Sukhmani Sahib - Language Forma
੧. ਸ਼ਬਦਾਵਲੀ
ਭਾਸ਼ਾ ਦੇ ਸਤਹੀ ਪੱਧਰ `ਤੇ ਸ਼ਬਦਾਵਲੀ ਦੇ ਸ਼ਬਦ ਰੂਪ ਅਤੇ ਗਹਿਨ ਪੱਧਰ `ਤੇ ਵਿਆਕਰਨਕ ਨੇਮ ਵਿਚਰਦੇ ਹਨ। ਪਰੰਤੂ ਇਹ ਦੋਵੇਂ ਸਤਹੀ ਅਤੇ ਗਹਿਨ ਵਰਤਾਰੇ ਦਿੱਖ ਪੱਧਰ ਉੱਤੇ ਔਰਥੋਗ਼੍ਰਾਫ਼ੀ ਰਾਹੀਂ ਹੀਂ ਸਰੂਪ ਧਾਰਨ ਕਰਦੇ ਹਨ। ਇਸ ਲਈ ਸਾਧਾਰਨ ਸ਼ਰਧਾਲੂ ਅਤੇ ਪੰਜਾਬੀ ਸਾਹਿਤ ਦੇ ਵਿਦਵਾਨਾਂ, ਵਿਦਿਆਰਥੀਆਂ ਅਤੇ ਆਲੋਚਕਾਂ ਲਈ ਇਸ ਬਾਣੀ ਦੀ ਭਾਸ਼ਾ ਪੰਜਾਬੀ ਹੈ ਭਾਵ ਸੁਖਮਨੀ ਸਾਹਿਬ ਦੇ ਸ਼ਬਦ-ਸ਼ਰੂਪ ਦਾ ਲਿਖਣ-ਪੱਧਰ ਤੇ ਸੰਚਾਰ ਪੰਜਾਬੀ ਦੀ ਔਰਥੋਗ਼੍ਰਾਫ਼ੀ, ਗੁਰਮੁਖੀ, ਰਾਹੀਂ ਹੁੰਦਾ ਹੈ। ਪਰ ਭਾਸ਼ਾਈ ਰੂਪ ਵਿਚ ਇਸ ਦੇ ਵਜੂਦਾਤਮਕ ਵਰਤਾਰੇ ਨੂੰ ਸਮਝਣ ਲਈ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ: ਸ਼ਬਦਾਵਲੀ ਅਤੇ ਵਿਆਕਰਨ। ਸ਼ਬਦਾਵਲੀ ਭਾਵਾਂ ਨੂੰ ਸੰਚਾਰਿਤ ਕਰਦੀ ਹੈ ਅਤੇ ਵਿਆਕਰਨ ਉਨ੍ਹਾਂ ਨੇਮਾਂ ਨੂੰ ਜਿਨ੍ਹਾਂ ਨਾਲ ਭਾਵਾਂ ਨੂੰ ਸੰਚਾਰਿਤ ਕਰਨ ਵਾਲੇ ਸ਼ਬਦਾਂ ਨੂੰ ਵਾਕ-ਪੱਧਰ `ਤੇ ਸ਼ਬਦ-ਰੂਪ ਪ੍ਰਾਪਤ ਹੁੰਦਾ ਹੈ।
ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ। ਸੁਖਮਨੀ ਸਾਹਿਬ ਵਿਚ ਕੁਲ ੨੪ ਸਲੋਕ ਅਤੇ ੨੪ ਅਸਟਪਦੀਆਂ ਹਨ, ਜਿੰਨਾਂ ਵਿਚ ਕੁਝ ੧੦੨੭੨ ਸ਼ਬਦ-ਰੂਪ ਵਰਤੇ ਗਏ ਹਨ। (ਸਾਰਨੀ ੧) ਇਹਨਾਂ ਵਿਚ ਕਈ ਸ਼ਬਦਾਂ ਦੀ ਇਕ ਤੋਂ ਵਧੇਰੇ ਵਾਰ ਵਰਤੋਂ ਵੀ ਹੋਈ ਹੈ। ਇਸ ਲਈ ਇਹਨਾਂ ਵਿੱਚੋਂ ਦੁਹਰਾਉ ਵਾਲੇ ਸ਼ਬਦ-ਰੂਪਾਂ ਨੂੰ ਮਨਫ਼ੀ ਕਰਨ ਮਗਰੋਂ ਕੇਵਲ ਦੋ ਹਜ਼ਾਰ ਤਿੰਨ ਸੌ ਅਟਵੰਜਾ (੨੩੫੮) ਸ਼ਬਦ ਰੂਪ ਬਚਦੇ ਹਨ। ਸ਼ਬਦਾਵਲੀ ਦੇ ਅੰਕੜਿਆਂ ਨੂੰ ਜਦੋਂ ਅਸੀਂ ਵੱਖ ਵੱਖ ਸ਼ਬਦ ਸ਼ਰੇਣੀਆਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ, ਨਾਂਹਵਾਚੀ ਆਦਿ ਦੇ ਸੰਦਰਭ ਵਿਚ ਵੇਖਦੇ ਹਾਂ (ਸਾਰਨੀ ੨) ਤਾਂ ਪਤਾ ਚਲਦਾ ਹੈ ਕਿ ਪ੍ਰਾਪਤ ਸ਼ਬਦ-ਰੂਪਾਂ `ਚੋਂ ੧੧੫੩ ਨਾਂਵ, ੧੦੫ ਪੜਨਾਂਵ, ੨੩੨ ਵਿਸ਼ੇਸ਼ਣ, ੮੦੬ ਕਿਰਿਆਵਾਂ, ੩੩ ਕਿਰਿਆ ਵਿਸ਼ੇਸ਼ਣ, ੮ ਸੰਬੰਧਕ, ੩ ਯੋਜਕ, ੫ ਹਾਂ/ਨਾਂਹਵਾਚੀ ਸ਼ਬਦ, ੩ ਸਹਾਇਕ ਕਿਰਿਆਵਾਂ ਅਤੇ ੧੦ ਪ੍ਰਸ਼ਨਵਾਚਕ ਸ਼ਬਦ ਹਨ।
ਸਾਰਨੀ ੧ -
ਸਲੋਕ – ੨੪
ਅਸਟਪਦੀਆਂ – ੨੪
ਸ਼ਬਦਾਵਲੀ – ੧੦੨੭੨
ਸ਼ਬਦ ਰੂਪ (ਦੁਹਰਾਉ ਮੁਕਤ) – ੨੩੫੮
ਸਾਰਨੀ ੨ -
ਨਾਂਵ – ੧੧੫੩
ਪੜਨਾਂਵ – ੧੦੫
ਕਿਰਿਆ – ੮੦੬
ਵਿਸ਼ੇਸ਼ਣ – ੨੩੨
ਕਿਰਿਆ ਵਿਸ਼ੇਸ਼ਣ – ੩੩
ਸੰਬੰਧਕ – ੮
ਯੋਜਕ – ੩
ਪ੍ਰਸ਼ਨਵਾਚਕ – ੧੦
ਸਹਾਇਕ ਕਿਰਿਆ – ੩
ਇਸ ਤਰ੍ਹਾਂ ਸੁਖਮਨੀ ਸਾਹਿਬ ਦੀ ਸ਼ਬਦਾਵਲੀ ਦੇ ਅੰਕੜਾਂ ਵਿਗਿਆਨਕ ਅਧਿਐਨ ਤੋਂ ਪਤਾ ਲਗਦਾ ਹੈ ਕਿ ਸਮੁੱਚੀ ਰਚਨਾ ਵਿਚ ਸਭ ਤੋਂ ਵਧੇਰੇ ਨਾਵਾਂ ਦੀ ਅਤੇ ਉਸ ਤੋਂ ਘੱਟ ਕਿਰਿਆਵਾਂ ਦੀ ਵਰਤੋਂ ਕੀਤੀ ਗਈ ਹੈ। ਇਹ ਵੱਖ ਵੱਖ ਵਧੇਤਰਾਂ ਦੀ ਮਦਦ ਦੁਆਰਾ ਰੂਪਾਂਤਰਨ, ਵਿਉਂਤਪਤੀ ਅਤੇ ਸਮਾਸੀ ਸ਼ਬਦ ਬਣਤਰਾਂ ਦੁਆਰਾ ਸਿਰਜੇ ਗਏ ਹਨ।
੨. ਸ਼ਬਦ ਬਣਤਰ
ਸੁਖਮਨੀ ਸਾਹਿਬ ਦੀ ਸਮੁੱਚੀ ਸ਼ਬਦਾਵਲੀ ਵਿਚਲੇ ਸ਼ਬਰ-ਰੂਪਾਂ ਦੀ ਸ਼ਬਦ ਬਣਤਰ ਨੂੰ ਸਮਜਣ ਲਈ ਇਹਨਾਂ ਦੇ ਸ਼ਬਦ ਸ਼ਰੇਣੀਆਂ ਵਿਚਲੇ ਵਰਤਾਰੇ ਨੂੰ ਮੂਲ/ਧਾਤੂ, ਵਧੇਤਰ, ਰੂਪਾਂਤਰਨ ਅਤੇ ਵਿਉਤਪਤੀ ਦੇ ਪ੍ਰਸੰਗ ਅਨੁਸਾਰ ਵੇਖਣ `ਤੇ ਪਤਾ ਚਲਦਾ ਹੈ ਕਿ ਵੱਖ ਵੱਖ ਸ਼ਬਦ-ਸ਼੍ਰੇਣੀਆਂ ਵਿਚ ਕਿੰਨੇ ਅਤੇ ਕਿਹੜੇ ਕਿਹੜੇ ਵਧੇਤਰਾਂ ਦੀ ਵਰਤੋਂ ਕੀਤੀ ਗਈ ਹੈ।
੩. ਅਗੇਤਰ
ਸੁਖਮਨੀ ਸਾਹਿਬ ਵਿਚ ੧੨ ਅਗੇਤਰਾਂ ਦੀ ਵਰਤੋਂ ਕੀਤੀ ਗਈ ਹੈ। ਉਹ ਹਨ: ਅ – (ਅਸਥਤਨ, ਅਗਿਆਨ), ਅਸ – (ਅਸਥੰਮਨ), ਅਨ – (ਅਨਜਾਨਤ, ਅਨਦ੍ਰਿਸ਼ਟ), ਅਪ – (ਅਪਸ਼ਗਨ, ਅਪਕਿਰਤਿ), ਸੁ – (ਸੁਗਿਆਨ, ਸੁਪ੍ਰਸੰਨ), ਸੰ – (ਸੰਪੂਰਨ), ਤਤ – (ਤਤਕਾਲ), ਨਉ – (ਨਉਨਿਧਿ), ਦੁਰ – (ਦੁਰਮਤਿ, ਦੁਰਗੰਧ), ਨਿਹ – (ਨਿਹਕਰਮ, ਨਿਹਕਾਮੀ), ਨਿਰ – (ਨਿਰਭਉ, ਨਿਰਵੈਰ), ਪਰ – (ਪਰਦਰਬ, ਪਰਦੇਸ)।
੪. ਪਿਛੇਤਰ
੧. ਨਾਂਵ + ਪਿਛੇਤਰ
(ੳ) ਰੂਪਾਂਤਰਨ
ਸੁਖਮਨੀ ਸਾਹਿਬ ਵਿਚ ਨਾਵਾਂ ਦੇ ਰੂਪਾਂਤਰਨ ਲਈ ਅੱਠ ਪਿਛੇਤਰ: - ਉ (ਉਦਮੁ), ਆ (ਉਮਾਹਾ), ਆਦ (ਰੂਪਾਦ), -ਇਆ (ਇਆਣਿਆ), -ਇ (ਕਰਤੂਤਿ), -ਏ (ਗੁਰਦੇਵਏ), -ਹ (ਸੰਤਹ) ਅਤੇ -ਨ (ਸੰਤਨ) ਵਰਤੇ ਗਏ ਹਨ।
(ਅ) ਵਿਉਤਪਤੀ
ਸੁਖਮਨੀ ਸਾਹਿਬ ਵਿਚ ਨਾਵਾਂ ਤੋਂ ਨਾਂਵ, ਕਿਰਿਆ ਤੋਂ ਵਿਸ਼ੇਸ਼ਣ, ਵਿਸ਼ੇਸ਼ਣਾਂ ਤੋਂ ਨਾਂਵ, ਨਾਂਵਾਂ ਤੋਂ ਵਿਸ਼ੇਸ਼ਣਾਂ ਦੀ ਵਿਉਤਪਤੀ ਲਈ ਹੇਠਾਂ ਲਿਖੇ ਪਿਛੇਤਰਾਂ ਦੀ ਵਰਤੋਂ ਕੀਤੀ ਗਈ ਹੈ।
੧. ਨਾਂਵ ਤੋਂ ਨਾਂਵ – ਨਾਂਵ ਤੋਂ ਨਾਂਵ ਦੀ ਵਿਉਤਪਤੀ ਲਈ ਨੌਂ ਪਿਛੇਤਰਾਂ ਦੀ ਵਰਤੋਂ ਕੀਤੀ ਗਈ ਹੈ, ਜੋ ਇਸ ਪ੍ਰਕਾਰ ਹਨ: -ਇਆ (ਅਹੰਕਾਰੀਆ), -ਈਏ (ਸੁਖੀਏ), ਈਸਰੁ (ਤਪੀਸਰੁ), -ਸਾ (ਮਨਸਾ), -ਸੁ(ਦਿਨਸੁ), -ਸਿਆ (ਤਪਸਿਆ), -ਪਦ (ਬਿਨਸਪਦ), -ਪਾਤੀ (ਨਰਕਪਾਤੀ), -ਰੀ (ਪੂਜਾਰੀ)।
੨. ਕਿਰਿਆ ਤੋਂ ਵਿਸ਼ੇਸ਼ਣ - ਕਿਰਿਆ ਤੋਂ ਵਿਸ਼ੇਸ਼ਣਾਂ ਦੀ ਵਿਉਤਪਤੀ ਲਈ ਛੇ ਪਿਛੇਤਰਾਂ -ਆਰਾ (ਵਰਤਾਰਾ), -ਹਾਰ (ਜਾਨਨਹਾਰ), -ਹਾਰਾ (ਸੁਨਨੈਹਾਰਾ), ਹਾਰੁ (ਕਰਨੈਹਾਰੁ), -ਯੋਗ (ਧਿਆਵਨਯੋਗ), -ਵਕ (ਪਾਵਕ) ਦੀ ਵਰਤੋਂ ਕੀਤੀ ਗਈ ਹੈ।
੩. ਵਿਸ਼ੇਸ਼ਣ ਤੋਂ ਨਾਂਵ – ਵਿਸ਼ੇਸ਼ਣਾਂ ਤੋਂ ਨਾਵਾਂ ਦੀ ਵਿਉਤਪਤੀ ਲਈ -ਈ (ਉਦਾਸੀ) ਅਤੇ -ਤ (ਅਨਜਾਨਤ) ਦੋ ਪਿਛੋਤਰਾਂ ਦੀ ਵਰਤੋਂ ਕੀਤੀ ਗਈ ਹੈ।
੪. ਨਾਂਵ ਤੋਂ ਵਿਸ਼ੇਸ਼ਣ – ਨਾਂਵਾਂ ਤੋਂ ਵਿਸ਼ੇਸ਼ਣਾਂ ਦੀ ਵਿਉਤਪਤੀ ਲਈ ਤਿੰਨ (੩) ਪਿਛੇਤਰਾਂ -ਈ (ਸੁਖੀ), -ਤ (ਸੁਗੰਧਤ), -ਦਾਈ (ਸੁਖਦਾਈ) ਦੀ ਵਰਤੋਂ ਕੀਤੀ ਗਈ ਹੈ।
੨. ਪੜਨਾਂਵ
ਸੁਖਮਨੀ ਸਾਹਿਬ ਵਿਚ ਮਿਲਦੇ ਪੜਨਾਂਵ ਸਾਰੇ ਛੇ ਵੱਖ ਵੱਖ ਪੜਨਾਂਵੀ ਵਰਗਾਂ (ਪੁਰਖਵਾਚਕ , ਨਿਜਵਾਚਕ, ਸੰਬੰਧਵਾਚਕ, ਪ੍ਰਸ਼ਨਵਾਚਕ, ਨਿਸਚੇਵਾਚਕ ਅਤੇ ਅਨਿਸਚੇਵਾਚਕ) ਨਾਲ ਸੰਬੰਧਿਤ ਹਨ। ਹੇਠਾਂ ਦਿੱਤੇ ਪੜਨਾਂਵੀ ਰੂਪਾਂ ਨਾਲ ਬਰੈਕਾਠ ਵਿਚ ਲਿਖੇ ਅੰਕ ਸੁਖਮਨੀ ਸਾਹਿਬ ਵਿਚ ਇਹਨਾਂ ਦੀ ਵਰਤੋਂ ਦੇ ਪ੍ਰਸੰਗ ਦਾ ਵੇਰਵਾ ਦਿੰਦੇ ਹਨ:
(ੳ) ਪੁਰਖਵਾਚਕ ਪੜਨਾਂਵ
੧. ਉਤਮ ਪੁਰਖ – ਮੈ (੩), ਮੋਹਿ (੨), ਮੋਹੀ (੨), ਮੋਹੈ (੧), ਮੁਝ (੧), ਮੇਰ (੧), ਮੇਰੀ (੧), ਮੇਰੇ (੫), ਹਮ (੨), ਹਮਾਰੀ (੨)।
੨. ਮੱਧਮ ਪੁਰਖ – ਤੂੰ (੫), ਤੁਹਾਰੋ (੧), ਤੁਝਹਿ (੧), ਤੁਝੁ (੨), ਤੁਮ (੯), ਤੇਰਾ (੮), ਤੇਰੀ (੬), ਤੇਰੇ (੪), ਤੇਰੈ (੫), ਤੁਮਰੈ (੧), ਤੁਮਰੀ (੫), ਤੇਰੋ (੩), ਤੁਮਰਾ (੧), ਤੁਮਹਿ (੧), ਉਇ (੩), ਤੁਮਾਰੇ (੨), ਤੁਮਾਰੀ (੨)।
੩. ਅਨਯ ਪੁਰਖ – ਉਹੁ (੧), ਓਹ (੨), ਓਹੀ (੨), ਓੁਹੁ (੮), ਊਹਾ (੫), ਉਸ (੪), ਉਸੁ (੮), ਉਰ (੧), ਉਰਿ (੩), ਉਰੈ (੪), ਇਸ (੭), ਇਸੁ (੨), ਇਹ (੮), ਇਹੁ (੯), ਇਹੈ (੪), ਏਹਿ (੧), ਏਹ (੨)।
(ਅ) ਸੰਬੰਧਵਾਚਕ ਪੜਨਾਂਵ
ਜਿਸ (੧੮), ਜਿਸਹਿ (੨੭), ਜਿਸੁ (੪੧), ਜਾਸੁ (੧), ਜਾਕੀ (੧), ਜੋ (੪੬), ਜਿਨ (੭), ਜਿਨਹਿ (੧), ਜਿਨਿ (੧੧), ਤਾ (੪੬), ਤਿਸਗਾ (੧), ਤਿਸਹਿ (੧੪), ਤਾਕਾ (੨), ਤਾਕੀ (੧), ਤਾਕੇ (੧), ਤਿਨਹਿ (੧), ਤਿਨ ਕੇ (੧), ਸੇ (੨), ਸਿ (੨), ਸੁ (੨੪), ਸੋ (੫੬), ਸੋਊ (੨), ਸੋਈ (੧੫), ਸੋਇ (੨੧)।
(ੲ) ਪ੍ਰਸ਼ਨਵਾਚਕ ਪੜਨਾਂਵ
ਕਉਨ (੮), ਕਉਨੁ (੮), ਕਿਨੈ (੩), ਕਿਨਹੂ (੧), ਕਿੰਨਹ (੧), ਕਿਸਹਿ (੩), ਕਿਸੁ (੫), ਕਿਸੈ (੫), ਕਿਸ (੩)।
(ਸ) ਨਿਸਚੇਵਾਚਕ ਪੜਨਾਂਵ
ਉਸ (੮), ਉਸੁ (੪), ਉਹੁ (੧), ਊਹਾ (੫), ਓਹ (੨), ਓਹੁ (੮), ਇਸ (੭), ਇਸੁ (੨), ਇਹ (੮), ਇਹੁ (੯), ਇਹੈ (੪), ਏਹਿ (੧), ਏਹੁ (੨)।
(ਹ) ਅਨਿਸਚੇਵਾਚਕ ਪੜਨਾਂਵ
ਕੋਇ (੨੩), ਕਈ (੫੬), ਕੋਈ (੧੨), ਕਾਖੀ (੧), ਅਵਰਹੁ (੨), ਅਵਰ (੧੪), ਅਵਰਾ (੧), ਅਵਰਿ (੧), ਅਵਰੁ (੬) ।
(ਕ) ਨਿਜਵਾਚਕ ਪੜਨਾਂਵ
ਅਪਨਾ (੩), ਅਪਨੀ (੧੬), ਅਪਨੇ (੧੦), ਅਪਨੈ (੩), ਅਪੁਨੀ (੫), ਅਪੁਨੇ (੮), ਅਪੁਨੈ (੧), ਆਪ (੧੨), ਆਪਿ (੧੦), ਆਪੁ (੫), ਆਪੇ (੨੩), ਆਪਸ (੯), ਆਪਨ (੨੮), ਆਪਹੁ (੧), ਆਪਹਿ (੧੧), ਆਪਨੈ (੨), ਆਪੁਨਾ (੨)।
੩. ਵਿਸ਼ੇਸ਼ਣ
ਸੁਖਮਨੀ ਸਾਹਿਬ ਵਿਚ ਵਿਸ਼ੇਸ਼ਣ ਸ਼੍ਰੇਣੀ ਦੇ ਸ਼ਬਦ-ਰੂਪਾਂ ਦੀ ਵਰਤੋਂ ਦੋ ਤਰ੍ਹਾਂ ਹੋਈ ਹੈ: ਮੂਲ ਅਤੇ ਮੂਲ + ਪਿਛੇਤਰ।
(ੳ) ਮੂਲ
ਇਸ ਬਾਣੀ ਵਿਚ ਕੁਝ ਵਿਸ਼ੇਸ਼ਣ ਮੂਲ ਰੂਪ ਵਿਚ ਵਰਤੇ ਗਏ ਹਨ। ਜਿਵੇਂ : ਉਤਮ, ਅਕੇਲਾ, ਸਰਬ, ਸ੍ਰੇਸਟ, ਹੀਨ, ਕਠੋਰ, ਖਟ, ਗਹਿਰ, ਦਸ, ਦੂਜਾ, ਨੇਰਾ, ਦ੍ਰਲਭ, ਨਿਤ, ਭਾਰੀ, ਪਰਮ, ਪੂਰਨ, ਬੁਰਾ ਆਦਿ।
(ਅ) ਮੂਲ + ਪਿਛੇਤਰ
ਕੁਝ ਵਿਸ਼ੇਸ਼ਣਾਂ ਵਿਚ ਮੂਲ + ਪਿਛੇਤਰ ਤਿੰਨ ਤਰ੍ਹਾਂ ਆਇਆ ਹੈ:
੧. ਮੂਲ + ਪਿਛੇਤਰ – ਇਸਦੇ ਅੰਤਰਗਤ ਨਾਂਵ, ਕਿਰਿਆ ਜਾਂ ਵਿਸ਼ੇਸ਼ਣ ਦੇ ਮੂਲ ਰੂਪ ਨਾਲ ੧੫ ਪਿਛੇਤਰ ਜੁੜ ਕੇ ਵਿਸ਼ੇਸ਼ਣਾਂ ਦੀ ਵਿਉਤਪਤੀ ਕਰਦੇ ਹਨ। ਉਦਾਹਰਣ ਵਜੋਂ: -ਓ (ਏਕੋ), -ਆ (ਊਚਾ), -ਐ (ਊਚੈ), -ਆਇਆ (ਸਬਾਇਆ), -ਈ (ਊਚੀ), -ਏ (ਊਚੇ), -ਇ (ਊਪਰਿ), -ਏਲਾ (ਇਕੇਲਾ), -ਸ (ਏਕਸ), -ਹਿ (ਏਕਹਿ), -ਹੂੰ (ਕਬਹੂੰ), -ਹੂ (ਸਬਹੂ), -ਸਰਿ (ਸਮਸਰਿ), -ਕਾਰੀ (ਗੁਣਕਾਰੀ), -ਵੰਤ (ਸੋਭਾਵੰਤ)।
੨. ਅਗੇਤਰ + ਮੂਲ - ਇਸ ਦੇ ਅੰਤਰਗਤ ਛੇ (੬) ਅਗੇਤਰ ਅ- (ਅਸਥੂਲ), ਸਰ- (ਸਰਗੁਨ, ਚਉ- (ਚਉਗੁਨ), ਤਤ- (ਤਤਕਾਲ), ਨਿਹ- (ਨਿਹਕਾਮੀ), ਨਿਰ- (ਨਿਰਭਉ) ਮੂਲ ਰੂਪਾਂ ਨਾਲ ਜੁੜ ਕੇ ਵਿਸ਼ੇਸ਼ਣਾਂ ਦੀ ਵਿਉਤਪਤੀ ਕਰਦੇ ਹਨ।
੩. ਅਗੇਤਰ + ਮੂਲ + ਪਿਛੇਤਰ- ਇਸ ਤਰ੍ਹਾਂ ਦੀ ਸ਼ਬਦ ਬਣਤਰ ਦੀਆਂ ਉਦਾਹਰਣਾਂ ਇਸ ਪ੍ਰਕਾਰ ਹਨ:
ਅਗੇਤਰ ਮੂਲ ਪਿਛੇਤਰ ਵਿਸ਼ੇਸ਼ਣ
ਅ- + ਬਿਨਾਸ + -ਈ = ਅਬਿਨਾਸੀ
ਅ- + ਲਿਪਤ + -ਓ = ਅਲਿਪਤੋ
ਅ- + ਮੁਲ + -ਈਕ = ਅਮੁਲੀਕ
ਅ- + ਸਥਿਰ + -ਉ = ਅਸਥਿਰੁ
ਸੁ- + ਗੰਧ + -ਤ = ਸੁਗੰਧਤ
ਪਰ- + ਉਪਕਾਰ + -ਈ = ਪਰਉਪਕਾਰੀ
੪. ਕਿਰਿਆ
ਕਿਰਿਆ ਮੂਲ ਨਾਲ ੭੪ ੭੪ ਵੱਖ ਵੱਖ ਪਿਛੇਤਰ ਲਗਾ ਕੇ ਉਹਨਾਂ ਦੀ ਸਹਾਇਤਾ ਨਾਲ ਕਿਰਿਆ ਰੂਪਾਂ ਨੂੰ ਸਾਕਾਰ ਕੀਤਾ ਗਿਆ ਹੈ। ਜਿਵੇਂ ਕਿ -ਆ (ਕਰਾ), -ਐ (ਕਰੈ), -ਇ (ਕਰਿ), -ਉ (ਕਰੁ), -ਣੀ (ਕਰਣੀ), -ਤ (ਕਰਤ), -ਤਾ (ਕਰਤਾ), -ਨ (ਕਰਨ), -ਨਾ (ਕਰਨਾ), -ਹਿ (ਕਰਹਿ), -ਏ (ਕਰੇ), -ਆਵੈ (ਕਰਾਵੈ), -ਨੁ (ਕਰਨੁ), -ਹੁ (ਕਰਹੁ), -ਵਨੁ (ਹੋਵਨੁ), -ਤੇ (ਕਰਤੇ), -ਨੈ (ਕਰਨੈ), -ਆਵਨ (ਕਰਾਵਨ), -ਆਵਨੁ (ਕਰਾਵਨੁ), -ਏਹ (ਕਰੇਹ), -ਏਇ (ਕਰੇਇ), -ਇਓ (ਆਇਓ), -ਈਐ (ਉਧਰੀਐ), -ਓ (ਉਧਾਰੋ), ਇਆ (ਆਇਆ), -ਓ (ਅਖ੍ਹਓ), -ਈਜੈ (ਸੋਈਜੈ), -ਆਈਐ (ਸਹਕਾਈਐ), -ਅਈ (ਮੀਝਈ), -ਈਅਹਿ (ਸੁਨੀਅਹਿ), -ਵਹਿ (ਸਮਾਵਹਿ), -ਹਾ (ਸਮਾਹਾ), -ਤਿ (ਸਮਾਤਿ), -ਲਿ (ਸਮਾਲਿ), -ਵੀ (ਸਮਾਵੀ), -ਨੇ (ਸਮਾਨੇ), -ਵੈ (ਸਮਾਵੈ), -ਆਏ (ਸਿਮਰਾਏ), -ਆਇ (ਸਰਨਾਇ), -ਆਵਤ (ਕਰਾਵਤ), -ਹੂ (ਕਤਹੂ), -ਮਤ (ਕਮਾਮਤ), -ਵਨਾ (ਕਮਾਵਨਾ), -ਵਤ (ਕਮਾਵਤ), -ਅੰਤੇ (ਖੋਜੰਤੇ), -ਆਨਾ (ਖਟਾਨਾ), -ਇਨ (ਗਾਇਨ), -ਵੀਜੈ (ਗਾਵੀਜੈ), -ਵਹੁ (ਚਿਤਵਹੁ), -ਆਰੀ (ਚਿਤਾਰੀ), -ਆਰੁ (ਚਿਤਾਰੁ), ਇਤੁ (ਚਲਿਤੁ), -ਇਤ (ਚਲਿਤ), -ਆਇਆ (ਛੁਪਾਇਆ), -ਸਿ (ਛਪਸ), -ਤੀ (ਜਪਤੀ), -ਆਵਹੁ (ਜਪਾਵਹੁ), -ਆਈ (ਜਪਾਈ), -ਆਨੇ (ਡੋਲਾਨੇ), -ੜਾਇ (ਤੜਫੜਾਇ), -ਆਹਿ (ਦ੍ਰਿਸ਼ਟਾਹਿ), -ਣ (ਧਾਰਣ), -ਆਹਾਵੈ (ਨਿਬਾਹਾਵੈ), -ਏਗਾ (ਨਿਬੇਗਾ), -ਏਰਾ (ਨਿਬੇਰਾ), -ਇਆ (ਪਾਇਆ), -ਇਉ (ਪਸਰਿਉ), -ਈਜੈ (ਪਹਿਰੀਜੈ), -ਅੰਤੁ (ਭਸਮੰਤੁ), ਆਵਹਿ (ਮਿਟਾਵਹਿ), -ਆਵਉ (ਮਿਟਾਵਉ), -ਆਣਾ (ਮਿਟਾਣਾ), -ਈਆ (ਵਰਤੀਆ), ਈਜਾ (ਵਰਤੀਜਾ) ਆਦਿ।
੫. ਸਮਾਸ
ਸੁਖਮਨੀ ਸਾਹਿਬ ਵਿਚ ਸਮਾਸੀ ਸ਼ਬਦ ਬਣਤਰਾਂ ਦੇ ੪ ਰੂਪ ਮਿਲਦੇ ਹਨ:
੧. ਵਿਸ਼ੇਸ਼ਣ + ਨਾਂਵ
ਅਧ + ਆਖ੍ਰ = ਅਧਾਖ੍ਰ
ਚਉ + ਗੁਨ = ਚਉਗੁਨ
ਪਰ + ਤ੍ਰਿਅ = ਪਰਤ੍ਰਿਅ
ਪਾਰ + ਬ੍ਰਹਮ = ਪਾਰਬ੍ਰਹਮ
ਪਰਮ + ਗਤਿ = ਪਰਮਗਤਿ
ਨਵ + ਤਨ = ਨਵਤਨ
੨. ਵਿਸ਼ੇਸ਼ਣ + ਵਿਸ਼ੇਸ਼ਣ
ਬਡ + ਭਾਗੀ = ਬਡਭਾਗੀ
ਵਡ + ਭਾਗੀ = ਵਡਭਾਗੀ
੩. ਨਾਂਵ + ਸੰਬੰਧ ਬੋਧਕ + ਨਾਂਵ
ਸੁਖ + ਦੀ + ਮਨੀ = ਸੁਖਮਨੀ
ਗੁਰ + ਦਾ + ਮੁਖਿ = ਗੁਰਮੁਖਿ
ਗੁਰ + ਦਾ + ਪ੍ਰਸਾਦਿ = ਗੁਰਪ੍ਰਸਾਦਿ
ਗੁਨ + ਦਾ + ਤਾਸ = ਗੁਨਤਾਸ
ਰਾਮ + ਦਾ + ਦਾਸ = ਰਾਮਦਾਸ
੪. ਨਾਂਵ + ਨਾਂਵ
ਸੁਰ + ਦੇਵਾ = ਸੁਰਦੇਵਾ
ਅਹੰ + ਬੁਧਿ = ਅਹੰਬੁਧਿ
ਗੁਰ + ਦੇਵ = ਗੁਰਦੇਵ
ਉਪਰੋਕਤ ਵੇਰਵਿਆਂ ਤੋਂ ਅਸੀਂ ਇਸ ਸਿੱਟੇ `ਤੇ ਪਹੁੰਚਦੇ ਹਾਂ ਕਿ ਸੁਖਮਨੀ ਸਾਹਿਬ ਦੀ ਬਾਣੀ ਗੁਰਮੁਖੀ ਔਰਥੋਗ਼੍ਰਾਫ਼ੀ ਵਾਲੀ ਪੰਜਾਬੀ ਭਾਸ਼ਾ ਦੇ ਸੋਲਵੀਂ ਸਦੀ ਦੇ ਸਰੂਪ ਨੂੰ ਸੰਚਾਰਤ ਕਰਦੀ ਹੈ। ਇਸ ਔਰਥੋਗ਼੍ਰਾਫ਼ੀ ਵਿਚ ਗੁਰਮੁਖੀ ਦੀਆਂ ਲਗਾਂ-ਮਾਤਰਾਂ ਨਾਵਾਂ, ਪੜਨਾਵਾਂ, ਕਿਰਿਆ-ਰੂਪਾਂ ਆਦਿ ਦੇ ਲਿੰਗ, ਵਚਨ, ਕਾਲ, ਕਾਰਕ ਆਦਿ ਨਾਲ ਹੋਏ ਰੂਪਾਂਤਰਣ ਨੂੰ ਅੰਕਿਤ ਕਰਦੀਆਂ ਹਨ। ਇਸੇ ਲਈ ਇਸ ਦੀ ਸ਼ਬਦਾਵਲੀ ਵਿਚ ਵਿਆਕਰਨਕ ਰੂਪਾਂ ਦਾ ਮੁਹਾਂਦਰਾ ਅਜੋਕੀ ਪੰਜਾਬੀ ਦੇ ਸ਼ਬਦ-ਰੂਪਾਂ ਨਾਲੋਂ ਵੱਖਰਾ ਜਾਪਦਾ ਹੈ। ਸਾਰੀਆਂ ਸ਼ਬਦ-ਸ਼੍ਰੇਣੀਆਂ ਦੇ ਵਿਆਕਰਨਕ ਰੂਪਾਂ ਵਿਚ ਵਰਤੇ ਗਏ ਵਧੇਤਰਾਂ ਦੀ ਸਮਾਨਤਾ (-ਹਾਰਾ, ਹਾਰ, ਆਰ, ਦਾਈ) ਇਕ ਪਾਸੇ ਅਜੋਕੀ ਪੰਜਾਬੀ ਵਿਆਕਰਨ ਨਾਲ ਵੇਖੀ ਜਾ ਸਕਦੀ ਹੈ ਅਤੇ ਦੂਜੇ ਪਾਸੇ ਭਾਰੀ ਆਰੀਆ ਭਾਸ਼ਾਵਾਂ ਦੇ ਵੱਖ ਵੱਖਰੇ ਪੜਾਵਾਂ ਦੀ ਵਿਆਕਰਨ ਨਾਲ (-ਨ, -ਉ, -ਇ)। ਇਸੇ ਤਰ੍ਹਾਂ ਇਸ ਬਾਣੀ ਵਿਚ ਵਰਤੇ ਗਏ ਪੜਨਾਵਾਂ (ਮੈ, ਮੇਰਾ, ਤੂੰ, ਤੇਰਾ, ਉਹ, ਉਸ) ਵਿਚ ਪੰਜਾਬੀ ਦੇ ਨਾਲ ਨਾਲ ਮੱਧਕਾਲ ਦੀ ਸਾਹਿਤ ਪਰੰਪਰਾ ਦੇ ਅਨੁਸਾਰ ਬ੍ਰਿਜ ਦੇ ਮਿਆਰੀ ਰੂਪਾਂ (ਮੋਹਿ, ਮੋਹੀ, ਤੁਝਹਿ) ਦੀ ਵਰਤੋਂ ਵੀ ਵੱਡੇ ਪੱਧਰ `ਤੇ ਵੇਖੀ ਜਾ ਸਕਦੀ ਹੈ। ਇਹੋ ਸਥਿਤੀ ਪ੍ਰਸ਼ਨਵਾਚਕ ਰੂਪਾਂ ਦੀ ਹੈ, ਪਰ ਕਿਰਿਆਵਾਂ, ਵਿਚ ਪ੍ਰਾਚੀਨ ਵਧੇਤਰੀ ਰੂਪਾਂ ਦੀ ਵਰਤੋਂ ਵਧੇਰੇ ਵੇਖੀ ਜਾ ਸਕਦੀ ਹੈ। ਇਸ ਬਾਣੀ ਵਿਚ ਵਰਤੀ ਸ਼ਬਦਾਵਲੀ ਦੇ `ਮੂਲ ਰੂਪ` ਮੁੱਖ ਤੌਰ `ਤੇ ਭਾਰਤੀ ਪਰੰਪਰਾ ਨਾਲ ਸੰਬੰਧਿਤ ਹਨ। ਇਸੇ ਲਈ ਵਧੇਤਰਾਂ ਤੋਂ ਇਲਾਵਾ ਸ਼ਬਦਾਂ ਦੇ ਮੂਲ ਅਜੋਕੀ ਪੰਜਾਬੀ ਦੇ ਬੁਲਾਰਿਆਂ ਲਈ ਜਾਣੀ-ਪਛਾਣੀ ਸ਼ਬਦਾਵਲੀ ਹੈ। ਕੁਲ ਮਿਲਾ ਕੇ ਸੁਖਮਨੀ ਸਾਹਿਬ ਦੇ ਸ਼ਬਦ-ਰੂਪਾਂ ਦੀ ਬਣਤਰ ਬਹੁ-ਭਾਸ਼ਾਈ ਪ੍ਰਕਿਰਤੀ ਵਾਲੀ ਹੈ।