
ਸੰਸਾਰ ਦੇ ਅੰਦਰ ਵਿਕਾਸ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ। ਵਿਕਾਸ-ਪ੍ਰਕਿਰਿਆ ਦੌਰਾਨ ਕਈ ਵਾਰ ਉਤਪਤੀ ਹੁੰਦੀ ਹੈ ਤੇ ਕਈ ਵਾਰ ਵਿਨਾਸ਼ ਹੁੰਦਾ ਹੈ। ਇਸੇ ਪ੍ਰਕਾਰ ਮਨੁੱਖਾਂ ਅੰਦਰ ਵਰਤਦਾ ਹੈ। ਮਨੁੱਖ ਜੰਮਦੇ ਹਨ, ਮਰਦੇ ਹਨ; ਜਨਮ ਅਤੇ ਮਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ। ਇਸ ਲਗਾਤਾਰ ਕਿਰਿਆ ਅੰਦਰ ਕਦੇ ਕੋਈ ਵਿਰਲਾ ਮਹਾਨ ਧਰਮਵੇਤਾ ਜੋਤੀ ਜੋਤਿ ਸਮਾ ਜਾਂਦਾ ਹੈ। ਜੋਤੀ ਜੋਤਿ ਸਮਾਉਣ ਤੋਂ ਭਾਵ ਹੈ ਜਨਮ-ਮਰਨ ਦੀ ਪ੍ਰਕਿਰਿਆ ਤੋਂ ਮੁਕਤ ਹੋਣਾ। ਜੋ ਮਰਦਾ ਹੈ ਉਸ ਲਈ ਅੱਗੇ ਫੇਰ ਜਨਮ ਤਿਆਰ ਹੁੰਦਾ ਹੈ। ਸਾਡੇ ਧਰਮ ਗ੍ਰੰਥ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਆਤਮਾ ਨਵਾਂ ਚੋਲਾ ਧਾਰਨ ਕਰ ਲੈਂਦਾ ਹੈ। ਆਤਮਾ ਪਰਮਾਤਮਾ ਵਿਚ ਉਦੋਂ ਹੀ ਟਿਕਦਾ ਹੈ ਜਦੋਂ ਜੋਤਿ ਜੋਤਿ ਵਿਚ ਸਮਾ ਜਾਂਦੀ ਹੈ। ਫੇਰ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਗੁਰਬਾਣੀ ਇਸ ਪ੍ਰਕਿਰਿਆ ਨੂੰ ਇਸ ਪ੍ਰਕਾਰ ਵਿਅਕਤ ਕਰਦੀ ਹੈ। ਜਨਮ-ਮਰਨ ਪਰਮਾਤਮਾ ਦਾ ਹੁਕਮ ਹੈ। ਜਦੋਂ ਜੀਵ ਹੁਕਮ ਨੂੰ ਸਮਝ ਲੈਂਦਾ ਹੈ ਤਾਂ ਕਰਤੇ ਦੇ ਹੁਕਮ ਵਿਚ ਹੀ ਲੀਨ ਹੋ ਜਾਂਦਾ ਹੈ:
ਬਹੁਰਿ ਹਮ ਕਾਹੇ ਆਵਹਿਗੇ॥
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ॥ (ਅੰਗ 1103)
ਹੁਕਮ ਨੂੰ ਬੁੱਝਣਾ ਤੋਂ ਭਾਵ ਹੈ ਕਿ ਹੁਕਮ ਨੂੰ ਸਿਰ-ਮੱਥੇ ਪ੍ਰਵਾਨ ਕਰਨਾ। ਤਰਕ-ਵਿਤਰਕ ਹੁਕਮ ਵਿਚ ਨਹੀਂ ਚੱਲਦਾ। ਇਹ ਅਵਸਥਾ ਗ਼ੁਲਾਮ ਬਣਨ ਵਾਲੀ ਹੈ। ਨਮਕ ਦੇ ਪੁਤਲੇ ਸਮੁੰਦਰ ਦਾ ਥਾਹ ਪਾਉਣ ਗਏ ਪਰ ਸਮੁੰਦਰ ਵਿਚ ਹੀ ਸਮਾ ਗਏ। ਬਸ ਇਹੀ ਭੇਦ ਹੈ ਹੁਕਮ ਮੰਨਣ ਦਾ, ਹੁਕਮ ਵਿਚ ਲੀਨ ਹੋਣ ਦਾ- ਆਪਣੀ ਹਸਤੀ ਮਿਟਾ ਦੇਣੀ। ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਚਰਨਾਂ ਤਕ ਪਹੁੰਚਣਾ ਜੋਤੀ ਜੋਤਿ ਸਮਾਉਣਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਟਿਕ ਗਏ। ਇਥੇ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਇਥੇ ਹੀ ਭਾਈ ਲਹਿਣਾ ਜੀ ਵੀ ਆਪਣੀ ਜਗਿਆਸਾ ਲੈ ਕੇ ਆਏ ਅਰ ਸਦਾ ਲਈ ਇਥੇ ਹੀ ਟਿਕ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇਹ ਕਹਿਣਾ ਕਿ ਉਹ ਜੋਤੀ-ਜੋਤਿ ਸਮਾਉਣ ਉਪਰੰਤ ਮੁਕਤ ਹੋ ਗਏ ਜਾਂ ਮੋਖਸ਼ ਨੂੰ ਪ੍ਰਾਪਤ ਹੋ ਗਏ, ਕੁਝ ਠੀਕ ਨਹੀਂ ਲੱਗਦਾ ਕਿਉਂਕਿ ਗੁਰੂ ਜੀ ਪਹਿਲਾਂ ਹੀ ਮੁਕਤ ਸਨ। ਉਹ ਤਾਂ ਹੋਰ ਲੋਕਾਈ ਨੂੰ ਫੋਕੀਆਂ ਕਰਮਕਾਂਡੀ ਅਤੇ ਮਿਥੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਤੋਂ ਵਰਜ ਕੇ ਸੱਚੇ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਮੁਕਤ ਕਰਨ ਦੀ ਜੀਵਨ-ਜਾਚ ਆਪਣੀ ਬਾਣੀ ਰਾਹੀਂ ਵਿਅਕਤ ਕਰਦੇ ਹਨ। ਗੁਰਬਾਣੀ ਵਾਕ ਹੈ:
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਅੰਗ 295)
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਖ਼ਸ਼ਿਸ਼ ਦੀ ਦਾਤ ਤਾਂ ਪਰਮਾਤਮਾ ਵੱਲੋਂ ਪਹਿਲਾਂ ਹੀ ਪ੍ਰਾਪਤ ਸੀ। ਉਹ ਤਾਂ ਆਪ ਪਰਮਾਤਮਾ ਦਾ ਰੂਪ ਜਗਤ ਵਿਚ ਕਲਾ ਧਾਰ ਕੇ ਆਏ ਸਨ:
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
(ਅੰਗ 1395)
ਹੁਣ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਦੀ ਜੋਤਿ ਕਿਥੇ ਸਮਾਈ। ਉਨ੍ਹਾਂ ਦੀ ਜੋਤਿ ਤਾਂ ਪਹਿਲਾਂ ਹੀ ਸਰਬ-ਵਿਆਪਕ ਸੀ। ਸਰਬ-ਵਿਆਪਕ ਦੀ ਜੋਤਿ ਨਾਲ ਉਨ੍ਹਾਂ ਨੇ ਅਨੇਕਾਂ ਦੀ ਬੁਝੀ ਹੋਈ ਜੋਤਿ ਨੂੰ ਜਾਗ੍ਰਿਤ ਕੀਤਾ। ਗੁਰੂ ਹੁੰਦਾ ਹੀ ਪ੍ਰਕਾਸ਼ ਰੂਪ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤਿ ਭਾਈ ਲਹਿਣਾ ਵਿਚ ਟਿਕਾ, ਉਨ੍ਹਾਂ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਜਿਨ੍ਹਾਂ ਤੋਂ ਅਨੇਕਾਂ ਸੰਗਤਾਂ ਇਸ ਪ੍ਰਕਾਸ਼ਮਈ ਜੋਤ ਤੋਂ ਗਿਆਨ ਰੂਪੀ ਪ੍ਰਕਾਸ਼ ਲੈਂਦੀਆਂ ਰਹੀਆਂ। ਇਸ ਗੱਲ ਦੀ ਪੁਸ਼ਟੀ ਭਾਈ ਸੰਤੋਖ ਸਿੰਘ ਜੀ ਕਰਦੇ ਹਨ:
ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਯੇ ਮਹਿ।
ਪੁਨ ਸਤਿਸੰਗਤ ਔਰ ਨਿਸਦਿਨ ਬਸਯੋ ਮੈ ਕਰੋ।
ਪਰਮ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿਚ ਸਮਾ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤਿ ਗੁਰ ਜੋਤਿ ਤੋਂ ਜਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਥਾਪਣਾ ਦੇ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਥਾਂ ਥਾਪਿਆ। ਅਰ ਇਹ ਐਲਾਨ ਕੀਤਾ ਕਿ ਹੁਣ ਗੁਰ ਜੋਤ ਗੁਰ ਅੰਗਦ ਵਿਚ ਅਰ ਆਪ ਸਾਰੀ ਸਾਧ ਸੰਗਤ ਵਿਚ ਗੁਰ-ਜੋਤ ਜਗਦੀ ਰਹੇਗੀ। ਸਾਧ ਸੰਗਤ ਵਿਚ ਵੀ ਗੁਰੂ ਨਾਨਕ ਦੇਵ ਜੀ ਦੀ ਜੋਤ ਵਿਦਮਾਨ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਇਹ ਜੋਤ ਸ੍ਰੀ ਗੁਰੂ ਅਮਰਦਾਸ ਜੀ ਵਿਚ ਸਥਿਤ ਹੁੰਦੀ ਹੈ। ਸ੍ਰੀ ਗੁਰੂ ਅਮਰਦਾਸ ਤੋਂ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਮਾਨ ਹੁੰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਤੋਂ ਜੋਤਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਕਾਸ਼ਮਾਨ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫ਼ੁਰਮਾਨ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (ਅੰਗ 1408)
ਗੁਰੂ-ਜੋਤਿ ਜਨਮ-ਮਰਨ ਤੋਂ ਰਹਿਤ ਹੁੰਦੀ ਹੈ। ਜਨਮ-ਮਰਨ ਤੋਂ ਰਹਿਤ ਜੋਤ ਹੀ ਪਰਉਪਕਾਰ ਕਰ ਸਕਦੀ ਹੈ। ਜੋ ਆਪ ਮੁਕਤ ਹੁੰਦੀ ਹੈ ਉਹੀ ਹੋਰਨਾਂ ਨੂੰ ਵੀ ਮੁਕਤ ਕਰ ਸਕਦੀ ਹੈ। ਇਹੀ ਜੋਤ ਜੀਵ ਨੂੰ ਪ੍ਰਭੂ ਨਾਲ ਮਿਲਾਉਣ ਵਿਚ ਸਹਾਇਕ ਹੁੰਦੀ ਹੈ:
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ
(ਅੰਗ 749)