ਸੱਪਣੀ ਨਜ਼ਰ
ਕਿੰਨੀ ਦੂਰ ਤਖ਼ਤ ਤੇਰਾ ਸਮੇਂ ਦਿਆ ਹਾਕਮਾਂ ਵੇ
ਉਮਰ ਫ਼ਰਿਆਦੀਆਂ ਦੀ ਰਾਹਾਂ ਵਿੱਚ ਲੰਘ ਗਈ
ਸੱਪਨੀ ਨਜ਼ਰ ਤੇਰੇ ਸ਼ਹਿਰ ਦੇ ਬਸ਼ਿੰਦਿਆਂ ਦੀ
ਹਾਏ ! ਸਾਡੇ ਚਿਹਰੇ ਦਿਆਂ ਹਾਸਿਆਂ ਨੂੰ ਡੰਗ ਗਈ
ਵੇਖੇ ਸੀ ਜੋ ਅਸੀਂ ਉਹ ਕੌਮੀ ਅਰਮਾਨ ਸਾਰੇ
ਭੱਖਦੀ “ਚੁਰਾਸੀ” ਵਿੱਚ ਸ਼ੀਸ਼ੇ ਵਾਂਗ ਟੁੱਟ ਗਏ
“ਦਿਲ ਵਾਲੀ” ਦਿੱਲੀ ਵਿੱਚ ਆਬਰੂ ਦਫ਼ਨ ਹੋਈ
ਘਰ, ਕਾਰੋਬਾਰ “ਦੇਸ਼ ਭਗਤਾਂ” ਨੇ ਲੁੱਟ ਗਏ
ਭੱਜੇ ਸੀ ਪੰਜਾਬ ਮੂਹਰੇ ਬੈਠੇ ਸੀ ਸ਼ਿਕਾਰੀ ਇਥੇ
ਖ਼ੂਨ ਸਾਡਾ ਪੀਣ ਲਈ ਬੜੇ ਹੀ ਉਤਾਵਲੇ ਵੇ
ਪੁੱਛ ਨਾ ਤੂੰ ਫੇਰ ਕੀ-ਕੀ ਹੱਡਾਂ ਤੇ ਹੰਢਾਈ ਅਸੀਂ
ਕਿੰਨਾਂ ਚਿਰ ਹੁੰਦੇ ਰਹੇ ਝੂਠੇ ਜੇ ਮੁਕਾਬਲੇ ਵੇ
ਦਸ ਸਾਲ ਇਥੇ ਫੇਰ ਹੋਣੀ ਨੇ ਜੋ ਨਾਚ ਕੀਤਾ
ਪੁੱਛ ਨਾਂ ਤੂੰ ਸਾਡਿਆਂ ਭਰਾਵਾਂ ਤੇ ਕੀ ਗੁਜ਼ਰੀ
ਮਰੇ ਹੋਏ ਪੁੱਤਾਂ ਦੀਆਂ ਲਾਸ਼ਾਂ ਨਾ ਨਸੀਬ ਹੋਈਆਂ
ਪੁੱਛ ਨਾ ਤੂੰ ਫੇਰ ਉਹਨਾਂ ਮਾਵਾਂ ਤੇ ਕੀ ਗੁਜ਼ਰੀ
ਅਣਖੀ ਸੁਭਾਅ ਤੇ ਜਾਗਦੀ ਜ਼ਮੀਰ ਵਾਲਾ
ਹਰ ਇਨਸਾਨ ਨਦੀ ਨਾਲਿਆਂ ’ਚ ਰੁੜਿਆ
ਬਣਕੇ ਹਿਤੈਸ਼ੀ ਜਿਹੜਾ ਆਇਆ ਸੀ “ਵਕੀਲ” ਸਾਡਾ
ਗਿਆ ਲੱਭਣ ਲਾਵਾਰਿਸਾਂ ਨੂੰ ਉਹ ਵੀ ਨਹੀਓਂ ਮੁੜਿਆ
ਜ਼ੁਲਮੀ ਹਨੇਰੀ ਝੁੱਲੀ ਕੌਮ ਤੇ ਜੋ ਕਹਿਰ ਬਣ
ਤਖ਼ਤਾਂ ਦਿਆਂ ਵਾਰਸਾਂ ਦਾ ਤੋੜ ਅੰਗ-ਅੰਗ ਗਈ
ਵੇਖ ਕੇ ਜ਼ੁਲਮ ਤੇਰੇ ਸ਼ਹਿਰ ਦੇ ਕਰਿੰਦਿਆਂ ਦੇ
ਜਿਹੜੀ ਆਈ ਸੀ ਵਿਆਹੁਣ ਲਾੜੀ ਮੌਤ ਵੀ ਉਹ ਸੰਗ ਗਈ
ਕਿੰਨੀ ਦੂਰ ਤਖ਼ਤ ਤੇਰਾ ਸਮੇਂ ਦਿਆ ਹਾਕਮਾਂ ਵੇ
ਉਮਰ ਫ਼ਰਿਆਦੀਆਂ ਦੀ ਰਾਹਾਂ ਵਿੱਚ ਲੰਘ ਗਈ
ਸੱਪਨੀ ਨਜ਼ਰ ਤੇਰੇ ਸ਼ਹਿਰ ਦੇ ਬਸ਼ਿੰਦਿਆਂ ਦੀ
ਹਾਏ ! ਸਾਡੇ ਚਿਹਰੇ ਦਿਆਂ ਹਾਸਿਆਂ ਨੂੰ ਡੰਗ ਗਈ
ਸੁਖਦੀਪ ਸਿੰਘ ਬਰਨਾਲਾ
ਧਰਮਯੁੱਧ ਕਿਤਾਬ ਵਿੱਚੋਂ