Sunday, July 12, 2026

Established 2005 • ISSN Registration : 1930-0107

So-called RSS Patriots and their Communal Agenda

Panthic Archives Article (Category: Guest Columns/Commentary)

February 28, 2007
Author/Source: Dr. Gursharnjit Singh

ਦੇਸ਼ ਭਗਤੀ ਦੇ ਸੰਘਵਾਦੀ ਠੇਕੇਦਾਰੋ! ਪੰਜਾਬ ਵਿਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਨਾ ਘੋਲੋ

ਰਾਸ਼ਟਰਵਾਦ ਜਾਂ ਦੇਸ਼ ਭਗਤੀ ਇਕ ਅਜਿਹਾ ਸਿਧਾਂਤ ਹੈ ਜੋ ਆਪਣੇ ਦੇਸ਼ ਦੀ ਹਰ ਵਸਤੂ ਨਾਲ ਪ੍ਰੇਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਸਿਧਾਂਤ ਅਨੁਸਾਰ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਸਭਿਆਚਾਰ ਹੀ ਦੂਜਿਆਂ ਤੋਂ ਸ੍ਰੇਸ਼ਟ ਹੁੰਦੇ ਹਨ। ਇਸ ਤਰ੍ਹਾਂ ਕਈ ਵੇਰ ਦੇਸ਼-ਭਗਤੀ ਮਨੁੱਖ ਵਿਚ ਸੌੜੀ ਸੋਚ ਦਾ ਆਧਾਰ ਭੀ ਬਣ ਸਕਦੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਰ ਦੇਸ਼ ਜਾਂ ਰਾਸ਼ਟਰ ਵਿਚ ਕੁਝ ਚੰਗਿਆਈਆਂ ਭੀ ਹੋ ਸਕਦੀਆਂ ਹਨ ਅਤੇ ਕੁਝ ਬੁਰਾਈਆਂ ਭੀ। ਪਰ ਰਾਸ਼ਟਰ ਪ੍ਰੇਮ ਨੂੰ ਆਮ ਤੌਰ ਤੇ ਇਕ ਚੰਗਾ ਗੁਣ ਮੰਨਿਆ ਜਾਂਦਾ ਹੈ। ਆਪਣੀ ਮਿੱਟੀ, ਆਪਣੀ ਬੋਲੀ ਅਤੇ ਆਪਣਾ ਸਭਿਆਚਾਰ ਹਰੇਕ ਨੂੰ ਚੰਗਾ ਲੱਗਦਾ ਹੈ। ਮੇਰੇ ਖਿਆਲ ਵਿਚ ਤਾਂ ਦੇਸ਼-ਭਗਤੀ ਇਕ ਕੁਦਰਤੀ ਵਰਤਾਰਾ ਹੈ। ਦੇਸ਼-ਵਿਰੋਧੀ ਜਾਂ ਦੇਸ਼-ਧ੍ਰੋਹੀ ਹੋਣਾ ਗੈਰ-ਕੁਦਰਤੀ ਜਾਂ ਅਸੁਭਾਵਿਕ ਪ੍ਰਕਿਰਿਆ ਹੈ। ਆਮ ਮਨੁੱਖ ਆਪਣੇ ਦੇਸ਼ ਨੂੰ ਪ੍ਰੇਮ ਕਰਨ ਵਾਲੇ ਹੀ ਹੁੰਦੇ ਹਨ।

ਭਾਰਤ ਬਹੁ-ਕੌਮੀ, ਬਹੁ-ਧਰਮੀ, ਬਹੁ-ਭਾਸ਼ੀ ਅਤੇ ਵੱਖ ਵੱਖ ਸਭਿਆਚਾਰਾਂ ਵਾਲਾ ਮੁਲਕ ਹੈ। ਇਹ ਵਿਭਿੰਨਤਾ ਹੀ ਭਾਰਤ ਦੀ ਅਸਲ ਸੰਪਦਾ ਰਹੀ ਹੈ। ਇਹ ਵਿਭਿੰਨਤਾ ਹੀ ਭਾਰਤ ਦੀ ਪਹਿਚਾਣ ਰਹੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਰਾਸ਼ਟਰਵਾਦ ਨੂੰ ਫਿਰਕੂ ਰੰਗ ਵਿਚ ਪੇਸ਼ ਕਰਨ ਦੇ ਖ਼ਤਰਨਾਕ ਜਤਨ ਹੋ ਰਹੇ ਹਨ। ਹਾਲਾਂਕਿ ਰਾਸ਼ਟਰਵਾਦ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਵੱਖ ਵੱਖ ਧਰਮਾਂ ਦੇ ਅਨੁਯਾਈ ਇਕੋ-ਜਿਹੇ ਦੇਸ਼ ਭਗਤ ਹੋ ਸਕਦੇ ਹਨ। ਪਰ ਜਾਣ-ਬੁੱਝ ਕੇ ਧਰਮ ਨੂੰ ਦੇਸ਼ ਭਗਤੀ ਦਾ ਆਧਾਰ ਦੱਸ ਕੇ ਘੱਟ-ਗਿਣਤੀਆਂ ਨੂੰ ਮਾਨਸਿਕ ਦਬਾਅ ਦਿੱਤਾ ਜਾਂਦਾ ਰਿਹਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਵੈਸੇ ਤਾਂ ਸ਼ੁਰੂ ਤੋਂ ਹੀ ਫਿਰਕੂ ਵਾਦ-ਵਿਵਾਦ ਵਧਾਉਣ ਵਿਚ ਲੱਗਾ ਰਿਹਾ ਹੈ, ਪਰ ਹੁਣੇ ਇਸ ਦੇ ਮੁਖੀ ਸੁਦਰਸ਼ਨ ਦੇ ਸ੍ਰੀ ਅੰਮ੍ਰਿਤਸਰ ਵਿਚ ਦਿੱਤੇ ਬਿਆਨ ਨੇ ਦੇਸ਼-ਹਿਤੈਸ਼ੀਆਂ ਨੂੰ ਇਕ ਵੇਰ ਫਿਰ ਚੌਕਸ ਕਰ ਦਿੱਤਾ ਹੈ।

ਆਰ. ਐੱਸ. ਐੱਸ. ਆਮ ਤੌਰ ਤੇ ਇਕ ਕਦਮ ਪਿੱਛੇ ਹਟ ਕੇ, ਦੋ ਕਦਮ ਅੱਗੇ ਚੱਲਣ ਵਾਲੀ ਨੀਤੀ ਉੱਪਰ ਅਮਲ ਕਰ ਰਿਹਾ ਹੈ। ਪਿੱਛੇ ਜਿਹੇ ਆਰ. ਐੱਸ. ਐੱਸ. ਨੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲਾ ਸਾਹਿਤ ਪੰਜਾਬ ਦੇ ਪਿੰਡਾਂ ਵਿਚ ਵੰਡਿਆ, ਜਿਸ ਵਿਚ ਸਿੱਖਾਂ ਬਾਰੇ ਕਿਹਾ ਕਿ ਉਹ ਹਿੰਦੂ ਹੀ ਹਨ। ਜਦੋਂ ਚੇਤੰਨ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ ਤਾਂ ਆਰ. ਐੱਸ. ਐੱਸ. ਨੇ ਘੱਟ-ਗਿਣਤੀ ਕਮਿਸ਼ਨ ਦੇ ਸਾਹਮਣੇ ਕਿਹਾ ਕਿ ਉਹ ਸਿੱਖਾਂ ਦੇ ਧਰਮ ਨੂੰ ਵੱਖਰਾ ਮੰਨਦੀ ਹੈ। ਇਸ ਤੋਂ ਬਾਅਦ ਆਰ. ਐੱਸ. ਐੱਸ. ਨੇ ਸਿੱਖਾਂ ਬਾਰੇ ਕੋਈ ਵਿਵਾਦ ਵਧਾਉਣ ਵਾਲੀ ਟਿੱਪਣੀ ਨਹੀਂ ਕੀਤੀ। ਪਰ ਹੁਣ ਆਰ. ਐੱਸ. ਐੱਸ. ਮੁਖੀ ਦੀ ਇਹ ਟਿੱਪਣੀ ਕਿ "ਸਾਰੇ ਸਿੱਖ ਹਿੰਦੂ ਹਨ ਅਤੇ ਸਾਰੇ ਹਿੰਦੂ ਸਿੱਖ ਹਨ" ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਆਰ. ਐੱਸ. ਐੱਸ. ਬੜੇ ਯੋਜਨਾਮਈ ਢੰਗ ਨਾਲ ਸਿੱਖ-ਵਿਰੋਧੀ ਕਾਰਵਾਈਆਂ ਨੂੰ ਸਿਰੇ ਚੜ੍ਹਾਉਣ ਦੇ ਜਤਨ ਵਿਚ ਹੈ। ਇਸ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਸ ਮੌਕੇ ਆਰ. ਐੱਸ. ਐੱਸ. ਮੁਖੀ ਨੇ ਉਪਰੋਕਤ ਟਿੱਪਣੀ ਕੀਤੀ ਉਸ ਮੌਕੇ ਕੁਝ ਆਰ. ਐੱਸ. ਐੱਸ. ਦੇ ਕਾਰਕੁੰਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਾਰਕੁੰਨਾਂ ਬਾਰੇ ਇਹ ਕਿਹਾ ਗਿਆ ਕਿ 1947 ਈ. ਨੂੰ ਦੇਸ਼ ਦੀ ਵੰਡ ਸਮੇਂ ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕੀਤੀ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਛਪੰਜਾ ਵਰ੍ਹਿਆਂ ਬਾਅਦ ਅਚਾਨਕ ਇਹ ਸੂਰਮੇ ਕਿਥੋਂ ਪ੍ਰਗਟ ਹੋ ਗਏ? ਇਨ੍ਹਾਂ ਬਾਰੇ ਨਾ ਪਹਿਲਾਂ ਕਿਸੇ ਨੇ ਕੁਝ ਦੱਸਿਆ, ਨਾ ਸੁਣਿਆ ਸੀ ਅਤੇ ਨਾ ਪੜ੍ਹਿਆ ਅਤੇ ਨਾ ਹੀ ਲਿਖਿਆ ਸੀ। ਜਿਹੜੇ ਲੋਕ ਆਪਣੇ ਧਰਮ ਅਸਥਾਨਾਂ ਦੀ ਬੇਅਦਬੀ ਤਾਂ ਰੋਕ ਨਾ ਸਕੇ, ਹੁਣ ਅਚਨਚੇਤ ਉਨ੍ਹਾਂ ਬਹਾਦਰਾਂ ਦੇ ਧਰਮ-ਅਸਥਾਨਾਂ ਦੀ ਰਾਖੀ ਕਰਨ ਵਾਲੇ ਦੱਸੇ ਜਾ ਰਹੇ ਹਨ, ਜੋ ਸਿਰ-ਧੜ ਦੀ ਬਾਜੀ ਲਾ ਕੇ ਆਪਣੇ ਗੁਰਧਾਮਾਂ ਨੂੰ ਬਚਾਉਣਾ ਜਾਣਦੇ ਹਨ। ਕੀ ਇਹ ਨਵਾਂ ਅਤੇ ਕੇਸਰੀਆ ਇਤਿਹਾਸ ਸਕੂਲਾਂ/ਕਾਲਜਾਂ ਦੇ ਨਵੇਂ ਸਿਲੇਬਸ ਵਿਚ ਪੜ੍ਹਾਉਣ ਦੀ ਤਿਆਰੀ ਵੀ ਤਾਂ ਨਹੀਂ ਹੋ ਰਹੀ? ਦਰਅਸਲ ਆਰ. ਐੱਸ. ਐੱਸ. ਇਹ ਝੂਠਾ ਪ੍ਰਚਾਰ ਕਰਕੇ ਸਿੱਖਾਂ ਵਿਚ ਆਪਣੀ ਪੈਂਠ ਬਣਾਉਣ ਦੇ ਨਾਲ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦੇ ਰਹੀ ਹੈ ਕਿ ਹੁਣ ਉਨ੍ਹਾਂ ਨੂੰ ਹਿੰਦੂਆਂ ਦੇ ਆਸਰੇ ਦੀ ਬਹੁਤ ਲੋੜ ਹੈ। ਉੜੀਸਾ ਵਿਚ ਈਸਾਈ ਮਿਸ਼ਨਰੀਆਂ ਨੂੰ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਦਹਿਸ਼ਤ ਚ ਪਾਉਣ ਬਾਅਦ ਹਿੰਦੂਤਵ ਪੰਜਾਬ ਦੇ ਵਿਹੜੇ ਚ ਪਹਿਲ ਕਦਮੀ ਕਰਦਾ ਪ੍ਰਤੀਤ ਹੁੰਦਾ ਹੈ।

ਇਹ ਵੱਖਰੀ ਗੱਲ ਹੈ ਕਿ ਕਿਸੇ ਹਿੰਦੂ ਗ੍ਰੰਥ ਵਿਚ ਹਿੰਦੂ ਲਫ਼ਜ਼ ਵੇਖਣ ਨੂੰ ਨਹੀਂ ਮਿਲਦਾ, ਪਰ ਸੁਦਰਸ਼ਨ ਜੀ ਪਤਾ ਨਹੀਂ ਹਿੰਦੂ ਤੋਂ ਕੀ ਭਾਵ ਲੈਂਦੇ ਹਨ? ਹਿੰਦੂ ਦੀ ਪਰਿਭਾਸ਼ਾ ਦੇਣੀ ਲਗਭਗ ਅਸੰਭਵ ਹੀ ਹੈ ਤਾਂ ਸਿੱਖਾਂ ਨੂੰ ਨਿਸਚੇ ਨਾਲ ਹਿੰਦੂ ਕਹਿਣ ਦਾ ਕੀ ਤਰਕ ਹੈ? ਆਰ. ਐੱਸ. ਐੱਸ. ਕਹਿੰਦਾ ਹੈ ਕਿ ਦੇਸ਼ ਦਾ ਨਾਂ ਹਿੰਦੁਸਤਾਨ ਹੈ ਤਾਂ ਇਥੋਂ ਦੇ ਵਸਨੀਕ ਚਾਹੇ ਉਹ ਮੁਸਲਮਾਨ ਹੋਣ, ਈਸਾਈ ਹੋਣ ਜਾਂ ਸਿੱਖ ਉਹ ਸਭ ਹਿੰਦੂ ਕਹੇ ਜਾਣੇ ਚਾਹੀਦੇ ਹਨ। ਹਾਲਾਂਕਿ ਜੇ ਇਸੇ ਅਨੁਸਾਰ ਹਿੰਦੁਸਤਾਨ ਦੇ ਵਸਨੀਕਾਂ ਦਾ ਨਾਮਕਰਣ ਕਰਨਾ ਹੋਵੇ ਤਾਂ ਢੁਕਵਾਂ ਨਾਂ ਹਿੰਦੂ ਨਹੀਂ, ਸਗੋਂ ਹਿੰਦੁਸਤਾਨੀ ਹੋਣਾ ਚਾਹੀਦਾ ਹੈ। ਪਰ ਦੂਜੇ ਪਾਸੇ ਇਸ ਦੇਸ਼ ਦਾ ਨਾਂ ਹਿੰਦੁਸਤਾਨ ਘੱਟ ਅਤੇ ਭਾਰਤ (ਇੰਡੀਆ) ਵਧੇਰੇ ਪ੍ਰਚੱਲਤ ਹੈ। ਭਾਰਤੀ ਸੰਵਿਧਾਨ ਇਸ ਦਾ ਪ੍ਰਤੱਖ ਪ੍ਰਮਾਣ ਹੈ। ਭਾਰਤ ਇਕ ਸੈਕੂਲਰ ਦੇਸ਼ ਐਲਾਨਿਆ ਜਾ ਚੁਕਾ ਹੈ ਤਾਂ ਇਸ ਦੇਸ਼ ਨੂੰ ਹੁਣ ਭੀ ਹਿੰਦੁਸਤਾਨ ਕਹੀ ਜਾਣ ਦਾ ਕੋਈ ਤਰਕ ਹੈ?

ਹੋ ਸਕਦਾ ਹੈ ਕਿ ਆਰ. ਐੱਸ. ਐੱਸ. ਵਾਲੇ ਕਹਿਣ ਕਿ ਜਦੋਂ ਉਹ ਕਿਸੇ ਭਾਰਤੀ ਨੂੰ ਹਿੰਦੂ ਕਹਿੰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਧਰਮ ਤੋਂ ਨਹੀਂ। ਤਾਂ ਕੀ ਉਹ ਅਰਬ ਦੇਸ਼ ਚ ਵਸੇ ਹਿੰਦੂਆਂ ਨੂੰ ਮੁਸਲਮਾਨ ਕਹਿਣ ਉੱਤੇ ਸਹਿਮਤ ਹੋਣਗੇ? ਭਾਵੇਂ ਕੋਈ ਵੀ ਦਲੀਲ ਦਿੱਤੀ ਜਾਵੇ, ਆਰ. ਐੱਸ. ਐੱਸ. ਦੀ ਦਲੀਲ ਕਿਉਂ ਮੰਨੀ ਜਾਵੇ? ਸੁਦਰਸ਼ਨ ਜੀ ਦੇ ਥੈਲੇ ਦੀ ਬਿੱਲੀ ਪੂਰੀ ਦੀ ਪੂਰੀ ਬਾਹਰ ਆ ਜਾਂਦੀ ਹੈ, ਜਦੋਂ ਉਹ ਕਹਿੰਦੇ ਹਨ ਕਿ "ਸਾਰੇ ਹਿੰਦੂ ਸਿੱਖ ਹਨ।" ਸੁਦਰਸ਼ਨ ਜੀ ਕੋਈ ਅੱਲੜ੍ਹ ਖਿਡਾਰੀ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਕਿ ਸਿੱਖ ਕੌਣ ਹੁੰਦਾ ਹੈ, ਸਿੱਖ ਕਿਸੇ ਦੇਵੀ-ਦੇਵਤੇ ਜਾਂ ਮੂਰਤੀ ਦੀ ਪੂਜਾ ਨਹੀਂ ਕਰਦਾ, ਸਿੱਖ ਹਿੰਦੂ ਗ੍ਰੰਥਾਂ ਨੂੰ ਨਹੀਂ ਮੰਨਦਾ। ਤਾਂ ਫਿਰ ਕਿਹੜੇ ਹਿੰਦੂ ਹਨ, ਜੋ ਸਿੱਖ ਕਹੇ ਜਾਣ? ਕੇਸ ਕਟਾਉਣ ਵਾਲੇ, ਬੀੜੀਆਂ ਪੀਣ ਵਾਲੇ, ਸਾਰੇ ਦੇਵੀ-ਦੇਵਤਿਆਂ ਨੂੰ ਮੰਨਣ ਵਾਲੇ, ਸਾਰੇ ਹਿੰਦੂ ਸਿੱਖ ਹਨ, ਫਿਰ ਤਾਂ ਉਨ੍ਹਾਂ ਮੁਤਾਬਿਕ ਸਾਰੇ ਮੁਸਲਮਾਨ ਅਤੇ ਈਸਾਈ ਭੀ ਸਿੱਖ ਹੀ ਹੋਏ। ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਮੁਤਾਬਿਕ ਤਾਂ ਮੁਸਲਮਾਨ ਅਤੇ ਈਸਾਈ ਭੀ ਹਿੰਦੂ ਹੀ ਹਨ। ਸਹੀ ਤਾਂ ਇਹ ਹੈ ਕਿ ਸੁਦਰਸ਼ਨ ਜੀ ਨੇ ਕੋਈ ਵੀ ਨਵੀਂ ਗੱਲ ਨਹੀਂ ਕੀਤੀ। ਉਹ ਪੁਰਾਣਾ ਰਾਗ ਹੀ ਨਵੇਂ ਸੁਰ ਵਿਚ ਗਾ ਰਹੇ ਹਨ। ਉਨ੍ਹਾਂ ਦੀ ਦਲੀਲ ਹਾਸੋਹੀਣੀ ਵੀ ਹੈ ਅਤੇ ਨਿਕੰਮੀ ਵੀ। ਅਜਿਹੇ ਪ੍ਰਚਾਰ ਨੇ ਸਿੱਖਾਂ ਨੂੰ ਪਹਿਲਾਂ ਵੀ ਪ੍ਰਭਾਵਿਤ ਨਹੀਂ ਕੀਤਾ ਅਤੇ ਹੁਣ ਵੀ ਕੁਝ ਨਹੀਂ ਹੋਣਾ।

ਆਓ! ਪੰਜਾਬ ਦੇ ਸ਼ਾਂਤ ਮਾਹੌਲ ਵਿਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਦੇ ਜਤਨਾਂ ਤੋਂ ਚੌਕਸ ਤਾਂ ਹੋਈਏ ਪਰ ਕਿਸੇ ਵੀ ਤਰ੍ਹਾਂ, ਫ਼ਿਰਕੂ ਨਫ਼ਰਤ ਵਧਣ ਨਾ ਦੇਈਏ। ਰਵਾਇਤੀ ਸਾਂਝ ਨੂੰ ਬਰਕਰਾਰ ਰਖਦਿਆਂ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਖੁਸ਼ਹਾਲੀ ਲਈ ਹੋਰ ਮਿਹਨਤ ਕਰੀਏ!


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.