
ਸਾਧ-ਸੰਤ
(ਇਹ ਨੀਸਾਣੀ ਸਾਧ ਕੀ....)
ਜਾਂ ‘ਸਾਧੂ’ ਹਿੰਦੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ ਦੇ ਹਨ। ਸੰਤ ਸਾਧ ਵੀ ਭਲੇ ਤੇ ਧਰਮਾਤਮਾ ਪੁਰਸ਼ ਨੂੰ ਕਿਹਾ ਜਾਂਦਾ ਹੈ। ਸਿੱਖ ਧਰਮ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਹੈ ਤੇ ਨਾ ਉਸ ਲਈ ਕੋਈ ਖ਼ਾਸ ਲਿਬਾਸ ਨੀਯਤ ਹੈ।
ਭਗਤ ਕਬੀਰ ਜੀ ਦੱਸਦੇ ਹਨ ਕਿ ਸੰਤ ਆਪਣਾ ਸ਼ਾਂਤ ਸੁਭਾਓ ਨਹੀਂ ਤਿਆਗਦਾ, ਭਾਵੇਂ ਉਸ ਦਾ ਕਰੋੜਾਂ ਭੈੜੇ-ਬੰਦਿਆਂ ਨਾਲ ਵਾਹ ਪੈਂਦਾ ਰਹੇ। (ਜਿਵੇਂ) ਚੰਦਨ ਦਾ ਬੂਟਾ, ਸੱਪਾਂ ਨਾਲ ਘਿਰਿਆ ਰਹਿੰਦਾ ਹੈ ਪਰ ਉਹ ਆਪਣੀ ਅੰਦਰਲੀ ਠੰਡਕ ਨਹੀਂ ਛੱਡਦਾ-
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤੰਜਤ॥
(ਪੰਨਾ 1373)
ਜੋ ਅਜਿਹੇ ਗੁਣਾਂ ਤੋਂ ਹੀਣਾ ਹੈ ਤੇ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਉਹ ਸੰਤ ਨਹੀਂ, ਅਸੰਤ ਹੈ। ਇਸ ਤਰ੍ਹਾਂ ਦੇ ਅਸੰਤਾਂ ਨੇ ਚੋਲੇ, ਸਿਰ ’ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਾਊਏ ਪਾ ਕੇ ਆਪਣਾ ਪਹਿਰਾਵਾ ਵੀ ਖ਼ਾਸ ਬਣਾਇਆ ਹੈ।
ਅਗਿਆਨੀ ਲੋਕਾਂ ਨੇ ਇਨ੍ਹਾਂ ਦਾ ਅਨੋਖਾ ਦਿਲ-ਖਿੱਚਵਾਂ ਲਿਬਾਸ ਦੇਖ ਕੇ ਹੀ ਇਨ੍ਹਾਂ ਨੂੰ ਸੰਤ ਮੰਨ ਲਿਆ ਹੈ। ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ-
ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ॥
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ॥
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ॥
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ॥
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ॥
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥
(ਵਾਰ 35-17, ਪੰਨਾ 172)
ਭਾਵ ਜਿਵੇਂ ਧਰੇਕ/ਡੇਕ ਦੇ ਗੁੱਛੇ ਨੂੰ ਦਾਖ਼ਾਂ ਦਾ ਗੁੱਛਾ ਕਿਸ ਤਰ੍ਹਾਂ ਕਿਹਾ ਜਾਵੇ? (ਭਾਵ ਨਹੀਂ ਕਿਹਾ ਜਾਂਦਾ) ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ। ਜਿਸ ਤਰ੍ਹਾਂ ਦੇ ਗਹਿਣਿਆਂ ਦੀ ਕੋਈ ਸਾਖ ਨਹੀਂ ਭਰਦਾ ਕਿ ਇਹ ਸੋਨੇ ਦੇ ਗਹਿਣੇ ਹਨ। ਬਿਲੌਰ ਹੀਰਿਆਂ ਦੇ ਤੁਲ ਨਹੀਂ ਪੁੱਜਦਾ ਕਿਉਂਕਿ ਹੀਰੇ ਬੜੇ ਕੀਮਤੀ ਹੁੰਦੇ ਹਨ। ਲੱਸੀ ਤੇ ਦੁੱਧ ਦੋਵੇਂ ਚਿੱਟੇ ਰੰਗ ਦੇ ਦਿੱਸਦੇ ਹਨ ਪਰ ਗੁਣ ਤੇ ਸੁਆਦ ਤੋਂ ਉਨ੍ਹਾਂ ਦਾ ਨਿਰਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧ ਤੇ ਅਸਾਧ ਕਰਮਾਂ ਤੇ ਬੋਲੀ ਤੋਂ ਪਰਖੇ ਜਾਂਦੇ ਹਨ। ਜਿਵੇਂ ਗੁਲਾਬਾਸੀ ਦਾ ਫ਼ੁੱਲ ਕਿੰਨਾ ਵੀ ਕਹੇ ਕਿ ਮੈਂ ਗੁਲਾਬ ਦੇ ਫ਼ੁੱਲ ਜਿੰਨੀ ਖੁਸ਼ਬੋ ਦੇਣ ਦੀ ਸਮਰੱਥਾ ਰੱਖਦਾ ਹਾਂ ਪਰ ਸਿਆਣਾ ਮਨੁੱਖ/ਭੌਰ ਕਦੇ ਵੀ ਉਸਦੇ ਭਾਢੇ (ਝਾਂਸੇ) ਵਿੱਚ ਨਹੀਂ ਆਉਣਗੇ। ਬਾਣੀ ਕੇ ਬੋਹਿਥ, ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ-
ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ॥
ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ॥
ਦਯਾ¦ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਰ॥
ਉਪਦੇਸੰ ਸਮ ਪਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ॥
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪ ਤਿਆਗਿ ਸਗਲ ਰੇਣੁਕਹ॥
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥
(ਪੰਨਾ 1357)
ਭਾਵ ਪ੍ਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿੱਚ ਸੁਰਤ ਜੋੜਨੀ, ਸੁੱਖਾਂ-ਦੁੱਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ-ਰਹਿਤ ਜੀਵਨ ਜੀਉਣਾ, ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ, ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਉਣਾ ਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫ਼ੁੱਲ ਪਾਣੀ ਤੋਂ, ਸੱਜਣ ਤੇ ਵੈਰੀ ਨਾਲ
ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਪਿਆਰ ਬਣਾਉਣਾ, ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾ ਸੁਣਨਾ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ।
‘ਪੂਰਨ ਪੁਰਖਾਂ’ ਵਿੱਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਹੀ ਸਾਧ, ਗੁਰਮੁਖ ਆਖੀਦਾ ਹੈ। ਅਜੋਕੇ ਸਮੇਂ ਵਿੱਚ ਪਤਾ ਨਹੀਂ ਬਰਸਾਤੀ ਡੱਡੂਆਂ ਵਾਂਗ ਅਖੌਤੀ ਸੰਤ ਕਿੱਥੋਂ ਨਿਕਲ ਆਏ ਹਨ? ਜੇਕਰ ‘ਭਿੱਖਾ’ ਜੱਟ ਜੀ ਅੱਜ ਫਿਰ ਸੰਸਾਰ ’ਤੇ ਆਉਣ ਤਾਂ ਉਹ ਫਿਰ ਗੁਰੂ ਸਾਹਿਬ ਨੂੰ ਕਹਿਣਗੇ-
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
(ਪੰਨਾ 1395)
ਪਰ ਕਿਸੇ ਨੇ ਮੇਰੀ ਨਿਸ਼ਾ ਨਹੀਂ ਕਰਾਈ।
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਰ ਕੇ ਗੁਣ ਹਉ ਕਿਆ ਕਹਉ॥
(ਪੰਨਾ 1396)
ਭਾਵ ਸਾਰੇ ਆਖਦੇ ਹੀ ਆਖਦੇ (ਹੋਰਨਾਂ ਨੂੰ ਉਪਦੇਸ਼ ਕਰਦੇ) ਹੀ ਸੁਣੇ ਜਾਂਦੇ ਹਨ ਪਰ ਕਿਸੇ ਦੀ ਰਹਤ ਦੇਖ ਕੇ ਮੈਨੂੰ ਅਨੰਦ ਨਹੀਂ ਆਇਆ। ਉਨ੍ਹਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ? ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ ਮਾਇਆ ਦੇ ਪਿਆਰ) ਵਿੱਚ ਲੱਗੇ ਹੋਏ ਹਨ। ਅਖੌਤੀ ਸੰਤਾਂ ਕੋਲ ਕੇਵਲ ਭੇਖ ਹੀ ਭੇਖ ਹੈ, ਉਨ੍ਹਾਂ ਦੇ ਅੰਦਰੋਂ ਚੰਗਿਆਈ ਭਾਵ ਗੁਣ ਜਾਂਦੇ ਰਹੇ ਹਨ। ਉਨ੍ਹਾਂ ਨੇ ‘ਸਾਧ-ਸੰਤ’ ਦੇ ਪਦ ਦੀ ਮਹੱਤਤਾ ਹੀ ਘਟਾ ਦਿੱਤੀ ਹੈ ਤਾਂ ਹੀ ਭਗਤ ਕਬੀਰ ਜੀ
ਕਹਿੰਦੇ ਹਨਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥
(ਪੰਨਾ 476)
ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਕਈ ਅਖੌਤੀ ਸਾਧ ਤਾਂ ਆਪਣੇ ਆਪ ਨੂੰ ਗੁਰੂ/ਮਹਾਰਾਜ ਵੀ ਅਖਵਾਉਂਦੇ ਹਨ। ਭਾਵ ਗੁਰੂ/ ਅਵਤਾਰ ਦਾ ਦੰਭ ਵੀ ਰਚੀ ਬੈਠੇ ਹਨ। ਜਿਵੇਂ ਨੀਚ ਭਨਿਆਰੇ ਵਾਲਾ, ਆਸ਼ੂਤੋਸ਼, ਜੁਗਰਾਜ ਸਿੰਘ (ਨਿਸ਼ਾਨ-ਏ-ਖਾਲਸਾ) ਆਦਿ। ਅੱਜ ਇਹੋ ਜਿਹੇ ਪਖੰਡੀ ਸਾਧ, ਗੁਰੂ ਸਾਹਿਬਾਨ ਦੀ ਰੀਸ ਕਰ ਰਹੇ ਹਨ ਜਿਵੇਂ ਬਗਲੇ ਹੰਸਾਂ ਦੀ ਰੀਸ ਕਰਦੇ-ਕਰਦੇ ਭੁਬ ਮਰਦੇ ਹਨ।
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥
ਡੁਬਿ ਮੁਏ ਬਗੁ ਬਪੁੜੇ ਸਿਰੁ ਤਲਿ ਉਪਰਿ ਪਾਉ॥ (ਪੰਨਾ 1384)
ਭਾਵ ਹੰਸਾਂ ਨੂੰ ਤਰਦਿਆਂ ਦੇਖ ਕੇ ਬਗਲਿਆਂ ਨੂੰ ਵੀ ਚਾਉ ਆ ਗਿਆ ਪਰ ਵਿਚਾਰੇ ਬਗਲੇ (ਇਹ ਉਦਮ ਕਰਦੇ) ਸਿਰ ਹੇਠਾਂ ਤੇ ਪੈਰ ਉਪਰ (ਹੋ ਕੇ) ਡੁੱਬ ਕੇ ਮਰ ਗਏ। ਇਹ ਹਾਲਤ ਐਸੇ ਅਖੌਤੀ ਸੰਤਾਂ ਦੀ ਹੋਵੇਗੀ। ਇਹ ਵੀ ਅਗਿਆਨਤਾ ਦੇ ਡੂੰਘੇ ਸਮੁੰਦਰ ਵਿੱਚ ਗਿਆਨਜ ੁਗਤੀ ਤੋਂ ਬਗੈਰ ਡੁੱਬ ਮਰਨਗੇ ਅਤੇ ਇਨ੍ਹਾਂ ਦੇ ਚੇਲੇ-ਚਾਟੜੇ ਵੀ ਗੋਤੇ ਖਾਂਦੇ, ਡੁੱਬਦੇ, ਮਰਦੇ ਕਹਿਣਗੇ-
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥ (ਪੰਨਾ 1384)
ਯਾਦ ਰਹੇ ਕਿ ਜਿੰਨੀ ਦੇਰ ਤੱਕ ਗੁਰਬਾਣੀ ਦੀ ਕਸਵੱਟੀ ਮੁਤਾਬਿਕ ਸੰਤ ਵਿਚਲੇ ਗੁਣ, ਲੱਛਣਾਂ ਬਾਰੇ ਜਾਣਕਾਰੀ ਨਹੀਂ, ਓਨੀਂ ਦੇਰ ਤੱਕ ਅਸੀਂ ਸੰਤ ਤੇ ਅਸੰਤ ਦੀ ਠੀਕ ਪਹਿਚਾਣ ਨਹੀਂ ਕਰ ਸਕਦੇ। ਅਸੰਤ/ ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੀ ਵੀ ਆਤਮਿਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ। ਉਹ ਗਿਆਨ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਹੈ ਤੇ ਮਾਇਆ ਵਿੱਚ ਵੀ ਖ਼ਚਤ ਰਹਿੰਦਾ ਹੈ।
(ਇਹੋ ਜਿਹਾ ਮਾਇਆ ਦੇ ਮੋਹ ਵਿੱਚ) ਅੰਨ੍ਹਾ ਤੇ ਗਿਆਨਹੀਣ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿੱਚ) ਕਦੇ ਕਾਮਯਾਬ ਨਹੀਂ ਹੁੰਦਾ-
ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥ (ਪੰਨਾ 160)
ਗੁਰੂ ਅਰਜਨ ਦੇਵ ਸਾਹਿਬ ਜੀ ਪੂਰਨ ਸੰਤ ਦੀ ਪਰਿਭਾਸ਼ਾ ਦੱਸਦੇ
ਹੋਏ ਬਖ਼ਸ਼ਿਸ਼ ਕਰਦੇ ਹਨ-
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨ ਸੋਈ ਸੰਤੁ॥ (ਪੰਨਾ 319)
ਪੇਸੇ ਸਾ ਜੁਜੁ ਯਾਦਿ ਹੱਕ ਮਨਜ਼ੂਰ ਨੇਸ੍ਹਤ॥ (ਜਿੰਦਗੀ ਨਾਮਹ)
ਭਾਵ ਉਨ੍ਹਾਂ ਦੇ ਅੱਗੇ ਨਿਰੰਕਾਰ ਦੇ ਸਿਮਰਨ ਤੋਂ ਛੁਟ ਹੋਰ ਕੁਝ ਮੰਨਜ਼ੂਰ ਨਹੀਂ, ਉਨ੍ਹਾਂ ਨੂੰ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਵਸਤੂ ਦੀ ਪ੍ਰਵਾਹ ਨਹੀਂ। ਭਗਤੀ ਦੀ ਚਰਚਾ ਤੋਂ ਛੁਟ (ਹੋਰ ਗੱਲਾਂ ਕਰਨ ਦਾ) ਉਨ੍ਹਾਂ ਦਾ ਵਤੀਰਾ ਨਹੀਂ।
ਸਾਧੁ ਕੀ ਸੁਜਨਤਾਈ ਪਾਹਨ ਕੀ ਰੇਖ ਪ੍ਰੀਤਿ, ਬੈਰ ਜਲ ਰੇਖ ਹ੍ਵੈ ਬਿਸੇਖ ਸਾਧੁ ਸੰਗ ਮੈਂ॥
ਦੁਰਜਨਤਾ ਅਸਾਧੁ, ਪ੍ਰੀਤਿ ਜਲ ਰੇਖ ਅਰੁ, ਵੈਰ ਤੋ ਪਾਖਾਨ ਰੇਖ ਸੇਖ ਅੰਗ ਅੰਗ ਮੈਂ॥
ਸਾਧ ਦੀ ਪ੍ਰੀਤੀ ਪੱਥਰ ਦੀ ਲੀਕ ਵਾਂਗੂ ਸਦਾ ਸਥਿਰ ਰਹਿੰਦੀ ਹੈ ਤੇ ਵੈਰ ਉਸਦਾ ਪਾਣੀ ਦੀ ਲੀਕ ਵਾਂਗੂ ਇਕ ਛਿਨ ਵਿੱਚ ਨਾਸ਼ ਹੋ ਜਾਂਦਾ ਹੈ, ਪਰ ਅਸਾਧ ਭਾਵ ਬੁਰੇ ਪੁਰਸ਼ ਦਾ ਵੈਰ ਪੱਥਰ ਦੀ ਲੀਕ ਵਾਂਗੂ ਤੇ ਪ੍ਰੇਮ/ਪ੍ਰੀਤੀ ਪਾਣੀ ਦੀ ਲੀਕ ਵਾਂਗੂ ਇਕ ਛਿਨ ਵਿੱਚ ਨਾਸ਼ ਹੋ ਜਾਂਦੀ ਹੈ।
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥
ਜਮਕੰਕਰ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ॥
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ॥
(ਪੰਨਾ 320)
ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਅਖੌਤੀ ਸੰਤ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੂੰ ਤੋੜ-ਮਰੋੜ ਕੇ ਧਾਰਨਾ ਲਾ-ਲਾ ਸ਼ਬਦ ਪੜ੍ਹ ਰਹੇ ਹਨ ਤੇ ਗੁਰਬਾਣੀ ਦੇ ਆਪਣੀ ਮਤ ਮੁਤਾਬਿਕ ਅਰਥ ਕਰ-ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਹਾਰ ਕਰਕੇ ਆਪਣੇ ਨਾਲ ਜੋੜ ਕੇ ਤੇ ਗੁਰਬਾਣੀ/ਪ੍ਰਮਾਤਮਾ ਨਾਲੋਂ ਤੋੜ ਕੇ ਆਪਣੇ-ਆਪਣੇ ਨਾਮ ਤੇ ਸੰਪ੍ਰਦਾਵਾਂ ਬਣਾਉਣ ਵਿੱਚ ਲੱਗੇ ਹੋਏ ਹਨ। ਭੋਲੇ ਭਾਲੇ ਲੋਕਾਂ ਤੋਂ ਪਿਆਰ-ਪਿਆਰ ਨਾਲ ਹੀ ਨਹੀਂ ਬਲਕਿ ਧੱਕੇ ਨਾਲ ਵੀ ਪੈਸੇ ਬਟੋਰ ਕੇ
ਨਿੱਜੀ ਜਾਇਦਾਦ ਬਣਾ ਰਹੇ ਹਨ। ਸਰਕਾਰੇ-ਦਰਬਾਰੇ ਵੀ ਇਨ੍ਹਾਂ ਦੀ ਪੂਰੀ ਚੱਲਦੀ ਹੈ। ਕਈ ਵਾਰ ਤਾਂ ਇਹ ਸੰਤ ਸਮਾਜ ‘ਅਕਾਲ ਤਖ਼ਤ ਸਾਹਿਬ’ ’ਤੇ ਵੀ ਹਾਵੀ ਹੋ ਜਾਂਦਾ ਹੈ। ਸੰਗਤਾਂ ਤੋਂ ਲੁੱਟਿਆ ਤੇ ਠੱਗਿਆ ਪੈਸਾ ਇਹ ਇਲੈਕਸ਼ਨਾਂ ਦੇ ਦੌਰ ਵਿੱਚ ਸਿਆਸੀ ਅਤੇ ਅਖੌਤੀ ਪੰਥਕ ਆਗੂਆਂ ਨੂੰ ਖੂਬ ਵੰਡਦੇ ਹਨ। ਦੂਸਰਾ ਇਨ੍ਹਾਂ ਦੀ ਇਹ ਵੀ ਸਿਫ਼ਤ ਹੈ ਕਿ ਇਹ ਇਲੈਕਸ਼ਨ ’ਚ ਵੀ ਭ੍ਰਿਸ਼ਟਾਚਾਰੀ, ਨਸ਼ਈ, ਵਿਭਚਾਰੀ ਨੂੰ ਹੀ ਆਪਣੇ ਚੇਲੇ-ਚਾਟੜਿਆਂ ਤੋਂ ਵੋਟਾਂ ਪੁਆ ਕੇ ਜਿਤਾਉਂਦੇ ਹਨ, ਕਿਉਂਕਿ ਇਹ ਸੋਚਦੇ ਹਨ ਕਿ ਜੇਕਰ ਕੱਲ੍ਹ ਨੂੰ ਆਪਣੀ ਕੋਈ ਅਜਿਹੀ ਬੁਰਿਆਈ ਸੰਗਤ ਦੇ ਸਾਹਮਣੇ ਆ ਜਾਵੇ ਤਾਂ ਆਪਣਾ ਬਣਾਇਆ/ਖਰੀਦਿਆ ਆਗੂ ਕੰਮ ਆ ਜਾਏ!
ਅਸੀਂ ਓਨੀਂ ਦੇਰ ਪਾਖੰਡੀ ਸਾਧਾਂ-ਸੰਤਾਂ ਤੇ ਅਖੌਤੀ ਗੁਰੂਆਂ ਦੇ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਦੇ, ਜਿੰਨੀ ਦੇਰ ਤੱਕ ਅਸੀਂ ਗੁਰਮਤਿ/ਗੁਰਬਾਣੀ ਦੀ ਸਹੀ ਸੋਝੀ ਪ੍ਰਾਪਤ ਕਰਕੇ ਆਪਣੇ ਅਮਲੀ ਜੀਵਨ ਵਿੱਚ ਨਹੀਂ ਲਿਆਉਂਦੇ।
(ਨਿਸ਼ਾਨ ਸਿੰਘ ਗੰਡੀਵਿੰਡ, ਅੰਮ੍ਰਿਤਸਰ)
Dear Sardar Sahib jeeo,
Sat Sri Akal.
Your article is timely at this election time and to-the-point. Please accept my congratulations. It is common practice in Punjab for the 'nakli' saadus and sants to receive the politicians and bless them with victory at the elections. It is too much to know that some of them provide money to these politicians, which of course they compel their 'chelas' or devotees only to part with. They also get them votes from their chelas and all other people whom they hold under their mesmerism. No true 'sadh' or Sant can indulge in such things.
There seems to be no way to put an end to such silly practices. The politicians will not stop going to them as it subserves their selfish ends. People are ignorant and gullible and not knowing the truth. They are afraid of these Sants as they fear curse from them. Administration like the D.C's and S.S.P's have no powers to stop such an unethical practice.
Then what the way out?
The way out to my mind is that the media i.e. press should take it up and unmask and expose such pseudo sants. In addition, the learned people, educated elite should take it up as a challenge and do 'parda-fash' of such 'akhauti' & self-styled sants.
- Ujagar Singh in Chennai