
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
- ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ
ਸ੍ਰੀ ਦਸਮੇਸ਼ ਜੀ ਦੇ ਇਸ ਉਪਰ ਅਨਵਾਨੇ ਮੁਖਵਾਕ ਦੀ ਟੇਕ ਲੈ ਕੇ ਅਸਾਡੇ ਅੱਜ ਕੱਲ ਦੇ ਲਾ-ਮਜ਼ਹਬ ਭਰਾ, ਮਜ਼ਹਬ ਤੋਂ ਮੁਨਕਰ ਯਾ ਮਜ਼ਹਬ ਤੋਂ ਲਾ-ਪ੍ਰਵਾਹ ਪਰ ਸਿਖ ਸ਼ਕਲ ਸੂਰਤਿ ਵਾਲੇ ਸਜਨ ਅਕਸਰ ਇਹ ਆਖਿਆ ਕਰਦੇ ਹਨ ਕਿ- “ਮਜ਼ਹਬ ਦੀ ਕੈਦ ਵਿਚ ਰਹਿਣ ਦੀ ਕੋਈ ਲੋੜ ਨਹੀਂ। ਸਾਰੇ ਮਜ਼ਹਬ ਇਕ-ਸਾਰ ਹੀ ਹਨ। ਦੇਖੋ ਸ੍ਰੀ ਦਸਮੇਸ਼ ਜੀ ਮਜ਼ਹਬ ਦੇ
ਜਨੂਨੀਆਂ ਲਈ ਕਿਆ ਸੋਹਣੀ ਸਿਖਸ਼ਾ ਦਿੰਦੇ ਹਨ-
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ…॥੧੫॥੮੫॥
ਅਕਾਲ ਉਸਤਤਿ, ਪਾ: ੧੦
ਇਸ ਪ੍ਰਕਾਰ ਦੇ ਗੁਰ-ਪ੍ਰਮਾਣ ਦੇ ਦੇ ਕੇ ਓਹ ਇਹ ਸਿੱਧ ਕਰਦੇ ਹਨ ਕਿ ਸਿਖ ਮਜ਼ਹਬ ਦੀ ਮਿੱਲਤ-ਪ੍ਰਸਤੀ ਭੀ ਇਕ ਕੈਦ ਹੈ। ਸ੍ਰੀ ਦਸਮੇਸ਼ ਜੀ ਨੇ ਮਜ਼ਹਬ ਰੂਪੀ ਫ਼ਿਰਕਾ-ਪ੍ਰਸਤੀ ਦੀ ਕੈਦ ਤੋਂ ਸਿੱਖਾਂ ਨੂੰ ਨਜਾਤ ਦੇ ਕੇ ਸੰਮਿੱਲਤ ਕੌਮ-ਪ੍ਰਸਤੀ ਦੀ ਵਸੀਅ ਆਜ਼ਾਦ-ਖ਼ਿਆਲੀ ਦਾ ਉਪਦੇਸ਼ ਦਿਤਾ ਸੀ। ਮਜ਼ਹਬ ਦੇ ਦਾਇਰੇ ਵਿਚ ਹੀ ਮਹਿਦੂਦ ਨਹੀਂ ਰਖਿਆ।
ਅਸੀਂ ਏਥੋਂ ਤਾਈਂ ਤਾਂ ਓਹਨਾਂ ਦੇ ਨਾਲ ਮੁਤਫ਼ਿਕ ਹਾਂ ਕਿ ਸ੍ਰੀ ਦਸਮੇਸ਼ ਜੀ ਨੇ ਮਾਨਸ ਮਾਤਰ ਦੀ ਆਜ਼ਾਦੀ ਦਾ ਦਾਇਰਾ ਤੰਗ ਨਹੀਂ ਰਖਿਆ। ਬਲਕਿ ਓਹਨਾਂ ਦੀ ਖ਼ਿਆਲੀ ਆਜ਼ਾਦੀ ਵਾਲੇ ਅਨਮਾਨ ਤੋਂ ਬੜ੍ਹ ਚੜ੍ਹ ਕੇ ਸ੍ਰੀ ਦਸਮੇਸ਼ ਜੀ ਨੇ ਕੁਲ ਕਾਇਨਾਤ, ਖ਼ਾਲਕ ਦੀ ਸਾਰੀ ਮਖ਼ਲੂਕਾਤ ਦੀ ਆਜ਼ਾਦੀ ਦੇ ਆਦਰਸ਼ ਨੂੰ ਸਨਮੁੱਖ ਰਖਿਆ। ਨਾ ਸਿਰਫ਼ ਹਿੰਦੁਸਤਾਨ ਭਰ ਦੀ ‘ਮਾਨਸ ਕੀ ਜਾਤ’ ਨੂੰ ‘ਸਬੈ ਏਕੈ ਪਹਿਚਾਨਬੋ’ ਦੇ ਮਹਿਦੂਦ ਖਿਆਲੀ ਉਪਦੇਸ਼ ਵਾਲੀ ਆਜ਼ਾਦੀ ਦਿਤੀ, ਬਲਕਿ ਦੇਸ਼ ਮੁਲਕ ਦੀ ਹਦ ਕੈਦ ਤੋਂ ਅਪਰੰਪਰ ਕੁਲ ਖ਼ਲਕ ਖ਼ੁਦਾਈ ਦੀ ਮਾਨਸ ਮਾਤਰੀ ਜਨਮ ਜਾਤੀ ਦੀ ਆਜ਼ਾਦੀ ਦੇ ਆਦਰਸ਼ ਨੂੰ ਦ੍ਰਿੜਹਾਇਆ।
ਪਰ ਅਸੀਂ ਓਹਨਾਂ ਨਾਲਿ ਇਸ ਗੱਲ ਵਿਚ ਉੱਕਾ ਹੀ ਇਤਫ਼ਾਕ ਨਹੀਂ ਰਖਦੇ ਕਿ ਸ੍ਰੀ ਦਸਮੇਸ਼ ਜੀ ਨੇ ਮਜ਼ਹਬ ਨੂੰ ਆਜ਼ਾਦੀ ਦਾ ਬਾਧਕ, ਅਰਥਾਤ ਆਜ਼ਾਦੀ ਲਈ ਬੰਧਨ ਰੂਪ ਦਸਿਆ ਹੈ। ਸ੍ਰੀ ਦਸਮੇਸ਼ ਜੀ ਦੇ ਉਦੇਸ਼ ਆਦਰਸ਼ ਅਨੁਸਾਰ ਹੀ ਮਨੁੱਖ ਮਾਤਰ ਨੂੰ ਸੱਚੀ ਆਜ਼ਾਦੀ ਮਜ਼ਹਬ ਦੁਆਰਾ ਹੀ ਮਿਲ ਸਕਦੀ ਹੈ, ਪਰ ਸੱਚੇ ਮਜ਼ਹਬ ਦੁਆਰਾ, ਖ਼ਾਲਸ ਮਜ਼ਹਬ ਦੁਆਰਾ। ਇਸੇ ਉਦੇਸ਼ ਹਿਤ, ਖ਼ਾਲਸ ਧਰਮ ਰੂਪੀ ਸੱਚਾ ਮਜ਼ਹਬ ਚਲਾਵਨ ਹਿਤ ਸ੍ਰੀ ਦਸਮੇਸ਼ ਜੀ ਨੇ ਅਵਤਾਰ ਧਾਰਿਆ। ਇਸੀ ਹੇਤ ਸ੍ਰੀ ਅਕਾਲ ਪੁਰਖ ਜੀ ਨੇ ਇਹ ਹੁਕਮ ਦੇ ਕੇ ਸ੍ਰੀ ਦਸਮੇਸ਼ ਜੀ ਨੂੰ ਇਸ ਜਗ ਮਾਹਿ ਪਠਾਇਆ-
ਮੈਂ ਅਪਨਾ ਸੁਤ ਤੋਹਿ ਨਿਵਾਜਾ ॥ ਪੰਥ ਪ੍ਰਚੁਰ ਕਰਬੇ ਕਉ ਸਾਜਾ ॥
ਜਾਹਿ ਤਹਾ ਤੈ ਧਰਮੁ ਚਲਾਇ ॥ ਕੁਬੁਧਿ ਕਰਨ ਤੇ ਲੋਕ ਹਟਾਇ ॥੨੯॥
ਬਚਿਤ੍ਰ ਨਾਟਕ, ਅਧਿਆਇ ੬
ਅਕਾਲ ਪੁਰਖ ਦੇ ਇਸ ਫ਼ੁਰਮਾਨ ਦੇ ਉਤਰ ਵਿਚ ਸ੍ਰੀ ਦਸਮੇਸ਼ ਜੀ ਨੇ ਇਹ ਬਚਨ ਉਚਾਰਿਆ:-
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥
ਚੌਪਈ- ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥ ਤਬ ਮੈ ਜਗਤ ਜਨਮ ਧਰਿ ਆਯੋ ॥
ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ ॥ ਅਉਰ ਕਿਸੂ ਤੇ ਬੈਰ ਨ ਗਹਿਹੋਂ ॥
੩੧॥ ਬਚਿਤ੍ਰ ਨਾਟਕ, ਅਧਿਆਇ ੬
ਇਹਨਾਂ ਸ੍ਰੀ ਮੁੱਖ-ਵਾਕਾਂ ਤੋਂ ਸਾਫ਼ ਸਿਧ ਹੁੰਦਾ ਹੈ ਕਿ ਸ੍ਰੀ ਦਸਮੇਸ਼ ਜੀ ਨੇ ਐਨ ਅਕਾਲ ਪੁਰਖ ਦੀ ਹੁਕਮ-ਰਜ਼ਾ ਅਨੁਸਾਰ ਜਹਾਂ ਤਹਾਂ ਇਸ ਸੰਸਾਰ ਵਿਚ ਧਰਮ ਚਲਾਵਨ ਹਿਤ ਅਤੇ ਲੋਕਾਂ ਨੂੰ ਕੁਬੁਧ ਕਮਾਵਨ ਤੋਂ ਹਟਾਵਨ ਹਿਤ ਹੀ ਖਾਲਸਾ ਪੰਥ ਸਾਜਿਆ ਅਤੇ ਸਾਜ ਕੇ ਇਸੇ ਨਿਰੋਲ ਧਰਮ-ਧੁਜੀ ਸੱਚੇ ਪੰਥ ਦਾ ਪ੍ਰਚਾਰ ਕੀਤਾ। ਅਕਾਲ ਪੁਰਖ ਦੀ ਹੁਕਮ-ਰਜ਼ਾ ਅਨੁਸਾਰ ਹੀ ਇਹ ਪੰਥ ਪ੍ਰਚੁਰ ਹੈ, ਤਾਂ ਹੀ ਤੇ ਇਹ ਖਾਲਸਾ ਨਿਰੋਲ ਅਕਾਲੀ ਪੰਥ ਹੈ। ਇਹ ਅਕਾਲੀ ਪੰਥ ਕੇਵਲ ਧਰਮ ਚਲਾਵਨ ਹਿਤ ਅਤੇ ਲੋਕਾਂ ਨੂੰ ਕੁਬੁਧ ਕਮਾਵਨ ਤੋਂ ਹਟਾਵਨ ਹਿਤ ਹੀ ਸ੍ਰੀ ਦਸਮੇਸ਼ ਜੀ ਨੇ ਪ੍ਰਚਲਤ ਕੀਤਾ ਅਤੇ ਇਹ ਖਾਲਸਾ ਪੰਥ ਨਿਰੋਲ ਸੱਚਾ ਧਰਮ ਪ੍ਰਤਿਪਾਦਿਕ ਅਤੇ ਅਧਰਮ ਕੁਬੁਧ ਕਮਾਵਨਹਾਰੇ ਲੋਕਾਂ ਨੂੰ ਸੋਧਨ ਸੁਧਾਰਨ ਹਿਤ ਹੀ ਪ੍ਰਚਲਤ ਕੀਤਾ ਹੈ। ਲੋਕਾਂ ਨੂੰ ਸੱਚਾ ਧਰਮ ਪ੍ਰਦਾਨ ਕਰ ਕੇ ਪ੍ਰਾਣੀਆਂ ਨੂੰ ਸੱਚੇ ਆਤਮ-ਜੀਵਨ ਵਾਲੇ ਨਵ-ਜੀਵਨੀ-ਜਨਮ ਵਿਚ ਜੀਆਇ ਕੇ ਸੁਰਜੀਤ ਕਰਨਾ ਇਹ ਸੱਚੇ ਸੁਧਾਰ ਦਾ ਸ੍ਰੀ ਦਸਮੇਸ਼-ਆਦਰਸ਼ ਹੈ। ਇਸੇ ਆਦਰਸ਼ ਸੁਧਾਰ ਵਿਚ ਸੱਚੀ ਜ਼ਿੰਦਗੀ ਹੈ। ਇਸੇ ਜ਼ਿੰਦਗੀ ਵਿਚ ਹੀ ਸੱਚੀ ਆਜ਼ਾਦੀ ਹੈ।
ਅਜਿਹੇ ਸ੍ਰੀ ਦਸਮੇਸ਼-ਆਦਰਸ਼ ਦੁਆਰਾ ‘ਉਧਰੇ ਸੁਧਰੇ ਹੋਏ ਆਤਮ-ਸੁਤੰਤ੍ਰੀ-ਜੀਵਨਾਂ ਵਾਲੇ ਧਰਮੀ ਬੰਦੇ ਹੀ ਦੇਸ਼ ਅਤੇ ਕੌਮ, ਸਗੋਂ ਸੰਸਾਰ ਦੇ ਪ੍ਰਾਣੀ ਮਾਤ੍ਰ ਨੂੰ ਆਜ਼ਾਦ ਕਰਾ ਸਕਦੇ ਹਨ। ਸ੍ਰੀ ਦਸਮੇਸ਼ ਜੀ ਨੇ ਅਜਿਹੇ ਧਰਮੀ ਬੰਦਿਆਂ ਦੇ ਪੁੰਜ ਦਾ ਨਾਮ ਹੀ ਖ਼ਾਲਸਾ ਪੰਥ ਰਖਿਆ ਹੈ।
ਤਾਂਤੇ ਇਹ ਕਹਿਣਾ ਅਤੇ ਖਿਆਲ ਕਰਨਾ ਭੁੱਲ ਹੈ ਕਿ ਸ੍ਰੀ ਦਸਮੇਸ਼ ਜੀ ਨੇ ਧਰਮ ਚਲਾ ਕੇ ਅਤੇ ਗੁਰਸਿੱਖਾਂ ਨੂੰ ਖਾਲਸ ਧਰਮੀ ਬੰਦੇ ਬਣਾ ਕੇ ਮਜ਼ਹਬ ਰੂਪੀ ਬੰਧਨਾਂ ਵਿਚ ਪਾਇਆ, ਸਗੋਂ ਗੁਰੂ ਸਾਹਿਬ ਨੇ ਖ਼ਾਲਸਾ ਧਰਮ ਰੂਪੀ ਸੱਚਾ ਪੰਥ ਪ੍ਰਚਲਤ ਕਰ ਕੇ ਪ੍ਰਾਣੀ ਮਾਤ੍ਰ ਨੂੰ ਆਜ਼ਾਦ ਕਰਨ ਦਾ ਸੱਚਾ ਧੁਰਵਾ ਬੰਨਿਆ ਹੈ। ਜੀਅ-ਦਾਨ-ਦਾਤਾਰ ਦੀ ਸੱਚੀ ਆਤਮ-ਆਜ਼ਾਦੀ ਦਾ ਪਾਤਰ ਅਤੇ ਅਧਿਕਾਰੀ, ਕਰਤੇ ਪੁਰਖ ਦੀ ਰਚੀ ਦ੍ਰਿਸ਼ਟੀ ਦੇ ਮਨੁਖ ਮਾਤਰ ਨੂੰ ਬਣਾਇਆ ਹੈ। ਕਿਸੇ ਨੂੰ ਇਸ ਆਜ਼ਾਦੀ ਦਾ ਅਨ-ਅਧਿਕਾਰੀ ਅਤੇ ਕੁਪਾਤਰ ਨਹੀਂ ਜਾਣਿਆ ਜਣਾਇਆ। ਇਸ ਆਤਮ-ਜੀਵਨੀ-ਆਜ਼ਾਦੀ ਦੇ ਅਧਿਕਾਰ ਦਾ ਸਾਂਝੀਵਾਲ ਜੀਵ ਮਾਤ੍ਰ ਨੂੰ ਬਣਾਇਆ-
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
(੪॥੨॥੯॥) ਮਾਝ ਮ: ੫, ਪੰਨਾ ੯੭
ਅਤੇ ਏਸੇ ਸਾਂਝੀਵਾਲਤਾ ਦਾ ਅਧਿਕਾਰ ਜਣਾਉਣ ਹਿੱਤ ਹੀ ਸ੍ਰੀ ਦਸਮੇਸ਼ ਜੀ ਨੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਵਾਲਾ ਵਾਕ ਸ੍ਰੀ ਮੁਖੋਂ ਉਚਾਰਨ ਕੀਤਾ, ਭਾਵ ਖਾਲਸਾ ਧਰਮ ਧਾਰਨ ਲਈ ਕੁਲ ਨਸਲੇ-ਇਸਨਾਨ ਦਾ ਅਧਿਕਾਰ ਸਮਸਰ ਹੀ ਹੈ। ਖਾਲਸਾ ਸਜਣ ਦਾ, ਖਾਲਸਾ ਧਰਮ ਵਿਚ ਆਉਣ ਦਾ ਹੱਕ ਹਰ ਇਕ ਇਨਸਾਨ ਮਾਤਰ ਦਾ ਸਾਂਝਾ ਹੈ। ਖਾਲਸਾ ਧਰਮ ਅੰਦਰ ਜਾਤ ਪਾਤ ਦੀ ਕੋਈ ਕਾਣ ਕਣੋਢ ਨਹੀਂ। ਮਨੁਖੀ ਜਾਮੇ ਵਿਚ ਜਨਮੇ ਪ੍ਰਾਣੀ ਸਾਰੇ ਇਕਸਾਰ ਹੀ ਖਾਲਸਾ ਧਰਮ ਦੇ ਅਧਿਕਾਰੀ ਹਨ।
ਇਸ ਦਾ ਇਹ ਭਾਵ ਨਹੀਂ ਕਿ ਮਨੁਖੀ ਜਾਮੇ ਵਿਚ ਜੰਮੇ ਜਣੇ ਜਣਾਤੇ ਸਾਰੇ ਪ੍ਰਾਣੀ ਬਣੇ ਬਣਾਤੇ ਆਪੋਂ ਹੀ ਪੁਜੇ ਪੁਜਾਤੇ ਖਾਲਸਾ ਧਰਮੀ ਬੰਦੇ ਹਨ। ਉਹਨਾਂ ਨੂੰ ਖਾਲਸਾ ਧਰਮ ਧਾਰਨ ਕਰਨ ਦੀ ਲੋੜ ਨਹੀਂ। ਐਸਾ ਹੁੰਦਾ ਤਾਂ ਸ੍ਰੀ ਦਸਮੇਸ਼ ਜੀ ਨੂੰ ਅਵਤਾਰ ਧਾਰਨ ਦੀ ਕੀ ਲੋੜ ਸੀ, ਮਾਨਸ ਜਾਤੀ ਤਾਂ ਆਪੋਂ ਹੀ ਉਧਰੀ ਉਧਰਾਈ ਹੋਈ ਸੀ। ਸੰਸਾਰ ਅੰਦਰ ਧਰਮ ਉਕਾ ਹੀ ਅਲੋਪ ਸੀ। ਸ੍ਰੀ ਨਾਨਕ-ਦਸਮੇਸ਼ ਜੀ ਦਾ ਆਗਮਨ ਹੀ ਧਰਮ ਹੇਤ ਹੋਇਆ। ਯਥਾ ਸ੍ਰੀ ਮੁਖਵਾਕ ਹੈ-
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ…॥੪੩॥
ਸ੍ਰੀ ਨਾਨਕ-ਦਸਮੇਸ਼ ਜੀ ਤੋਂ ਪਹਿਲਾਂ ਧਰਮ ਮਾਰਗ ਤੇ ਚਲਾਵਣਹਾਰ ਕੋਈ ਔਲੀਆ ਅਵਤਾਰ ਨਹੀਂ ਹੋਇਆ। ਜੋ ਹੋਇਆ, ਸੋ ਸਭ ਕੋਈ ਸੱਚ ਧਰਮ ਵਿਥਾਰਨ ਫ਼ੇਅਲ ਹੋ ਗਿਆ। ਜੈਸਾ ਕਿ ਦਸਮੇਸ਼ ਸ੍ਰੀ ਮੁਖਵਾਕ ਹੈ-
ਜੇ ਜੇ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ॥
ਪ੍ਰਭ ਦੋਖੀ ਕੋਈ ਨ ਬਿਦਾਰਾ॥ ਧਰਮ ਕਰਮ ਕੋ ਰਾਹੁ ਨ ਡਾਰਾ॥੪੪॥
ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ॥
ਮਹਾਪੁਰਖ ਕਾਹੂ ਨ ਪਛਾਨਾ॥ ਕਰਮ ਧਰਮ ਕੋ ਕਛੂ ਨ ਜਾਨਾ॥੪੫॥
ਬਚਿਤ੍ਰ ਨਾਟਕ, ਅਧਿਆਇ ੬
ਏਹਨਾਂ ਸ੍ਰੀ ਮੁਖਵਾਕਾਂ ਤੋਂ ਸਿੱਧ ਹੋਇਆ ਕਿ ਸੱਚੇ ਧਰਮ ਕਰਮ ਦੀ ਪਛਾਣ ਹੀ ਕਿਸੇ ਨੂੰ ਨਹੀਂ ਸੀ। ਤਾਂਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਵਾਲੀ ਸ੍ਰੀ ਮੁਖ-ਪੰਗਤੀ ਤੋਂ ਇਹ ਭਾਵ ਕਢ ਲੈਣਾ ਕਿ ਸਾਰੇ ਮਾਨਸ ਜਨਮ ਤੋਂ ਹੀ ਬਣੇ ਤਣੇ ਧਰਮੀ ਬੰਦੇ ਹਨ, ਮਹਾਂ ਅਗਿਆਨਤਾ ਹੈ। ਬਲਕਿ ਇਸ ਪੰਗਤੀ ਦਾ ਤਾਤਪਰਜ ਇਹ ਹੈ ਕਿ ਖਾਲਸਾ ਧਰਮ ਦੇ ਤਤ-ਪਰਚਾਰ ਦਾ ਮੈਦਾਨ ਇਤਨਾ ਵਸੀਅ ਹੈ ਕਿ ਇਸ ਧਰਮ ਦਾ ਸਾਂਝੀਵਾਲ ਹਰ ਫ਼ਰਦੇ-ਬਸ਼ਰ (ਮਨੁਖ ਮਾਤਰ) ਹੋ ਸਕਦਾ ਭੇਖ ਮਜ਼ਹਬ ਦਾ ਹੋਵੇ, ਸਭ ਕਿਸੇ ਨੂੰ ਗੁਰਮਤਿ ਖਾਲਸ ਧਰਮ ਵਿਚ ਆਵਣ ਦਾ ਅਧਿਕਾਰ ਹੈ। ਅਤੇ ਸਭਸ ਦਾ ਛੁਟਕਾਰਾ ਨਿਸਤਾਰਾ ਭੀ ਏਸੇ ਖਾਲਸਾ ਗੁਰਮਤਿ ਧਰਮ ਦੇ ਧਾਰਨ ਕੀਤਿਆਂ ਹੀ ਹੋਵਣਾ ਹੈ। ਭਾਵੇਂ ਕੋਈ ਮੁੰਡੀਆਂ ਸੰਨਿਆਸੀ ਬਣਿਆ ਫਿਰੇ, ਭਾਵੇਂ ਕੋਈ ਜੋਗੀ ਜਟਾਧਾਰੀ, ਜਤੀ ਬ੍ਰਹਮਚਾਰੀ, ਆਪਣੇ ਆਪ ਨੂੰ ਅਨੁਮਾਨ ਕਰੀ ਫਿਰੇ। ਚਾਹੇ ਕੋਈ ਹਿੰਦੂ ਹੋਵੇ, ਚਾਹੇ ਤੁਰਕ ਹੋਵੇ, ਚਾਹੇ ਰਾਫ਼ਜ਼ੀ ਇਮਾਮ ਸ਼ਾਫੀ ਆਪਣੇ ਆਪ ਨੂੰ ਕਹਾਉਂਦਾ ਫਿਰੇ। ਇਸ ਬਿਧਿ ਮਾਨੁਖੀ ਅੰਸ ਨਸਲ ਵਿਚ ਕੋਈ ਵਿਤ੍ਰੇਕ ਨਹੀਂ ਪੈਂਦਾ। ਮਾਨੁਖ ਦਾ ਅਸਲਾ ਤਾਂ ਇਕੋ ਹੀ ਹੈ। ਕਾਦਰੇ ਕੁਦਰਤ ਤੋਂ ਉਪੰਨੇ ਸਭ ਬੰਦੇ ਇਕੋ ਜਿਹੇ ਹਨ। ਜਾਤ ਜਨਮ ਕਰਕੇ ਕਉਣ ਭਲੇ ਅਤੇ ਕਉਣ ਮੰਦੇ ਹਨ। ਸਭ ਇਕ ਸਮਾਨ ਹੀ ਹਨ। ਇਹਨਾਂ ਕੁਦਰਤ ਦੇ ਬੰਦਿਆਂ ਦਾ ਕਰਤਾ ਕਰੀਮ ਇਕੋ ਸੋਈ ਅਕਾਲ ਪੁਰਖ ਹੈ। ਏਹਨਾਂ ਦਾ ਰਾਜ਼ਕ ਰਹੀਮ ਭੀ ਇਕੋ ਅਤੇ ਓਹੀ ਅਕਾਲ ਪੁਰਖ ਹੈ। ਸੋ ਸਭਨਾ ਦਾ ਰਾਜ਼ਕ ਖ਼ਾਲਕ ਪਾਲਕ ਇਕੋ ਸਾਂਝਾ ਅਕਾਲ ਪੁਰਖ ਹੈ, ਹੋਰ ਦੂਜਾ ਕੋਈ ਨਹੀਂ। ਇਸ ਦੁਜਾਇਗੀ ਦਾ ਭੇਦ-ਭਰਮ ਭੁਲਕੇ ਭੀ ਨਹੀਂ ਮੰਨਣਾ ਚਾਹੀਦਾ, ਭਾਵ ਮੂਲੋਂ ਹੀ ਮਿੱਟਾ ਦੇਣਾ ਚਾਹੀਦਾ ਹੈ। ਸਭਨਾਂ ਨੂੰ ਇਕੋ ਅਕਾਲ ਪੁਰਖ ਦੀ ਸੇਵਾ-ਭਗਤੀ ਦਾ ਅਧਿਕਾਰ ਹੈ। ਸਭਨਾਂ ਦਾ ਗੁਰਦੇਵ ਭੀ ਇਕੋ ਗੁਰੂ ਅਕਾਲ ਪੁਰਖ ਹੈ। ਸਭੇ ਇਕੋ ਅਕਾਲ ਪੁਰਖ ਦੇ ਸਰੂਪ ਤੋਂ ਉਪਜੇ ਹਨ ਅਤੇ ਇਕੋ ਅਕਾਲ ਪੁਰਖ ਦੀ ਜੋਤਿ ਦਾ ਹੀ ਅੰਸ ਹਨ। ਇਹ ਸਾਰਾ ਭਾਵ ਹੇਠਲੇ ਸਮੁਚੇ ਸ੍ਰੀ ਮੁਖਵਾਕ ਕਬਿੱਤ ਦਾ ਹੈ।
ਯਥਾ ਗੁਰਵਾਕ-
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸ਼ਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥
ਅਕਾਲ ਉਸਤਤਿ
ਤਾਂਤੇ ਇਸ ਸ੍ਰੀ ਮੁਖਵਾਕ ਅੰਦਰਿ ਮਨੁੱਖ ਮਾਤਰ ਨੂੰ ਇਕੈ ਅਕਾਲ ਪੁਰਖ ਦੀ ਉਪਾਸ਼ਨਾ ਤੇ ਇਬਾਦਤ ਦਾ ਗੁਰਮਤਿ ਦੁਆਰਾ ਸਾਂਝਾ ਅਧਿਕਾਰ ਜਣਾਇਆ ਹੈ ਅਤੇ ਕੇਵਲ ਇਕੈ ਗੁਰਮਤਿ-ਆਦਰਸ਼ੀ ਅਕਾਲ ਪੁਰਖ ਦੀ ਉਪਾਸ਼ਨਾ ਦੇ ਆਧਾਰ ਉਤੇ ਹੀ ਪ੍ਰਾਣੀ ਮਾਤਰ ਦਾ ਸੱਚਾ ਉਧਾਰ ਸੁਧਾਰ ਸਿਧ ਕੀਤਾ ਹੈ। ਹੋਰ ਕਿਸੇ ਵੇਦਕਤੇਬੀ ਮਤ ਮਜ਼ਹਬ ਦੁਆਰਾ ਪ੍ਰਾਣੀ ਮਾਤ੍ਰ ਦਾ ਉਧਾਰ ਨਹੀਂ ਹੋ ਸਕਦਾ। ਵੇਦ-ਕਤੇਬੀ ਮਤਾਂ ਪ੍ਰਥਾਇ ਤਾਂ ਗੁਰੂ ਦਸਮੇਸ਼ ਜੀ ਦੇ ਸ੍ਰੀ ਮੁਖਵਾਕ ਇਸ ਬਿਧਿ ਆਉਂਦੇ ਹਨ। ਯਥਾ :-
ਕੋਈ ਪੜ੍ਹਤ ਕੁਰਾਨ ਕੋ, ਕੋਈ ਪੜ੍ਹਤ ਪੁਰਾਨ॥
ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ॥੪੭॥
ਵੇਦ-ਕਤੇਬੀ ਦੋਈ ਮਤ ਇਸ ਸ੍ਰੀ ਮੁਖਵਾਕ ਦੁਆਰਾ ਫੋਕਟ ਧਰਮ ਹੀ ਸਿਧ ਕੀਤੇ ਹਨ। ਤਥਾ-
ਕਈ ਕੋਟਿ ਮਿਲਿ ਪੜ੍ਹਤ ਕੁਰਾਨਾ, ਬਾਚਤ ਕਿਤੇ ਪੁਰਾਨ ਅਜਾਨਾ॥
ਅੰਤ ਕਾਲ ਕੋਈ ਕਾਮ ਨਾ ਆਵਾ॥ ਦਾਵ ਕਾਲ ਕਹੂ ਨ ਬਚਾਵਾ॥੪੮॥
ਬਚਿਤ੍ਰ ਨਾਟਕ, ਅਧਿਆਇ ੬
ਸੋ ਇਹਨਾਂ ਕੁਰਾਨ-ਪੁਰਾਨੀ, ਵੇਦ-ਕਤੇਬੀ ਧਰਮ-ਕਰਮਾਂ ਦਾ ਪ੍ਰੀਤਿਆਗ ਦਸ ਕੇ ਸ੍ਰੀ ਦਸਮੇਸ਼ ਜੀ ਨੇ ਨਾਲ ਲਗਦਾ ਹੀ ਖਾਲਸ-ਤਤ-ਧਰਮੀ ਸ੍ਰੀ ਅਕਾਲ ਪੁਰਖ ਜੀ ਦਾ ਗੁਰਮਤਿ ਜਪ-ਜਾਪ ਸਰਬ ਕਾਇਨਾਤੀ ਜੀਵਾਂ ਲਈ ਕਲਿਆਣਕਾਰੀ ਸਿਧ ਕੀਤਾ ਹੈ। ਯਥਾ-
ਕਿਉਂ ਨ ਜਪੋ ਤਾ ਕੋ ਤੁਮ ਭਾਈ॥ ਅੰਤਕਾਲ ਜੋ ਹੋਇ ਸਹਾਈ॥
ਫੋਕਟ ਧਰਮ ਲਖੋ ਕਰਿ ਭਰਮਾ॥ ਇਨ ਤੇ ਸਰਬ ਨਾ ਕੋਈ ਕਰਮਾ॥੪੯॥
ਭਜੋਂ ਸੁ ਏਕ ਨਾਮਯੰ॥ ਜੁ ਕਾਮ ਸਰਬ ਠਾਮਯੰ॥
ਨ ਜਾਪ ਆਨ ਕੋ ਜਪੋਂ॥ ਨ ਅਉਰ ਥਾਪਨਾ ਥਪੋਂ॥੩੭॥
ਬਿਅੰਤ ਨਾਮੁ ਧਿਆਇ ਹੋਂ॥ ਪਰਮ ਜੋਤਿ ਪਾਇ ਹੋਂ॥
ਨ ਧਿਆਨ ਆਨ ਕੋ ਧਰੋਂ॥ ਨਾ ਨਾਮ ਆਨ ਉਚਰੋਂ॥੩੮॥
ਤਵੱਕ ਨਾਮ ਰੱਤਿਯੰ॥ ਨ ਆਨ ਮਾਨ ਮੱਤਿਯੰ॥
ਪਰੱਮ ਧਿਆਨ ਧਾਰੀਯੰ॥ ਅਨੰਤ ਪਾਪ ਟਾਰੀਯੰ॥੩੯॥
ਤੁਮੇਵ ਰੂਪ ਰਾਚਿਯੰ॥ ਨ ਆਨ ਦਾਨ ਮਾਚਿਯੰ॥
ਤਵੱਕ ਨਾਮ ਉਚਾਰਿਯੰ॥ ਅਨੰਤ ਦੁਖ ਟਾਇਯੰ॥੪੦॥
ਪੁਨਾ- ਜਿਨ ਜਿਨ ਨਾਮੁ ਤਿਹਾਰੋ ਧਿਆਇਆ॥
ਦੂਖ ਪਾਪ ਤਿਨ ਨਿਕਟ ਨ ਆਇਆ॥
ਜੇ ਜੇ ਅਉਰ ਧਿਆਨ ਕੋ ਧਰਹੀਂ॥
ਬਹਿਸ ਬਹਿਸ ਬਾਦਨ ਤੇ ਮਰਹੀਂ॥੪੧॥
ਬਚਿਤ੍ਰ ਨਾਟਕ, ਅਧਿਆਇ ੬
ਤਾਂਤੇ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਵਾਲੇ ਸਮੁੱਚੇ ਸ੍ਰੀ ਮੁਖਵਾਕ ਦਾ ਆਸਰਾ ਲੈ ਕੇ ਜੋ ਲੋਗ ਇਸ ਵਾਕ ਦੇ ਸਿਧਾਂਤ ਤੋਂ ਉਲਟ ਪਰਚਾਰ ਕਰਦੇ ਹਨ, ਉਹ ਗ਼ਲਤ ਰਸਤੇ ਤੇ ਚਲਦੇ ਹਨ ਅਤੇ ਲੋਕਾਂ ਨੂੰ ਚਲਾਉਂਦੇ ਹਨ। ਓਹ ਭੀ ਭਰਮ-ਭੁਲੇਖੇ ਵਿਚ ਹਨ ਜੋ ਲੋਗ ਕਿ ਇਸ ਤੋਂ ਇਹ ਸਿੱਟਾ ਕਢਦੇ ਹਨ ਕਿ ਧਰਮ ਧਾਰਨ ਕਰਨ ਦੀ ਲੋੜ ਹੀਂ ਨਹੀਂ, ਆਪਂ ਸੁਤੇ ਸਿਧ ਹੀ ਸਭ ਦਾ ਉਧਾਰ ਹੋਇਆ ਪਇਆ ਹੈ। ਅਤੇ ਓਹ ਲੋਗ ਭੀ ਭਰਮੇ ਹੋਏ ਹਨ ਅਤੇ ਮੁਗ਼ਾਲਤੇ ਵਿਚ ਪਏ ਹੋਏ ਹਨ ਜੋ ਕਹਿੰਦੇ ਹਨ ਕਿ ਸਭ ਮਜ਼ਹਬ ਇਕ-ਸਾਰ ਹੀ ਕਲਿਆਨਕਾਰੀ ਅਤੇ ਸਰਬ ਜੀਆਂ ਉਧਾਰੀ ਹਨ। ਬਲਕਿ ਇਸ ਸ੍ਰੀ ਮੁਖਵਾਕ ਦੁਆਰਾ ਇਹੋ ਹੀ ਦ੍ਰਿੜ੍ਹਾਇਆ ਗਿਆ ਹੈ ਕਿ:-
ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ…॥੪॥(੮॥੩)
ਬਸੰਤੁ ਮ: ੧, ਪੰਨਾ ੧੧੮੮
ਅਰਥਾਤ, ਇਕੋ ਹੀ ਗੁਰਮਤਿ ਧਰਮ ਸੱਚਾ ਧਰਮ ਹੈ, ਜੋ ਜੁੱਗਾਂ ਜੁਗਾਂਤਰੀ ਪੂਰਾ ਉਤਰਦਾ ਹੈ। ਇਸ ਨੂੰ ਭਾਵੇਂ ਕੋਈ ਧਾਰਨ ਕਰ ਲਵੇ। ਸਭਸ ਨੂੰ ਇਸ ਦੇ ਧਾਰਨ ਕਰਨ ਦਾ ਅਧਿਕਾਰ ਹੈ। ਹਿੰਦੂ, ਤੁਰਕ, ਈਸਾਈ, ਮੂਸਾਈ ਅਤੇ ਕਹਾਉਤੀ ਅਛੂਤ ਜਾਤੀਆਂ ਸਭਨਾਂ ਲਈ ਹੀ ਗੁਰਮਤਿ ਖਾਲਸ ਧਰਮ ਦਾ ਦਰ ਖੁਲ੍ਹਾ ਹੈ। ਜੋ ਇਸ ਖਾਲਸ ਧਰਮ ਨੂੰ ਦ੍ਰਿੜ੍ਹ ਕਰਿ ਧਾਰਨ ਕਰੇਗਾ, ਸਭਸ ਦਾ ਉਧਾਰ ਹੋ ਜਾਏਗਾ। ਇਹ ਭਾਵ ਹਰਗਿਜ਼ ਨਹੀਂ ਕਿ ਅਧਰਮੀਆਂ ਅਨਮਤੀਆਂ ਦਾ ਐਵੇਂ ਹੀ (ਖਾਲਸ ਧਰਮ ਧਾਰਨ ਕੀਤੇ ਬਿਨਾਂ ਹੀ) ਉਧਾਰ ਹੋ ਜਾਇਗਾ।
ਇਤੁ ਭਰਵਾਸੈ ਰਹਣੁ ਕੁਢੰਗਾ॥੯॥
ਭਾਈ ਗੁਰਦਾਸ ਜੀ, ਵਰ ੩੧, ਪਉੜੀ ੯
‘ਗੁਰਮਤਿ ਲੇਖ’ ਪੁਸ਼ਤਕ ਵਿਚੋਂ (‘ਸੂਰਾ’ ਜਨਵਰੀ ੧੯੯੯ )