
ਸਵੱਯੇ ਪਾਤਸ਼ਾਹੀ 10 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਨਮੋਲ ਬਾਣੀ
-ਡਾ. ਗੁਰਚਰਨ ਸਿੰਘ
ਅੰਮ੍ਰਿਤ ਤੇ ਨਿਤਨੇਮ ਦੀ ਬਾਣੀ ਸਵੱਯੇ॥ ਪਾ. 10॥ ਦਾ ਪਾਠ ਸਿੱਖੀ ਦੀ ਮਰਯਾਦਾ ਵਿਚ ਅੰਮ੍ਰਿਤ ਦੀ ਤਿਆਰੀ ਸਮੇਂ ਦੀਆਂ ਪੰਜ ਬਾਣੀਆਂ: ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਯੇ, ਚੌਪਈ ਤੇ ਅਨੰਦ ਸਾਹਿਬ ਨਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਗੁਰਸਿੱਖ ਲਈ ਰੋਜ਼ਾਨਾ ਨਿਤਨੇਮ ਦੀਆਂ ਜਿਨ੍ਹਾਂ ਪੰਜ ਬਾਣੀਆਂ ਦਾ ਪਾਠ ਕਰਨ ਦੀ ਹਦਾਇਤ ਹੈ, ਉਹ ਹਨ : ਜਪੁਜੀ ਸਾਹਿਬ, ਜਾਪੁ ਸਾਹਿਬ ਤੇ ਸਵੱਯੇ (ਅੰਮ੍ਰਿਤ ਵੇਲੇ ਦਾ ਪਾਠ) ਰਹਿਰਾਸ (ਸੰਧਿਆ ਵੇਲੇ ਦਾ ਪਾਠ) ਅਤੇ ਸੋਹਿਲਾ (ਸੌਣ ਵੇਲੇ ਦਾ ਪਾਠ)। ਇਵੇਂ ਗੁਰਸਿੱਖ ਦੇ ਨਿਤਨੇਮ ਦੀਆਂ ਪੰਜ ਬਾਣੀਆਂ ਵਿਚ ਸਵੱਯੇ॥ ਪਾ. 10॥ ਸ਼ਾਮਿਲ ਹਨ। ਇਹ ਬਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਸੁੰਦਰ ਗੁਟਕਾ ਅਤੇ ਦਸ ਗ੍ਰੰਥੀ ਵਿਚ ਸੰਕਲਿਤ ਹੈ। ਇਹ ਬਾਣੀ ਦਸਮ ਗ੍ਰੰਥ ਵਿਚ ਸੰਕਲਿਤ ਅਕਾਲ ਉਸਤਤ ਦੇ ਛੰਦ 21 ਤੋਂ 30 ਹੇਠਾਂ ਵੀ ਅੰਕਿਤ ਹੈ। ਇਹ ਬਾਣੀ ਅੰਮ੍ਰਿਤ ਦੀਆਂ ਬਾਣੀਆਂ ਵਿਚ ਸ਼ਾਮਿਲ ਹੈ, ਇਸ ਲਈ ਸੁਭਾਵਿਕ ਨਿਰਣੈ ਨਿਕਲਦਾ ਹੈ ਕਿ ਇਸ ਬਾਣੀ ਦੀ ਰਚਨਾ ਸੰਨ 1699 ਦੇ ਖਾਲਸਾ ਸਿਰਜਣ ਦੇ ਪਾਵਨ ਅਵਸਰ ਤੋਂ ਕਾਫੀ ਪਹਿਲੇ ਹੋਈ ਹੈ ਅਤੇ ਉਦੋਂ ਤਕ ਇਸ ਬਾਣੀ ਦੇ ਪਾਠ ਦੇ ਪ੍ਰਚਲਿਤ ਹੋਣ ਬਾਰੇ ਕੋਈ ਸੰਦੇਹ ਨਹੀਂ ਰਹਿ ਜਾਂਦਾ।
(ੳ) ਸਿਰਜਣ ਮਨੋਰਥ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਤੁਰੀ ਗੁਰਸਿੱਖੀ ਦੇ ਵਿਕਾਸ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਆਪਣੇ ਸਮੇਂ ਦੀਆਂ ਪਰਿਸਥਿਤੀਆਂ ਨੂੰ ਡੂੰਘੀ ਤਰ੍ਹਾਂ ਘੋਖਿਆ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਂ ਬਲੀਦਾਨ ਜੋ ਮੁਗਲ ਸਾਮਰਾਜ ਵੱਲੋਂ ਢਾਹੇ ਜਾ ਰਹੇ ਧਾਰਮਿਕ, ਸਭਿਆਚਾਰਕ ਤੇ ਸਿਆਸੀ ਆਤੰਕ ਤੇ ਜਬਰ ਵਿਰੁੱਧ ਧਰਮ ਤੇ ਮਾਨਵੀ ਸੁਤੰਤਰਤਾ ਦੀ ਰਾਖੀ ਲਈ ਦਿੱਤੇ ਗਏ ਸਨ, ਤੋਂ ਭੈ-ਭੀਤ ਹੋਏ ਲੋਕਾਂ ਦੇ ਮਨਾਂ ਅੰਦਰ ਜਾਬਰ ਤੇ ਜ਼ਾਲਮ ਮੁਗਲ ਸਰਕਾਰ ਦੇ ਟਾਕਰੇ ਲਈ ਬੀਰਤਾ ਦੀ ਭਾਵਨਾ ਜਗਾਉਣ ਅਤੇ "ਧਰਮ ਯੁੱਧ ਕਾ ਚਾਉ" ਉਜਾਗਰ ਕਰਨ ਦਾ ਬੀੜਾ ਚੁੱਕ ਲਿਆ। ਉਨ੍ਹਾਂ ਨੇ ਇਸ ਕਾਰਜ ਦੀ ਸਕ੍ਰਿਅਤਾ ਲਈ ਖੰਡਾ ਖੜਕਾਉਣ ਦੀ ਲੋੜ ਨੂੰ ਭਾਂਪ ਲਿਆ। ਉਨ੍ਹਾਂ ਨੇ ਸਿੱਖਾਂ ਨੂੰ ਖਾਲਸਾ ਰੂਪ ਵਿਚ ਉਬਾਰਣ ਲਈ ਸਭ ਤੋਂ ਪਹਿਲਾਂ ਗੁਰਬਾਣੀ ਦੀ ਪ੍ਰਥਮ ਬਾਣੀ ਜਪੁਜੀ ਸਾਹਿਬ ਦੇ ਸਿਧਾਂਤਾਂ ਦੀ ਜਾਪੁ ਸਾਹਿਬ ਦੇ ਰੂਪ ਵਿਚ ਇਕ ਵੱਖਰੀ ਹੀ ਤਰ੍ਹਾਂ ਦੀ ਬੀਰ ਰਸੀ ਸ਼ੈਲੀ ਵਿਚ ਸਿਰਜਣਾ ਕੀਤੀ। ਫਿਰ ਉਨ੍ਹਾਂ ਹੀ ਸਿਧਾਂਤਾਂ ਦੀ ਵਿਆਖਿਆ ਦਾ ਕਾਰਜ ਅਕਾਲ ਉਸਤਤ ਦੀ ਸਿਰਜਣਾ ਦੁਆਰਾ ਸਿਰੇ ਚਾੜ੍ਹਿਆ, ਜਿਸ ਰਚਨਾ ਦਾ ਭਾਗ ਸਵੱਯੇ॥ ਪਾ. 10॥ ਬਾਣੀ ਹੈ।
ਇਸ ਬਾਣੀ ਦਾ ਮਨੋਰਥ ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਅੰਦਰ ਬੀਰ ਰਸੀ ਭਾਵਨਾ ਉਜਾਗਰ ਕਰਕੇ ਸੰਤ-ਸਿਪਾਹੀ ਵਾਲੇ ਜੀਵਨ-ਸਿਧਾਂਤਾਂ ਨੂੰ ਦ੍ਰਿੜ੍ਹ ਕਰਵਾਉਣਾ ਹੈ। ਇਹ ਇਕ ਵਿਕਾਸ-ਪ੍ਰਕ੍ਰਿਆ ਦਾ ਕਾਰਜ ਸੀ ਕਿ ਗੁਰਮੁਖਿ ਨੂੰ ਕਰਮ-ਭੂਮੀ ਬਖ਼ਸ਼ ਕੇ ਖਾਲਸਾ ਰੂਪ ਵਿਚ ਢਾਲਿਆ ਜਾਵੇ, ਜੋ ਸੱਚਾ, ਸੁੱਚਾ ਤੇ ਆਜ਼ਾਦ ਜੀਵਨ ਜੀਉਂ ਕੇ ਪਰਉਪਕਾਰ ਅਤੇ ਉਧਾਰ ਦੀ ਖਾਤਰ ਕੁਰਬਾਨੀ ਦੇ ਮੈਦਾਨ ਵਿਚ ਜੂਝਣ ਲਈ ਸਦਾ ਤਿਆਰ-ਬਰ-ਤਿਆਰ ਰਹੇ। "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਖਾਲਸਾ ਜਥੇਬੰਦੀ ਦਾ ਉਦੇਸ਼ ਇਹੋ ਸੀ ਕਿ ਇਸ ਵਿਚ ਆਇਆ ਮਨੁੱਖ ਵਹਿਮ ਪ੍ਰਸਤੀ ਤੋਂ ਉੱਪਰ ਉਠ ਕੇ ਇਕ ਅਕਾਲ ਪੁਰਖ ਦਾ ਟੇਕਧਾਰੀ ਹੋ ਕੇ ਮੌਤ ਤੋਂ ਬੇਡਰ ਹੋ ਕੇ, ਸੱਚ-ਆਚਾਰੀ ਜੀਵਨ ਬਿਤਾਉਂਦਿਆਂ ਹਰ ਤਰ੍ਹਾਂ ਦੀਆਂ ਮੁਲਕੀ ਧਾਰਮਿਕ ਤੇ ਸਮਾਜਿਕ ਕਠਿਨਾਈਆਂ ਦੇ ਸਾਹਮਣੇ ਕੁਰਬਾਨੀ ਦੇ ਪੱਖ ਨੂੰ ਗ੍ਰਹਿਣ ਕਰਕੇ ਉਤਸ਼ਾਹ ਭਰਪੂਰ ਕਾਰਜ-ਸਾਧਕ ਜੀਵਨ ਸਫ਼ਲਾ ਕਰੇ।"
(ਅ) ਵਿਚਾਰ ਦਰਸ਼ਨ:
ਸਵੱਯੇ॥ ਪਾ. 10॥ ਬਾਣੀ ਦੇ ਵਿਚਾਰ-ਦਰਸ਼ਨ ਨੂੰ ਸਮਝਣ ਲਈ ਇਸ ਬਾਣੀ ਦੇ ਭਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿਚ ਵਿਚਾਰਨਾ ਜ਼ਰੂਰੀ ਬਣਦਾ ਹੈ, ਕਿਉਂਕਿ ਗੁਰਮਤਿ ਦੇ ਪ੍ਰਮਾਣਿਕ ਸਿਧਾਂਤਾਂ ਦਾ ਮੂਲ ਸ੍ਰੋਤ ਗੁਰਬਾਣੀ ਹੀ ਹੈ। ਇਸ ਬਾਣੀ ਵਿਚ ਇਸ਼ਟ ਸਰੂਪ ਅਕਾਲ ਪੁਰਖ ਦੀ ਹਸਤੀ ਸ਼ਕਤੀ ਵਿਚ ਅਤੁੱਟ ਵਿਸ਼ਵਾਸ ਪ੍ਰਗਟ ਕਰਕੇ, ਇਸ਼ਟ ਸਰੂਪ ਅਕਾਲ ਪੁਰਖ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਵੱਖ-ਵੱਖ ਧਰਮ ਕਰਮਾਂ ਦਾ ਵਿਸ਼ਲੇਸ਼ਣ ਕਰਦਿਆਂ, ਅਕਾਲ ਪੁਰਖ ਨਾਲ ਅਭੇਦਤਾ ਪ੍ਰਾਪਤ ਕਰਨ ਲਈ ਪ੍ਰਭੂ-ਪ੍ਰੇਮ ਦੇ ਮਾਰਗ ਉੱਤੇ ਜ਼ੋਰ ਦਿੰਦਿਆਂ ਮਾਨਵ-ਜੀਵਨ ਦੇ ਲਕਸ਼ ਨੂੰ ਸਪਸ਼ਟ ਭਾਂਤ ਦਰਸਾਇਆ ਗਿਆ ਹੈ।
(1) ਇਸ ਬਾਣੀ ਵਿਚ ਸਭ ਤੋਂ ਪਹਿਲਾਂ ਇਹ ਦੱਸਿਆ ਹੈ ਕਿ ਸ੍ਰਾਵਗ, ਜੋਗੀ, ਜਤੀ, ਸਿਧ, ਤਪੀਆਂ, ਸੰਤਾਂ, ਸਾਧਾਂ ਅਤੇ ਹੋਰ ਸਭ ਧਰਮਾਂ ਦੇ ਸਿਧਾਂਤਾਂ ਅਤੇ ਧਰਮਾਂ ਕਰਮਾਂ ਨੂੰ ਵੇਖ ਕੇ ਜਾਂਚ ਲਿਆ ਹੈ ਅਤੇ ਇਨ੍ਹਾਂ ਸਭਨਾਂ ਵਿਚੋਂ ਕੋਈ ਵੀ ਪਰਮਾਤਮਾ ਨਾਲ ਮਿਲਾਪ ਦੀ ਜੁਗਤਿ ਅਤੇ ਇਨਸਾਨੀ ਜੀਵਨ-ਲਕਸ਼ ਸਹੀ ਪ੍ਰਕਾਰ ਨਹੀਂ ਦੱਸਦਾ। ਇਸ ਲਈ ਇਨ੍ਹਾਂ ਸਭ ਦਾ ਪ੍ਰਸੰਗਕ ਮੁੱਲ ਕੁਝ ਨਹੀਂ ਦੇ ਬਰਾਬਰ ਹੈ ਕਿਉਂਕਿ ਇਹ ਧਰਮ ਤੇ ਸਾਧਨਾਵਾਂ ਪਰਮਾਤਮਾ ਵਿਚ ਅਭੇਦ ਕਰਾਉਣ ਦੀ ਸਮਰੱਥਾ ਨਹੀਂ ਰੱਖਦੇ ਅਤੇ ਜੀਵਨ-ਮਾਰਗ ਦੀ ਪੂਰਨ ਸੋਝੀ ਨਹੀਂ ਦਿੰਦੇ:
ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ॥
ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ॥
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ॥
ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ॥1॥
(2) ਸ੍ਰਾਵਗ, ਜੋਗੀ, ਜਤੀ, ਸਿਧ ਤੇ ਤਪਸੀ ਆਦਿ ਬਣਨ ਨਾਲ, ਹੋਰ ਤੀਰਥ-ਇਸ਼ਨਾਨ, ਦਾਨ-ਪੁੰਨ, ਗਿਆਨ-ਧਿਆਨ, ਸਮਾਧੀਆਂ, ਦੇਵਤਿਆਂ ਦੀਆਂ ਪੱਥਰ-ਮੂਰਤੀਆਂ ਤੇ ਲਿੰਗਾਂ ਦਾ ਪੂਜਨ, ਪੂਰਬ ਜਾਂ ਪੱਛਮ ਵੱਲ ਸਿਜਦੇ ਸਭ ਕੂਰ ਕ੍ਰਿਆ ਅਰਥਾਤ ਕੂੜ-ਕਰਮ ਹੈ, ਜਿਸ ਵਿਚ ਫਸ ਕੇ ਸਾਰਾ ਜੱਗ ਉਲਝਿਆ ਹੀ ਰਹਿੰਦਾ ਹੈ। ਇਨ੍ਹਾਂ ਨਿਰਾਰਥਕ ਧਰਮ ਕਰਮਾਂ ਤੇ ਕਰਮਕਾਂਡਾਂ ਨਾਲ ਕਲਿਆਣ ਨਹੀਂ ਹੁੰਦਾ ਅਤੇ ਜੀਵਨ-ਆਦਰਸ਼ ਦੀ ਸੋਝੀ ਵੀ ਨਹੀਂ ਹੋ ਸਕਦੀ:
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ॥
ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ॥
ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ॥
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ॥4॥
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥...9॥
ਗੁਰਬਾਣੀ ਵਿਚ ਸਮਝਾਇਆ ਗਿਆ ਹੈ ਕਿ ਕਰਮ-ਕਾਂਡਾਂ, ਕਠਿਨ ਸਾਧਨਾਵਾਂ ਅਤੇ ਭੇਖੀ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ ਅਤੇ ਇਨ੍ਹਾਂ ਕਿਰਿਆਵਾਂ ਨਾਲ ਜੀਵਨ-ਨਿਸ਼ਾਨੇ ਦੀ ਸੋਝੀ ਵੀ ਜਾਗ੍ਰਿਤ ਨਹੀਂ ਹੁੰਦੀ, ਜਿਸ ਕਰਕੇ ਪ੍ਰਭੂ-ਪ੍ਰਾਪਤੀ ਤੋਂ ਕੋਰੇ ਰਹਿ ਜਾਂਦੇ ਹਾਂ; ਵੇਖੋ:
1. ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ॥
(ਪੰਨਾ 1003)
2. ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥
ਪ੍ਰਾਗ ਇਸਨਾਨੇ॥ ਤਉ ਨ ਪੁਜਹਿ ਹਰਿ ਕਿਰਤਿ ਨਾਮਾ॥
ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ॥
(ਪੰਨਾ 873)
(3) ਇਸ ਬਾਣੀ ਵਿਚ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ਕਹਿ ਕੇ ਸਪਸ਼ਟ ਕੀਤਾ ਹੈ ਕਿ ਵੇਦਾਂ, ਪੁਰਾਣਾਂ, ਸਿਮ੍ਰਤੀਆਂ, ਕੁਰਾਨ ਤੇ ਕਤੇਬਾਂ ਦੇ ਪਾਠ-ਪਠਨ ਤੇ ਜਾਪ ਨਾਲ ਅਤੇ ਗਿਆਨ-ਧਿਆਨ ਦੀਆਂ ਸਾਧਨਾਵਾਂ ਦੇ ਯਤਨ ਨਾਲ ਵੀ ਪਰਮਾਤਮਾ ਦਾ ਭੇਦ ਨਹੀਂ ਖੁੱਲ੍ਹਦਾ ਅਤੇ ਗਤੀ ਨਹੀਂ ਹੁੰਦੀ।
ਗੁਰਬਾਣੀ ਵਿਚ ਵੀ ਫੁਰਮਾਨ ਹੈ ਕਿ ਵੇਦਾਂ, ਸ਼ਾਸਤਰਾਂ ਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ-ਪਠਨ ਤੇ ਰਟਨ ਵੀ ਹਰਿ ਦੇ ਪਿਆਰ ਦੀ ਅਣਹੋਂਦ ਵਿਚ ਬਹੁਤਾ ਹੰਕਾਰ ਪੈਦਾ ਕਰਨ ਵਾਲਾ ਹੀ ਬਣ ਜਾਂਦਾ ਹੈ ਅਤੇ ਮੁਕਤੀ ਤੋਂ ਦੂਰ ਹੀ ਰੱਖਦਾ ਹੈ:
1. ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ॥
(ਪੰਨਾ 405)
2. ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
(ਪੰਨਾ 61)
3. ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ॥
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ॥
(ਪੰਨਾ 59)
(4) ਇਸ ਤੋਂ ਇਲਾਵਾ ਇਹ ਸਿੱਖਿਆ ਦਿੱਤੀ ਹੈ ਕਿ ਇਸ਼ਟ ਕੇਵਲ ਅਕਾਲ ਪੁਰਖ ਹੀ ਹੈ, ਦੇਵੀ ਦੇਵਤਿਆਂ ਨੂੰ ਉਸ ਦੀ ਥਾਂ ਤੇ ਜਾਣ ਕੇ ਇਸ਼ਟ ਸਮਾਨ ਮੰਨਣਾ ਭੁਲੇਖਾ ਹੈ। ਦੇਵੀ ਦੇਵਤਿਆਂ ਦੇ ਕ੍ਰਿਤਮ ਪ੍ਰਸੰਗ ਨੂੰ ਪ੍ਰਸਤੁਤ ਕਰਦਿਆਂ ਦੱਸਿਆ ਹੈ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ, ਇੰਦਰ ਅਤੇ ਹੋਰ ਦੇਵਤੇ ਜਿਨ੍ਹਾਂ ਨੂੰ ਇਸ਼ਟ ਜਾਣ ਕੇ ਪੂਜਾ ਕੀਤੀ ਜਾਂਦੀ ਹੈ, ਇਹ ਸਭ ਤਾਂ ਪਰਮਾਤਮਾ ਦੇ ਹੁਕਮ ਵਿਚ ਹੀ ਜੀਵਨ ਧਾਰ ਕੇ ਕਾਲ ਦੇ ਵੱਸ ਪੈ ਕੇ, ਜਮ ਦੀ ਫਾਹੀ ਵਿਚ ਫਸ ਕੇ ਇਸ ਸੰਸਾਰ ਤੋਂ ਉਠੇ ਹਨ। ਦੇਵੀ ਦੇਵਤੇ ਪਰਮਾਤਮਾ ਦਾ ਬਦਲ ਨਹੀਂ ਹੋ ਸਕਦੇ, ਇਹ ਸਭ ਤਾਂ ਪ੍ਰਭੂ-ਲੀਲ੍ਹਾ ਦਾ ਹਿੱਸਾ ਰਹੇ ਹਨ। ਦੇਵੀ ਦੇਵਤਿਆਂ ਨੂੰ ਇਸ਼ਟ ਜਾਣ ਕੇ ਪੂਜਣਾ ਭਰਮ-ਕਰਮ ਹੈ:
ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰੈਂਗੇ॥
ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ॥
ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ॥
ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ॥8॥
ਗੁਰਬਾਣੀ ਵਿਚ ਇਹ ਸਪਸ਼ਟ ਭਾਂਤ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਬ੍ਰਹਮਾ, ਬਿਸ਼ਨ ਤੇ ਸ਼ੰਕਰ ਵਰਗੇ ਦੇਵਤਿਆਂ ਨੂੰ ਹਰਿ ਆਪੇ ਸਾਜਦਾ ਤੇ ਖਤਮ ਕਰਦਾ ਹੈ। ਸੋ ਇਸ਼ਟ ਕੇਵਲ ਹਰਿ ਹੀ ਹੈ, ਉਸ ਤੋਂ ਇਲਾਵਾ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਪੂਜਾ ਕਰਨਾ ਭੁਲੇਖੇ ਵਾਲਾ ਕਰਮ ਹੈ:
1. ਕੋਟਿ ਬਿਸਨ ਕੀਨੇ ਅਵਤਾਰ॥
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥
ਕੋਟਿ ਮਹੇਸ ਉਪਾਇ ਸਮਾਏ॥
ਕੋਟਿ ਬ੍ਰਹਮੇ ਜਗੁ ਸਾਜਣ ਲਾਏ॥1॥
ਐਸੋ ਧਣੀ ਗੁਵਿੰਦੁ ਹਮਾਰਾ॥
ਬਰਨਿ ਨ ਸਾਕਉ ਗੁਣ ਬਿਸਥਾਰਾ॥1॥
(ਪੰਨਾ 1156)
2. ਸਤਿਗੁਰੁ ਜਾਗਤਾ ਹੈ ਦੇਉ॥1॥ਰਹਾਉ॥
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥2॥
ਪਾਖਾਨ ਗਢਿ ਕੈ ਮੂਰਤਿ ਕੀਨ੍ੀ ਦੇ ਕੈ ਛਾਤੀ ਪਾਉ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥3॥
(ਪੰਨਾ 479)
(5) ਇਸ ਦੇ ਨਾਲ ਹੀ ਦੱਸਿਆ ਹੈ ਕਿ ਵੱਡੇ-ਵੱਡੇ ਪ੍ਰਤਾਪੀ ਰਾਜੇ, ਗੁਮਾਨ ਤੇ ਮਾਣ ਨਾਲ ਭਰੇ ਭੂਪਤ, ਬੀਰ-ਸਿਪਾਹੀਆਂ ਦੀਆਂ ਵਹੀਰਾਂ ਨਾਲ ਦੇਸ-ਦੇਸਾਂਤਰਾਂ ਨੂੰ ਜਿੱਤਣ ਤੇ ਵੈਰੀਆਂ ਨੂੰ ਦਲਣ ਵਾਲੇ ਸੂਰਬੀਰ ਜੋ ਸਭ ਨੂੰ ਆਪਣੀ ਤਾਕਤ ਤੇ ਬਾਹੂਬਲ ਦੀ ਸ਼ਕਤੀ ਨਾਲ ਨਿਵਾਉਂਦਿਆਂ ਪਾਪ ਤੇ ਜ਼ੁਲਮ ਢਾਹੁੰਦੇ ਹਨ, ਵੀ ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਇ ਪਧਾਰੇ ਭਾਵ ਅੰਤ ਵਿਚ ਇਸ ਸੰਸਾਰ ਤੋਂ ਖਾਲੀ ਹੱਥ ਤੇ ਨੰਗੇ ਪੈਰ ਹੀ ਉਠਦੇ ਹਨ। ਇਤਨੀ ਸ਼ਕਤੀ ਵਾਲੇ ਸੂਰਬੀਰ ਤੇ ਜਾਬਰ ਭੂਪਤ ਅਕਾਲ ਪੁਰਖ ਦੇ ਗੁਣਾਂ ਨਾਲੋਂ ਟੁੱਟ ਕੇ ਅੰਤ ਵਿਚ ਅੰਤ ਕੇ ਧਾਮ ਹੀ ਸਿਧਾਰਦੇ ਹਨ:
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ॥
ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ॥
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ॥
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ॥2॥
ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ॥
ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ॥
ਭੂਤ ਭਵਿੱਖ ਭਵਾਨ ਕੇ ਭੂਪਤ ਕਉਨੁ ਗਨੈ ਨਹੀਂ ਜਾਤ ਬਿਚਾਰੇ॥
ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਾਮ ਸਿਧਾਰੇ॥3॥
ਫਿਰ ਕਿਤਨੇ ਹੀ ਵੱਡੇ ਸੂਰਬੀਰ ਹੋਣ, ਜਿਨ੍ਹਾਂ ਦੀ ਬਹਾਦਰੀ, ਹਠ, ਤਾਕਤ, ਦ੍ਰਿੜ੍ਹਤਾ ਲਾਸਾਨੀ ਹੋਵੇ, ਜੋ ਹਰ ਤਰ੍ਹਾਂ ਦੇ ਸ਼ਸਤਰਾਂ ਦੀ ਮਾਰ ਨੂੰ ਸਹਿੰਦਿਆਂ ਆਪਣੇ ਆਕੀਆਂ ਤੇ ਵਿਰੋਧੀਆਂ ਦੇ ਮਾਣ ਤੇ ਹੈਂਕੜ ਨੂੰ ਪਲ ਵਿਚ ਹੀ ਖਤਮ ਕਰ ਦੇਣ ਵਾਲੇ ਹੋਣ, ਉਨ੍ਹਾਂ ਦੀ ਤਾਕਤ ਤੇ ਵਡਿਆਈ ਵੀ ਅੰਤ ਸਮੇਂ ਨਾਲ ਨਹੀਂ ਜਾਂਦੀ, ਉਹ ਸਭ ਖਾਲੀ ਹੱਥ ਹੀ ਇਸ ਸੰਸਾਰ ਤੋਂ ਕੂਚ ਕਰਦੇ ਹਨ:
ਸੁੱਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਦੁਰਜਾਨ ਦਲੈਂਗੇ॥
ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ॥
ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨਿ ਮਾਨ ਮਲੈਂਗੇ॥
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨ ਨਿਦਾਨ ਚਲੈਂਗੇ॥5॥
ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛੱਯਾ॥
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੱਯਾ॥
ਗਾੜ੍ਹੇ ਗੜ੍ਹਾਨ ਕੋ ਤੋੜਨ ਹਾਰ ਸੁ ਬਾਤਨ ਹੀਂ ਚਕ ਚਾਰ ਲਵੱਯਾ॥
ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵੱਯਾ॥6॥
ਗੁਰਬਾਣੀ ਵਿਚ ਵੀ ਬਚਨ ਹੈ ਕਿ ਅਕਾਲ ਪੁਰਖ ਹੀ ਰਾਜਿਆਂ ਦਾ ਮਹਾਰਾਜਾ, ਹੰਕਾਰੀਆਂ ਤੇ ਪਾਪੀਆਂ ਨੂੰ ਗਰਕ ਕਰਨ ਵਾਲਾ, ਸੁਲਤਾਨਾਂ ਤੇ ਖਾਨਾਂ ਨੂੰ ਸੁਲਤਾਨ ਖਾਲ ਕਰੇ ਥਿਨ ਖੀਰੇ (ਗੁ.ਗ੍ਰ.ਸਾਹਿਬ, ਪੰਨਾ 1071) ਅਤੇ ਮਾਣ-ਮੱਤਿਆਂ ਦੇ ਝੂਠੇ ਮਾਣ ਨੂੰ ਖ਼ਤਮ ਕਰਕੇ ਅਨਾਥਾਂ ਦਾ ਨਾਥ ਤੇ ਦੀਨਾਂ ਦਾ ਬੰਧੂ ਹੋ ਕੇ ਸਦਾ ਸਹਾਈ ਹੁੰਦਾ ਹੈ:
ਭੁਜ ਬਲ ਬੀਰ ਬ੍ਰਹਮ ਸੁਖ ਸਾਗਰ
ਗਰਤ ਪਰਤ ਗਹਿ ਲੇਹੁ ਅੰਗੁਰੀਆ॥1॥ਰਹਾਉ॥
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ
ਆਰਤ ਦੁਆਰਿ ਰਟਤ ਪਿੰਗੁਰੀਆ॥1॥
ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ॥
ਚਰਨ ਕਵਲ ਹਿਰਦੈ ਗਹਿ ਨਾਨਕ
ਭੈ ਸਾਗਰ ਸੰਤ ਪਾਰਿ ਉਤਰੀਆ॥2॥
(ਪੰਨਾ 203)
2. ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ॥
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ॥
ਸਰਬਗ੍ਹ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ॥
(ਪੰਨਾ 1355)
(6) ਇਵੇਂ ਅਗਿਆਨ ਕਲਿਪਤ ਬੰਧਨਾਂ, ਕਰਮਕਾਂਡੀ ਭੁਲੇਖਿਆਂ ਅਤੇ ਬਾਹੂਬਲ ਤੇ ਤਾਕਤ ਦੇ ਝੂਠੇ ਮਾਣ ਤੇ ਹੰਕਾਰ ਦੀ ਬਿਰਤੀ ਨੂੰ ਨਕਾਰਦਿਆਂ ਇਨ੍ਹਾਂ ਸਭ ਦੀ ਅਸਲੀਅਤ ਤੋਂ ਸੁਚੇਤ ਕੀਤਾ ਗਿਆ ਹੈ। ਇਹ ਲੋਕਾਂ ਦੀ ਅਗਿਆਨਤਾ ਹੀ ਹੈ ਕਿ ਉਹ ਬਿਨਾਂ ਕਿਸੇ ਚੀਜ਼ ਦੇ ਗਿਆਨ ਦੇ ਰੂੜ੍ਹੀਆਂ ਉੱਤੇ ਤੁਰਦੇ ਪਖੰਡ, ਜਾਲ ਵਿਚ ਫਸ ਕੇ ਜੀਵਨ ਅੰਜਾਈਂ ਗੁਆ ਦਿੰਦੇ ਹਨ ਅਤੇ ਸਰਬ ਸਮਰੱਥ ਅਕਾਲ ਪੁਰਖ ਦੀ ਪ੍ਰਾਪਤੀ ਤੋਂ ਕੋਰੇ ਹੀ ਰਹਿ ਜਾਂਦੇ ਹਨ। ਇਸ ਬਾਣੀ ਵਿਚ ਪੂਰੇ ਜ਼ੋਰ ਨਾਲ ਦ੍ਰਿੜ੍ਹ ਕਰਵਾਇਆ ਹੈ ਕਿ ਅਕਾਲ ਪੁਰਖ ਦੀ ਪ੍ਰਾਪਤੀ ਦੀ ਸਹੀ ਪਹੁੰਚ-ਵਿਧੀ ਤੇ ਸਮਰੱਥ ਮਾਧਿਅਮ ਕੇਵਲ ਅਕਾਲ ਪੁਰਖ ਦੀ ਪੂਰਨ ਪ੍ਰੀਤ ਹੈ। ਪ੍ਰਭੂ-ਪ੍ਰੇਮ ਦੀ ਭਾਵਨਾ ਵਿਚ ਗੜੂੰਦ ਹੋ ਕੇ ਪ੍ਰਭੂ ਗੁਣਾਂ ਦੇ ਜਾਪ ਤੇ ਸਿਮਰਨ ਨਾਲ ਮਾਨਵ-ਹਿਰਦੇ ਅੰਦਰ ਪ੍ਰਭੂ-ਗੁਣਾਂ ਦੇ ਪ੍ਰਕਾਸ਼ ਦੀ ਪ੍ਰਤੀਤੀ ਹੁੰਦੀ ਹੈ, ਜਿਸ ਦੇ ਸਹਾਰੇ ਸਾਧਕ ਸਦਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਇਸ ਲਈ ਸਭ ਤੋਂ ਉਤਮ ਕਰਮ ਪ੍ਰਭੂ ਦਾ ਪ੍ਰੇਮ ਹੈ, ਜੋ ਸਾਰੇ ਜੀਵਨ-ਆਦਰਸ਼ਾਂ ਦੀ ਪ੍ਰਾਪਤੀ ਦਾ ਸ੍ਰੋਤ ਹੈ:
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥
ਇਸ ਤਰ੍ਹਾਂ ਸਮਝਾਇਆ ਹੈ ਕਿ ਪ੍ਰਭੂ-ਪ੍ਰੀਤ ਮਨ ਸੋਧਣ ਦਾ ਸਾਧਨ ਹੈ। ਇਸ ਦੀ ਸਾਵਧਾਨਤਾ ਨਾਲ ਹਿਰਦੇ ਵਿਚ ਦ੍ਰਿੜ੍ਹਤਾ ਪੈਦਾ ਹੁੰਦੀ ਹੈ ਅਤੇ ਇਹ ਦ੍ਰਿੜ੍ਹਤਾ ਇਕਾਗਰਤਾ ਵਿਚ ਪਲਟਾ ਖਾ ਜਾਂਦੀ ਹੈ। ਜਦ ਨਿਰਗੁਣ ਅਕਾਲ ਪੁਰਖ ਦੇ ਪ੍ਰੇਮ ਵਿਚ ਲੀਨ ਹੋ ਕੇ ਉਸ ਦੇ ਗੁਣ ਗਾਇਨ ਕਰਦਿਆਂ ਉਹ ਚਿੱਤ ਵਿਚ ਵੱਸ ਜਾਂਦਾ ਹੈ ਤਾਂ ਪ੍ਰੇਮੀ ਸਾਧਕ ਲਈ ਉਹ ਗੁਣ ਸਰੂਪ ਆਪੇ ਹੀ ਸਰਗੁਣ ਹੋ ਜਾਂਦਾ ਹੈ। ਜੋ ਨਿਰਾਕਾਰ ਹੈ, ਉਹ ਇਵੇਂ ਗੁਣਾਕਾਰ ਹੋ ਜਾਂਦਾ ਹੈ। ਸੋ, ਜੋ ਆਪਣੇ ਆਪ ਨੂੰ ਉਸ ਦੇ ਗੁਣਾਂ-ਵਡਿਆਈਆਂ ਨਾਲ ਭਰ ਲੈਂਦੇ ਹਨ, ਉਨ੍ਹਾਂ ਨੂੰ ਹੀ ਉਸ ਨਿਰਗੁਣ ਦੇ ਅਦਿਖ ਨੂਰ ਦਾ ਝਲਕਾ ਵੱਜਦਾ ਹੈ। ਬਗੈਰ ਪ੍ਰਭੂ ਦੀ ਸਿਫ਼ਤ-ਸਲਾਹ ਦੇ ਉਸ ਨਿਰਗੁਣ ਅਕਾਲ ਪੁਰਖ ਦੀ ਜੋਤਿ ਦਾ ਚਮਤਕਾਰ ਨਹੀਂ ਦਿੱਸਦਾ।
To be continued.....
Guru Pyare Khalsa jeeo,
Sat Sri Akal parwaan karni ji.
Many thanks for the wonderful article. I was unable to locate adequate literature on 10th Patshahi's Swaiyyais so far. This one by Bhai Gurcharn Singh fulfils the felt need of vast humanity by providing a well-researched and authentic article.
Please keep it up and provide the remaining part of the article soon.
Ujagar Singh in Chennai