
ਸ੍ਰੀ ਗੁਰੂ ਗ੍ਰੰਥ ਤੇ ਪੰਥ
(ਅਪਾਰ, ਅਲੋਕਿਕ ਤੇ ਅਗਾਧ ਬੋਧ)
ਮਨਜੀਤ ਸਿੰਘ ਕਲਕੱਤਾ
ਅੱਜ ਸਮੁੱਚੀ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਤੀਸਰੀ ਸ਼ਤਾਬਦੀ ਮਨਾ ਰਹੀ ਹੈ। ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ੪੨ ਸਾਲ ਦੀ ਉਮਰ ਵਿੱਚ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਵਿਚਰ ਅਤੇ ਮਾਣ ਕੇ ਜੀਵਨ ਹਯਾਤੀ ਦੇ ਅੰਤਲੇ ਦੌਰ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ ਮਨੁੱਖੀ ਇਤਿਹਾਸ ਵਿੱਚ ਹੋਰ ਕਿਤੇ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਤੇ ਗੁਰੂ ਕਲਗੀਧਰ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਰੀ ਪੁਰਨ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ।
ਸ਼ਬਦ ਗੁਰੂ, ਜਿਸਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਹਿਰਦੇ ਵਿੱਚ ‘ਪ੍ਰਭ ਕੀ ਬਾਣੀ’ ਦੇ ਰੂਪ ਵਿੱਚ ਹੋਇਆ, ਉਸ ਇਲਾਹੀ ਤੇ ਅਨਹਦ ਬਾਣੀ ਨੂੰ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ‘ਪੋਥੀ’ ਰੂਪ ਵਿੱਚ ਕਲਮਬੱਧ ਕਰਵਾਇਆ, ਜਿਸਦਾ ਪਹਿਲਾ ਪ੍ਰਕਾਸ਼ ‘ਸ਼ਬਦ ਗੁਰੂ ਪ੍ਰਕਾਸਿਓ’ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ’ ਉਚਾਰਕੇ ਸ਼ਬਦ ਗੁਰੂ ਦਾ ਸਰੂਪ ਪੰਚਮ ਪਾਤਸ਼ਾਹ ਨੇ ਸਥਾਪਿਤ ਕਰ ਦਿੱਤਾ, ਬਾਣੀ ਦਾ ਅਦਬ ਅਤੇ ਸਤਿਕਾਰ ਸਿਖਾਇਆ ਤੇ ਪਾਵਨ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਤੋਂ ਉਚੇਰਾ ਕਰਵਾਕੇ ਸ਼ਬਦ ਬਾਣੀ ਨੂੰ ਅਕਾਲ ਪੁਰਖ ਅਤੇ ਸਤਿਗੁਰੂ ਦੀ ਇਲਾਹੀ ਤੇ ਸਦੀਵੀ ਜੋਤਿ ਦਰਸਾ ਕੇ ਗੁਰੂ ਦੇ ਸਰੀਰ ਦੀ ਛਿਣ ਭੰੁਗਰਤਾ ਅਤੇ ਨਾਸ਼ਵਾਨਤਾ ਦ੍ਰਿੜ ਕਰਵਾਈ। ਇਉਂ ਗੁਰੂ ਕਾਇਆਂ ਰਾਹੀਂ ਪ੍ਰਗਟ ਹੋਇਆ ਦੈਵੀ ਨਾਦ ਤੇ ਇਲਾਹੀ ਜੋਤ ਨੂੰ ਹੀ ਦਸਮ ਪਾਤਸ਼ਾਹ ਨੇ ਸਰੀਰਕ ਗੁਰਿਆਈ ਦੀ ਪ੍ਰਥਾ ਖਤਮ ਕਰਦਿਆਂ ਹੋਇਆਂ ਗੁਰੂ ਪਦਵੀ ਬਖ਼ਸ਼ੀ ਅਤੇ ਸਿੱਖ ਸੰਗਤਾਂ ਨੂੰ
‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ।
ਗੁਰੂ ਅਵਤਾਰ ਜਾਂ ਪੈਗੰਬਰ ਇਸ ਤੋਂ ਪਹਿਲਾਂ ਮਨੁੱਖੀ ਕਾਇਆਂ ਹੀ ਬਣਦੀ ਰਹੀ। ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਵਾਨਤਾ ਪ੍ਰਵਾਨੀ ਅਤੇ ਪ੍ਰਚਾਰੀ, ਪਰ ਅਵਤਾਰਾਂ ਤੋਂ ਬਾਅਦ ਉਨ੍ਹਾਂ ਦੀਆਂ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਕੀਤੀ ਜਾਂਦੀ ਰਹੀ। ਅਵਤਾਰਵਾਦ ਦਾ ਇਹ ਸਿਧਾਂਤ ਕਿ ਪ੍ਰਮਾਤਮਾ ਮਾਤਾ ਦੇ ਗਰਭ ‘ਚੋਂ ਜਨਮ ਲੈਂਦਾ ਹੈ, ਦਾ ਗੁਰੂ ਪਾਤਸ਼ਾਹ ਨੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ।
ਇਹ ਪਰਮਸਤਿ ਪ੍ਰਮਾਤਮਾ ਤਾਂ ਅਮੂਰਤ ਹੈ, ਅਨਾਮ ਹੈ ਅਤੇ ਅਮਜ਼੍ਹਬ ਹੈ। ਅਜੂਨੀ ਹੋਣ ਕਾਰਨ ਇਹ ਪਰਮਸਤਿ ਜਨਮ-ਮਰਨ ਦੇ ਗੇੜ ਵਿਚ ਨਹੀ ਆਉਂਦਾ। ਜਿਹੜੇ ਆਪਣੇ ਆਪ ਨੂੰ ਰੱਬ ਦੇ ਅਵਤਾਰ ਕਹਾਉਂਦੇ
ਫਿਰਦੇ ਹਨ ਗੁਰਬਾਣੀ ’ਚ ਉਨ੍ਹਾਂ ਦਾ ਸਖ਼ਤ ਸ਼ਬਦਾਂ ਵਿਚ ਇਉਂ ਖੰਡਨ ਕੀਤਾ ਹੈ:
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ (ਭੈਰਉ ਮ: ੫, ਅੰਗ ੧੧੩੬)
ਪੰਨਾ-੨
ਪ੍ਰਮਾਤਮਾਂ ਦੀਆਂ ਵੰਡੀਆਂ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਵਿੱਚ ਪਾਉਣ ਵਾਲਿਆਂ ਦਾ ਖੰਡਨ ਕਰਦਿਆਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅਰੰਭ ਵਿੱਚ ਪਹਿਲਾ ਅੱਖਰ ਹੀ ੴ ਪਾ ਦਿੱਤਾ। ਇਨ੍ਹਾਂ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਬੁੱਤ ਬਣਾ ਕੇ ਪੂਜਣ ਵਾਲਿਆਂ ਬਾਰੇ ਵੀ ਗੁਰਬਾਣੀ ਫੁਰਮਾਣ ਕਰਦੀ ਹੈ :
‘ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।
ਭੂਲੀ ਮਾਲਨੀ ਹੈ ਏਉ। ਸਤਿਗੁਰੁ ਜਾਗਤਾ ਹੈ ਦੇਉ’।
ਗੁਰੂ ਪਾਤਸ਼ਾਹ ਨੇ ਵੀ ਸੁਧਾ ਸਵੱਯੈ ਵਿੱਚ ਇਸ ਬਾਰੇ ਫੁਰਮਾਇਆ ਕਿ ‘ਬੁੱਤਾਂ ਅਤੇ ਮਸਾਣਾ ਨੂੰ ਪੂਜਣ ਵਾਲੇ ਪਸ਼ੂ ਬਿਰਤੀ ਦੇ ਮਾਲਕ ਹੀ ਹਨ’।
ਜਾਗਤ ਜੋਤ ਹਾਜ਼ਰ ਨਾਜ਼ਰ ਚਵਰ ਤਖ਼ਤ ਦੇ ਮਾਲਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਸੇਵਕਾਂ ਅਤੇ ਸ਼ਰਧਾਲੂਆਂ ਦੀ ਸਦੀਵੀ ਅਗਵਾਈ ਕਰਨ ਦੇ ਸਮਰੱਥ ਹਨ। ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸ਼ਬਦ ਗੁਰੂ ਦੀ ਸਥਾਪਨਾ ਕਰਨ ਤੋਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ ਜਦ ਕਰੁਣਾ ਭਰੀ ਅਵਾਜ਼ ਵਿੱਚ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿੰਝ ਕਰਾਂਗੇ ਤੁਸੀਂ ਸਾਡੀ ਬਾਂਹ ਕਿਸ ਨੂੰ ਫੜਾ ਚਲੇ ਤਾਂ ਗੁਰੂ ਸਾਹਿਬ ਵਲੋਂ ਦਿਤਾ ਜਵਾਬ ਅਰਸ਼ੀ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ, - ‘ਲਖੀਏ ਤੁਮਰਾ ਦਰਸ਼ ਕਹਾਂ। ਕਹਹੰੁ ਤੋਹਿ ਸਮਝਾਇ’
ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ,
ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।
ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।
ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਨੇ ਸਿੱਧਾਂ ਦੇ ਜੁਆਬ ਵਿੱਚ ਕਿਹਾ ਸੀ ਕਿ ਕੋਈ ਸਰੀਰ ਮੇਰਾ ਗੁਰੂ ਨਹੀਂ ਬਲਕਿ
‘ਅਪਰੰਪਰ ਪਾਰਬ੍ਰਹਮ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ’
ਏਸੇ ਸੰਦੇਸ਼ ਨੂੰ ਭਾਈ ਨੰਦ ਲਾਲ ਜੀ ਨੇ ਇਉਂ ਬਿਆਨ ਕੀਤਾ ਹੈ:-
‘ਏਕੁ ਰੂਪ ਤਿਹ ਗੁਣ ਤੇ ਪਰੈ । ਨੇਤਿ ਨੇਤਿ ਜਿਹ ਨਿਗਮ ਉਚਰੈ।’
‘ਘਟ ਘਟ ਵਿਆਪਕ ਅੰਤਰਜਾਮੀ।’ ‘’’
ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਤੇ ਨਬੀ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ
ਦੂਸਰ ਰੂਪ ਗ੍ਰੰਥ ਜੀ ਜਾਨਹੁ । ਆਪਨ ਅੰਗ ਮੇਰੇ ਕਰਿ ਮਾਨਹੁ……….
ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ (ਰਹਿਤਨਾਮਾ ਭਾਈ ਨੰਦ ਲਾਲ ਜੀ)
ਜਦੋਂ ਸਿਖਾਂ ਨੇ ਪੁਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰ ਫੁਰਮਾਇਆ
‘ ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। ਦਰਸ਼ਨ ਕਰੇ ਗ੍ਰੰਥ ਜੀ ਆਹਿ।’
ਪੰਨਾ-੩
ਸਿਖਾਂ ਨੇ ਪੁਛਿਆ ਸਤਿਗੁਰ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ!
‘ਜੋ ਮਮ ਸਾਥ ਚਹੇ ਕਰਿ ਬਾਤ।ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।’
ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਰੇ ਗੁਰ ਫੁਰਮਾਇਆ
‘ਜੋ ਮੁਝ ਬਚਨ ਸੁਨਨ ਕੀ ਚਾਇ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’
ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉਹ ਗੁਰਬਾਣੀ ਤੇ ਵਿਚਾਰ ਕਰੇ ਤੇ ਵਿਚਾਰ ਸਹਿਤ ਗੁਰਬਾਣੀ ਪੜ੍ਹੇ ਸੁਣੇ।ਜਦੋਂ ਸਿੱਖਾਂ ਨੇ ਸਰਗੁਣ ਰੂਪ ਜਾਂ ਗੁਰ ਸਖਸ਼ੀਅਤ ਦੇ ਪ੍ਰਤੱਖ ਦਰਸ਼ਨ ਕਰਨ ਦੀ ਗੱਲ ਕਹੀ ਤਾਂ ਪਾਤਿਸ਼ਾਹ ਨੇ ਅੰਮ੍ਰਿਤ ਛਕਾਉਣ ਸਮੇਂ ਜੋ ਖਾਲਸੇ ਨੂੰ ਬਖ਼ਸ਼ਿਸ਼ ਰੂਪੀ ਵਰਦਾਨ ਦਿੱਤਾ ਸੀ ਕਿ ‘ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹਉ ਕਰਹੁ ਨਿਵਾਸ…’
ਉਸੇ ਨੂੰ ਅੰਤਮ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਫਿਰ ਪ੍ਰਗਟ ਕੀਤਾ: ਤੀਸਰ ਰੂਪ ਸਿਖ ਹੈ ਮੋਰ।…
ਇਉਂ ਗੁਰੂ ਜੀ ਤਿੰਨ ਪ੍ਰਕਰਮਾ ਕਰਕੇ
‘ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ। ਗੁਰੂ ਗ੍ਰੰਥ ਕੋ ਗੁਰ ਥਪਿਓ, ਕੁਣਕਾ ਬਟਵਾਯੋ
‘ਸ੍ਰੀ ਮੁਖ ਤੇ ਸਭ ਸਿੱਖਨ ਕੋ, ਇਮ ਹੁਕਮ ਸੁਨਾਯੋ’
ਸ੍ਰੀ ਮੁਖਵਾਕ ਦੋਹਿਰਾ
‘ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’
ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੋਕਿਕ, ਅਧਿਆਤਮਕ ਗਣਤੰਤਰ (ਸ਼ਪਰਿਟਿੁੳਲ ੍ਰੲਪੁਬਲਚਿ) ਦੀ ਸਥਾਪਨਾ ਕਰ ਦਿੱਤੀ। ਰਾਜਨੀਤੀ ਵਿੱਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼ਹਬ ਦੀ ਦੁਨੀਆਂ ਵਿੱਚ ਅਜੇ ਵੀ ਵਿਅਕਤੀ ਪ੍ਰਧਾਨ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ। ਜੋਤ ਅਤੇ ਜੁਗਤ ਦਾ ਜਿਹੜਾ ਸੁਮੇਲ ਸਿੱਖੀ ਵਿੱਚ ਅਰੰਭ ਹੋਇਆ ਸੀ ਉਸੇ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੁਰਤਾ ਸਥਾਪਤ ਕਰਕੇ ਪਰਿਪੂਰਨ ਕਰ ਦਿੱਤਾ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਫ਼ਤੀ ਰੂਪ ਵਿਚ ਦੂਸਰੇ ਧਰਮ-ਗ੍ਰੰਥਾਂ ਨਾਲੋਂ ਅਲੌਕਿਕ ਹੈ। ਇਸ ਵਿਚ ਕੋਈ ਕਥਾ-ਕਹਾਣੀ, ਕਰਮ-ਕਾਂਡ ਅਤੇ ਕੋਈ ਮਜ਼੍ਹਬੀ ਸ਼ਰ੍ਹਾ ਦਰਜ ਨਹੀਂ। ਇਸ ਦੀ ਵਿਚਾਰਧਾਰਾ ‘ਲੈਣ-ਦੇਣ’ਜਾਂ ‘ਵਪਾਰਕ’ ਰੁਚੀ ਵਾਲੀ ਨਹੀਂ, ਨਾ ਹੀ ਇਹ ਕਿਸੇ ਦੇਸ਼, ਕੌਮ, ਨਸਲ, ਰੂਪ, ਰੰਗ, ਧਰਮ, ਭਾਸ਼ਾ ਅਤੇ ਸਥਾਨ ਦੀ ਪ੍ਰਧਾਨਤਾ ਸਵੀਕਾਰ ਕਰਦੀ ਹੈ। ਵੇਦ-ਬਾਣੀ ਅਤੇ ਗੁਰਬਾਣੀ ਦਾ ਨਿਖੇੜਾ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨੇ ਇਉਂ ਕੀਤਾ ਹੈ:
‘ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ॥ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ’॥
(ਵਾਰ ਸਾਰੰਗ ੪, ਸਲੋਕ ਮ: ੧, ਅੰਗ ੧੨੪੩-੪੪)
ਪੰਨਾ-੪
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ॥ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥
(ਉਹੀ, ਸਲੋਕ ਮ: ੨, ਅੰਗ ੧੨੪੩)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਕੇਵਲ ਪ੍ਰਭੂ ਦੀ ਸਿਫਤਿ ਸਲਾਹ ਤੇ ਗੁਣ ਗਾਇਨ ਕਰਦੀ ਹੈ, ਨਾ ਇਸ ਵਿੱਚ ਇਤਿਹਾਸ ਹੈ ਨਾ ਮਿਥਿਹਾਸ, ਇਹ ਤਾਂ ਇੱਕ ਜੀਵਨ ਮੁਕਤ ਹੋਣ ਅਤੇ ਸੇਵ ਕਮਾਈ ਦਾ ਮਾਰਗ ਹੈ । ਗੁਰੂ ਦੀ ਦੈਵੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਸਮੇਂ ਸਮੇਂ ਅਨੁਸਾਰ ਜੁਗਤ, ਪੰਥ ਨੇ ਗੁਰੂ ਗ੍ਰੰਥ ਦੀ ਤਾਬਿਆ ਅਤੇ ਰੌਸ਼ਨੀ ਵਿੱਚ ਵਰਤਣੀ ਹੈ।
ਗੁਰੂ ਗ੍ਰੰਥ ਸਾਹਿਬ ਤਾਂ ਸਿੱਖ ਪੰਥ ਦਾ ਸਰਬ ਪ੍ਰਵਾਨਤ ਸਤਿਗੁਰੂ ਸਥਾਪਤ ਹੈ ਪਰ ਗੁਰੂ ਪੰਥ ਦਾ ਸੰਕਲਪ ਅਤੇ ਸਿਧਾਂਤ ਅਮਲ ਵਿੱਚ ਸਪੱਸ਼ਟ ਤੌਰ ਤੇ ਅਜੇ ਉਜਾਗਰ ਨਹੀਂ ਹੋ ਸਕਿਆ। ਇਸ ਪਾਸੇ ਬਖ਼ਸ਼ੇ ਹੋਏ ਗੁਰਮੁਖਾਂ ਨੂੰ ਸੁਚੇਤ ਹੋ ਕੇ ਯਤਨ ਕਰਨ ਅਤੇ ਜੁਗਤ ਨੂੰ ਜੋਤ ਦੀ ਰੌਸ਼ਨੀ ਵਿੱਚ ਵਰਤਣ ਦਾ ਅਮਲ ਨਿਸ਼ਚਿੱਤ ਕਰ ਦ੍ਰਿੜ ਕਰਵਾਉਣ ਦੀ ਲੋੜ ਹੈ ਤਾਂ ਜੋ ਅਜੋਕੇ ਭਰਮ ਭੁਲੇਖਿਆਂ ਤੇ ਵਹਿਮਾਂ ਭਰਮਾਂ, ਸਖ਼ਸ਼ੀ ਸਿਕਦਾਰੀਆਂ, ਨਿੱਜ ਪ੍ਰਸਤੀ ਅਤੇ ਪਰਿਵਾਰ ਪ੍ਰਸਤੀ ਤੋਂ ਉਚੇਰਾ ਉਠ ਕੇ ਪੰਥ ਪ੍ਰਸਤੀ ਦੀ ਭਾਵਨਾ ਮੁੜ ਉਜਾਗਰ ਹੋਵੇ, ਗੁਰੂ ਪੰਥ ਦਾ ਵਾਧਾ ਹਰ ਸਿੱਖ ਦੀ ਲੋਚਾ ਹੋਵੇ ਅਤੇ ਖ਼ਾਲਸਾ ਪੰਥ ਚੜਦੀ ਕਲਾ ਵਿੱਚ, ਮਨੁੱਖੀ ਤਵਾਰੀਖ਼ ਵਿੱਚ ਆਪਣਾ ਨਿਵੇਕਲਾ ਤੇ ਨਰੋਆ ਯੋਗਦਾਨ ਪਾ ਸਕੇ।
ਸਿੱਖ ਧਰਮ ਅਨੁਸਾਰ ਗੁਰਸਿੱਖ ਮੜੀ ਮਸਾਣਾ, ਦੇਹਧਾਰੀਆਂ, ਡੇਰੇਦਾਰਾਂ, ਮੁਰਤੀਆਂ ਤੇ ਬੁੱਤਾਂ ਦੀ ਪੂਜਾ ਕਰਦਾ ਗੁਰੂ ਦਰਬਾਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਅਤੇ ਨਾ ਹੀ ਸੰਗਤ ਵਿੱਚ ਸੋਭਾ ਪਾ ਸਕਦਾ ਹੈ। ਸਿੱਖ ਨੂੰ ਹੁਕਮ ਹੈ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਤੇ ਲੋਚਾ ਖਾਲਸੇ ਜੀ ਦੇ ਬੋਲ ਬਾਲੇ ਦੀ।
ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਮਨੁੱਖ ਦਾ ਗੁਰੂ ਅਗੇ ਝੁਕਿਆ ਸੀਸ ਫੇਰ ਕਿਸੇ ਹੋਰ ਦੁਨਿਆਵੀ ਸ਼ਕਤੀ ਨਹੀ ਝੁਕਦਾ। ਡਾ: ਮੁਹੰਮਦ ਇਕਬਾਲ ਦੇ ਸ਼ਬਦਾਂ ਵਿੱਚ :
ਜਿਸ ਦਰ ਪੇ ਨਾ ਹੋਂ ਸਜ਼ਦੇ, ੳਸੇ ਦਰ ਨਹੀਂ ਕਹਿਤੇ, ਹਰ ਦਰ ਪੇ ਝੁਕ ਜਾਏ ਜੋ, ਉਸੇ ਸਰ ਨਹੀਂ ਕਹਿਤੇ।
(Manjit Singh Calcutta - 655- B, Basant Ave. Sri Amritsar. 98140-50679, 98769-21214)