“ਅਫ਼ਜ਼ਲ ਨੂੰ”
ਅਫ਼ਜ਼ਲ,
ਤੂੰ ਘਬਰਾਈਂ ਨਾ,
ਤੇਰੀ ਕੌਮ ਤੇਰੇ ਲਈ ਜੱਦੋ ਜ਼ਹਿਦ ਕਰ ਰਹੀਂ ਹੈ,
ਤੇ ਅਸੀਂ ਵੀ ਨਾਲ ਹਾਂ,
ਤੁਹਾਡੇ ਗੁਆਂਢੀ।
ਕਿਉਂਕਿ,
ਤੁਹਾਡੇ ਨਾਲ ਵਾਪਰ ਰਿਹਾ ਸਭ ਕੁਝ
ਪਹਿਲਾਂ ਸਾਡੇ ਨਾਲ ਵੀ ਵਾਪਰ ਚੁੱਕੈ।
ਅਸੀਂ ਵੀ ਭੋਗ ਰਹੇ ਹਾਂ,
ਗੁਲਾਮੀ ਦਾ ਸੰਤਾਪ।
ਤੇ ਸਾਡਾ ਦੁਸ਼ਮਨ ਵੀ ਇੱਕੋ ਐ।
ਨਾਲੇ ਤੂੰ ਐਡੀ ਛੇਤੀ ਮੁਕਤੀ ਦੀ ਆਸ ਨਾ ਰੱਖੀਂ,
ਅਜੇ ਤਾਂ ਬਹੁਤ ਡਰਾਮੇ ਹੋਣਗੇ।
ਚੱਲ ਛੱਡ,
ਕੋਈ ਹੋਰ ਗੱਲ ਕਰਦੇ ਹਾਂ।
ਅਫ਼ਜ਼ਲ,
ਤੇਰੇ ਨੇੜੇ ਹੀ ਸਾਡਾ ਵੀ ਇਕ ਯੋਧਾ ਕੈਦ ਹੈ,
ਤੈਨੂੰ ਕਦੇ ਉਸਦੀ ਆਵਾਜ਼ ਸੁਣਾਈ ਨਈਂ ਦਿੱਤੀ,
ਨਿੱਤਨੇਮ ਕਰਦੇ ਦੀ,
ਬਾਣੀ ਪੜਦੇ ਦੀ,
ਜੈਕਾਰੇ ਛੱਡਦੇ ਦੀ।
ਜੇ ਮੌਕਾ ਮਿਲਿਆ,
ਤਾਂ ਉਸ ਨੂੰ ਜਰੂਰ ਮਿਲੀਂ।
‘ਦਵਿੰਦਰਪਾਲ ਸਿੰਘ’ ਐ ਉਸਦਾ ਨਾ।
ਕਿਸੇ ਨੂੰ ਮਰਜ਼ੀ ਪੁੱਛ ਲਈਂ,
ਸਾਰੇ ਉਸ ਨੂੰ ਜਾਣਦੇ ਨੇ।
ਮਧਰੇ ਜਿਹੇ ਕੱਦ ਦਾ,
ਥੋੜਾ ਤੇਜ਼ ਤੁਰਦੈ।
ਉਹ ਵੀ ਅਜ਼ਾਦੀ ਲਈ ਲੜਦਾ ਫੜਿਆ ਗਿਐ,
ਸਜ਼ਾ ਵੀ ਤੇਰੇ ਵਾਲੀ ਐ,
‘ਫਾਂਸੀ’
ਤੇ ਓਸ ਬੈਰਕ ਵੱਲ ਵੀ ਜਾਈਂ,
ਜਿੱਥੇ ਕਦੇ ਸਤਵੰਤ ਸਿੰਘ ਤੇ ਕਿਹਰ ਸਿੰਘ ਬੰਦ ਸਨ।
ਸ਼ਾਇਦ ਤੈਨੂੰ ਅਜੇ ਵੀ ਉੱਥੋਂ
ਜੈਕਾਰਿਆਂ ਦੀ ਗੂੰਜ ਸੁਣਾਈ ਦੇਵੇ।
ਜਰੂਰ ਜਾਈਂ,
ਤੇਰੇ ਵਿਚ ਵੀ ਚੜ੍ਹਦੀ ਕਲਾ ਆਵੇਗੀ।
ਕਿਸੇ ਕੋਲੋਂ ਉਹਨਾਂ ਦੀ ਸ਼ਹਾਦਤ ਬਾਰੇ ਵੀ ਪੁੱਛੀਂ,
ਉਹਨਾਂ ਦੀ ਬਹਾਦਰੀ ਬਾਰੇ ਸੁਣ ਕੇ,
ਤੈਨੂੰ ਹੌਸਲਾ ਮਿਲੇਗਾ।
ਤੇ ਅੰਤ ਵਿਚ ਬਾਈ ਅਫ਼ਜ਼ਲ, ਇਹੀ ਕਹਾਂਗਾ,
ਕਿ ਡੋਲੀਂ ਨਾ,
ਸ਼ਹੀਦ ਦੀ ਮੌਤ, ਕੌਮ ਦੀ ਹਯਾਤ,
ਯਾਦ ਰੱਖੀਂ।
ਕੌਮਾਂ ਦੀ ਹੋਣੀ ਸਿਰਜਨ ਲਈ
ਸ਼ਹੀਦਾਂ ਦੀ ਲੰਮੀਂ ਕਤਾਰ ਦੀ ਲੋੜ ਹੁੰਦੀ ਹੈ।
ਤੇ ਸ਼ਹਾਦਤਾਂ ਨਾਲ ਹੀ ਕੌਮਾਂ ਜਿਉੰਦੀਆਂ ਨੇ,
ਇਨਕਲਾਬ ਆਉਂਦੇ ਨੇ।
ਸੋ ਪੂਰਾ ਜ਼ੋਰ ਲਾ,
ਦਿੱਲੀ ਦੇ ਕਿੰਗਰੇ ਢਾਹੁਣ ਲਈ,
ਪੈਗੰਬਰ ਦਾ ਸੱਚਾ ਪੁੱਤ ਬਣ,
ਗੁਰੂ ਬਹੁੜੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ(9815763313)
jagdeepsfaridkot@yahoo.com