
ਆਮ ਤੌਰ ’ਤੇ ਇਹ ਠੀਕ ਹੀ ਹੈ ਕਿ ਬਾਹਰ ਦਾ ਦਰਸ਼ਨ-ਦੀਦਾਰ, ਅੰਤਰੀਵ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਫ਼ਾਰਸੀਦਾਨਾਂ ਇਹ ਤੱਤ ਕੱਢਿਆ ਸੀ ਕਿ ਕਿਸੇ ਦੇ ਕਿਰਦਾਰ ਨੂੰ ਜਾਣਨ ਲਈ ਉਸ ਦੀ ਗੁਫ਼ਤਾਰ, ਦਸਤਾਰ ਤੇ ਰਫਤਾਰ ਆਪਣੇ ਆਪ ਉਸ ਦਾ ਪਰਿਚਯ ਕਰਾ ਦਿੰਦੀ ਹੈ। ਸਿੱਖ ਪੰਥ ਕੇਸਾਧਾਰੀ ਹੈ,
ਦਸਤਾਰਧਾਰੀ ਹੈ। ਇਸੇ ਦੂਹਰੇ ਗੁਣ ਨੂੰ ਗੁਰਬਾਣੀ ਵਿਚ ‘ਸਾਬਤ ਸੂਰਤਿ ਦਸਤਾਰ ਸਿਰਾ’ ਕਹਿ ਕੇ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਜਦੋਂ ਕਿ ਹੋਰ ਬਾਹਰੀ ਚਿੰਨ੍ਹਾਂ ਦੀ ਚਰਚਾ ਕਰਨ ਦੀ ਲੋੜ ਨਹੀਂ ਸਮਝੀ। ਇਹ ਤਾਂ ਹਕੀਕਤ ਹੀ ਹੈ ਕਿ ਇਹ ਕੰਚਨਕਾਇਆ ਦਾ ਕੋਟਗੜ੍ਹ ਜੋ ਹੈ, ਇਸ ਦਾ ਸਿੰਘ ਦੁਆਰ ਸੀਸ ਹੈ। ਇਸ ਦੇ ਅੰਦਰ ਸੋਚਣ, ਮਹਿਸੂਸ ਕਰਨ, ਗਿਆਨ-ਸੰਗ੍ਰਹਿਣ, ਦੇਖਣ, ਸੁੰਘਣ, ਛੂਹਣ, ਚੱਖਣ ਆਦਿ ਦੇ ਕਈ ਪ੍ਰਕਾਰ ਦੇ ਸੂਖਮ ਤੱਤ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਕੁਦਰਤ ਨੇ ਇਨ੍ਹਾਂ ਦੁਆਲੇ ਹਜ਼ਾਰਾਂ ਕੇਸਾਂ ਦਾ ਜਾਲ ਤਣਿਆ ਹੋਇਆ ਹੈ ਤਾਂ ਕਿ ਇਹ ਗਰਮੀਸਰਦੀ ਤੇ ਹੋਰ ਹਰ ਕਿਸਮ ਦੀ ਛੋਟੀ-ਵੱਡੀ ਸੱਟ-ਫੇਟ ਤੋਂ ਬਚਿਆ ਰਹੇ।
ਇਹ ਤਾਂ ਕੁਦਰਤ ਦਾ ਪ੍ਰਬੰਧ ਹੈ। ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਨੇ ਇਹ ਅਨੁਭਵ ਕੀਤਾ ਕਿ ਇਸ ਅਮੋਲਕ ਸੀਸ ਨੂੰ ਦਸਤਾਰ ਜਾਂ ਪਗੜੀ ਦੁਆਰਾ ਵੀ ਵੱਧ ਤੋਂ ਵੱਧ ਸੰਭਾਲਿਆ ਜਾਵੇ। ਸੋ ਸਿਰ ਉੱਤੇ ਲਪੇਟੇ ਜਾਣ ਵਾਲੇ ਇਸ ਬਸਤਰ ਲਈ ਪੱਗ, ਪਗੜੀ, ਸਾਫਾ, ਚੀਰਾ, ਦਸਤਾਰ, ਦੁਲਬੰਦ, ਇਮਾਮਾ ਤੇ ਉਸ਼ਣੀਕ ਆਦਿ ਅਨੇਕਾਂ ਪਦ ਵਰਤੇ ਜਾਂਦੇ ਰਹੇ ਹਨ। ‘ਉਸ਼ਣੀਕ’ ਸੰਸਕ੍ਰਿਤ ਸ਼ਬਦ ਹੈ। ‘ਚੀਰਾ’ ਸੰਸਕ੍ਰਿਤ ਅਤੇ ਫ਼ਾਰਸੀ ਦੋਹਾਂ ਵਿਚ ਵਰਤੀਂਦਾ ਹੈ। ‘ਸਾਫਾ’ ਅਰਬੀ ਪਦ ਹੈ ਜੋ ਸ਼ੁੱਧਤਾ ਅਤੇ ਸਫਾਈ ਦਾ ਵਾਚਕ ਹੈ। ਅਰਬੀ ਵਿਚ ਪਗੜੀ ਲਈ ‘ਇਮਾਮਾ’ ਸੰਕੇਤ ਵੀ ਇਸਤੇਮਾਲ ਹੁੰਦਾ ਹੈ ਕਿਉਂਕਿ ਜੋ ਮਜ਼੍ਹਬੀ ਪਰੋਹਤ ਨਿਮਾਜ਼ ਆਦਿ ਰਹੁਰੀਤੀ ਦੀ ਅਗਵਾਈ ਕਰਦਾ ਹੈ, ਉਸ ਨੂੰ ‘ਇਮਾਮ’ ਕਹਿੰਦੇ ਹਨ ਤੇ ਉਹ ਆਮ ਤੌਰ ’ਤੇ ਦਸਤਾਰਧਾਰੀ ਹੁੰਦਾ ਹੈ, ਇਸ ਕਰਕੇ ਪਗੜੀ ਦਾ ਨਾਮ ਇਮਾਮਾ ਪੈ
ਗਿਆ। ਅਰਬੀ ਵਿਚ ਦੁਲਬੰਦ ਵੀ ਕਹਿੰਦੇ ਹਨ, ਇਸ ਤਰ੍ਹਾਂ ਫਰਾਂਸੀਸੀ ਤੁਰਬੰਦ ਤੇ ਇਤਾਲਵੀ ‘ਤੁਰਬਾਂਤੇ’ ਤੇ ਅੰਗਰੇਜ਼ੀ ‘ਟਰਬਨ’ ਪਦ ਬਣਿਆ ਜਾਪਦਾ ਹੈ।
‘ਦਸਤਾਰ’ ਫ਼ਾਰਸੀ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਬਣਾ-ਸਵਾਰ ਕੇ ਬੰਨ੍ਹਿਆ ਬਸਤਰ। ਜਿਸ ਆਦਮੀ ਨੇ ਅਰਬੀ ਤਾਲੀਮ ਦੀ ਯੋਗਤਾ ਪਾ ਲਈ ਹੋਵੇ ਤੇ ਚਿੰਨ੍ਹ ਵਜੋਂ ਦਸਤਾਰ ਬੰਨ੍ਹਾ ਲਈ ਹੋਵੇ, ਉਸ ਨੂੰ ਦਸਤਾਰਬੰਦ ਕਿਹਾ ਜਾਂਦਾ ਹੈ। ਸੋ ਦਸਤਾਰਬੰਦੀ ਇਕ ਤਰ੍ਹਾਂ ਸੰਪੂਰਨਤਾ ਦਾ ਲੱਛਣ ਹੈ। ਦਸਤਾਰਚਾ ਨਿੱਕੀ ਪੱਗ ਨੂੰ ਕਹਿੰਦੇ ਹਨ, ਜਿਸ ਨੂੰ ਖਾਲਸਾਈ ਬੋਲਿਆਂ ਵਿਚ ‘ਕੇਸਕੀ’ ਕਿਹਾ ਗਿਆ ਹੈ।
ਸੋ ਪਗੜੀ ਦੀ ਪ੍ਰਭੁਤਾ ਬਹੁਤ ਮਹਾਨ ਤੇ ਪੁਰਾਤਨ ਹੈ। ਪੰਜਾਬੀ ਮੁਹਾਵਰਾ ਤਾਂ ਪੱਗ-ਦਾਹੜੀ ਦੀ ਸ਼ਰਮ ਦਾ ਸਦਾ ਵਾਸਤਾ ਪਾਉਂਦਾ ਆਇਆ ਹੈ। ਬੰਬਈ ਅਜਾਇਬ ਘਰ ਵਿਚ ਪਈਆਂ ਦੇਵ ਮੂਰਤੀਆਂ ਤੇ ਕਈ ਰਾਜੇ-ਰਾਣੀਆਂ ਦੇ ਬੁੱਤ ਦੱਸਦੇ ਹਨ ਕਿ ਉਹ ਸਿਰਾਂ ’ਤੇ ਦਸਤਾਰ ਸਜਾਉਂਦੇ ਸਨ। ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿਚ ਮਿਸਰੀ ਸੱਭਿਅਤਾ ਤੇ ਬੈਬੋਲਿਨੀਆਂ ਸੱਭਿਅਤਾ ਦੇ ਕਈ ਪ੍ਰਮੁੱਖ ਬੁੱਤ ਪਏ ਦੇਖੇ ਹਨ।
ਉਹ ਸਾਰੇ ਹੀ ਦਸਤਾਰਧਾਰੀ ਹਨ। ਪਾਰਸੀਆਂ ਦੇ ਮਹਾਂਪੁਰਸ਼ ਜਰਦੁਸ਼ਤਰਾਸਟਰ ਦਾ ਪ੍ਰਾਚੀਨ ਚਿੱਤਰ ਦਸਤਾਰ ਵਾਲਾ ਹੈ ਤੇ ਮੁਸਲਮਾਨ ਸੂਫ਼ੀ ਸਾਰੇ ਹੀ ਪਗੜੀ ਬੰਨ੍ਹ ਕੇ ਰੱਖਦੇ ਸਨ। ਈਰਾਨੀ ਤੇ ਅਰਬੀ ਲਿਬਾਸ ਵਿਚ ਦਸਤਾਰ ਨੂੰ ਵਿਸ਼ੇਸ਼ ਆਦਰ ਪ੍ਰਾਪਤ ਹੈ। ਮਾਲੂਮ ਇਹ ਹੁੰਦਾ ਹੈ ਕਿ ਪਗੜੀ ਸਿਰ ਦਾ ਪੁਰਾਣਾ ਪਹਿਰਾਵਾ ਹੈ, ਜੋ ਜਿੱਥੇ ਸਿਰ ਨੂੰ ਗਰਮੀ-ਸਰਦੀ ਤੋਂ ਬਚਾਉਂਦਾ ਆਇਆ ਹੈ, ਉਥੇ ਆਦਮੀ ਦੀ ਸ਼ਾਨੋ-ਸ਼ੌਕਤ ਨੂੰ ਵੀ ਦਰਸਾਉਂਦਾ ਆਇਆ ਹੈ।
ਜਦੋਂ ਤੁਰਕ ਸੁਲਤਾਨਾਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਤਾਂ ਇਹ ਲੋਕ ਬਰਦਾਸ਼ਤ ਨਾ ਕਰ ਸਕੇ ਕਿ ਗ਼ੁਲਾਮ ਹਿੰਦੁਸਤਾਨੀ ਵੀ ਸਿਰ ’ਤੇ ਦਸਤਾਰ ਪਹਿਨੀ
ਰੱਖਣ। ਇਸ ਲਈ ਉਨ੍ਹਾਂ ਇਹ ਰੀਤ ਤੋਰੀ ਕਿ ਜਿਨ੍ਹਾਂ ਬੰਦਿਆਂ ਨੂੰ ਗ਼ੁਲਾਮਣਾ ਕੇ ਪਾਸ ਰੱਖਿਆ ਜਾਵੇ, ਉਨ੍ਹਾਂ ਨੂੰ ਪਗੜੀ ਉਤਾਰ ਕੇ ਨਿੱਕੀ ਜਿਹੀ ਟੋਪੀ ਪੁਆ ਦਿੱਤੀ ਜਾਵੇ। ਇਸ ਤਰ੍ਹਾਂ ਹੌਲੀ-ਹੌਲੀ ਹਿੰਦ ਵਾਸੀਆਂ ਦੀ ਪੱਗ ਲਾਹੀ ਗਈ ਤੇ ਇਸ ਦੀ ਥਾਂ ਉਨ੍ਹਾਂ ਨੂੰ ਟੋਪੀ ਪਾ ਕੇ ਸਦਾ ਲਈ ਗ਼ੁਲਾਮ ਬਣਾ ਦਿੱਤਾ ਗਿਆ। ਸੋ ਪੱਗ ਕੇਵਲ ਸਿਰ ਦਾ ਲਿਬਾਸ ਮਾਤਰ ਹੀ ਨਹੀਂ ਸਗੋਂ ਇਸ ਤਰ੍ਹਾਂ ਆਦਰ-ਸਤਿਕਾਰ ਦਾ ਵੀ ਮੰਨਿਆ-ਪ੍ਰਮੰਨਿਆ ਪ੍ਰਤੀਕ ਹੈ। ਮੁਗ਼ਲ ਜ਼ਮਾਨੇ ਵਿਚ ਕਿਸੇ ਅਮੀਰ-ਵਜ਼ੀਰ ਦਾ ਸਤਿਕਾਰ ਕਰਨ ਲਈ ਉਸ ਨੂੰ ਸ਼ਾਹੀ ਦਰਬਾਰ ਵੱਲੋਂ ਜੋੜਾ-ਜਾਮਾ ਦਿੱਤਾ ਜਾਂਦਾ ਸੀ ਤੇ ਦਸਤਾਰ ਵੀ ਬੰਨ੍ਹਾਈ ਜਾਂਦੀ ਸੀ। ਇਸੇ ਨੂੰ ਸਿਰੋਪਾਉ ਕਹਿੰਦੇ ਹਨ।
ਕਿਸੇ ਘਰ ਦੇ ਬਜ਼ੁਰਗ ਦੀ ਮੌਤ ਬਾਅਦ ਜਦ ਅਗਲੇ ਬੰਸ-ਅਧਿਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਤਾਂ ਸਾਰੇ ਸਮਾਜ ਦੀ ਮੌਜੂਦਗੀ ਵਿਚ ਉਸ ਨੂੰ ਪੱਗ ਬੰਨ੍ਹਾਈ ਜਾਂਦੀ ਸੀ। ਹੁਣ ਵੀ ਜੇ ਕੋਈ ਆਦਰਯੋਗ ਮਹਿਮਾਨ ਘਰ ਆਉਂਦਾ ਜਾਂ ਕਿਸੇ ਸਮਾਗਮ ਦੀ ਰੌਣਕ ਵਧਾਉਂਦਾ ਹੈ ਤਾਂ ਸਨਮਾਨ ਵਜੋਂ ਪਗੜੀ ਹੀ ਦਿੱਤੀ ਜਾਂਦੀ ਹੈ। ਸਤਿਗੁਰਾਂ ਬਾਣੀ ਵਿਚ ਅਨੇਕ ਥਾਈਂ ਇਹ ਪ੍ਰਤੀਕ ਵਰਤਿਆ ਹੈ ਕਿ ਅਕਾਲ ਪੁਰਖ ਨੇ ਆਪਣਿਆਂ ਸੇਵਕ-ਜਨਾਂ ਨੂੰ ਸਿਰੋਪਾਉ ਬਖ਼ਸ਼ ਕੇ ਦਰ ਪ੍ਰਵਾਨ ਕਰ ਲਿਆ ਹੈ:
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ (ਪੰਨਾ 631)
ਇਸ ਲੰਮੀ ਚਰਚਾ ਦਾ ਭਾਵ ਇਹ ਹੈ ਕਿ ਦਸਤਾਰ ਕੇਵਲ ਆਮ ਪਹਿਰਾਵਾ ਮਾਤਰ ਨਹੀਂ, ਸਗੋਂ ਭਾਰਤੀ ਸੱਭਿਆਚਾਰ ਦਾ ਇਹ ਵਿਸ਼ੇਸ਼ ਚਿੰਨ੍ਹ ਹੈ, ਜਿਸ ਨੂੰ ਗੁਰੂ
ਸਾਹਿਬਾਨ ਨੇ ਸਿੱਖਾਂ ਦੇ ਸੀਸ ਉੱਤੇ ਮੁੜ ਸਜਾ ਕੇ ਇਸ ਗੁਆਚੇ ਗੌਰਵ ਨੂੰ ਸਥਾਪਤ ਕੀਤਾ। ਸੋ ਸੀਸ ਦਾ ਰਿਸ਼ਤਾ ਕੇਸਾਂ ਨਾਲ ਹੈ ਤੇ ਕੇਸਾਂ ਦਾ ਦਸਤਾਰ ਨਾਲ। ਇਹ ਦੋਵੇਂ ਸਿੱਖ ਸੱਭਿਆਚਾਰ ਦੇ ਚੋਟੀ ਦੇ ਚੋਬਦਾਰ ਅਤੇ ਸਨਮਾਨਿਤ ਸ਼ਾਹਕਾਰ ਹਨ। ਸੋ ਇਹ ਦਸਤਾਰ ਖਾਲਸੇ ਦਾ ਖਾਸ ਪਛਾਣ-ਚਿੰਨ੍ਹ ਹੈ, ਜਿਸ ਦੇ ਸਦਕੇ ਕੀ ਯੂਰਪ, ਕੀ ਅਮਰੀਕਾ ਤੇ ਕੀ ਅਫਰੀਕਾ ਸਭ ਥਾਂ, ਜਿੱਥੇ ਵੀ ਗੁਰੂ ਕਾ ਖਾਲਸਾ ਮੌਜੂਦ ਹੈ, ਉਥੇ ਹੋਰ ਬਹੁਤੀ ਪੁੱਛ-ਪੜਤਾਲ ਦੀ ਲੋੜ ਨਹੀਂ ਪੈਂਦੀ। ਕੇਵਲ ਕੇਸਧਾਰੀ ਤੇ ਦਸਤਾਰਧਾਰੀ ਸੂਰਤ ਤੋਂ ਹੀ ਇਹ ਲੱਗਣ ਲੱਗ ਜਾਂਦਾ ਹੈ ਕਿ ਇਹ ਗੁਰੂ ਦਾ ਨਿਵਾਜਿਆ ਸਿੱਖ ਸਰਦਾਰ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਦਸਤਾਰ, ਸਿੱਖ ਸੱਭਿਆਚਾਰ ਦਾ ਦੂਰੋਂ ਨਜ਼ਰ ਆ ਰਿਹਾ ਕੋਈ ਉੱਚਾ ਮੀਨਾਰ ਹੈ, ਜਿਸ ਦੀ ਸ਼ੋਭਾ ਆਖਣ ਵਿਚ ਨਹੀਂ ਆਉਂਦੀ। ਗੁਰਬਾਣੀ ਦੀ ਗੂੰਜ ਇਸ ਗੌਰਵ ਨੂੰ ਹੋਰ ਭਾਗ ਲਾਉਂਦੀ ਹੈ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੇਰਾ ਦੂਹਰਾ ਦਸਤਾਰਾ ਜਾਂ ਦੁਮਾਲਾ ਫਤਹਿ ਦਾ ਡੰਕਾ ਵਜਾ ਰਿਹਾ ਹੈ:
ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ (ਪੰਨਾ 74)