
Eyewitness Account of Operation Blue-Star
31 ਮਈ 1984 ਨੂੰ ਸੀ.ਆਰ.ਪੀ.ਐਫ. ਵੱਲੋਂ ਫਾਇਰਿੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਰਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ, ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 ਮਈ 1984 ਨੂੰ ਸੀ. ਆਰ. ਪੀ. ਐਫ.ਨੇ ਬਹੁਤ ਤੰਗ-ਪ੍ਰੇਸ਼ਾਨ ਕੀਤਾ। ਮਜ਼ਦੂਰਾਂ ਅਤੇ ਸੀ. ਆਰ. ਪੀ. ਐਫ. ਦਰਮਿਆਨ ਕਾਫ਼ੀ ਗਰਮਾ-ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤਕ ਨੌਬਤ ਆ ਗਈ। ਸੀ. ਆਰ. ਪੀ. ਐਫ. ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ-ਮਿਥੀ ਸਾਜ਼ਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋਣ। ਕੁਝ ਹੀ ਸਮੇਂ ਬਾਅਦ ਸੀ. ਆਰ. ਪੀ. ਐਫ. ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।
1 ਜੂਨ 1984
1 ਜੂਨ 1984 ਨੂੰ ਸੀ. ਆਰ. ਪੀ. ਐਫ. ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਵਜੇ ਗੋਲਾਬਾਰੀ ਸ਼ੁਰੂ ਹੋਈ। ਉਸ ਸਮੇਂ ਦਫ਼ਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਿਖੇ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਹੋਈ ਸੀ। ਮੈਂ ਅਤੇ ਸ. ਕੁਲਬੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ-ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ।
ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛੜ ਹੋ ਰਹੀ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਨ੍ਹਾਂ ਵਿਚ ਸ. ਬਲਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ, ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ ਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁਕੇ ਸਨ। ਇਨ੍ਹਾਂ ਵਿਚ ਬੱਬਰ ਖ਼ਾਲਸਾ ਦਾ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸੀ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ ਅਤੇ ਹੋਰ ਮੁਲਾਜ਼ਮ ਆਪੋ-ਆਪਣੇ ਘਰਾਂ ਨੂੰ ਗਏ।
ਮੈਂ ਇਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸ. ਅਬਿਨਾਸ਼ੀ ਸਿੰਘ ਜੀ (ਪੀ. ਏ. ਪ੍ਰਧਾਨ ਸਾਹਿਬ) ਨੇ ਸ. ਗੁਰਚਰਨ ਸਿੰਘ ਜੀ ਟੌਹੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰ ਦਿੱਤੀ ਸੀ।
ਇਕ ਜੂਨ ਸ਼ਾਮ ਨੂੰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਵੱਲੋਂ ਗਵਰਨਰ ਪੰਜਾਬ ਅਤੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਭ ਕੋਸ਼ਿਸ਼ਾਂ ਅਸਫ਼ਲ ਰਹੀਆਂ।
2 ਜੂਨ 1984
ਦੋ ਜੂਨ ਨੂੰ ਸ. ਕੁਲਬੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਦਾਸ ਸਵੇਰੇ ਤਕਰੀਬਨ 6-30 ਵਜੇ ਦਫ਼ਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਮੈਂ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਕਮਰਾ ਨੰ: 40 ਵਿਚ ਗਿਆ, ਤਾਂ ਕੀ ਦੇਖਿਆ ਕਿ ਉਥੇ ਚਾਰ-ਪੰਜ ਲਾਸ਼ਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਲਾਸ਼ਾਂ ਉੱਪਰ ਉਨ੍ਹਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਨ੍ਹਾਂ ਲਾਸ਼ਾਂ ਵਿਚੋਂ ਮੈਂ ਸ. ਬਲਬੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ (ਸ਼੍ਰੋਮਣੀ ਕਮੇਟੀ) ਆ ਗਿਆ। ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟ ਮਾਰਟਮ ਵਾਸਤੇ ਪੁਲਿਸ ਦੀ ਇਕ ਪੂਰੀ ਪਾਰਟੀ ਲੈਣ ਆਈ। ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸਸਕਾਰ ਮੰਜੀ ਸਾਹਿਬ ਦੇ ਨਜ਼ਦੀਕ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸਸਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ।
ਦੋ ਜੂਨ ਨੂੰ ਸਵੇਰੇ ਦਸ ਵਜੇ ਸ. ਗੁਰਚਰਨ ਸਿੰਘ ਜੀ ਟੌਹੜਾ (ਪ੍ਰਧਾਨ ਸ਼੍ਰੋਮਣੀ ਕਮੇਟੀ) ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਜੀ ਨੇ ਰਸਤੇ ਵਿਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜਲ੍ਹਿਆਂ ਵਾਲੇ ਬਾਗ ਦੇ ਨੇੜੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ ਤਾਂ ਟੌਹੜਾ ਸਾਹਿਬ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ। ਬੇਸ਼ੱਕ ਤੁਸੀਂ (ਸੀ. ਆਰ. ਪੀ. ਐਫ.) ਮੈਨੂੰ ਗੋਲੀ ਮਾਰ ਦਿਓ। ਉਥੋਂ ਉਹ (ਪ੍ਰਧਾਨ ਸਾਹਿਬ) ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ।
ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਨ੍ਹਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ ਡੀ. ਸੀ. ਅਤੇ ਐੱਸ. ਐੱਸ. ਪੀ. ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰ ਕੇ ਲਾਸ਼ਾਂ ਸੰਬੰਧਤ ਪਰਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਗੰਭੀਰ ਸੋਚ ਵਿਚ ਡੁੱਬੇ ਹੋਏ ਸਨ ਅਤੇ ਉਨ੍ਹਾਂ ਨੇ ਅਣਮੰਨੇ ਮਨ ਨਾਲ ਇਕ ਹੀ ਫੁਲਕਾ ਛਕਿਆ।
ਰਾਤ ਨੂੰ ਪ੍ਰਧਾਨ ਸਾਹਿਬ ਜੀ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ (ਪਲਾਟ ਨੰ: 64) ਵਿਚ ਚਲੇ ਗਏ ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। ਇਸ ਪਾਸੇ ਅਜੇ ਸੀ. ਆਰ. ਪੀ. ਐਫ. ਚੌਕ ਪ੍ਰਾਗਦਾਸ ਤੋਂ ਅੱਗੇ ਨਹੀਂ ਸੀ ਆਈ।
3 ਜੂਨ 1984
3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ ਛੇ ਵਜੇ ਤੋਂ ਦਸ ਵਜੇ ਤਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਸਵੇਰੇ ਸਾਢੇ ਛੇ ਵਜੇ ਦੇ ਕਰੀਬ ਕਰਫਿਊ ਵਿਚ ਢਿੱਲ ਹੋਣ ਕਾਰਨ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ। ਹਾਲਾਤ ਨੂੰ ਦੇਖਦੇ ਹੋਏ ਮੈਂ ਆਪਣਾ ਕਛਹਿਰਾ ਤੇ ਤੌਲੀਆ ਆਦਿ ਵੀ ਨਾਲ ਲੈ ਆਇਆ।ਮੇਰੇ ਨਾਲ ਭਾਈ ਸ਼ੇਰ ਸਿੰਘ ਅਤੇ ਸ. ਕੁਲਬੀਰ ਸਿੰਘ ਵੀ ਆ ਗਏ।
ਅਸੀਂ ਸਾਰਾ ਦਿਨ (3 ਜੂਨ) ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜ੍ਹਾ-ਥੋੜ੍ਹਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸ. ਕੁਲਬੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ। ਉਨ੍ਹਾਂ ਕੋਲ ਕਰਫਿਊ-ਪਾਸ ਹੋਣ ਕਾਰਨ ਉਹ ਘਰ ਚਲੇ ਗਏ।
ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ-ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਇਸ਼ਨਾਨ ਕਰਨ ਆ ਰਹੀ ਸੀ। ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ-ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ।
3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਤਾਂ ਕਿ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਵਿਚ ਪਤਾ ਨਾ ਲੱਗ ਸਕੇ।
ਇਸ ਤਰ੍ਹਾਂ ਅਸੀਂ ਦਿਨ ਵੇਲੇ ਦਫ਼ਤਰ ਦਾ ਕੰਮ ਨਿਪਟਾਉਂਦੇ ਰਹੇ ਅਤੇ ਰਾਤ ਨੂੰ ਭਾਈ ਸ਼ੇਰ ਸਿੰਘ ਅਤੇ ਦਾਸ, ਸ. ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਬਣੇ ਪਾਰਕ ਵਿਚ ਹੀ ਸੁੱਤੇ। ਸ. ਭਾਨ ਸਿੰਘ ਜੀ (ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ) ਅਤੇ ਸ. ਅਬਿਨਾਸ਼ੀ ਸਿੰਘ ਜੀ (ਪੀ. ਏ. ਪ੍ਰਧਾਨ ਸਾਹਿਬ) ਵੀ ਰਾਤ ਨੂੰ ਦਫ਼ਤਰ ਵਿਖੇ ਹੀ ਸੌਂ ਗਏ ਸਨ। ਪ੍ਰਧਾਨ ਸਾਹਿਬ (ਟੌਹੜਾ ਸਾਹਿਬ) ਵੀ ਆਪਣੇ ਰਿਹਾਇਸ਼ੀ ਕਮਰੇ ਵਿਚ ਸੁੱਤੇ ਸਨ।
4 ਜੂਨ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਵੱਡਾ ਹਮਲਾ
4 ਜੂਨ 1984 ਨੂੰ ਸਵੇਰੇ ਅਸੀਂ ਬਾਗ ਵਿਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁਖਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁਖਵਾਕ ਸਰਵਣ ਕਰਨ ਲੱਗੇ। ਸਿੰਘ ਸਾਹਿਬ ਜੀ ਨੇ ਮੁਖਵਾਕ ਉਪਰੰਤ ਗੁਰੂ ਫਤਹਿ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ ਸੀ. ਆਰ. ਪੀ. ਐਫ. ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾਅ ਕੇ ਰੱਖ ਦਿੱਤਾ। ਉਦੋਂ ਚਾਰ ਵੱਜ ਕੇ ਚਾਲੀ ਮਿੰਟ ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿਚ ਸੁੱਤੇ ਸ. ਭਾਨ ਸਿੰਘ ਜੀ ਅਤੇ ਸ. ਅਬਿਨਾਸ਼ੀ ਸਿੰਘ ਜੀ ਨੂੰ ਦੱਸਣ ਲਈ ਗਏ ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ-ਭਾਵ ਪ੍ਰਗਟ ਕਰ ਰਹੇ ਸਨ। ਉਸ ਤੋਂ ਬਾਅਦ ਅਸੀਂ ਪ੍ਰਧਾਨ ਸਾਹਿਬ (ਟੌਹੜਾ ਸਾਹਿਬ) ਪਾਸ ਉਨ੍ਹਾਂ ਦੇ ਰਿਹਾਇਸ਼ੀ ਕਮਰੇ ਵਿਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਨ੍ਹਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ ਚਾਰ-ਚੁਫੇਰੇ ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ। ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੁਛਾੜ ਸ. ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਆਪਣੇ ਸੱਜਣਾਂ ਵੱਲੋਂ ਵੀ ਆ ਰਹੀਆਂ ਸਨ ਕਿਉਂਕਿ ਇਥੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜੀ ਦਾ ਰਿਹਾਇਸ਼ੀ ਕਮਰਾ ਸੀ।
ਅਸੀਂ 4 ਜੂਨ ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ-ਬਚਾਅ ਕੇ ਸਾਰਾ ਦਿਨ ਦਫਤਰ ਵਿਚ ਲੰਗਰ-ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿਚ ਜੋ ਰਾਸ਼ਨ ਸੀ, ਉਸ ਨੂੰ ਹੀ ਤਿਆਰ ਕਰ ਕੇ ਉਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
5 ਜੂਨ 1984
5 ਜੂਨ ਨੂੰ ਗੋਲਾਬਾਰੀ ਬਹੁਤ ਤੇਜ਼ ਹੋ ਰਹੀ ਸੀ, ਜਿਸ ਕਾਰਨ ਕਿਸੇ ਵੀ ਪਾਸੇ ਆਉਣਾ-ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਟੌਹੜਾ ਸਾਹਿਬ ਜੀ ਨੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਬਾਅਦ ਦੁਪਹਿਰ ਸੁਨੇਹਾ ਭੇਜਿਆ ਕਿ ਸੰਤ ਜੀ, ਗੋਲਾਬਾਰੀ ਬਹੁਤ ਹੋ ਰਹੀ ਹੈ, ਤੁਸੀਂ ਥੱਲੇ ਆ ਜਾਵੋ। ਸੰਤ ਜੀ, ਟੌਹੜਾ ਸਾਹਿਬ ਦੀ ਮਨੋ-ਭਾਵਨਾ ਦੀ ਕਦਰ ਕਰਦਿਆਂ ਗੋਲਾਬਾਰੀ ਤੋਂ ਬਚ-ਬਚਾਅ ਕੇ ਆਪਣੇ ਸਾਥੀਆਂ ਸਮੇਤ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿਚ ਆ ਗਏ।
ਕੁਝ ਹੀ ਸਮੇਂ ਬਾਅਦ ਪ੍ਰਧਾਨ ਸਾਹਿਬ ਜੀ ਦੇ ਕਮਰੇ ਵਿਚ ਸ. ਦਰਸ਼ਨ ਸਿੰਘ ਈਸਾਪੁਰ ਅਤੇ ਬੀਬੀ ਅਮਰਜੀਤ ਕੌਰ (ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ) ਵੀ ਆ ਗਏ, ਜਿਸ ਸਮੇਂ ਦਾਸ ਅਤੇ ਸ. ਜਗਜੀਤ ਸਿੰਘ ਜੱਗੀ ਪਾਣੀ ਆਦਿ ਲੈਣ ਲਈ ਬਾਹਰ ਨਿਕਲਦੇ ਤਾਂ ਪ੍ਰਧਾਨ ਸਾਹਿਬ ਸਾਨੂੰ ਹਰ ਵਾਰ ਕਹਿੰਦੇ ਕਿ ਕਮਰੇ ਤੋਂ ਬਾਹਰ ਘੱਟ ਜਾਓ, ਬਾਹਰ ਫਾਇਰਿੰਗ ਬਹੁਤ ਤੇਜ਼ ਹੋ ਰਹੀ ਹੈ। ਮੈਂ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਮਰਨਾ ਤਾਂ ਇਕ ਵਾਰੀ ਹੈ ਹੀ, ਭਾਵੇਂ ਹੁਣੇ ਗੋਲੀ ਵੱਜ ਜਾਵੇ, ਫਿਰ ਆਪਾਂ ਭੁੱਖੇ/ਤਿਹਾਏ ਕਿਉਂ ਮਰੀਏ ?
5 ਜੂਨ ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਦ ਆਦਿ ਨਹੀਂ ਸੀ। ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ-ਮਿਲ ਕੇ ਇੱਕ-ਇੱਕ, ਦੋ-ਦੋ ਪ੍ਰਸ਼ਾਦੇ ਛਕ ਕੇ ਹੀ ਗੁਜ਼ਾਰਾ ਕੀਤਾ।
5 ਜੂਨ ਨੂੰ ਸ਼ਾਮ ਦੇ ਛੇ ਵਜੇ ਦੇ ਕਰੀਬ ਘੰਟਾ-ਘਰ ਵਾਲੇ ਪਾਸਿਓਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਸੀ ਕਿ ਜੋ ਵੀ ਬਾਹਰ ਆਵੇਗਾ, ਉਸ ਨੂੰ ਮਾਰ ਕੇ ਮੁਕਾ ਦਿੱਤਾ ਜਾਵੇਗਾ। ਦਾਸ ਸਾਢੇ ਛੇ ਵਜੇ ਦੇ ਕਰੀਬ ਬਚ-ਬਚਾ ਕੇ ਬਾਗ ਵਾਲੀ ਗਲੀ ਰਾਹੀਂ ਘਰ ਥੋੜ੍ਹਾ ਜਿਹਾ ਸੁੱਕਾ ਦੁੱਧ ਦੇਣ ਗਿਆ। ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸ. ਅਮਰਜੀਤ ਸਿੰਘ ਸੁਪਰਵਾਈਜ਼ਰ ਟਰਸਟ ਦੀ ਸੱਸ ਕਹਿਣ ਲੱਗੀ, "ਜਸਵੰਤ ਸਿੰਘ, ਤੁਸੀਂ ਨਾ ਜਾਵੋ।" ਮੈਂ ਉਨ੍ਹਾਂ ਨੂੰ ਕਿਹਾ, "ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ।" ਮੈਂ ਉਨ੍ਹਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ।
ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿਚ ਆ ਕੇ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿਚ ਗਿਆ, ਉਥੋਂ ਰੈਬਰ ਲੈ ਕੇ ਕੂਲਰ ਵਿਚ ਜਮ੍ਹਾਂ ਹੋਏ ਪਾਣੀ ਨਾਲ ਰੈਬਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗੋਲਾਬਾਰੀ ਐਨੀ ਤੇਜ਼ ਹੋ ਚੁਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜ਼ਰ ਸਿੰਘ ਅਤੇ ਭਾਈ ਗੁਰਨਾਮ ਸਿੰਘ, ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰ ਕੇ ਆਏ ਸਨ, ਉਹ ਹੀ ਰਹਿ ਗਏ।
ਦਫ਼ਤਰ ਵਿਚ ਮੇਰੇ ਤੋਂ ਇਲਾਵਾ ਸ. ਭਾਨ ਸਿੰਘ ਜੀ ਸਕੱਤਰ, ਸ. ਅਬਿਨਾਸ਼ੀ ਸਿੰਘ ਜੀ ਪੀ. ਏ., ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਦਾਰਾ ਸਿੰਘ ਐਡਵੋਕੇਟ, ਸ. ਰਾਜ ਸਿੰਘ ਮੁਕਤਸਰੀ, ਸ. ਦਿਆਲ ਸਿੰਘ ਅਤੇ ਸ. ਗੁਰਦਰਸ਼ਨ ਸਿੰਘ ਹੀ ਰਹਿ ਗਏ ਸਨ। ਰੈਬਰ ਵਿਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਓਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ।
5 ਜੂਨ ਦੀ ਰਾਤ ਘੰਟਾ-ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ, ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁਕੀ ਹੈ। ਸਰਾਂ ਦੇ ਬਿਲਕੁਲ ਸਾਹਮਣਿਓਂ ਵੱਡੇ-ਵੱਡੇ ਫਾਇਰ ਹੋਣ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ, ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ, ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ।
ਮੈਨੂੰ ਉਸ ਸਮੇਂ ਸ. ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਛਿੱਕੇ ਟੰਗ ਕੇ ਅੰਨ੍ਹੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰ੍ਹੇਆਮ ਕਰੇਗੀ।
5 ਜੂਨ ਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਿਲਾਸ ਧੋ ਕੇ ਹਰ ਇਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜ੍ਹਾ ਰਹਿ ਗਿਆ ਸੀ। ਸ. ਬਲਵੰਤ ਸਿੰਘ ਰਾਮੂਵਾਲੀਆ ਕਹਿਣ ਲੱਗੇ, "ਭਾਈ ਜਸਵੰਤ ਸਿੰਘ ਜੀ ! ਆਪਣੇ ਕੋਲ ਪਾਣੀ ਬਹੁਤ ਥੋੜ੍ਹਾ ਹੈ। ਤੁਸੀਂ ਧੋਵੋ ਨਾ, ਇਸੇ ਤਰ੍ਹਾਂ ਹੀ ਸਾਰਿਆਂ ਨੂੰ ਲੋੜ ਪੈਣ ’ਤੇ ਘੁੱਟ-ਘੁੱਟ ਪਾਣੀ ਦੇਈ ਜਾਵੋ। ਕਿਉਂਕਿ ਹੁਣ ਆਪਣਾ ਸਾਰਿਆਂ ਦਾ ਜਨਮ-ਮਰਨ ਇਕੱਠਾ ਹੋ ਚੁਕਿਆ ਹੈ।"
6 ਜੂਨ 1984
6 ਜੂਨ 1984 ਨੂੰ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ-ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਉੇ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ, ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ।
ਸ. ਅਬਿਨਾਸ਼ੀ ਸਿੰਘ ਜੀ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ, ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਆਪਾਂ ਵੀ ਬਾਹਰ ਨਿਕਲੀਏ ! ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿਚ ਘੇਰਿਆ ਹੋਇਆ ਸੀ। ਅੱਗੇ ਮਿਲਟਰੀ ਵਾਲੇ ਚੈਕਿੰਗ ਕਰ ਕੇ ਅਤੇ ਕਿਰਪਾਨਾਂ ਲਾਹ ਕੇ ਨਾਲੀਆਂ (ਖਲੋਤੇ ਪਾਣੀ) ਵਿਚ ਸੁੱਟੀ ਜਾ ਰਹੇ ਸਨ। ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿਚ ਹੀ ਚੱਲੋ ! ਸਾਨੂੰ ਗੁਰੂ ਰਾਮਦਾਸ ਸਰਾਂ ਦੇ ਬਰਾਂਡੇ ਵਿਚ ਖੜ੍ਹਾ ਕਰ ਦਿੱਤਾ ਗਿਆ। ਜਿਥੇ ਸਾਨੂੰ ਖੜ੍ਹਾ ਕੀਤਾ ਗਿਆ ਸੀ, ਉਥੇ ਇਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫ਼ੀ ਹਥਿਆਰਬੰਦ ਫੌਜੀ ਆਪੋ-ਆਪਣੀਆਂ ਪੁਜ਼ੀਸ਼ਨਾਂ ਲੈ ਕੇ ਖੜ੍ਹੇ ਸਨ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿਚ ਹੀ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ, ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ!
ਕੁਝ ਸੱਜਣ ਜਿਨ੍ਹਾਂ ਵਿਚ ਸ. ਭਾਨ ਸਿੰਘ, ਸ. ਅਬਿਨਾਸ਼ੀ ਸਿੰਘ, ਸ. ਦਿਆਲ ਸਿੰਘ, ਸ. ਰਾਜ ਸਿੰਘ, ਸ. ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ (ਸੇਵਾਦਾਰ) ਸਾਡੇ ਤੋਂ ਅੱਗੇ ਲੰਘ ਚੁਕੇ ਸਨ। ਇਨ੍ਹਾਂ ਤੋਂ ਪਹਿਲਾਂ ਸ. ਨਛੱਤਰ ਸਿੰਘ, ਸ. ਬੱਗਾ ਸਿੰਘ (ਮੈਂਬਰਾਨ ਸ਼੍ਰੋਮਣੀ ਕਮੇਟੀ) ਅਤੇ ਸ. ਗੁਰਚਰਨ ਸਿੰਘ ਸਕੱਤਰ, ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿਚ ਗ੍ਰਿਫ਼ਤਾਰੀ ਦੇਣ ਆਈ ਕੁਝ ਸੰਗਤ ’ਤੇ ਹੋਰ ਯਾਤਰੂ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਨ੍ਹਾਂ ਉੱਪਰ ਸਰਾਂ ਦੀ ਉਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ, ਜਿਸ ਨਾਲ ਤਰਥੱਲੀ ਮੱਚ ਗਈ ਅਤੇ ਚੀਕ-ਚਿਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ, ਕਿਉਂਕਿ ਉੱਠਣ ’ਤੇ ਫੌਜ ਵੱਲੋਂ ਅੰਧਾਧੁੰਦ ਫਾਇਰਿੰਗ ਕੀਤੀ ਗਈ। ਇਨ੍ਹਾਂ ਵਿਚੋਂ ਸ. ਦਿਆਲ ਸਿੰਘ, ਸ. ਰਾਜ ਸਿੰਘ, ਸ. ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਫੱਟੜ ਹੋ ਚੁਕੇ ਸਨ। ਇਨ੍ਹਾਂ ਵਿਚੋਂ ਕਈ ਗੰਭੀਰ ਫੱਟੜ ਹੋ ਗਏ ਸਨ।
ਸ. ਨਛੱਤਰ ਸਿੰਘ ਭਲਵਾਨ, ਸ. ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਗੁਰਚਰਨ ਸਿੰਘ ਸਕੱਤਰ (ਸ਼੍ਰੋਮਣੀ ਅਕਾਲੀ ਦਲ) ਅਤੇ ਬਹੁਤ ਸਾਰੇ ਲੋਕ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸ. ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫ਼ਦਾ ਵੇਖ ਕੇ ਸਹਾਰ ਨਾ ਸਕੀ ਤੇ ਉਸ ਨੂੰ ਪਾਣੀ ਪਿਆਉਣ ਲੱਗੀ ਤਾਂ ਇਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫ਼ਲ ਦਾ ਬੱਟ ਮਾਰਿਆ ਅਤੇ ਉਸ ਨੂੰ ਪਾਣੀ ਪਿਆਉਣ ਤੋਂ ਮਨ੍ਹਾਂ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖ਼ਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ ਜੋ ਕਿ ਗੰਭੀਰ ਜ਼ਖ਼ਮੀ ਸੀ, ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸ ਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖ਼ਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਵਰ੍ਹਾ ਦਿੱਤਾ, ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿਚ ਮਲ-ਮੂਤਰ ਤੇ ਖ਼ੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ। ਇਥੋਂ ਤਕ ਕਿ ਫੌਜੀ ਭੀਖ ਮੰਗਣ ਵਾਲਿਆਂ ਵਾਂਗ, ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ।
ਇਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿਚ ਮਰ ਚੁਕੀ ਸੀ, ਉਹ ਬੱਚਾ ਮੰਮੀ-ਮੰਮੀ ਪੁਕਾਰਦਾ ਹੋਇਆ ਉੱਚੀ-ਉੱਚੀ ਰੋ ਰਿਹਾ ਸੀ। ਉਹ ਵਿਚਾਰਾ ਕੀ ਜਾਣਦਾ ਸੀ ਕਿ ਉਸ ਦੀ ਮੰਮੀ ਇਸ ਸੰਸਾਰ ਚ ਜ਼ਿੰਦਾ ਨਹੀਂ ਰਹੀ ਸੀ! ਇਕ ਫੌਜੀ ਨੇ ਉਸ ਬੱਚੇ ਨੂੰ ਉਸ ਦੀ ਮਾਂ ਉੱਪਰ ਸੁੱਟ ਕੇ ਉੱਪਰੋਂ ਗੋਲੀਆਂ ਵਰ੍ਹਾ ਕੇ ਉਸ ਨੂੰ ਸਦਾ ਲਈ ਵਿਰਲਾਪ ਕਰਨੋਂ ਰੋਕ ਦਿੱਤਾ, ਜਿਸ ਨੂੰ ਦੇਖ ਕੇ ਮੇਰੇ ਮਨ ਦੀ ਜੋ ਹਾਲਤ ਹੋਈ, ਮੈਂ ਉਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਪਰ ਮੈਂ ਹੋ ਰਹੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਉਪਰੋਕਤ ਸੁੱਟੇ ਗਏ ਗ੍ਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ-ਪਾਸੇ ਨਹੀਂ ਦੇਖਣਾ! ਸਿਰਫ਼ ਫੌਜੀ ਹੀ ਕਹਿੰਦੇ ਸਨ ਕਿ ਇਹ ਗ੍ਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿਥੇ-ਜਿਥੇ ਵੀ ਉਹ ਮੌਜੂਦ ਸਨ, ਉਥੇ-ਉਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਅਸੀਂ ਜੋ ਜ਼ਿੰਦਾ ਬਚ ਗਏ ਸੀ, ਤੜਪਦੇ ਜ਼ਖ਼ਮੀਆਂ ਅਤੇ ਖਿੱਲਰੀਆਂ ਮਨੁੱਖੀ ਲਾਸ਼ਾਂ ’ਚ ਹੀ ਬੈਠੇ ਸਾਂ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖ਼ੂਨ ਨਾਲ ਹੋਲੀ ਖੇਡ ਰਹੇ ਸਨ। ਛੇ ਅਤੇ ਸੱਤ ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੇ ਦੁਪਹਿਰ ਤਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਰੈੱਡ-ਕਰਾਸ (ਹੈਲਥ) ਵਾਲੇ ਇਕ ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਪਹੁੰਚੇ। ਉਨ੍ਹਾਂ ਦੇ ਨਾਲ ਸ. ਅਪਾਰ ਸਿੰਘ (ਡੀ. ਐੱਸ. ਪੀ. ਸ੍ਰੀ ਅੰਮ੍ਰਿਤਸਰ) ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰ ਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ੍ਹ ਕੇ ਬੇਅਰਥ ਨਾ ਚਲਾ ਜਾਵੇ। ਇਥੋਂ ਤਕ ਕਿ ਜਿਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ, ਉਸ ਹੌਜ ਵਿਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ-ਪੀ ਕੇ ਖ਼ਤਮ ਕਰ ਦਿੱਤਾ।
ਮਿਲਟਰੀ ਵੱਲੋਂ ਸਾਡੀ ਸਾਰਿਆਂ ਦੀ ਪੁੱਛ-ਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ (ਸੰਤ ਭਿੰਡਰਾਂ ਵਾਲੇ) ਕਹਾਂ ਹੈ ? ਲਾਹੌਰ (ਪਾਕਿਸਤਾਨ) ਕੋ ਸੁਰੰਗ ਕਹਾਂ ਸੇ ਜਾਤੀ ਹੈ ? ਮੈਂ ਉਨ੍ਹਾਂ ਨੂੰ ਕਿਹਾ ਕਿ ਜਨਾਬ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਕ ਫੌਜੀ ਕਹਿਣ ਲੱਗਾ, ਯਹ ਐਸੇ ਨਹੀਂ ਬਤਾਏਗਾ, ਇਸ ਕੋ ਆਗੇ ਲੇ ਜਾਓ ! ਜਿਸ ਜਗ੍ਹਾ ’ਤੇ ਮੈਨੂੰ ਲੈ ਕੇ ਗਏ, ਉਸ ਜਗ੍ਹਾ ’ਤੇ ਪਹਿਲਾਂ ਹੀ ਤਿੰਨ ਨੌਜਵਾਨ ਲੜਕੇ ਲਾਈਨ ਵਿਚ ਖੜ੍ਹੇ ਕੀਤੇ ਹੋਏ ਸਨ। ਮੈਂ ਵੀ ਉਨ੍ਹਾਂ ਦੇ ਪਿੱਛੇ ਜਾ ਕੇ ਖੜ੍ਹਾ ਹੋ ਗਿਆ ਅਤੇ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਇਹ ਸਾਨੂੰ ਮਾਰ ਦੇਣਗੇ। ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇਕ ਕਰਨਲ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸ. ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ।
6 ਜੂਨ 1984 ਦੀ ਦੁਪਹਿਰ ਦੇ ਦੋ ਵਜੇ ਦੇ ਕਰੀਬ ਇਕ ਫੌਜੀ ਟੁਕੜੀ ਜਿਸ ਵਿਚ ਤਿੰਨ ਪੰਜਾਬੀ ਸਨ, ਉਨ੍ਹਾਂ ਨੇ ਸੰਤ ਜੀ (ਹਰਚੰਦ ਸਿੰਘ ਲੌਂਗੋਵਾਲ) ਅਤੇ ਪ੍ਰਧਾਨ ਸਾਹਿਬ ਸ. ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਨ੍ਹਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸ. ਮਨਜੀਤ ਸਿੰਘ (ਭਾਈ), ਸ. ਰਜਿੰਦਰ ਸਿੰਘ ਮਹਿਤਾ, ਸ. ਹਰਮਿੰਦਰ ਸਿੰਘ (ਸੰਧੂ) ਅਤੇ ਸ. ਹਰਮਿੰਦਰ ਸਿੰਘ (ਗਿੱਲ) ਖੜ੍ਹੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਨ੍ਹਾਂ ਦਾ ਜ਼ਰਾ ਧਿਆਨ ਰੱਖਣਾ! ਇਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ਼ ਸ. ਮਨਜੀਤ ਸਿੰਘ (ਭਾਈ) ਮੀਤ ਮੈਨੇਜਰ ਤੇ ਸ. ਰਜਿੰਦਰ ਸਿੰਘ (ਮਹਿਤਾ) ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਨ੍ਹਾਂ ਦਾ ਖਿਆਲ ਰੱਖਣਾ! ਪਰ ਜੇਕਰ ਮਿਲਟਰੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁੰਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਦੇ।
ਸ਼ਾਮ ਦੇ ਚਾਰ ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿਚ ਇਕੱਤਰ ਕਰ ਕੇ ਤਿੰਨ-ਤਿੰਨ ਦੀ ਲਾਈਨ ਵਿਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿਚ ਭਾਈ ਤਾਰਾ ਸਿੰਘ ਸੇਵਾਦਾਰ (ਜੋ ਬਾਅਦ ਚ ਹਲਕਾ ਅਟਾਰੀ ਤੋਂ ਵਿਧਾਇਕ ਵੀ ਚੁਣੇ ਗਏ ਸਨ) ਤੇ ਸ. ਭਾਨ ਸਿੰਘ ਜੀ ਸਕੱਤਰ, ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਨ੍ਹਾਂ ਨੇ ਸਾਡੇ ’ਤੇ ਇਕ ਫੌਜੀ (ਸਿਪਾਹੀ) ਦੀ ਡਿਊਟੀ ਲਗਾ ਦਿੱਤੀ ਜਿਸ ਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਇਧਰ-ਉਧਰ ਕਿਸੇ ਨੇ ਨਹੀਂ ਦੇਖਣਾ। ਉਥੇ ਬੈਠਿਆਂ, ਜਿਥੋਂ ਤਕ ਸਾਡੀ ਨਜ਼ਰ ਪਹੁੰਚ ਸਕਦੀ ਸੀ ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿਚੋਂ ਖ਼ੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਭੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉਤਰ ਰਿਹਾ ਸੀ। ਅਸੀਂ ਰਾਤ ਦੇ ਗਿਆਰ੍ਹਾਂ ਵਜੇ ਤਕ ਇਸੇ ਤਰ੍ਹਾਂ ਭੁੱਖਣ-ਭਾਣੇ ਬੈਠੇ ਰਹੇ।
ਇਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿਥੇ-ਜਿਥੇ ਵੀ ਉਹ ਕਮਰਿਆਂ ਅੰਦਰ ਸਨ, ਉਨ੍ਹਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੀ ਜਾ ਰਹੇ ਸਨ। ਲੋਕਾਂ ਦਾ ਚੀਕ-ਚਿਹਾੜਾ ਦਿਲ ਦਹਿਲਾ ਦੇਣ ਵਾਲਾ ਸੀ।
ਇਥੇ ਇਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ। ਉਹ ਇਹ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗਵਾਂਢੀ ਦੇਸ਼ (ਪਾਕਿਸਤਾਨ) ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ, ਉਨ੍ਹਾਂ ਨੂੰ 13 ਜੁਲਾਈ 1999 ਤੋਂ 16 ਜੁਲਾਈ 1999 ਤਕ ਚਾਰ ਦਿਨ ਦਾ ਸਮਾਂ ਅਸਲੇ ਸਮੇਤ ਇਲਾਕਾ ਖਾਲੀ ਕਰਨ ਲਈ ਸੁਰੱਖਿਅਤ ਰਸਤਾ ਦਿੱਤਾ। ਪਰ ਆਪਣੇ ਹੀ ਦੇਸ਼ ਅੰਦਰ, ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਘਿਰੀ ਸੰਗਤ ਨੂੰ 4 ਜੂਨ 1984 ਤੋਂ 6 ਜੂਨ 1984 ਤਕ 5 ਮਿੰਟ ਦਾ ਵੀ ਸਮਾਂ ਬਾਹਰ ਸੁਰੱਖਿਅਤ ਬਚ ਨਿਕਲਣ ਲਈ ਨਹੀਂ ਦਿੱਤਾ। ਭਾਵੇਂ ਫੌਜ ਅਨਾਊਂਸ ਕਰਦੀ ਸੀ ਕਿ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ ਹੈ, ਪਰ ਜੋ ਯਾਤਰੂ ਬਾਹਰ ਨਿਕਲਦੇ, ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਸਨ। ਜੇਕਰ ਕੋਈ ਬਚ ਜਾਂਦਾ ਤਾਂ ਉਸ ਦੇ ਹੱਥ-ਪੈਰ ਅਤੇ ਅੱਖਾਂ ਬੰਨ੍ਹ ਕੇ ਫੌਜੀ ਕੈਂਪ ਵਿਚ ਭੇਜ ਦਿੱਤਾ ਜਾਂਦਾ ਸੀ।
6 ਜੂਨ ਦੀ ਰਾਤ 11 ਵਜੇ ਦੇ ਕਰੀਬ ਸਾਨੂੰ ਮਿਲਟਰੀ ਕੈਂਪ ਵਿਚ ਲਿਜਾਇਆ ਗਿਆ। ਸਾਡੇ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਸਾਰੇ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਪਏ। ਅਸੀਂ ਸਾਰੇ ਹੀ ਇਹੋ ਸੋਚ ਰਹੇ ਸੀ ਕਿ ਕੰਪਲੈਕਸ ਅੰਦਰ ਤਾਂ ਬਚ ਗਏ ਸੀ, ਪਰ ਹੁਣ ਨਹੀਂ ਬਚਦੇ! ਪਰ ਦੂਜੇ ਦਿਨ 7 ਜੂਨ ਸਵੇਰੇ ਪਤਾ ਲੱਗਾ ਕਿ ਦੋ ਨੌਜਵਾਨ ਕੰਧ ਟੱਪ ਰਹੇ ਸਨ, ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਜਦ ਮੈਂ ਅਤੇ ਸ. ਭਾਨ ਸਿੰਘ (ਸਕੱਤਰ ਸ਼੍ਰੋਮਣੀ ਕਮੇਟੀ) ਕੈਂਪ ਵਿਚ ਪਹੁੰਚੇ ਤਾਂ ਉਥੇ ਪ੍ਰਧਾਨ ਸਾਹਿਬ, ਸੰਤ ਹਰਚੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਨ੍ਹਾਂ ਨੂੰ ਸ਼ਾਮੀਂ ਚਾਰ ਵਜੇ ਲਿਜਾਇਆ ਗਿਆ ਸੀ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਨ੍ਹਾਂ ਨੂੰ ਮਾਰਨ ਲਈ ਲੈ ਗਏ ਹਨ ਅਤੇ ਜਦ ਸਾਨੂੰ ਕੈਂਪ ਵਿਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵਾਰੀ ਆ ਗਈ ਹੈ ਪਰ ਉਨ੍ਹਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ ’ਤੇ ਪਹੁੰਚ ਗਏ ਹਾਂ।
very true