ਸਿਰ ਦੇ ਕੇ ਮਿਲਦੀ ਸਰਦਾਰੀ!
-ਭਾਈ ਅਨੂਪ ਸਿੰਘ ‘ਸਾਰੰਦਾ ਵਾਦਕ’
ਲਹੂਆਂ ਦੇ ਵਿਚ ਲਾ ਕੇ ਤਾਰੀ, ਸਿਰ ਦੇ ਕੇ ਮਿਲਦੀ ਸਰਦਾਰੀ।
ਪੁੰਗਰਦਾ ਅਣਖਾਂ ਦਾ ਬੂਟਾ, ਨਾਲ ਮੌਤ ਦੇ ਪਾ ਕੇ ਯਾਰੀ।
ਮਰੀ ਜ਼ਮੀਰ ਨੂੰ ਸਿਰ ’ਤੇ ਚੁੱਕ ਕੇ, ਇਹ ਨਾ ਮਿਲਦੀ ਕਰ ਹੁਸ਼ਿਆਰੀ।
ਖ਼ੂਨ ਦੇ ਹਰ ਕਤਰੇ ਦੇ ਵਿੱਚੋਂ, ਜ਼ਿੰਦਗੀ ਦੀ ਪੈਂਦੀ ਝਲਕਾਰੀ।
ਡੰਕਾ ਫ਼ਤਿਹ ਦਾ ਤਾਂ ਹੀ ਵੱਜਦਾ, ਜ਼ਿੰਦਗੀ ਲੇਖੇ ਲਾਈਏ ਸਾਰੀ।
ਪੈਂਦਾ ਵੱਟ ਨਾ ਮੁੱਛ ਨੂੰ ਐਵੇਂ, ਰੱਖਣੀ ਪੈਂਦੀ ਅਣਖ ਨਿਆਰੀ।
ਸੀਸ ਤਲੀ ’ਤੇ ਜੇ ਰੱਖ ਕੇ ਲੜੀਏ, ਮੌਤ ਵੀ ਭੱਜਦੀ ਮਾਰੀ ਮਾਰੀ।
ਖੋਪਰ ਸਿਰ ਦੇ ਉੱਤੋਂ ਲੁਹਾ ਕੇ, ਕਹੀਏ ਜਿੱਤ ਲਈ ਖੇਡ ਖਿਡਾਰੀ।
ਚਰਖੜੀਆਂ ਦੇ ਉੱਤੇ ਚੜ੍ਹ ਕੇ, ਲੈਣੀ ਪੈਂਦੀ ਇਸ਼ਕ ਹੁਲਾਰੀ।
ਬੰਦ ਬੰਦ ਕਟਵਾ ਕੇ ਵੀ, ਈਨ ਨਾ ਮੰਨੀਏ ਜੇ ਇਕ ਵਾਰੀ।
ਮੁੱਲ ਸਰਦਾਰੀ ਦਾ ਨਾ ਪੈਂਦਾ, ਆਪਣੀ ਕਰਕੇ ਜਾਨ ਪਿਆਰੀ।
‘ਕਾਦੀਆਨੀ’ ਕੁਰਬਾਨੀ ਦਾ, ਪੀਣਾ ਪੈਂਦਾ ਜਾਮ ਸੌ ਵਾਰੀ।
soch nu salaam