
ਅਮਰ ਸ਼ਹੀਦ ਭਾਈ ਗੁਰਪ੍ਰੀਤ ਸਿੰਘ ਬੱਬਰ ਸੇਵੇ ਵਾਲਾ
ਮਾਂ ਅੱਜ ਵੀ ਆਪਣੇ ਗੁਰਪ੍ਰੀਤ ਨੂੰ ਉਡੀਕ ਰਹੀ ਹੈ। ਕੁਝ ਸਮਾਂ ਹੋਇਆ ਪਿੰਡ ਵਿਚ ਰੌਲਾ ਪੈ ਗਿਆ ਪਿੰਡ ਦੀਆਂ ਜੂਹਾਂ ਤੋਂ ਬਾਹਰ ਦੋ ਛੋਟੇ ਬੱਚੇ ਬੈਠੇ ਸਨ। ਜਦੋਂ ਇਹ ਗੱਲ ਭਾਈ ਗੁਰਪ੍ਰੀਤ ਸਿੰਘ ਦੀ ਮਾਤਾ ਜੀ ਨੇ ਸੁਣੀ ਤਾ “ਮਾਂ ਬਾਵਰੀ ਹੋਈ ਨੰਗੇ ਪੈਰੀ ਭੱਜ ਤੁਰੀ, ਕਿਤੇ ਮੇਰਾ ਗੁਰਪ੍ਰੀਤ ਹੀ ਨਾ ਹੋਵੇ, ਮੈਂ ਵੇਖ ਹੀ ਆਵਾਂ”, ਜਦੋਂ ਕਿ ਭਾਈ ਸਾਹਿਬ ਨੂੰ ਸ਼ਹੀਦ ਹੋਇਆ 18 ਸਾਲ ਹੋ ਗਏ ਹਨ। ਸ਼ਹੀਦੀ ਸਮੇਂ ਉਨ੍ਹਾਂ ਦੀ ਉਮਰ ਸੋਲਾਂ ਸਾਲ ਸੱਤ ਮਹੀਨੇ ਸੀ। ਉਨ੍ਹਾਂ ਨੂੰ 31 ਮਈ 1986 ਨੂੰ ਫਰੀਦਕੋਟ ਪੁਲਿਸ ਨੇ ਬੜੀ ਹੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ।
ਭਾਈ ਗੁਰਪ੍ਰੀਤ ਸਿੰਘ ਬੱਬਰ ਦਾ ਜਨਮ ਸ. ਨਾਜਰ ਸਿੰਘ ਦੇ ਘਰ ਮਾਤਾ ਹਰਜੀਤ ਕੌਰ ਦੀ ਪਵਿਤਰ ਕੁੱਖੋ ਹੋਇਆ। ਆਪ ਜੀ ਹੋਂਰੀ ਦੋ ਭਰਾ ਤੇ ਇਕ ਭੈਣ ਸਨ। ਭਾਈ ਸਾਹਿਬ ਸਭ ਤੋਂ ਵੱਡੇ ਸਨ। ਵਿਚਕਾਰਲਾ ਭਰਾ ਗੁਰਦੀਪ ਸਿੰਘ ਘਰੇ ਸਧਾਰਨ ਖੇਤੀ ਕਰਦਾ ਹੈ। ਕੁੱਲ ਜ਼ਮੀਨ ਦੋ ਏਕੜ ਹੈ, ਜਿਸ ਵਿਚੋ ਇਕ ਏਕੜ ਜ਼ਮੀਨ ਗਹਿਣੇ ਧਰ ਕੇ ਭੈਣ ਦੀ ਸ਼ਾਦੀ ਕੀਤੀ ਗਈ ਹੈ। ਭਾਈ ਸਾਹਿਬ ਜੀ ਦੀ ਭੈਣ ਰਾਣੀ ਕੌਰ ਪਿੰਡ ਖਾਰੇ ਵਿਆਹੀ ਹੋਈ ਹੈ। ਇਕ ਸਧਾਰਨ ਪਰਿਵਾਰ ਅੰਦਰ ਘਰੈਲੂ ਤੰਗੀਆਂ ਤੁਰਸ਼ੀਆਂ ਕਰਕੇ ਉਹ ਅੱਜ ਵੀ ਭਰਾ ਲਈ ਝੁਰਦੀ ਰਹਿੰਦੀ ਹੈ। ਕਦੋ ਭਾਈ ਗੁਰਪ੍ਰੀਤ ਨੇ ਘਰ ਛੱਡ ਦਿੱਤਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਹੀ ਤੰਗੀਆਂ ਦਾ ਸਾਹਮਣਾ ਕਰਨਾ ਪਿਆ। ਪਿਤਾ ਨਾਜਰ ਸਿੰਘ ਨੂੰ ਸੀ. ਆਈ. ਏ. ਸਟਾਫ ਨੇ ਮਹੀਨਿਆ ਬੱਧੀ ਫੜ ਕੇ ਬਿਠਾਈ ਰੱਖਿਆ ਅਤੇ ਹਰ ਦੂਜੇ ਤੀਜੇ ਦਿਨ ਉਨ੍ਹਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ। ਬਜੁਰਗ ਪਿਤਾ ਤੋਂ ਇਹ ਜ਼ੁਲਮ ਸਹਾਰੇ ਨਾ ਗਏ। ਜਦੋਂ ਪੰਚਾਇਤਾਂ ਦੀ ਮਾਰਫਤ ਛੁਡਵਾ ਕੇ ਘਰੇ ਲਿਆਦਾ ਤਾਂ ਘਰੇ ਆ ਕੇ ਉਹ ਥੋੜੇਸਮੇ ਬਾਅਦ ਚੜਾਈ ਕਰ ਗਏ।
ਜਦੋਂ ਭਾਈ ਗੁਰਪ੍ਰੀਤ ਸਿੰਘ ਪਹਿਲੀ ਵਾਰ ਫੜੇ ਗਏ ਤਾਂ ਕਾਫੀ ਲੰਮੇ ਸਮੇ ਬਾਅਦ ਜਮਾਨਤ ਹੋ ਸਕੀ। ਪਰ ਸਾਰੇ ਹੀ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਬਰਾਂ ਨੇ ਜਮਾਨਤ ਕਰਵਾਉਣ ਤੋਂ ਮਨਾ ਕਰ ਦਿਤਾ। ਸਾਰਿਆ ਨੇ ਇਕ ਸ਼ਰਤ ਰੱਖੀ ਕੇ ਜੇਕਰ ਘਰੇ ਟਿੱਕ ਕੇ ਬੈਠੇਗਾ ਫਿਰ ਜਮਾਨਤ ਕਰਵਾ ਦਿੰਦੇ ਹਾਂ ਨਹੀ ਤਾਂ ਨਹੀ। ਭਾਈ ਗੁਰਪ੍ਰੀਤ ਸਿੰਘ ਨੇ ਫਰੀਦਕੋਟ ਜ਼ੇਲ ਤੋਂ ਘਰੇ ਚਿੱਠੀ ਲਿਖੀ, ਜਿਸ ਵਿਚ ਉਨ੍ਹਾਂ ਨੇ ਘਰ ਪਰਿਵਾਰ ਨੂੰ ਆਖਰੀ ਫਤੇ ਬੁਲਾ ਦਿਤੀ। ਇਹ ਚਿੱਠੀ ਮਾਤਾ ਜੀ ਅੱਜ ਵੀ ਸਭਾਲੀ ਬੈਠੇ ਹਨ। ਕਿਸੇ ਸੱਜਣ ਮਿੱਤਰ ਰਾਹੀ ਜਮਾਨਤ ਭਰਵਾ ਕੇ ਆਪ ਰੂਪੋਂਸ਼ ਹੋ ਕੇ ਸੰਘਰਸ ਵਿਚ ਕੁੱਦ ਪਏ।
ਮਾਤਾ ਜੀ ਅੱਜ ਵੀ ਭਾਈ ਗੁਰਪ੍ਰੀਤ ਸਿੰਘ ਦੀ ਕੇਸਕੀ, ਕ੍ਰਿਪਾਨ ਸਰਭਲੋਹ ਦਾ ਇਕ ਕੜਾ, ਕੁੜਤਾ-ਪਜਾਮਾ ਸਾਂਭੀ ਬੈਠੇ ਹਨ। ਬੜੇ ਹੀ ਭਾਰੇ ਮੰਨ ਨਾਲ ਉਹ ਗੁਰਪ੍ਰੀਤ ਦੇ ਸਾਰਾ ਸਮਾਨ ਦਿਖਾਉਦੇ ਹਨ। ਜਦੋਂ ਵੇਰਵਾ ਇਕੱਠਾ ਕਰਨ ਗੁਰਸਿੱਖ ਸੰਸਥਾਂ ਵੀਰ ਘਰੇ ਗਏ ਤਾਂ ਮਾਤਾ ਜੀ ਕਹਿੰਦੇ “ਪੁੱਤ ਪ੍ਰੀਤ ਦੀ ਆਖਰੀ ਚਿੱਠੀ ਪੜ ਕੇ ਸੁਣਾਈ, ਮੈਂ ਚੰਦਰੀ ਤਰਸੀ ਪਈ ਹਾਂ ਉਸ ਦੇ ਬੋਲਾਂ ਨੂੰ”। ਜਦੋਂ ਅਸੀ ਘਰੇ ਗਏ ਤਾਂ ਮਾਤਾ ਜੀ ਗਲੀ ਵਿਚ ਲੱਗੀ ਟੂਟੀ ਤੋਂ ਪਾਣੀ ਭਰ ਕੇ ਲਿਆ ਰਹੇ ਸਨ, ਨੰਗੇ ਪੈਰ ਹੋਣ ਕਾਰਨ ਗਲੀ ਦੀ ਦਹਿਲੀਜ ਪੈਰ ਠੋਕਰ ਗਿਆ ਤਾਂ ਅੰਗੂਠੇ ਵਿਚੋ ਖੂਨ ਸਿਮ ਆਇਆ। ਮਾਤਾ ਜੀ ਕਹਿੰਦੇ “ਤਿੰਨ ਚਾਰ ਦਿਨ ਹੋ ਗਏ ਚੱਪਲ ਟੁੱਟ ਗਈ ਸੀ ਮੈਂ ਗੁਰਦੀਪ ਨੂੰ ਕਿਹਾ ਸੀ ਲਿਆਉਣ ਬਾਰੇ ਪਰ ਘਰ ਦੀ ਤੰਗੀ ਕਰਕੇ ਕਈ ਦਿਨ ਲੰਘ ਗਏ”। ਬਿਲਕੁੱਲ ਛੋਟਾ ਜਿਹਾ ਘਰ ਪਿਛੇ ਦੋ ਕਮਰੇ, ਮੂਹਰੇ ਇਕ ਪਸ਼ੂਆ ਦਾ ਕਮਰਾ ਬਸ ਇਹ ਹੀ ਆਲ੍ਹਣਾ ਜਿਹਾ ਸੀ, ਜਿੱਥੇ ਮਾਂ ਆਪਣੇ ਬੋਟ ਪਰਾਂ ਹੇਠ ਲਕੋਈ ਬੈਠੀ ਸੀ, ਜਿਨ੍ਹਾਂ ਵਿਚੋ ਗੁਰਪ੍ਰੀਤ ਖੋ ਗਿਆ। ਦੂਜੇ ਨੂੰ ਮਾਂ ਹਿੱਕ ਨਾਲ ਲਾ-ਲਾ ਰੋਂਦੀ ਰਹਿੰਦੀ ਹੈ।
ਭਾਈ ਗੁਰਪ੍ਰੀਤ ਸਿੰਘ ਫਰੀਦਕੋਟ ਵਿਖੇ ਕਿਸੇ ਐਕਸ਼ਨ ਵਿਚ ਗਏ ਸਨ। ਜਦੋਂ ਉਹ ਸਾਦਕ ਚੌਕ ਵਿਖੇ ਗਏ, ਉਥੋ ਸਕੂਟਰ ਲੈ ਕੇ ਉਨ੍ਹਾਂ ਨੇ ਅੱਗੇ ਜਾਣਾ ਸੀ। ਪਰ ਜੋ ਸਕੂਟਰ ਉਨ੍ਹਾਂ ਨੇ ਉਥੋਂ ਲੇਕੇ ਜਾਣਾ ਸੀ, ਉਹ ਬਦਲ ਦਿੱਤਾ ਗਿਆ ਸੀ ਅਤੇ ਉਹ ਸਕੂਟਰ ਸਟਾਰਟ ਨਹੀਂ ਹੋ ਸਕਿਆ। ਤੱਦ ਤੱਕ ਪੁਲਿਸ ਦੇ ਘੇਰੇ ਵਿਚ ਆ ਗਏ ਅਤੇ ਫੜੇ ਗਏ। ਸੀ. ਆਈ. ਏ. ਸਟਾਫ ਵਿਚ ਹੰਸੂ-ਹੰਸੂ ਕਰਦੇ ਲੂਏ-ਲੂਏ ਗੁਰਪ੍ਰੀਤ ਸਿੰਘ ਉਪਰ ਉਹ ਜ਼ੁਲਮ ਕੀਤੇ ਗਏ ਜੋ ਲਿਖਣ ਅਤੇ ਕਥਨ ਤੋਂ ਬਾਹਰੇ ਹਨ। ਤਿੰਨ ਦਿਨ ਲਗਾਤਾਰ ਤਸ਼ਦਤ ਹੁੰਦਾ ਰਿਹਾ ਪਰ ਉਸ ਬੱਬਰ ਤੋਂ ਕੁਝ ਵੀ ਪ੍ਰਾਪਤ ਨਾ ਕਰ ਸਕੀ। ਬੱਬਰਾਂ ਵੱਲੋਂ ਸੰਘਰਸ਼ ਸੁਰੂ ਕਰਨ ਸਮੇ ਆਪ ਜੀ ਫਰੀਦਕੋਟ ਜ਼ਿਲੇ ਦੇ ਪਹਿਲੇ ਮੁੱਖ ਸੇਵਾਦਾਰ ਸਨ।
ਭਾਈ ਸਾਹਿਬ ਜੀ ਦੇ ਕੇਸ ਕੁਦਰਤੀ ਸਾਤ ਅਨੁਸਾਰ ਕਾਫੀ ਲੰਮੇ ਸਨ। ਉਨ੍ਹਾਂ ਨੂੰ ਕੇਸਾਂ ਤੋਂ ਬੰਨ ਕੇ ਭੌਣੀ ਨਾਲ ਉਪਰ ਟੰਗੀ ਰੱਖਿਆ ਗਿਆ। ਸੁਲਗਦੀਆਂ ਸਿਗਰਟਾਂ ਨਾਲ ਸਾਰਾ ਹੀ ਮਾਸ ਸਾੜ ਦਿੱਤਾ ਗਿਆ। ਪੁਲਿਸ ਇਕ ਹੀ ਗੱਲ ਕਹਿ ਰਹੀ ਸੀ ਕਿ ਆਪਣੇ ਸਾਥੀ ਭਾਈ ਇਕਬਾਲ ਸਿੰਘ ਬੱਬਰ ਮੋਹਣੀ ਅਤੇ ਭਾਈ ਗੁਰਪਾਲ ਸਿੰਘ ਬੱਬਰ ਭੁੱਚੋ ਬਾਰੇ ਜਾਣਕਾਰੀ ਦੇ ਦੇ। ਸ਼ਾਮ ਸੁੰਦਰ ਨਾਮ ਦੇ ਪੁਲਿਸ ਅਫਸਰ ਨੇ ਭਾਈ ਸਾਹਿਬ ਉਪਰ ਜ਼ੁਲਮ ਦਾ ਹਰ ਢੰਗ ਵਰਤਿਆ। ਭਾਈ ਸਾਹਿਬ ਲਲਕਾਰ ਕੇ ਕਹਿੰਦੇ ਰਹੇ, “ਉਏ ਸ਼ਾਮਿਆ ਤੁੰ ਮੇਰਾ ਨਾਮ ਹੀ ਪੁੱਛ ਲੇ, ਮੇਰਾ ਨਾਂ ਕੀ ਹੈ, ਬਾਕੀ ਗੱਲਾਂ ਤਾਂ ਬਹੁਤ ਦੂਰ ਹਨ, ਮੈਂ ਤੇਨੂੰ ਹੀ ਮਾਰਨਾ ਚਾਹੁੰਦਾ ਸੀ, ਤੂੰ ਮੇਰੇ ਤੋਂ ਬੱਚ ਗਿਆ ਹੈ, ਗੁਰੂ ਹੋਰ ਕਿਸੇ ਸਿੰਘ ਤੋਂ ਸੇਵਾ ਲੇ ਲਵੇਗਾ ਪਰ ਤੈਨੂੰ ਬੱਬਰ ਛੱਡਦੇ ਨਹੀ"। ਬਾਅਦ ਵਿਚ ਸਿੰਘਾਂ ਨੇ ਸ਼ਾਮ ਸੁੰਦਰ ਨੂੰ ਸੋਧ ਦਿੱਤਾ ਸੀ। ਪਰ ਭਾਈ ਸਾਹਿਬ ਦਾ ਸਿਦਕ ਸਿੜਕ ਨਹੀ ਟੁੱਟਿਆ। ਅਖੀਰ ਪੁਲਿਸ ਨੇ ਉਨ੍ਹਾਂ ਨੂੰ ਫ਼ਰੀਦਕੋਟ ਜੇਲ ਦੇ ਮਗਰਲੇ ਸੇਮ ਨਾਲੇ ਦੇ ਪੁੱਲ ਉਪਰ ਲੈ ਗਈ ਅਤੇ ਸ਼ਹੀਦ ਕਰ ਦਿਤਾ। ਸ਼ਹੀਦ ਭਾਈ ਗੁਰਪ੍ਰੀਤ ਸਿੰਘ ਬੱਬਰ ਕੌਮ ਦੀ ਅਜ਼ਾਦੀ ਦੇ ਗੀਤ ਗਾਉਦੇ ਗੁਰੂ ਦੀ ਗੋਦ ਵਿਚ ਜਾ ਬੇਠਾ।
ਜਦੋਂ ਮਾਤਾ ਜੀ ਨੂੰ ਪੁਛਿਆ ਕਿ ਕੀ ਕਿਸੇ ਕੋਈ ਮਦਦ ਕੀਤੀ ਤਾਂ ਮਾਤਾ ਜੀ ਘਰ ਵੱਲ ਹੱਥ ਕਰਕੇ ਕਹਿੰਦੇ, “ਪੁੱਤ ਸੱਭ ਕੁਝ ਤੁਹਾਡੇ ਸਾਹਮਣੇ ਹੀ ਹੈ, ਧੀ ਜ਼ਮੀਨ ਗਹਿਣੇ ਧਰ ਕੇ ਵਿਆਹੀ ਹੈ, ਜੋ ਅਜੇ ਵੀ ਗਹਿਣੇ ਪਈ ਹੈ ਬਾਕੀ ਦੇਣ ਅਜੇ ਵੱਖਰਾ ਹੈ। ਬਸ ਜੂਨ ਗੁਜ਼ਾਰਾ ਕਰੀ ਜਾਦੇਂ ਹਾਂ। ਪੁੱਤ ਦੇ ਵੈਰਾਗ ਵਿਚ ਮਨ ਭਰ ਆਉਦਾ ਹੈ। ਗੁਰੂ ਅਕਾਲ ਪੁਰਖ ਦੀ ਖੇ ਹੈ, ਭਾਣੇ ਨੂੰ ਮੰਨ ਰਹੇ ਹਾ, ਜੋ ਗੁਰੂ ਨੂੰ ਮੰਨਜੂਰ ਹੈ ਉਹ ਝੱਲ ਰਹੇ ਹਾਂ, ਗੁਰਪ੍ਰੀਤ ਵਰਗਾ ਸੋਹਣਾ ਮੁੰਡਾ ਇਸ ਇਲਾਕੇ ਵਿਚ ਨਹੀਂ ਸੀ, ਪਤਾ ਨਹੀਂ ਚੰਦਰਿਆਂ ਕਿਥੇ ਖਪਾ ਦਿੱਤਾ”, ਮਾਤਾ ਜੀ ਗੱਲਾਂ ਕਰਦੇ ਫਿਰ ਰੋ ਪੈਂਦੇ ਹਨ।
ਅੱਜ ਸਹੀਦ ਸਿੰਘਾਂ ਦੇ ਪਰਿਵਾਰ ਦੀ ਤਰਾਸ਼ਦੀ ਸਾਡੀ ਮਰ ਚੁੱਕੀ ਗੁਲਾਮ ਜਮੀਰ ਨੂੰ, ਸਮੁੱਚੀ ਪੰਥਕ ਲੀਡਰਸ਼ਿਪ ਨੂੰ ਇਕ ਸਵਾਲ ਕਰਦੀ ਹੈ ਕਿ ਇਹ ਕਿਉ ਹੈ? ਅੱਜ ਅਮਰ ਸ਼ਹੀਦ ਗੁਰਪ੍ਰੀਤ ਸਿੰਘ ਸੇਵੇ ਵਾਲੇ ਦੀ ਮਾਤਾ ਕੌਂਮ ਲਈ ਸ਼ਹੀਦ ਹੋਏ ਆਪਣੇ ਪੁੱਤਰ ਦੀ ਤਸਵੀਰ ਨੂੰ ਆਪਣੇ ਪਾਟੇ ਪਲੂਏ ਨਾਲ ਪੂਝਦੀ ਹੈ, ਫਿਰ ਹਿੱਕ ਨਾਲ ਲਾਉਦੀ ਹੈ, ਘਰ ਨੂੰ ਵੇਖ ਹੌਕਾ ਖਿਚਦੀ ਹੈ, ਫਿਰ ਹੱਥ ਜੋੜ ਸਿਮਰਨ ਅੰਦਰ ਲੀਨ ਹੁੰਦੀ ਹੈ। “ਤੇਰਾ ਭਾਣਾ ਮੀਠਾ ਲਾਗੇ। ਤੇਰਾ ਭਾਣਾ ਮੀਠਾ ਲਾਗੇ” ਕਹਿੰਦੀ ਵੈਰਾਗ ਅੰਦਰ ਵਹਿ ਤੁਰਦੀ ਹੈ।