ਸ੍ਰੀ ਜਾਪ ਸਾਹਿਬ
(ਭਾਈ ਜੋਗਿੰਦਰ ਸਿੰਘ ਜੀ ਤਲਵਾੜਾ)
ਰਹਿਤਨਾਮਾ ਵਿਚ ਹਰੇਕ ਸਿੱਖ ਪ੍ਰਤੀ ਜਪੁ ਅਤੇ 'ਜਾਪੁ' ਦਾ ਪਾਠ ਨਿਤਾਪ੍ਰਤਿ ਨੇਮ ਨਾਲ ਕਰਨ ਦੀ ਕਰੜੀ ਤਾਕੀਦ ਹੈ:
ਗੁਰਸਿੱਖ ਰਹਿਤ ਸੁਨਹੁ ਹੇ ਮੀਤ ॥ ਪਰਭਾਤੇ ਉਠਿ ਕਰਿ ਹਿਤ ਚੀਤ ॥
ਕਰਿ ਇਸ਼ਨਾਨ ਪੜੇ ਜਪੁ ਜਾਪੁ ॥ ਵਾਹਿਗੁਰੂ ਗੁਰਮੰਤ੍ਰ ਸੁ ਜਾਪੁ ॥ (ਭਾ: ਨੰਦ ਲਾਲ ਜੀ)
ਜਪੁ ਜਾਪੁ ਪੜ੍ਹੇ ਬਿਨ ਜੋ ਜੇਵੈ ਪਰਸਾਦੁ ॥
ਸੋ ਵਿਸਟਾ ਕਾ ਕਿਰਮ ਹੋਇ ਜਨਮੁ ਗਵਾਵੈ ਬਾਦ ॥ (ਭਾ: ਦੇਸਾ ਸਿੰਘਾ ਜੀ)
ਇਹ ਦੋਵੇਂ ਬਾਣੀਆਂ ਅੰਮ੍ਰਿਤ ਤਿਆਰ ਕਰਨ ਸਮੇ ਪੜ੍ਹੇ ਜਾਣ ਵਾਲੀਆਂ ਪੰਜਾਂ ਬਾਣੀਆਂ ਵਿਚੋਂ ਹਨ।ਸ੍ਰੀ ਜਪੁਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਬਾਣੀ ਹੈ, ਜੋ ਰਵਾਇਤ ਅਨੁਸਾਰ ਮਹਲੇ ਪਹਿਲੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਸ੍ਰੀ ਜਾਪੁ ਸਾਹਿਬ ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਰਚਨਾ ਹੈ ਅਤੇ ਸ੍ਰੀ ਦਸਮ ਗ੍ਰੰਥ ਜੀ ਦੀ ਅਰੰਭਕ ਬਾਣੀ ਹੈ।
ਚੂੰਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਪਾਦਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ, ਆਪ ਜੀ ਦੇ ਅਨਿੰਨ ਗੁਰਸਿੱਖ ਭਾਈ ਸਾਹਿਬ ਮਨੀ ਸਿੰਘ ਜੀ ਦੁਆਰਾ ਕੀਤੀ ਗਈ, ਬਾਣੀ ਦੇ ਉਪਰਲੇ ਸਿਰਲੇਖ ਪਾ: ੧੦ (ਪਾਤਸ਼ਾਹੀ ਦਸਵੀਂ) ਭਾਈ ਸਾਹਿਬ ਜੀ ਵਲੋਂ ਹੀ ਅੰਕਿਤ ਕੀਤੇ ਗਏ।
ਸ੍ਰੀ ਜਾਪੁ ਸਾਹਿਬ ਨਿਰੋਲ ਉਸਤਤਿ ਦੀ ਬਾਣੀ ਹੈ।ਇਸ ਪਾਵਨ ਬਾਣੀ ਦੀ ਰਚਨਾ ਜਮਨਾ ਨਦੀ ਦੇ ਕੰਢੇ ਤੇ ਉਸ ਰਮਣੀਕ ਅਸਥਾਨ ਤੇ ਕੀਤੀ ਗਈ ਜਿਥੇ ਪਹਾੜਾਂ ਵਿਚ ਸ਼ੋਰ ਕਰਦੀ ਆ ਰਹੀ ਨਦੀ ਸ੍ਰੀ ਜਾਪੁ ਸਾਹਿਬ ਦੀ ਰਸੀਲੀ ਸ੍ਰੋਤ ਸੁਣਨ ਲਈ ਬਿਲਕੁਲ ਸ਼ਾਂਤ ਹੋ ਜਾਂਦੀ ਹੈ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਛੁਹ ਪ੍ਰਾਪਤ ਵਜੋਂ, ਇਸ ਅਸਥਾਨ ਦਾ ਨਾਂ 'ਪਾਂਵਟਾ' (ਸ੍ਰੀ ਪਾਉਂਟਾ ਸਾਹਿਬ) ਕਰਕੇ ਪ੍ਰਸਿੱਧ ਹੋਇਆ, ਜੋ ਜਾਪੁ ਸਾਹਿਬ ਵਿਚ ਨਿਰਗੁਣ ਅਤੇ ਸਰਗੁਣ ਵਾਹਿਗੁਰੂ ਦਾ ਸ਼ਬਦੀ-ਚਿਤਰ ਚਿਤਰਿਆ ਹੋਇਆ ਹੈ।
ਬਾਣੀ ਵਿਚ ਦਸ ਕਿਸਮ ਦੇ ਛੰਦਾਂ ਦੇ ੧੯੯ ਬੰਦ ਹਨ, ਜਿਨ੍ਹਾਂ ਵਿਚ ਅਕਾਲ ਪੁਰਖ ਦੇ ਲਗਭਗ ਇਕ ਹਜ਼ਾਰ ਦੇ ਕਰੀਬ ਕਰਮ-ਨਾਮ ਨਿਰੂਪਨ ਕਰ ਕੇ ਵਾਹਿਗੁਰੂ ਨੂੰ ਬਾਰ ਬਾਰ ਨਮਸਕਾਰ ਕੀਤੀ ਹੋਈ ਹੈ।ਸੰਸਾਰ ਭਰ ਦੇ ਸਾਹਿਤਕ ਇਤਿਹਾਸ ਵਿਚ ਸ੍ਰੀ ਜਾਪੁ ਸਾਹਿਬ ਆਪਣੀ ਕਿਸਮ ਦੀ ਅਦੁਤੀ ਰਚਨਾ ਹੈ। 'ਨਮੋ' ਅਤੇ 'ਨਮਸਤੰ' ਸ਼ਬਦਾਂ ਦੀ ਬਾਰ ਬਾਰ ਵਰਤੋਂ ਨਾਲ ਬਾਣੀ ਦਾ ਉਚਾਰਨ ਰਾਗਾਤਮਿਕ ਹੋ ਜਾਂਦਾ ਹੈ ਤੇ ਸੁਰਤੀ ਆ-ਮੁਹਾਰੇ ਅਕਾਲ ਪੁਰਖ ਦੀ ਸਾਮ੍ਰਤਖ ਹਜ਼ੂਰੀ ਨੂੰ ਅਨੁਭਵ ਕਰਕੇ ਉਸ ਦੇ ਚਰਨਾਂ ਵਿਚ ਲੀਨ ਹੁੰਦੀ ਜਾਂਦੀ ਹੈ।
ਸ੍ਰੀ ਜਾਪੁ ਸਾਹਿਬ ਕੇਵਲ ਸੁਰਤੀ ਦਾ ਆਧਾਰ ਹੀ ਨਹੀਂ, ਸਗੋਂ ਮਨੁਖੀ ਵਿਕਾਸ ਦੇ ਸਾਰੇ ਪ੍ਰਮੁਖ ਅੰਗਾਂ : ਸੁਰਤਿ, ਮਤਿ, ਮਨ, ਬੁਧ ਦਾ ਵੀ ਆਧਾਰ ਹੈ। ਇਸ ਪਾਵਨ ਬਾਣੀ ਵਿਚ ਅਦਵੈਤਵਾਦ ਦਾ ਸਿਧਾਂਤ ਬੜੀ ਸਪੱਸ਼ਟਤਾ ਨਾਲ ਨਿਰੂਪਨ ਕੀਤਾ ਹੋਇਆ ਹੈ।
ਮੁੱਢਲੀ ਹਸਤੀ 'ਬ੍ਰਹਮ' ਕੇਵਲ ਇਕ ਹੈ, ਜਿਸ ਦਾ ਕੋਈ ਸਾਨੀ ਨਹੀਂ। ਉਹ 'ਬ੍ਰਹਮ' ਨਿਰਗੁਣ ਹੈ, ਪਰ ਸਾਰੇ ਦ੍ਰਿਸ਼ਟਮਾਨ ਸਰਗੁਣੀ ਪਸਾਰੇ ਵਿਚ ਓਤ ਪੋਤ ਵਿਆਪਕ ਹੈ।ਉਹ ਸਭ ਦਾ ਕਰਤਾ (ਕਰਨ ਵਾਲਾ), ਭਰਤਾ (ਪਾਲਣ ਵਾਲਾ) ਅਤੇ ਹਰਤਾ (ਨਾਸ ਕਰਨ ਵਾਲਾ) ਹੈ। ਉਸ ਦੀ ਰਚੀ ਦ੍ਰਿਸ਼ਟੀਮਾਨ ਸਾਰੀ ਰਚਨਾ ਮਾਦੀ ਹੈ, ਪਰ ਉਹ ਆਪ ਨੂਰੀ ਹੈ, ਜੋਤੀ ਸਰੂਪ ਹੈ। ਉਸ ਦੀ ਜੋਤਿ ਸੁਤੇ ਪ੍ਰਕਾਸ਼ ਹੈ। ਅਜਬ ਤੇ ਸਵਾਦਲੀ ਗੱਲ ਇਹ ਹੈ।
thanks for your information.