
ਵੈਸਾਖੀ ਅਤੇ ੧੬੯੯ ਦੀ ਵਿਸਾਖੀ ਦੀ ਸਿਰਜਨਾ
(ਰਾਮ ਸਿੰਘ ਗ੍ਰੈਵਜੈਂਡ ਯੂ. ਕੇ.)
ਸਿੱਖ ਧਰਮ ਵਿਚ ਵੈਸਾਖੀ ਦਾ ਦਿਹਾੜਾ ਖਾਸ ਮਹੱਤਤਾ ਰਖਦਾ ਹੈ ਕਿਉਂਕਿ ਇਸ ਦਿਹਾੜੇ ਤੇ ਸਿਖ ਇਤਿਹਾਸ ਵਿਚ ਕਈ ਖਾਸ ਘਟਨਾਵਾਂ ਵਾਪਰੀਆਂ ਹਨ। ਪਰ ਅਸੀਂ ਉਨ੍ਹਾਂ ਖਾਸ ਘਟਨਾਵਾਂ ਵਿਚੋਂ ਖਾਸ਼ਲਖਾਸ ਦਾ ਹੀ ਜ਼ਿਕਰ ਕਰਦਾ ਹੈ। ਜਿਨ੍ਹਾਂ ਨੇ ਕਿ ਸਿਖ ਧਰਮ ਨੂੰ ਹਰ ਪਹਿਲੂ ਤੋਂ ਰੁਸ਼ਨਾ ਕੇ ਰੱਖ ਦਿਤਾ। ਸਭ ਤੋਂ ਵੱਡੀ ਘਟਨਾ ੧੪੬੯ ਦੀ ਵੈਸਾਖੀ ਵਾਲੇ ਦਿਨ ਸਿਖ ਧਰਮ ਦੇ ਬਾਨੀ ਪਹਿਲੇ ਸਿੱਖ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਜੋ ਇਸ ਜਲਦੀ ਬਲਦੀ ਦੁਨੀਆਂ ਦੇ ਆਧਾਰ ਕਰਨ ਲਈ ਵਾਪਰੀ। ਦੂਸਰੀ ਮਹਾਨ ਘਟਨਾ ਸਤਿਗੁਰ ਨਾਨਕ ਵਲੋਂ ਚਿਤਰਿਆ ‘ਸਚਿਆਰ’ ਭਾਵ ਨਿਰਾਲਾ ਪੰਥ ਨਿਰਾਲੇ ਰੂਪ ਵਿਚ ੧੬੯੯ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਦਸਵੇ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਕਰ-ਕਮਲਾਂ ਅਤੇ ਸ਼ਾਹੀ ਜਲਾਲ ਰਾਹੀ ਪ੍ਰਗਟ ਹੋਣਾ। ਇਨ੍ਹਾਂ ਦੋ ਘਟਨਾਵਾਂ ਨੇ ਆਮ ਲੋਕਾਂ ਦੇ ਮਨਾ ਵਿਚ ਸਹੀ ਅਰਥਾਂ ਵਿਚ ਇਕ ਖਾਸ ਕ੍ਰਾਂਤੀ ਲਿਆਂਦੀ ਜਿਸ ਨਾਲ ਰੁਕੇ ਹੋਏ ਸਾਹ ਸਿਰਫ ਚੈਨ ਦਾ ਸਾਹ ਲੈਣ ਜੋਗੇ ਹੀ ਨਹੀਂ ਹੋਏ, ਸਗੋਂ ਸਾਹ ਲੈਣ ਵਾਲੀ ਹਵਾ ਤੇ ਉਸ ਦੇ ਵਾਤਾਵਰਣ ਨੂੰ ਆਪਣੇ ਵਿਚ ਭਰੇ ਦੈਵੀ ਗੁਣਾਂ ਨਾਲ ਸੁਖਾਵਾਂ ਅਤੇ ਖੁਸ਼ਬੁਦਾਰ ਬਣਾ ਦਿਤਾ। ਜਿਸ ਵਿਚੋਂ ਅਤੇ ‘ਸਚਿਆਰ’ ਅਰਥਾਤ ਨਿਰਾਲਾ ਖਾਲਸਾ ਅਕਾਲ ਪੁਰਖ ਕੀ ਫੋਜ ਦੇ ਰੂਪ ਵਿਚ ਪ੍ਰਗਟ ਹੋਇਆ।
ਅੇਸੇ ਖਾਲਸੇ ਦੀ ਨੀਂਹ ਖਾਸ ਦੈਵੀ ਗੁਣਾਂ ਤੇ ਰੱਖੀ ਗਈ। ਉਨ੍ਹਾਂ ਗੁਣਾਂ ਨਾਲ ਸੰਗਾਰਨ ਲਈ ਸਭ ਤੋਂ ਪਹਿਲਾਂ ਸੰਗਤ ਤੇ ਪੰਗਤ ਰਾਹੀਂ ਸਭ ਵਿਚੋਂ ਊਚ ਨੀਚ ਮਿਟਾ ਕੇ ‘ਮਨ ਨੂੰ ਜੋਤ ਸਰੂਪ’ ਅਤੇ ਸਭ ਨੂੰ ਇਕੋ ‘ਮਾਨਸ ਕੀ ਜਾਤ’ ਸਮਝਣ ਦਾ ਅਦੁੱਤੀ ਸਬਕ ਸਿਖਾਇਆ ਗਿਆ। ਐਸਾ ਸਬਕ, ਸਿਖਾਉਣ ਲਈ ਗੁਰੂ ਨਾਨਕ ਸਾਹਿਬ ਨੇ ‘ਮੂਲ ਮ੍ਰੰਤ’ ਅਤੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਨੂੰ ਵਿਸ਼ੇ ਪ੍ਰਣਾਲੀ (syllabus) ਦੇ ਰੂਪ ਵਿਚ ਵਰਤਿਆ। ਪਹਿਲੀ ਪੌੜੀ ਦੀਆਂ ਪਹਿਲੀਆਂ ਚਾਰ ਤੁੱਕਾਂ ਰਾਹੀਂ ‘ਕਰਮ ਕਾਂਡਾਂ’, ਫੋਕਟ ਧਰਮ ਕਰਮਾਂ ਵਿਚ ਫਸੇ ਹੋਏ ਸਮਾਜ ਅਤੇ ਲਾਲਚ ਵੱਸ ਹੋਏ ਅਧਰਮੀ ਹੁਕਮਰਾਨਾਂ ਦੀ ਹੂ-ਬ-ਹੂ ਤਸਵੀਰ ਖਿੱਚ ਕੇ ਸਿਖਾਂਦਰੂਆਂ ਅੱਗੇ ਰੱਖ ਦਿੱਤੀ। ਇਹ ਇਸ ਲਈ ਕਿ ਸਿਖਾਂਦਰੂਆਂ ਨੂੰ ਐਸੀ ਨਿਘਰੀ ਹੋਈ ਦਸ਼ਾ ਵਿਚੋਂ ਕੱਢ ਕੇ ਖਾਸ ਉੱਚੀ ਦਸ਼ਾ ਵੱਲ ਲੈ ਜਾਣਾ ਸੀ।ਐਸਾ ਕਰਨ ਲਈ ਮੂਲ ਮੰਤ੍ਰ ਦੇ ਖਾਸ ਦੋ ਸਬਦ ‘ਨਿਰਭਉ ਅਤੇ ਨਿਰਵੈਰ’ ਜੋ ਹਰ ਤਰ੍ਹਾਂ ਦੇ ਦੈਵੀ ਗੁਣ ਦਾ ਸਮੂਹ ਹਨ, ਵਰਤੇ ਗਏ।
ਇਨ੍ਹਾਂ ਸ਼ਬਦਾਂ ਦੀ ਵਰਤੋਂ ਖਾਸ ਮਹੱਤਤਾ ਰੱਖਦੀ ਹੈ। ਇਨਹਾਂ ਸ਼ਬਦਾਂ ਰਾਹੀਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਲਹਿਣਾ ਨੂੰ ਗੁਰੂ ਅੰਗਦ ਬਣਾ ਦਿਤਾ ਅਤੇ ਅਗਾਂਹ ਦਸਵੇਂ ਨਾਨਕ ਗੁਰੂ ਗੋਬਿੰਦ ਰਾਏ ਤਕ ਇਹ ਸਿਲਸਿਲਾ ਚਲਦਾ ਰਿਹਾ। ਪਰ ੧੬੯੯ ਦੀ ਵੈਸਾਖੀ ਤੇ ਇਕ ਦੀ ਥਾਂ ਪੰਜਾਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਇਕ ਖਾਸ ਰੁਤਬਾ ਦੇ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਦਾ ਟੀਚਾ ਸੀ। ਸੋ ਉਸ ਦਿਨ ਇਹ ਇਹ ਵਾਪਰੀ ਘਟਨਾਂ ਦੁਨੀਆਂ ਨੂੰ ਇਕ ਅਜੂਬਾ ਅਤੇ ਕਰਾਮਾਤ ਵਾਂਗ ਲੱਗੀ। ਕਿਉਂ? ਕਿਉਂਕਿ ਉਸ ਵੇਲੇ ਸਮਾਜ ਸੰਜਮ ਰਹਿਤ (undisciplined) ਹੋ ਚੁੱਕਾ ਸੀ। ਅਤੇ ਉਸ ਸਮਾਜ ਵਿਚੋਂ ਸੰਜਮ ਤੇ ਜ਼ਬਤ ਵਾਲਾ (disciplined) ਮਨੁਖ (ਮਨੁੱਖਾਂ ਦਾ ਸਮੂਹ- ਖਾਲਸਾ) ਸਿਰਜ ਦੇਣਾ ਠੀਕ ਹੀ ਕਰਾਮਾਤਾਂ ਦੀ ਭੀ ਕਰਾਮਾਤ ਸੀ। ਸੰਜਮ ਜ਼ਬਤ, ਭੈ ਅਤੇ ਹੁਕਮ ਵਿਚ ਸਾਰਾ ਸੰਸਾਰ ਭਾਵ ਚੰਦ, ਸੂਰਜ, ਸਿਤਾਰੇ, ਹਵਾ, ਪਾਣੀ, ਅੱਗ, ਪਸੂ ਆਦਿ ਸਭ ਚਲ ਰਿਹਾ ਹੈ। ਇਕ ਬੰਦਾ ਹੀ ਜਿਸ ਨੂੰ ਮੁੜ ਮੁੜ ਸੰਜਮ, ਭੈ, ਹੁਕਮ ਵਿਚ ਚੱਲਣ ਲਈ ਯਾਦ ਕਰਾਇਆ ਜਾਂਦਾ ਹੈ ਅਤੇ ਬੰਦਾ ਅਕਲ ਵਾਲਾ ਹੁੰਦਾ ਹੋਇਆ ਭੀ ਮੁੜ ਮੁੜ ਸੰਜਮ ਆਦਿ ਦੀ ਉਲੰਘਣਾ ਕਰ ਕਰ ਕੇ ਆਪਣੇ ਆਪ ਨੂੰ ਖਤਰਿਆਂ, ਤਕਲੀਫਾਂ ਤੇ ਦੁਖਾਂ ਵਿਚ ਪਾਈ ਰਖਦਾ ਹੈ।
ਪਰ ਅਨੰਤ ਕਲਾ ਦੇ ਮਾਲਕ ਗੁਰੂ ਨਾਨਕ ਦੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦੀਆਂ ਅੰਤਮ ਦੋ ਤੁਕਾਂ ਵਿਚ ਚਿਤਰਿਆ ਹੁਕਮ ਵਿਚ ਵਿਚਰਨ ਵਾਲਾ ‘ਸਚਿਆਰ’ ਖਾਲਸਾ, ਉਸੇ ਅਨੰਤ ਕਲਾ ਦੇ ਮਾਲਕ ਗੁਰੂ ਗੋਬਿੰਦ ਰਾਏ ਰਾਹੀਂ ਪ੍ਰੀਖਿਆ ਦੇ ਮੈਦਾਨ ਵਿਚੋਂ ਕੁੰਦਨ ਵਾਂਗ ਖਾਲਸ ਬਣਾਕੇ ਅੰਤਮ ਰੂਪ ਵਿਚ ਪ੍ਰਗਟ ਕਰ ਦਿਤਾ ਗਿਆ। ਕੁੰਦਨ ਭੀ ਤਲਵਾਰ ਦੀ ਤੇਜ਼ ਧਾਰ ਰਾਹੀਂ ਐਸਾ ਕੀਤਾ ਕਿ ਦੋਨੋਂ ‘ਨਿਰਭਉ’ ਤੇ ‘ਨਿਰਵੈਰ’ ਗੁਣ ਉਨ੍ਹਾਂ ਵਿਚ ਕੁੱਟ ਕੁੱਟ ਭਰ ਦਿੱਤੇ। ਇਹ ਹੀ ਤਾਂ ਦੋ ਗੁਣ ਹਨ ਜੋ ਇਕ ਧਰਮੀ ਬੰਦੇ ਵਿਚ ਹੋਣੇ ਚਾਹੀਦੇ ਹਨ, ਨਹੀਂ ਤਾਂ ਧਰਮੀ ਹੋਣ ਦਾ ਨਿਰਾ ਦਿਖਾਵਾ ਹੀ ਹੈ, ਜੋ ਬਹੁਤ ਕਰਕੇ ਹੋਇਆ ਕਰਦਾ ਹੈ ਅਤੇ ਅੱਜ ਤਾਂ ਇਹ ਜੋਰਾਂ ਤੇ ਹੈ। ਖੇਰ ਇਨ੍ਹਾਂ ਗੁਣਾਂ ਰਾਹੀਂ ਇੱਕਲੇ ਇੱਕਲੇ ਨੇ ਸਵਾ ਲੱਖ ਨਾਲ ਆਢਾ ਲੈਂਦਿਆਂ ਕਿਸੇ ਤਰ੍ਹਾਂ ਦਾ ਡਰ, ਭਉ ਨੇੜੇ ਨਹੀਂ ਆਉਣ ਦਿੱਤਾ। ਅਪਣੇ ਗੁਰੂ ਨੂੰ ਵੀ ਸਮਾਂ ਪੈਣ ਤੇ ਨਿਡਰ ਹੋ ਕੇ ਹੁਕਮ ਕਰ ਦਿੱਤਾ, ਕਿਉਂਕਿ ਪਿਆਰੇ ਗੁਰੂ ਜੀ, ਪਿਆਰੇ ਪੰਜਾਂ ਨੂੰ ਪ੍ਰੀਖਿਆ ਵਿਚੋਂ ਪਾਸ ਹੋਣ ਤੇ ਉਨ੍ਹਾਂ ਤੋਂ ਆਪ ਅੰਮ੍ਰਿਤ ਛਕ ਕੇ ਇਕ ਤਾਂ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਤੇ ਦੂਸਰੇ ਉਨ੍ਹਾਂ ਨੂੰ ਅਗਾਂਹ ਵਾਸਤੇ ਦੇਹਧਾਰੀ ਗੁਰੂ ਦੀ ਪ੍ਰਪਰਾ ਖਤਮ ਕਰਕੇ, ਗੁਰੂ ਪਦਵੀ ਬਖਸ਼ ਦਿੱਤੀ ਜੋ ਜੋਤੀ ਜੋਤ ਸਮਾਉਣ ਸਮੇਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੱਕੇ ਤੌਰ ਤੇ ਪ੍ਰਦਾਨ ਕਰ ਦਿੱਤੀ। ਇਹ ਹੀ ਨਹੀਂ ਸਾਰੇ ਦੇਸ਼ ਭਰ ਵਿਚੋਂ ਨੌਜਵਾਨ ਬੱਚੀਆਂ ਤੇ ਬੀਬੀਆਂ ਦੇ ਰੂਪ ਵਿਚ ਦੇਸ਼ ਦੀ ਲੁੱਟੀ ਜਾਂਦੀ ਇਜ਼ਤ ਨੂੰ ਆਜ਼ਾਦ ਕਰਾਉਣ ਲੱਗਿਆਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਜਾਂ ਡਰ ਨਹੀਂ ਨੇੜੇ ਆਉਣ ਦਿੱਤੇ। ਨਿਰਵੈਰਤਾ ਇਥੇ ਤਕ ਕਿ ਜੇ ਅਪਣੇ ਜ਼ਖਮੀਆਂ ਨੂੰ ਪਾਣੀ ਤੇ ਮਲੱਹਮ ਪੱਟੀ ਦੀ ਸੇਵਾ ਪ੍ਰਦਾਨ ਕੀਤੀ ਤਾਂ ਵੈਰੀ ਦੇ ਜ਼ਖਮੀਆਂ ਨੂੰ ਭੀ ਬਿਨਾਂ ਕਿਸੇ ਵਿਤਕਰੇ ਦੇ ਉਹੀ ਸਹੂਲਤਾਂ ਦਿੱਤੀਆਂ। ਇਸ ਤੋਂ ਵੀ ਵੱਧ, ਫਤਿਹ ਕੀਤਾ ਦਿੱਲੀ ਦਾ ਤਖਤ, ਵੈਰੀ ਦੀ ਇਕ ਬੀਬੀ ਦੇ ਖਾਲਸੇ ਨੂੰ ਆਪਣਾ ਭਰਾ ਕਹਿਣ ਤੇ ਹੀ ਵਾਪਸ ਕਰ ਦਿੱਤਾ। ਗੱਲ ਕੀ ਉਸ ੧੬੯੯ ਦੀ ਵੈਸਾਖੀ ਤੇ ਸਿਰਜੇ ਖਾਲਸੇ ਨੇ ਖਾਲਸੇ ਬਖਸ਼ੀਆਂ ਦਾਤਾਂ, ਭਾਵ ਦੈਵੀ ਗੁਣਾਂ ਨੂੰ ਪੱਲੇ ਬੰਨ ਅਤੇ ਉਨ੍ਹਾਂ ਤੇ ਪਹਿਰਾ ਦਿੰਦੇ ਹੋਏ ਦੁਨੀਆਂ ਨੂੰ ਉਹ ਕਾਰਨਾਮੇ ਕਰ ਦਿਖਾਏ ਕਿ ਜਿਥੇ ਦੁਨੀਆਂ ਦੰਗ ਰਹਿ ਗਈ ਉਥੇ ਬੜਾਂ ਅਮੀਰ ਇਤਿਹਾਸ ਸਿਰਜ ਕੇ ਰੱਖ ਦਿਤਾ। ਇਨ੍ਹਾਂ ਗੁਣਾਂ ਵਿਚੋਂ ਪ੍ਰਾਪਤ ਕੀਤੇ ਉੱਚੇ ਸੁੱਚੇ ਇਖਲਾਕ ਨੇ ਤਾਂ ਦੁਸ਼ਮਣ ਨੂੰ ਭੀ ਖਾਲਸੇ ਦੀ ਸਿਫਤ ਕਰਨ ਤੇ ਮਜ਼ਬੂਰ ਕਰ ਦਿਤਾ।
ਪਰ ਐਸੇ ਨਿਰਭਉ ਤੇ ਖਾਸ ਕਰਕੇ ਨਿਰਵੈਰ ਅਤੇ ਸਭ ਤੇ ਵਿਸ਼ਵਾਸ਼ ਕਰਨ ਵਾਲੇ ਖਾਲਸੇ ਨੂੰ ਦੁਨਿਆਵੀ ਤੌਰ ਤੇ ਕਮਲਾ ਸਮਝਕੇ ਇਸ ਨੂੰ ਉਸ ਵੇਲੇ ਤੋਂ ਹੀ ਖਤਮ ਕਰਨ ਦੇ ਬਾਨ੍ਹਣੂ ਭੀ ਨਾਲ ਨਾਲ ਹੀ ਬਝਣੇ ਸ਼ੁਰੂ ਹੋ ਗਏ। ਦੇਸ਼ ਦੀ ਲੁੱਟੀ ਜਾਂ ਰਹੀ ਇਜ਼ਤ ਨੂੰ ਬਚਾਉਣ ਵਾਲੇ, ਦੇਸ ਨੂੰ ਹਰ ਪੱਖੋਂ ਆਜ਼ਾਦ ਕਰਾਉਣ ਤੇ ਆਜ਼ਾਦ ਰੱਖਣ ਅਤੇ ਆਪਣੇ ਪੈਰਾਂ ਤੇ ਖੜਾ ਕਰਨ ਲਈ ਹਰ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਉੱਠਾ ਕੇ ਪਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਉਲਾਂਭਾ ਤਕ ਨਾ ਦੇਣ ਵਾਲੇ ਖਾਲਸੇ ਦਾ ਬੜੀਆਂ ਗੁੰਝਲਦਾਰ ਸਕੀਮਾਂ ਰਾਹੀਂ ਖਰਾ ਖੋਜ ਮਿਟਾਉਣ ਲਈ ਹਰ ਤਰ੍ਹਾਂ ਦਾ ਹਥਿਆਰ ਵਰਤਣਾ ਕਿਸ ਤਰਾਂ ਦੀ ਅਹਿਸਾਨ ਮੰਦੀ ਹੈ। ਹੈ ਕੋਈ ਪ੍ਰਮਾਤਮਾਂ ਦਾ ਡਰ? ਇਹ ਉਹ ਚਾਲ ਹੈ ਜੋ ਇਕ ਬੰਦਰ ਈਰਖਾ ਵੱਸ ਹੋਕੇ ਬਿੱਜੜੇ ਦਾ ਬੜੀ ਮਿਹਨਤ ਦੁਆਰਾ ਬਣਾਇਆ ਆਲ੍ਹਣਾ ਤੋੜ ਮੋੜ ਕੇ ਡੱਖਾ ਡੱਖਾ ਕਰ ਦਿੰਦਾ ਹੈ। ਇਨ੍ਹਾਂ ਚਾਲਾਂ ਰਾਹੀਂ, ਗੁਰੂ ਸਾਹਿਬ ਵੱਲੋਂ ਕੁੰਦਨ ਦੀ ਤਰਾਂ ਖਾਲਸ ਕੀਤਾ ਖਾਲਸਾ ਹਰ ਤਰਾਂ ਦੇ ਦੈਵੀ ਗੁਣਾਂ ਅਲਵਿਦਾ ਕਹੀ ਜਾ ਰਿਹਾ ਹੈ ਤੇ ਇਨ੍ਹਾਂ ਚਾਲਾਂ ਨੂੰ ਸਮਝਣ ਦੇ ਅਸਮਰਥ ਹੰਦਾ ਜਾ ਰਿਹਾ ਹੈ। ਅਤੇ ਸਿਖ ਜਗਤ ਸਿੱਟੇ ਵਜੋਂ ਮੁੜ ਉਨ੍ਹਾਂ ਹੀ ਕਰਮ ਕਾਂਡਾਂ ਫੋਕਟ ਧਰਮ ਕਰਮਾਂ (ਗੁੰਗੇ ਅਖੰਡ ਪਾਠ ਆਦਿ) ਵਹਿਮਾਂ, ਜਾਤ ਪਾਤ ਦੇ ਚੱਕਰਾਂ, ਆਪਸੀ ਝਗੜਿਆਂ ਵਿਚ ਫਸਿਆ ਉਸੇ ਤਰਾਂ ਹੀ ਵਡਮੁੱਲੇ ਜੀਵਨ ਨੂੰ ਵਿਅਰਥ ਗੁਆ ਰਿਹਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਸਮਾਜ ਸਸਤੀ ਸਿਆਸਤ ਦੀ ਸ਼ੁਹਰਤ ਰਾਹੀਂ ਧਰਮ ਦੀ ਖਿੱਲੀ ਉਡਾ ਰਿਹਾ ਹੈ।
ਜੇ ਇਸ ਖਾਲਸਾ ਸਾਜਨਾ ਸਿਰਜਨਾ ਦਿਨ ਨੂੰ ਮਨਾਉਦਾ ਹੋਇਆ ਸਿਖ ਜਗਤ ਖਾਲਸਾ ਪੱਦਵੀਂ ਦੀ ਮਹੱਤਤਾ ਸਮਝ ਕੇ ੧੬੯੯ ਦੀ ਵੈਸਾਖੀ ਵਾਲੇ ਦਿਨ ਬਖਸ਼ੇ ਦੈਵੀ ਗੁਣਾਂ ਨੂੰ ਮੁੜ ਗ੍ਰਹਿਣ ਕਰਨ ਦੀ ਪ੍ਰਤਿਗਿਆ ਨਹੀਂ ਕਰਦਾ ਤਾਂ ਇਹ ਦਿਵਸ ਭਾਵੇਂ ਕਿਨੀਆਂ ਧੂਮ ਧਾਮਾਂ ਨਾਲ ਮਨਾਇਆ ਜਾਵੇ। ਇਹ ਇਕ ਦਿਖਾਵਾ ਹੀ ਬਣ ਕੇ ਰਹਿ ਜਾਵੇਗਾ। ਕੀ ਐਸਾ ਦਿਖਾਵਾ ਗੁਰੂ ਜੀ ਨੂੰ ਭਾਇਗਾ? ਗੁਰੂ ਸਾਹਿਬ ਨੂੰ ਭਾਉਣ ਉਸ ਖਾਲਸਈ ਸ਼ਾਨ ਨੂੰ ਮੁੜ ਅਪਨਾਉਣ, ਕਾਇਮ ਕਰਨ ਤੇ ਕਾਇਮ ਰੱਖਣ ਲਈ ਪ੍ਰਤਿਗਿਆ ਇਸ ਸ਼ੁਭ ਦਿਹਾੜੇ ਕਰਕੇ ਇਸ ਨੰ ਅਮਲੀ ਰੂਪ ਦੇਣਾ ਹੋਵੇਗਾ। ਫਿਰ ਗੁਰੂ ਸਹਾਈ ਜ਼ਰੂਰ ਹੋਇਗਾ। ਗੁਰੂ ਜੀ ਮਹਿਰਾਂ ਕਰਨ !
(“ਸੂਰਾ” ਅਪ੍ਰੈਲ ੧੯੯੯ )