ਨਵਾਂ ਸਾਲ
ਹਮੇਸ਼ਾਂ ਦੀ ਤਰਾਂ ਇਸ ਵਾਰ ਵੀ
ਚੜ੍ਹਿਆ ਇਕ ਹੋਰ ਨਵਾਂ ਸਾਲ
ਸਮੇਂ ਨੇ ਕਰਵਟ ਬਦਲੀ ਬਦਲੇ ਨੇ ਮਨ ʽਚ ਖਿਆਲ
ਪਰ ਆਪਣੇ ਅਤੀਤ ਵਿੱਚ ਉਲਝਿਆ
ਮੈਂ ਕਿਵੇਂ ਕਹਿ ਦੇਵਾਂ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ
ਨਹੀਂ ਨਹੀਂ ਦੋਸਤੋ ਮੈਂ ਇਹ ਨਹੀਂ ਕਰ ਸਕਦਾ
ਹਾਂ ਪਿਛਲੇ ਦੋ ਦਹਾਕਿਆਂ ਤੋਂ
ਆਪਣੀ ਹੋਣੀ ਤੇ ਹਉਕੇ ਭਰ ਸਕਦਾਂ
ਕਿਵੇ ਭੇਜ ਦਿਆਂ ਮੈਂ ਨਵੇ ਵਰ੍ਹੇ ਦਾ ਗਰੀਟਿੰਗ
ਕਿਉਂਕਿ ਅਜੇ ਤੱਕ ਨਹੀਂ ਲੱਭੀ
ਮੇਰੀ ਲਾਡੋ ਭੈਣ ਦੀ ਚੁੰਨੀ
ਗੁਆਚੀ ਸੀ ਜਿਹੜੀ ਦਿੱਲੀ ਕਤਲੇਆਮ ਦੌਰਾਨ
ਕਿ ਅਚਾਨਕ ਖੁਦਾ ਫਿਰ ਹੋਇਆ ਕਹਿਰਵਾਨ
ਅਖੌਤੀ ਰਾਮ ਭਗਤਾਂ ਨੇ ਸਾੜ ਦਿੱਤੇ
ਗੁਜਰਾਤ ਵਿੱਚ ਹਜਾਰਾਂ ਬੇਕਸੂਰ ਮੁਸਲਮਾਨ
ਇਨ੍ਹਾਂ ਰਾਮ ਭਗਤਾਂ ਦੀਆਂ ਧਮਕੀਆਂ ਤੋਂ ਡਰਦੀਆਂ
ʽਜਹੀਰਾ ਸ਼ੇਖʼ ਜਿਹੀਆਂ ਮੇਰੀਆਂ ਭੈਣਾਂ
ਨਿੱਤ ਦਿਨ ਬਦਲਦੀਆਂ ਨੇ
ਆਪਣਾਂ ਅਦਾਲਤੀ ਬਿਆਨ
ਇੱਥੋਂ ਦੀਆਂ ਅਦਾਲਤਾਂ ਵਿੱਚ ਕਦੋਂ ਹੋਇਆ ਇਨਸਾਫ ?
ਹੁਣ ਤਾਂ ਦਿੱਲੀ ਕਤਲੇਆਮ ਦੇ ਦੋਸ਼ੀ
ਬਣ ਗਏ ਨੇ ਐਮ.ਪੀ ਤੇ ਮੰਤਰੀ
ਮਾਣਯੋਗ ਅਦਾਲਤਾਂ ਨੇ ਕੀਤਾ ਹੈ
ਉਹਨਾਂ ਨੂੰ ਮੁਆਫ
21 ਸਾਲ ਬੀਤ ਗਏ ਨੇ
ਅਜੇ ਤੱਕ ਦੁੱਧ ਚੁੰਘਦੇ ਬੱਚਿਆਂ ਦੇ ਗਲਾਂ ਵਿੱਚ
ਟਾਇਰ ਪਾ ਕੇ ਸਾੜਣ ਵਾਲਾ
ਉਹ ਦੇਸ਼ ਭਗਤ ਕਾਤਿਲ ਨਹੀਂ ਲੱਭਿਆ
ਤੇ ਭਗਤ ਸਿੰਘ ਦੇ ਵਾਰਿਸ ਅੱਜ
ਅੱਤਵਾਦੀ ਹੋ ਗਏ ਨੇ
ਕਾਇਰ ਸਾਵਰਕਰਾਂ ਦੇ ਬਣਾ ਦਿੱਤੇ ਨੇ ਸਮਾਰਕ
ਫਿਰ ਦੱਸ ਦੋਸਤਾ
ਮੈਂ ਕਿਵੇਂ ਕਹਿ ਦਿਆਂ ਕਿ ਨਵਾਂ ਸਾਲ ਮੁਬਾਰਕ
ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਲਈ ਖੜ੍ਹੇ ਮਾਵਾਂ ਦੇ ਪੁੱਤ
ਤਲੀ ਉੱਤੇ ਧਰੀ ਬੈਠੇ ਨੇ ਆਪਣੀ ਜਾਨ
ਇੱਧਰ ਕਿਸੇ ਮਿਜਾਇਲ ਦੀ ਸਫਲ ਪਰਖ ਤੋਂ ਬਾਅਦ
ਬੁਲਟ ਪਰੂਫ ਜੈਕਟ ਪਹਿਨੀ
ਸੁਰੱਖਿਆ ਘੇਰੇ ਵਿੱਚ ਖੜ੍ਹਾ ਨੇਤਾ
ਜਾਰੀ ਕਰਦਾ ਹੈ ਇੱਕ ਭੜਕਾਊ ਬਿਆਨ
ਇਸ ਵਾਰ ਲੜਾਈ ਆਰ ਜਾਂ ਪਾਰ ਕੀ ਹੋਗੀ
ਸਾਡੇ ਵੀਰਾਂ ਦੀ ਮੌਤ ਦੀ ਉਡੀਕ ਵਿੱਚ
ਤਾਬੂਤਾਂ ਵਿੱਚੋਂ ਕਮਿਸ਼ਨ ਖਾਣ ਵਾਲੇ
ਇਹ ਖੱਫਣਾ ਦੇ ਵਪਾਰੀ
ਕਰ ਰਹੇ ਨੇ ਸਾਡੀਆਂ ਭਾਵਨਾਵਾਂ ਨਾਲ ਗੱਦਾਰੀ
ਦੋਸਤੋ ਅਜੇ ਤੱਕ ਤਾਂ ਗੁੰਮ ਨੇ
ਪੁਲਿਸ ਚੌਕੀਆਂ ਵਿੱਚ ਬੇਤਹਾਸ਼ਾ ਕੁੱਟੇ
ਲਵਾਰਿਸ਼ ਲਾਸ਼ਾਂ ਬਣਾ ਕੇ ਨਹਿਰਾਂ ਵਿੱਚ ਸੁਟੇ
ਮਾਵਾਂ ਦੀਆਂ ਅੱਖਾਂ ਦੇ ਤਾਰੇ, ਭੈਣਾਂ ਦੇ ਸਹਾਰੇ
ਉਹ ਬਦਕਿਸਮਤ ਸਿੱਖ ਨੌਜਵਾਨ
ਜਿਨ੍ਹਾਂ ਦੀ ਲਾਸ਼ ਤੇ ਕਿਸੇ ਨੇ
ਦੋ ਗਿੱਠ ਦਾ ਖੱਫਣ ਵੀ ਨਹੀਂ ਪਾਇਆ
ਨਹੀਂ ਨਹੀਂ ਯਾਰੋ
ਅਸੀਂ ਅਜੇ ਨਵਾਂ ਸਾਲ ਨਹੀਂ ਮਨਾਉਣਾ
ਕਿਉਂਕਿ ਅਜੇ ਤੱਕ ਤਾਂ ਉਹਨਾਂ ਦੀ ਭਾਲ ਵਿੱਚ ਗਿਆ
ਮੇਰਾ ਵੀਰ ਖਾਲੜਾ ਵਾਪਸ ਨਹੀਂ ਆਇਆ
ਅਜੇ ਤੱਕ ਤਾਂ ਸਾਨੂੰ
ਸਾਡੇ ਮੋਇਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ
ਜਥੇਦਾਰ ਕਾਉਂਕੇ ਵਰਗੇ ਯੋਧਿਆਂ ਤੇ
ਕਿਸੇ ਨੇ ਚਾਰ ਸੇਰ ਲੱਕੜਾਂ ਵੀ ਨਹੀਂ ਚਿਣੀਆਂ
ਮੈਂਨੂੰ ਤੇ ਲੱਗਦਾ ਸਾਡਾ ਜਿਉਣਾਂ
ਹੋ ਗਿਆ ਹਰਾਮ
ਕਿਸੇ ਖਾਸ਼ ਸਾਜਿਸ਼ ਦੇ ਤਹਿਤ
ਸਾਨੂੰ ਕਰ ਦਿੱਤਾ ਬਦਨਾਮ
ਤੇ ਅੱਜ ਅਸੀਂ ਉਜੜੇ ਬਾਗਾਂ ਦੇ ਵਪਾਰੀ
ਪਰ ਅਫਸੋਸ ਕਿ
ਦੁਸ਼ਮਣ ਨੇ ਛੁਰੀ ਸਾਡੀ ਛਾਤੀ ਤੇ ਨਹੀਂ
ਪਿੱਠ ਵਿੱਚ ਮਾਰੀ
ਪਰ ਮੈਨੂੰ ਕਸਮ ਹੈ
ਖੰਡਰ ਹੋ ਚੁੱਕੇ ਤਖ਼ਤ-ਏ-ਅਕਾਲ ਦੀ
ਚਲਾਕ ਦੁਸ਼ਮਣ ਵੱਲੋਂ ਵਿਛਾਏ ਹੋਏ ਹਰ ਜਾਲ ਦੀ
ਕਸਮ ਹੈ ਉਹਨਾਂ ਹੰਝੂਆਂ ਦੀ
ਜੋ ਪਿਛਲੇ ਵੀਹ ਸਾਲ ਤੋਂ
ਵਰਦੀਧਾਰੀ ਬਦਮਾਸ਼ਾਂ ਦੇ ਧੱਕੇ ਚੜ੍ਹੇ
ਪੁੱਤਰ ਦੀ ਉਡੀਕ ਵਿੱਚ ਬੈਠੀ
ਬੁੱਢੀ ਮਾਂ ਦੀਆਂ ਅੱਖਾਂ ʽਚੋਂ ਵਹਿ ਰਹੇ ਨੇ
ਕਸਮ ਹੈ
ਉਨ੍ਹਾਂ ਨਿਰਦੋਸ਼ਾਂ ਦੀ ਜੋ ਅਜੇ ਤੱਕ
ʽਟਾਡਾʼ ਕਾਨੂੰਨ ਤਹਿਤ ਜੇਲ੍ਹੀਂ ਦੁੱਖ ਸਹਿ ਰਹੇ ਨੇ
ਕਸਮ ਹੈ
ਬਾਪੂ ਦੀ ਗੁੰਮ ਹੋਈ ਡੰਗੋਰੀ ਦੀ
ਵੈਣਾਂ ਵਿੱਚ ਤਬਦੀਲ ਹੋਈ
ਬੇਬੇ ਦੀ ਹਰ ਇੱਕ ਲੋਰੀ ਦੀ
ਕਸਮ ਹੈ
ਸਿੱਖ ਗੱਭਰੂਆਂ ਦੇ ਡੁੱਲ੍ਹੇ ਹੋਏ
ਕਤਰਾ-ਕਤਰਾ ਖੂਨ ਦੀ
ਅੱਖਾਂ ਤੇ ਪੱਟੀ ਬੰਨ੍ਹੀਂ ਬੈਠੇ ਅੰਨ੍ਹੇ ਕਾਨੂੰਨ ਦੀ
ਕਿ ਹਜਾਰਾਂ ਸ਼ਹੀਦਾਂ ਦੀ ਕੁਰਬਾਨੀ
ਅਜਾਈਂ ਨਹੀਂ ਜਾਏਗੀ
ਉਡੀਕ ਰੱਖਿਓ ਮੇਰੇ ਯਾਰੋ
ਮੈਂ ਵੀ ਭੇਜਾਂਗਾ ਨਵੇ ਸਾਲ ਦਾ ਗਰੀਟਿੰਗ ਕਾਰਡ
ਪਰ ਓਦੋਂ
ਜਦੋਂ ਸਾਡੇ ਬਾਗੀਂ ਬਹਾਰ ਆਏਗੀ
Sukhdeep Singh Barnala
www.sikhsangarsh.com
e-mail:baagee@yahoo.com
mob:0091 9878686684