤਕਾਰੀ ਪ੍ਰਭਾਵ ਛੱਢਿਆ। ਦਸਮ ਗੁਰੁ ਨੇ ਆਪਣੀ ਵਿਉਂਤੀ ਇਸ ਜੁਗਤ ਨੂੰ ਪਰਿਪੱਕ ਕਰਨ ਲਈ ਅਜੇਹੀ ਸਾਹਿਤ ਰਚਨਾ ਦੇ ਸਿਰਜਨ ਤੇ ਸੰਚਾਰ ਦਾ ਕਾਰਜ ਆਰੰਭਿਆ ਜੋ ਲੋਕ ਮਾਨਸ ਦੀ ਚੇਤਨਾ ਵਿਚ ‘ਧਰਮ ਉਬਾਰਨ’ ਤੇ ‘ਦੁਸ਼ਟ ਸੰਘਾਰਨ’ ਦੀ ਭਾਵਨਾ ਉਭਾਰਦੀ ਸੀ। ਇਸੇ ਕਾਰਜ਼ ਲਈ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁੱਧੀ ਜੀਵੀਆਂ ਦੀ ਸਰਪ੍ਰਸਤੀ ਕਰਕੇ ਉਹਨਾਂ ਪਾਸੋਂ ਸਾਹਿਤ ਸਿਰਜਨਾਂ ਕਰਵਾਈ, ਅਨੁਵਾਦ ਕਰਵਾਏ ਅਤੇ ਭਾਸ਼ ਲਿਖਵਾਏ। ਵਿਸ਼ੇਸ਼ਤਾ ਇਹ ਕਿ ਦਸ਼ਮ ਗੁਰੁ ਦਾ ਸਮਕਾਲੀ ਸਾਹਿਤ ਜਿਥੇ ਸਾਜ਼ਾਂ ਦੀ ਟੁਣਕਾਰ ਤੇ ਪਾਇਲ ਦੀ ਛਣਕਾਰ ਨਾਲ ਸ਼ਿੰਗਾਰਕ ਰੁਚੀਆਂ ਵਾਲਾ ਹੈ ਓਥੇ ਦਸਮ ਗੁਰੁ ਦੀ ਸੈ-ਰਚਨਾ ਅਤੇ ਉਹਨਾਂ ਦਾ ਦਰਬਾਰੀ ਸਾਹਿਤ ਖਾੜਕੂ ਬੋਲੀ ਵਾਲਾ ਅਤੇ ਜੁਝਾਰੂ ਭਾਵਨਾ ਸੰਪੰਨ ਹੋਣ ਕਾਰਨ ਜਨ ਮਾਨਸ ਦੀ ਚੇਤਨਾ ਵਿਚ ਧਰਮਯੁੱਧ ਦਾ ਚਾਉ ਪੈਦਾ ਕਰਨ ਵਾਲਾ ਹੈ। ਏਸੇ ਲਈ ਦਸਮ ਗ੍ਰੰਥ ਦੇ ਚਉਬੀਸ ਅਵਤਾਰਾਂ ਦੀ ਕਥਾ ਨੂੰ ਆਪਣੇ ਮੰਤਵ ਹਿਤ ਸੰਚਾਰ ਜੁਗਤ ਬਣਾਉਣ ਸਮੇਂ ਇਸ ਗੱਲ ਦਾ ਖਾਸ ਖਿਆਲ ਰਖਿਆ ਗਿਆ ਹੈ ਕਿ ਇਹਨਾਂ ਕਥਾਵਾਂ ਦੇ ਕੇਵਲ ਉਹੋ ਅੰਸ਼ ਸੰਚਾਰੇ ਜਾਣ ਜੋ ਜਨ ਮਾਨਸ ਦੀ ਚੇਤਨਾ ਵਿਚ ਜੁਝਾਰੂ ਰੁਚੀਆਂ ਪੈਦਾ ਕਰਕੇ ਕੇਵਲ ‘ਧਰਮ-ਯੁੱਧਾਂ’ ਦਾ ਚਾਉ ਤੇ ਨੈਤਕ ਕਦਰਾਂ ਕੀਮਤਾਂ ਉਸਾਰਨ ਦਾ ਹੀ ਕਾਰਜ ਕਰਨ। ਏਸੇ ਲਈ ਪੌਰਾਣ ਕਥਾ ਤੇ ਚਉਬੀਸ ਅਵਤਾਰ ਦੀ ਕਥਾ ਵਿਚ ਵਰਣਨ ਕੀਤਾ ਬਿਉਰਾ ਭਿੰਨ ਭਿੰਨ ਹੈ। ਚਉਬੀਸ ਅਵਤਾਰ ਕਥਾਵਾਂ ਵਿਚ ਅਜੇਹੇ ਅੰਸ਼ ਆਮ ਤੌਰ ਤੇ ਛੱਡੇ ਹੋਏ ਹਨ ਜੋ ਵੀਰ ਰਸ ਉਭਾਰਨ ਦਾ ਕਾਰਜ ਨਹੀਂ ਕਰਦੇ। ਜੇਕਰ ਅਜੇਹੇ ਅੰਸ਼ ਕਿਧਰੇ ਕਿਧਰੇ ਲਏ ਵੀ ਹਨ ਤਾਂ ਉਹ ਕੇਵਲ ਪ੍ਰਸੰਗ-ਪੂਰਤੀ ਲਈ ਖਾਨਾ ਪੂਰੀ ਕਰਨ ਵਾਲੇ ਹੀ ਹਨ। ਵਿਸ਼ੇਸ਼ਤਾ ਇਹ ਕਿ ਇਨ੍ਹਾਂ ਕਥਾਵਾਂ ਰਾਹੀਂ ਅਲੌਕਕ ਸ਼ਕਤੀਆਂ ਵਾਲਾ ਅਵਤਾਰਵਾਦ ਦਾ ਸਰੂਪ ਕੁਝ ਇਸ ਤਰ੍ਹਾਂ ਪਰਸਤੁਤ ਹੁੰਦਾ ਹੈ ਜੋ ਇਨ੍ਹਾਂ ਅਲੌਕਕ ਸ਼ਕਤੀਆਂ ਨੂੰ ਵੀ ਮਾਨਵੀ ਲਿਬਾਸ ਪੁਆ ਦਿੰਦਾ ਲਗਦਾ ਹੈ। ਸਧਾਰਨ ਦਰਿਸ਼ਟੀ ਤੋਂ ਇੰਜ ਭਾਸਣ ਲਗਦਾ ਹੈ ਜਿਵੇਂ ਕੋਈ ਸਧਾਰਨ ਮਾਨਵ ਯੋਧਾ ਹੀ ਆਪਣੀ ਬਹਾਦਰੀ ਦੇ ਜੋਹਰ ਵਿਖਾ ਰਿਹਾ ਹੋਵੇ।

ਚਉਬੀਸ ਅਵਤਾਰ ਦੇ ਅਵਤਾਰੀ ਸਰੂਪ ਅਤੇ ਉਦੇਸ਼ ਨੂੰ ਹੋਰ ਵਧੇਰੇ ਸਮਝਣ ਲਈ ਇਨ੍ਹਾਂ ਅਵਤਾਰ ਕਥਾਵਾਂ ਦੇ ਸਾਰ ਗਰਭਤ ਅੰਸ਼ ਨੂੰ ਸਨਮੁੱਖ ਰਖਣ ਨਾਲ ਗੱਲ ਹੋਰ ਵਧੇਰੇ ਸਪੱਸ਼ਟ ਹੋ ਸਕਦੀ ਹੈ। ਰਚਨਾ ਦੇ ਅਰੰਭ ਵਿਚ ਹੀ ਇਨ੍ਹਾਂ ਅਵਤਾਰ ਕਥਾਵਾਂ ਦਾ ਸਿਰਜਨ ਉਦੇਸ਼ ਬੜਾ ਸਪੱਸ਼ਟ ਤੌਰ ਤੇ ਦੱਸਿਆ ਗਿਆ ਹੈ। ਇਨ੍ਹਾਂ ਦਾ ਪ੍ਰਯੋਜਨ, ਸਾਮਿਅਕ ਪਰਿਸਥਿਤੀਆਂ ਦੇ ਟਾਕਰੇ ਲਈ ਨਵੇਂ ਸਮਾਜ ਦੀ ਸਿਰਜਨਾ ਹਿਤ, ਲੋਕ ਮਾਨਸ-ਚੇਤਨਾ ਵਿਚ ਧਰਮ ਯੁੱਧ ਦਾ ਚਾਉ ਪੈਦਾ ਕਰਨ ਲਈ, ਪੂਰਬ-ਵਰਤੀ ‘ਪਿਉ ਦਾਦੇ ਦਾ ਖੋਲ ਡਿਠਾ ਖਜ਼ਾਨਾ’ ਅਨੁਸਾਰ, ਬਾਬਾਣੀਆਂ ਕਹਾਣੀਆਂ ਨੂੰ ਸੰਸਕ੍ਰਿਤ ਭਾਸ਼ਾ ਤੋਂ ਹਟ ਕੇ ਲੋਕ ਭਾਸ਼ਾ ਵਿਚ ਰਚਣਾ ਸੀ ਤਾਂ ਜੋ ਜਨ-ਸਧਾਰਨ ਇਨ੍ਹਾਂ ਧਾਰਮਕ ਪਰੰਪਰਾਵਾਂ ਤੋਂ ਜਾਣੂੰ ਹੋ ਸਕੇ:

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁੱਧ ਕੇ ਚਾਇ॥

ਅਵਤਾਰਾਂ ਦੀ ਗਿਣਤੀ ਸੰਬੰਧੀ ਵੀ ਇਸ ਹਿੱਸੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਮੁੱਖ ਅਵਤਾਰ ਤਾਂ ਦਸ ਹੀ ਹਨ ਅਤੇ 14 ਗੋਣ ਹਨ।

ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ॥ ਜਿਨ ਮਹਿ ਰਮਯਾ ਰਾਮੁ ਹਮਾਰਾ॥
ਅਨਤ ਚਤੁਰ ਦਸ ਗਨਿ ਅਵਤਾਰੂ॥ ਕਹੋ ਜੁ ਤਿਨ ਤਿਨ ਕੀਏ ਅਖਾਰੂ॥4॥

ਰਚਨਾ ਦੇ ਇਸ ਹਿੱਸੇ ਵਿਚ ਇਹ ਗੱਲ ਖਾਸ ਤੌਰ ਤੇ ਸਾਡੇ ਉਚੇਚੇ ਧਿਆਨ ਦੀ ਮੰਗ ਕਰਦੀ ਹੈ ਕਿ ਏਥੇ ਨਾ ਹੀ ਇਨ੍ਹਾਂ ਅਵਤਾਰਾ ਪ੍ਰਤੀ ਕਿਸੇ ਪ੍ਰਕਾਰ ਦੀ ਭਗਤੀ ਭਾਵਨਾ ਪੈਦਾ ਕਰਨ ਦੀ ਪ੍ਰੈਰਨਾ ਹੈ ਅਤੇ ਨਾ ਹੀ ਉਨਾਂ ਦਾ ਸਰੂਪ ਅਕਾਲ ਵਾਲਾ ਉਭਰਦਾ ਹੈ। ਅੱਗੇ ਚਲ ਕੇ ਸਭ ਤੋਂ ਪਹਿਲਾਂ 16 ਛੰਦਾਂ ਵਿਚ ਮੱਛ ਅਵਤਾਰ ਦੀ ਕਥਾ ਦਰਜ ਕੀਤੀ ਗਈ ਹੈ। ਮੱਛ ਅਵਤਾਰ, ਸੰਖਾਸੁਰ ਦੈਂਤ ਨਾਲ ਵੇਦਾਂ ਦੀ ਰੱਖਿਆ ਲਈ ਘੋਰ ਯੁੱਧ ਕਰਕੇ ਉਸ ਨੂੰ ਮਾਰਦਿਆਂ ਵੇਦਾਂ ਨੂੰ ਬਚਾ ਲੈਂਦਾ ਹੈ। 16 ਵਿਚੋਂ 11 ਛੰਦ, ਯੁੱਧ-ਪ੍ਰਸੰਗ ਨਾਲ ਹੀ ਸਬੰਧਤ ਹਨ ਅਤੇ ਇਨ੍ਹਾਂ ਦਾ ਪਰਸਤੁਤੀ ਕਰਨ ਸਜੀਵ ਯੁੱਧ ਦਾ ਨਜ਼ਾਰਾ ਪੇਸ਼ ਕਰਨ ਵਾਲਾ ਹੈ। ਧਿਆਨ ਦੇਣ ਅਤੇ ਵਿਚਾਰਨ ਯੋਗ ਨੁਕਤਾ ਇਹ ਹੈ ਕਿ 11 ਛੰਦ ਵਾਲੇ ਯੁੱਧ-ਪ੍ਰਸੰਗ ਦਾ ਇਹ ਹਿੱਸਾ, ਪੋਰਾਣ ਸਾਹਿਤ ਵਿਚ ਪ੍ਰਾਪਤ ਹੀ ਨਹੀਂ ਹੁੰਦਾ। ਦੂਸਰੀ ਕਥਾ ਕੱਛ ਅਵਤਾਰ ਦੀ ਹੈ। ਜੋ ਸਮੁੰਦਰ ਰਿੜਕਣ ਸਮੇ, ਮੰਦਰਾਚਲ ਪਰਬਤ ਨੂੰ ਆਪਣੀ ਪਿੱਠ ਤੇ ਚੁੱਕ ਲੈਂਦਾ ਹੈ। ਇਸ ਕਥਾ ਪ੍ਰਸੰਗ ਦਾ ਮੰਤਵ ਇਹ ਦ੍ਰਿੜ ਕਰਾਉਣਾ ਹੈ ਕਿ ਜੇ ਇਕ ਛੋਟੇ ਜਿਹੇ ਆਕਾਰ ਵਾਲਾ ਕੱਛੂ ਆਪਣੀ ਪਿੱਠ ਉਤੇ, ਪਹਾੜ ਨੂੰ ਚੁੱਕਣ ਦੀ ਸ਼ਕਤੀ ਰੱਖਦਾ ਹੈ ਤਾਂ ਮਾਨਵ ਨੂੰ ਉਸ ਤੋਂ ਵਧੇਰੇ ਬਲਵਾਨ ਸਮਝਦਿਆ ਅਸੁਰੀ ਸ਼ਕਤੀਆਂ ਦਾ ਟਾਕਰਾ ਕਰਨਾ ਚਾਹੀਦਾ ਹੈ। ਤੀਜੀ ਕਥਾ ਨਰ ਅਵਤਾਰ,ਚੌਥੀਵੀ ਨਾਰਾਯਣ, ਪੰਜਵੀ ਮਹਾਂ ਮੋਹਿਨੀ ਅਤੇ ਛੇਵੀਂ ਬੈਰਾਗ (ਸੂਰ) ਅਵਤਾਰ ਬਾਰੇ ਹੈ। ਇਹ ਚਾਰੇ ਕਥਾਵਾਂ ਸਮੁੰਦਰ ਰਿੜਕਣ ਸਮੇਂ ਕੱਢੇ ਗਏ 14 ਰਤਨਾਂ ਦੀ ਵੰਡ ਤੋਂ ਦੇਵਤਿਆਂ ਤੇ ਦਾਨਵਾਂ ਵਿਚਕਾਰ ਪੈਦਾ ਹੋਏ ਝਗੜੇ ਸਮੇਂ ਦੇਵਤਿਆਂ ਦੀ ਸਹਾਇਤਾ ਲਈ ਵਿਸ਼ਨੂੰ ਵੱਲੋਂ ਲਏ ਅਵਤਾਰਾਂ ਬਾਰੇ ਹਨ। ਇਨ੍ਹਾਂ ਕਥਾਵਾਂ ਦਾ ਸਾਰਥਕ ਪੱਖ ਯੁੱਧ ਪ੍ਰਸੰਗ ਹੀ ਹੈ। ਸਤਵੀਂ ਕਥਾ ਨਰ ਸਿੰਘ ਅਵਤਾਰ ਦੀ ਹੈ ਜੋ ਆਪਣੇ ਭਗਤ ਪ੍ਰਲਾਦ ਦੀ ਰੱਖਿਆ ਹਿਤ ਹੰਕਾਰੀ ਹਰਨਾਕਸ਼ ਦਾ ਖਾਤਮਾ ਕਰਦਾ ਹੈ। ਅਠਵੀਂ ਬਾਵਨ ਅਵਤਾਰ ਕਥਾ, ਯੁੱਧ ਪ੍ਰਸੰਗ ਤੋਂ ਮੁੱਕਤ ਹੈ। ਪਰ ਦੈਤਾਂ ਵੱਲੋਂ ਪਾਪ ਕਰਮਾਂ ਨੂੰ ਚਰਮ ਸੀਮਾ ਤੇ ਪਹੁੰਚਾਉਣ ਕਾਰਨ ਵਿਸ਼ਨੂੰ ਬਾਵਨ ਦਾ ਅਵਤਾਰ ਧਾਰਨ ਕਰਕੇ ਦੇਤਾਂ ਦੇ ਰਾਜਾ ਬਲੀ ਵੱਲੋਂ ਦਾਨ ਵਜੋਂ ਦਿੱਤੀ ਤਿੰਨ ਕਦਮ ਭੂੰਮੀ ਨੂੰ, ਆਪਣੇ ਵਿਰਾਟ ਰੂਪ ਰਾਹੀ ਦੋ ਕਦਮਾਂ ਵਿਚ ਲੋਕ ਪ੍ਰਲੋਕ ਮਿਣ ਕੇ ਅਤੇ ਤੀਜੇ ਕਦਮ ਰਾਹੀ ਉਸ ਨੂੰ ਪਤਾਲ ਲੋਕ ਪਹੁੰਚਾ ਦਿੰਦਾ ਹੈ। ਨੌਂਵੀ ਪਰਸਰਾਮ ਕਥਾ ਵੀ ਯੁੱਧ-ਪ੍ਰਸੰਗ ਨੂੰ ਉਭਾਰਨ ਵਾਲੀ ਹੈ। ਦਸਵੀ ਬ੍ਰਹਮਾ ਅਵਤਾਰ-ਕਥਾ ਯੁੱਧ ਪ੍ਰਸੰਗ ਤੋਂ ਮੁਕਤ ਅਤੇ ਵੇਦ ਗਿਆਨ ਨਾਲ ਸਬੰਧਿਤ ਹੈ। ਗਿਆਰਵੀ ਰੁਦ੍ਰ ਅਵਤਾਰ ਕਥਾ ਵਿਚ ਗਊ ਦਾ ਕਾਲ ਪੁਰਖ ਕੋਲ ਜਾ ਕੇ ਫਰਿਆਦ ਕਰਨ ਕਾਰਨ ਵਿਸ਼ਨੂੰ ਵੱਲੋਂ ਰੁਦ੍ਰ ਅਵਤਾਰ ਧਾਰਨ ਕਰਨ ਬਾਰੇ ਹੈ। ਸ਼ਿਵ ਵੱਲੋਂ ਤ੍ਰਿਪੁਰ ਦਾ ਨਾਸ਼ ਕਰਨਾ, ਅੰਬਕ ਨਾਲ ਯੁੱਧ ਕਰਕੇ ਉਸ ਦਾ ਨਾਸ਼ ਕਰਨਾ, ਜਲੰਧਰ ਦੀ ਉਤਪੱਤੀ ਅਤੇ ਸ਼ਿਵ ਦੇ ਵਰਦਾਨ ਕਾਰਨ 14 ਰਤਨਾਂ ਦੀ ਪ੍ਰਾਪਤੀ, ਦਕਸ਼ ਦੀ ਬੇਟੀ ਗੌਰੀ ਨਾਲ ਸ਼ਿਵ ਦਾ ਵਿਆਹ, ਪਿਤਾ ਦੇ ਯੱਗ ਵਿਚ ਅਪਮਾਨਤ ਗੌਰੀ ਦਾ ਅਗਨੀ ਵਿਚ ਸੜਨਾ, ਕ੍ਰੋਧਤ ਸ਼ਿਵ ਵੱਲੋਂ ਦਕਸ਼ ਦਾ ਸਿਰ ਧੜ ਨਾਲੋਂ ਅੱਡ ਕਰਨਾ ਅਤੇ ਫਿਰ ਬੱਕਰੇ ਦਾ ਸਿਰ ਲਾ ਕੇ ਮੁੜ ਜੀਵਤ ਕਰਨਾ ਅਤੇ ਕਾਮ ਦੇਵ ਨੂੰ ਅੱਗ ਵਿਚ ਭਸਮ ਕਰਨ ਦੀਆਂ ਘਟਨਾਵਾਂ ਦਰਜ ਹਨ। ਪਰ ਵਿਸ਼ੇਸ਼ ਬੱਲ, ਯੁੱਧ ਪ੍ਰਸੰਗਾਂ ਨੂੰ ਦਿੱਤਾ ਗਿਆ ਹੈ। ਬਾਰਵੀ ਕਥਾ ਜਲੰਧਰ ਅਵਤਾਰ ਨਾਲ ਸਬੰਧਤ ਹੈ। ਬੇਸ਼ਕ ਇਹ ਕਥਾ ਬੇਸਿਰ ਪੈਰ ਵਧੇਰੇ ਹੈ ਪਰ ਇਸ ਦਾ ਮੁੱਖ ਮੰਤਵ, ਨੈਤਿਕ ਕੀਮਤਾਂ ਨੂੰ ਉਭਾਰਨਾਂ ਵਧੇਰੇ ਲਗਦਾ ਹੈ। ਤੇਰਵੀ ਕਥਾ ਅਦਿਤੀ ਪੁੱਤਰ ਵਿਸ਼ਨੂੰ ਨਾਲ ਸੰਬੰਧਿਤ ਹੈ ਜੋ ਭੀੜ ਪੀੜਤ ਧਰਤੀ ਨੂੰ ਸੁਖ ਦਾ ਸਾਹ ਦੇਣ ਲਈ ਦੈਤਾਂ ਨਾਲ ਘੋਰ ਯੁੱਧ ਕਰਦਿਆਂ ਉਹਨਾਂ ਦਾ ਨਾਸ਼ ਕਰਦਾ ਹੈ। ਚੌਧਵੀ ਕਥਾ ਮਧੁ ਅਤੇ ਕੈਟਭ ਦੈਂਤਾਂ ਨੂੰ ਵਿਸ਼ਨੂੰ ਵੱਲੋਂ ਪੰਜ ਹਜ਼ਾਰ ਸਾਲ ਯੁੱਧ ਕਰਨ ਉਪਰੰਤ ਉਹਨਾਂ ਨੂੰ ਮਾਰਨ ਨਾਲ ਸਬੰਧਤ ਹੈ। ਪੰਦਰਵੀ ਅਰਹੰਤ ਦੇਵ ਅਤੇ ਸੋਲਵੀ ਮਨੁ ਰਾਜਾ ਅਤੇ ਸਤਾਰਵੀਂ ਧਨਵੰਤਰ ਅਵਤਾਰ ਨਾਲ ਸਬੰਧਤ ਯੁੱਧ ਮੁਕਤ ਕਥਾਵਾਂ ਹਨ। ਪਹਿਲੀਆਂ ਦੋ ਦਾ ਸਬੰਧ ਜੈਨੀਆਂ ਦੇ ਤੀਰਥੰਕਰਾਂ ਨਾਲ ਹੈ ਅਤੇ ਅਗਲੀ ਦਾ ਸਬੰਧ ਆਯੁਰਵੈਦ ਦੇ ਰਚੈਤਾ ਧਨਵੰਤਰ ਵੈਦ ਨਾਲ ਹੈ। ਅਠਾਰਵੀ ਅਵਤਾਰ ਕਥਾ, ਸੂਰਜ ਅਵਤਾਰ ਦੀ ਹੈ ਜੋ ਅਸੁਰਾਂ ਦਾ ਨਾਸ਼ ਕਰਕੇ ਧਰਤੀ ਤੇ ਪਸਰਿਆ ਪਾਪ ਦਾ ਹਨੇਰਾ ਦੂਰ ਕਰਦਾ ਹੈ। ਉਨੀਵੀਂ ਚੰਦ੍ਰ ਅਵਤਾਰ ਕਥਾ ਸੂਰਜ ਦੇ ਤੇਜ਼ ਤਪਸ਼ ਕਾਰਨ ਸੜਦੀ ਧਰਤੀ ਨੂੰ ਠਾਰਨ ਬਾਰੇ ਹੈ। ਵੀਹਵੀਂ ਕਥਾ ਰਾਮ ਅਵਤਾਰ ਨਾਲ ਸਬੰਧਤ ਹੈ ਜੋ 864 ਛੰਦਾਂ ਵਿਚ ਹੋਣ ਕਾਰਨ ਆਕਾਰ ਪਖੋਂ ਦੂਸਰੇ ਸਥਾਨ ਤੇ ਆਉਂਦੀ ਹੈ। ਰਾਮ ਅਵਤਾਰ ਕਥਾ ਦਾ ਪਰਸਤੁਤੀਕਰਨ ਇਸ ਪ੍ਰਕਾਰ ਕੀਤਾ ਗਿਆ ਹੈ ਕਿ ਇਸ ਦਾ ਪਠਨ ਪਾਠਨ ਸੁਤੇ ਸਿਧ ਮਾਨਵ ਚੇਤਨਾ ਨੂੰ ਜੁਝਾਰੂ ਬਣਾ ਦਿੰਦਾ ਹੈ। ਕਥਾ ਵਿਚ ਯੁੱਧ ਵਰਣਨ ਨਾ ਕੇਵਲ ਸਜੀਵ ਹੀ ਹੈ ਸਗੋਂ ਸਾਮਿਅਕ ਲੌੜਾਂ ਪੂਰੀਆਂ ਕਰਨ ਵਾਲਾ ਹੋ ਨਿਬੜਦਾ ਹੈ। ਯੁੱਧ ਵਰਣਨ ਸਮੇਂ ਰਚੈਤਾ ਵੱਲੋਂ ਵਰਤੀ ਗਈ ਖਾੜਕੂ ਸ਼ੈਲੀ ਜਲਾਲੀ ਰੂਪ ਪ੍ਰਦਾਨ ਕਰਨ ਵਾਲੀ ਹੈ। ਮਿਸਾਲ ਵਜੋਂ ਹੇਠ ਲਿਖੀਆਂ ਤੁਕਾਂ ਇਸ ਮਤ ਦੀ ਪੁਸ਼ਟੀ ਹਿਤ ਵਿਚਾਰਨੀਆਂ ਯੋਗ ਲਗਦੀਆਂ ਹਨ:

ਤੱਤ ਤੀਰੰ॥ ਬੱਬ ਬੀਰੰ॥ ਢੱਢ ਢਾਲੰ॥ ਜੱਜ ਜੁਆਲੰ॥541॥
ਤੱਤ ਤਾਜੀ॥ ਗੱਜ ਗਾਜੀ॥ ਮੱਮ ਮਾਰੇ॥ ਤੱਤ ਤਾਰੇ॥542॥
ਬੱਬ ਬਾਣੰ॥ ਤੱਤ ਤਾਣੰ॥ ਛੱਛ ਛੋਰੈਂ॥ ਜੱਜ ਜੋਰੈਂ॥549॥
ਬੱਬ ਬਾਜੇ॥ ਗੱਜ ਗਾਜੇ॥ ਭਭ ਭੂਮੰ॥ ਝੱਝ ਝੂਮੰ॥ 550॥

ਅਗੇ ਚਲ ਕੇ ਏਹੋ ਵੰਨਗੀ ਹੋਰ ਜਲਾਲਮਈ ਰੂਪ ਵਾਲੀ ਬਣ ਜਾਂਦੀ ਹੈ:

ਜਾਗੜਦੰ ਜੀਤੰ ਖਾਗੜਦੰ ਖੇਤੰ॥ ਭਾਗੜਦੰ ਭਾਗੇ ਕਾਗੜਦੰ ਕੇਤੰ॥
ਸਾਗੜਦੰ ਸੂਰਾਨਜੰ ਆਨਿ ਖੇਖਾ॥ ਪਾਗੜਦੰ ਪ੍ਰਾਨਾਨ ਤੇ ਪ੍ਰਾਨ ਲੇਖਾ॥577॥
… … … … … …
ਜਾਗੜਦੰ ਜਾਗੇ ਸਾਗੜਦੰ ਸੂਰੰ॥ ਘਾਗੜਦੰ ਘੂੱਮੀ ਹਾਗੜਦੰ ਹੂਰੰ॥
ਛਾਘੜਦੰ ਛੂਟੇ ਨਾਗੜਦੰ ਨਾਦੰ॥ ਬਾਗੜਦੰ ਬਾਜੇ ਨਾਗੜਦੰ ਠਿਨਾਦੰ॥586॥
ਤਾਗੜਦੰ ਤੀਰੰ ਛਾਗੜਦੰ ਛੂਟੇ॥ ਗਾਗੜਦੰ ਗਾਜੀ ਜਾਗੜਦੰ ਜੂਟੇ॥
ਖਾਘੜਦੰ ਖੇਤੰ ਸਾਗੜਦੰ ਸੋਏ॥ ਪਾਗੜਦੰ ਤੇ ਪਾਕ ਸ਼ਾਹੀਦ ਹੋਏ॥587॥18

ਰਾਮ ਅਵਤਾਰ ਕਥਾ ਦਾ ਵਿਸਤਾਰ ਪੂਰਵਕ ਵਰਣਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਥਾ ਵਿਸ਼ਨੂੰ ਦੇ ਰਾਮ ਅਵਤਾਰੀ ਸਰੂਪ ਨੂੰ ਹੀ ਨਹੀਂ ਉਭਾਰਦੀ ਸਗੋਂ ਰਾਮ ਦੇ ਦੁਸਟ ਦਮਨ ਵਜੋਂ ਯੋਧਾ ਪਣ ਨੂੰ ਵਧੇਰੇ ਉਭਾਰਨ ਵਾਲੀ ਹੈ। ਇਸ ਕਥਾ ਦਾ ਅਵਤਾਰੀ ਸਰੂਪ, ਦਾਨਵ ਸ਼ਕਤੀਆਂ ਨਾਲ ਯੁੱਧ ਕਰਨ ਦੀ ਪ੍ਰੇਰਨਾ ਕਰਦਾ ਹੈ ਜਿਸ ਦਾ ਸੰਚਾਰ, ਸਮਕਾਲੀ ਮਨੁੱਖ ਦੀ ਜਰੂਰੀ ਲੋੜ ਸੀ। ਇਸ ਕਥਾ ਵਿਚ ਵਰਤੀ ਗਈ ਸਬਦਾਵਲੀ, ਮਾਨਵ ਚੇਤਨਾ ਵਿਚ ਜੁਝਾਰੂ ਭਾਵਨਾਂ ਪੈਦਾ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਇਸ ਯੁੱਧ ਕਥਾ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਯੁੱਧ ਕਰਨ ਜਾਂ ਨਾ ਕਰਨ ਸਬੰਧੀ ਜੋ ਸ਼ੰਕੇ ਉਤਪੰਨ ਹੁੰਦੇ ਹਨ ਉਹਨਾਂ ਦੇ ਨਾ ਕੇਵਲ ਸਜੀਵ ਨਿਰੂਪਣ ਹੀ ਹੋਇਆ ਹੈ ਸਗੋ ਸੰਭਾਵੀ ਸਮਾਧਾਨ ਵੀ ਸੁਝਾਇਆ ਗਿਆ ਹੈ।

ਇਕੀਵੀਂ ਅਵਤਾਰ ਕਥਾ, ਕ੍ਰਿਸ਼ਨ-ਅਵਤਾਰ ਨਾਲ ਸੰਬੰਧਿਤ ਹੈ ਜੋ ਆਕਾਰ ਪੱਖੋਂ ਸਭ ਤੋਂ ਵੱਡੀ ਹੋਣ ਕਾਰਨ ਇਕ ਨੰਬਰ ਤੇ ਆਉਂਦੀ ਹੈ। ਇਸ ਰਚਨਾ ਦੇ ਚਾਰ ਭਾਗ ਹਨ। ਪਹਿਲਾ ਬਾਲਪਨ, ਦੂਜਾ ਰਾਸ ਲੀਲ੍ਹਾ, ਤੀਜਾ ਬਿਰਹੁ ਅਤੇ ਚੌਥਾ ਯੁੱਧ। ਰਚਨਾ ਦੇ ਪਹਿਲੇ ਤਿੰਨ ਹੀਸੇ, ਕ੍ਰਿਸ਼ਨ ਦੇ ਅਵਤਾਰੀ ਸਰੂਪ ਨੂੰ ਉਭਾਰਨ ਹਿਤ ਕੇਵਲ ਪ੍ਰਸੰਗ ਪੂਰਤੀ ਲਈ ਅਤੇ ਕਥਾ ਨੂੰ ਰੋਚਕ ਬਣਾਉਣ ਲਈ ਲਏ ਲਗਦੇ ਹਨ, ਕਿਉਂਕਿ ਇਹਨਾਂ ਪ੍ਰਸੰਗਾਂ ਵਿਚ ਰਚੈਤਾ ਨੇ ਪ੍ਰਚਲਤ ਘਟਨਾਵਾਂ ਨੂੰ ਕਾਵਿ ਬੱਧ ਕਰਨ ਦੀ ਥਾਂ ਕਾਲਪਨਕ ਅਨੁਭੂਤੀ ਨੂੰ ਵਧੇਰੇ ਵਰਤਿਆ ਹੈ। ਯੁੱਧ ਪ੍ਰਸੰਗ ਵਾਲਾ ਹਿੱਸਾ ਨਾ ਕੇਵਲ ਮਹੱਤਵ ਪੂਰਨ ਹੈ ਸਗੋਂ ਆਕਾਰ ਪੱਖੋਂ ਇਸ ਰਚਨਾ ਦਾ ਵੱਡਾ ਹਿੱਸਾ ਹੈ ਜਿਸ ਵਿਚ 874 ਛੰਦ ਸੰਮਿਲਤ ਹਨ। ਇਸ ਯੁੱਧ ਕਥਾ ਦਾ ਵਿਸ਼ੇਸ਼ ਤੇ ਮਹੱਤਵ ਪੂਰਨ ਪੱਖ ਇਹ ਹੈ ਕਿ ਰਚੈਤਾ ਨੇ ਜਨ ਮਾਨਸ ਵਿਚ ਧਰਮ ਯੁੱਧ ਦੀ ਇੱਛਾ ਪ੍ਰਚੰਡ ਕਰਨ ਲਈ ਸ੍ਰੀ ਕ੍ਰਿਸ਼ਨ ਦਾ ਅਵਤਾਰੀ ਸਰੂਪ ਚਿਤਰਨ ਸਮੇਂ ਨਾ ਕੇਵਲ ਕਲਪਨਾ ਤੋਂ ਹੀ ਵਧੇਰੇ ਕੰਮ ਲਿਆ ਸਗੋਂ ਯੁੱਧ ਵਿਚ ਮਲੇਛਾਂ ਦੀ ਸ਼ਮੂਲੀਅਤ ਦਰਸਾਉਣ ਲਈ ਮੁਸਲਮਾਨਾਂ ਦੇ ਪਠਾਣੀ ਨਾਵਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਇਸ ਦੇ ਨਾਲ ਹੀ ਰਚੈਤਾ ਨੇ ਸ੍ਰੀ ਕ੍ਰਿਸ਼ਣ ਨੂਮ ਮਹਾਂਬਲੀ ਯੋਧਾ ਸਿਧ ਕਰਨ ਲਈ ਉਸ ਪਾਸੋਂ ਮਾਯਾਵੀ ਸ਼ਕਤੀਆਂ ਜਾਂ ਛਲ ਕਪਟ ਦੀ ਵਰਤੋਂ ਨਹੀਂ ਕਰਾਈ ਸਗੋਂ ਇਕ ਸਧਾਰਨ ਯੋਧਿਆਂ ਵਾਂਗ ਰਣ-ਭੂਮੀ ਵਿਚ ਜੂਝਦੇ ਦਿਖਾਇਆ ਹੈ। ਏਥੋਂ ਤਕ ਕਿ ਜਰਾਸੰਧ ਦੀ ਵਿਸ਼ਾਲ ਸੈਨਾ ਵੇਖ ਕੇ ਜਿਸ ਸਮੇ ਰਾਜਾ ਉਗ੍ਰ ਸੇਨ ਸਮੇਤ, ਸਾਰੇ ਰਾਜ ਦਰਬਾਰੀ ਰਾਜ ਦਰਬਾਰੀ ਚਿੰਤਤ ਹੋ ਜਾਂਦੇ ਹਨ ਤਾਂ ਸ੍ਰੀ ਕ੍ਰਿਸ਼ਨ ਦਾ ਸਰੂਪ ਨਿਸਚਿੰਤ ਤੇ ਨਿਰਭਉ ਵਾਲਾ ਰਹਿੰਦਾ ਹੈ। ਬਲਕਿ ਉਹ ਪ੍ਰਤਿਗਿਆ ਕਰਦਾ ਹੈ ਕਿ:

ਰਾਜ ਨ ਚਿੰਤ ਕਰੋ ਮਨ ਮੈਂ ਹਮ ਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ॥
ਬਾਨ ਕਮਾਨ ਕ੍ਰਿਪਾਨ ਗਧਾ ਗਹਿ ਕੇ ਰਨ ਭੀਤਰ ਜੁਧੁ ਕਰੈਗੇ॥
ਜੋ ਹਮ ਊਪਰਿ ਕੋਪ ਕੇ ਆਇ ਹੈ ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ॥
ਪੈ ਊਨ ਕੋ ਮਰਿ ਹੈ ਡਰਿ ਹੈ ਨਹੀਂ ਆਹਣ ਤੇ ਪਗ ਦੁਇ ਨ ਟਰੈਂਗੇ॥19॥

ਬੇਸ਼ਕ ਕ੍ਰਿਸ਼ਨ ਅਵਤਾਰ ਦਾ ਵਰਣਨ, ਭਾਰਤੀ ਧਰਮ ਸਾਧਨਾ ਸਾਹਿਤ ਵਿਚ ਵਿਆਪਕ ਪੱਧਰ ਤੇ ਹੋਇਆ ਹੈ ਪਰ ਦਸਮ ਗ੍ਰੰਥ ਵਿਚ ਇਸ ਦਾ ਵਰਣਨ ਪਰੰਪਰਾ ਤੋਂ ਹਟਵਾਂ ਹੈ ਜੋ ਸ੍ਰੀ ਕ੍ਰਿਸ਼ਨ ਨੂੰ ਦੈਵੀ ਸ਼ਕਤੀ ਸੰਪੰਨ ਸਥਾਪਤ ਕਰਨ ਦੀ ਥਾਂ ਧਰਤੀ ਨਾਲ ਜੋੜਦਿਆਂ ਮਾਨਵ ਸੰਸਾਰ ਦਾ ਹੀ ਮਹਾਂਬਲੀ ਯੋਧਾ ਉਭਾਰਨ ਵਾਲਾ ਹੋ ਨਿਬੜਦਾ ਹੈ। ਬਾਈਵੀ ਅਵਤਾਰ ਕਥਾ, ਨਰ ਅਵਤਾਰ ਨਾਲ ਸਬੰਧਤ ਹੈ ਜੋ ਬਹੁਤ ਸੰਖਿਪਤ ਹੈ। ਏਥੇ ਅਰਜਨ ਤੋਂ ਸ਼ਿਵ ਵਿਚਕਾਰ ਹੋਏ ਘਮਸਾਨ ਯੁੱਧ ਸਮੇਂ ਸ਼ਿਵ ਜੀ ਵੱਲੋਂ ਅਰਜਨ ਦੀ ਵੀਰਤਾ ਦੀ ਪ੍ਰਸੰਸਾਂ ਕੀਤੀ ਜਾਂਦੀ ਹੈ। ਤੇਈਵੀਂ ਕਥਾ ਬੋਧ ਅਵਤਾਰ ਨਾਲ ਸਬੰਧਤ ਹੈ। ਇਹ ਬੁੱਧ, ਬੁੱਧ ਮਤ ਦਾ ਬਾਨੀ ਮਹਾਤਮਾ ਬੁੱਧ ਸੀ ਜਾਂ ਕੋਈ ਹੋਰ , ਇਹ ਮੁੱਦਾ ਵਿਦਵਾਨਾਂ ਵਿਚ ਮੱਤਭੇਦ ਦਾ ਵਿਸ਼ਾ ਬਣਿਆ ਹੋਇਆ ਹੈ। ਉਂਝ ਵੀ ਇਹ ਕਥਾ ਕੋਈ ਯੁੱਧ ਚੇਤਨਾ ਉਪਜਾਉਣ ਵਾਲੀ ਨਹੀਂ ਲਗਦੀ। ਅਗਲੀ ਚੋਵੀਵੀਂ ਨਿਹਕਲੰਕੀ ਅਵਤਾਰ-ਕਥਾ ਨਾ ਕੇ ਵਲ ਨਿਰੋਲ ਕਾਲਪਨਿਕ ਹੈ ਸਗੋਂ ਪਹਿਲੀਆਂ ਅਵਤਾਰ ਕਥਾਵਾਂ ਦੇ ਅਵਤਾਰੀ ਸਰੂਪ ਤੇ ਉਦੇਸ਼ ਦੇ ਪ੍ਰਤੀਕੂਲ ਭਾਵਨਾ ਵਾਲੀ ਹੈ। ਪੈਦਾ ਹੋਣ ਵਾਲੇ ਵਿਸ਼ਨੂੰ ਦੇ ਨਿਹਕਲੰਕੀ ਅਵਤਾਰ ਅਤੇ ਇਸਲਾਮਕ ਵਿਸ਼ਵਾਸ਼ ਅਧੀਨ ਮੀਰ ਮਹਿੰਦੀ ਅਵਤਾਰ ਹਉਮੈ ਗ੍ਰਸਤ ਹੋ ਜਾਂਦੇ ਹਨ। ਨਿਹਕਲੰਕ ਅਵਤਾਰ ਨੂੰ ਮੀਰ ਮਹਿੰਦੀ ਨਸ਼ਟ ਕਰ ਦਿੰਦਾ ਹੈ ਅਤੇ ਹੰਕਾਰੀ ਮੀਰ ਮਹਿੰਦੀ ਨੂੰ ਕਾਲ ਪੁਰਖ, ਕੰਨ ਵਿਚ ਕੀੜਾ ਪਾ ਕੇ ਮਾਰ ਦਿੰਦਾ ਹੈ। ਇਹਨਾਂ ਦੇ ਅਵਤਾਰ ਕਥਾਵਾਂ ਦਾ ਮੰਤਵ, ਪਹਿਲੀਆਂ ਅਵਤਾਰ ਕਥਾਵਾਂ ਦੇ ਵਿਪਰੀਤ ਹੋਣ ਕਾਰਨ ਅਪ੍ਰਸੰਗਕ ਵੀ ਹੈ। ਪਤਾ ਨਹੀਂ ਰਚੈਤਾ ਨੇ ਕੀ ਸੋਚ ਕੇ ਇਨ੍ਹਾਂ ਦੀ ਰਚਨਾ ਕੀਤੀ।

ਉਪਰੋਕਤ ਵਿਵਰਣ ਚਉਬੀਸ ਅਵਤਾਰ ਦੀ ਕਥਾ ਦੇ ਉਦੇਸ਼ ਨੂੰ ਉਭਾਰਨ ਵਾਲੇ ਕੁਝ ਤੱਥ ਸਾਡੇ ਸਨਮੁਖ ਸਪੱਸ਼ਟ ਰੂਪ ਵਿਚ ਰਖਦਾ ਹੈ।

1. ਇਹ ਅਵਤਾਰ, ਨਿਰਗੁਣ ਨਿਰਾਕਾਰ ਅਕਾਲ ਪੁਰਖ ਦੇ ਬਦਲ ਨਹੀਂ ਹਨ ਜਿਸ ਕਰਕੇ ਇਨ੍ਹਾਂ ਦੀ ਤੁਲਨਾ ਅਕਾਲ ਪੁਰਖ ਨਾਲ ਨਹੀਂ ਕੀਤੀ ਜਾ ਸਕਦੀ।
2. ਇਨ੍ਹਾਂ ਅਵਤਾਰਾਂ ਨੂੰ ਪੂਜਯ-ਦੇਵ ਵਜੋਂ ਆਰਾਧਣ ਦੇ ਕੋਈ ਸੰਕੇਤ ਨਹੀਂ ਹਨ। ਕਿਉਂਕਿ ਇਨ੍ਹਾਂ ਅਵਤਾਰਾਂ ਦਾ ਸਿਰਜਕ ਅਕਾਲ ਪੁਰਖ ਹੈ।
3. ਇਨ੍ਹਾਂ ਸਾਰੇ ਅਵਤਾਰਾਂ ਨੂੰ ਕਿਧਰੇ ਵੀ ਅਜੂਨੀ ਨਹੀਂ ਮੰਨਿਆ ਗਿਆ। ਸਗੋਂ ਇਹ ਸਾਰੇ ਉਸ ਬੇਅੰਤ ਦਾ ਅੰਤ ਪਾਉਣ ਤੋਂ ਅਸਮਰਥ ਦਸੇ ਗਏ ਹਨ।
4. ਇਹ ਸਾਰੇ ਅਵਤਾਰ ਕਾਲ-ਵੱਸ ਹਨ, ਕਾਲ-ਮੁਕਤ ਨਹੀਂ।
5. ਵਿਸ਼ਨੂੰ ਬ੍ਰਹਮਾ ਆਦਿ ਸਭ ਅਕਾਲ ਪੁਰਖ ਦੀ ਰਚਨਾ ਹਨ ਸੈਭੰ ਨਹੀਂ। ਇਸ ਲਈ ਅਕਾਲ ਪੁਰਖ ਦੀ ਆਗਿਆ ਨਾਲ ਪ੍ਰਗਟ ਹੋਣ ਵਾਲੇ ਅਕਾਲ ਪੁਰਖ ਕਿਸ ਤਰਾਂ ਹੋ ਸਕਦੇ ਹਨ?
6. ਦਸਮ ਗੁਰੂ ਦੀ ਕਿਸੇ ਅਵਤਾਰ ਪ੍ਰਤੀ ਭਗਤੀ ਭਾਵਨਾ ਜਾਂ ਆਸਥਾ, ਪ੍ਰਗਟ ਨਹੀਂ ਹੁੰਦੀ ਸਗੋਂ ਰਾਮ-ਅਵਤਾਰ ਦੇ ਅੰਤ ਵਿਚ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ ਕਿ:

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ, ਮਤਿ ਏਕ ਨ ਮਾਨਯੋ॥
ਸਿਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਬ ਤੋਹਿ ਬਖਾਨਯੋ॥863॥

7. ਇਨ੍ਹਾਂ ਅਵਤਾਰਾਂ ਪ੍ਰਤੀ ਕਿਸੇ ਪ੍ਰਕਾਰ ਦੀ ਭਗਤੀ ਭਾਵਨਾ ਪ੍ਰਗਟਾਉਣ ਹਿਤ ਕੋਈ ਸੰਕੇਤ ਤਾਂ ਇਕ ਪਾਸੇ ਰਿਹਾ ਸਗੋਂ ਇਨ੍ਹਾਂ ਦੀ ਦੈਵੀ ਸ਼ਕਤੀ ਨੂੰ ਵੀ ਅਖੋਂ ਪਰੋਖੇ ਕਰਨ ਦਾ ਜਤਨ ਹੈ।
8. ਇਨ੍ਹਾਂ ਅਵਤਾਰ ਕਥਾਵਾਂ ਦਾ ਪ੍ਰਮੁਖ ਮੰਤਵ ਧਰਮ-ਮਰਿਆਦਾ ਨੂੰ ਸੁਰਜੀਤ ਕਰਨ ਹਿਤ, ਧਰਮ ਖੇਤਰ ਵਿਚ ਫੈਲੇ ਭੇਖਾਂ, ਤੇ ਅਡੰਬਰਾਂ ਦਾ ਖੰਡਨ ਕਰਨਾ ਹੈ।
9. ਇਨ੍ਹਾਂ ਚਉਬੀਸ ਅਵਤਾਰ ਕਥਾਵਾਂ ਤੋਂ ਲੇਖਕ ਨੇ ਜੋ ਕੰਮ ਲਿਆ ਹੈ ਉਹ ਦੁਸਟ ਸੰਘਾਰਨ ਵਾਲਾ ਹੈ, ਨਰ ਸੰਘਾਰਨ ਵਾਲਾ ਨਹੀਂ।
ਕੁਲ ਮਿਲਾ ਕੇ ਸਿੱਟਾ ਏਹੋ ਨਿਕਲਦਾ ਹੈ ਕਿ ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਰਚਨਾ ਦਾ ਮੂਲ ਉਦੇਸ਼ ਇਨ੍ਹਾਂ ਦੇ ਅਵਤਾਰੀ ਸਰੂਪ ਨੂੰ ਪਾਰਬ੍ਰਹਮ ਪਰਮੇਸ਼ਰ ਵਾਲਾ ਸਥਾਪਤ ਕਰਨਾ ਨਹੀਂ। ਸਗੋਂ ਇਸ ਰਚਨਾ ਵਿਚ ਵਰਣਨ ਕੀਤੇ ਗਏ ਸਾਰੇ ਅਵਤਾਰ ਪਾਰਬ੍ਰਹਮ ਦੇ ਹੁਕਮ ਨਾਲ ਹੀ ਪੈਦਾ ਹੋਣ ਕਾਰਨ ਉਸ ਦੇ ਹੁਕਮ ਅਨੁਸਾਰ ਹੀ ਕਾਰਜ ਕਰਦੇ ਪ੍ਰਗਟ ਕੀਤੇ ਗਏ ਹਨ।

ਇਸ ਰਚਨਾ ਦਾ ਅਵਤਾਰਵਾਦੀ ਸਰੂਪ, ਨਿਰਗੁਣ, ਨਿਰਾਕਾਰ ਅਤੇ ਜਲਥਲ ਮਹੀਅਲ ਭਾਵ ਸਰਬ ਵਿਆਪਕ ੴ ਸਤਿਗੁਰੂ ਪ੍ਰਸ਼ਾਦਿ ਦਿਸਦਾ ਹੈ। ਰਚਨਾਕਾਰ ਨੇ ਇਨ੍ਹਾਂ ਅਵਤਾਰ-ਕਥਾਵਾਂ ਤੋਂ ਪ੍ਰਮੁੱਖ ਤੌਰ ਤੇ ਜਨ-ਮਾਨਸ ਦੀ ਚੇਤਨਾ ਵਿਚ ਜ਼ੁਲਮ ਦਾ ਟਾਕਰਾ ਕਰਨਦੀ ਰੁਚੀ ਪੈਦਾ ਕਰ ਸਕਣ ਦਾ ਕੰਮ ਲਿਆ ਹੈ। ਤਾਂ ਜੋ ਪ੍ਰਾਪਤ ਹੋਏ ਦੁਰਲੱਭ ਮਾਨਸ ਜਨਮ ਦੀ ਯਾਤਰਾ ਮਾਨ ਸਨਮਾਨ ਨਾਲ ਸੰਪੂਰਨ ਕੀਤੀ ਜਾ ਸਕੇ।

ਹਵਾਲੇ ਤੇ ਟਿਪਣੀਆਂ

1. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 894
2. ਸ਼ਬਦਾਰਥ ਦਸ਼ਮ ਗ੍ਰੰਥ ਸਾਹਿਬ, ਪੰ. ਯੂਨੀਵਰਸਟੀ, ਪਟਿਆਲਾ, 1985, ਪੰਨਾ 169
3. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1136
4. ਦਸਮ ਗ੍ਰੰਥ, ਉਕਤ 798
5. ਉਕਤ
6. (ੳ) ਕਪਿਲਦੇਵ ਪਾਂਡੇ, ਮਧ-ਕਾਲੀਨ ਸਾਹਿਤਯ ਮੇਂ ਅਵਤਾਰਵਾਦ, ਚੌਖਭਾ ਪ੍ਰਕਾਸ਼ਨ, ਵਾਰਾਨਸੀ, 1963, ਪੰਨਾ 3
(ਅ) ਅਥਰਵਵੇਦ, 18.3.5
7. ਉਕਤ,
8. ਅਭਯੁਤਥਾਨਮ ਧਰਮਸਯ ਤਦਾਤਮਾਨੰ ਸ੍ਰਜਾਮਯਹੋ 11-4.7/8
9. ਭਾਗਵਤ ਪੌਰਾਣ, 1.2.26
10. ਅਚਾਰੀਆਂ ਹਜ਼ਾਰੀ ਪ੍ਰਸ਼ਾਦ ਦਿਵੇਦੀ, ਮਧਕਾਲੀਨ ਧਰਮ ਸਾਧਨਾ, ਸਾਹਿਤ ਭਵਨ, ਅਲਾਹਾਬਾਦ, 1970, ਪੰਨਾ 122
11. ਹਿੰਦੀ ਵਿਸ਼ਵ ਕੋਸ਼, ਨਾਗਰੀ ਪ੍ਰਚਾਰਣੀ ਸਭਾ, ਕਾਸ਼ੀ, 1973, ਪੰਨੇ 277-78
12. 12. Hinduism, john. R. Hinnells (ed.), “The Doctrine of Avtaras”, Orient Press New castle (U.K.) 1973, PP. 39-40, 1973, pp 39-40
13. ਸ੍ਰੀ ਗੁਰੁ ਗ੍ਰੰਥ ਸਾਹਿਬ, 1036
14. -19 ਦਸਮ ਗ੍ਰੰਥ, 169, 272, 275
15. Budhha of the Puranas ans Buddha of the Buddhist system of religion have nothing in common, but the name, and that the attempted identification of these two is simply the work of European scholars, who have not been sufficiently careful to collect information, and to weigh the evidence they have had before them.

Visit www.DushtDaman.org for more articles.


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article