Jaap Sahib - Stanza Structure
੧. ਛੰਦ-ਵਿਧਾਨ : ਮਹੱਤਵ
ਸਾਹਿਤ ਦੇ ਪ੍ਰਮੁੱਖ ਤੌਰ ’ਤੇ ਦੋ ਰੂਪ ਮੰਨੇ ਜਾਂਦੇ ਹਨ : ਕਵਿਤਾ ਅਤੇ ਵਾਰਤਕ। ਇਨ੍ਹਾਂ ਦੋਵਾਂ ਨੂੰ ‘ਗਦ’ ਤੇ ‘ਪਦ’ ਵਜੋਂ ਵੀ ਜਾਣਿਆ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਭਾਰਤੀ ਸਾਹਿਤ ਪਰੰਪਰਾ ਵਿੱਚ ਪ੍ਰਚਲਿਤ ਗਦ ਤੇ ਪਦ ਨੂੰ ਹੀ ਵਰਤਮਾਨ ਸਮੇਂ ਕਵਿਤਾ ਤੇ ਵਾਰਤਕ ਦਾ ਨਾਂ ਦਿੱਤਾ ਜਾਂਦਾ ਹੈ। ਜਿੱਥੇ ਕਾਵਿ (ਪਦ) ਵਿੱਚ ਖ਼ਿਆਲ ਜਾਂ ਜਜ਼ਬੇ ਦੀ ਪ੍ਰਧਾਨਤਾ ਹੁੰਦੀ ਹੈ, ਉੱਥੇ ਵਾਰਤਕ (ਗਦ) ਵਿੱਚ ਬੌਧਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਇਸ ਲਈ ਹੀ ਹਰ ਭਾਸ਼ਾ ਦੇ ਸਾਹਿਤ ਵਿੱਚ ‘ਕਾਵਿ’ ਪਹਿਲਾਂ ਵਜੂਦ ਅਖ਼ਤਿਆਰ ਕਰਦਾ ਹੈ ਅਤੇ ਹੌਲੀ-ਹੌਲੀ, ਜਿਉਂ-ਜਿਉਂ ਕੋਈ ਸਮਾਜ ਬੌਧਿਕ ਪੱਖੋਂ ਵਿਕਸਿਤ ਹੁੰਦਾ ਜਾਂਦਾ ਹੈ ਤਾਂ ਉਸਦੀ ਵਾਰਤਕ ਸਿਰਜਣਾ ਹੋਂਦ ਵਿੱਚ ਆਉਂਦੀ ਹੈ। ਇਨ੍ਹਾਂ ਵਿੱਚੋਂ ਪਦ-ਰਚਨਾ (ਕਾਵਿ) ਦੀ ਸਿਰਜਣਾ ਲਈ ਛੰਦ-ਵਿਧਾਨ ਅਤਿ ਮਹੱਤਵਪੂਰਨ ਅਤੇ ਲੋੜੀਂਦਾ ਅਨੁਸ਼ਾਸਨ ਮੰਨਿਆ ਗਿਆ ਹੈ, ਕਿਉਂਕਿ ਕਾਵਿ-ਰਚਨਾ ਜਾਂ ਪਦ-ਰਚਨਾ ਵਿਚਲੀ ਸੰਗੀਤਕਤਾ ਛੰਦਾਂ ਦੀ ਵਰਤੋਂ ਦੁਆਰਾ ਹੀ ਪੈਦਾ ਹੁੰਦੀ ਹੈ। ਇਸ ਲਈ ਹਰ ਭਾਸ਼ਾ ਦੀ ਕਾਵਿ-ਸਿਰਜਣਾ (ਪਦ-ਰਚਨਾ) ਵਿੱਚ ਛੰਦ-ਵਿਧਾਨ ਹਮੇਸ਼ਾ ਮੁੱਢਲੀ ਵਿਸ਼ੇਸ਼ਤਾ ਦਾ ਧਾਰਨੀ ਰਿਹਾ ਹੈ। ਭਾਰਤੀ ਕਾਵਿ-ਪਰੰਪਰਾ ਵਿੱਚ ਛੰਦ-ਸ਼ਾਸਤਰ ਸੰਬੰਧੀ ਵਿਸਤ੍ਰਿਤ ਤੇ ਵਿਗਿਆਨਿਕ ਜਾਣਕਾਰੀ ਆਚਾਰੀਆ ਪਿੰਗਲ ਦੇ ਛੰਦ-ਸ਼ਾਸਤਰ (੨੦੦ ਈ.) ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਪ੍ਰਾਚੀਨ ਸਮੇਂ ਵਿੱਚ ਛੰਦਾਬੰਦੀ ਜਾਂ ਛੰਦ-ਵਿਧਾਨ ਦੀ ਵਿੱਦਿਆ ਤੋਂ ਬਿਨਾਂ ਪਦ-ਰਚਨਾ ਅਧੂਰੀ ਮੰਨੀ ਜਾਂਦੀ ਸੀ। ਸੰਸਕ੍ਰਿਤ ਪਦ-ਰਚਨਾ (ਕਾਵਿ) ਦੀ ਪਰੰਪਰਾ ਅਨੁਸਾਰ ਹੀ ਪੰਜਾਬੀ ਵਿੱਚ ਵੀ ਆਰੰਭ ਤੋਂ ਹੀ ਛੰਦ-ਵਿਧਾਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲਿਖਤ ਰੂਪ ਵਿੱਚ ਪ੍ਰਾਪਤ ਛੰਦ-ਬੱਧ ਪੰਜਾਬੀ ਕਾਵਿ ਦਾ ਇਤਿਹਾਸ ਇੱਕ ਹਜ਼ਾਰ ਸਾਲ ਤੋਂ ਵੀ ਵਧੇਰੇ ਪੁਰਾਣਾ ਹੈ।
ਛੰਦਾਬੰਦੀ ਜਾਂ ਛੰਦ-ਵਿਧਾਨ ਕਾਵਿ (ਪਦ-ਰਚਨਾ) ਲਈ ਇੱਕ ਵਿਸ਼ਾਲ ਮਹੱਤਵ ਦਾ ਲਖਾਇਕ ਹੈ। ਇਸੇ ਲਈ ਸਮਝਿਆ ਜਾਂਦਾ ਹੈ ਕਿ ਛੰਦ-ਬੱਧ ਰਚਨਾ ਵਿੱਚ ਇੱਕ ਖਾਸ ਨਿਜ਼ਾਮ ਹੁੰਦਾ ਹੈ, ਜਿਸ ਕਰਕੇ ਇਸ ਵਿੱਚ ਕਹੀ ਹੋਈ ਗੱਲ ਵਧੇਰੇ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ। ਛੰਦ-ਬੱਧ ਕਾਵਿ ਵਿੱਚ ਇੱਕ ਸੰਗੀਤ ਜਾਂ ਸੰਗੀਤਕ ਲੈਅ ਪੈਦਾ ਹੋ ਜਾਂਦੀ ਹੈ। ਇਸ ਲਈ ਜਦ ਇਹ ਗਾ ਕੇ ਪੜ੍ਹੀ ਜਾਂਦੀ ਹੈ ਤਾਂ ਸਰੋਤਿਆਂ ਉੱਤੇ ਖਾਸ ਅਸਰ ਕਰਦੀ ਹੈ। ਛੰਦ-ਬੱਧ ਰਚਨਾ ਵਿੱਚ ਸ਼ਬਦ-ਚੋਣ ਉੱਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਸ ਨਾਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਵੱਧ ਤੋਂ ਵੱਧ ਕਿਹਾ ਜਾ ਸਕਦਾ ਹੈ। ਛੰਦ-ਬੱਧ ਰਚਨਾ ਜ਼ੁਬਾਨੀ ਯਾਦ ਕਰਨੀ ਸੌਖੀ ਹੈ ਜ਼ ਇਸ ਲਈ ਪੁਰਾਤਨ ਸਾਹਿਤ ਸਦੀਆਂ ਤੱਕ ਸੀਨਾ-ਬ-ਸੀਨਾ ਹੀ ਅੱਗੇ ਚੱਲਦਾ ਰਿਹਾ ਹੈ। ਪੁਰਾਤਨ ਸਾਹਿਤ ਲਗਭਗ ਸਾਰਾ ਛੰਦ ਵਿੱਚ ਹੀ ਹੈ।੧
੨. ਛੰਦ : ਪਰਿਭਾਸ਼ਾ
ਵਿਦਵਾਨਾਂ ਨੇ ‘ਛੰਦ’ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਹੈ। ‘ਛੰਦ’ਸ਼ਬਦ ਦਾ ਧਾਤੂ ਛਦ੍ ਮੰਨਿਆ ਜਾਂਦਾ ਹੈ, ਜਿਸਦੇ ਅਰਥ ਹਨ : ਢਕਣਾ, ਲੁਕਾਣਾ, ਪਰਦਾ, ਅਛਾਦਾਨ ਕਰਨਾ ਆਦਿ।੨ ਛੰਦ ਇੱਕ ਅਜਿਹੀ ਵਿਧੀ ਹੈ, ਜਿਸ ਰਾਹੀਂ ਕਿਸੇ ਕਾਵਿ-ਸਤਰ ਦੀ ਭਾਸ਼ਾਈ ਸਮੱਗਰੀ ਦੇ ਉਚਾਰਨ ਰੂਪ ਨੂੰ ਇੱਕ ਵਿਸ਼ੇਸ਼ ਤਰਤੀਬ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਤਾਲ ਅੰਸ਼ ਰਾਹੀਂ ਇਸ ਵਿੱਚ ਇੱਕ ਪਰਿਭਾਸ਼ੀ ਲੈਅ ਉਪਜ ਪੈਂਦੀ ਹੈ।੩
ਛੰਦ ਕਵਿਤਾ ਦਾ ਸਰੀਰ ਹੈ ਤੇ ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਉਸ ਦੇ ਸਰੀਰਕ ਰੂਪ ਵਿੱਚ ਹੀ ਜਾਣਿਆ ਜਾ ਸਕਦਾ ਹੈ, ਕਵਿਤਾ ਦੀ ਜਾਣ-ਪਛਾਣ ਪਹਿਲੇ ਇਸ ਦੇ ਛੰਦ (ਸਰੀਰ) ਰਾਹੀਂ ਹੀ ਹੁੰਦੀ ਹੈ। ਜਿਤਨਾ ਇਸਦਾ ਸਰੀਰ ਤੇ ਚਿਹਰਾ-ਮੁਹਰਾ ਵੱਧ ਜਾਣਿਆ-ਪਛਾਣਿਆ ਹੋਵੇਗਾ, ਉਤਨੀ ਹੀ ਕੋਈ ਕਵਿਤਾ ਵਧੇਰੇ ਪ੍ਰਵਾਨ ਹੋਵੇਗੀ।੪
ਕਵਿਤਾ ਵਿੱਚ ਮਾਤਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜ਼ਨ, ਤੋਲ, ਸੁਰ, ਬਿਸਰਾਮ ਦਾ ਖ਼ਿਆਲ ਰੱਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨੀ ਹੀ ਛੰਦ ਹੈ।੫
ਭਾਈ ਕਾਨ੍ਹ ਸਿੰਘ ਨਾਭਾ ਨੇ ਛੰਦ ਅਤੇ ਛੰਦ-ਸ਼ਾਸਤਰ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ :
ਉਹ ਕਾਵਯ ਜਿਸ ਵਿੱਚ ਮਾਤਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ
ਜਿਵੇਂ ਪਦਯ ਜਾਂ ਨਜ਼ਮ, ਜਾਂ ਉਹ ਵਿਦਯਾ ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗਯਾਨ ਹੋਵੇ,
ਜਿਵੇਂ ਪਿੰਗਲ ਸ਼ਾਸਤਰ।੬
ਭਾਵੇਂ ਛੰਦ ਸ਼ਬਦ ਅਨੇਕਾਂ ਅਰਥਾਂ ਵਿੱਚ ਵਰਤਿਆ ਜਾਂਦਾ ਹੈ, ਪਰ ਅੱਜ ਪੰਜਾਬੀ ਕਾਵਿ-ਸਾਹਿਤ ਵਿੱਚ ‘ਛੰਦ’ ਦੇ ਦੋ ਹੀ ਅਰਥ ਪ੍ਰਧਾਨ ਮੰਨੇ ਜਾਂਦੇ ਹਨ – ਇਹ ਉਹ ਵਿੱਦਿਆ ਹੈ, ਜਿਸ ਵਿੱਚ ਛੰਦ ਦੇ ਲੱਛਣ ਆਦਿ ਦਾ ਗਿਆਨ ਦਿੱਤਾ ਜਾਵੇ ਅਤੇ ਦੂਜਾ ਅਜਿਹੀ ਰਚਨਾ ਜੋ ਅੱਖਰ, ਮਾਤਰਾ, ਗਣ ਆਦਿ ਦੇ ਨਿਯਮਾਂ ’ਤੇ ਅਧਾਰਿਤ ਹੋਵੇ। ਇਸ ਤਰ੍ਹਾਂ ਵਜ਼ਨ-ਤੋਲ ਵਿੱਚ ਲਿਖਿਆ ਹਰ ਵਾਕ ਛੰਦ ਹੈ ਅਤੇ ਦੂਜੇ ਸ਼ਬਦਾਂ ਵਿੱਚ ਹਰ ਪਦ ਅਥਵਾ ਨਜ਼ਮ ਛੰਦ ਹੈ।੭
ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਛੰਦ ਤੋਂ ਭਾਵ ਅਜਿਹੀ ਪਦ-ਰਚਨਾ (ਕਾਵਿ) ਤੋਂ ਹੈ, ਜਿਹੜੀ ਬਣਤਰ ਪੱਖੋਂ ਵਰਣ, ਮਾਤਰਾ, ਗਣ, ਬਿਸਰਾਮ ਜਾਂ ਤੋਲ-ਤੁਕਾਂਤ ਦੀ ਪਾਬੰਦੀ ਨੂੰ ਨਿਭਾਉਂਦੀ ਹੋਈ ਇੱਕ ਸੰਗੀਤ ਲੈਅ ਪੈਦਾ ਕਰਦੀ ਹੈ।
੩. ਛੰਦ-ਵਿਧਾਨ : ਇਕਾਈਆਂ
ਜਦੋਂ ਅਸੀਂ ਛੰਦ-ਵਿਧਾਨ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਬਣਤਰ ਵਿੱਚ ਵਰਣ ਜਾਂ ਅੱਖਰ, ਮਾਤਰਾ, ਗਣ, ਬਿਸਰਾਮ, ਤੋਲ-ਤੁਕਾਂਤ ਸਭ ਸ਼ਾਮਿਲ ਹੁੰਦੇ ਹਨ ਅਰਥਾਤ ਛੰਦ-ਵਿਧਾਨ ਤੋਂ ਭਾਵ ਅਜਿਹੇ ਵਿਧਾਨ, ਪ੍ਰਬੰਧ, ਯੋਜਨਾ ਜਾਂ ਬਣਤਰ ਤੋਂ ਹੈ, ਜਿਸ ਦੁਆਰਾ ਕੋਈ ਛੰਦ ਸਿਰਜਿਆ ਜਾਂਦਾ ਹੈ। ਵਰਣ, ਮਾਤਰਾ, ਗਣ, ਬਿਸਰਾਮ, ਤੁਕਾਂਤ ਆਦਿ ਇਸ ਵਿਧਾਨ ਦੀਆਂ ਪ੍ਰਮੁੱਖ ਇਕਾਈਆਂ ਹਨ, ਜਿਹੜੀਆਂ ਇਕੱਠੀਆਂ ਅਤੇ ਅੰਤਰ-ਸੰਬੰਧਿਤ ਹੋ ਕੇ ਛੰਦ ਦੀ ਸਿਰਜਣਾ ਕਰਦੀਆਂ ਹਨ। ਇਸ ਲਈ ਛੰਦ-ਵਿਧਾਨ ਨੂੰ ਸਮਝਣ ਲਈ ਇਨ੍ਹਾਂ ਇਕਾਈਆਂ (ਵਰਣ, ਮਾਤਰਾ, ਗਣ, ਬਿਸਰਾਮ, ਤੁਕਾਂਤ) ਅਤੇ ਇਨ੍ਹਾਂ ਦੇ ਨਿਭਾਅ ਬਾਰੇ ਜਾਨਣਾ ਜ਼ਰੂਰੀ ਹੈ।
I.ਵਰਣ ਜਾਂ ਅੱਖਰ : ਵਰਣ ਸ਼ਬਦ ਭਾਵੇਂ ਰੰਗ, ਜਾਤੀ, ਭੇਦ, ਅੱਖਰ ਆਦਿ ਭਿੰਨ-ਭਿੰਨ ਅਰਥਾਂ ਵਿੱਚ ਵਰਤਿਆ ਜਾਂਦਾ ਹੈ, ਪਰ ਪੰਜਾਬੀ ਦੀ ਛੰਦਾਬੰਦੀ ਜਾਂ ਛੰਦ-ਵਿਧਾਨ ਵਿੱਚ ਗੁਰਮੁਖੀ ਵਰਣਮਾਲਾ (ਪੈਂਤੀ) ਦੇ ਹਰੇਕ ਅੱਖਰ ਨੂੰ ਵਰਣ ਕਹਿੰਦੇ ਹਨ। ਇਹ ਅਸਲ ਵਿੱਚ ਉਹ ਮੂਲ ਧੁਨੀ ਹੈ, ਜੋ ਖੰਡਾਂ ਵਿੱਚ ਨਹੀਂ ਵੰਡੀ ਜਾ ਸਕਦੀ।
II. ਮਾਤਰਾ : ਪੰਜਾਬੀ ਅੱਖਰਾਂ/ਵਰਣਾਂ ਦੇ ਨਾਲ ਲਗਾ-ਮਾਤਰਾ ਵੀ ਲੱਗਦੀਆਂ ਹਨ, ਜੋ ਹਰ ਅੱਖਰ ਦੀ ਮੂਲ ਆਵਾਜ਼ ਨੂੰ ਘਟਾ ਜਾਂ ਵਧਾ ਦਿੰਦੀਆਂ ਹਨ। ਇਨ੍ਹਾਂ ਦੀ ਆਪਣੀ ਕੋਈ ਆਵਾਜ਼ ਨਹੀਂ ਹੁੰਦੀ, ਸਗੋਂ ਇਹ ਕੇਵਲ ਅੱਖਰਾਂ ਜਾਂ ਵਰਣਾਂ ਨਾਲ ਜੁੜ ਕੇ ਹੀ ਆਪਣੀ ਆਵਾਜ਼ ਪ੍ਰਗਟ ਕਰਦੀਆਂ ਹਨ। ਜਿਸ ਅੱਖਰ ਜਾਂ ਵਰਣ ਨਾਲ ਕੋਈ ਮਾਤਰਾ ਨਾ ਲੱਗੀ ਹੋਵੇ, ਉਸ ਨੂੰ ਮੁਕਤਾ ਕਹਿੰਦੇ ਹਨ ਅਤੇ ਪੈਂਤੀ (ਗੁਰਮੁਖੀ ਵਰਣਮਾਲਾ) ਦਾ ਹਰ ਅੱਖਰ ਮੂਲ ਰੂਪ ਵਿੱਚ ਮੁਕਤਾ ਹੀ ਹੁੰਦਾ ਹੈ। ਇੱਕ ਮੁਕਤਾ ਅੱਖਰ ਜਾਂ ਵਰਣ ਦੇ ਬੋਲਣ ਵਿੱਚ ਜੋ ਸਮਾਂ ਲੱਗਦਾ ਹੈ, ਉਸਨੂੰ ‘ਮਾਤਰਾ’ ਕਹਿੰਦੇ ਹਨ। ਇਸ ਕਰਕੇ ਹੀ ਛੰਦ-ਵਿਧਾਨ ਜਾਂ ਛੰਦਾਬੰਦੀ ਵਿੱਚ ਅੱਖਰਾਂ ਜਾਂ ਵਰਣਾਂ ਦੀਆਂ ਆਵਾਜ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ।
III. ਲਘੂ-ਗੁਰੂ : ਮਾਤਰਾ ਨਾਲ ਸੰਬੰਧਿਤ ਹੀ ਛੰਦਾਬੰਦੀ ਦੇ ਦੋ ਮਹੱਤਵਪੂਰਨ ਅੰਗ ‘ਲਘੂ’ ਅਤੇ ‘ਗੁਰੂ’ ਹਨ। ਛੰਦ-ਵਿਧਾਨ ਵਿੱਚ ਛੋਟੀ ਆਵਾਜ਼ ਵਾਲੇ ਵਰਣ ਨੂੰ ਲਘੂ ਅਤੇ ਲੰਮੇਰੀ ਆਵਾਜ਼ ਵਾਲੇ ਵਰਣ ਨੂੰ ਗੁਰੂ ਕਿਹਾ ਜਾਂਦਾ ਹੈ। ਅਸਲ ਵਿੱਚ ਵਰਣਾਂ ਦੇ ਉਚਾਰਨ ਸਮੇਂ ਮੁਕਤਾ ਉੱਤੇ ਤਾਂ ਥੋੜ੍ਹਾ ਸਮਾਂ ਲੱਗਦਾ ਹੈ, ਪਰ ਜੇਕਰ ਇਸ ਨਾਲ ਕੋਈ ਲਗਾ-ਮਾਤਰਾ ਲਗਾ ਦਿੱਤੀ ਜਾਵੇ ਤਾਂ ਆਵਾਜ਼ ਲੰਮੇਰੀ ਹੋ ਜਾਂਦੀ ਹੈ। ਇਹ ਗੱਲ ਹ੍ਰਸਵ ਮਾਤਰਾਵਾਂ ਵਾਲੇ ਵਰਣਾਂ (ਮੁਕਤਾ, ਸਿਹਾਰੀ ਅਤੇ ਔਂਕੜ) ਉੱਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਨਾਲ ਵਰਣ ਦੇ ਆਵਾਜ਼ ਵਿੱਚ ਕੋਈ ਖਾਸ ਵਾਧਾ ਨਹੀਂ ਹੁੰਦਾ। ਇਹ ਜਿਨ੍ਹਾਂ ਵਰਣਾਂ ਨਾਲ ਜੁੜਦੀਆਂ ਹਨ, ਉਨ੍ਹਾਂ ਨੂੰ ‘ਲਘੂ’ ਕਿਹਾ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਸਭ ਲਗਾਂ (ਆ,ਈ,ਊ,ਏ,ਐ,ਓ,ਔ) ਵਾਲੇ ਵਰਣ ‘ਗੁਰੂ ਅਖਵਾਉਂਦੇ ਹਨ। ਆਵਾਜ਼ਾਂ ਅਰਥਾਤ ਮਾਤਰਾਵਾਂ ਦੀ ਗਿਣਤੀ ਕਰਨ ਸਮੇਂ ਪੈਰ ’ਚ ਪੈਣ ਵਾਲੇ ਅੱਖਰਾਂ ਜਾਂ ਵਰਣਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਅਤੇ ‘ਲਘੂ’ ਅੱਖਰ ਦੀ ਇੱਕ ਮਾਤਰਾ ’ਤੇ ‘ਗੁਰੂ’ ਦੀਆਂ ਦੋ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਛੰਦਾਬੰਦੀ ਜਾਂ ਛੰਦ-ਵਿਧਾਨ ਵਿੱਚ ਲਘੂ ਤੇ ਗੁਰੂ ਦੀਆਂ ਆਵਾਜ਼ਾਂ ਜਾਂ ਮਾਤਰਾਵਾਂ ਨੂੰ ਪ੍ਰਗਟ ਕਰਨ ਲਈ ਵਿਸ਼ੇਸ਼ ਚਿੰਨ੍ਹ ਨਿਸ਼ਚਿਤ ਹਨ। ਜਿਵੇਂ ਲਘੂ ਮਾਤਰਾ ਦੇ ਪ੍ਰਗਟਾਉ ਲਈ ਗੁਰਮੁਖੀ ਦੇ ਪੂਰਣ ਵਿਸਰਾਮ ‘।’ ਵਰਗਾ (।) ਚਿੰਨ੍ਹ ਵਰਤਿਆ ਜਾਂਦਾ ਹੈ ਅਤੇ ਗੁਰੂ ਮਾਤਰਾ ਦਾ ਪ੍ਰਗਟਾਅ ਅੰਗਰੇਜ਼ੀ ਦੇ ਅੱਖਰ (ਸ਼) ਵਾਂਗ ਕੀਤਾ ਜਾਂਦਾ ਹੈ। ਇੰਝ ਛੰਦਾਬੰਦੀ ਵਿੱਚ ਸ਼ਬਦਾਂ ਦੀਆਂ ਆਵਾਜ਼ਾਂ ਇਨ੍ਹਾਂ ਦੋਵਾਂ ਦੀ ਸਹਾਇਤਾ ਨਾਲ ਇਸ ਤਰ੍ਹਾਂ ਪ੍ਰਗਟ ਹੁੰਦੀਆਂ ਹਨ। ਉਦਾਹਰਣ ਵਜੋਂ :
ਪਿਆਰ = ।ਸ਼।
ਜਾਤ = ਸ਼।
ਦੀਵਾਰ = ਸ਼ਸ਼।
ਛੰਦ-ਵਿਧਾਨ ਜਾਂ ਛੰਦਾਬੰਦੀ ਵਿੱਚ ਟਿੱਪੀ () ਅਤੇ ਅੱਧਕ () ਦੀ ਮਾਤਰਾ ਵੱਖਰੀ ਗਿਣੀ ਜਾਂਦੀ ਹੈ। ਪਰ ਨਾਲ ਹੀ ਟਿੱਪੀ ਸੰਬੰਧੀ ਇਹ ਨਿਯਮ ਵੀ ਕਾਰਜਸ਼ੀਲ ਹੈ ਕਿ ਕਿਸੇ ਵਰਣ ਦੀਆਂ ਟਿੱਪੀ ਸਹਿਤ ਦੋ ਤੋਂ ਵੱਧ ਮਾਤਰਾ ਨਹੀਂ ਮੰਨੀਆਂ ਜਾਂਦੀਆਂ। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਵਰਣ ਉੱਪਰ ਆਈ ਟਿੱਪੀ ਨਹੀਂ ਗਿਣੀ ਜਾਵੇਗੀ, ਬਲਕਿ ਜਦੋਂ ਇਹ ਲਘੂ ਵਰਣ ਨਾਲ ਆਵੇਗੀ ਤਾਂ ਉਦੋਂ ਹੀ ਵੱਖਰੀ ਮਾਤਰਾ ਵਜੋਂ ਗਿਣਤੀ ਦਾ ਹਿੱਸਾ ਹੋਵੇਗੀ।
IV. ਗਣ : ‘ਗਣ’ ਛੰਦ-ਵਿਧਾਨ ਜਾਂ ਛੰਦਾਬੰਦੀ ਦਾ ਇੱਕ ਮਹੱਤਵਪੂਰਨ ਅੰਗ ਹੈ। ਛੰਦ-ਵਿਧਾਨ ਵਿੱਚ ਅੱਖਰਾਂ ਜਾਂ ਮਾਤਰਾਵਾਂ ਦੇ ਜੋੜ ਨੂੰ ਗਣ ਆਖਦੇ ਹਨ, ਜੋ ਵਾਸਤਵ ਵਿੱਚ ਛੰਦ ਦੀ ਚਾਲ ਬੰਨ੍ਹਣ ਲਈ ਬਣਾਏ ਜਾਂਦੇ ਹਨ ਅਤੇ ਇਹ ਦੋ ਪ੍ਰਕਾਰ ਦੇ ਹੁੰਦੇ ਹਨ : ਵਰਣਿਕ ਅਤੇ ਮਾਤ੍ਰਿਕ।੮ ਅਸਲ ਵਿੱਚ ਲਘੂ ਤੇ ਗੁਰੂ ਦਾ ਬੱਝਵਾਂ ਅਰਥਾਤ ਨਿਸ਼ਚਿਤ ਜੋੜ ਹੀ ਗਣ ਹੈ, ਜਿਹੜੇ ਛੰਦ ਦੀ ਚਾਲ ਨੂੰ ਪ੍ਰਗਟ ਕਰਦੇ ਹਨ। ਵਰਣਿਕ ਤੇ ਮਾਤ੍ਰਿਕ ਗਣ ਇਸ ਪ੍ਰਕਾਰ ਹਨ :
(ੳ) ਵਰਣਿਕ ਗਣ : ਵਰਣਿਕ ਗਣ ਵਿਚ ਮਾਤਰਾ ਦੀ ਗਿਣਤੀ ਦਾ ਕੋਈ ਖ਼ਿਆਲ ਨਹੀਂ ਰੱਖਿਆ ਜਾਂਦਾ ਅਤੇ ਲਘੂ-ਗੁਰੂ ਵਰਣਾਂ ਜਾਂ ਅੱਖਰਾਂ ਨੂੰ ਇਕ ਖ਼ਾਸ ਤਰਤੀਬ ਵਿਚ ਪਰੋਇਆ ਜਾਂ ਬੰਨ੍ਹਿਆ ਜਾਂਦਾ ਹੈ। ਇਸ ਵਿਚ ਹਰੇਕ ਗਣ ਤਿੰਨ ਵਰਣਾਂ ਦਾ ਹੁੰਦਾ ਹੈ। ਵਰਣਿਕ ਗਣਾਂ ਦੀ ਕੁੱਲ ਗਿਣਤੀ ਅੱਠ ਹੈ, ਜਿਨ੍ਹਾਂ ਦੇ ਨਾਂ, ਤਰਤੀਬ ਅਤੇ ਬਣਤਰ ਇਸ ਪ੍ਰਕਾਰ ਹਨ:
(੧) ਮਗਣ : ਸ਼ਸ਼ਸ਼ (ਤਿੰਨੇ ਵਰਣ ਗੁਰੂ) - ਸਾਰੀਆਂ, ਦੀਵਾਨਾ
(੨) ਭਗਣ : ਸ਼।। (ਆਦਿ ਵਰਣ ਗੁਰੂ) – ਸੋਹਜ, ਆਦਰ
(੩) ਜਗਣ : ।ਸ਼। (ਮੱਧ ਵਰਣ ਗੁਰੂ)- ਜਮਾਲ, ਤਮੀਜ
(੪) ਸਗਣ : ।।ਸ਼ (ਅੰਤ ਵਰਣ ਗੁਰੂ) - ਪਤਲਾ, ਮੁਕਤੀ
(੫) ਨਗਣ : ।।। (ਤਿੰਨੇ ਵਰਣ ਲਘੂ) - ਕਲਮ, ਕਰਮ
(੬) ਯਗਣ : ।ਸ਼ਸ਼ (ਆਦਿ ਵਰਣ ਲਘੂ) - ਜਵਾਨੀ, ਸਹਾਰਾ
(੭) ਰਗਣ : ਸ਼।ਸ਼ (ਮੱਧ ਵਰਣ ਲਘੂ) - ਕੇਸਰੀ, ਦੋਸਤੀ
(੮) ਤਗਣ : ਸ਼ਸ਼। (ਅੰਤ ਵਰਣ ਲਘੂ) – ਸ਼ੀਗਾਰ, ਅੰਦਾਜ਼
ਛੰਦ-ਸ਼ਾਸਤਰ ਜਾਂ ਪਿੰਗਲ ਅਨੁਸਾਰ ਤਿੰਨ ਵਰਣਾਂ ਦਾ ਸਮੂਹ ਹੀ ਗਣ ਹੈ ਅਤੇ ਇਹ ਬੱਝਵੀਂ ਚਾਲ ਵਿਚ ਚਲਦੇ ਹਨ। ਛੰਦਾਬੰਦੀ ਵਿਚ ਇਨ੍ਹਾਂ ਨੂੰ ਕ੍ਰਮਵਾਰ ਮ, ਭ, ਜ, ਸ, ਨ, ਯ, ਰ, ਤ ਆਦਿ ਵਜੋਂ ਅੰਕਿਤ ਕੀਤਾ ਜਾਂਦਾ ਹੈ।
(ਅ) ਮਾਤ੍ਰਿਕ ਗਣ : ਛੰਦ-ਸ਼ਾਸਤਰ ਅਨੁਸਾਰ ਮਾਤ੍ਰਿਕ ਗਣ ਵਰਣਾਂ ਜਾਂ ਅੱਖਰਾਂ ਦਾ ਅਜਿਹਾ ਸਮੂਹ ਹੈ, ਜਿਸ ਵਿਚ ਕੇਵਲ ਮਾਤਰਾ ਦੀ ਗਿਣਤੀ ਕੀਤੀ ਜਾਂਦੀ ਹੈ ਨਾ ਕਿ ਵਰਣਾਂ ਦੀ। ਇੱਥੇ ਇਹ ਗੱਲ ਸਪੱਸ਼ਟ ਕਰਨ ਯੋਗ ਹੈ ਕਿ ਛੰਦਾਬੰਦੀ ਵਿਚ ਹਰੇਕ ਮੁਕਤਾ ਵਰਣ ਜਾਂ ਅੱਖਰ ਆਪਣੇ ਆਪ ਵਿਚ ਇਕ ਸੁਤੰਤਰ ਮਾਤਰਾ ਦਾ ਦਰਜਾ ਰੱਖਦਾ ਹੈ। ਉਦਾਹਰਣ ਵਜੋਂ ਇਕ ਸ਼ਬਦ ਹੈ – ‘ਅਖ਼ਬਾਰ’। ਇਸ ਸ਼ਬਦ ਵਿਚ ਭਾਵੇਂ ਚਾਰ ਵਰਣ ਹਨ, ਪਰੰਤੂ ਇਸ ਦੀਆਂ ਕੁੱਲ ਮਾਤਰਾਵਾਂ ਛੇ ਹਨ। ਜਿਵੇਂ ਅ =।, ਖ=।, ਬਾ =ਸ਼, ਰਾ =ਸ਼ ਆਦਿ। ਪੰਜਾਬੀ ਛੰਦ-ਸ਼ਾਸਤਰ ਅਨੁਸਾਰ ਪੰਜ ਮਾਤ੍ਰਿਕ ਗਣ ਕਲਪੇ ਗਏ ਹਨ ਅਤੇ ਇਨ੍ਹਾਂ ਦੇ ਨਾਂ ਪੈਂਤੀ (ਗੁਰਮੁਖੀ ਵਰਣਮਾਲਾ) ਦੇ ‘ਟ’ ਵਰਗ ਅਨੁਸਾਰ ਚਲਦੇ ਹਨ। ਜਿਵੇਂ : ਟਗਣ, ਠਗਣ, ਡਗਣ, ਢਗਣ ਅਤੇ ਣਗਣ। ਇਨ੍ਹਾਂ ਵਿਚ ਟਗਣ ਦੀਆਂ ਛੇ ਮਾਤਰਾ, ਠਗਣ ਦੀਆਂ ਪੰਜ ਮਾਤਰਾ, ਡਗਣ ਦੀਆਂ ਚਾਰ ਮਾਤਰਾ, ਢਗਣ ਦੀਆਂ ਕਿੰਨ ਮਾਤਰਾ ਅਤੇ ਣਗਣ ਦੀਆਂ ਦੋ ਮਾਤਰਾ ਹਨ। ਇਸ ਤਰ੍ਹਾਂ ਇਨ੍ਹਾਂ ਮਾਤ੍ਰਿਕ ਗਣਾਂ ਦੀ ਗਿਣਤੀ ਜਾਂ ਤਰਤੀਬ ਛੇ ਤੋਂ ਆਰੰਭ ਹੋ ਕੇ ਘੱਟਦੀ ਹੋਈ ਦੋ ਤਕ ਪਹੁੰਚ ਜਾਂਦੀ ਹੈ। “ਮਾਤਰਾ ਦੀ ਤਰਤੀਬ ਅਨੁਸਾਰ ਜਿਹੜਾ ਮਾਤ੍ਰਿਕ ਗਣ ਚਕ੍ਰ ਬਣਦਾ ਹੈ, ਉਸ ਅੰਦਰ ਟਗਣ ਦੇ ਤੇਰਾਂ ( ਸ਼ਸ਼ਸ਼, ।।ਸ਼ਸ਼, ।ਸ਼।ਸ਼, ਸ਼।।ਸ਼, ।।।ਸ਼, ।ਸ਼ਸ਼।, ਸ਼।ਸ਼।, ।।।ਸ਼।, ਸ਼ਸ਼।।, ।।ਸ਼।।, ।ਸ਼।।।, ਸ਼।।।।, ।।।।।।); ਠਗਣ ਦੇ ਅੱਠ (।ਸ਼ਸ਼, ਸ਼।ਸ਼, ।।।ਸ਼, ਸ਼ਸ਼।, ।।ਸ਼।, ।ਸ਼।।, ਸ਼।।।, ।।।।।); ਡਗਣ ਦੇ ਪੰਜ (ਸ਼ਸ਼, ।।ਸ਼, ।ਸ਼।, ਸ਼।।, ।।।।); ਢਗਣ ਦੇ ਤਿੰਨ (।ਸ਼, ਸ਼।, ।।।) ਅਤੇ ਟਗਣ ਦੇ ਦੋ (ਸ਼, ।।) ਰੂਪ ਹੁੰਦੇ ਹਨ।੯
ਮਾਤਰਾ, ਵਰਣ, ਗਣ ਆਦਿ ਤੋਂ ਇਲਾਵਾ ਛੰਦ-ਵਿਧਾਨ ਦੇ ਹੋਰ ਵੀ ਮਹੱਤਵਪੂਰਨ ਨੇਮ (ਚਰਣ, ਬਿਸਰਾਮ, ਤੁਕਾਂਤ) ਅਜਿਹੇ ਹਨ, ਜੋ ਛੰਦ-ਰਚਨਾ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਚਰਣ ਤੁਕ ਦਾ ਉਹ ਹਿੱਸਾ ਹੈ, ਜਿਹੜਾ ਠਹਿਰਾਉ ਤੋਂ ਪਹਿਲਾਂ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਕਾਵਿ ਸਤਰ ਜਾਂ ਤੁਕ ਦੇ ਪੜ੍ਹਨ ਸਮੇਂ ਜੋ ਥੋੜਾ ਜਿਹਾ ਠਹਿਰਾਉ ਆਉਂਦਾ ਹੈ, ਉਸਨੂੰ ਛੰਦਾਬੰਦੀ ਵਿਚ ਬਿਸਰਾਮ ਦਾ ਨਾਂ ਦਿੱਤਾ ਜਾਂਦਾ ਹੈ। ਇੰਝ ਹੀ ਤੁਕ ਜਾਂ ਸਤਰ ਦੇ ਅੰਗ (ਹਿੱਸੇ) ਨੂੰ ਤੁਕਾਂਗ (ਤੁਕ+ਅੰਗ) ਅਤੇ ਛੰਦ ਦੀ ਤੁਕ ਵਿਚ ਆਏ ਅੰਤ ਨੂੰ ਤੁਕਾਂਤ (ਤੁਕ+ਅੰਤ) ਕਿਹਾ ਜਾਂਦਾ ਹੈ।
੪. ਛੰਦ : ਵਰਗੀਕਰਣ
ਛੰਦਾਂ ਦੇ ਉਪਰ ਵਰਣਿਤ ਅੰਗਾਂ ਵਰਣ, ਮਾਤਰਾ ਅਤੇ ਗਣ ਦੇ ਆਧਾਰ ’ਤੇ ਛੰਦ-ਸ਼ਾਸਤਰ ਵਿਚ ਛੰਦਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ ਅਰਥਾਤ ਛੰਦਾਂ ਦੀ ਬਣਤਰ ਜਾਂ ਵਿਧਾਨ ਦੇ ਪੱਖ ਤੋਂ ਇਹ ਤਿੰਨ ਪਮਕਾਰ ਦੇ ਹਨ : ਵਰਣਿਕ ਛੰਦ, ਮਾਤ੍ਰਿਕ ਛੰਦ ਅਤੇ ਗਣਿਕ ਛੰਦ ।
I.ਵਰਣਿਕ ਛੰਦ : ਉਹ ਛੰਦ ਜਿਸ ਵਿਚ ਕੇਵਲ ਵਰਣਾਂ ਜਾਂ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਮਾਤਰਾ ਦਾ ਕੋਈ ਧਿਆਨ ਜਾਂ ਹਿਸਾਬ ਨਹੀਂ ਰੱਖਿਆ ਜਾਂਦਾ, ਵਰਣਿਕ ਛੰਦ ਹੈ। ਅਜਿਹੇ ਛੰਦ ਵਿਚ ਸਮੁੱਚਾ ਜ਼ੋਰ ਵਰਣਾਂ ਜਾਂ ਅੱਖਰਾਂ ਦੀ ਚੋਣ ਅਤੇ ਇਨ੍ਹਾਂ ਦੀ ਘਾੜਤ ਉਪਰ ਕੇਂਦਰਿਤ ਹੁੰਦਾ ਹੈ।
II. ਮਾਤ੍ਰਿਕ ਛੰਦ : ਉਹ ਛੰਦ ਜਿਨ੍ਹਾਂ ਵਿਚ ਵਰਣਾਂ ਜਾਂ ਅੱਖਰਾਂ ਦਾ ਹਿਸਾਬ-ਕਿਤਾਬ ਨਹੀਂ ਰੱਖਿਆ ਜਾਂਦਾ, ਬਲਕਿ ਮਾਤਰਾਵਾਂ ਦੀ ਗਿਣਤੀ ਉਪਰ ਧਿਆਨ ਦਿੱਤਾ ਜਾਂਦਾ ਹੈ, ਮਾਤ੍ਰਿਕ ਛੰਦ ਅਖਵਾਉਂਦੇ ਹਨ। ਅਜਿਹੇ ਛੰਦਾਂ ਵਿਚ ਮਾਤਰਾ ਦੀ ਹੀ ਗਿਣਤੀ ਕੀਤੀ ਜਾਂਦੀ ਹੈ, ਜਦ ਕਿ ਵਰਣ ਘੱਟ ਵੱਧ ਵੀ ਹੋ ਸਕਦੇ ਹਨ।
III. ਗਣਿਕ ਛੰਦ : ਗਣਿਕ ਛੰਦ ਵਿਚ ਉਹ ਛੰਦ-ਰੂਪ ਰੱਖੇ ਜਾਂਦੇ ਹਨ, ਜਿਨ੍ਹਾਂ ਦੀ ਛੰਦ ਚਾਲ ਗਣਾਂ ਦੇ ਹਿਸਾਬ ਨਾਲ ਚਲਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ‘ਗਣ’ ਵਰਣਿਕ ਵੀ ਹਨ ਅਤੇ ਮਾਤ੍ਰਿਕ ਵੀ, ਕਿਉਂਕਿ ਇਹ ਗਣ ਹੀ ਹਰੇਕ ਛੰਦ ਦੀ ਚਾਲ ਨੂੰ ਪ੍ਰਗਟ ਕਰਦੇ ਹਨ।
੫. ਦਸਮ ਗ੍ਰੰਥ ਦਾ ਛੰਦ-ਵਿਧਾਨ
ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ਇਨ੍ਹਾਂ ੧੪੦ ਛੰਦ-ਰੂਪਾਂ ਵਿਚ ੪੮ ਦੇ ਕਰੀਬ ਮਾਤ੍ਰਿਕ ਛੰਦ ਹਨ ਅਤੇ ੯੨ ਦੇ ਕਰੀਬ ਵਰਣਿਕ ਛੰਦ ਹਨ। ‘ਦਸਮ ਗ੍ਰੰਥ’ ਵਿਚ ਵਰਤੇ ਗਏ ਕੁੱਲ ਛੰਦ-ਰੂਪਾਂ ਦਾ ਵੇਰਵਾ ਇਸ ਪ੍ਰਕਾਰ ਹੈ : ਉਗਾਧ, ਉਗਾਥਾ, ਉਟੰਕਣ, ਉਛਾਲ, ਉਤਭੁਜ, ਅਸਤਾ, ਅਸਤਤ, ਅਕਵਾ, ਅਕਰਾ, ਅਕੜਾ, ਅਜੰਨ, ਅਜਬਾ, ਅਣਕਾ, ਅਨਹਦ, ਅਨਾਦ, ਅਨੁਭਵ, ਅਨੂਪ, ਨਰਾਜ, ਅਨੰਤ ਤੁਕਾ ਸ੍ਵੈਯਾ, ਅਨੰਤ ਤੁਕਾ ਭੁਜੰਗ ਪ੍ਰਯਾਤ, ਅਪੂਰਬ, ਅਭੀਰ, ਅਰਧ ਨਿਰਾਜ, ਅਰਧ ਪਾਧੜੀ, ਅਲਕਾ, ਅੜੂਹਾ, ਅੜਿਲ, ਅਤਿਮਾਲਤੀ, ਏਕ ਅੱਛਰੀ, ਏਲਾ, ਸਮਾਨਕਾ, ਸ੍ਵੈਯਾ, ਸਾਰਸੁਤੀ, ਸਿਰਖੰਡੀ, ਸੁਖਦਾ, ਸੁਖਦਾ ਬ੍ਰਿਧ, ਸੁੰਦਰੀ, ਸੁਪ੍ਰਿਯਾ, ਸੋਮਰਾਜੀ, ਸੰਖਨਾਰੀ, ਸੋਰਠਾ, ਸੰਗੀਤ ਛਪੈ, ਸੰਗੀਤ ਨਰਾਜ, ਸੰਗੀਤ ਪਾਧੜੀ, ਸੰਗੀਤ ਪਧਿਸਟਕਾ, ਸੰਗੀਤ ਬਹੜਾ, ਸੰਗੀਤ ਭੁਜੰਗ ਪ੍ਰਯਾਤ, ਸੰਗੀਤ ਮਧੁਭਾਰ, ਸੰਜੁਤਾ, ਹੰਸਾ, ਹੋਹਾ, ਹਰਿਗੀਤ, ਹਰਿਬੋਲਮਨਾ, ਹੀਰ, ਕੰਠ ਅਭੂਖਨ, ਕਬਿਤ, ਕਲਸ, ਕਿਲਕਾ, ਕ੍ਰਿਪਾਣ, ਕ੍ਰਿਤ, ਕੁਸਮ ਬਚਿਤ੍ਰ, ਕੁਡਲੀਆ, ਕੁਮਾਰਿ ਲਲਤ, ਕੁਲਕਾ, ਗਾਹਾ, ਗੀਤਾ, ਮਾਲਤੀ, ਘਤਾ, ਚੰਚਲਾ, ਚਰਪਟ, ਚਤੁਰਪਦੀ, ਚਰਪਟ ਛੀਗਾ, ਚਾਚਰੀ, ਚਾਮਰ, ਚੌਪਈ, ਚੌਬੋਲਾ, ਚੌਬੋਲਾ ਸ੍ਵੈਯਾ, ਛਪਯ, ਛੰਦ ਵੱਡਾ, ਝੂਲਣਾ, ਝੂਲਾ, ਤਰ ਨਰਾਜ, ਤਾਰਕ, ਤਾਰਕਾ, ਤ੍ਰਿਣਣਣ, ਤ੍ਰਿਗਤਾ, ਤ੍ਰਿਭੰਗੀ, ਤਿਲਕਾ, ਤ੍ਰਿੜਕਾ, ਤਿਲੋਕੀ, ਤਿਲਕੜੀਆਂ, ਤੋਟਕ, ਤੋਮਰ, ਦੀਰਘ, ਤ੍ਰਿਭੰਗੀ, ਦੋਹਰਾ, ਦੋਧਕ, ਨਗ ਸਰੂਪੀ, ਨਗ ਸਰੂਪੀ ਅੱਧਾ, ਨਰਾਜ, ਨਵਪਦੀ, ਨਵਨਾਮਕ, ਨਿਸਪਾਲਿਕ, ਪਉੜੀ, ਪੰਕਜ ਬਾਟਿਕਾ, ਪਦਮਾਵਤੀ, ਪਾਧੜੀ, ਪਧਿਸਟਕਾ, ਪ੍ਰਿਯਾ, ਬਹੜਾ, ਬਹਿਰ ਤਵੀਲ, ਬਚਿਤ੍ਰਪਦ, ਬਾਣ ਤੁਰੰਗਮ, ਬਿਸੇਖ, ਬਿਸਨ ਪਦਾ, ਬਿਜੈ, ਬਿਧੂਪ ਨਰਾਜ, ਬ੍ਰਿਧ ਨਰਾਜ, ਬਿਰਾਜ, ਬੇਲੀ ਬ੍ਰਿੰਦਾਮ, ਬੈਂਤ, ਭਗਵਤੀ, ਭਵਾਨੀ, ਭੜਥੂਆ, ਭੁਜੰਗ ਪ੍ਰਯਾਤ, ਮਕਰਾ, ਮਥਾਨ, ਮਧੁਭਾਰ, ਮਧੁਰਧੁਨਿ, ਮਨੋਹਰ, ਮਾਧੋ, ਮਾਰਹ, ਮਾਲਤੀ, ਮ੍ਰਿਤਗਤ, ਮੋਹਨ, ਮੋਹਣੀ, ਰੂਆਮਲ, ਰੂਆਮਣ, ਰੇਖਤਾ, ਲਘੂ ਨਿਰਾਜ ਆਦਿ। ਇੰਨੀ ਜ਼ਿਆਦਾ ਛੰਦ ਵਿਵਧਤਾ ਕਿਸੇ ਇਕ ਕਵੀ ਦੀ ਰਚਨਾ ਵਿਚ ਮਿਲਣੀ ਦੁਰਲਭ ਅਤੇ ਆਪਣੇ ਆਪ ’ਚ ਮਹੱਤਵਪੂਰਨ ਗੱਲ ਹੈ।
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੀਆਂ ਰਚਨਾਵਾਂ ਵਿਚ ਬੇਅੰਤ ਛੰਦਾਂ ਦੀ ਵਰਤੋਂ ਕਾਰਨ ਹੀ ਕਿਹਾ ਜਾਂਦਾ ਹੈ ਕਿ ‘ਪ੍ਰਿਥਵੀ ਰਾਜ ਰਾਸੋ’ ਦੇ ਕਰਤਾ ਚਾਂਦ ਬ੍ਰਦਈ ਤੋਂ ਬਾਅਦ ਇਤਨੇ ਛੰਦਾਂ ਦੀ ਵੱਖ-ਵੱਖ ਰੂਪਾਂ ਵਿਚ ਸਫ਼ਲ ਵਰਤੋਂ ਕਿਸੇ ਕਵੀ ਨੇ ਨਹੀਂ ਕੀਤੀ।੧੦ ‘ਦਸਮ ਗ੍ਰੰਥ’ ਵਿਚ ਛੰਦ ਨੂੰ ਵਿਸ਼ੇਸ਼ ਮਹੱਤਵ ਇਸ ਲਈ ਵੀ ਪ੍ਰਾਪਤ ਹੈ ਕਿ ਜਿਸ ਉਦੇਸ਼ ਲਈ ਇਸ ਗ੍ਰੰਥ ਦੀ ਸਿਰਜਣਾ ਕੀਤੀ ਗਈ, ਉਹ ਧਰਮ-ਯੁੱਧ ਸੀ। ਇਸ ਲਈ ਦਸਮ-ਗ੍ਰੰਥ ਵਿਚ ਧਰਮ-ਯੁੱਧ ਦਾ ਬੀਰਸ਼ਾਲੀ ਵਾਤਾਵਰਨ ਸਿਰਜਣ ਵਾਸਤੇ ਇਸ ਵਿਚਲੇ ਛੰਦ-ਪ੍ਰਬੰਧ ਨੇ ਆਪਣਾ ਕਰਤੱਵ ਪੂਰੀ ਤੀਰਬਤਾ ਨਾਲ ਨਿਭਾਇਆ ਹੈ। ਇਸ ਕਰਕੇ ਕਥਾ-ਪ੍ਰਸੰਗ ਦੀ ਸਿਰਜਣਾ ਲਈ ਜਿੱਥੇ ‘ਚੌਪਈ’ ਦਾ ਵਰਤਾਰਾ ਭਰਪੂਰ ਰੂਪ ’ਚ ਹੈ, ਉੱਥੇ ਯੁੱਧ-ਵਾਰਤਾ ਲਈ ਭੁਜੰਗ ਪ੍ਰਯਾਤ, ਤ੍ਰਿਗਤਾ, ਨਰਾਜ, ਤ੍ਰਿਣਣਿਣ, ਭੜਥੂਆ, ਤ੍ਰਿਭੰਗੀ ਅਤੇ ਪਉੜੀ ਆਦਿ ਛੰਦ-ਰੂਪ ਵਰਤੇ ਗਏ ਹਨ। ਦਸਮ ਗ੍ਰੰਥ ਦੀ ਸਮੁੱਚੀ ਰਚਨਾ ਹੀ ਛੰਦ-ਰੂਪ ਵਿਚ ਸਿਰਜੀ ਗਈ ਹੋਣ ਕਾਰਨ ਸਮੁੱਚੇ ਗ੍ਰੰਥ ਵਿਚ ਲਗਭਗ ਸਾਢੇ ਸਤਾਰਾਂ ਹਜ਼ਾਰ ਦੇ ਕਰੀਬ ਛੰਦ/ਬੰਦ ਹਨ। ਛੰਦ-ਰੂਪਾਂ ਵਿੱਚੋਂ ਸਭ ਤੋਂ ਵਧੇਰੇ ਚੌਪਈ ਦੀ ਵਰਤੋਂ ਹੋਈ ਹੈ, ਉਸ ਤੋਂ ਘੱਟ ਦੋਹਰਾ ਅਤੇ ਫਿਰ ਸਵੈਯੇ ਦਾ ਕ੍ਰਮ ਆਉਂਦਾ ਹੈ।
ਦਸਮ ਗ੍ਰੰਥ ਦੇ ਛੰਦ ਪ੍ਰਬੰਧ ਜਾਂ ਛੰਦ-ਵਿਧਾਨ ਦੀ ਵਿਲੱਖਣਤਾ ਇਹ ਹੈ ਕਿ ਇਸ ਗ੍ਰੰਥ ਵਿਚ ਆਪਣੇ ਸਮੇਂ ਦੀਆਂ ਸਾਰੀਆਂ ਪ੍ਰਚਲਿਤ ਛੰਦ ਆਧਾਰਿਤ ਸ਼ੈਲੀਆਂ ਨੂੰ ਅਪਣਾਇਆ ਗਿਆ ਹੈ। ਦਸਮ ਗ੍ਰੰਥ ਵਿਚ ਜਿੱਥੇ ਅਧਿਕਤਰ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼ ਅਤੇ ਬ੍ਰਜ ਆਦਿ ਪ੍ਰਾਚੀਨ ਭਾਸ਼ਾਵਾਂ ਵਿਚ ਵਰਤੇ ਗਏ ਛੰਦ-ਰੂਪਾਂ ਨੂੰ ਅਪਣਾਇਆ ਗਿਆ ਹੈ, ਉੱਥੇ ਫ਼ਾਰਸੀ ਦੇ ਛੰਦ-ਬਹਿਰ ਤਵੀਲ, ਪਸ਼ਚਮੀ ਅਤੇ ਬਹਰ ਮੁਕਤਾਰਬ ਦਾ ਵੀ ਸਫ਼ਲ ਪ੍ਰਯੋਗ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਵੈਯਾ ਆਦਿ ਦੇਸੀ ਛੰਦ-ਰੂਪਾਂ ਵਿਚ ਰੇਖਤਾ ਜ਼ਬਾਨ ਦੀ ਵਰਤੋਂ ਦੁਆਰਾ ਨਵਾਂ ਰੰਗ ਉਘਾੜਿਆ ਗਿਆ ਹੈ। ਦਸਮ ਗ੍ਰੰਥ ਵਿਚ ਵਰਤੇ ਵਧੇਰੇ ਛੰਦ ਭਾਵੇਂ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼ ਆਦਿ ਭਾਸ਼ਾਵਾਂ ਵਿੱਚੋਂ ਲਏ ਗਏ ਹਨ, ਪਰੰਤੂ ਬਹੁਤ ਸਾਰੇ ਛੰਦ ਅਜਿਹੇ ਵੀ ਹਨ, ਜਿਨ੍ਹਾਂ ਦੇ ਸਰੋਤ ਪ੍ਰਾਚੀਨ ਭਾਸ਼ਾਵਾਂ ਜਾਂ ਛੰਦ-ਸ਼ਾਸਤਰ ਵਿਚ ਵੀ ਨਹੀਂ ਮਿਲਦੇ। ਇਸ ਲਈ ਇਹ ਛੰਦ ਮੌਲਿਕ ਜਾਪਦੇ ਹਨ। ਕਈ ਛੰਦ-ਰੂਪ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਕਵੀ ਦੁਆਰਾ ਸਥਿਤੀ ਅਨੁਸਾਰ ਮੌਲਿਕ ਨਾਂ ਦਿੱਤੇ ਗਏ ਹਨ। ਇਸ ਤਰ੍ਹਾਂ ਮੌਲਿਕਤਾ ਦਸਮ ਗ੍ਰੰਥ ਦੇ ਛੰਦ- ਵਿਧਾਨ ਦਾ ਵਿਸ਼ੇਸ਼ ਲੱਛਣ ਹੈ। ਉਦਾਹਰਣ ਵਜੋਂ ਯੁੱਧ ਦੀ ਘਮਸਾਨ ਸਥਿਤੀ ਨੂੰ, ਬਿਆਨ ਕਰਨ ਲਈ ਦਸਮ ਗ੍ਰੰਥ ਵਿਚ ਇਕ ਛੰਦ ‘ਭੜਥੂਆ’ ਵਰਤਿਆ ਗਿਆ ਹੈ, ਜਦੋਂ ਕਿ ਛੰਦ-ਸ਼ਾਸਤਰ ਵਿਚ ਇਸ ਪ੍ਰਕਾਰ ਦੇ ਕਿਸੇ ਛੰਦ ਦਾ ਵੇਰਵਾ ਨਹੀਂ ਮਿਲਦਾ। ਅਸਲ ਵਿਚ ਇਹ ਪੰਜਾਬੀ ਸ਼ਬਦ ‘ਭੜਥੂ’ ਤੋਂ ਬਣਿਆ ਜਾਪਦਾ ਹੈ, ਜਿਸ ਨੂੰ ਛੰਦ ਦੀ ਵਸਤੂ ਅਨੁਸਾਰ ਮੌਲਿਕਤਾ ਸਹਿਤ ਭੜਥੂਆਂ ਨਾਂ ਦਿੱਤਾ ਗਿਆ ਹੈ। ਇਸੇ ਪ੍ਰਕਾਰ ਦੀ ਵਰਤੋਂ ‘ਤ੍ਰਿੜਕਾ’ ਛੰਦ-ਰੂਪ ਵਿਚ ਵੀ ਵੇਖੀ ਜਾ ਸਕਦੀ ਹੈ, ਜੋ ਇਸ ਛੰਦ ਵਿਚ ‘ਤ੍ਰਿੜ’ ਸ਼ਬਦ ਦੀ ਪ੍ਰਧਾਨਤਾ ਵਜੋਂ ਰੱਖਿਆ ਪ੍ਰਤੀਤ ਹੁੰਦਾ ਹੈ। ਜਿਵੇਂ :
ਤ੍ਰਿੜ ੜਿੜ ਤਾਜੀ ।। ਬ੍ਰਿੜ ੜਿੜ ਬਾਜੀ ।। (੫੯੯)
ਅਸਲ ਵਿਚ ਇਹ ਛੰਦ ਹਰਿਬੋਲਮਨਾ ਜਾਂ ਅਕਵਾ ਦਾ ਹੀ ਨਾਮਾਂਤਰ ਰੂਪ ਹੈ, ਜਿਸ ਨੂੰ ਸ਼ਬਦ ਪ੍ਰਧਾਨਤਾ ਦੇ ਆਧਾਰ ’ਤੇ ਹੀ ਨਵਾਂ ਅਤੇ ਮੌਲਿਕ ਨਾਂ ਦਿੱਤਾ ਗਿਆ ਹੈ।
ਦਸਮ ਗ੍ਰੰਥ ਦੇ ਛੰਦ-ਵਿਧਾਨ ਵਿਚ ਇਕ ਹੋਰ ਗੱਲ ਵੀ ਵਿਲੱਖਣਤਾ ਤੇ ਮਹੱਤਵ ਦੀ ਧਾਰਨੀ ਹੈ ਕਿ ਸਮੁੱਚੇ ਗ੍ਰੰਥ ਵਿਚ ਕਈ ਛੰਦ-ਰੂਪ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਕ ਤੋਂ ਵਧੇਰੇ ਨਾਵਾਂ ਅਧੀਨ ਵਰਤਿਆ ਗਿਆ ਹੈ। ਜਿਵੇਂ ‘ਉਤਭੁਜ’ ਦੀ ਵਰਤੋਂ ਸੋਮਰਾਜੀ, ਸੰਖਨਾਰੀ ਤੇ ਝੂਲਾ ਵਜੋਂ ; ‘ਅਸਤਰ’ ਦੀ ਭੁਜੰਗ ਪ੍ਰਯਾਤ ਵਜੋਂ ; ‘ਅਕਰਾ’ ਦੀ ਅਣਕਾ, ਅਨਹਦ, ਅਨੁਭਵ, ਮਧੁਰ ਧੁਨਿ, ਤ੍ਰਿੜਕਾ, ਤ੍ਰਿਣਵਿਣ ਵਜੋਂ ; ‘ਅਕਵਾ’ ਛੰਦ-ਰੂਪ ਦੀ ਵਰਤੋਂ ਅਜਬਾ, ਤਿਲਕਾ, ਤ੍ਰਿਗਤਾ, ਹਰਿਬੋਲਮਨਾ ਵਜੋਂ ; ‘ਅਹੂੜਾ’ ਦੀ ਸੰਜੁਤਾ, ਪ੍ਰਿਯਾ, ਤੇ ਸੁਪ੍ਰਿਯਾ ਵਜੋਂ ; ‘ਸਾਰਸੁਤੀ’ ਦੀ ਰੂਆਲ, ਰੂਆਮਲ, ਜਾਂ ਰੂਆਮਣ ਵਜੋਂ ; ‘ਕਿਲਕਾ’ ਦੀ ਅਸਤਾ, ਤਾਰਕ, ਤੋਟਕ, ਪਧਿਸਟਕਾ, ਮੋਦਕ ਆਦਿ ਛੰਦ-ਰੂਪ ’ਚ ਵੀ ਵਰਤੋਂ ਹੋਈ ਮਿਲਦੀ ਹੈ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਛੰਦ-ਰੂਪ ਹਨ, ਜੋ ਇਕ ਤੋਂ ਵਧੇਰੇ ਨਾਂਵਾਂ ਨਾਲ ਵਰਤੇ ਗਏ ਹਨ, ਪਰੰਤੂ ਮੂਲ ਰੂਪ ’ਚ ਇਹ ਇਕ ਵਿਸ਼ੇਸ਼ ਛੰਦ-ਰੂਪ ਦਾ ਹੀ ਨਾਮਾਂਤਰ ਹਨ।
ਦਸਮ ਗ੍ਰੰਥ ਵਿਚ ਵਰਤੇ ਗਏ ਸਾਰੇ ਛੰਦ-ਰੂਪਾਂ ਵਿੱਚੋਂ ਕੁਝ ਛੰਦ-ਰੂਪ ਅਜਿਹੇ ਹਨ, ਜਿਹੜੇ ਜੇਕਰ ਸਾਰੀਆਂ ਨਹੀਂ ਤਾਂ ਵਧੇਰੇ ਰਚਨਾਵਾਂ ਵਿਚ ਵਾਰ-ਵਾਰ ਵਰਤੇ ਗਏ ਹਨ। ਕੁੱਝ ਛੰਦ-ਰੂਪ ਅੱਧੀਆਂ ਕੁ ਰਚਨਾਵਾਂ ਵਿਚ ਵਰਤੋਂ ’ਚ ਆਏ ਹਨ ਅਤੇ ਕਈ ਛੰਦ-ਰੂਪ ਤਾਂ ਇਹੋ ਜਿਹੇ ਹਨ, ਜਿਹੜੇ ਜ਼ਿਆਦਾ ਤੋਂ ਜ਼ਿਆਦਾ ਇੱਕ ਜਾਂ ਦੋ ਰਚਨਾਵਾਂ ਵਿਚ ਹੀ ਵਰਤੇ ਗਏ ਹਨ। ਜਿਵੇਂ : ਦੋਹਰਾ ਤੇ ਤੋਟਕ ਦੋ ਅਜਿਹੇ ਛੰਦ-ਰੂਪ ਹਨ, ਜਿਨ੍ਹਾਂ ਦੀ ਵਰਤੋਂ ਦਸਮ ਗ੍ਰੰਥ ਦੀਆਂ ਸਭ ਤੋਂ ਵਧੇਰੇ ਰਚਨਾਵਾਂ (੧੦ ਰਚਨਾਵਾਂ) ਵਿਚ ਹੋਈ ਮਿਲਦੀ ਹੈ। ਭੁਜੰਗ ਪ੍ਰਯਾਤ ਨੌਂ ਰਚਨਾਵਾਂ ਵਿਚ ਵਰਤਿਆ ਗਿਆ ਹੈ। ਚੌਪਾਈ, ਪਾਧੜੀ ਤੇ ਨਰਾਜ ਆਦਿ ਛੰਦ-ਰੂਪਾਂ ਦੀ ਵਰਤੋਂ ਅੱਠ-ਅੱਠ ਰਚਨਾਵਾਂ ਵਿਚ ਹੋਈ ਹੈ। ਰੂਆਲ ਛੰਦ ਸੱਤ ਰਚਨਾਵਾਂ ਵਿਚ ਵਰਤਿਆ ਗਿਆ ਹੈ। ਛਪੈ ਤੇ ਮਧੁਭਾਰ ਦੀ ਵਰਤੋਂ ਛੇ-ਛੇ ਰਚਨਾਵਾਂ ਵਿਚ ਹੋਈ ਹੈ। ਜਦ ਕਿ ਸੋਰਠਾ, ਤੋਮਰ, ਰਸਾਵਲ, ਰੂਆਮਲ ਆਦਿ ਛੰਦ-ਰੂਪ ਪੰਜ-ਪੰਜ ਰਚਨਾਵਾਂ ਵਿਚ ਵਰਤੇ ਗਏ ਹਨ। ਇਸ ਤਰ੍ਹਾਂ ਹੀ ਅੜਿਲ ਤੇ ਕਬਿੱਤ ਚਾਰ ਰਚਨਾਵਾਂ ’ਚ; ਹਰਿਬੋਲਮਨਾ, ਕੁਲਕਾ, ਤ੍ਰਿਭੰਗੀ, ਬਿਜੈ, ਬ੍ਰਿਧ ਨਰਾਜ, ਮੋਹਣੀ, ਭਗਵਤੀ ਤੇ ਭੁਜੰਗ ਦੀ ਵਰਤੋਂ ਤਿੰਨ-ਤਿੰਨ ਰਚਨਾਵਾਂ ਵਿਚ ਅਤੇ ਅਨੂਪ ਨਰਾਜ, ਅਰਧ ਨਰਾਜ, ਸੰਗੀਤ ਛਪੈ, ਸੰਗੀਤ ਭੁਜੰਗ ਪ੍ਰਯਾਤ, ਚਰਪਟ, ਚਾਚਰੀ, ਤਾਰਕ, ਤਿਲਕੜੀਆਂ, ਦੋਧਕ, ਬਿਸਨਪਦਾ, ਬੇਲੀ ਬ੍ਰਿੰਦਮ ਅਤੇ ਮਨੋਹਰ ਛੰਦ-ਰੂਪ ਦਸਮ ਗ੍ਰੰਥ ’ਚ ਦੋ-ਦੋ ਰਚਨਾਵਾਂ ’ਚ ਵਰਤੇ ਗਏ ਹਨ। ਉਪਰੋਕਤ ਇਨ੍ਹਾਂ ਛੰਦਾਂ ਤੋਂ ਇਲਾਵਾ ਬਾਕੀ ਸਾਰੇ ਛੰਦ-ਰੂਪ ਬਾਕੀ ਅਜਿਹੇ ਹਨ, ਜਿਨ੍ਹਾਂ ਦੀ ਵਰਤੋਂ ਕੇਵਲ ਇਕ-ਇਕ ਵਾਰੀ ਭਾਵ ਇਕ ਰਚਨਾ ਵਿਚ ਹੀ ਕੀਤੀ ਗਈ ਮਿਲਦੀ ਹੈ। ਇਸ ਤਰ੍ਹਾਂ ਦਸਮ ਗ੍ਰੰਥ ਦੇ ਰਚਨਾ ਰੂਪ ਅਰਥਾਤ ਛੰਦ-ਵਿਧਾਨ ਦੀ ਪ੍ਰਮੁੱਖ ਵਿਲੱਖਣਤਾ ਇਸਦੀ ਛੰਦ-ਬੱਧ ਵਿਵਧਤਾ ਵਿਚ ਸਪੱਸ਼ਟ ਭਾਂਤ ਦੇਖੀ ਜਾ ਸਕਦੀ ਹੈ।
੬. ਜਾਪੁ ਸਾਹਿਬ ਵਿਚ ਛੰਦਾਂ ਦੀ ਵਰਤੋਂ
I.ਛੰਦਾਂ ਦਾ ਵਰਤਾਰਾ: ਜਾਪੁ ਸਾਹਿਬ ਦਸਮ ਗ੍ਰੰਥ ਵਿਚ ਸੰਕਲਿਤ ਆਦਿ ਜਾਂ ਪ੍ਰਵੇਸ਼ੀ ਰਚਨਾ ਹੈ। ਦਸਮ ਗ੍ਰੰਥ ਵਿਚ ਬਹੁਤ ਜ਼ਿਆਦਾ ਛੰਦ-ਵਿਵਧਤਾ ਮਿਲਦੀ ਹੈ ਅਤੇ ਕੁਲ ੧੪੦ ਦੇ ਕਰੀਬ ਛੰਦ/ਛੰਦ-ਰੂਪ ਵਰਤੇ ਗਏ ਹਨ। ਜਾਪੁ ਸਾਹਿਬ, ਕਿਉਂਕਿ ਦਸਮ ਗ੍ਰੰਥ ਦਾ ਹੀ ਨੀਸਾਣ ਰੂਪ ਹੈ, ਇਸ ਲਈ ਇਸ ਨੂੰ ਛੰਦ-ਵਿਧਾਨ ਦੀ ਸਹਾਇਤਾ ਨਾਲ ਸਿਰਜਿਆ ਗਿਆ ਹੈ। ਦਸਮ ਗ੍ਰੰਥ ਵਿਚ ਵਰਤੇ ਕੁਲ ਛੰਦਾਂ ਜਾਂ ਛੰਦ-ਰੂਪਾਂ ਵਿਚੋਂ ਕੇਵਲ ਦਸ ਪ੍ਰਕਾਰ ਦੇ ਛੰਦ ਹੀ ਜਾਪੁ ਸਾਹਿਬ ਵਿਚ ਵਰਤੋਂ ’ਚ ਆਏ ਹਨ। ਜਾਪੁ ਸਾਹਿਬ ਦੇ ਕੁਲ ੧੯੯ ਬੰਦਾਂ ਲਈ ਇਹ ੧੦ ਛੰਦ-ਰੂਪ ਵਰਤੇ ਗਏ ਹਨ: ਛਪੈ ਛੰਦ (ਇਕ ਵਾਰ), ਭੁਜੰਗ ਪ੍ਰਯਾਤ (ਛੇ ਵਾਰ) ਅਤੇ ਰੂਆਲ, ਰਸਾਵਲ, ਹਰਿਬੋਲਮਨਾ ਤੇ ਏਕ ਅੱਛਰੀ ਛੰਦ-ਰੂਪ (ਇਕ-ਇਕ ਵਾਰ) ਵਰਤਿਆ ਗਿਆ ਹੈ। ਜਾਪੁ ਸਾਹਿਬ ਦੀ ਸਮੁੱਚੀ ਰਚਨਾ ੨੨ ਭਾਗਾਂ ਅਰਥਾਤ ਛੰਦ-ਬੱਧ ਪੜਾਵਾਂ ਦੁਆਰਾ ਰੂਪਮਾਨ ਹੁੰਦੀ ਹੈ ਅਤੇ ਹਰੇਕ ਭਾਗ ਪ੍ਰਸਤੁਤ ਵਿਸ਼ੇ ਦੀ ਉਸਾਰੀ ਵਿਚ ਇਕ ਕੜੀ ਦੀ ਭੂਮਿਕਾ ਨਿਭਾਉਂਦਾ ਹੈ। ਜਾਪੁ ਸਾਹਿਬ ਦੇ ਹਰ ਛੰਦ-ਰੂਪ ਵਿਚ ਬੰਦਾਂ ਦੀ ਗਿਣਤੀ ਪ੍ਰਾਪਤ ਸੰਪਾਦਕੀ ਕ੍ਰਮ ਅਨੁਸਾਰ ਇਸ ਪ੍ਰਕਾਰ ਹੈ:
ਸਾਰਨੀ-੧
ਲੜੀ ਨੰ:
ਛੰਦ-ਰੂਪ ਬੰਦਾਂ ਦੀ ਗਿਣਤੀ ਲੜੀ ਨੰ:
ਛੰਦ-ਰੂਪ ਬੰਦਾਂ ਦੀ ਗਿਣਤੀ
੧. ਛਪੈ ਛੰਦ ੧ ੧੨. ਚਾਚਰੀ ੪
੨. ਭੁਜੰਗ ਪ੍ਰਯਾਤ ੨੭ ੧੩. ਭਗਵਤੀ ੩੦
੩. ਚਾਚਰੀ ੧੫ ੧੪. ਚਾਚਰੀ ੯
੪. ਭੁਜੰਗ ਪ੍ਰਯਾਤ ੧੮ ੧੫. ਚਰਪਟ ੩
੫. ਚਾਚਰੀ ੨ ੧੬. ਰਸਾਵਲ ੫
੬. ਭੁਜੰਗ ਪ੍ਰਯਾਤ ੧੦ ੧੭. ਭਗਵਤੀ ੧੧
੭. ਚਰਪਟ ੫ ੧੮. ਮਧੁਭਾਰ ੧੦
੮. ਰੂਆਲ ੮ ੧੯. ਹਰਿਬੋਲਮਨਾ ੧੪
੯. ਮਧੁਭਾਰ ੭ ੨੦. ਭੁਜੰਗ ਪ੍ਰਯਾਤ ੪
੧੦.. ਚਾਚਰੀ ੨ ੨੧. ਏਕ ਅੱਛਰੀ ੮
੧੧. ਭੁਜੰਗ ਪ੍ਰਯਾਤ ੩ ੨੨. ਭੁਜੰਗ ਪ੍ਰਯਾਤ ੩
II. ਜਾਪੁ ਸਾਹਿਬ : ਛੰਦਾਂ ਦੀ ਬਣਤਰ : ਛੰਦ-ਰੂਪਾਂ ਸੰਬੰਧੀ ਉਪਰੋਕਤ ਵੇਰਵਾ ਤਾਂ ਕੇਵਲ ‘ਜਾਪੁ ਸਾਹਿਬ’ ਦੀ ਰਚਨਾ ਵਿਚ ਵੱਖ-ਵੱਖ ਛੰਦਾਂ ਦੇ ਵਰਤਾਰੇ ਨੂੰ ਸਪੱਸ਼ਟ ਕਰਦਾ ਹੈ, ਪਰੰਤੂ ਜੇਕਰ ਅਸੀਂ ਜਾਪੁ ਸਾਹਿਬ ਦੇ ਛੰਦ-ਵਿਧਾਨ ਨੂੰ ਸਮਝਣਾ ਹੈ ਤਾਂ ਇਸ ਵਿਚ ਵਰਤੇ ਗਏ ਸਾਰੇ ਛੰਦਾਂ ਜਾਂ ਛੰਦ-ਰੂਪਾਂ ਦੇ ਵਿਧਾਨ ਜਾਂ ਪ੍ਰਬੰਧ ਦੀ ਬਣਤਰ ਨੂੰ ਦੇਖਣਾ ਪਵੇਗਾ। ਇਸ ਪ੍ਰਯੋਜਨ ਹਿਤ ਹੀ ਇੱਥੇ ਜਾਪੁ ਸਾਹਿਬ ਵਿਚ ਵਰਤੇ ਹਰੇਕ ਛੰਦ ਦੇ ਛੰਦ-ਵਿਧਾਨ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
(ੳ) ਛਪੈ ਛੰਦ : ਛਪੈ (ਛਪਯ) ਛੰਦ-ਸ਼ਾਸਤਰ ਅਨੁਸਾਰ ਇਕ ਮਾਤ੍ਰਿਕ ਛੰਦ ਹੈ, ਇਸ ਲਈ ਇਸ ਛੰਦ-ਰੂਪ ਵਿਚ ਮਾਤਰਾ ਦੀ ਗਿਣਤੀ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਛੰਦ ਦੀਆਂ ਕੁਲ ਛੇ ਤੁਕਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀਆਂ ਚਾਰ ਤੁਕਾਂ (ਚਰਣ) ਰੋਲੇ (ਇਕ ਛੰਦ-ਰੂਪ ਜਿਸ ਵਿਚ ਮਾਤਰਾ ਦੀ ਗਿਣਤੀ ੧੧+੧੩ ਹੁੰਦੀ ਹੈ) ਦੀਆਂ ਅਤੇ ਬਾਕੀ ਦੋ ਵਧੀਕ ਮਾਤਰਾ ਦੀਆਂ ਹਨ। ਛੇ ਤੁਕਾਂ ਜਾਂ ਚਰਣ ਹੋਣ ਕਾਰਨ ਹੀ ਇਸ ਦਾ ਨਾਮ ਛਪਯ ਤੇ ਖਟਪਟ ਹੈ। ਇਸ ਛੰਦ ਵਿਚਲੀ ਭਿੰਨਤਾ ਦੇ ਆਧਾਰ ’ਤੇ ਇਸ ਦੇ ਤਿੰਨ ਪ੍ਰਚਲਿਤ ਰੂਪ ਮਿਲਦੇ ਹਨ, ਪਰੰਤੂ ਇਹ ਭਿੰਨਤਾ ਕੇਵਲ ਪਿਛਲੀਆਂ ਦੋਵਾਂ ਤੁਕਾਂ ਦੇ ਕਾਰਨ ਹੀ ਹੁੰਦੀ ਹੈ। ਛਪੈ ਦੇ ਵੱਖ-ਵੱਖ ਰੂਪ ਇਸ ਤਰ੍ਹਾਂ ਹਨ :
(੧) ਛੇ ਚਰਣ (ਤੁਕਾਂ), ਪਹਿਲੀਆਂ ਚਾਰ ਤੁਕਾਂ (ਚਰਣ) ਰੋਲੇ ਦੀਆਂ, ਪ੍ਰਤਿ ਚਰਣ ੨੪ ਮਾਤਰਾ, ਬਿਸਰਾਮ ੧੧-੧੩ ਉੱਤੇ, ਅੰਤਿਮ ਦੋ ਤੁਕਾਂ ਉਲਾਲ ਛੰਦ ਹੁੰਦਾ ਹੈ ਅਰਥਾਤ ਪ੍ਰਤਿ ਚਰਣ ੨੮ ਮਾਤਰਾ, ਪਹਿਲਾ ਬਿਸਰਾਮ ੧੫ ’ਤੇ ਦੂਜਾ ੧੩ ਮਾਤਰਾ ਉੱਤੇ ਹੁੰਦਾ ਹੈ। ਇਸ ਵੰਨਗੀ ਦੀਆਂ ਕੁੱਲ ੧੫੨ ਮਾਤਰਾ ਹੁੰਦੀਆਂ ਹਨ।
(੨) ਛੇ ਚਰਣ, ਪਹਿਲੀਆਂ ਚਾਰ ਤੁਕਾਂ ਰੋਲੇ ਦੀਆਂ, ਅੰਤ ਦੋ ਤੁਕਾਂ ਦੋਹੇ (੧੩+੧੧) ਦੀਆਂ ਅਤੇ ਕੁੱਲ ੧੪੪ ਮਾਤਰਾ ਹੁੰਦੀਆਂ ਹਨ। ਪਹਿਲੀਆਂ ਚਾਰ ਤੁਕਾਂ ਵਿਚ ਬਿਸਰਾਮ ੧੧-੧੩ ਉੱਤੇ ਅਤੇ ਅੰਤਿਮ ਦੋ ਤੁਕਾਂ ਵਿਚ ਬਿਸਰਾਮ ੧੩-੧੧ ਮਾਤਰਾ ਉੱਤੇ ਹੁੰਦਾ ਹੈ।
(੩) ਪਹਿਲੀਆਂ ਚਾਰ ਤੁਕਾਂ ਤਾਂ ਰੋਲੇ ਦੀਆਂ ਹੀ ਹੁੰਦੀਆਂ ਹਨ ਅਤੇ ਅੰਤ ਦੋ ਤੁਕਾਂ ਅਰਥਾਤ ਉਲਾਲ ਛੰਦ ਦਾ ਰੂਪ ੨੮ ਮਾਤਰਾ ਦੀ ਥਾਂ ੨੬ ਮਾਤਰਾ ਦਾ ਹੁੰਦਾ ਹੈ ਅਤੇ ਮਾਤਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ। ੨੮ ਮਾਤਰਾ ਵਾਲਾ ਉਲਾਲ ਛੰਦ ਦੋਹੇ ਦੇ ਅੰਤ ’ਤੇ ਦੋ ਲਘੂ ਜਾਂ ਇਕ ਗੁਰੂ ਜੋੜਨ ’ਤੇ ਬਣਦਾ ਹੈ ਅਤੇ ਇਸਦਾ ਬਿਸਰਾਮ ੧੩-੧੩ ਮਾਤਰਾ ’ਤੇ ਹੁੰਦਾ ਹੈ।
ਜਾਪੁ ਸਾਹਿਬ ਵਿਚ ਵਰਤਿਆ ਗਿਆ ਛਪੈ ਛੰਦ ੧੫੨ ਮਾਤਰਾ ਵਾਲੇ ਰੂਪ ਦੇ ਵਧੇਰੇ ਨੇੜੇ ਹਨ, ਪਰੰਤੂ ਇਸ ਵਿਚ ਆਰੰਭਲੀਆਂ ਤੁਕਾਂ ਵਿਚ ਮਾਤਰਾ ਦੀ ਗਿਣਤੀ ਘੱਟ ਵੱਧ ਜ਼ਰੂਰ ਹੈ। ਜਿਵੇਂ :
(੧) ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।। ੧੦+੧੩=੨੩
(੨) ਰੂਪ ਰੰਗ ਅਰੁ ਰੇਖ ਭੇਖ ਕਉ ਕਹਿ ਨ ਸਕਤਿ ਕਿਹ ।। ੧੧+੧੪=੨੫
(੩) ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿਜੈ ।। ੧੧+੧੩=੨੪
(੪) ਕੋਟਿ ਇੰਦ੍ਰ ਇੰਦ੍ਰਾਣਿ ਸਾਹ ਸਾਹਾਣੁ ਗਣਿਜੈ ।। ੧੧+੧੩=੨੪
(੫) ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ।। ੧੫+੧੩=੨੮
(੬) ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ।। ੧੫+੧੩=੨੮
ਇੱਥੇ ਪਹਿਲੀਆਂ ਦੋ ਤੁਕਾਂ ਵਿਚ ਮਾਤਰਾ ਦੀ ਗਿਣਤੀ ਭਾਵੇਂ ਘੱਟ-ਵੱਧ ਹੈ, ਪਰੰਤੂ ਸਮੁੱਚੇ ਤੌਰ ’ਤੇ ੧੫੨ ਮਾਤਰਾ ਦਾ ਨਿਯਮ ਇਸ ਛੰਦ-ਰੂਪ ਵਿਚ ਕਾਰਜਸ਼ੀਲ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਦੋ-ਦੋ ਤੁਕਾਂ ਦਾ ਤੁਕਾਂਤ ਵੀ ਆਪਸ ਵਿਚ ਮੇਲ ਖਾਂਦਾ ਹੈ।
(ਅ) ਭੁਜੰਗ ਪ੍ਰਯਾਤ : ਇਹ ਇਕ ਗਣਿਕ ਛੰਦ ਹੈ। ਜਿਸ ਵਿਚ ਕੇਵਲ ਅੱਖਰਾਂ ਜਾਂ ਗਣਾਂ ਦਾ ਹਿਸਾਬ ਰੱਖਿਆ ਜਾਂਦਾ ਹੈ। ਭੁਜੰਗ ਪ੍ਰਯਾਤ ਇਕ ਅਜਿਹਾ ਗਣਿਕ ਛੰਦ ਹੈ, ਜਿਸਦੇ ਪ੍ਰਤਿ ਚਰਣ ਇਕ ਨਗਣ (।।।) ਅਤੇ ਇਕ ਯਗਣ (।ਸ਼ਸ਼) ਹੁੰਦਾ ਹੈ। ਇਸ ਛੰਦ ਦੇ ਚਾਰ ਉਪ-ਭੇਦ ਵੀ ਮਿਲਦੇ ਹਨ : ਅਸਤਰ, ਅਰਧ ਭੁਜੰਗ ਪ੍ਰਯਾਤ, ਕੀੜਾਚਕ੍ਰ ਤੇ ਮਹਾਂ ਭੁਜੰਗ ਪ੍ਰਯਾਤ :
(੧) ਅਸਤਰ ਭੁਜੰਗ ਪ੍ਰਯਾਤ : ਇਸ ਛੰਦ-ਰੂਪ ਦੇ ਕੁੱਲ ਚਾਰ ਚਰਣ ਅਤੇ ਪ੍ਰਤਿ ਚਰਣ ਚਾਰ ਯਗਣ (।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼) ਹੁੰਦੇ ਹਨ।
(੨) ਅਰਧ ਭੁਜੰਗ ਪ੍ਰਯਾਤ : ਇਸ ਛੰਦ ਦਾ ਰੂਪ ਪ੍ਰਤਿ ਚਰਣ ਦੋ ਯਗਣ (।ਸ਼ਸ਼,।ਸ਼ਸ਼) ਹੋਣ ਕਰਕੇ ਹੀ ਇਸ ਨੂੰ ਅਰਧ ਭੁਜੰਗ ਪ੍ਰਯਾਤ ਦੀ ਸੰਗਯਾ ਦਿੱਤੀ ਜਾਂਦੀ ਹੈ।
(੩) ਕੀੜਾਚਕ੍ਰ ਭੁਜੰਗ ਪ੍ਰਯਾਤ : ਜਦੋਂ ਭੁਜੰਗ ਪ੍ਰਯਾਤ ਦੇ ਪ੍ਰਤਿ ਚਰਣ ਚਾਰ ਦੀ ਥਾਂ ਛੇ ਯਗਣ (।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼) ਹੋਣ ਤਾਂ ਉਸਨੂੰ ਕੀੜਾਚਕ੍ਰ ਭੁਜੰਗ ਪ੍ਰਯਾਤ ਦਾ ਨਾਂ ਦਿੱਤਾ ਜਾਂਦਾ ਹੈ।
(੪) ਮਹਾਂ ਭੁਜੰਗ ਪ੍ਰਯਾਤ : ਜਦੋਂ ਛੰਦ ਵਿਚ ਪ੍ਰਤਿ ਚਰਣ ਅੱਠ ਯਗਣ (।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼,।ਸ਼ਸ਼) ਹੋਣ ਤਾਂ ਉਸ ਨੂੰ ਮਹਾਂ ਭੁਜੰਗ ਪ੍ਰਯਾਤ ਸਿਰਲੇਖ ਦਿੱਤਾ ਜਾਂਦਾ ਹੈ।
ਜਦੋਂ ਅਸੀਂ ਜਾਪੁ ਸਾਹਿਬ ਵਿਚਲੇ ਭੁਜੰਗ ਪ੍ਰਯਾਤ ਪਾਠ ਨੂੰ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਹ ‘ਅਰਧ ਭੁਜੰਗ ਪ੍ਰਯਾਤ’ ਵਾਲਾ ਰੂਪ ਹੈ। ਅਸਲ ਵਿਚ ਜਾਪੁ ਸਾਹਿਬ ਵਿਚ ‘ਅਰਧ ਭੁਜੰਗ’ ਜਾਂ ‘ਸੰਖਨਾਰੀ’ ਦੀ ਥਾਂ ਭੁਜੰਗ ਪ੍ਰਯਾਤ ਪਾਠ ਹੀ ਵਰਤਿਆ ਗਿਆ ਹੈ, ਪਰ ਛੰਦ-ਵਿਧਾਨ ਦੇ ਪੱਖ ਤੋਂ ਇਸ ਦਾ ਭਾਵ ਅਰਧ ਭੁਜੰਗ ਪ੍ਰਯਾਤ ਤੋਂ ਹੀ ਹੈ। ਇਸ ਛੰਦ ਦੀ ਨਿਸ਼ਾਨੀ ਇਹੀ ਹੈ ਕਿ ਕੁਲ ਚਾਰ ਚਰਣ ਅਤੇ ਪ੍ਰਤਿ ਚਰਣ ਦੋ ਯਗਣ (।ਸ਼ਸ਼,।ਸ਼ਸ਼) ਹੁੰਦੇ ਹਨ। ਜਿਵੇਂ :
ਨਮੋ ਰਾਜ ਰਾਜੇ ।। ਨਮੋ ਸਾਜ ਸਾਜੇ ।।
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਨਮੋ ਸਾਹ ਸਾਹੇ ।। ਨਮੋ ਮਾਹ ਮਾਹੇ ।। (੬੭)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਜਾਂ ਨਮੋ ਗੀਤ ਗੀਤੇ ।। ਨਮੋ ਪ੍ਰੀਤਿ ਪ੍ਰੀਤੇ ।।
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਨਮੋ ਰੋਖ ਰੋਖੇ ।। ਨਮੋ ਸੋਖ ਸੋਖੇ ।। (੬੮)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਇਸ ਤਰ੍ਹਾਂ ਜਾਪੁ ਸਾਹਿਬ ਵਿਚ ਭੁਜੰਗ ਪ੍ਰਯਾਤ ਦਾ ਅਰਧ ਭੁਜੰਗ ਪ੍ਰਯਾਤ ਭੇਦ ਪੂਰੀ ਸੁਚੱਜਤਾ ਨਾਲ ਨਿਭਾਇਆ ਗਿਆ ਹੈ ਅਤੇ ਨਾਲ ਹੀ ਚਾਰਾਂ ਚਰਣਾਂ ਦਾ ਤੁਕਾਂਤ ਵੀ ਆਪਸ ’ਚ ਮਿਲਦਾ ਹੈ।
(ੲ) ਚਾਚਰੀ : ਚਾਚਰੀ ਇੱਕ ਵਰਣਿਕ ਛੰਦ ਹੈ, ਜਿਸ ਦੇ ਹੇਠ ਲਿਖੇ ਦੋ ਰੂਪ ਵਧੇਰੇ ਪ੍ਰਚਲਿਤ ਹਨ :
(੧) ਪਹਿਲੇ ਰੂਪ ਵਿੱਚ ਚਾਰ ਚਰਣ, ਪ੍ਰਤਿ ਚਰਣ ਜਗਣ ਤੇ ਗੁਰੂ (।ਸ਼।, ਸ਼) ਹੁੰਦਾ ਹੈ। ਇਹ ਅਸਲ ਵਿੱਚ ‘ਸੁਧੀ’ ਛੰਦ ਦਾ ਹੀ ਨਾਂਮਾਤਰ ਹੈ।
(੨) ਦੂਜਾ ਰੂਪ ਚਾਰ ਚਰਣ, ਪ੍ਰਤਿ ਚਰਣ ਇੱਕ ਯਗਣ (।ਸ਼ਸ਼) ਹੈ। ਇਹ ਸ਼ਸ਼ੀ ਛੰਦ ਦਾ ਰੂਪ ਹੀ ਮੰਨਿਆ ਜਾਂਦਾ ਹੈ।
ਜਾਪੁ ਸਾਹਿਬ ਵਿੱਚ ਚਾਚਰੀ ਛੰਦ ਦੇ ਇਹ ਦੋਵੇਂ ਰੂਪ (ਸ਼ੁਧੀ ਤੇ ਸ਼ਸ਼ੀ) ਹੀ ਵਰਤੋਂ ਵਿੱਚ ਆਏ ਹਨ। ਜਿਵੇਂ :
ਅਲੇਖ ਹੈਂ ।। ਅਭੇਖ ਹੈਂ ।। ਅਨਾਮ ਹੈਂ ।। ਅਕਾਮ ਹੈਂ ।। (੩੦)
। ਸ਼ । ਸ਼ । ਸ਼ । ਸ਼ । ਸ਼ । ਸ਼ । ਸ਼ । ਸ਼
ਜਾਂ ਅਮੀਕ ਹੈਂ ।। ਰਫੀਕ ਹੈਂ ।। ਅਧੰਧ ਹੈਂ ।। ਅਬੰਧ ਹੈਂ ।। (੩੬)
। ਸ਼ । ਸ਼ । ਸ਼ । ਸ਼ । ਸ਼ । ਸ਼ । ਸ਼ । ਸ਼
ਚਾਚਰੀ ਛੰਦ ਦਾ ਦੂਜਾ ਰੂਪ ਪ੍ਰਤਿ ਚਰਣ ਇੱਕ ਯਗਣ (।ਸ਼ਸ਼) ਅਰਥਾਤ ਸ਼ਸ਼ੀ ਇਸ ਤਰ੍ਹਾਂ ਹੈ :
ਗੁਬਿੰਦੇ ।। ਮੁਕੰਦੇ ।। ਉਧਾਰੇ ।। ਅਪਾਰੇ ।। (੯੪)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਹਰੀਅੰ ।। ਕਰੀਅੰ ।। ਨ੍ਰਿਨਾਮੇ ।। ਅਕਾਮੇ ।। (੯੫)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਇਸ ਤਰ੍ਹਾਂ ਚਾਚਰੀ ਛੰਦ ਦੇ ਦੋਵੇਂ ਰੂਪ ਸੁਧੀ ਤੇ ਸ਼ਸ਼ੀ ਜਾਪੁ ਸਾਹਿਬ ਵਿੱਚ ਪੂਰੀ ਨਿਪੁੰਨਤਾ ਨਾਲ ਵਰਤੇ ਗਏ ਹਨ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਹਰੇਕ ਚਰਣ ਵਧੇਰੇ ਕਰਕੇ ਤਿੰਨ ਵਰਣਾਂ ਜਾਂ ਅੱਖਰਾਂ ਦੀ ਰਚਨਾ ਦੁਆਰਾ ਸਿਰਜਿਆ ਗਿਆ ਹੈ। ਇਸ ਤੋਂ ਇਲਾਵਾ ਚਾਰਾਂ ਵਰਣਾਂ ਜਾਂ ਦੋ-ਦੋ ਚਰਣਾਂ ਦਾ ਤੁਕਾਂਤ ਮੇਲ ਹੁੰਦਾ ਹੈ।
(ਸ) ਚਰਪਟ : ਚਰਪਟ ਇੱਕ ਵਰਣਿਕ ਛੰਦ ਹੈ। ਜਾਪੁ ਸਾਹਿਬ ਵਿੱਚ ਇਸ ਦੇ ਦੋ ਸਰੂਪ ਮਿਲਦੇ ਹਨ। ਪਹਿਲਾ ਰੂਪ ਅਸਲ ਵਿੱਚ ‘ਹੰਸਕ’ ਅਤੇ ‘ਉਛਾਲ’ ਆਦਿ ਛੰਦਾਂ ਦਾ ਹੀ ਨਾਂਮਾਤਰ ਹੀ ਮੰਨਿਆ ਜਾਂਦਾ ਹੈ। ਇਸ ਦੇ ਲੱਛਣ ਇਸ ਪ੍ਰਕਾਰ ਹਨ : ਚਾਰ ਚਰਣ, ਪ੍ਰਤਿ ਚਰਣ ਇੱਕ ਭਗਣ ਤੇ ਦੋ ਗੁਰੂ (ਸ਼।।,ਸ਼,ਸ਼)। ਉਦਾਹਰਣ ਵਜੋਂ :
ਅੰਮ੍ਰਿਤ ਕਰਮੇ ।। ਅੰਬ੍ਰਿਤ ਧਰਮੇ ।। (੭੪)
ਸ਼ । । ਸ਼ ਸ਼ ਸ਼ । । ਸ਼ ਸ਼
ਚਰਪਟ ਦਾ ਦੂਜਾ ਰੂਪ ਹੈ :ਚਾਰ ਚਰਣ, ਪ੍ਰਤਿ ਚਰਣ ਸਗਣ, ਗੁਰੂ, ਗੁਰੂ। ਇਸ ਰੂਪ ਦੀ ਵਰਤੋਂ ਜਾਪੁ ਸਾਹਿਬ ਵਿੱਚ ਵਧੇਰੇ ਪ੍ਰਬੀਨਤਾ ਤੇ ਸਪੱਸ਼ਟਤਾ ਨਾਲ ਹੋਈ ਮਿਲਦੀ ਹੈ। ਜਿਵੇਂ :
ਸਰਬੰ ਦੇਵੰ ।। ਸਰਬੰ ਭੇਵੰ ।।
। । ਸ਼ ਸ਼ ਸ਼ । । ਸ਼ ਸ਼ ਸ਼
ਸਰਬੰ ਕਾਲੇ ।। ਸਰਬੰ ਪਾਲੇ ।। (੭੮)
। । ਸ਼ ਸ਼ ਸ਼ । । ਸ਼ ਸ਼ ਸ਼
(ਹ) ਰੂਆਲ : ਇਹ ਇੱਕ ਵਰਣਿਕ ਛੰਦ ਹੈ, ਜਿਸਦੇ ਕੁੱਲ ਚਾਰ ਚਰਣ ਹੁੰਦੇ ਹਨ ਅਤੇ ਪ੍ਰਤਿ ਚਰਣ ਰਗਣ, ਸਗਣ, ਜਗਣ, ਜਗਣ, ਭਗਣ, ਗੁਰੂ ਤੇ ਲਘੂ (ਸ਼।ਸ਼, ।।ਸ਼, ।ਸ਼।, ।ਸ਼।, ਸ਼।।, ਸ਼, ।)। ਇਨ੍ਹਾਂ ਦੀ ਵਰਣਿਕ ਜਾਂ ਗਣਿਕ ਬਣਤਰ ਦੁਆਰਾ ਪਹਿਲਾ ਬਿਸਰਾਮ ਵਧੇਰੇ ਕਰਕੇ ਦਸ ਅੱਖਰਾਂ/ਵਰਣਾਂ ਅਤੇ ਦੂਜਾ ਬਿਸਰਾਮ ਸੱਤ ਵਰਣਾਂ ’ਤੇ ਆਉਂਦਾ ਹੈ। ਜਿਵੇਂ :
ਦੇਵ ਭੇਵ ਨ ਜਾਨਹੀ ਜਹਿ ਬੇਦ ਔਰ ਕਤੇਬ ।।
ਸ਼ । ਸ਼ । । ਸ਼ । ਸ਼ । । ਸ਼ । ਸ਼ । । ਸ਼ ।
ਰੂਪ ਰੰਗ ਨ ਜਾਤਿ ਪਾਤਿ ਸੁ ਜਾਨਹੀ ਕਿਹ ਜੇਬ ।।
ਸ਼ । ਸ਼ । । ਸ਼ । ਸ਼ । । ਸ਼ । ਸ਼ । । ਸ਼ ।
ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ।।
ਸ਼ । ਸ਼ । । ਸ਼ । ਸ਼ । । ਸ਼ । ਸ਼ । । ਸ਼ ।
ਚਕ੍ਰ ਬਕ੍ਰ ਫਿਰੈ ਚਤ੍ਰ ਚਕਿ ਮਾਨਹੀ ਪੁਰ ਤੀਨ ।। (੮੨)
। । । । । ਸ਼ । । । । ਸ਼ । ਸ਼ । । ਸ਼ ।
ਜਾਪੁ ਸਾਹਿਬ ਵਿੱਚ ਵਰਤੇ ਗਏ ਇਸ ਛੰਦ ਦੀਆਂ ਤਿੰਨ ਤੁਕਾਂ (ਪਹਿਲੀ, ਦੂਜੀ ਤੇ ਚੌਥੀ) ਤਾਂ ਵਰਣਿਕ ਬਣਤਰ ਨੂੰ ਪੂਰੀ ਤਰ੍ਹਾਂ ਨਿਭਾਉਂਦੀਆਂ ਹਨ, ਪ੍ਰੰਤੂ ਤੀਜੀ ਤੁਕ (ਚਰਣ) ਦੇ ਆਖ਼ਰੀ ਹਿੱਸੇ ਵਿੱਚ ਵਰਣਾਂ ਦੀ ਗਿਣਤੀ ਕੁੱਝ ਕੁ ਵਧੇਰੇ ਹੈ। ਇਸ ਤੋਂ ਇਲਾਵਾ ਛੰਦਾਂ ਦੀ ਗਣਿਕ ਚਾਲ ਪਹਿਲੀਆਂ ਤਿੰਨ ਤੁਕਾਂ ਵਿੱਚ ਤਾਂ ਬਿਲਕੁਲ ਸਹੀ ਹੈ, ਪਰ ਚੌਥੀ ਤੁਕ ਵਿੱਚ ਗਣਿਕ ਚਾਲ ਟੁੱਟਦੀ ਜਾਪਦੀ ਹੈ। ਇਸ ਲਈ ਜਾਪੁ ਸਾਹਿਬ ਵਿੱਚ ਰੂਆਲ ਅਧੀਨ ਵਰਤੇ ਗਏ ਕੁੱਝ ਛੰਦ ਤਾਂ ਪੂਰੀ ਤਰ੍ਹਾਂ ਇਸ ਛੰਦ ਦੇ ਨੇਮਾਂ ਨੂੰ ਨਿਭਾਉਂਦੇ ਹਨ। ਕੁੱਝ ਕੁ ਥਾਵਾਂ ਉੱਤੇ ਪ੍ਰਸਤੁਤ ਵਿਸ਼ੇ ਅਤੇ ਭਾਵ ਦੇ ਪ੍ਰਗਟਾਵੇ ਲਈ ਵਰਣਿਕ ਖੁੱਲ੍ਹ ਵੀ ਲਈ ਗਈ ਹੈ।
(ਕ) ਮਧੁਭਾਰ : ‘ਮਧੁਭਾਰ’ ਇੱਕ ਵਰਣਿਕ ਛੰਦ ਹੈ। ਇਸ ਛੰਦ ਦਾ ਇੱਕ ਹੋਰ ਨਾਂ ‘ਛਬਿ’ ਵੀ ਪ੍ਰਚਲਿਤ ਹੈ। ਇਸ ਦੇ ਕੁੱਲ ਚਾਰ ਚਰਣ ਹੁੰਦੇ ਹਨ ਅਤੇ ਪ੍ਰਤੀ ਚਰਣ ਅੱਠ ਮਾਤਰਾ ਅਤੇ ਚਾਰ ਮਾਤਰਾ ਪਿੱਛੋਂ ਜਗਣ (।ਸ਼।) ਇਸ ਦਾ ਵਿਸ਼ੇਸ਼ ਲੱਛਣ ਮੰਨਿਆ ਜਾਂਦਾ ਹੈ। ਜਾਪੁ ਸਾਹਿਬ ਵਿੱਚ ਇਸ ਛੰਦ ਦਾ ਨਿਭਾਉ ਪੂਰੀ ਨਿਯਮਾਵਲੀ ਅਧੀਨ ਪ੍ਰਬੀਨਤਾ ਸਹਿਤ ਹੋਇਆ ਮਿਲਦਾ ਹੈ। ਜਿਵੇਂ :
ਗੁਨ ਗਨ ਉਦਾਰ ।। ਮਹਿਮਾ ਅਪਾਰ ।। ੮,੮
। । । । । ਸ਼ । । । ਸ਼ । ਸ਼ ।
ਆਸਨ ਅਭੰਗ ।। ਉਪਮਾ ਅਨੰਗ ।। (੮੭) ੮,੮
ਸ਼ । । । ਸ਼ । । । ਸ਼ । ਸ਼ ।
ਜਾਂ ਰਾਜਾਨ ਰਾਜ ।। ਭਾਨਾਨ ਭਾਨ ।। ੮,੮
ਸ਼ ਸ਼ । ਸ਼ । ਸ਼ ਸ਼ । ਸ਼ ।
ਦੇਵਾਨ ਦੇਵ ।। ਉਪਮਾ ਮਹਾਨ ।। (੮੯) ੮,੮
ਸ਼ ਸ਼ । ਸ਼ । । । ਸ਼ । ਸ਼ ।
ਮਧੁਭਾਰ ਇਕ ਮਾਤ੍ਰਿਕ ਛੰਦ ਹੋਣ ਕਾਰਨ ‘ਜਾਪੁ ਸਾਹਿਬ’ ਦੇ ਛੰਦ-ਵਿਧਾਨ ਵਿਚ ਇਸ ਦੀ ਮਾਤਰਾ ਦੀ ਗਿਣਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
(ਖ) ਰਸਾਵਲ : ਰਸਾਵਲ ਇਕ ਵਰਣਿਕ ਛੰਦ ਹੈ, ਜਿਸ ਦੇ ਵੱਖ-ਵੱਖ ਕਈ ਰੂਪ ਮਿਲਦੇ ਹਨ :
(੧) ਇਸ ਛੰਦ ਦਾ ਪਹਿਲਾ ਰੂਪ ਚਾਰ ਚਰਣ, ਪ੍ਰਤਿ ਚਰਣ ੨੪ ਮਾਤਰਾ, ਪਹਿਲਾ ਬਿਸਰਾਮ ੧੧ ’ਤੇ ਦੂਜਾ ੧੩ ਮਾਤਰਾ ’ਤੇ ਅਤੇ ਅੰਤ ’ਭਗਣ (ਸ਼।।) ਹੁੰਦਾ ਹੈ।
(੨) ਜੇਕਰ ਰਸਾਵਲ ਦੇ ਉਪਰਲੇ ਰੂਪ ਦੇ ਅੰਤਲੇ ਭਗਣ ਦੀ ਥਾਂ ’ਤੇ ਦੋ ਗੁਰੂ ਹੋਣ ਤਾਂ ਇਸ ਛੰਦ ਨੂੰ ‘ਚੋਪਟ’ ਸੰਗਯਾ ਦਿੱਤੀ ਜਾਂਦੀ ਹੈ।
(੩) ਰੋਲਾ ਛੰਦ (ਚਾਰ ਚਰਣ, ਪ੍ਰਤਿ ਚਰਣ ੨੪ ਮਾਤਰਾ, ੧੧-੧੩ ’ਤੇ ਬਿਸਰਾਮ) ਨੂੰ ਵੀ ਕਈ ਵਾਰੀ ਰਸਾਵਲ ਦਾ ਰੂਪ ਹੀ ਮੰਨਿਆ ਜਾਂਦਾ ਹੈ।
(੪) ਰਸਾਵਲ ਦਾ ਇਕ ਰੂਪ ਚਾਰ ਚਰਣ, ਪ੍ਰਤਿ ਚਰਣ ਦੋ ਯਗਣ (।ਸ਼ਸ਼,।ਸ਼ਸ਼) ਵੀ ਮੰਨਿਆ ਜਾਂਦਾ ਹੈ।
ਜਾਪੁ ਸਾਹਿਬ ਵਿਚ ਜਦੋਂ ਅਸੀਂ ਰਸਾਵਲ ਛੰਦ-ਰੂਪ ਦੇ ਛੰਦ-ਵਿਧਾਨ ਨੂੰ ਦੇਖਦੇ ਹਾਂ ਤਾਂ ਇਸ ਦਾ ਰੂਪ ਚਾਰ ਚਰਣ, ਪ੍ਰਤਿ ਚਰਣ, ਦੋ ਯਗਣ (।ਸ਼ਸ਼,।ਸ਼ਸ਼) ਅਰਥਾਤ ਅਧਿਕਤਰ ਅਰਧ ਭੁਜੰਗ ਪ੍ਰਯਾਤ ਵਾਲਾ ਰੂਪ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ। ਜਿਵੇਂ :
ਨਮੋ ਨਰਕ ਨਾਸੇ ।। ਸਦੈਵੰ ਪ੍ਰਕਾਸੇ ।।
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਅਨੰਗੇ ਸਰੂਪੇ ।। ਅਭੰਗੇ ਬਿਭੂਤੇ ।। (੧੪੫)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਅਨੰਗੀ ਅਨਾਮੇ ।। ਤ੍ਰਿਭੰਗੀ ਤ੍ਰਿਕਾਮੇ ।।
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਨ੍ਰਿਭੰਗੀ ਸਰੂਪੇ ।। ਸਰਬੰਗੀ ਅਨੂਪੇ ।। (੧੪੭)
। ਸ਼ ਸ਼ । ਸ਼ ਸ਼ । । ਸ਼ ਸ਼ । ਸ਼ ਸ਼
(ਗ) ਹਰਿਬੋਲਮਨਾ : ਹਰਿਬੋਲਮਨਾ ਵੀ ਇਕ ਵਰਣਿਕ ਛੰਦ ਹੈ, ਜਿਸਦਾ ਨਾਮ ‘ਤਿਲਕਾ’ ਵੀ ਹੈ। ਇਸ ਦੇ ਕੁੱਲ ਚਾਰ ਚਰਣ ਅਤੇ ਪ੍ਰਤਿ ਚਰਣ ਦੋ ਸਗਣ ਹੁੰਦੇ ਹਨ। ਇਸ ਤਰ੍ਹਾਂ ਇਸ ਦਾ ਸਰੂਪ ‘।।ਸ਼,।।ਸ਼’ ਹੈ। ਜਿਵੇਂ :
ਕਰਣਾਲਯ ਹੈਂ ।। ਅਰਿ ਘਾਲਯ ਹੈਂ ।।
। । ਸ਼ । । ਸ਼ । । ਸ਼ । । ਸ਼
ਖਲ ਖੰਡਨ ਹੈਂ ।। ਮਹਿ ਮੰਡਨ ਹੈਂ ।। (੧੭੧)
। । ਸ਼ । । ਸ਼ । । ਸ਼ । । ਸ਼
ਜਾਂ ਅਜਬਾਕ੍ਰਿਤ ਹੈਂ ।। ਅਮ੍ਰਿਤਾ ਮ੍ਰਿਤ ਹੈਂ ।।
। । ਸ਼ । । ਸ਼ । । ਸ਼ । । ਸ਼
ਨਰ ਨਾਇਕ ਹੈਂ ।। ਖਲ ਘਾਇਕ ਹੈਂ ।। (੧੮੦)
। । ਸ਼ । । ਸ਼ । । ਸ਼ । । ਸ਼
ਜਾਪੁ ਸਾਹਿਬ ਵਿਚ ਹਰਿਬੇਲਮਨਾ ਦੀ ਵਰਣਿਕ ਚਾਲ ਪੂਰੀ ਤਰ੍ਹਾਂ ਛੰਦਾਬੰਦੀ ਦੇ ਨਿਯਮਾਂ ਨੂੰ ਨਿਭਾਉਂਦੀ ਨਜ਼ਰ ਆਉਂਦੀ ਹੈ ਅਤੇ ਚਾਰਾਂ ਤੁਕਾਂ ਦਾ ਤੁਕਾਂਤ ਮੇਲ ਵੀ ਆਪਸ ’ਚ ਮੇਲ ਖਾਂਦਾ ਹੈ।
(ਘ) ਭਗਵਤੀ/ਭਗਉਤੀ : ਭਗਵਤੀ ਇਕ ਵਰਣਿਕ ਛੰਦ ਹੈ। ਦਸਮ ਗ੍ਰੰਥ ਵਿਚ ਇਸ ਦੇ ਦੋ ਰੂਪ ਆਏ ਹਨ। ਪਹਿਲਾ ਰੂਪ ‘ਸੋਮਰਾਜੀ’ ਅਰਥਾਤ ‘ਸੰਖਨਾਰੀ’ ਦਾ ਹੈ, ਜਿਸ ਦੀ ਬਣਤਰ ਇਸ ਤਰ੍ਹਾਂ ਹੈ : ਚਾਰ ਚਰਣ, ਪ੍ਰਤਿ ਚਰਣ ਦੋ ਯਗਣ ( ।ਸ਼ਸ਼,।ਸ਼ਸ਼) ਭਗਵਤੀ ਦਾ ਦੂਜਾ ਰੂਪ ਜਿਹੜਾ ਜਾਪੁ ਸਾਹਿਬ ਵਿਚ ਵਰਤਿਆ ਗਿਆ ਹੈ, ਉਸਦੇ ਲੱਛਣ ਹਨ : ਚਾਰ ਚਰਣ, ਪ੍ਰਤਿ ਚਰਣ ਜਗਣ, ਸਗਣ, ਲਘੂ ਤੇ ਗੁਰੂ (।ਸ਼।,।।ਸ਼,।ਸ਼)। ਜਿਵੇਂ :
ਕਿ ਜਾਹਿਰ ਜਹੂਰ ਹੈਂ ।। ਕਿ ਹਾਜਿਰ ਹਜੂਰ ਹੈਂ ।।
। ਸ਼ । । । ਸ਼ । ਸ਼ । ਸ਼ । । । ਸ਼ । ਸ਼
ਹਮੇਸੁਲ ਸਲਾਮ ਹੈਂ ।। ਸਮਸਤੁਲ ਕਲਾਮ ਹੈਂ ।। (੧੫੦)
। ਸ਼ । । । ਸ਼ । ਸ਼ । ਸ਼ । । । ਸ਼ । ਸ਼
ਇਸ ਛੰਦ ਦੀ ਗਣਿਕ ਚਾਲ ਜਾਪੁ ਸਾਹਿਬ ਵਿਚ ਕਿਸੇ ਕਿਸੇ ਥਾਂ ਟੁੱਟਦੀ ਵੀ ਨਜ਼ਰ ਆਉਂਦੀ ਹੈ ਅਤੇ ਨਾਲ ਹੀ ਕਿਤੇ ਕਿਤੇ ‘ਸੰਖਨਾਰੀ’ ਦਾ ਰੂਪ (ਦੋ ਯਗਣ) ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਜਿਵੇਂ :
ਕਿ ਰੋਜੀ ਰਜਾਕੈ ।। ਰਹੀਮੈ ਰਿਹਾਕੈ ।। (੧੦੮)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਜਾਂ ਓਅੰ ਆਦਿ ਰੂਪੇ ।। ਅਨਾਦਿ ਸਰੂਪੇ ।।
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
ਅਨੰਗੀ ਅਨਾਮੇ ।। ਤ੍ਰਿਭੰਗੀ ਤ੍ਰਿਕਾਮੇ ।। (੧੨੮)
। ਸ਼ ਸ਼ । ਸ਼ ਸ਼ । ਸ਼ ਸ਼ । ਸ਼ ਸ਼
(ਙ) ਏਕ ਅੱਛਰੀ : ਏਕ ਅੱਛਰੀ ਇਕ ਵਰਣਿਕ ਛੰਦ ਹੈ, ਜਿਸ ਦੇ ਕਈ ਉਪਭੇਦ ਮਿਲਦੇ ਹਨ :
(੧) ਇਸ ਦਾ ਪਹਿਲਾ ਰੂਪ ਚਾਰ ਚਰਣ, ਪ੍ਰਤਿ ਚਰਣ ਇਕ-ਇਕ ਗੁਰੂ ਹੈ। ਇਸ ਰੂਪ ਨੂੰ ‘ਸ੍ਰੀ’ ਦਾ ਨਾਂ ਦਿੱਤਾ ਜਾਂਦਾ ਹੈ।
(੨) ਏਕ ਅੱਛਰੀ ਦਾ ਦੂਜਾ ਭੇਦ ‘ਮਾਹੀ’ ਛੰਦ ਵਾਲਾ ਹੈ। ਜਦੋਂ ਮਾਹੀ ਛੰਦ ਦੇ ਚਾਰਾਂ ਚਰਣਾਂ ਦੇ ਆਰੰਭ ਵਿਚ ਇੱਕੋ ਅੱਖਰ/ਵਰਣ ਹੋਵੇ ਅਤੇ ਪ੍ਰਤਿ ਚਰਣ ਇਕ ਲਘੂ ਇੱਕ ਗੁਰੂ ਹੋਵੇ ਤਾਂ ਇਹ ਰੂਪ ਸਾਹਮਣੇ ਆਉਂਦਾ ਹੈ। ਜਾਪੁ ਸਾਹਿਬ ਵਿਚ ਇਸ ਰੂਪ ਦੀ ਵਰਤੋਂ ਇਸ ਤਰ੍ਹਾਂ ਹੋਈ ਮਿਲਦੀ ਹੈ :
ਅਜੈ ।। ਅਲੈ ।। ਅਭੈ ।। ਅਬੈ ।। (੧੮੯)
। ਸ਼ । ਸ਼ । ਸ਼ । ਸ਼
(੩) ਏਕ ਅੱਛਰੀ ਦਾ ਤੀਜਾ ਰੂਪ ਮ੍ਰਿਗੇਂਦ੍ਰ ਛੰਦ ਦਾ ਹੈ। ਜਦੋਂ ਮ੍ਰਿਗੇਂਦਰ ਛੰਦ ਦੇ ਚਾਰਾਂ ਚਰਣਾਂ ਦੇ ਆਦਿ ਵਿਚ ਇਕ ਅੱਖਰ ਜਾਂ ਵਰਣ ਹੋਵੇ ਅਤੇ ਪ੍ਰਤਿ ਚਰਣ ਇਕ ਜਗਣ (।ਸ਼।) ਵਰਤਿਆ ਜਾਵੇ ਤਾਂ ਇਹ ਰੂਪ ਦਿਖਾਈ ਦਿੰਦਾ ਹੈ। ਜਾਪੁ ਸਾਹਿਬ ਵਿਚ ਏਕ ਅੱਛਰੀ ਦਾ ਮ੍ਰਿਗੇਂਦਰ ਛੰਦ ਵਾਲਾ ਰੂਪ ਵੀ ਵਰਤਿਆ ਮਿਲਦਾ ਹੈ :
ਅਨਾਮ ।। ਅਕਾਮ ।। ਅਗਾਹ ।। ਅਢਾਹ ।। (੧੯੩)
। ਸ਼ । । ਸ਼ । । ਸ਼ । । ਸ਼ । ਜਾਂ
ਅਕਾਲ ।। ਦਿਆਲ ।। ਅਲੇਖ ।। ਅਭੇਖ ।। (੧੯੨)
। ਸ਼ । । ਸ਼ । । ਸ਼ । । ਸ਼ ।
(੪) ਏਕ ਅੱਤਰੀ ਦਾ ਚੌਥਾ ਰੂਪ ਸ਼ਸ਼ੀ ਛੰਦ ਦੇ ਚੌਹਾਂ ਚਰਣਾਂ ਦੇ ਆਦਿ ਵਿਚ ਇੱਕੋ ਅੱਖਰ ਲਾਉਣ ਅਤੇ ਪ੍ਰਤਿ ਚਰਣ ਇਕ ਯਗਣ (।ਸ਼ਸ਼) ਦੀ ਵਰਤੋਂ ਨਾਲ ਹੋਂਦ ’ਚ ਆਉਂਦਾ ਹੈ। ਜਾਪੁ ਸਾਹਿਬ ਵਿਚ ਇਸ ਰੂਪ ਦੀ ਵਰਤੋਂ ਇੰਝ ਹੋਈ ਮਿਲਦੀ ਹੈ :
ਨ ਰਾਗੇ ।। ਨ ਰੰਗੇ ।। ਨ ਰੂਪੇ ।। ਨ ਰੇਖੇ ।।
। ਸ਼ਸ਼ । ਸ਼ਸ਼ । ਸ਼ਸ਼ । ਸ਼ਸ਼
(੫) ਏਕ ਅੱਤਰੀ ਦਾ ਪੰਜਵਾਂ ਰੂਪ ਉਦੋਂ ਬਣਦਾ ਹੈ, ਜਦੋਂ ਸਾਰਾ ਛੰਦ ਇੱਕੋ ਅੱਖਰ ਜਾਂ ਵਰਣ ਨਾਲ ਹੀ ਰਚਿਆ ਜਾਵੇ। ਬੇਸ਼ੱਕ ਇਹ ਕਿਸੇ ਵੀ ਛੰਦ-ਸ਼੍ਰੇਣੀ ਦਾ ਹੀ ਹੋਵੇ। ਜਾਪੁ ਸਾਹਿਬ ਵਿਚ ਏਕ ਅੱਛਰੀ ਦਾ ਇਹ ਰੂਪ ਨਹੀਂ ਵਰਤਿਆ ਗਿਆ।
ਇਸ ਤਰ੍ਹਾਂ ਜਾਪੁ ਸਾਹਿਬ ਵਿਚ ਚਾਚਰੀ ਛੰਦ ਤੇ ਤਿੰਨ ਰੂਪ ਮਾਹੀ ਛੰਦ ਵਾਲਾ, ਮ੍ਰਿਗੇਂਦਰ ਛੰਦ ਵਾਲਾ ਅਤੇ ਸ਼ਸ਼ੀ ਛੰਦ ਵਾਲਾ ਵਰਤੋਂ ਵਿਚ ਆਏ ਮਿਲਦੇ ਹਨ, ਜਿਨ੍ਹਾਂ ਦਾ ਨਿਭਾਉ ਰਚਨਾ ਵਿਚ ਛੰਦਾਬੰਦੀ ਦੇ ਨੇਮਾਂ ਅਨੁਸਾਰ ਪੂਰੀ ਪ੍ਰਬੀਨਤਾ ਸਹਿਤ ਹੋਇਆ ਮਿਲਦਾ ਹੈ। ਇਸ ਰੂਪ ਦੀ ਵਰਣਿਕ ਚਾਲ ਕਿਤੇ ਵੀ ਟੁੱਟਦੀ ਦਿਖਾਈ ਨਹੀਂ ਦਿੰਦੀ। ਦਸਮ ਗ੍ਰੰਥ ਵਿਚਲੇ ਛੰਦ-ਰੂਪਾਂ ਵਿਚ ‘ਏਕ ਅੱਛਰੀ’ ਇੱਕੋ ਇੱਕ ਅਜਿਹਾ ਛੰਦ ਹੈ, ਜਿਹੜਾ ਕੇਵਲ ਜਾਪੁ ਸਾਹਿਬ ਵਿਚ ਹੀ ਵਰਤਿਆ ਗਿਆ ਹੈ। ਅਰਥਾਤ ਜਾਪੁ ਸਾਹਿਬ ਦੇ ਛੰਦ-ਵਿਧਾਨ ਵਿਚ ਆਏ ਵਿਭਿੰਨ ਛੰਦ-ਰੂਪਾਂ ਵਿਚ ‘ਏਕ ਅੱਛਰੀ’ ਛੰਦ-ਰੂਪ ਦਸਮ-ਗ੍ਰੰਥ ਦੀ ਕਿਸੇ ਹੋਰ ਰਚਨਾ ਵਿਚ ਨਹੀਂ ਵਰਤਿਆ ਗਿਆ।
ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ’ਤੇ ਜਦੋਂ ਅਸੀਂ ਜਾਪੁ ਸਾਹਿਬ ਦੇ ਸਮੁੱਚੇ ਛੰਦ-ਵਿਧਾਨ ਨੂੰ ਵੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਸ ਰਚਨਾ ਵਿਚ ਵਰਤੇ ਗਏ ਕੁੱਲ ਦਸ ਪ੍ਰਕਾਰ ਦੇ ਛੰਦ-ਰੂਪਾਂ ਵਿੱਚੋਂ ਦੋ ਮਾਤ੍ਰਿਕ (ਛਪੈ ਤੇ ਮਧੁਭਾਰ), ਸੱਤ ਵਰਣਿਕ (ਚਾਚਰੀ, ਚਰਪਟ, ਰੂਆਲ, ਰਸਾਵਲ, ਹਰਿਬੋਲਮਨਾ, ਭਗਵਤੀ ਅਤੇ ਏਕ ਅੱਛਰੀ) ਅਤੇ ਇਕ ਗਣਿਕ (ਭੁਜੰਗ ਪ੍ਰਯਾਤ) ਛੰਦ ਹਨ। ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਛੰਦ-ਰੂਪਾਂ ਨੂੰ ਵਰਤੋਂ ਵਿਚ ਲਿਆਉਂਦਿਆਂ ਹੋਇਆ ਅੱਗੋਂ ਇਨ੍ਹਾਂ ਦੇ ਹੋਰਨਾਂ ਵੱਖ-ਵੱਖ ਉਪ-ਰੂਪਾਂ ਨੂੰ ਵੀ ਪੂਰੀ ਸਫ਼ਲਤਾ ਪੂਰਵਕ ਨਿਭਾਇਆ ਗਿਆ ਹੈ। ਜਾਪੁ ਸਾਹਿਬ ਦੇ ਪਾਠ ਦਾ ਛੰਦ-ਪ੍ਰਵਾਹ ਕਈ ਵਾਰੀ ਸੱਪ ਦੀ ਚਾਲ ਦੇ ਅਨੁਰੂਪ ਚਲਦਾ ਹੈ, ਫਿਰ ਯੁੱਧ ਦੀ ਤੇਜ ਤੇ ਤੀਬਰ ਗਤੀ ਅਨੁਰੂਪ ਪੈਂਤੜਾ ਬਦਲ ਲੈਂਦਾ ਹੈ ਅਤੇ ਕਦੀ ਧੀਮੀ ਚਾਲ ਵਜੋਂ ਚਲਦਾ ਹੋਇਆ ਵੀ ਪ੍ਰਤੀਤ ਹੁੰਦਾ ਹੈ। ਮੂਲ ਵਿਚਾਰ ਦੀ ਪ੍ਰਸਤੁਤੀ ਲਈ ਬੇਸ਼ੱਕ ਕਿਤੇ ਕਿਤੇ ਕੁੱਝ ਛੰਦਾਂ ਦੀ ਮਾਤ੍ਰਿਕ ਗਿਣਤੀ, ਵਰਣਿਕ ਹਿਸਾਬ ਅਤੇ ਗਣਿਕ ਚਾਲ ਘੱਟ-ਵੱਧ ਜਾਪਦੀ ਹੈ, ਪਰੰਤੂ ਸਮੁੱਚੇ ਤੌਰ ’ਤੇ ਇਸ ਰਚਨਾ ਦਾ ਛੰਦ-ਵਿਧਾਨ ਵਧੇਰੇ ਸਫ਼ਲ ਹੈ, ਜਿਹੜਾ ਛੰਦਾਬੰਦੀ ਦੇ ਅਨੁਸ਼ਾਸ਼ਨ ਨੂੰ ਪੂਰੀ ਪ੍ਰਬੀਨਤਾ ਸਹਿਤ ਨਿਭਾਉਂਦਾ ਹੈ।
ਹਵਾਲੇ
੧. ਰਤਨ ਸਿੰਘ ਜੱਗੀ, ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ ੫੨੦
੨. ਉਹੀ, ਪੰਨਾ ੫੧੮
੩. ਇਕਬਾਲ ਸਿੰਘ ਢਿੱਲੋਂ, ਪੰਜਾਬੀ ਛੰਦ-ਸ਼ਾਸਤਰ, ਪੰਨਾ ੧੩
੪. ਸੰਤ ਸਿੰਘ ਸੇਖੋਂ, ਸਾਹਿਤਿਆਰਥ, ਪੰਨਾ ੨੨੧
੫. ਪ੍ਰੇਮ ਪ੍ਰਕਾਸ਼ ਸਿੰਘ, ਕਾਵਿ ਦੇ ਤੱਤ, ਪੰਨਾ ੧੫੧
੬. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ ੪੯੫
੭. ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ ੫੧੯
੮. ਉਹੀ, ਪੰਨਾ ੫੨੩
੯. ਉਹੀ, ਪੰਨਾ ੫੨੪
੧੦. ਸੁਖਪਾਲਵੀਰ ਸਿੰਘ ਹਸਰਤ, ਪੰਜਾਬੀ ਬੀਰ ਸਾਹਿਤ, ਪੰਨਾ ੧੭੨