ਆਖ਼ਰੀ ਪੈਗ਼ਾਮ
ਵਤਨਾਂ ਮੇਰਿਆ ਮਤਾ ਕੋਈ ਏਹ ਆਖੇ
ਮੇਰੀਆਂ ਅੱਖਾਂ ’ਚ ਤੇਰੀ ਤਸਵੀਰ ਨਹੀਂ ਸੀ
ਤੇਰੀ ਪੈੜ ਮੈਂ ਚੁੰਮਦਾ ਜਾ ਰਿਹਾ ਹਾਂ
ਪਰ ਤੈਨੂੰ ਵੇਖਣਾ ਮੇਰੀ ਤਕਦੀਰ ਨਹੀਂ ਸੀ
ਕੱਲ੍ਹ ਨੂੰ ਹੋ ਸਕਦੈ ਤਾਅਨੇ ਜਹਾਨ ਮਾਰੇ
ਸਿਰ ਲੱਥਾਂ ਦੇ ਤੁਰੇ ਹੋਏ ਕਾਫ਼ਲੇ ਨੂੰ
ਮਤਾ ਕੋਈ ਭਟਕੀ ਜਵਾਨੀ ਹੀ ਕਹਿ ਦੇਵੇ
ਲਾਲ ਕਿਲ੍ਹੇ ਵੱਲ ਮੁੜੇ ਹੋਏ ਕਾਫ਼ਲੇ ਨੂੰ
ਹੱਕ ਲੈਣ ਦਾ ਅਸੀਂ ਜੋ ਅਹਿਦ ਕੀਤਾ
ਅੱਤਵਾਦ ਵੀ ਇਹਨੂੰ ਕੋਈ ਕਹਿ ਸਕਦਾ
“ਪਾਕ ਸ਼ਹਿਰ ਅੰਮ੍ਰਿਤਸਰ” ਦੀ ਮੰਗ ਕਰਕੇ
ਏਜੰਟ “ਪਾਕਿ” ਦਾ ਕਹਾਉਣਾ ਵੀ ਪੈ ਸਕਦਾ
ਪਾਣੀ ਲੈਣ ਲਈ ਮਤਾ ਪੰਜਾਬ ਖ਼ਾਤਿਰ
ਖ਼ੂਨ ਪਾਣੀ ਵਾਂਗ ਵਹਾਉਣਾ ਵੀ ਪੈ ਸਕਦੈ
ਦਿੱਲੀ ਤਖ਼ਤ ਦੇ ਕਿੰਗਰੇ ਢਾਹੁਣ ਦੇ ਲਈ
ਤਖ਼ਤ ਅਕਾਲ ਢੁਹਾਉਣਾ ਵੀ ਪੈ ਸਕਦੈ
ਚੜ੍ਹਕੇ ਆਏ ਹਰਿਮੰਦਰ ਤੇ ਵੈਰੀਆਂ ਨੂੰ
ਦੋ-ਦੋ ਹੱਥ ਵਿਖਾਉਣੇ ਵੀ ਪੈ ਸਕਦੇ
ਬੇਦਰਦ ਉਸ ਦਿੱਲੀ ਵਿੱਚ ਖ਼ਾਲਸੇ ਨੂੰ
ਟਾਇਰ ਗਲਾਂ ’ਚ ਪੁਆਉਣੇ ਵੀ ਪੈ ਸਕਦੇ
ਰੱਸੇ ਫ਼ਾਂਸੀ ਦੇ ਹੱਸ-ਹੱਸ ਚੁੰਮਣੇ ਦਾ
ਇਤਿਹਾਸ ਮੁੜਕੇ ਦੁਹਰਾਉਣਾ ਵੀ ਪੈ ਸਕਦਾ
ਘਰ ਦੇ ਛੱਡ ਕੇ ਸੁਖ ਅਰਾਮ ਸਾਰੇ
ਰੂਪੋਸ਼ ਜੀਵਨ ਜਿਊਣਾ ਵੀ ਪੈ ਸਕਦਾ
ਲਗਦੈ ਹਰੀਕੇ ਪੱਤਣ ਦੀ ਨਹਿਰ ਜਿਹੜੀ
ਪਿਆਰ ਸਿੰਘਾਂ ਨਾਲ ਗੂੜ੍ਹਾ ਪਾਊਗੀ ਇਹ
ਲੱਕੜਾਂ, ਕੱਫ਼ਣਾਂ ਤੋਂ ਜਦੋਂ ਜੱਗ ਜੁਆਬ ਦੇਜੂ
ਫ਼ਰਜ਼ ਆਖ਼ਰੀ ਉਦੋਂ ਨਿਭਾਊਗੀ ਇਹ
ਵੇਖ-ਵੇਖ ਕੇ ਫ਼ਰਜ਼ੀ ਉਦੋਂ ਮੁਠਭੇੜਾਂ
ਸਾਡੇ ਨਾਲ ਹੀ ਹੰਝੂ ਵਹਾਊਗੀ ਇਹ
ਪਰਦੇ “ਉਹਨਾਂ” ਦੇ ਗੁਨਾਹਾਂ ਤੇ ਪਾਉਣ ਦੇ ਲਈ
ਲਾਵਾਰਿਸ ਲਾਸ਼ਾਂ ਨੂੰ ਸੀਨੇ ਨਾਲ ਲਾਊਗੀ ਇਹ
ਅਸੀਂ ਤਾਂ ਕਾਤਿਲਾਂ ਦੇ ਭਰਮ ਨੂੰ ਤੋੜਿਆ ਏ
ਕਿ ਸਾਡੀ ਕੌਮ ਵਿੱਚ ਹੁਣ ਕੋਈ “ਮਨਸੂਰ” ਨਹੀਂ ਸੀ
“ਦੀਪ” ਸੁੱਖਾਂ ਦੇ ਬਲਣ ਬਨੇਰਿਆਂ ਤੇ
ਭਾਣਾ ਖ਼ੁਦਾ ਨੂੰ ਸ਼ਾਇਦ ਮਨਜ਼ੂਰ ਨਹ» ਸੀ
ਜਿਹੜੀ ਹਾਕਮਾਂ ਹੱਥੋਂ ਵਿਕਾਊ ਹੋ ਜੇ
ਸਾਡੀ ਇਹੋ ਜਿਹੀ ਮੁਰਦਾ ਜ਼ਮੀਰ ਨਹੀਂ ਸੀ
ਨਹੀਂ ਗਿਲਾ, ਸ਼ਾਇਦ ਹੋਵੇ ਦਮ ਆਖ਼ਰੀ ਇਹ
ਪਰ ਕਾਫ਼ਲੇ ਦਾ ਇਹ ਆਖ਼ੀਰ ਨਹੀਂ ਸੀ
ਵਤਨਾਂ ਮੇਰਿਆ ਮਤਾ ਕੋਈ ਏਹ ਆਖੇ
ਮੇਰੀਆਂ ਅੱਖਾਂ ’ਚ ਤੇਰੀ ਤਸਵੀਰ ਨਹੀਂ ਸੀ
ਤੇਰੀ ਪੈੜ ਮੈਂ ਚੁੰਮਦਾ ਜਾ ਰਿਹਾ ਹਾਂ
ਪਰ ਤੈਨੂੰ ਵੇਖਣਾ ਮੇਰੀ ਤਕਦੀਰ ਨਹੀਂ ਸੀ
ਸੁਖਦੀਪ ਸਿੰਘ ਬਰਨਾਲਾ
ਮੋਬ:9878686684