
ਭਾਈ ਸੁਖਦੇਵ ਸਿੰਘ ਬੱਬਰ
ਜਿੱਲ੍ਹਾ ਅਮ੍ਰਿਤਸਰ ਦਾ ਪਿੰਡ ਦਾਸੂਵਾਲ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਨਾਮ ਤੋਂ ਬਗੈਰ ਊਣਾ ਜਿਹਾ ਲੱਗਦਾ ਹੈ। ਸਿੱਖ ਸੰਘਰਸ਼ ਦਾ ਦੂਜਾ ਪੜਾਉ ਪਿੰਡ ਰੋਡੇ ਤੋਂ ਬਾਅਦ ਦਾਸੂਵਾਲ ਦੀ ਬੱਬਰਾਂ ਦੀ ਬਹਿਕ ਨੂੰ ਆਖ ਦੇਈਏ ਤਾਂ ਇਹ ਝੂਠ ਨਹੀ।
ਇਸ ਬੱਬਰਾਂ ਦੀ ਬਹਿਕ ਦੇ ਸਧਾਰਨ ਘਰਾਂ ਵਿਚ ਸਰਦਾਰ ਜਿੰਦ ਸਿੰਘ ਸੰਧੂ ਅਤੇ ਮਾਤਾ ਹਰਨਾਮ ਕੌਰ ਦੀ ਸੁਲੱਖਣੀ ਕੁਖੋਂ 9 ਅਗਸਤ 1955 ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਦਾਸੂਵਾਲ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਨੇ ਜਨਮ ਲਿਆ।
ਇਸ ਸੰਘਰਸ਼ ਦਾ ਦੂਜਾ ਪੜਾਉ ਪਿੰਡ ਰੋਡੇ ਤੋਂ ਬਾਅ 5 ਨੂੰ ਇਕ ਯੋਧੇ ਨੇ ਜਨਮ ਲਿਆ। ਮਾਤਾ-ਪਿਤਾ ਨੇ ਛੋਟਾ ਨਾਮ ਸੁੱਖਾ ਰੱਖਿਆ। ਜੋ ਚਾਰ ਭਰਾਵਾਂ ਤੇ ਤਿੰਨ ਭੈਣਾ ਵਿਚੋ ਸਭ ਤੋਂ ਛੋਟਾ ਸੀ। ਜਿਸ ਨੂੰ ਕੌਂਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ “ਮੇਰਾ ਸੁੱਖਾ” ਆਖ ਕੇ ਕਈ ਵਾਰ ਸਬੋਧਨ ਕੀਤਾ। ਇਹ ਹੀ ਸੁੱਖਾ, ਭਾਈ ਸੁਖਦੇਵ ਸਿੰਘ ਬੱਬਰ ਦੇ ਰੂਪ ਵਿਚ ਜਦੋਂ ਬੱਬਰਾਂ ਦੀ ਬਹਿਕ ਤੋਂ ਦਿੱਲੀ ਦੇ ਤੱਖਤ ਵੱਲ ਕੌਮ ਦੀ ਅਜਾਦੀ ਲਈ ਤੁਰਿਆ, ਦੁਸ਼ਮਣਾ ਦੁਸ਼ਟਾਂ ਦੇ ਸਾਹ ਸੁਕੇ ਗਏ।
ਭਾਈ ਸਾਹਿਬ ਜੀ ਦੀ ਸਕੂਲੀ ਪੜਾਈ ਸੀ ਪਰ ਰੁਹਾਨੀ ਗਿਆਨ ਬੱਚਪਨ ਤੋਂ ਹੀ ਸਿਖਰਾਂ ਤੇ ਸੀ ਜੋ ਬੀਰਰਸ ਅੰਦਰ ਆਤਮਿਕ ਲਹਿਰਾ ਸੰਗ ਦੁਸ਼ਟਾਂ ਦੀ ਸੋਧ ਸੁਧਾਈ ਨਾਲ ਫੁੱਟਦਾ ਰਹਿੰਦਾ ਸੀ। ਅਖੰਡ ਕੀਰਤਨੀ ਜਥੇ ਤੋਂ ਭਾਈ ਫੌਜਾ ਸਿੰਘ ਵਰਗੇ ਰੰਗਲੇ ਸਜਣਾਂ ਦੀ ਸੰਗਤ ਨਾਲ ਲਾਲ ਰੰਗ ਅਜਿਹਾ ਲੱਗਾ ਕਿ ਉਹ ਨਾ ਤਾ ਮੈਲਾ ਹੋਇਆ, ਨਾਹੀ ਦਾਗੀ ਹੋਇਆ ਅਤੇ ਸ਼ਹਾਦਤ ਸਮੇਂ ਤੱਕ ਨਾ ਹੀ ਉਹ ਉਤਰਿਆ।
ਜਦੋਂ ਭਾਈ ਫੌਜਾ ਸਿੰਘ ਆਪਣੇ ਉਪਰ ਪਏ ਇਕ ਕੇਸ ਵਿਚੋਂ ਪੈਰੋਲ ਤੇ ਜੇਲ ਵਿਚੋ ਛੁੱਟੀ ਆਏ ਤਾਂ ਉਹਨਾ ਨੇ ਆਪਣੇ ਪਿੰਡ ਮੰਮੀਆਂ ਰੰਗਾ ਚੱਕ ਵਿਖੇ ਰਾਵੀ ਦਰਿਆ ਦੇ ਕਿਨਾਰੇ, ਜਿਥੇ ਉਹਨਾ ਇਕ ਖਾਲਸਾ ਫਾਰਮ ਬਣਾਇਆ ਹੋਇਆ ਸੀ, ਉੱਥੇ ਰੈਣ ਸੁਬਾਈ ਕੀਰਤਨ ਅਤੇ ਅਮ੍ਰਿਤ ਸੰਚਾਰ ਸਮਾਗਮ ਰੱਖਿਆ। ਇਸ ਅੰਮ੍ਰਿਤ ਸੰਚਾਰ ਸਮਾਗਮ ਵਿਚ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੇਸ਼ ਹੋ ਕੇ ਅੰਮ੍ਰਿਤ ਛੱਕਿਆ। ਭਾਈ ਫੌਜਾ ਸਿੰਘ ਦਾ ਨਿੱਘਾ ਸੰਗ ਮਾਣਦਿਆ ਆਪ ਜੀ ਅਖੰਡ ਕੀਰਤਨੀ ਜਥੇ ਨਾਲ ਜੁੜੇ।
13 ਅਪ੍ਰੈਲ 1978 ਦੀ ਵਿਸਾਖੀ ਤੇ ਹੋਏ ਸ਼ਹੀਦ ਸਿੰਘਾਂ ਦੀ ਦਰਸ਼ਨ ਝਲਕੀ
13 ਅਪ੍ਰੈਲ 1978 ਦੀ ਵਿਸਾਖੀ ਜਦੋ ਗੁਰੂ ਦੋਖੀਆ ਨੇ ਜਦੋ ਗੁਰੂ ਘਰੇ ਆ ਕੇ ਜਦੋਂ ਪੰਥ ਨੂੰ ਲਲਕਾਰਾ ਮਾਰਿਆ, ਫਿਰ ਗੁਰੂ ਵਾਲੇ ਇਹ ਗੱਲ ਕਿਵੇ ਬਰਦਾਸ਼ਤ ਕਰ ਸਕਦੇ ਸਨ। ਭਾਈ ਫੌਜਾ ਸਿੰਘ ਉਸ ਵੇਲੇ ਲੰਗਰ ਵਿਚ ਸੇਵਾ ਕਰਕੇ ਆਟਾ ਗੁੰਨ ਰਹੇ ਸਨ। ਜਦੋਂ ਉਹਨਾ ਇਹ ਗੱਲ ਸੁਣੀ, ਉਹ ਆਟੇ ਨਾਲ ਲਿਬੜੇ ਹੱਥਾ ਨਾਲ ਹੀ ਆਪਣੇ ਸਾਥੀਆਂ ਭਾਈ ਅਮਲੋਕ ਸਿੰਘ, ਰਿਟਾਇਰਡ ਡੀ. ਐਸ. ਪੀ. ਭਾਈ ਹਜੂਰਾ ਸਿੰਘ ਅਤੇ ਕੁਝ ਹੋਰ ਸਾਥੀ ਸਿੰਘਾਂ ਨਾਲ ਨਰਕਧਾਰੀਆਂ ਦਾ ਸਮਾਗਮ ਬੰਦ ਕਰਵਾਉਣ ਲਈ ਤੁਰ ਪਏ। ਪਹਿਲਾਂ ਉਹਨਾ ਨੇ ਉਸ ਸਮੇ ਦੇ ਅਕਾਲੀ ਸਰਕਾਰ ਦੇ ਮੰਤਰੀ ਜੀਵਨ ਸਿੰਘ ਉਮਰਾਂ ਨੰਗਲ ਨੂੰ ਇਹਨਾਂ ਨਿੰਦਕਾਂ ਦੇ ਅੰਡਬਰ ਨੂੰ ਬੰਦ ਕਰਵਾਉਣ ਲਈ ਕਿਹਾ। ਜਦੋਂ ਕੋਈ ਗੱਲ ਨਾ ਬਣੀ ਤਾਂ ਭਾਈ ਫੌਜਾ ਸਿੰਘ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦਾ ਜਾਪ ਕਰਦੇ ਆਪਣੇ ਸਾਥੀਆਂ ਸਮੇਤ ਨਰਕਧਾਰੀਆਂ ਦੇ ਪੰਡਾਲ ਵੱਲ ਚੱਲ ਪਏ। ਉਥੇ ਪਹਿਲਾਂ ਤੋਂ ਹੀ ਤਿਆਰ ਹਥਿਆਰ ਬੰਦ ਗੁੰਡਿਆ ਨੇ ਪੰਜਾਬ ਪੁਲਿਸ ਤੇ ਆਰੀਆ ਸਮਾਜੀਆਂ ਦੀ ਸਹਿ ਨਾਲ ਸਿੰਘਾਂ ਤੇ ਹਮਲਾ ਕਰ ਦਿੱਤਾ। ਜਿੱਥੇ ਭਾਈ ਫੌਜਾ ਸਿੰਘ ਸਮੇਤ ਤੇਰਾਂ ਸਿੰਘ ਸ਼ਹੀਦ ਹੋ ਗਏ ਅਤੇ ਕਈ ਸਿੰਘ ਫੱਟੜ ਹੋ ਗਏ।
ਇਸੇ ਹੀ ਦਿਨ ਭਾਈ ਸੁਖਦੇਵ ਸਿੰਘ ਬੱਬਰ ਦਾ ਅਨੰਦ ਕਾਰਜ ਵੀ ਸੀ। ਅਖੰਡ ਕੀਰਤਨੀ ਜਥੇ ਦੀ ਇਹ ਮਰਿਆਦਾ ਗੁਰਮਤਿ ਅਨੁਸਾਰ ਹੁੰਦੀ ਹੈ ਕਿ ਸ਼ਾਦੀ ਜਥੇ ਦੇ ਸਿੰਘਾਂ ਦੇ ਕੀਰਤਨ ਸਮਾਗਮ ਵਿਚ ਹੀ ਹੁੰਦੀ ਹੈ। ਆਪ ਜੀ ਦੀ ਸ਼ਾਦੀ ਬੀਬੀ ਸੁਖਵੰਤ ਕੌਰ ਨਾਲ ਇਸ ਖੂਨੀ ਕਾਂਡ ਕਾਲੇ ਦਿਨ ਹੀ ਹੋਈ। ਪਰ ਸ਼ਾਦੀ ਕੀਰਤਨ ਸਮਾਗਮ ਦੇ ਬਿਜਾਏ ਕਿਸੇ ਹੋਰ ਦੇ ਘਰੇ ਹੋਈ। ਆਨੰਦ ਕਾਰਜ ਦਾ ਖੁਸ਼ੀਆਂ ਭਰਿਆ ਕਾਰਜ਼ ਗੁਰੂ ਲਈ ਦਿੱਤੀਆਂ ਸ਼ਹੀਦੀਆਂ ਸੰਗ ਸੋਗ ਦੀ ਲਹਿਰ ਅੰਦਰ ਬਦਲ ਗਿਆ। ਭਾਈ ਸੁਖਦੇਵ ਸਿੰਘ ਗੁਰੂ ਦੀ ਨਿੰਦਾ ਕਰਨ ਵਾਲਿਆ ਤੇ ਗੁਰੁ ਲਈ ਸ਼ਹੀਦ ਹੋਏ ਆਪਣੇ ਸਾਥੀਆਂ ਨੂੰ ਕਿਵੇ ਭੁੱਲ ਸਕਦੇ ਸਨ?
ਅਖੰਡ ਕੀਰਤਨੀ ਜਥਾ ਜਿਥੇ ਰੱਬੀ ਰੰਗ ਅੰਦਰ ਨਾਮ ਬਾਣੀ ਦੇ ਰਸ ਵਿਚ ਲੀਨ ਹੁੰਦਾ ਹੈ ਉਥੇ ਉਹ ਪੂਰਬਲੇ ਇਤਿਹਾਸ ਦੀਆਂ ਸ਼ਹਾਦਤਾ ਨੂੰ ਅੰਗ-ਸੰਗ ਰੱਖਦਾ ਬੀਰਰਸ ਦਾ ਖੰਡਾ ਵੀ ਖੜਕਾਉਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨਰੰਗਵਾਲ ਦੀ ਹਿੰਦੋਸਤਾਨ ਨੂੰ ਅਜ਼ਾਦ ਕਰਵਾਉਣ ਲਈ ਕੱਟੀ ਉਮਰ ਕੈਦ, ਗ਼ਦਰੀ ਬਾਬਿਆ ਤੇ ਬੱਬਰ ਕਾਲੀਆਂ ਦੀਆਂ ਕੁਰਬਾਨੀਆਂ ਦੀ ਦੇਣ ਅਖੰਡ ਕੀਰਤਨੀ ਜਥਾ ਤੇ ਇਸ ਦੇ ਸਿੰਘ ਨਰਕਧਾਰੀਏ ਗੁਰੁ ਦੋਖੀਆਂ ਨੂੰ ਬੱਜ਼ਰ ਪਾਪ ਕਿਵੇ ਕਰਨ ਦੇਂਦੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸਰਬਲੋਹ ਦੇ ਗੜਵਿਆ ਵਿਚ ਜਦ ਬੰਬ ਪਏ ਰਹਿੰਦੇ ਸਨ ਤਾਂ ਫਿਰ ਉਹਨਾਂ ਦੇ ਸਿੰਘਾਂ ਅੰਦਰ ਸ਼ਾਂਤੀ ਦਾ ਸਬਰ ਕਿੰਨਾ ਕੁ ਚਿਰ ਰਹਿ ਸਕਦਾ ਸੀ।
ਭਾਈ ਸੁਖਦੇਵ ਸਿੰਘ ਅਤੇ ਉਹਨਾ ਦੇ ਸਾਥੀਆਂ ਲਈ ਉਹ ਪੱਲ ਹੋਰ ਵੀ ਭਾਵੁਕ ਹੋ ਗਏ ਜਦੋਂ ਅਕਾਲੀ ਸਰਕਾਰ ਨੇ ਸ਼ਹੀਦ ਸਿੰਘਾਂ ਦੀਆਂ ਅਸ਼ਥੀਆਂ ਨੂੰ ਕੀਰਤਪੁਰ ਸਾਹਿਬ ਤਾਂ ਕੀ ਹਰੀਕੇ ਪੱਤਨ ਵਿਖੇ ਵੀ ਜਲ ਪਰਵਾਹ ਕਰਨ ਵਿਚ ਵਿਗਨ ਪਾ ਦਿੱਤਾ। ਦੂਜੇ ਪਾਸੇ ਕਾਤਲ ਨਰਕਧਾਰੀਆਂ ਨੂੰ ਸੁਰੱਖਿਆ ਦੇ ਕੇ ਬਾਦਲ ਸਰਕਾਰ ਨੇ ਆਪ ਦਿੱਲੀ ਪਚੁੰਚਦਾ ਕੀਤਾ।
ਵਿਸਾਖੀ ਕਾਂਡ ਤੋਂ ਬਾਅਦ ਪੰਥ ਆਂਦਰ ਖਲਬਲੀ ਮੱਚ ਗਈ। ਭਾਈ ਸੁਖਦੇਵ ਸਿੰਘ ਅਤੇ ਇਹਨਾਂ ਦੇ ਸੰਗੀ ਸਾਥੀਆਂ ਨੇ ਪੈਰੋ-ਪੈਰ ਪੰਥ ਦੀ ਵਿਗੜ ਰਹੀ ਹਾਲਤ ਬਾਰੇ ਗਭੀਰ ਵਿਚਾਰਾਂ ਕੀਤੀਆਂ। ਪੰਥ ਸੋਚਣ ਲਈ ਮਜ਼ਬੂਰ ਹੋ ਗਿਆ, ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਹੋਵੇ ਗੁਰੁ ਪੰਥ ਦੇ ਦੋਖੀ ਘਰੇ ਆ ਕੇ ਸਿੰਘਾਂ ਨੂੰ ਸ਼ਹੀਦ ਕਰ ਜਾਣ, ਸਰਕਾਰ ਕਾਤਲ਼ਾਂ ਦੀ ਪਿੱਠ ਤੇ ਖੜ ਜਾਵੇ, ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਨਾਮ ਬਾਣੀ ਜਪਣ ਵਾਲੀਆਂ ਰੂਹਾਂ ਨੇ ਆਪਣੇ ਜਾਹੋਜਲਾਲ ਵਿਚ ਵਿਚਰ ਕੇ ਪੰਥ ਦੋਖੀਆਂ ਨੂੰ ਸੋਧਣ ਦਾ ਫੈਸਲਾ ਕਰ ਲਿਆ।
“ਬੱਬਰ ਖਾਲਸਾ ਇੰਟਰਨੈਸ਼ਨਲ” ਜਥੇਬੰਦੀ ਦੇ ਸਿੰਘ
ਆਪਣੀ ਸ਼ਕਤੀ ਨੂੰ ਕੇਂਦਰਤ ਕਰਕੇ ਇਕ ਜਥੇਬੰਦੀ ਦਾ ਰੂਪ ਦੇਣ ਬਾਰੇ ਲੰਮੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿੰਨਾਂ ਵਿਚ ਭਾਈ ਸੁਖਦੇਵ ਸਿੰਘ ਤੋ ਇਲਾਵਾ ਚਲਦੇ ਚਕਰਵਰਤੀ ਵਹੀਰ ਦੇ ਮੁੱਖੀ ਭਾਈ ਤਲਵਿੰਦਰ ਸਿੰਘ ਪਰਮਾਰ ਨਰੂੜ ਪਾਸ਼ਟਾਂ, ਭਾਈ ਅਮੌਲਕ ਸਿੰਘ ਜੋ ਨਿਰੰਕਾਰੀ ਕਾਂਡ ਵਿਚ ਸਖਤ ਜਖਮੀ ਹੋ ਗਏ ਸਨ, ਭਾਈ ਸੁਲੱਖਣ ਸਿੰਘ ਵੈਰੋਵਾਲ, ਭਾਈ ਅਨੌਖ ਸਿੰਘ ਸੂਬਾ ਵੜਿੰਗ, ਭਾਈ ਤਰਸੇਮ ਸਿੰਘ ਕਾਲਾ ਸੰਘੀਆ, ਭਾਈ ਵਿਧਾਵਾ ਸਿੰਘ ਸੰਧੂ ਚੱਠੇ, ਭਾਈ ਸੁਖਵਿੰਦਰ ਸਿੰਘ ਨਾਗੋਕੇ ਜੋ ਕੇ ਇਕ ਖੇਤੀਬਾੜੀ ਇੰਸਪੈਕਟਰ ਸਨ, ਭਾਈ ਕੁਲਵੰਤ ਸਿੰਘ ਕੈਸ਼ੀਅਰ ਪੰਜਾਬ ਐਂਡ ਸਿੰਧ ਬੈਂਕ ਸ਼ਾਮਿਲ ਹੋਏ। ਇੰਨਾਂ ਸਿੰਘਾਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਰੂਹੇ ਰਵਾਂ ਤੁਰਦਿਆ, ਪੁਰਾਤਨ ਬੱਬਰ ਅਕਾਲੀਆਂ ਤੋਂ ਸੇਧ ਲੈਂਦਿਆ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨੂੰ ਹੋਂਦ ਵਿਚ ਲਿਆਂਦਾ ਅਤੇ ਗਿਆਨੀ ਤਰਲੋਕ ਸਿੰਘ ਨਾਵਲ ‘ਗੋਲੀ ਚੱਲਦੀ ਰਹੇਗੀ ਦੁਸਟ ਸੋਧ ਜਾਣਗੇ’, ਦੇ ਮੂਲ ਪਾਠ ਦੇ ਲੋਗੋ ਨੂੰ ਆਪਣਾ ਗੋਰੀਲਾ ਯੁੱਧ ਦਾ ਮਾਰਗ ਬਣਾਇਆ। ਇਕ ਅਹਿਮ ਫ਼ੈਸਲੇ ਅਨੁਸਾਰ ਜਥੇਬੰਦੀ ਦਾ ਪਹਿਲਾ ਜਥੇਦਾਰ ਭਾਈ ਸੁਰਿੰਦਰ ਸਿੰਘ ਨਾਗੋਕਿਆ ਨੂੰ ਬਨਾਉਣ ਦਾ ਫ਼ੈਸਲਾ ਕੀਤਾ ਗਿਆ। ਪਰ ਸੁਰਿੰਦਰ ਸਿੰਘ ਨਾਗੋਕਿਆ ਨੇ ਇਹ ਜਿੰਮੇਵਾਰੀ ਸਭਾਲਣ ਤੋਂ ਮਨਾ ਕਰ ਦਿੱਤਾ। ਕਿਉਂਕਿ ਉਹ ਆਪਣੇ ਭਤੀਜੇ ਭਾਈ ਬਲਵਿੰਦਰ ਸਿੰਘ ਨਾਲ ਪਹਿਲਾਂ ਤੋਂ ਹੀ ਸੰਤ ਜਰਨੈਲ ਸਿੰਘ ਹੋਰਾਂ ਨਾਲ ਜਥੇ ਵਿਚ ਸੇਵਾ ਕਰ ਰਹੇ ਸਨ। ਸੰਨ 1984 ਜੂਨ ਦੇ ਘਲੂਘਾਰੇ ਸਮੇਂ ਦੋਹੇ ਚਾਚਾ ਭਤੀਜਾ ਦਰਬਾਰ ਸਾਹਿਬ ਵਿਖੇ ਹਿੰਦੋਸਤਾਨ ਦੀਆਂ ਜਾਲਮ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਅਖੀਰ ਭਾਈ ਸੁਖਦੇਵ ਸਿੰਘ ਦੇ ਬੀਤੇ ਕਈ ਗੁਰਰੀਲਾ ਐਕਸ਼ਨਾ ਅਤੇ ਨਾਮ ਬਾਣੀ ਦੀ ਘਾਲ ਕਮਾਈ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਜਥੇਦਾਰ ਥਾਪ ਦਿੱਤਾ ਗਿਆ। ਭਾਈ ਕੁਲਵੰਤ ਸਿੰਘ ਕੈਸ਼ੀਅਰ “ਪੰਜਾਬ ਐਂਡ ਸਿੰਧ ਬੈਂਕ” ਦਾ ਨਾਮ ਬਦਲ ਕੇ ਭਾਈ ਕੁਲਬੀਰ ਸਿੰਘ ਬੱਬਰ ਰੱਖ ਕੇ ਫ੍ਰੈਸ ਸਕੱਤਰ ਬੱਬਰ ਖਾਲਸਾ ਇੰਟਰਨੈਸ਼ਨਲ ਥਾਪ ਕੇ ਪੰਜ ਸਿੰਘਾਂ ਨੂੰ ਮੀਤ ਜਥੇਦਾਰ ਬਣਾ ਦਿੱਤਾ ਗਿਆ। ਭਾਈ ਤਲਵਿੰਦਰ ਸਿੰਘ ਬੱਬਰ ਨੂੰ ਕੁਮਾਂਤਰੀ ਇੰਚਾਰਜ ਬਣਾ ਦਿੱਤਾ ਗਿਆ ਅਤੇ ਜਰਮਨੀ, ਕਨੇਡਾ, ਇੰਗਲੈਂਡ, ਹਾਲੈਂਡ ਆਦਿ ਦੇਸ਼ਾ ਵਿਚ ਜਥੇਬੰਦੀ ਨੂੰ ਸਰਗਰਮ ਕਰਨ ਲਈ ਕਿਹਾ ਗਿਆ।
ਇਹ ਭਾਈ ਸੁਖਦੇਵ ਸਿੰਘ ਦੀ ਯੁਧ ਨੀਤੀ ਸੋਚ ਹੀ ਸੀ ਕਿ ਅੱਜ ਵੀ ਇਹ ਜਥੇਬੰਦੀ ਕੌਮਾਤਰੀ ਪੱਧਰ ਤੱਕ ਇਕ ਕੇਂਦਰ ਅਧਾਰਤ ਖੜੀ ਹੈ। ਜਥੇਬੰਦੀ ਨੂੰ ਉਹਨਾਂ ਮਾਲਵਾ, ਮਾਝਾ, ਦੁਆਬਾ ਜੋਨਾ ਵਿਚ ਵੰਡ ਕੇ ਇਕ ਹੋਰ 9 ਮੈਂਬਰੀ ਮੀਤ ਜਥੇਦਾਰਾਂ ਦੀ ਕਮਾਂਡ ਵਿਚ ਲਿਆਂਦਾ। ਅੱਗੋਂ ਕੁਰਬਾਨੀਆ ਵਾਲਿਆ ਧਰਮ ਪ੍ਰਪੱਕ ਸਿੰਘਾਂ ਨੂੰ ਜਿੱਲ੍ਹਾ ਜਥੇਦਾਰ ਥਾਪਿਆ। ਅਜਿਹੇ ਕਈ ਅਹਿਮ ਫ਼ੈਸਲੇ ਲੈ ਕੇ ਤੇ ਜਥੇਬੰਦੀ ਦੀ ਰੂਪ ਰੇਖਾ ਤਿਆਰ ਕਰਕੇ 13 ਅਪ੍ਰੇਲ 1982 ਨੂੰ ਸਿੰਘਾਂ “ਬੱਬਰ ਖਾਲਸਾ ਇੰਟਰਨੈਸ਼ਨਲ” ਜਥੇਬੰਦੀ ਹੋਂਦ ਵਿਚ ਲਿਆਦੀ ਤੇ ਭਾਈ ਅਮੋਲਕ ਸਿੰਘ ਦੀ 315 ਬੋਰ ਦੀ ਰਾਇਫਲ ਅਤੇ ਕੁਝ ਬਾਰਾਂ ਬੋਰ ਦੀਆਂ ਬੰਦੂਕਾਂ ਅਤੇ ਦੇਸੀ ਕਿਸਮ ਦੇ ਹਥਿਆਰ ਨਾਲ ਸਰਕਾਰੇ ਖਾਲਸਾ ਦੇ ਪੁਰਾਤਨ ਨਿਸ਼ਾਨ ਸਾਹਿਬ ਨੂੰ ਨਾਨਕ ਨਿਵਾਸ ਦੀ ਉਪਰਲੀ ਛੱਤ ਉਪਰ ਝੁਲਾ ਕੇ ਸਲਾਮੀ ਦੀ ਦਿੱਤੀ। ਸਿੱਖ ਸੰਘਰਸ ਲਈ ਵਜਾਏ ਇਸ ਬਿਗਲ ਨੇ ਦਰਬਾਰਾ ਸਿੰਘ ਦੀ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ।
ਭਾਈ ਸੁਖਦੇਵ ਸਿੰਘ ਬੱਬਰ ਵੱਲੋਂ ਆਪਣੀ ਜਥੇਬੰਦੀ ਵਿਚ ਜੂਂਝ ਰਹੇ ਮਰਜੀਵੜੇ ਸਿੰਘਾਂ ਨੂੰ ਆਪਣੇ ਨਾਮ ਮਗਰ ਬੱਬਰ ਲਿਖਣ ਅਤੇ ਕਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ ਤਾਂ ਕੇ ਪੁਰਾਤਨ ਬੱਬਰ ਅਕਾਲੀਆਂ ਦੇ ਪੂਰਨਿਆਂ ਤੇ ਚਲਦਿਆ ਹੋਇਆਂ “ਬੱਬਰ” ਨਾਮ ਇਕ ਤਹਿਰੀਕ ਬਣ ਸਕੇ। ਜਦੋਂ ਭਾਈ ਸੁਖਦੇਵ ਸਿੰਘ ਬੱਬਰ ਅਤੇ ਉਹਨਾਂ ਦੇ ਸੰਗੀ ਸਾਥੀਆਂ ਉੱਪਰ, ਇਹਨਾਂ ਦੇ ਪਰਿਵਾਰਾਂ ਉਪਰ ਪੰਜਾਬ ਸਰਕਾਰ ਵੱਲੋਂ ਜਬਰ-ਜ਼ੁਲਮ ਵੱਧ ਗਏ ਤਾਂ ਸਾਰੇ ਰੂਪੋਸ਼ ਸਿੰਘ ਅਕਾਲ ਰੈਸਟ ਵਿਚ ਪਨਾਹਗੀਰ ਹੋ ਗਏ ਅਤੇ ਆਪਣਾ ਇਕ ਛੋਟਾ ਜਿਹਾ ਲੰਗਰ ਸਰਬ ਲੋਹ ਬਿਬੇਕ ਦੇ ਗੁਰਸਿੱਖੀ ਪਹਿਰੇ ਹੇਠ ਗੁਰੁ ਰਾਮਦਾਸ ਸਰਾਂ ਦੇ ਹੇਠਾਂ ਮਗਰਲੇ ਪਾਸੇ ਇਕ ਕਮਰੇ ਵਿਚ ਲੈ ਆਂਦਾ, ਜਿੱਥੇ ਪੂਰਨ ਸਰਬ ਲੋਹ ਬਿਬੇਕ ਦੇ ਨਿਯਮਬੰਦ ਗੁਰੁ ਝਣਕਾਰਾਂ ਵਿਚ ਲੰਗਰ ਸੱਜਦਾ ਸੀ। ਕਿੳਂੁਕਿ ਦਰਬਾਰ ਸਾਹਿਬ ਅੰਦਰ ਹੋਰ ਵੀ ਪੰਥਕ ਜਥੇਬੰਦੀਆ ਅਤੇ ਗੁਪਤਚਰ ਏਜੰਸੀਆਂ ਸਰਗਰਮ ਸਨ ਇਸ ਲਈ ਬੱਬਰਾਂ ਨੇ ਇਕ ਖਾਲਸਾਈ ਬਾਣੇ ਵਿਚ ਇਕ ਖਾਸ ਵਰਦੀ ਦਾ ਐਲਾਨ ਕੀਤਾ ਜੋ ਨਿਹੰਗ ਸਿੰਘਾਂ ਨਾਲ ਮਿਲਦੀ ਜੁਲਦੀ ਸੀ ਪਰ ਕਮਰਕੱਸੇ, ਦੁਮਾਲਿਆ ਦੇ ਕੇਸਰੀ ਰੰਗ ਅੰਦਰ ਅਤੇ ਚੋਲਿਆ ਦੀ ਬਣਤਰ ਸਿਲਾਈ ਵਿਚ ਫਰਕ ਲੇ ਆਂਦਾ ਤਾਂ ਕੇ ਜਥੇ ਦੇ ਸਿੰਘਾਂ ਦੀ ਪਛਾਣ ਅਸਾਨ ਹੋ ਸਕੇ ਅਤੇ ਦਰਬਾਰ ਸਾਹਿਬ ਕੰਮਪਲੈਕਸ ਦੀ ਤੀਜੀ ਏਜੰਸੀ ਅਤੇ ਵਿਗੜੇ ਤੁਰਕਾਂ ਦੀਆਂ ਗਲਤ ਹਰਕਤਾਂ ਨੂੰ ਰੋਕਿਆ ਜਾ ਸਕੇ ਜਿਸ ਕਾਰਨ ਸਰਧਾਲੂ ਸੰਗਤ ਪ੍ਰੇਸਾਨ ਹੁੰਦੀ ਸੀ।
ਹਿੰਦੋਸਤਾਨ ਦਾ ਪੂਰਾ ਸਰਕਾਰੀ ਗੁਪਤਚਰ ਵਿਭਾਗ ਆਪਣਾ ਹਰ ਹਰਬਾ ਵਰਤ ਕੇ ਸਿੱਖਾਂ ਦੇ ਧਰਮਯੁੱਧ ਨੂੰ ਬਦਨਾਮ ਕਰਨਾ ਅਤੇ ਖਿਲਾਰਨਾਂ ਚਾਹੁੰਦਾ ਸੀ। ਸ਼ੈਤਾਨ ਲੋਕ ਖਾੜਕੂ ਸਫਾਂ ਵਿਚ ਫੁੱਟ ਪੁਆ ਕੇ, ਆਪਸ ਵਿਚ ਖੂਨੀ ਟਕਰਾ ਕਰਵਾਉਣਾ ਚਾਹੁੰਦੇ ਸਨ। ਪਰ ਗੁਰੂ ਵਾਲਿਆ ਨੇ ਏਜੰਸੀਆਂ ਦੀ ਇਕ ਨਾ ਚੱਲਣ ਦਿੱਤੀ। ਸਰਕਾਰੀ ਏਜੰਸੀਆਂ ਪੰਥ ਅੰਦਰ ਬਿਪਰਾਂ ਵੱਲੋ ਪਾਏ ਕੁਝ ਧਾਰਮਿਕ ਮਰਿਆਦਾ ਵਖਰੇਵਿਆ ਅਤੇ ਕੁਝ ਹੋਰ ਨੁਕਤਿਆਂ ਨੂੰ ਚੱਲ ਰਹੇ ਧਰਮਯੁੱਧ ਮੋਰਚੇ ਵਿਚ ਸ਼ਾਮਿਲ ਕਰਕੇ ਤੇ ਬੱਬਰਾਂ ਅਤੇ ਦਮਦਮੀ ਟਕਸਾਲ ਅੰਦਰਲੇ ਮੱਤਭੇਦ ਨੂੰ ਉਭਾਰ ਕੇ ਖੂਨੀ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦੀਆਂ ਸਨ। ਫਲਾਣੇ ਰਾਗ ਮਾਲਾ ਪੜਦੇ ਹਨ, ਉਹ ਨਹੀ ਪੜਦੇ, ਫਲਾਣੇ ਪੰਜਵਾ ਕਰਾਰ ਕੇਸਕੀ ਨੂੰ ਮੰਨਦੇ ਹਨ, ਉਹ ਨਹੀ ਮਨਦੇ, ਉਹ ਸਰਬ ਲੋਹ ਦੇ ਬਾਟਿਆ ਵਿਚ ਖਾਂਦੇ ਹਨ, ਉਹ ਨਹੀ ਖਾਂਦੇ, ਉਹ ਅੰਮ੍ਰਿਤ ਐਂ ਛਕਾਉਦੇ ਹਨ, ਦੂਜੇ ਐਂ ਛਕਾਉਦੇ ਹਨ, ਫਲਾਣੇ ਲੌਂਗੋਵਾਲ ਨਾਲ ਗੱਲਾਂ ਕਰਦੇ ਹਨ, ਫਲਾਣੇ ਸਮਗਲਰਾਂ ਨਾਲ ਯਾਰੀ ਰੱਖਦੇ ਹਨ ਆਦਿ। ਇਸ ਤੋਂ ਇਲਾਵਾ ਏਜੰਸੀਆਂ ਅਤੇ ਨਿਰਲੇਪ ਕੌਰ ਦੀ ਗੁੰਡਾ ਫੌਜ ਵੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਗਲਤ ਕੰਮ ਕਰਕੇ ਖਾੜਕੂ ਸਫਾ ਨੂੰ ਬਦਨਾਮ ਕਰਨਾ ਚਾਹੁੰਦੀਆਂ ਸਨ।
ਪਰ ਸੰਤ ਜਰਨੈਲ ਸਿੰਘ ਅਤੇ ਭਾਈ ਸੁਖਦੇਵ ਸਿੰਘ ਬੱਬਰ ਵਿਚਕਾਰ ਕਦੇ ਵੀ ਕੋਈ ਗੱਲ ਗੁਸਤਾਖੀ ਵਾਲੀ ਨਹੀ ਹੋਈ। ਸੰਘਰਸ਼ੀ ਪੁਰਾਤਨ ਸਿੰਘ ਜੋ ਅੱਜ ਵੀ ਹਨ, ਉਹ ਭਲੀਭਾਂਤ ਸੱਭ ਜਾਣਦੇ ਹਨ। ਭਾਈ ਸੁਖਦੇਵ ਸਿੰਘ ਬੱਬਰ ਅਤੇ ਨਾਲ ਦੇ ਸਿੰਘ ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਣ ਜਾਂਦੇ ਸਨ ਤਾਂ ਸੰਤ ਆਪ ਉਠ ਕੇ ਬਗਲਬੀਰ ਹੋ ਕੇ ਮਿਲਦੇ ਔਰ ਆਪਣੇ ਨਾਲ ਮੰਜੇ ਤੇ ਬਿਠਾ ਕੇ ਸਤਿਕਾਰਦੇ ਸਨ। ਇਹ ਗੁਰਸਿਖਾਂ ਦਾ ਆਪਸੀ ਸਤਿਕਾਰ ਵੇਖ ਕੇ ਫ਼ੈਡਰੇਸ਼ਨੀਆਂ ਤੋਂ ਅਕਾਲੀ ਬਣੇ ਅੱਜ ਦੇ ਲੀਡਰ ਬੜੇ ਈਰਖਾ ਕਰਦੇ। ਸੰਤ ਜੀ ਵੀ ਕਈ ਵਾਰ ਭਾਈ ਸੁਖਦੇਵ ਸਿੰਘ ਬੱਬਰ ਨੂੰ ‘ਮੇਰਾ ਸੁੱਖਾ’ ਆਖ ਸੰਬੋਧਨ ਹੁੰਦੇ ਸਨ। ਜੂਨ ਸੰਨ 1984 ਦੇ ਘਲੂਘਾਰੇ ਤੋਂ ਪਹਿਲਾਂ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਮਹੀਨੇ, ਮਹੀਨੇ ਆਖਰੀ ਸ਼ਨੀਵਾਰ ਨੂੰ, ਅਖੰਡ ਕੀਰਤਨੀ ਜਥੇ ਵੱਲੋਂ ਰੈਣਸੁਬਾਈ ਕੀਰਤਨ ਕੀਤਾ ਜਾਂਦਾ ਸੀ। ਇਹ ਇਤਿਹਾਸਕ ਸੱਚ ਹੈ ਕੇ ਜਥੇਬੰਦੀ ਪੁਰਾਤਨ ਸਿੰਘਾਂ ਨੇ ਇਹ ਕਹਾਣੀਆਂ ਅੱਖੀ ਡਿੱਠੀਆਂ ਹਨ ਕਿ ਰੈਣ ਸੁਬਾਈ ਸਮਾਗਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਪੂਰੇ ਜੰਗਝੂ ਜਥੇ ਸਮੇਤ ਅਤੇ ਭਾਈ ਸੁਖਦੇਵ ਸਿੰਘ ਬੱਬਰ ਆਪਣੇ ਜੰਗਜੂ ਜੱਥੇ ਸਮੇਤ ਇਕੱਠੇ ਹੀ ਇਕੋ ਹੀ ਜਾਹੋਜਲਾਲ ਵਿਚ ਕੀਰਤਨ ਸਮਾਗਮ ਵਿਚ ਹਾਜ਼ਰੀ ਭਰਦੇ ਸਨ। ਇਤਫਾਕੀਆ ਇਕ ਵਾਰ ਇਸ ਤਰਾਂ ਹੋਇਆ ਜਦੋ ਸੰਤ ਜੀ ਅਤੇ ਬੱਬਰ ਇਕੱਠੇ ਸਮਾਗਮ ਵਿਚ ਆਏ ਤਾਂ ਸ਼ਹੀਦ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਇਕ ਸ਼ਬਦ “ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰ ਜਾਣਹੁ ਆਪੇ। । ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ। ਗਾਇਨ ਕਰ ਰਹੇ ਸਨ”। ਉਸ ਤੋਂ ਬਾਅਦ ਸੰਤ ਜੀ ਜਦੋ ਵੀ ਕੀਰਤਨ ਸਮਾਗਮ ਵਿਚ ਆਉਦੇ ਤਾਂ ਉਹਨਾਂ ਬੀਬੀ ਜੀ ਨੂੰ ਇਹ ਸਬਦ ਜਰੂਰ ਗਾਇਨ ਕਰਨ ਲਈ ਕਹਿਣਾ। ਦੋਹੇਂ ਜਥੇ ਅਮ੍ਰਿਤ ਵੇਲੇ ਤੱਕ ਕੀਰਤਨ ਸ੍ਰਵਨ ਕਰਕੇ ਜਾਦੇਂ।
ਪਰ ਇਹ ਸਾਂਝ ਸਰਕਾਰ ਅਤੇ ਕੁਝ ਫੈਡਰੇਸ਼ਨੀਆਂ ਨੂੰ ਚੰਗੀ ਨਹੀਂ ਸੀ ਲਗਦੀ। ਏਜੰਸੀਆਂ ਨੇ ਇਸ ਸਾਂਝ ਨੂੰ ਖੂਨੀ ਟਕਰਾਅ ਵਿਚ ਬਦਲਣ ਦੀ ਪੂਰੀ ਵਾਹ ਲਾਈ ਪਰ ਕਾਮਜਾਬੀ ਨਹੀਂ ਮਿਲੀ। ਏਜੰਸੀਆਂ ਇਹ ਜਰੂਰ ਕਰਨ ਵਿਚ ਕਾਮਜਾਬ ਹੋ ਗਈਆਂ ਕਿ ਪੰਥ ਦੀਆਂ ਦੋ ਸਿਰਮੌਰ ਜਥੇਬੰਦੀਆਂ ਨੂੰ ਕਈ ਧੜਿਆਂ ਵਿਚ ਵੰਡ ਦਿੱਤਾ। ਦਮਦਮੀ ਟਕਸਾਲ ਚਾਰ ਥਾਂਈ ਹੋ ਗਈ, ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤਿੰਨ ਥਾਂਈ ਹੋ ਗਿਆ। ਸੰਤ ਜੀ ਅਤੇ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਨਾਲ ਇਸ ਜੰਗਜੂ ਸਾਂਝ ਦਾ ਅੰਤ ਹੋ ਗਿਆ।
ਹੁਣ ਇਹਨਾਂ ਬੀਤੀਆਂ ਕਹਾਣੀਆਂ ਨੂੰ ਤੜੋੜ ਮੜੌੜ ਕੇ ਮਤਲਬ ਲਈ ਵਰਤਣਾ ਸਿਰਫ ਆਪਣੀਆਂ ਦੂਕਾਨਦਾਰੀਆਂ ਚਲਾਉਣੀਆ, ਆਪਣੀਆਂ ਲੀਡਰੀਆਂ ਚਮਕਾਉਣੀਆਂ ਜਾਂ ਆਪਣੇ ਹਉਂਮੇ ਨੂੰ ਪੱਠੇ ਪਾਉਣਾ ਹੈ। ਇਹ ਸਭ ਕੁਝ ਸਾਡੇ ਵਿਗੜੇ ਅਕਾਲੀ ਚਾਹੁੰਦੇ ਹਨ, ਸਰਕਾਰੀ ਏਜੰਸੀਆਂ ਚਾਹੁੰਦੀਆਂ ਹਨ। ਫ਼ੈਸਲਾ ਸੰਗਤ ਹੱਥ ਹੈ। ਕਈ ਵਾਰ ਇਹ ਬੜਾ ਮਹਿਸੂਸ ਹੁੰਦਾ ਹੈ ਕਿ ਬੱਬਰਾਂ ਬਾਰੇ ਕਲਮਾਂ ਲਿਖਣੋਂ ਕਿਉਂ ਰੁਕ ਗਈਆਂ? ਕੁਝ ਵੀਰ ਈਮਾਨਦਾਰੀ ਵੱਲੋਂ ਅੱਖਾਂ ਮੀਚ ਕੇ ਬੱਬਰਾਂ ਪ੍ਰਤੀ ਹੋਰ ਕੋਈ ਨਫਰਤ ਕਿਉਂ ਰੱਖ ਲੈਂਦੇ ਹਨ?ਉਹ ਬੱਬਰਾਂ ਦੇ ਜਥੇ ਦੇ ਸਿੰਘਾਂ ਮਗਰ ‘ਬੱਬਰ’ ਲਿਖਣ ਲੱਗੇ ਕਿਉ ਦਿੱਕਤ ਮਹਿਸੂਸ ਕਰਦੇ ਹਨ?ਬੱਬਰ ਨਾਮ ਪ੍ਰਤੀ ਪਤਾ ਨਹੀ ਕਿਉਂ ਈਰਖਾ ਰਖਦੇ ਹਨ?
ਜਦ ਕਿ ਪੁਰਾਤਨ ਖ਼ਾਲਸੇ ਦੀ ਰੂਹੇ ਰਵਾਂ ਪੂਰਬਲੇ ਸੰਜੋਗੀ ਸ਼ਹਾਦਤ ਦਰ ਸ਼ਹਾਦਤ ਤੁਰਦਿਆ ਬੱਬਰ ਖਾਲਸਾ ਹੋਂਦ ਵਿਚ ਆਇਆ ਜੋ ਕੇ ਲਹਿਰ ਦਾ ਵੇਗ ਆਪਣੀ ਮਸਤ ਚਾਲੇ ਨਿਰੰਤਰ ਵਹਿੰਦਾ ਆ ਰਿਹਾ ਹੈ। ਕਦੇ ਪੂਰੀ ਚੜ੍ਹਦੀਕਲਾ ਵਿਚ ਕਦੇ ਆਤਮਿਕ ਰੰਗਾਂ ਦੀਆਂ ਕਲੋਲਾਂ ਕਰਦਾ ਬੀਰਰਸੀ ਸਹਿਜ ਸੁਬਾਏੇ। ਜਦ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਹੋਂਦ ਵਿਚ ਆਈਆਂ ਖਾੜਕੂ ਧਿਰਾਂ ਅੱਜ ਚੁੱਪ ਦਾ ਜੀਵਨ ਜੀ ਰਹੀਆਂ ਹਨ ਪਰ ਬੱਬਰ ਵੇਗ ਅੱਜ ਵੀ ਕਿਤੇ ਨਾ ਕਿਤੇ ਵਹਿੰਦਾ ਰਹਿੰਦਾ ਹੈ। ਉਥੇ ਭਾਈ ਸੁਖਦੇਵ ਸਿੰਘ ਬੱਬਰ ਦਾ ਕੇਸਰੀ ਦੁਮਾਲਾ ਚੌੜੀਆਂ ਅੱਖਾਂ ਵਾਲਾ ਚਿਹਰਾ ਸਾਹਮਣੇ ਆ ਜਾਂਦਾ ਹੈ।
ਇਕ ਦਫਾ ਸੰਗਤ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਤੁਸੀ ਤਖਤਪੋਸ਼ ਉਂਪਰ ਸੰਗਤ ਦੇ ਸਾਹਮਣੇ ਬੈਠਿਆ ਕਰੋ। ਭਾਈ ਸਾਹਿਬ ਜੀ ਮੁਮਸਕਰਾ ਕੇ ਬੋਲੇ “ਨਹੀ, ਸੰਗਤ ਵੱਡੀ ਹੈ ਮੈਂ ਤਾਂ ਸੰਗਤਾਂ ਦੀ ਚਰਨਾਂ ਦੀ ਧੂੜ ਹਾਂ”।
ਫਿਰ ਕਿਸੇ ਨੇ ਸੰਤ ਜੀ ਦੀ ਗੱਲ ਕਹੀ, ਭਾਈ ਸਾਹਿਬ ਜੀ ਨੇ ਉਸ ਨੂੰ ਉਥੇ ਹੀ ਚੁੱਪ ਕਰਵਾ ਦਿੱਤਾ, “ਸੰਤ ਵੱਡੇ ਹਨ, ਉਹਨਾਂ ਨੇ ਸੰਗਤ ਨੂੰ ਜੋੜਨਾਂ ਹੈ, ਸੰਭਾਲਣਾ ਹੈ”। ਹੱਸ ਕੇ ਕਹਿੰਦੇ, “ਅਸੀਂ ਆਪਣਾ ਕੰਮ ਕਰਨਾ ਹੈ”।
ਭਾਈ ਸਾਹਿਬ ਜੀ ਨੇ ਜਥੇਬੰਦੀ ਨੂੰ ਗੁਪਤ ਰੂਪ ਵਿਚ ਗੁਰੀਲਾ ਯੁਧ ਵਿਚ ਨਿਪੁੰਨ ਕਰਨ ਵਿਚ ਜ਼ੋਰ ਦਿੱਤਾ। ਫੋਕੀ ਸ਼ੋਹਰਤ ਤੋਂ ਬੱਚਣ ਲਈ ਪਹਿਲਾਂ ਜਥੇਬੰਦੀ ਆਪਣੇ ਐਕਸ਼ਨਾਂ ਦੀ ਕੋਈ ਵੀ ਜਿੰਮੇਵਾਰੀ ਨਹੀਂ ਸੀ ਲੈਂਦੀ। ਜਦੋਂ ਇਹ ਮਹਿਸੂਸ ਹੋਇਆ ਕੇ ਬੱਬਰਾਂ ਦੇ ਐਕਸ਼ਨਾਂ ਦਾ ਲਾਹਾ ਗਲਤ ਅਨਸਰ ਖੱਟਣ ਦਾ ਯਤਨ ਕਰਦੇ ਹਨ ਤਾਂ ਭਾਈ ਸਾਹਿਬ ਜੀ ਹਦਾਇਤ ਤੇ ਬੱਬਰ ਐਕਸ਼ਨ ਵਾਲੀ ਥਾਂ 'ਤੇ ਜਥੇਬੰਦੀ ਵੱਲੋਂ ਜਿੰਮੇਵਾਰੀ ਦੀ ਚਿੱਠੀ ਰੱਖਣ ਲੱਗ ਪਏ। ਇਸ ਦੁਸ਼ਟ ਨੂੰ ਸੋਧਣ ਦੀ ਜ਼ਿੰਮੇਵਾਰੀ “ਬੱਬਰ ਖਾਲਸਾ ਇੰਟਰਨੈਸ਼ਨਲ” ਲੈ ਰਿਹਾ ਹੈ।
ਗੁਰੀਲਾ ਯੁਧ ਦਾ ਮਹਾਂਨਾਇਕ ਜਿਸ ਨੇ ਕਦੀ ਵੀ ਇਹ ਨਹੀ ਸੋਚਿਆ ਕਿ ਉਹ ਜਥੇਦਾਰ ਹੈ, ਉਸ ਨੇ ਕਿਸੇ ਐਕਸ਼ਨ ਤੇ ਨਹੀ ਜਾਣਾ। ਸਗੋਂ ਆਪਣੇ ਸੰਗੀਆਂ ਨਾਲ ਮੂਹਰੇ ਹੋ ਕੇ ਤੁਰਨਾ। ਫਿਰੋਜ਼ਪੁਰ ਜਿੱਲ੍ਹੇ ਦੇ ਪਿੰਡ ਘੱਲਕਲਾਂ ਵਿਖੇ ਕਿਸੇ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਪੱਤਰੇ ਸਾੜ ਦਿੱਤੇ। ਜਦੋਂ ਇਸ ਗੱਲ ਦੀ ਖੱਬਰ ਬੱਬਰਾਂ ਨੂੰ ਲੱਗੀ ਤਾਂ ਭਾਈ ਸਾਹਿਬ ਆਪ ਖੁੱਦ ਅਤੇ ਨਾਲ ਭਾਈ ਸੁਲੱਖਣ ਸਿੰਘ ਵੇਰੋਂਵਾਲ ਅਤੇ ਭਾਈ ਅਨੌਖ ਸਿੰਘ, ਤਿੰਨੋ ਹੀ ਸਿੰਘ ਦਿਨ ਢੱਲਦੇ ਹੀ ਪਿੰਡ ਦੀਆਂ ਜੂਹਾਂ ਦੇ ਨੇੜੇ ਆ ਗਏ। ਜਦੋਂ ਥੋੜ੍ਹਾ ਹਨ੍ਹੇਰਾ ਹੋਇਆ ਤਾਂ ਜਥੇਦਾਰ ਨੇ ਉਸ ਡੇਰੇ ਦੇ ਮੁੱਖੀ ਨੂੰ ਜਾ ਉਠਾਇਆ ਅਤੇ ਸਾਰੀ ਕਹਾਣੀ ਦੀ ਤਫਤੀਸ਼ ਕਰਨ ਤੋਂ ਬਾਅਦ ਉਸ ਨੂੰ ਖੰਡੇ ਦੀ ਭੇਟ ਕਰ ਦਿੱਤਾ। ਘੱਲਕਲਾਂ ਤੋਂ ਪੈਦਲ ਹੀ ਰਾਤੋ-ਰਾਤ ਚੁੰਘੀਆਂ ਭਰਦੇ ਸਿੰਘ ਹਰੀਕਾ ਪੱਤਨ ਪਾਰ ਕਰ ਗਏ।
ਪਹਿਲਾਂ ਬੱਬਰ ਅਕਾਲ ਰੈਸਟ ਹਾਉਸ ਵਿਚ ਹੀ ਕੁਝ ਕਮਰਿਆ ਵਿਚ ਰਹਿੰਦੇ ਸਨ ਪਰ ਜਦੋਂ ਸੰਤ ਜੀ ਨਾਨਕ ਨਿਵਾਸ ਛੱਡ ਕੇ ਅਕਾਲ ਤੱਖਤ ਸਾਹਿਬ ਤੇ ਚਲੇ ਗਏ ਤਾਂ ਬੱਬਰਾਂ ਨੇ ਨਾਨਕ ਨਿਵਾਸ ਜਾ ਕੇ ਮੋਰਚੇ ਸਭਾਲ ਲਏ। ਬੱਬਰਾਂ ਨੇ ਕਈ ਕਿਸਮ ਦੇ ਦੇਸੀ ਬੰਬ ਅਤੇ ਹਥਿਆਰ ਆਪ ਬਣਾਏ। ਬਟਾਲੇ ਤੋਂ ਟੋਕਿਆ ਦੀਆਂ ਗਰਾਰੀਆਂ ਅਤੇ ਪਾਇਪਾਂ ਦੇ ਸਾਕਟਾਂ ਨੂੰ ਜੋੜ ਕੇ ਦੇਸੀ ਕਿਸਮ ਦੇ ਗਰਨੇਟ ਬਣਾਏ। ਜਿਆਦਾ ਹਥਿਆਰ ਬੀ. ਐਸ. ਐਫ. ਅਤੇ ਸੀ. ਆਰ. ਪੀ. ਤੋਂ ਖੋਏ। ਰੂਪੋਸ਼ ਸਿੰਘਾਂ ਦੇ ਪਰਿਵਾਰਾਂ ਨੂੰ ਜਦੋਂ ਪੁਲਿਸ ਤੰਗ ਕਰਨ ਲੱਗ ਪਈ ਤਾਂ ਸਿੰਘਾਂ ਨੇ ਆਪਣੇ ਕੁਝ ਪਰਿਵਾਰਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਲੈ ਆਂਦਾ। ਪੁਲਿਸ ਦੇ ਜਬਰ ਦਾ ਖਾਸ ਨਿਸ਼ਾਨਾ ਭਾਈ ਸੁਖਦੇਵ ਸਿੰਘ ਜੀ ਦਾ ਪਰਿਵਾਰ ਅਤੇ ਰਿਸ਼ਤੇਦਾਰ, ਭਾਈ ਸੁਲੱਖਣ ਸਿੰਘ ਜੀ ਵੈਰੋਵਾਲ ਦਾ ਖਾਨਦਾਨੀ ਲੰਬੜਦਾਰ ਪਰਿਵਾਰ, ਭਾਈ ਅਨੌਖ ਸਿੰਘ ਇੰਸਪੈਕਟਰ ਦੇ ਪਰਿਵਾਰ ਬਣੇ। ਜਦੋਂ ਜਥੇਦਾਰ ਦਾ ਭਰਾ ਭਾਈ ਮਹਿਲ ਸਿੰਘ ਜੋ ਏਅਰ ਫੌਰਸ ਵਿਚ ਸਕਾਡਰਨ ਲੀਡਰ/ਗਰਾਊਂਡ ਇੰਜਨਿਅਰ ਸੀ ਘਰੇ ਛੁੱਟੀ ਆਇਆ ਤਾਂ ਉਹ ਵੀ ਪੁਲਿਸ ਦੇ ਜ਼ਬਰ ਦਾ ਸ਼ਿਕਾਰ ਬਣਿਆ। ਉਹ ਵੀ ਬੱਬਰ ਜਥੇ ਵਿਚ ਸ਼ਾਮਿਲ ਹੋ ਕੇ ਨਾਨਕ ਨਿਵਾਸ ਆ ਗਿਆ। ਜਥੇਦਾਰ ਜੀ ਦਾ ਦੂਜਾ ਭਰਾ ਨੇਤਰਹੀਨ ਹੈ ਉਸ ਨੂੰ ਵੀ ਪੁਲਿਸ ਨੇ ਨਹੀਂ ਬੱਖਸ਼ਿਆ। ਜਥੇਦਾਰ ਸਾਰਾ ਘਰ ਪੁਲਿਸ ਨੇ ਢਾਹ ਦਿੱਤਾ। ਅਠਾਰਾਂ ਏਕੜ ਜ਼ਮੀਨ ਵੀ ਪੁਲਿਸ ਨੇ ਖੜੀਆਂ ਫਸਲਾਂ ਸਾੜਕੇ ਵਾਹ ਦਿੱਤੀ ਸੀ। ਸਰਕਾਰ ਨੇ ਜਥੇਦਾਰ ਦੇ ਘਰਾਂ ਨੂੰ ਬੱਬਰਾਂ ਦੀ ਬਹਿਕ ਦਾ ਨਾਮ ਦੇ ਦਿੱਤਾ। ਕੋਈ ਇਹਨਾਂ ਨੂੰ ਬਾਗੀ ਭਾਊ ਅਤੇ ਕੋਈ ਇਹਨਾਂ ਨੂੰ, “ਯੋਧੇ ਨੇ ਇਹ ਕੋਈ ਮਾੜੀ ਮੋਟੀ ਗੱਲ ਥੋੜੀ ਸੁ ਜੋ ਸਰਕਾਰ ਨਾਲ ਮੱਥਾ ਲਾਇਆ”, ਆਖ ਦਿੰਦੇ ਸਨ।
ਜਦੋਂ ਦਰਬਾਰ ਸਾਹਿਬ ਉਪਰ ਹਿੰਦੋਸਤਾਨ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ ਤਾਂ ਬੱਬਰ ਆਪਣੇ ਕੋਲ ਜੋ ਸਧਾਰਨ ਹਥਿਆਰ ਸਨ, ਉਹਨਾਂ ਨਾਲ ਲੜੇ। ਫੌਜ ਕੋਲ ਅਤੀ ਨਵੀਨ ਕਿਸਮ ਦੇ ਟੈਂਕ, ਬੱਕਤਰਬੰਦ ਕੈਰੀਅਰ, 25 ਪਾਉਡ ਗੰਨਾਂ, ਆਰ ਸੀ ਐਲ ਗੰਨਾਂ, ਜ਼ਹਿਰੀਲੀਆਂ ਗੈਸਾਂ ੳਤੇ ਹੋਰ ਮਾਰੂ ਹਥਿਆਰ ਸਨ ਜੋ ਪਾਕਿਸਤਾਨ ਨਾਲ ਲੜਾਈ ਸਮੇ ਵਰਤੇ ਜਾਂਦੇ ਸਨ। ਸਾਰੇ ਹੀ ਪੰਥਕ ਖਾੜਕੂ ਹਿੰਦੋਸਤਾਨ ਦੀ ਫੌਜ ਨਾਲ ਸਿਰ ਤਲੀਆਂ ਉਪਰ ਰੱਖ ਕੇ ਲੜੇ। ਭਾਈ ਸਾਹਿਬ ਨੇ ਆਪਣੇ ਸਾਰੇ ਸਿੰਘਾਂ ਨਾਲ ਇਕ ਮਤਾ ਪਾਸ ਕੀਤਾ। ਹੁਣ ਲੜਾਈ ਦਾ ਕੋਈ ਦਾ ਕੋਈ ਤਵਾਜਨ ਨਹੀਂ ਹੈ, ਇਸ ਕਰਕੇ ਇਸ ਜੰਗ ਨੂੰ ਅਗਾਹ ਜਾਰੀ ਰੱਖਣ ਲਈ ਫੌਜ ਦੇ ਘੇਰੇ ਵਿਚੋਂ ਨਿਕਲਣ ਦਾ ਫ਼ੈਸਲਾ ਕਰ ਲਿਆ ਅਤੇ ਸਾਰੇ ਸਿੰਘਾਂ ਨੇ ਪ੍ਰਣ ਕੀਤਾ ਕਿ ਕੋਈ ਵੀ ਸਿੰਘ ਜਿਉਂਦੇ ਜੀ ਆਪਣੇ ਘਰ ਨਹੀ ਪਰਤੇ ਗਾ। ਕੁਝ ਸਿੰਘ ਯਾਤਰੂਆਂ ਨਾਲ ਮਿਲ ਕੇ ਅਤੇ ਬਾਕੀ ਦੇ ਸਿੰਘ ਅਕਾਲ ਰੈਸਟ ਹਾਊਸ ਦੇ ਮਗਰੋ ਘਰਾਂ ਦੀਆਂ ਅਬਾਦੀਆਂ ਵਿਚੋਂ ਬਾਹਰ ਨਿਕਲ ਗਏ।
ਜਥੇਦਾਰ ਸਾਹਿਬ ਨੇ ਜਥੇਬੰਦੀ ਨੂੰ ਪਹਿਲਾਂ ਤੋਂ ਹੀ ਦਰਬਾਰ ਸਾਹਿਬ ਕਮਪਲੈਕਸ ਤੋਂ ਬਾਹਰ ਸਰਗਰਮ ਹੋਣ ਦਾ ਹੁਕਮ ਦਿੱਤਾ ਹੋਇਆ ਸੀ। ਖਾਲਸਾ ਕੁਝ ਸਮਾਂ ਖਾਮੋਸ਼ ਰਿਹਾ। ਅਜੇ ਨਰਕਧਾਰੀਆ ਨੂੰ ਪੱਟੀ, ਘੱਲਕਲਾਂ, ਮਾਨਸਾ, ਫਰੀਦਕੋਟ, ਕੋਟ ਭਾਈ, ਕਾਲਿਆਂ ਵਾਲੀ, ਚੰਡੀਗੜ੍ਹ ਵਿਖੇ ਨਿਰੰਜਨ ਅਫ਼ਸਰ, ਕਪੂਰਥਲੇ ਦੇ ਮਹਿੰਦਰਪਾਲ ਆਦਿ ਨੂੰ ਬੱਬਰਾਂ ਦੀ ਚੀਸ ਭੁਲੀ ਨਹੀਂ ਸੀ ਕਿ ਲੁਧਿਆਣਾ ਵਿਖੇ ਐਸ. ਐਸ. ਪੀ. ਪਾਂਡੇ, ਬਠਿੰਡੇ ਦੇ ਥਾਣੇਦਾਰ ਗੁਰਤੇਜ ਖੁਸ਼ਕੀ ਤੇ ਕੋਟਕਪੁਰੇ ਦੇ ਪਤੰਗੇ, ਲਾਲਾ ਭਗਵਾਨ ਦਾਸ ਜੈਤੋ ਉਪਰ ਹਮਲੇ ਦੀਆਂ ਖਬਰਾਂ ਮਿਲ ਗਈਆਂ। ਬੱਬਰਾਂ ਨੇ ਇਕ ਵੰਗਾਂਰ ਨਾਂ ਦਾ ਇਕ ਕਿਤਾਬਚਾ ਵੀ ਕੱਢਿਆ, ਜਿਸ ਵਿਚ ਸਿੱਖ ਸੰਘਰਸ਼ ਦਾ ਕਾਫੀ ਲੇਖਾ ਜੋਖਾ ਹੁੰਦਾ ਸੀ। ਇਕ ਕੇਸਰੀ ਰੰਗ ਦਾ ਇਸ਼ਤਿਹਾਰ ਛਾਪਿਆ ਜਿਸ ਵਿਚ ਇਕ ਪਾਸੇ ਦੋਸ਼ੀਆਂ ਦੇ ਨਾਮ ਸਨ ਅਤੇ ਸਾਹਮਣੇ ਥਾਂ ਖਾਲੀ ਰੱਖੀ ਸੀ ਜਿਸ ਵਿਚ ਲਿਖਿਆ ਸੀ ਕੇ ਇਸ ਦੁਸ਼ਟ ਨੂੰ ਸ਼ੋਧ ਕੇ ਖਾਲੀ ਥਾਂ ਭਰੋ। ਮਈ 1985 ਦੇ ਟਰਾਂਜਿਸਟਰ ਬੰਬ ਧਮਾਕਿਆ ਦੇ ਕੇਸ ਅਤੇ ਚੌਣਾਂ ਬਾਈਕਾਟ ਸਮੇਂ ਹੋਏ ਕਾਰ ਬੰਬ ਧਮਾਕਿਆ ਦੇ ਕੇਸ 22 ਸਾਲ ਬੀਤ ਜਾਣ ਤੇ ਅਜੇ ਵੀ ਭਾਈ ਸੁਖਦੇਵ ਸਿੰਘ ਬੱਬਰ ਅਤੇ ਇਹਨਾਂ ਦੇ ਸ਼ਾਥੀਆਂ ਉਂਪਰ ਸਰਕਾਰੀ ਫਾਈਲਾਂ ਵਿਚ ਅਤੇ ਅਦਾਲਤਾਂ ਵਿਚ ਚੱਕਰ ਕੱਟ ਰਹੇ ਹਨ।
ਖਾਲਸਤਾਨ ਪ੍ਰਤੀ ਜਦੋਂ ਇਕ ਪੱਤਰਕਾਰ ਨੇ ਜਥੇਦਾਰ ਤੋਂ ਪੁੱਛਿਆ ਤਾਂ ਜਵਾਬ ਬੜਾ ਹੀ ਅਜੀਬ ਸੀ, "ਖਾਲਸਤਾਨ ਤਾਂ ਸਰਕਾਰ ਨੇ ਆਪਣੇ ਕਰਿੰਦਿਆਂ ਰਾਹੀਂ ਸਾਡੇ ਮੂੰਹ ਵਿਚ ਪਾਇਆ ਹੈ, ਹੁਣ ਅਸੀ ਥੁਕਣਾ ਤਾਂ ਹੈ ਨਹੀਂ, ਗੁਰੂ ਨੂੰ ਫਿਕਰ ਹੈ ਸਾਡੀ ਅਜ਼ਾਦੀ ਦਾ, ਖਾਲਸਾ ਹਲੇਮੀ ਰਾਜ ਲਈ ਲੜ ਰਹੇ ਹਾਂ, ਖਾਲਸਤਾਨ ਵਿਚ ਹੀ ਹੈ, ਇਹ ਤਾਂ ਪੰਥ ਨੇ ਫ਼ੈਸਲਾ ਕਰਨਾ ਹੈ ਕੀ ਨਾਮ ਧਾਰਨਾ ਹੈ"।
ਜਦੋਂ ਪੱਤਰਕਾਰ ਨੇ ਪੁਛਿਆ ਕੇ ਤੁਸੀ ਕੋਈ ਹਿੱਟ ਲਿਸਟ ਬਣਾਈ ਹੈ? ਤੁਸੀਂ ਅਖਬਾਰਾਂ ਅੰਦਰ ਚਾਲੀ ਨਿਰੰਕਾਰੀਆਂ ਅਤੇ ਕੁਝ ਪੁਲਿਸ ਅਫ਼ਸਰਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਹੈ। ਜਥੇਦਾਰ ਦਾ ਜਵਾਬ ਬੜਾ ਸਪੱਸ਼ਟ ਸੀ, ਇਹ ਕੋਈ ਮੁਕਰਨ ਵਾਲੀ ਗੱਲ ਨਹੀਂ। ਬੁਰੇ ਕੰਮ ਕਰਨ ਵਾਲੇ ਦੁਸ਼ਟ ਨੂੰ ਪਤਾ ਹੀ ਹੁੰਦਾ ਹੈ ਕਿ ਮੈਂ ਮਾੜਾ ਕੰਮ ਕੀਤਾ ਹੈ…ਫਿਰ ਗੁਰੂ ਸਾਥੋਂ ਸੇਵਾ ਲੈ ਲੈਂਦਾ ਹੈ।
ਉਹਨਾਂ ਦਾ ਕਥਨ ਸੀ, “ਪੱਤਰਕਾਰੋ ਤੁਸੀ ਲੀਡਰਾਂ ਦੇ ਬਿਆਨ ਹੀ ਲਿਆ ਕਰੋ ਸਾਨੂੰ ਪੰਥ ਦੀ ਸੇਵਾ ਕਰਨ ਦਿਆ ਕਰੋ”। ਪੂਰੀ ਤਰਾਂ ਗੁਪਤ ਰੂਪ ਵਿਚ ਰਹਿ ਰਿਹਾ ਸੁਖਦੇਵ ਸਿੰਘ ਸਿਰਫ ਇਕ ਦੋ ਵਾਰ ਸੰਨ 1978 ਤੋਂ 1992 ਤੱਕ ਪ੍ਰੈਸ ਨੂੰ ਮਿਲਿਆ। ਆਪਣਾ ਨਾਮ ਅਤੇ ਭੇਸ ਬਦਲੀ ਉਹ ਲੋਕ ਜੰਗਲ ਵਿਚ ਲੁਕਿਆ ਫਿਰਦਾ ਰਿਹਾ। ਜਦੋਂ ਐਸ. ਐਸ. ਪੀ. ਗੋਬਿੰਦ ਰਾਮ ਬਟਾਲੇ ਲੱਗਾ ਤਾਂ ਉਸਨੇ ਜਥੇਦਾਰ ਦੇ ਭਰਾ ਮਹਿਲ ਸਿੰਘ ਦੀ ਧਰਮ ਪਤਨੀ ਗੁਰਮੀਤ ਕੌਰ ਅਤੇ ਜਥੇਬੰਦੀ ਦੇ ਪ੍ਰੈਸ ਸਕੱਤਰ ਭਾਈ ਕੁਲਵੰਤ ਸਿੰਘ ਦੀ ਧਰਮ ਪਤਨੀ ਗੁਰਦੇਵ ਕੌਰ ਨੂੰ ਫੜ ਕੇ ਬੀਕੋ ਸੈਂਟਰ ਲੈ ਜਾ ਕੇ ਅੰਨਾ ਤਸ਼ੱਦਤ ਕੀਤਾ ਤਾਂ ਉਹਨਾਂ ਨੇ ਇਸ ਨੂੰ ਹੁਕਮੀ ਹੀ ਖੇਡ ਕਿਹਾ, ਪਤਾ ਨਹੀਂ ਗੁਰੂ ਨੂੰ ਕੀ ਮੰਨਜੂਰ ਹੈ। ਬਾਅਦ ਵਿਚ ਸਿੰਘਾਂ ਨੇ ਐਸ. ਐਸ. ਪੀ. ਗੋਬਿੰਦ ਰਾਮ ਨੂੰ ਸੋਧ ਦਿੱਤਾ।
ਜਥੇਬੰਦੀ ਦੇ ਮੀਤ ਜਥੇਦਾਰ ਭਾਈ ਸੁਲੱਖਣ ਸਿੰਘ ਬੱਬਰ ਵੇਰੋਂਵਾਲ ਜਦੋਂ ਜ਼ੀਰੇ ਤੋਂ ਟਰੈਕਟਰ ਤੇ ਜਾਂਦੇ ਕਿਸੇ ਕੈਟ ਦੀ ਸ਼ਨਾਖਤ ਤੇ ਫੜੇ ਗਏ ਤਾਂ ਜਥੇਦਾਰ ਨੇ ਮਹਿਸੂਸ ਕੀਤਾ ਕੇ ਜਥੇਬੰਦੀ ਵਿਚ ਸਰਕਾਰੀ ਘੁਸਪੈਠ ਹੋ ਚੁਕੀ ਹੈ। ਇਸ ਤੇ ਉਹਨਾਂ ਨੇ ਜਥੇ ਦੀ ਛਾਂਟੀ ਅਤੇ ਸੁਧਾਈ ਸ਼ੁਰੂ ਕੀਤੀ। ਆਪਣਾ ਟਿਕਾਣਾ ਰਾਜਪੁਰੇ ਤੋਂ ਬਦਲ ਕੇ ਪਟਿਆਲੇ ਲੈ ਆਂਦਾ। ਪਟਿਆਲੇ ਆਪ ਜੀ ਅਰਬਨ ਅਸਟੇਟ ਵਿਖੇ ਇਕ ਵਾਈਟ ਹਾਉਸ਼ ਨਾ ਦੀ ਇਕ ਕੋਠੀ ਬਣਾ ਕੇ ਰਹਿਣ ਲੱਗ ਪਏ। 25 ਜੂਨ 13 ਹਾੜ 1992 ਨੂੰ ਮੋਤੀ ਬਾਗ ਹਲਕੇ ਵਿਚ ਜਦੋਂ ਮਾਲਵਾ ਜੋਨ ਦੇ ਸੇਵਾਦਾਰ ਭਾਈ ਹਰਭਜਨ ਸਿੰਘ ਸੰਤ ਬੱਬਰ ਵਾਸੀ ਫਲੌਰ ਉਰਫ ਮੋਟੂ ਵੀਰ ਜੀ ਇਹਨਾਂ ਨੂੰ ਮਿਲ ਕੇ ਗਏ ਤਾਂ ਸ਼ੜਕ ਉਪਰ ਕੁੱਝ ਦੂਰੀ ਤੇ ਭਾਈ ਮੰਡ ਦੇ ਸਕੂਟਰ ਵਿਚ ਪੁਲਿਸ ਦੇ ਕੈਟਾਂ ਨੇ ਜਿਪਸੀ ਦੀ ਟੱਕਰ ਮਾਰੀ। ਇਥੇ ਹੋਈ ਗੋਲਾਬਾਰੀ ਵਿਚ ਭਾਈ ਮੰਡ ਸ਼ਹੀਦ ਹੋ ਗਏ ਅਤੇ ਇਕ ਰਿਸ਼ਕਾ ਚਾਲਕ ਵੀ ਮੌਕੇ ਤੇ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਜਥੇਦਾਰ ਜੀ ਨੇ ਪਟਿਆਲਾ ਛੱਡਣ ਦਾ ਫੈਸਲਾ ਕਰ ਲਿਆ। ਇਸ ਸਬੰਧ ਵਿਚ ਉਹਨਾਂ ਨੇ ਆਪਣੇ ਸੰਗੀਆਂ ਸਾਥੀਆਂ ਨੂੰ ਦੱਸ ਵੀ ਦਿੱਤਾ ਸੀ।
ਸੰਨ 1992 ਦੇ ਜੁਲਾਈ, ਅਗਸਤ ਦੇ ਦੋ ਮਹੀਨਿਆ ਵਿਚ ਸਿੱਖ ਸੰਘਰਸ਼ ਦੇ ਚੋਟੀ ਦੇ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਰਛਪਾਲ ਸਿੰਘ ਛੰਦੜਾ, ਭਾਈ ਸੰਘਾ, ਭਾਈ ਸੁਖਪਾਲ ਸਿੰਘ ਬੱਬਰ, ਭਾਈ ਬਲਦੀਤ ਸਿੰਘ ਬੱਬਰ ਫੂਲ ਆਦਿ ਸਿੰਘ ਸ਼ਹੀਦ ਹੋ ਗਏ ਸਨ। ਜਥੇਦਾਰ ਭਾਈ ਸੁਖਦੇਵ ਸਿੰਘ ਨੇ ਇਹ ਮਹਿਸੂਸ ਕਰ ਲਿਆ ਕਿ ਖਾੜਕੂ ਸਫਾ ਵਿਚ ਕਿਤੇ ਘੁਸਪੈਠ ਹੋ ਚੁਕੀ ਹੈ। ਕੁਝ ਦਿਨਾਂ ਵਿਚ ਹੀ ਸੰਘਰਸ਼ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ।
ਦੂਜੇ ਪਾਸੇ ਕੇ. ਪੀ. ਐਸ. ਗਿੱਲ ਵੀ ਨਿਤ ਨਵੀਂ ਖੁਸ਼ਖਬਰੀ ਦੇਣ ਲਈ ਪ੍ਰੈਸ ਨੂੰ ਕਹਿ ਰਿਹਾ ਸੀ। ਕਦੇ ਪ੍ਰੈਸ ਇਹ ਵੀ ਲਿਖ ਦਿੰਦੀ ਸੀ ਕਿ ਲੁਧਿਆਣੇ ਕੋਲ ਨਹਿਰ ਦੇ ਕਿਨਾਰੇ ਰੈਸਟ ਹਾਉਸ ਵਿਚ ਬੱਬਰਾਂ ਲਈ ਕੰਮ ਕਰਨ ਵਾਲੇ ਇਕ ਡੀ. ਐਸ. ਪੀ. ਨੂੰ ਫੜ ਕੇ ਰੱਖਿਆ ਹੈ। ਕਦੇ ਇਹ ਖਬਰ ਲੱਗ ਜਾਂਦੀ ਸੀ ਲਿਬਰੇਸ਼ਨ ਫੌਰਸ ਦਾ ਕੋਈ ਮੋਢੀ ਪੁਲਿਸ ਲਈ ਕੰਮ ਕਰ ਰਿਹਾ ਹੈ। ਅਖੀਰ ਪੁਲਿਸ ਆਪਣੇ ਮਨਸੂਬਿਆਂ ਵਿਚ ਕਾਮਯਾਬ ਰਹੀ। ਉਸ ਨੇ ਕੌਮ ਦੇ ਚੋਟੀ ਦੇ ਜਰਨੈਲਾਂ ਨੂੰ ਮਾਰ ਲਿਆ।
ਜਿਨਾਂ ਚਿਰ ਪੁਲਿਸ ਨੇ ਭਾਈ ਸੁਖਦੇਵ ਸਿੰਘ ਨੂੰ ਫੜ ਕੇ ਸ਼ਹੀਦ ਨਹੀ ਕਰ ਲਿਆ, ਪੁਲਿਸ ਉਹਨਾਂ ਨੂੰ ਪਾਕਿਸਤਾਨ ਹੀ ਰਹਿ ਰਿਹਾ ਕਹਿੰਦੀ ਰਹੀ। 8 ਅਗਸਤ 1992 ਨੂੰ ਲੁਧਿਆਣਾ ਪੁਲਿਸ ਬਹੁਤ ਭਾਰੀ ਗਿਣਤੀ ਵਿਚ ਅੱਧੀ ਰਾਤੀ ਪਟਿਆਲਾ ਵਿਖੇ ਭਾਈ ਸੁਖਦੇਵ ਸਿੰਘ ਬੱਬਰ ਦੀ ਰਿਹਾਇਸ ਵਿਚ ਪਹੁੰਚੀ, ਜਿੱਥੇ ਉਹਨਾਂ ਨੇ ਸਭ ਕੁਝ ਘੇਰ ਕੇ ਭਾਈ ਸਾਹਿਬ ਨੂੰ ਬਾਹਰ ਆਉਣ ਲਈ ਕਿਹਾ। ਜਦੋਂ ਜਥੇਦਾਰ ਨੇ ਦਰਵਾਜਾ ਖੋਲਿਆ ਉਥੇ ਸਧਾਰਨ ਧੱਕਾ ਮੁੱਕੀ ਹੋਈ। ਭਾਈ ਸਾਹਿਬ ਨੂੰ ਫੜਨ ਤੋਂ ਬਾਅਦ ਪੁਲਿਸ ਲੁਧਿਆਣੇ ਨੂੰ ਵਾਪਿਸ ਹੋ ਗਈ। ਇਸ ਘਟਨਾ ਬਾਰੇ ਪਟਿਆਲਾ ਨਿਵਾਸੀ ਹੈਰਾਨ ਰਹਿ ਗਏ। ਪਟਿਆਲਾ ਪੁਲਿਸ ਨੇ ਵੀ ਬਾਅਦ ਵਿਚ ਉਹਨਾਂ ਦੀ ਕੋਠੀ ਨੂੰ ਆਪਣੇ ਕਬਜੇ ਵਿਚ ਲੈ ਲਿਆ। ਇਸ ਘਟਨਾ ਕਰਮ ਦਾ ਗਵਾਹ ਸਿਰਫ ਉਹ ਹੀ ਹੈ ਜੋ ਨਾਲ ਆ ਕੇ ਉਹਨਾਂ ਦੀ ਕੋਠੀ ਦੀ ਸ਼ਨਾਖਤ ਕਰ ਕੇ ਉਹਨਾਂ ਨੂੰ ਫੜਾ ਕੇ ਲੈ ਗਿਆ। ਕੋਠੀ ਅੰਦਰ ਲੰਮਾ ਸਮਾਂ ਪੁਲਿਸ ਬੈਠੀ ਰਹੀ।
ਲਗਾਤਾਰ ਇਕ ਮਹੀਨਾ ਸਰਕਾਰੀ ਪ੍ਰਚਾਰਤੰਤਰ ਭਾਈ ਸਾਹਿਬ ਬਾਰੇ ਪ੍ਰਚਾਰ ਕਰਦਾ ਰਿਹਾ। ਕਈ ਭੁਲੇਖਾ ਪਾਊ ਅਤੇ ਮਸ਼ਾਲੇਦਾਰ ਖਬਰਾਂ ਵੀ ਲੱਗਦੀਆਂ ਰਹੀਆਂ। ਕੋਈ ਕਹਿੰਦਾ ਇਸ ਨੂੰ ਗੁਰਦੀਪ ਸਿੰਘ ਸਿਬੀਆਂ ਨੇ ਫੜਾਇਆ ਹੈ, ਕੋਈ ਟੈਲੀਫੂਨ ਨੰਬਰ ਬਾਰੇ ਕਹਿੰਦਾ। ਪਰ ਸਾਰੀਆਂ ਗੱਲਾਂ ਤੋਂ ਸੱਚ ਤਾਂ ਇਹ ਹੈ ਕੇ ਭਾਈ ਸੁਖਦੇਵ ਸਿੰਘ ਬੱਬਰ ਉਰਫ ਸਰਦਾਰ ਅਜਮੇਰ ਸਿੰਘ ਸੰਧੂ ਪੁਤੱਰ ਦਲੇਰ ਸਿੰਘ ਸੰਧੂ ਜੋ ਕੇ ਸਰਕਾਰੀ ਠੇਕੇਦਾਰੀ ਦਾ ਕੰਮ ਕਰਨ ਦੇ ਨਾਮ ਤੇ ਆਪਣੀ ਰੂਪੋਸ਼ ਦੀ ਜਿੰਦਗੀ ਅੰਦਰ ਪਟਿਆਲੇ ਰਹਿ ਰਿਹਾ ਸੀ, ਉਸ ਨੂੰ ਲੁਧਿਆਣਾ ਪੁਲਿਸ ਨੇ ਅੱਠ ਅਗਸਤ 1992 ਨੂੰ ਜਿੳਂੂਦਾ ਫੜਿਆ ਸੀ। ਇਹ ਜਿਉਦੇ ਫੜੇ ਜਾਣ ਦੀ ਕਹਾਣੀ ਸੱਚ ਹੈ।
ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ
9 ਅਗਸਤ ਨੂੰ ਪੁਲਿਸ ਨੇ ਇਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਤੇ ਲੁਧਿਆਣੇ ਦੇ ਕੋਲ ਪਿੰਡ ਸਾਹਨੇਵਾਲ ਨੇੜੇ ਭਾਈ ਸੁਖਦੇਵ ਸਿੰਘ ਬੱਬਰ ਦੀ ਇਕ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਜਾਣਕਾਰੀ ਦਿੱਤੀ। ਇਕ ਨੀਲੇ ਰੰਗ ਦੀ ਮਰੂਤੀ ਕਾਰ ਵਿਖਾਈ ਜਿਸ ਦੇ ਮਗਰ ਡਿਗੀ ਵਿਚ ਗੋਲੀਆਂ ਵੱਜਈਆਂ ਹੋਈਆਂ ਦਿਖਾਈਆਂ ਗਈਆਂ। ਭਾਈ ਸੁਖਦੇਵ ਸਿੰਘ ਬੱਬਰ ਦੀਆਂ ਫੋਟੋਆਂ ਪ੍ਰੈਸ ਨੂੰ ਵੰਡੀਆਂ ਗਈਆਂ, ਜੋ ਖੂਨ ਵਿਚ ਲੱਥ ਪੱਥ ਸਿਰਫ ਛਾਤੀ ਦੀਆਂ ਅਤੇ ਚਿਹਰੇ ਦੀਆਂ ਹੀ ਸਨ।
ਜਦ ਕੇ ਪੁਲਿਸ ਭਾਈ ਸਾਹਿਬ ਜੀ ਲੁਧਿਆਣੇ ਲਿਆਉਣ ਸਮੇਂ ਰਸਤੇ ਵਿਚ ਹੀ ਟਾਰਚਰ ਕਰਨ ਲੱਗ ਪਈ ਸੀ। ਮੂੰਹੋ ਕੋਈ ਵੀ ਗੱਲ ਜਦ ਨਹੀ ਨਿਕਲੀ ਤਾਂ ਹੱਥਾਂ ਪੈਰਾਂ ਦੇ ਨਹੂੰ ਆਦਿ ਖਿਂਚ ਦਿੱਤੇ ਗਏ।
ਸਿੱਖ ਸੰਘਰਸ਼ ਦੇ ਥੰਮ ਬੱਬਰ ਲਹਿਰ ਦੇ ਬਾਨੀ ਭਾਈ ਸੁਖਦੇਵ ਸਿੰਘ ਬੱਬਰ ਨੂੰ ਪੁਲਿਸ ਨੇ ਘੋਰ ਤਸ਼ੱਦਤ ਕਰ ਕੇ 9 ਅਗਸਤ ਨੂੰ ਸ਼ਹੀਦ ਕਰ ਦਿੱਤਾ। ਇਹ ਪੂਰਬਲੀ ਜੀਵਨ ਸਾਂਝ ਕਹੋ ਕੇ 9 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਸੀ।
ਵਿਰੋਧਾਂ ਵਖਰੇਵਿਆਂ ਦੀ ਅਣਦੇਖੀ ਕਰਦੀ ਹੋਈ ਬੱਬਰ ਜਥੇਬੰਦੀ ਅੱਜ ਵੀ ਆਪਣੇ ਮਸਤ ਤੌਰ ਤੁਰੀ ਆ ਰਹੀ ਹੈ। ਕਦੇ ਭਾਈ ਜਗਤਾਰ ਸਿੰਘ ਬੱਬਰ ਹਵਾਰੇ ਦੇ ਰੂਪ ਵਿਚ ਕਦੇ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਮਾਰਗ ਤੇ।
ਬੱਬਰਾਂ ਅਤੇ ਪੁਰਾਤਨ ਦਮਦਮੀ ਟਕਸਾਲ ਦੇ ਸਿੰਘਾਂ ਵਿਚ ਮਤਭੇਦਾਂ ਦੇ ਚਰਚੇ ਉਸ ਸਮੇਂ ਖਤਮ ਹੋ ਗਏ, ਜਦੋ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਅਤੇ ਭਾਈ ਗੁਰਬਚਨ ਸਿੰਘ ਮਾਨੋਚਾਹਲ ਵੱਲੋ ਭਾਈ ਸੁਖਦੇਵ ਸਿੰਘ ਬੱਬਰ ਦੇ ਭੋਗ ਤੇ 18 ਅਗਸਤ ਦਿਨ ਮੰਗਲਵਾਰ ਨੂੰ ਪਹੁੰਚਣ ਲਈ ਅਖਬਾਰਾਂ ਵਿਚ ਇਸ਼ਤਿਹਾਰ ਅਤੇ ਖਬਰਾਂ ਲੱਗ ਗਈਆਂ। ਭਾਈ ਮਾਨੋਚਾਹਲ ਨੇ ਭਾਈ ਸਾਹਿਬ ਜੀ ਸ਼ਹਾਦਤ ਨੂੰ ਆਪਣੇ ਭਰਾ ਦਾ ਵਿਛੋੜਾ ਕਿਹਾ।
ਪਿੰਡ ਦਾਸੂਵਾਲ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਘਰ ਦਾ ਦ੍ਰਿਸ਼
ਦੂਜਾ ਇਸ਼ਤਿਹਾਰ ਅਖੰਡ ਕੀਰਤਨੀ ਜਥੇ ਵੱਲੋ ਸੀ। ਬੱਬਰਾਂ ਵੱਲੋ ਆਪਣਾ ਨਵਾ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਨੂੰ ਥਾਪ ਦਿੱਤਾ ਗਿਆ। ਗੁਰਸਿੱਖ ਸੰਸਥਾਂ ਨੇ ਜਦੋਂ ਪਿੰਡ ਦਾਸੂਵਾਲ ਦਾ ਦੌਰਾ ਕੀਤਾ ਤਾਂ ਜਥੇਦਾਰ ਦੇ ਭਰਾ ਭਾਈ ਅੰਗਰੇਜ ਸਿੰਘ ਜੋ ਨੇਤਰਹੀਨ ਹਨ, ਉਹ ਰਸਤੇ ਵਿਚ ਹੀ ਮਿਲ ਪਏ। ਉਹ ਬਾਹਰ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸਨ। ਬੱਬਰਾਂ ਦੀ ਬਹਿਕ ਸੁੰਨੀ-ਸੁੰਨੀ ਜਹੀ ਨਜ਼ਰ ਆਈ। ਜਥੇਦਾਰ ਪਰਿਵਾਰ ਦਾ ਕੋਈ ਮੈਂਬਰ ਨਹੀ ਸੀ ਘਰੇ। ਸਿਰਫ ਉਜੜੇ ਘਰਾਂ ਦੀ ਦਾਸਤਾਨ ਸੀ। ਉਹਨਾਂ ਦੇ ਪਰਿਵਾਰ ਦੀ ਅਠਾਰਾਂ ਕਿੱਲੇ ਜਮੀਨ ਰਿਸ਼ਤੇਦਾਰ ਵਾਹ ਰਹੇ ਹਨ। ਜਥੇਦਾਰ ਦੀ ਸਿੰਘਣੀ ਅਤੇ ਬੱਚਿਆ ਬਾਰੇ ਪੱਛਣ ਤੇ ਪਿੰਡ ਦੇ ਇਕ ਬਜੁਰਗ ਨੇ ਇਹ ਕਿਹਾ "ਬਹੁਤ ਸਾਲ ਹੋ ਗਏ ੳਹ ਹਜ਼ੂਰ ਸਾਹਿਬ ਨੂੰ ਗਏ ਮੁੜ ਕੇ ਨਹੀ ਆਏ"। ਲੋਕਾਂ ਨੇ ਦੱਸਿਆ ਜਦੋ ਜਥੇਦਾਰ ਸ਼ਹੀਦ ਹੋਇਆ ਸੀ, ਉਦੋਂ ਭੋਗ ਤੇ ਸਰਕਾਰ ਨੇ ਪਿੰਡ ਵਿਚ ਕਰਫਿਉ ਲਗਾ ਦਿੱਤਾ ਸੀ। ਇੱਥੇ ਬਹੁਤ ਫੌਜ ਤੇ ਪੁਲਿਸ ਸੀ। ਹੁਣ ਵੀ ਕਦੇ-ਕਦੇ ਪੁਲਿਸ ਵਾਲੇ ਮਹਿਲ ਸਿੰਘ ਅਤੇ ਜਥੇਦਾਰ ਦੇ ਪਰਿਵਾਰ ਨੂੰ ਭਾਲਣ ਆ ਜਾਂਦੇ ਹਨ।
(ਭਾਈ ਸੁਖਦੇਵ ਸਿੰਘ ਬੱਬਰ ਦੀ ਕੋਮੀ ਦੇਣ ਦਾ ਇਹ ਮੁਲਾਕਣ ਨਹੀਂ ਹੈ। ਇਹ ਤਾਂ ਉਹਨਾਂ ਦੀ ਜੀਵਣੀ ਦਾ ਅਧੂਰਾ ਕਾਂਡ ਹੈ ਜਿਹੜਾ ਭਵਿੱਖ ਵਿਚਲੇ ਸਿੱਖ ਇਤਿਹਾਸਕਾਰਾਂ ਨੇ ਪੂਰਾ ਕਰਨਾਂ ਹੈ। )