ਸੌਦਾ ਸਾਧ ਦੀਆਂ ਫੁਕਰੀਆਂ
(ਗੁਰਸਿੱਖ ਫੀਚਰਸ)
ਭਾਰਤੀ ਲੋਕ ਸਭਾ ਲਈ ਚਲ ਰਹੇ ਚੋਣ ਦਗੰਲ ਚ ਸਿਰ ਕੱਢ ਅਤੇ ਸਥਾਪਤ ਸਿਆਸੀ ਆਗੂਆਂ ਦੀ ਇੱਜ਼ਤ ਦਾਅ ਤੇ ਲਗੀ ਹੈ। ਪ੍ਰਚਾਰ ਮਾਧਿਅਮਾਂ ਦਾ ੯੫% ਤੋਂ ਵੱਧ ਜੋਰ ਚੋਣ ਦਗੰਲ ਦੀਆਂ ਖਬਰਾਂ ‘ਚ ਲੱਗਾ ਹੋਇਆ ਹੈ।
ਗੱਲਵੱਢ ਮੁਕਾਬਲਿਆ ਦੇ ਚਲਦਿਆ ਵੱਡੇ ਵੱਡੇ ਪਾਟੇ ਖਾਂ ਤੇ ਨਾਡੂ ਖਾਂ ਅਖਵਾਉਣ ਵਾਲੇ ਲੀਡਰ ਵੀ ਘਰ-ਘਰ ਜਾ ਕੇ ਵੋਟਾਂ ਲਈ ਲੋਕਾਂ ਦੇ ਤਰਲੇ ਕੱਢਣ ਤੇ ਮਜ਼ਬੂਰ ਹੋਏ ਪਏ ਹਨ।
ਗਰੀਬ ਤੋਂ ਗਰੀਬ, ਪਿਛੜੇ ਤੋਂ ਪਿਛੜੇ ਤੇ ਨਿਮਾਣੇ ਤੋਂ ਨਿਮਾਣੇ ਵਿਅਕਤੀ ਦੀ ਵੀ ਇਸ ਸਮੇਂ ਪੂਰੀ ਚੜ੍ਹਤ ਬਣੀ ਹੋਈ ਹੈ ਕਿਉਂਕਿ ਵੋਟਾਂ ਦੀ ਲੋੜ ਨੂੰ ਵੱਡੇ ਵੱਡੇ ਹੈਂਕੜਬਾਜ਼ ਤੇ ਆਕੜਚੰਦ ਵੀ ਆਮ ਬੰਦੇ ਦੇ ਤਰਲੇ ਕੱਢਣ ਤੇ ਮਜ਼ਬੂਰ ਹੋਏ ਪਏ ਹਨ।
ਪੰਜ ਸਿਤਾਰਾ ਹੋਟਲਾਂ ‘ਚ ਕੀਮਤੀ ਸ਼ਰਾਬ ਤੇ ਮੋਟੀ ਰਕਮਾਂ ਖਰਚ ਕੇ ਨਾਚੀਆਂ ਦੇ ਨਾਚ ਦੇਖਣ ਵਾਲੇ ਵੱਡੇ ਸਫੈਦਪੋਸ਼ ਇਹਨੀ ਦਿਨੀ ਵੋਟਾਂ ਲਈ ਦਿਲੀ, ਮੁਬੰਈ, ਆਗਰਾ, ਕੱਲਕੱਤਾ ਤੇ ਦੇਸ਼ ਦੇ ਹੋਰ ਹਿਸਿਆ ਵਿਚ ਬਣੇ ਰੇਡ-ਲਾਈਟ ਇਲਾਕਿਆਂ ‘ਚ ਸਰੀਰ ਵੇਚਣ ਵਾਲੀਆਂ ਤ੍ਰੀਮਤਾਂ ਤੱਕ ਦੇ ਤਰਲੇ ਕੱਢ ਰਹੇ ਹਨ।
ਗੱਲ ਕੀ ਕੇ ਭਾਰਤੀ ਲੋਕ-ਸਮਾਜ ਦਾ ਮਾੜੇ ਤੋਂ ਮਾੜਾ ਵਰਗ ਵੀ ਇਹਨੀ ਦਿਨੀ ਬਾਦਸ਼ਾਹ ਬਣਿਆ ਹੋਇਆ ਹੈ ਤੇ ਹਕੂਮਤਾਂ ਕਰਨ ਵਾਲੇ ਆਗੂ ਇਹਨਾਂ ਦੇ ਮੁਖਾਜ।
ਕਿਸੇ ਸਮੇਂ ਦੇਸ਼ ਦੀਆਂ ਵੱਡੀਆਂ ਰਾਜਸ਼ੀ ਪਾਰਟੀਆਂ ਦੇ ਲੀਡਰਾਂ, ਨੌਕਰਸ਼ਾਹਾਂ ਤੇ ਧਨਾਡ ਵਿਉਪਾਰੀਆਂ/ਇੰਡਸਟਰੀਲਿਸਟਾਂ ਨੂੰ ਆਪਣੇ ਮੱਕੜਜਾਲ ‘ਚ ਫਸਾ ਕੇ ਰਬ ਬਣਨ ਦੇ ਸੁਪਨੇ ਦੇਖਣ ਵਾਲਾ ਸੌਦਾ ਸਾਧ ਬਿਚਾਰਾ ਪਿਛਲੇ ਲੰਮੇ ਅਰਸੇ ਤੋਂ ਇਕ ਨੁਕਰੇ ਲੱਗਾ ਬੈਠਾ ਹੈ। ਨਾ ਤਾਂ ਕੋਈ ਲੀਡਰ ਇਹਦੇ ਡੇਰੇ ਤੇ ਜਾਵੇ ਤੇ ਨਾਂ ਹੀ ਕੋਈ ਅਫਸਰ। ਸਾਧਵੀਆਂ ਦੀਆਂ ਰਾਸਲੀਲਾਵਾਂ ਤੇ ਡੇਰੇ ਤੇ ਹੋਣ ਵਾਲੀਆਂ ਰੰਗ ਰਲੀਆਂ ਦੇ ਕਿੱਸੇ ਹੁਣ ਪੰਜਾਬ, ਹਰਿਆਣਾ ਦੇ ਘਰ-ਘਰ ‘ਚ ਸੁਣੇ-ਸੁਣਾਏ ਜਾਂਦੇ ਹਨ। ਅਜਿਹੇ ਹਾਲਾਤਾਂ ‘ਚ ਭਲਾ ਕੋਈ ਇੱਜ਼ਤਦਾਰ ਜਾਂ ਲੋਕ ਵਿਖਾਵੇ ਖਾਤਰ ਇੱਜ਼ਤਦਾਰ ਬਣੀ ਬੈਠਾ ਬੰਦਾ ਡੇਰੇ ਤੇ ਜਾਣਾ ਕਿਵੇਂ ਪਸੰਦ ਕਰ ਸਕਦਾ ਹੈ। ਡੇਰੇ ਤੇ ਜਾਣਾ ਤਾਂ ਦੂਰ ਰਿਹਾ ਸੌਦਾ ਸਾਧ ਨਾਲ ਕੋਈ ਸਿਆਣਾ ਸਿਆਸਤਦਾਨ ਹੁਣ ਦੂਰ ਦਰਾਡੇ ਦਾ ਰਿਸਤਾ ਰੱਖਣਾ ਵੀ ਪਸੰਦ ਨਹੀਂ ਕਰਦਾ। ਕਿਉਂਕਿ ਭਾਰਤੀ ਲੋਕ ਮਾਨਸ ਵਿਚ ਚਰਿਤਰ ਤੇ ਲੱਗਾ ਇਲਜ਼ਾਮ ਚੰਗੇ ਭਲਿਆ ਨੂੰ ਭਾਰੀ ਪੈ ਜਾਂਦਾ ਹੈ, ਹੁਣ ਤਾਂ ਕੋਈ ਸਿਆਣਾ ਪੱਤਰਕਾਰ ਵੀ ਖਬਰ ਲੈਣ ਲਈ ਡੇਰੇ ਤੇ ਨਹੀਂ ਜਾਂਦਾ ਤੇ ਪ੍ਰਚਾਰ ਮਾਧਿਆਮਾਂ ਵਿਚ ਵੀ ਬਾਬੇ ਬਿਚਾਰੇ ਦੀਆ ਹੁਣ ਕੋਈ ਖਬਰਾਂ ਨਹੀਂ ਲਾਉਂਦਾ, ਬਾਬਾ ਤਾਂ ਹੁਣ ਸਿਰਫ ਅਦਾਲਤਾਂ ਦੀਆਂ ਤਰੀਖਾਂ ਭੁਗਤਣ ਜੋਗਾ ਹੀ ਰਹਿ ਗਿਆ ਹੈ।
ਅਜੇਹੇ ਹਾਲਾਤਾਂ ਚ’ ਬਾਬੇ ਨੇ ਆਪਣੇ infriority complex ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਿਆਂ ਡੇਰੇ ਤੇ ਫਿਲਮਾਇਆ ਗਿਆ ਇਕ ਵੀਡੀਓ ਕੁਝ ਟੀ.ਵੀ. ਚੈਨਲਾਂ ਨੂੰ ਦੇ ਕੇ ਆਪਣੇ ਆਪ ਨੂੰ ਮੁੜ ਚਰਚਾ ‘ਚ ਲਿਆਉਣ ਦੀ ਹੋਸ਼ੀ ਜਿਹੀ ਕੋਸ਼ਿਸ਼ ਕੀਤੀ ਹੈ। ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਣ ਵਾਲੇ ਡੇਰੇ ਦੇ ਪ੍ਰਵੱਕਤਾ ਆਦਿਤਿਆ ਅਰੋੜਾ ਨੇ ਪੱਤਰਕਾਰਾਂ ਮੁਹਰੇ ਇਹ ਕਿਹਾ ਹੈ ਕੀ ਕਿਸੇ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਬਾਬੇ ਨੇ ਕਿਹਾ ਹੈ ਕਿ ਉਹ ਅਕਾਲ ਤਖਤ ਸਾਹਿਬ ਜਾ ਕੇ ਗੱਲਬਾਤ ਕਰਨੀ ਚਾਹੁੰਦਾ ਹੈ ਪਰ ਅਕਾਲ ਤਖ਼ਤ ਵਾਲਿਆਂ ਨੇ ਇਹ ਸ਼ਰਤ ਲਾਈ ਕਿ ਬਾਬਾ ਇਕੱਲਾ ਆਵੇ ਜਦ ਕੀ ਬਾਬੇ ਦੇ ਅਖਾਉਤੀ ਪ੍ਰੇਮੀ, ਬਾਬੇ ਦੇ ਨਾਲ, ਬਾਬੇ ਦੇ ਕਹੇ ਬਿਨਾ ਹੀ ਆਪਣੇ ਆਪ ਅਕਾਲ ਤਖ਼ਤ ਸਾਹਿਬ ਜਾਣਾ ਚਾਹੁੰਦੇ ਹਨ ਜਾਂ ਪਹੁੰਚਣਗੇ।
ਡੇਰੇ ਵੱਲੋਂ ਜਾਰੀ ਇਸ ਵੀਡੀਓ ਵਿਚ ਬਾਬੇ ਨੂੰ ਇਹ ਕਹਿੰਦਿਆ ਦਿਖਾਇਆ ਗਿਆ ਹੈ ਕਿ “ਮੈਂ ਤਾਂ ਇਕੱਲਾ ਚਲਾ ਜਾਵਾਂ, ਪਰ ਮੇਰੇ ਸਮਰਥਕਾਂ ਤੇ ਮੈਂ ਇਹ ਪਾਬੰਦੀ ਨਹੀਂ ਲਾ ਸਕਦਾ ਕੀ ਉਹ ਮੇਰੇ ਨਾਲ ਨਾ ਜਾਣ”। ਬਾਬਾ ਇਸ ਵੀਡੀਓ ਵਿਚ ਇਹ ਝੂਠ ਵੀ ਬੋਲਦਾ ਹੈ ਕਿ “ਅਕਾਲ ਤਖ਼ਤ ਵਾਲਿਆ ਦਾ ਕਹਿਣਾ ਹੈ ਕਿ ਜੇ ਤੂੰ ਆਇਆ ਤਾਂ ਤੂੰ ਤਾਂ ਫਿਰ ੨੦ ਲੱਖ ਬੰਦਿਆਂ ਨੂੰ ਨਾਲ ਲੈ ਆਏਗਾ”।
ਬਾਬਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸਦੇ ਕੋਲ ੨੦ ਲੱਖ ਚਾਟੜਿਆਂ ਦਾ ਵੋਟ ਬੈਂਕ ਹੈ। ਤੇ ਨਾਲ ਹੀ ਇਹ ਵੀ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਜਿਵੇਂ ਅਕਾਲ ਤਖ਼ਤ ਵਾਲੇ ਉਸਦੇ ੨੦ ਲੱਖ ਸਮਰਥਕਾਂ ਤੋਂ ਡਰਦੇ ਮਾਰੇ ਉਸਦੇ ਇਕੱਲਿਆਂ ਆਉਣ ਦੀ ਸ਼ਰਤ ਲਾ ਰਹੇ ਹਨ।
ਜਦ ਕੀ ਸੱਚ ਇਹ ਹੈ ਕਿ ਨਾ ਤਾਂ ਅਕਾਲ ਤਖਤ ਨੇ ਹੀ ਕਦੀ ਉਸਨੂੰ ਕਿਹਾ ਹੈ ਕੇ ਤੂੰ ਆ, ਨਾਂ ਹੀ ਕਿਸੇ ਹੋਰ ਨੇ, ਤਾਂ ਫੇਰ ਇਕੱਲਿਆਂ ਜਾਂ ਸਮਰਥਕਾਂ ਨਾਲ ਆਉਣ ਤਾਂ ਮਾਮਲਾ ਪੈਦਾ ਹੀ ਨਹੀਂ ਹੁੰਦਾ।
ਅਕਾਲ ਤਖ਼ਤ ਵੀ ਤੇ ਸਮੁੱਚਾ ਸਿੱਖ ਜਗਤ ਵੀ ਬਾਬੇ ਦੀ ਨਾ ਤਾਂ ਕੋਈ ਪਰਵਾਹ ਕਰਦਾ ਹੈ ਤੇ ਨਾ ਹੀ ਉਸਦੇ ਕਿਸੇ ਮਾਫੀਨਾਮੇ ਦੀ ਪੰਥ ਨੂੰ ਕੋਈ ਲੋੜ ਹੈ। ਜੇ ਬਾਬੇ ਦੀ ਜਾਨ ਸੁੱਕਦੀ ਹੈ ਤਾਂ ਓਹਦੀਆਂ ਉਹ ਜਾਣੇ। ਮਾਫੀ ਮੰਗੇ ਜਾਂ ਨਾ ਮੰਗੇ – ਪਵੇ ਢੱਠੇ ਖੁਹ ‘ਚ, ਕਿਸੇ ਨੇ ਕੀ ਲੈਣਾ।
ਬਾਬੇ ਨੇ ਇਹ ਵੀ ਭੰਮਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਸੁਖਬੀਰ ਬਾਦਲ ਉਸਨੂੰ ਅਕਾਲ ਤਖ਼ਤ ਤੋਂ ਕਲੀਨ ਚਿੱਟ ਦੁਆਉਣ ਬਦਲੇ ਆਪਣੀ ਘਰਵਾਲੀ ਲਈ ਵੋਟਾਂ ਮੰਗ ਰਿਹਾ ਹੈ। ਕੈਪਟਨ ਅਮਰਿੰਦਰ ਨੂੰ ਵੀ ਬਾਬਾ ਏਹੀ ਪ੍ਰਭਾਵ ਦੇਣਾ ਚਾਹੁੰਦਾ ਹੈ ਕੇ ਆਪਣੇ ਮੁੰਡੇ ਲਈ ਜੇ ਵੋਟਾਂ ਚਾਹੁੰਦਾ ਹੈ ਤੇ ਮੈਨੂੰ ਕੋਈ ਭਾਅ ਦੇ। ਬਾਬਾ ਇਹ ਫੁਕਰੀਆਂ ਛੱਡ ਰਿਹਾ ਹੈ ਕੀ ਬਠਿੰਡੇ ਦੀ ਲੋਕ ਸਭਾ ਸੀਟ ਜਿਵੇਂ ਉਸਦੇ ਪਿਉ ਦੀ ਜਾਇਦਾਦ ਹੈ ਜਿਸਨੂੰ ਚਾਹੇਗਾ ਦੇ ਦੇਵੇਗਾ।
ਜਦ ਕਿ ਹਕੀਕਤ ਇਹ ਹੈ ਕਿ ਬਾਬੇ ਦਾ ਪ੍ਰਭਾਵ ਉਸਦੀ ਪੋਲ ਖੁੱਲਣ ਤੋਂ ਪਹਿਲਾਂ ਵੀ ਕਦੀ ਇਤਨਾਂ ਜਿਆਦਾ ਨਹੀਂ ਸੀ ਕੇ ਉਹ ਕਿਸੇ ਵੀ ਪ੍ਰਕਾਰ ਦੀਆਂ ਚੋਣਾਂ ਵਿਚ ਕਿਸੇ ਵੀ ਪ੍ਰਕਾਰ ਦੀ ਅਹਿਮ ਭੁਮਿਕਾ ਨਿਭਾ ਸਕੇ। ਸਿਰਫ ਕੁਝ ਕਾਮਗ੍ਰਸੇ ਲੀਡਰਾਂ ਤੇ ਅਧਿਕਾਰੀਆਂ ਨੂੰ ਆਪਣੇ ਡੇਰੇ ਤੇ ਸੱਦ ਕੇ ਆਪਣੀਆਂ ਧੀਆਂ ਵਰਗੀਆਂ ਤੇ ਧੀਆਂ ਦੀ ਉਮਰ ਦੀਆਂ ਸਾਧਵੀਆਂ ਰਾਹੀਂ ਖੁਸ਼ ਕਰਕੇ ਉਸਨੇ ਆਮ ਗਰੀਬ/ਦਲਿਤ ਲੋਕਾਂ ਤੇ ਇਹ ਪ੍ਰਭਾਵ ਬਣਾਇਆ ਹੋਇਆ ਸੀ ਕੇ ਸਰਕਾਰੇ/ਦਰਬਾਰੇ ਉਸਦੀ ਬਹੁਤ ਪਹੁੰਚ ਹੈ ਤੇ ਇਸੇ ਧੋਖੇ ‘ਚ ਗਰੀਬ ਤੇ ਦੱਬੇ ਕੁਚਲੇ ਲਿਤਾੜੇ ਹੋਏ ਲੋਕਾਂ ਦਾ ਇਕ ਵਰਗ ਉਸਦਾ ਚੇਲਾ ਚਾਟੜਾ ਬਣਿਆ ਹੋਇਆ ਸੀ।
ਭ੍ਰਿਸ਼ਟ ਅਫਸਰਸ਼ਾਹੀ ਦੇ ਕਾਰਨ ਬਾਬਾ ਲੰਮੇ ਸਮੇਂ ਤੱਕ ਕਤਲਾਂ, ਬਲਾਤਕਾਰਾਂ ਤੇ ਹੋਰ ਆਪਰਾਧਿਕ ਮੁਕਦਮਿਆਂ ਵਿਚ ਆਪਣੇ ਆਪ ਨੂੰ ਬਚਾਈ ਰੱਖਣ ‘ਚ ਸਫਲ ਰਿਹਾ। ਬਾਬੇ ਦੇ ਪਾਪ ਦਾ ਘੜਾ ਹੁਣ ਭਰ ਕੇ ਫੁੱਟ ਚੁਕਿਆ ਹੈ ਤੇ ਅਨੇਕਾਂ ਮੁਕਦਮਿਆਂ ਚ ਉਹ ਫਸਿਆ ਪਿਆ ਹੈ। ਹਾਲਾਂਕਿ ਉਸ ਦੀ ਬਲੈਕ ਮੈਲਿੰਗ ਦੇ ਚੱਕਰ ‘ਚ ਫਸੇ ਕਈ ਕਾਮਗ੍ਰਸੇ ਭ੍ਰਿਸਟ ਅਧਿਕਾਰੀ ਤੇ ਲੀਡਰ ਉਸਨੂੰ ਹੁਣ ਵੀ ਕਾਨੂੰਨੀ ਸਿਕੰਜੇ/ਸਜ਼ਾ/ਜ਼ੇਲ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਲੱਗੇ ਹਨ। ਲੇਕਿਨ ਕੋਈ ਸਿਆਣਾ ਤੇ ਇੱਜ਼ਤਦਾਰ ਬੰਦਾ ਆਪਣੀ ਧੀ-ਭੈਣ ਨੂੰ ਨਾਲ ਲੈ ਕੇ ਤਾਂ ਕੀ ਆਪ ਇਕੱਲਾ ਵੀ ਡੇਰੇ ਜਾਣਾ ਪਸੰਦ ਨਹੀਂ ਕਰਦਾ। ਅਜੇਹੇ ਹਾਲਾਤ ‘ਚ ਬਾਬੇ ਦਾ ਵੋਟ ਬੈਂਕ ਜਿਹੜਾ ਕੁਝ ਸਮਾਂ ਪਹਿਲਾਂ ਮਾੜਾ ਮੋਟਾ ਜੇ ਸੀ ਵੀ ਤਾਂ ਹੁਣ ਬਿਲਕੁਲ ਜ਼ੀਰੋ ਹੋ ਚੁਕਿਆ ਹੈ।
ਗਿੱਦੜ ਤੋਂ ਸ਼ੇਰ ਦੀ ਖੱਲ ਲੱਥਣ ਤੋਂ ਬਾਅਦ ਵੀ ਗਿਦੜ ਸ਼ੇਰ ਹੋਣ ਦੀਆਂ ਹੁਆਕਾਂ ਮਾਰੀ ਜਾ ਰਿਹਾ ਹੈ।
ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਨੂੰ ਵੀ ਭਲੀ ਭਾਂਤ ਪਤਾ ਹੈ ਕਿ ਜੇ ਬਾਬੇ ਨਾਲ ਸੰਬੰਧ ਬਣਾਏ ਤਾਂ ਜਿਹੜੀਆਂ ਮਾੜੀਆਂ ਮੋਟੀਆਂ ਚਾਰ ਵੋਟਾਂ ਮਿਲਣੀਆਂ ਹਨ ਉਹਨਾਂ ਤੋਂ ਵੀ ਜਾਂਵਾਗੇ। ਇਸ ਲਈ ਸਿਆਣੇ ਸਿਆਸਤਦਾਨਾਂ ਵਾਂਗ ਉਹਨਾਂ ਨੇ ਬਾਬੇ ਦੀ ਇਸ ਫੁਕਰੀ/ਹੋਛੀ ਚਾਲਬਾਜ਼ੀ ਤੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ। ਜੇ ਕਾਵਾਂਰੋਲੀ ਪਾਈ ਹੈ ਤਾਂ ਕੁਝ ਕੁ ਅਜੇਹੇ ਲੋਕਾਂ ਨੇ ਜਿਹਨਾਂ ਦਾ ਵੈਸੇ ਵੀ ਕੋਈ ਲੋਕ-ਆਧਾਰ ਹੈ ਹੀ ਨਹੀਂ।ਸਿਰਫ ਬਾਦਲ ਜਾਂ ਕਾਂਗਰਸ ਨੂੰ ਗਾਲਾਂ ਕੱਢ ਕੇ ਤੇ ਬਾਬੇ ਵਿਰੁਧ ਫੋਕੇ ਬਿਆਨ ਛੱਡ ਕੇ ਹੀ ਓਹਨਾਂ ਵਿਚਾਰਿਆਂ ਦਾ ਤੋਰੀ ਫੁਲਕਾ ਚਲਦਾ ਰਹਿੰਦਾ ਹੈ।
ਤੱਥਾਂ ਦੀ ਜਾਂਚ ਕਰੀਏ ਤਾ ਸਪੱਸਟ ਹੁੰਦਾ ਹੈ ਕੀ ਬਾਬੇ ਤੇ ਚਲ ਰਹੇ ਬਲਾਤਕਾਰਾਂ ਤੇ ਕਤਲਾਂ ਦੇ ਮੁਕਦਮਿਆਂ ਦੀ ਤਾਂ ਵੈਸੇ ਵੀ ਅਕਾਲ ਤਖ਼ਤ ਸਾਹਿਬ ਕੋਲ ਕੋਈ ਮੁਆਫੀ ਹੈ ਹੀ ਨਹੀਂ, ਇਹਨਾਂ ਮਾਮਲਿਆਂ ਵਿਚ ਤਾਂ ਉਸਨੂੰ ਅਦਾਲਤ ਨੇ ਅੱਜ ਨਹੀਂ ਤਾਂ ਕੱਲ ਸਜ਼ਾ ਦੇਣੀ ਹੀ ਦੇਣੀ ਹੈ। ਫਿਰ ਅਕਾਲ ਤਖ਼ਤ ਤੇ ਮਾਫੀ ਕਾਹਦੀ ਮੰਗ ਰਿਹਾ ਹੈ।
ਅਸਲੀ ਗੱਲ ਇਹ ਹੈ ਕਿ ਬਾਬਾ ਪਾਪ ਹੀ ਇੰਨੇ ਕਰ ਚੁਕਿਆ ਹੈ ਕਿ ਹੁਣ ਦੁਨੀਆਂ ਦੇ ਕਿਸੇ ਕਾਨੂੰਨ ‘ਚ ਉਸਦੇ ਲਈ ਕੋਈ ਮਾਫੀ ਹੈ ਹੀ ਨਹੀਂ। ਇਸਦਾ ਪਤਾ ਬਾਬੇ ਨੂੰ ਵੀ ਹੈ। ਸਿਰਫ ਐਂਵੇ ਹੀ ਫੁਕਰੀ ਛੱਡੀ ਜਾਂਦਾ ਹੈ ਕੀ ਮੇਰੇ ੨੦ ਲੱਖ ਸਮਰਥਕ ਹਨ। ਅਸਲ ਕਹਾਣੀ ਤਾਂ ਇਹ ਹੈ ਕੀ ਹੁਣ ਤਾਂ ਬਾਬੇ ਦੀ ਕੁੜਮਾਂਚਾਰੀ ‘ਚ ਵੀ ਬਾਬੇ ਦੀ ਕੋਈ ਇੱਜ਼ਤ ਨਹੀਂ ਬਚੀ। ਸਿਰਫ ਠੱਗੀਆਂ ਮਾਰ ਕੇ ਜਿਹੜੀਆਂ ਜਾਇਦਾਦਾਂ ਤੇ ਪੈਸਾ ਬਣਾਇਆ ਹੈ ਉਸਦੇ ਇਲਾਵਾ ਬਾਬੇ ਦੇ ਪੱਲੇ ਕੱਖ ਨਹੀਂ ਬਚਿਆ ਤੇ ਉਹ ਵੀ ਸਾਰਾ ਕੁਝ ਅਦਾਲਤੀ ਕਾਰਵਾਈਆਂ ‘ਚ ਮੁਕ ਮੁੱਕਾ ਜਾਣਾ ਹੈ। ਤੇ ਬਾਬੇ ਨੇ ਕਿਸੇ ਨਾ ਕਿਸੇ ਜੇਲ ਦੀ ਕਾਲ ਕੋਠੜੀ ਵਿਚ ਸੜਦਿਆ ਗਲਦਿਆ ਨਰਕਪੁਰੀ ਨੂੰ ਪਿਆਨੇ ਕਰ ਜਾਣੇ ਹਨ।
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥
ਸੂਝਵਾਨ ਪੰਥਕ ਲੋਕਾਂ ਨੂੰ ਬਾਬੇ ਦੀ ਫੁਕਰੀਆਂ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ।
Views and opinion expressed in guest editorials/columns are of the author and do not necessarily reflect the view or opinion of Panthic.org or Khalsa Press.