
“ਬਾਈ ਕਮਲਜੀਤ ਨਾਲ ਕੁਝ ਗੱਲਾਂ”
ਬਾਈ ਕਮਲਜੀਤ,
ਤੂੰ ਕਿਸਮਤ ਵਾਲਾ ਸੈਂ,
ਜੋ ਪੰਥ ਉੱਤੋਂ ਆਪਾ ਵਾਰ,
ਸ਼ਹਾਦਤ ਕਮਾ ਗਿਐਂ।
ਸ਼ਾਇਦ ਤੈਨੂੰ ਪਤਾ ਸੀ,
ਸ਼ਹੀਦ ਨੂੰ ਸਤਿਗੁਰੂ ਦੇ ਚਰਨਾਂ ਵਿਚ ਨਿਵਾਸ ਮਿਲਦੈ।
ਭਾਈ ਫੌਜਾ ਸਿੰਘ ਤਾਂ ਤੈਨੂੰ
ਜੱਫੀ ਪਾ ਕੇ ਮਿਲੇ ਹੋਣੇ ਐਂ,
ਤੇ ਸੰਤ ਜਰਨੈਲ ਸਿੰਘ ਨੇ ਵੀ
ਥਾਪੜਾ ਦਿੱਤਾ ਹੋਣੈ।
ਤੈਨੂੰ ਪਤੈ ਬਾਈ,
ਖ਼ਬਰਾਂ ਵਾਲੇ ਕਹਿੰਦੇ
ਕਮਲਜੀਤ ਮਾਰਿਆ ਗਿਆ,
ਉਹ ਝੱਲੇ ਨਹੀਂ ਜਾਣਦੇ,
ਤੂੰ ਤਾਂ ਅਮਰ ਹੋ ਗਿਐਂ।
ਪਰ ਗੁੱਸੇ ਨਾ ਹੋਵੀਂ ਬਾਈ,
ਤੂੰ ਸ਼ਹਾਦਤ ਤੋਂ ਪਹਿਲਾਂ
ਜਿਹੜੀ ਗੱਲ ਕਹੀ ਸੀ,
‘ਲੜਾਈ ਜਾਰੀ ਰੱਖਿਓ’
ਉਸ ਨੂੰ ਅਸੀਂ ਨਿਭਾ ਨਹੀਂ ਸਕੇ।
ਪਰ ਕਸੂਰ ਸਾਡਾ ਵੀ ਨਹੀਂ ਵੀਰਿਆ,
ਸਾਨੂੰ ਗੁੰਮਰਾਹ ਕੀਤਾ ਗਿਐ,
ਕਦੇ ਅੰਮ੍ਰਿਤਸਰ, ਕਦੇ ਚੰਡੀਗੜ੍ਹ,
ਕਦੇ ਦਿੱਲੀ,ਕਦੇ ਫਤਹਿਗੜ੍ਹ
ਤੇ ਕਦੇ ਤਲਵੰਡੀ ਸੱਦਕੇ।
ਆਗੂਆਂ ਨੇ ਸਾਡੇ ਨਾਲ ਧੋਖਾ ਕੀਤੈ,
ਹਰੇਕ ਜਗ੍ਹਾ ਕਹਿੰਦੇ
‘ਹੁੰਮ ਹੁਮਾ ਕੇ ਪੁੱਜੋ’,
ਪਰ ਨਾਲ ਹੀ ਸ਼ਰਤਾਂ ਵੀ ਰੱਖ ਦਿੰਦੇ,
ਨਾਹਰੇ ਨਹੀਂ ਲਾਉਣੇ,
ਕ੍ਰਿਪਾਨਾਂ ਨਹੀਂ ਕੱਢਣੀਆਂ।
ਮੈਨੂੰ ਲਗਦੈ ਇਹ ਸਾਰੇ ਪੰਥ ਨੂੰ
ਗਾਂਧੀ ਬਣਾਉਣਾ ਚਾਹੁੰਦੇ ਐ।
ਪਹਿਲਾਂ ਆਪ ਕਹਿ ਦਿੰਦੇ ਐ,
ਫੇਰ ਆਪੇ ਮੁੱਕਰ ਜਾਂਦੇ ਐ।
ਤੇ ਇਕ ਹੋਰ
ਅਲੋਕਾਰੀ ਗੱਲ ਹੋ ਰਹੀ ਐ,
ਸਾਧ ਦੀਆਂ
ਮਿੰਨਤਾਂ ਕੀਤੀਆਂ ਜਾ ਰਹੀਆਂ ਨੇ,
ਕਿ ਮੁਆਫੀ ਮੰਗ ਲਉ ਜੀ,
ਮੁਆਫੀ ਮੰਗ ਲਉ।
ਲੋਕਾਂ ਦੇ ਤਰਲੇ ਪਾਏ ਜਾ ਰਹੇ ਨੇ,
ਕਿ ਬਾਬੇ ਤੋਂ ਮੁਆਫੀ ਮੰਗਵਾ ਦਿਉ।
ਸਾਡਾ ਕੋਈ ਕਸੂਰ ਨ੍ਹੀ ਵੀਰਿਆ,
ਸਾਨੂੰ ਖੱਜਲ ਕੀਤਾ ਗਿਐ।
ਤੈਨੂੰ ਤਾਂ ਪਤਾ ਈ ਐ,
ਕਿਵੇਂ ਕ੍ਰਿਪਾਨਾਂ, ਖੰਡੇ, ਟਕੂਏ, ਖੁਰਚਣੇ, ਬਾਹੀਆਂ, ਟੰਬੇ
ਤੇ ਜੋ ਵੀ ਹੱਥ ਆਇਆ,
ਲੈ ਕੇ ਗਏ ਸੀ,
ਪਰ ਕਹਿੰਦੇ ਸ਼ਾਂਤੀ ਰੱਖਣੀ ਐਂ।
ਬੰਦੇ ਵੀ ਸਾਡੇ ਕੁੱਟੇ ਗਏ,
ਹਿਰਦੇ ਵੀ ਸਾਡੇ ਵਲੂਧਰੇ ਗਏ,
ਵੀਰ ਵੀ ਸਾਡਾ ਸ਼ਹੀਦ ਹੋ ਗਿਆ,
ਤੇ ਸ਼ਾਂਤੀ ਦੇ ਉਪਦੇਸ਼ ਵੀ
ਸਾਨੂੰ ਦਿੱਤੇ ਜਾ ਰਹੇ ਨੇ।
ਖ਼ੈਰ, ਬਾਈ,
ਪੰਥ ਲਈ ਮਰਨਾਂ ਬਹੁਤ ਔਖੈ,
ਪਰ ਪੰਥ ਲਈ ਜਿਊਣਾ ਹੋਰ ਵੀ ਔਖੈ,
ਤੂੰ ਪੰਥ ਲਈ ਸ਼ਹੀਦ ਹੋਇਐਂ,
ਤੇਰੀ ਸ਼ਹਾਦਤ ਨੂੰ ਪ੍ਰਨਾਮ ਐ।
ਪਰ ਅਸੀਂ ਜਿਊਦੇ,
ਬਹੁਤ ਕੁਝ ਝੱਲ ਰਹੇ ਹਾਂ,
ਪੈਰ ਪੈਰ ‘ਤੇ ਗੱਦਾਰੀਆਂ,
ਪਲ ਪਲ ਧੋਖੇ,
ਸੰਤ ਜਰਨੈਲ ਸਿੰਘ ਨੂੰ ਦੱਸ ਦੇਈਂ,
ਤੁਹਾਡੇ ਵਰਗਾ ਕੋਈ ਨ੍ਹੀ ਬਚਿਆ ਹੁਣ,
ਬਥੇਰੇ ਨੇ,
ਤੁਹਾਡਾ ਸਟੇਜਾਂ ‘ਤੇ
ਗੁਣ ਗਾਣ ਕਰਨ ਵਾਲੇ,
ਤੁਹਾਡੇ ਨਾਮ ‘ਤੇ ਪੈਸੇ ਕਮਾਉਣ ਵਾਲੇ,
ਪਰ ਤੁਹਾਡੇ ਵਰਗਾ ਹੁਣ ਕੋਈ ਨਈ।
ਕੌਮ ਆਗੂ ਤੋਂ ਬਿਨਾ ਰੁਲ ਰਹੀ ਐ,
ਰੋ ਰਹੀ ਐ।
ਸਾਡੇ ਤੋਂ ਵੀ ਇਸ ਜਿੱਲਤ ਵਿਚ
ਬਹੁਤੀ ਦੇਰ ਰਿਹਾ ਨਈ ਜਾਣਾ,
ਸ਼ਹਾਦਤ ਕਰਮਾਂ ਵਾਲੇ ਨੂੰ ਮਿਲਦੀ ਐ,
ਪ੍ਰਮਾਤਮਾਂ ਕਰੇ ਸਾਨੂੰ ਵੀ.........,
ਸਾਡੇ ਲਈ ਅਰਦਾਸ ਕਰੀਂ ਬਾਈ,
ਤੇ ਸਾਡੀ ਉਡੀਕ ਵੀ ਰੱਖੀਂ........
ਜਗਦੀਪ ਸਿੰਘ ਫਰੀਦਕੋਟ
balle veer bari wadiya shaiyari kiti aa.. lokaan d shaiyari te 2-3 paireyaan vich khatam ho jandi eh .. par teri shayari kaafi lambhi hai .. wadiya laga par k