ਸਿੱਖੀ ਕੇਸਾਂ-ਸਵਾਸਾਂ ਸੰਗ ਨਿਭਾਉਣ ਵਾਲੇ ਦੋ ਮਹਾਨ ਗੁਰਸਿੱਖ
(ਪ੍ਰੋ. ਕਰਤਾਰ ਸਿੰਘ ਐਮ. ਏ.)
1. ਭਾਈ ਮਨੀ ਸਿੰਘ ਜੀ
ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਕੈਂਬੋਵਾਲ ਦੇ ਵਸਨੀਕ ਚੌਧਰੀ ਕਾਲੇ ਦੇ ਘਰ ਹੋਇਆ। ਇਹ ਪਿੰਡ ਮਗਰੋਂ ਉੱਜੜ ਗਿਆ।
ਇਸ ਦਾ ਥੇਹ ਸੁਨਾਮ (ਜ਼ਿਲ੍ਹਾ ਪਟਿਆਲਾ) ਦੇ ਨੇੜੇ ਹੈ। ਭਾਈ ਸਾਹਿਬ ਦਾ ਨਾਮ ਮਾਪਿਆਂ ਨੇ ਮਨੀਆ ਰੱਖਿਆ। ਉਹ ਮਸਾਂ ਪੰਜਾਂ ਵਰ੍ਹਿਆਂ ਦੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਪਾਸ ਛੱਡ ਆਏ। ਉਹ ਛੋਟੀ ਉਮਰ ਤੋਂ ਹੀ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਰਹੇ। ਉਨ੍ਹਾਂ ਨੇ ਸ੍ਰੀ ਕਲਗੀਧਰ ਜੀ ਪਾਸੋਂ ਅੰਮ੍ਰਿਤ ਛਕਿਆ ਤੇ ਉਸ ਦਾ ਨਾਂ ਮਨੀ ਸਿੰਘ ਹੋਇਆ। ਜਦ ਸੰਮਤ 1761 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਨਾਲ ਦਿੱਲੀ ਗਏ ਅਤੇ ਉਨ੍ਹਾਂ ਦੀ ਸੇਵਾ ਵਿਚ ਰਹੇ। 1762-63 ਵਿਚ ਉਹ ਮਾਤਾ ਸਾਹਿਬ ਕੌਰ ਦੇ ਨਾਲ ਸ੍ਰੀ ਦਸਮੇਸ਼ ਜੀ ਦੀ ਹਜ਼ੂਰੀ ਵਿਚ ਦਮਦਮਾ ਸਾਹਿਬ ਪੁੱਜੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਮਗਰੋਂ ਕੁਝ ਸਿੱਖਾਂ ਨੇ ਉਨ੍ਹਾਂ (ਬੰਦਾ ਸਿੰਘ ਜੀ) ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ, ਇਨ੍ਹਾਂ ਨੂੰ ਬੰਦਈ ਸਿੱਖ ਕਿਹਾ ਜਾਣ ਲੱਗਾ। ਇਸ ਦੇ ਉਲਟ ਤੱਤ ਖ਼ਾਲਸਾ ਬਾਬਾ ਬੰਦਾ ਸਿੰਘ ਨੂੰ ਗੁਰੂ ਮੰਨਣ ਲਈ ਤਿਆਰ ਨਹੀਂ ਸੀ। ਬੰਦਈ ਸਿੱਖਾਂ ਨੇ ਮੰਗ ਕੀਤੀ ਕਿ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਹੋਰ ਪੰਥਕ ਮਾਮਲਿਆਂ ਵਿਚ ਸਾਡਾ ਅੱਧ ਹੋਵੇ। ਤੱਤ ਖ਼ਾਲਸਾ ਇਸ ਮੰਗ ਨੂੰ ਅਯੋਗ ਸਮਝਦਾ ਸੀ ਤੇ ਅਜਿਹੀਆਂ ਵੰਡੀਆਂ ਪਾਉਣ ਦੇ ਵਿਰੁੱਧ ਸੀ ਜਿਸ ਕਰਕੇ ਬੰਦਈਆਂ ਦੀ ਮੰਗ ਠੁਕਰਾਈ ਗਈ। ਪਰ ਬੰਦਈ ਹਠ ਤੇ ਡਟੇ ਰਹੇ ਅਤੇ ਦੋਹਾਂ ਧਿਰਾਂ ਵਿਚਕਾਰ ਚੋਖੀ ਖਿਚੋਤਾਣ ਹੋ ਗਈ।
ਮਾਤਾ ਸੁੰਦਰੀ ਜੀ ਨੇ ਪੰਥ ਦੀ ਇਹ ਫੁੱਟ ਮਿਟਾਉਣ ਲਈ ਅਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਸੰਮਤ 1778 ਦੇ ਸ਼ੁਰੂ ਵਿਚ ਸ੍ਰੀ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਬਣਾ ਕੇ ਭੇਜਿਆ। ਭਾਈ ਸਾਹਿਬ ਨੇ ਸ਼ਹਿਰ ਦੇ ਮੁਖੀ ਸਿੱਖਾਂ ਦੀ ਸਲਾਹ ਨਾਲ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਧਾਰਿਆ।
ਉਸੇ ਸਾਲ ਹੀ ਵਿਸਾਖੀ ਦੇ ਮੌਕੇ ਤੇ ਬੰਦਈਆਂ ਤੇ ਤੱਤ ਖ਼ਾਲਸੇ ਵਿਚਕਾਰ ਖੁੱਲ੍ਹਮ-ਖੁੱਲ੍ਹੀ ਲੜਾਈ ਦੀ ਤਿਆਰੀ ਹੋਣ ਲੱਗੀ। ਭਾਈ ਮਨੀ ਸਿੰਘ ਜੀ ਨੇ ਵਿਚ ਪੈ ਕੇ ਅਮਨ-ਸਹਿਤ ਫ਼ੈਸਲੇ ਦੀ ਤਜਵੀਜ਼ ਰੱਖੀ। ਤਜਵੀਜ਼ ਇਹ ਸੀ ਕਿ ਦੋਹਾਂ ਧਿਰਾਂ ਦੀਆਂ ਪਰਚੀਆਂ ਹਰਿ ਕੀ ਪੌੜੀ ਡੋਬੀਆਂ ਜਾਣ, ਜਿਸ ਧਿਰ ਦੀ ਪਰਚੀ ਪਹਿਲਾਂ ਤਰ ਪਵੇ, ਉਸ ਦੀ ਗੱਲ ਮੰਨੀ ਜਾਵੇ। ਤੱਤ ਖ਼ਾਲਸਾ ਦੀ ਪਰਚੀ ਪਹਿਲਾਂ ਤਰ ਪਈ। ਬੰਦਈਆਂ ਨੇ ਇਸ ਨੂੰ ਗੁਰੂ ਦਾ ਫ਼ੈਸਲਾ ਸਮਝ ਕੇ ਪ੍ਰਵਾਨ ਕੀਤਾ। ਇਸ ਤਰ੍ਹਾਂ ਭਾਈ ਸਾਹਿਬ ਦੀ ਸਿਆਣਪ ਨਾਲ ਇਹ ਝਗੜਾ ਅਮਨ-ਸਹਿਤ ਨਜਿੱਠਿਆ ਗਿਆ ਤੇ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਲਹੂ ਡੁੱਲ੍ਹਣੋਂ ਬਚ ਗਿਆ।
ਭਾਈ ਮਨੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਹੋਣ ਸਮੇਂ ਪੰਥਕ ਜਥੇਬੰਦੀ ਤੇ ਏਕਤਾ ਨੂੰ ਪੱਕਾ ਕੀਤਾ। ਉਨ੍ਹਾਂ ਨੇ ਇਸ ਸਮੇਂ ਕਈ ਪੁਸਤਕਾਂ ਰਚੀਆਂ। ਗਿਆਨ ਰਤਨਾਵਲੀ ਆਪ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। ਸੰਮਤ 1791 (ਸੰਨ 1734) ਵਿਚ ਉਨ੍ਹਾਂ ਨੇ ਸ੍ਰੀ ਦਸਮੇਸ਼ ਜੀ ਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰ ਕੇ ਦਸਮ ਗ੍ਰੰਥ ਦੀ ਬੀੜ ਤਿਆਰ ਕੀਤੀ।
ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਨਵੀਂ ਬੀੜ ਤਿਆਰ ਕੀਤੀ, ਜਿਸ ਵਿਚ ਹਰੇਕ ਗੁਰੂ ਜੀ ਦੀ ਬਾਣੀ ਰਾਗਾਂ ਵਿਚੋਂ ਚੁਣ ਕੇ ਇਕ ਥਾਂ ਕੀਤੀ ਅਤੇ ਭਗਤ ਬਾਣੀ ਵੀ ਇਸੇ ਤਰ੍ਹਾਂ ਹਰੇਕ ਭਗਤ ਦੀ ਇਕ ਥਾਂ ਲਿਖੀ। ਪੰਥ ਨੇ ਇਹ ਬੀੜ ਪ੍ਰਵਾਨ ਨਾ ਕੀਤੀ।
ਸ੍ਰੀ ਅੰਮ੍ਰਿਤਸਰ ਵਿਚ ਦੀਵਾਲੀ ਦਾ ਜੋੜ ਮੇਲਾ ਮੁਗ਼ਲ ਸਰਕਾਰ ਨੇ ਕਈ ਵਰ੍ਹਿਆਂ ਤੋਂ ਬੰਦ ਕੀਤਾ ਹੋਇਆ ਸੀ। ਸੰਮਤ 1795 (ਸੰਨ 1738) ਵਿਚ ਭਾਈ ਸਾਹਿਬ ਨੇ ਲਾਹੌਰ ਦੇ ਸੂਬੇ ਪਾਸੋਂ ਦੀਵਾਲੀ ਦਾ ਜੋੜ ਮੇਲਾ ਲਾਉਣ ਦੀ ਆਗਿਆ ਮੰਗੀ। ਆਗਿਆ ਇਸ ਸ਼ਰਤ ਤੇ ਦਿੱਤੀ ਗਈ ਕਿ ਜੋੜ ਮੇਲੇ ਮਗਰੋਂ ਭਾਈ ਸਾਹਿਬ ਪੰਜ ਹਾਜ਼ਰ ਰੁਪਏ ਸਰਕਾਰ ਨੂੰ ਦੇਣ। ਜੋੜ ਮੇਲਾ ਦਸ ਦਿਨ ਰਹਿਣਾ ਸੀ। ਭਾਈ ਮਨੀ ਸਿੰਘ ਦਾ ਖਿਆਲ ਸੀ ਕਿ ਚੜ੍ਹਾਵੇ ਵਿਚੋਂ ਇਹ ਰਕਮ ਤਾਰੀ ਜਾ ਸਕੇਗੀ। ਇਸ ਲਈ ਉਨ੍ਹਾਂ ਨੇ ਖ਼ਾਲਸੇ ਨੂੰ ਸੱਦੇ ਭੇਜੇ, ਪਰ ਉਧਰ ਸੂਬੇ, ਦੀਵਾਨ ਲਖਪਤ ਰਾਇ ਦੇ ਮਾਤਹਿਤ ਬਹੁਤ ਸਾਰੀ ਫੌਜ ਭੇਜ ਦਿੱਤੀ, ਜਿਸ ਨੇ ਰਾਮ ਤੀਰਥ ਜਾ ਡੇਰਾ ਲਾਇਆ। ਇਸ ਨੂੰ ਹੁਕਮ ਸੀ ਕਿ ਜੋੜ ਮੇਲੇ ਵਾਲੇ ਦਿਨ ਖ਼ੂਬ ਜ਼ੋਰ-ਸ਼ੋਰ ਨਾਲ ਸ਼ਹਿਰ ਵੱਲ ਨੂੰ ਕੂਚ ਕਰੇ, ਤਾਂ ਜੋ ਲੋਕ ਡਰ ਜਾਣ ਅਤੇ ਜੋੜ ਮੇਲਾ ਨਾ ਹੋਵੇ।
ਐਸਾ ਹੀ ਕੀਤਾ ਗਿਆ। ਜੋੜ ਮੇਲਾ ਨਾ ਭਰਨ ਕਰਕੇ ਚੜ੍ਹਾਵਾ ਨਾ ਆਇਆ ਤੇ ਭਾਈ ਮਨੀ ਸਿੰਘ ਜੀ ਪੰਜ ਹਜ਼ਾਰ ਰੁਪਿਆ ਤਾਰ ਨਾ ਸਕੇ, ਉਨ੍ਹਾਂ ਨੂੰ ਇਸ ਅਪਰਾਧ ਬਦਲੇ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਇਆ ਗਿਆ। ਉਥੇ ਉਨ੍ਹਾਂ ਨੂੰ ਕਿਹਾ ਗਿਆ, "ਜਾਂ ਮੁਸਲਮਾਨ ਹੋ ਜਾਓ, ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ।"
ਭਾਈ ਮਨੀ ਸਿੰਘ ਨੇ ਧਰਮ ਤਿਆਗਣੋਂ ਨਾਂਹ ਕਰ ਦਿੱਤੀ। ਜਦ ਜੱਲਾਦ ਉਨ੍ਹਾਂ ਦੇ ਅੰਗ-ਅੰਗ ਕੱਟਣ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ- ਮਿੱਤਰਾ! ਬੰਦ-ਬੰਦ ਕੱਟ, ਹੁਕਮ ਜੋ ਇਹ ਹੈ।" ਆਪ ਜੀ ਦਾ ਸ਼ਹੀਦੀ ਦਿਵਸ 25 ਹਾੜ ਮੁਤਾਬਕ 9 ਜੁਲਾਈ 2004 ਨੂੰ ਆ ਰਿਹਾ ਹੈ।
2. ਭਾਈ ਤਾਰੂ ਸਿੰਘ ਜੀ
ਭਾਈ ਤਾਰੂ ਸਿੰਘ ਜੀ ਪਿੰਡ ਪੂਲ੍ਹਾ, ਜ਼ਿਲ੍ਹਾ ਲਾਹੌਰ ਦੇ ਵਸਨੀਕ ਸਨ। ਆਪ ਬੜੇ ਉੱਚੇ-ਸੁੱਚੇ ਧਰਮੀ ਬੰਦੇ ਸਨ। ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ ਉਨ੍ਹਾਂ ਦਾ ਨੇਮ ਸੀ। ਆਪ ਖੇਤੀ-ਬਾੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮਾਤਾ ਤੇ ਭੈਣ ਪੀਹਣ-ਪਕਾਉਣ ਦਾ ਕੰਮ ਕਰਦੀਆਂ ਸਨ। ਉਨ੍ਹੀਂ ਦਿਨੀਂ ਸਿੱਖਾਂ ਉੱਤੇ ਅੱਤ ਦੀ ਸਖ਼ਤੀ ਹੋ ਰਹੀ ਸੀ, ਜਿਸ ਕਰਕੇ ਅਨੇਕਾਂ ਸਿੱਖ ਜੰਗਲਾਂ ਵਿਚ ਚਲੇ ਗਏ। ਭਾਈ ਤਾਰੂ ਸਿੰਘ ਜੀ ਦਾ ਨੇਮ ਸੀ ਕਿ ਘਰੋਂ ਰੋਟੀਆਂ ਪਕਵਾ ਕੇ ਰਾਤੀਂ ਜੰਗਲਾਂ ਵਿਚ ਖ਼ਾਲਸੇ ਨੂੰ ਛਕਾਉਂਦੇ। ਜੰਡਿਆਲੇ ਦੇ ਨਿਰੰਜਨੀਏ ਮਹੰਤ ਹਰਭਗਤ ਨੇ ਜ਼ਕਰੀਆਂ ਖਾਂ ਸੂਬਾ ਲਾਹੌਰ ਪਾਸ ਜਾ ਚੁਗਲੀ ਕੀਤੀ ਕਿ ਭਾਈ ਤਾਰੂ ਸਿੰਘ ਹਕੂਮਤ ਦੇ ਵਿਰੋਧੀ ਸਿੰਘਾਂ ਨੂੰ ਰੋਟੀਆਂ ਖੁਆਉਂਦਾ ਤੇ ਸਹਾਇਤਾ ਦਿੰਦਾ ਹੈ। ਸੂਬੇ ਨੇ ਉਸੇ ਵੇਲੇ ਭਾਈ ਤਾਰੂ ਸਿੰਘ ਨੂੰ ਫੜ ਕੇ ਲਿਆਉਣ ਦਾ ਹੁਕਮ ਦੇ ਦਿੱਤਾ।
ਅਹਿਦੀਏ ਨੇ ਪੂਲ੍ਹੇ ਪਿੰਡ ਪਹੁੰਚ ਕੇ ਭਾਈ ਤਾਰੂ ਸਿੰਘ ਜੀ ਤੇ ਉਨ੍ਹਾਂ ਦੀ ਭੈਣ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਲਿਆਂ ਨੇ ਅਹਿਦੀਏ ਨੂੰ ਵੱਢੀ ਦੇ ਕੇ ਬੀਬੀ ਨੂੰ ਛੁਡਾ ਲਿਆ। ਭਾਈ ਸਾਹਿਬ ਨੂੰ ਫੜ ਕੇ ਲਾਹੌਰ ਪਹੁੰਚਾਇਆ ਤੇ ਕੈਦ ਕੀਤਾ ਗਿਆ। ਉਥੇ ਉਨ੍ਹਾਂ ਨੂੰ ਬਹੁਤ ਲਾਲਚ ਤੇ ਡਰਾਵੇ ਦਿੱਤੇ ਗਏ ਤੇ ਮੁਸਲਮਾਨ ਬਣਨ ਲਈ ਜ਼ੋਰ ਦਿੱਤਾ ਗਿਆ, ਪਰ ਭਾਈ ਸਾਹਿਬ ਨੇ ਕਿਹਾ: "ਜੇ ਦੁਨੀਆਂ ਦੇ ਖ਼ਜ਼ਾਨੇ ਮੇਰੇ ਹਵਾਲੇ ਹੋਣ ਤਾਂ ਵੀ ਮੈਂ ਸਿੱਖੀ ਤਿਆਗਣ ਨੂੰ ਤਿਆਰ ਨਹੀਂ, ਇਹ ਅਮੋਲਕ ਸ਼ੈਅ ਹੈ।"
ਜਦ ਉਹ ਕਿਸੇ ਤਰ੍ਹਾਂ ਵੀ ਧਰਮ ਛੱਡ ਕੇ ਜੀਊਣਾ ਨਾ ਮੰਨੇ ਤਾਂ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਦਿੱਲੀ ਦਰਵਾਜ਼ੇ ਤੋਂ ਬਾਹਰ ਨਖਾਸ ਚੌਂਕ ਵਿਚ ਉਨ੍ਹਾਂ ਦੀ ਖੋਪਰੀ, ਕੇਸਾਂ ਸਮੇਤ ਰੰਬਿਆਂ ਨਾਲ ਲਾਹੀ ਗਈ। ਆਪ ਸ਼ਾਂਤ ਬੈਠੇ ਜਪੁਜੀ ਸਾਹਿਬ ਦਾ ਪਾਠ ਕਰਦੇ ਅਤੇ ਵਾਹਿਗੁਰੂ ਦਾ ਨਾਮ ਜਪਦੇ ਰਹੇ। ਕਸ਼ਟਾਂ ਮਗਰੋਂ ਆਪ ਦੀ ਪਵਿੱਤਰ ਬਲਵਾਨ ਆਤਮਾ ਸੱਚਖੰਡ ਪਿਤਾ ਪਰਮਾਤਮਾ ਪਾਸ ਜਾ ਪੁੱਜੀ।
ਇਹ ਸਾਕਾ 1 ਸਾਵਣ ਸੰਮਤ 1802 (ਸੰਨ 1745) ਦਾ ਹੈ। ਉਸੇ ਦਿਨ ਹੀ ਕੁਝ ਚਿਰ ਪਹਿਲਾਂ ਜ਼ਕਰੀਆ ਖਾਂ ਆਪਣੇ ਕੀਤੇ ਪਾਪਾਂ ਦਾ ਫਲ ਭੋਗਣ ਲਈ ਅਗਲੇ ਜਹਾਨ ਨੂੰ ਤੁਰ ਗਿਆ।
ਆਪ ਜੀ ਦਾ ਸ਼ਹੀਦੀ ਦਿਵਸ 1 ਸਾਵਣ ਮੁਤਾਬਕ 16 ਜੁਲਾਈ 2004 ਨੂੰ ਆ ਰਿਹਾ ਹੈ।
ਭਾਈ ਤਾਰੂ ਸਿੰਘ ਜੀ ਦੀ ਪ੍ਰਤਿਗਿਆ
ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖ਼ਾਕ ਕੇ ਸਾਥ ਮਿਲੇਗਾ।
ਧਰਮ ਤੇ ਚਿੱਤ ਅਡੋਲ ਖੜ੍ਹਾ, ਬ੍ਰਹਿਮੰਡ ਹਿਲੇ, ਪਰ ਇਹ ਨਾ ਹਿਲੇਗਾ।
ਸਾਜੋ-ਸਾਮਾਨ, ਤ੍ਰਿਲੋਕੀ ਕੋ ਰਾਜ, ਕੁਬੇਰ ਕੀ ਮਾਇਆ ਕਾ ਦਵਾਰ ਖੁਲ੍ਹੇਗਾ।
ਏਤੀ ਬਿਭੂਤੀ ਕੋ ਦੇਖ ਕਦੰਚ, ਨਾ ਤਾਰੂ ਮਰਗਿੰਦ ਕਾ ਚਿੱਤ ਡੁਲੇਗਾ।