
(ਲੇਖਕ, ਡਾ. ਧਰਮ ਸਿੰਘ - ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)
ਪੰਜਾਬ ਦੇ ਇਤਿਹਾਸ ਵਿਚ ਅਠ੍ਹਾਰਵੀਂ ਸਦੀ ਜੁਗਗਰਦੀ, ਅਰਾਜਕਤਾ ਅਤੇ ਬਰਬਾਦੀ ਦੀ ਸਦੀ ਹੈ ਜਿਸ ਵਿਚ ਸਿੱਖਾਂ ਦੀ ਆਪਣੀ ਹੋਂਦ-ਹਸਤੀ ਵੀ ਖਤਰੇ ਵਿਚ ਪਈ ਹੋਈ ਸੀ। ਇਹੋ ਕਾਰਨ ਹੈ ਕਿ ਜਿਉਂ-ਜਿਉਂ ਸੰਕਟ ਗੰਭੀਰ ਹੁੰਦਾ ਜਾਂਦਾ ਹੈ, ਲੇਖਕ ਲੋਕ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਲਈ ਬਾਰ-ਬਾਰ ਸ੍ਰੀ ਗੁਰੂ ਗੋਬਿੰਦ ਸਿੰਘ ਵੱਲ ਤੱਕਦੇ ਹਨ। ਅਠ੍ਹਾਰਵੀਂ ਸਦੀ ਦੇ ਕਵੀਆਂ ਨੇ ਦਸਮ ਗੁਰੂ ਜੀ ਦੇ ਜਿਸ ਰੂਪ ਦਾ ਵਧੇਰੇ ਉਲੇਖ ਕੀਤਾ ਹੈ, ਉਹ ਹੈ ਉਨ੍ਹਾਂ ਦੀ ਬੀਰਤਾ ਜਾਂ ਉਨ੍ਹਾਂ ਦਾ ਸਿਪਾਹੀ ਰੂਪ।
ਖਾਲਸਾ ਸਾਜਨਾ ਨੇ ਰੁਲੀ ਹੋਈ ਇਨਸਾਨੀ ਅਜ਼ਮਤ ਨਾ ਕੇਵਲ ਬਹਾਲ ਹੀ ਕੀਤੀ, ਸਗੋਂ ਇਸ ਕਾਰਨਾਮੇ ਰਾਹੀਂ ਉਨ੍ਹਾਂ ਅਜਿਹੇ ਸਿਰਲੱਥ ਸੂਰਮੇ ਵੀ ਪੈਦਾ ਕੀਤੇ ਜਿਨ੍ਹਾਂ ਗੁਰੂ ਜੀ ਦੀ ਅਗਵਾਈ ਵਿਚ ਜ਼ੁਲਮ, ਅਨਿਆਂ ਅਤੇ ਅੱਤਿਆਚਾਰ ਦੇ ਖਿਲਾਫ ਕ੍ਰਿਪਾਨ ਉਠਾ ਕੇ ਧਰਮ ਅਤੇ ਸੱਚ ਦੀਆਂ ਸ਼ਕਤੀਆਂ ਦੀ ਰਾਖੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਧਰਮ-ਯੁੱਧਾਂ ਦੀ ਬਦੌਲਤ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਇਨਕਲਾਬ ਵਾਪਰਿਆ। ਇਸ ਇਨਕਲਾਬ ਨੇ ਗੁਰੂ ਜੀ ਦੀ ਕੀਰਤੀ ਦੇਸ਼ਾਂ-ਦੇਸ਼ਾਂਤਰਾਂ ਤਕ ਫੈਲਾ ਦਿੱਤੀ। ਸ਼ਾਇਦ ਇਹ ਕਾਰਨ ਹੈ ਕਿ ਅਠ੍ਹਾਰਵੀਂ ਸਦੀ ਦੇ ਲੇਖਕਾਂ ਨੇ ਗੁਰੂ ਜੀ ਦੀ ਵੀਰ ਰੂਪ ਵਿਚ ਵਧੇਰੇ ਮਹਿਮਾ ਕੀਤੀ ਹੈ। ਗੁਰੂ ਜੀ ਕ੍ਰਿਪਾਨ ਦੇ ਧਨੀ ਸਨ, ਇਸ ਕਰਕੇ ਉਨ੍ਹਾਂ ਦੀ ਬਾਣੀ ਵਿਚ ਤੇਗ, ਕਿਰਪਾਨ, ਭਗਉਤੀ, ਸੈਫ ਆਦਿ ਦੀ ਬਹੁਤ ਚਰਚਾ ਹੈ। ਹੇਠ ਲਿਖਿਆ ਬੰਦ ਕਵੀ ਅਣੀ ਰਾਇ ਦਾ ਹੈ ਜਿਸ ਵਿਚ ਕਵੀ ਕਹਿੰਦਾ ਹੈ ਕਿ ਮਿਆਨ ਤੋਂ ਕੱਢਦਿਆਂ ਹੀ ਉਨ੍ਹਾਂ ਦੀ ਤੇਗ ਇਸ ਤਰ੍ਹਾਂ ਚਮਕਦੀ ਹੈ ਜਿਵੇਂ ਉਹ ਅੱਗ ਦੀ ਖਾਣ ਅਤੇ ਸੂਰਜਾਂ ਦਾ ਸਮੂਹ ਹੋਵੇ:
ਕਾਢਤ ਮਯਾਨ ਤੇ ਬਡੀ ਸੁ ਚੰਡਤਾ ਕੀ ਸਾਨ,
ਤਾ ਕੇ ਉਪਮਾਨ ਕਵਿ ਕੇਵਲ ਬਖਾਨ ਹੈ।
ਕਾਲ ਕੀ ਜਬਾਨ ਹੈ ਨਿਦਾਨ ਕ੍ਰਿਸਾਨ ਖਾਨ,
ਪੁੰਜ ਮਾਰਤੰਡ ਕੋ ਅਖੰਡ ਭਾਸਮਾਨ ਹੈ।
ਭਾਨ ਕੀ ਪ੍ਰਭਾ ਨ ਹੈ ਛਟਾ ਨ ਕ੍ਰਿਸਾਨ।
ਪ੍ਰਗਟ ਗੁਰੂ ਗੋਬਿੰਦ ਸਿੰਘ ਕੀ ਕ੍ਰਿਪਾਨ ਹੈ।
ਕਵੀ ਸੋਹਨ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਪੁੱਤਰ ਗੁਰੂ ਗੋਬਿੰਦ ਸਿੰਘ ਦੇਗ-ਤੇਗ ਦਾ ਧਨੀ ਹੈ ਜਿਸ ਨੇ ਸਾਰੇ ਜ਼ਾਲਮਾਂ ਨੂੰ ਮਾਰ ਖਪਾਇਆ ਹੈ। ਖਾਲਸਾ ਸਿਰਜਣਾ ਦੀ ਮਹਿਮਾ ਕਰਦਾ ਉਹ ਨਾਲ ਹੀ ਕਹਿੰਦਾ ਹੈ ਕਿ ਇਸ ਨਾਲ ਚਾਰੇ ਵਰਣ ਇਕ ਵਰਣ ਹੋ ਗਏ:
ਦਸਮ ਗੁਰੂ ਸੁਤ ਜਾਸ ਨਾਮ ਗੋਬਿੰਦ ਮ੍ਰਿਗਪਤਿ।
ਦੇਗ ਤੇਗ ਕੇ ਧਨੀ ਜਾਸ ਸਭ ਤੁਰਕਨ ਕੀਨ ਹਤਿ।
ਚਾਰੋਂ ਬਰਨ ਮਿਲਾਏ ਕਰ ਏਕ ਰੂਪ ਜਿਨ ਕਰ ਦਿਯੇ।
ਬਾਰ ਬਾਰ ਬੰਦੋ ਸਦਾ ਚਰਨ ਕਮਲ ਤਹਿ ਧਰ ਦਿਯੇ।
ਜੁਝਾਰੂ ਰੂਪ ਦੇ ਨਾਲ-ਨਾਲ ਅਠ੍ਹਾਰਵੀਂ ਸਦੀ ਵਿਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਰੂਪ ਅਧਿਆਤਮ ਦਾ ਵੀ ਉਘੜਨਾ ਸ਼ੁਰੂ ਹੁੰਦਾ ਹੈ। ਇਸ ਦੀ ਸ਼ੁਰੂਆਤ ਗੁਰੂ ਜੀ ਦੇ ਸਮਕਾਲੀ ਸਿੱਖ ਕਵੀ ਭਾਈ ਗੁਰਦਾਸ ਜੀ ਨੇ ਕੀਤੀ। ਉਨ੍ਹਾਂ ਦੀ ਪ੍ਰਸਿੱਧ ਵਾਰ ਜੋ ੪੧ਵੀਂ ਵਾਰ ਕਰਕੇ ਜਾਣੀ ਜਾਂਦੀ ਹੈ ਅਤੇ ਜੋ ਆਮ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਹੀ ਪ੍ਰਕਾਸ਼ਤ ਕਰ ਦਿੱਤੀ ਜਾਂਦੀ ਹੈ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਧਿਆਤਮ ਅਤੇ ਸੰਸਾਰੀ ਰੂਪ ਆਪਸ ਵਿਚ ਰਲਗੱਡ ਹੋਏ ਦਿਖਾਈ ਦਿੰਦੇ ਹਨ।
ਪਹਿਲੀਆਂ ਚੌਦਾਂ ਪਉੜੀਆਂ ਵਿਚ ਅਧਿਆਤਮਕ ਰੂਪ ਵਧੇਰੇ ਨਿੱਖਰਿਆ ਹੈ ਜਦਕਿ ਪੰਦਰ੍ਹਵੀਂ ਪਉੜੀ ਪਿੱਛੋਂ ਉਨ੍ਹਾਂ ਦਾ ਸ਼ਖ਼ਸੀ ਅਤੇ ਸੰਸਾਰੀ ਰੂਪ ਵਧੇਰੇ ਉਜਾਗਰ ਹੋਇਆ ਹੈ:
ਆਦਿ ਪੁਰਖ ਅਨਭੈ ਅਨੰਤ ਗੁਰੁ ਅੰਤ ਨ ਪਾਈਐ।
ਅਪਰ ਅਪਾਰ ਅਗੰਮ ਆਦਿ ਜਿਸੁ ਲਖੀ ਨ ਜਾਈਐ।
ਅਮਰ ਅਜਾਚੀ ਸਤਿ ਨਾਮੁ ਤਿਸੁ ਸਦਾ ਧਿਆਈਐ।
ਸਚਾ ਸਾਹਿਬ ਸੇਵੀਐ ਮਨ ਚਿੰਦਿਆ ਪਾਈਐ।
ਅਨਿਕ ਰੂਪ ਧਰਿ ਪ੍ਰਗਟਿਆ ਹੈ ਏਕ ਅਕੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਇਥੇ ਇਹ ਵੀ ਦੱਸਣਾ ਉਚਿਤ ਹੈ ਕਿ ਗੁਰਬਾਣੀ ਵਿਚ ਪਰਮਾਤਮਾ ਦੇ ਜਿੰਨੇ ਵੀ ਸਿਫਤੀ ਨਾਂ ਵਰਤੇ ਗਏ ਹਨ, ਉਨ੍ਹਾਂ ਵਿੱਚੋਂ ਬਹੁਤੇ ਇਸ ਵਾਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਵਰਤੇ ਗਏ ਹਨ। ਕਵੀ ਸੈਨਾਪਤਿ ਨੇ ਵੀ ਗੁਰੂ ਸਾਹਿਬ ਦੇ ਅਧਿਆਤਮ ਰੂਪ ਨੂੰ ਇਨ੍ਹਾਂ ਸ਼ਬਦਾਂ ਵਿਚ ਯਾਦ ਕੀਤਾ ਹੈ:
ਨਿਰੰਕਾਰ ਆਕਾਰ ਕਰਿ ਮਨਸਾ ਮਨਿ ਬੀਚਾਰ।
ਮੁਕਤ ਕਰਨ ਸੰਸਾਰ ਕੋ ਪ੍ਰਗਟ ਭਯੋ ਕਰਤਾਰ॥੫੪੭॥
ਕਰਨ ਕਰਾਵਨਹਾਰ ਪ੍ਰਭ ਸਮਰਥ ਸਿੰਘ ਗੋਬਿੰਦ।
ਕਲਾ ਧਾਰਿ ਪ੍ਰਗਟ ਭਯੋ ਚਹੁ ਦਿਸ ਭਯੋ ਅਨੰਦ॥੫੪੮॥
ਭਾਈ ਤੋਲਾ ਸਿੰਘ (ਭੱਲਾ) ਅਤੇ ਭਾਈ ਸਰੂਪ ਦਾਸ (ਭੱਲਾ) ਦੀਆਂ ਕਿਰਤਾਂ ਵਿਚ ਵੀ ਗੁਰੂ ਸਾਹਿਬ ਦੇ ਅਧਿਆਤਮ ਸਰੂਪ ਦੀ ਹੀ ਚੜ੍ਹਤ ਹੈ। ਮਗਰੋਂ ਇਹ ਰੰਗਤ
ਨਿਰਮਲੇ ਸੰਤਾਂ ਦੀ ਮਹਿਮਾ ਵਿਚ ਵੀ ਜਾਰੀ ਰਹੀ। ਕਵੀ ਬਸੰਤ ਸਿੰਘ ਵੱਲੋਂ ਗੁਰੂ ਜੀ ਨੂੰ ਕ੍ਰਿਸ਼ਨ ਅਵਤਾਰ ਅਤੇ ਕਲਕੀ ਅਵਤਾਰ ਦੀ ਵਿਚਕਾਰਲੀ ਕੜੀ ਮੰਨਣ ਪਿੱਛੇ ਵੀ ਉਨ੍ਹਾਂ ਦੇ ਅਧਿਆਤਮ ਸਰੂਪ ਨੂੰ ਉਜਾਗਰ ਕਰਨ ਦੀ ਭਾਵਨਾ ਪ੍ਰਤੀਤ ਹੁੰਦੀ ਹੈ। ਇਹ ਸਮਾਂ ਸਿੱਖਾਂ ਦੀ ਰਾਜਨੀਤਿਕ ਚੜ੍ਹਤ ਦਾ ਸਮਾਂ ਹੈ ਜਿਸ ਦਾ ਸਿੱਧਾ ਅਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਵਿ-ਬਿੰਬ ਉੱਪਰ ਪਿਆ ਹੈ। ਪਿਛਲੀ ਸਦੀ ਦੇ ਟਾਕਰੇ ਇਸ ਵੇਲੇ ਗੁਰੂ ਜੀ ਦੇ ਕਾਵਿ-ਬਿੰਬ ਵਿਚ ਰਾਜਸੀ ਠਾਠ-ਬਾਠ ਵਧੇਰੇ ਹੈ। ਕਵੀ ਵੀਰ ਸਿੰਘ (ਬੱਲ) ਨੇ ਆਪਣੇ ਇਕ ਗ੍ਰੰਥ ‘ਸਿੰਘ ਸਾਗਰ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕੰਮਲ ਜੀਵਨ ਕਲਮਬੱਧ ਕੀਤਾ ਹੈ, ਜਿਸ ਵਿਚ ਗੁਰੂ ਸਾਹਿਬ ਦਾ ਤੇਜੱਸਵੀ ਰੂਪ ਵਧੇਰੇ ਉਘੜਿਆ ਹੈ, ਪਰ ਦਰਬਾਰੀ ਕਵੀ ਹੋਣ ਦੇ ਨਾਤੇ ਉਹ ਦਰਬਾਰੀ ਤੜਕ-ਭੜਕ ਤੋਂ ਪਿੱਛਾ ਨਹੀਂ ਛੁਡਾ ਸਕਿਆ। ਜਿਸ ਦਾ ਪ੍ਰਮਾਣ ਉਸ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਦੀਆਂ ਰੀਤਾਂ-ਰਸਮਾਂ ਨੂੰ ਰਾਜ ਘਰਾਣਿਆਂ ਵਾਲੀਆਂ ਦਰਸਾਉਣ ਤੋਂ ਦੇਖਿਆ ਜਾ ਸਕਦਾ ਹੈ।
ਬਾਵਾ ਸੁਮੇਰ ਸਿੰਘ (ਭੱਲਾ) ਭਾਵੇਂ ਉਮਰ ਦਾ ਬਹੁਤਾ ਹਿੱਸਾ ਪੰਜਾਬ ਤੋਂ ਬਾਹਰ ਰਿਹਾ ਕਿਉਂਕਿ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮਹੰਤ ਸੀ ਪਰ ਉਸ ਦੀ ਕਾਵਿਰਚਨਾ ਵਿਚ ਵੀ ਦਰਬਾਰੀ ਰੰਗ ਕਾਫ਼ੀ ਜ਼ਿਆਦਾ ਹੈ। ਉਸ ਨੇ ਗੁਰੂ ਜੀ ਦੀ ਕਲਗੀ, ਜਿਗ੍ਹਾ, ਸ਼ਸ਼ਤਰਾਂ, ਘੋੜਿਆਂ ਅਤੇ ਹਾਥੀਆਂ ਦੀ ਮਹਿਮਾ ਉਚੇਚੇ ਤੌਰ ’ਤੇ ਕੀਤੀ ਹੈ। ਵੀਹਵੀਂ ਸਦੀ ਨਵੇਂ ਗਿਆਨ ਅਤੇ ਨਵੀਂ ਚੇਤਨਾ ਦੀ ਸਦੀ ਸੀ ਅਤੇ ਆਉਣ ਵਾਲੀ ਸਦੀ ਵਿਚ ਇਹ ਚੇਤਨਾ ਹੋਰ ਵੀ ਪ੍ਰਚੰਡ ਹੋ ਰਹੀ ਹੈ ਜਿਸ ਨੇ ਗੁਰੂ ਜੀ ਵੱਲੋਂ ਇਤਿਹਾਸ ਵਿਚ ਪਾਏ ਯੋਗਦਾਨ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਉਜਾਗਰ ਕੀਤਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿਚ ਪੰਜਾਬੀਆਂ ਦੇ ਮਨਭਾਉਂਦੇ ਦੋਵੇਂ ਗੁਣ ਸੰਤ ਅਤੇ ਸਿਪਾਹੀ ਮੌਜੂਦ ਹਨ ਇਸ ਲਈ ਉਹ ਸਦੀਆਂ ਤੋਂ ਪੰਜਾਬੀਆਂ ਦੇ ਮਨਭਾਉਂਦੇ ਨਾਇਕ ਚਲੇ ਆ ਰਹੇ ਹਨ। ਗੁਰੂ ਜੀ ਦੇ ਕਾਵਿ-ਬਿੰਬ ਵਿਚ ਉਹ ਧਾਰਮਿਕ ਨੇਤਾ ਦੇ ਨਾਲ-ਨਾਲ ਸਮਾਜਿਕ ਅਤੇ ਜਨਤਕ ਉਧਾਰ-ਕਰਤਾ ਹਨ। ਇਸ ਵਿਚ ਜਾਬਰਾਂ ਲਈ ਭੈਅ, ਅਵਤਾਰੀ ਰੰਗ, ਪੌਰਾਣਿਕ ਚੇਤਨਾ ਅਤੇ ਨਾਇਕ-ਪੂਜਾ ਸਭ ਕੁਝ ਹੈ। ਤਤਕਾਲੀ ਯਥਾਰਥ ਨੇ ਗੁਰੂ ਜੀ ਦੇ ਨਾਇਕਤਵ ਦੀ ਘਾੜਤ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜ਼ਾਦੀ, ਮਨੁੱਖੀ ਬਰਾਬਰੀ, ਵਸੀਲਿਆਂ ਦੀ ਇਕਸਾਰ ਵੰਡ, ਇਨਸਾਨੀ ਹੱਕਾਂ ਦਾ ਸਤਿਕਾਰ ਨਵੇਂ ਯੁੱਗ ਦੇ ਨਵੇਂ ਤਕਾਜ਼ੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕੇਵਲ ਇਨ੍ਹਾਂ ਦੇ ਹੱਕ ਵਿਚ ਆਵਾਜ਼ ਹੀ ਉਠਾਈ, ਸਗੋਂ ਵਿਹਾਰਕ ਰੂਪ ਵਿਚ ਇਹ ਸਭ ਕੁਝ ਕਰ ਵਿਖਾਇਆ। ਨਵੀਂ ਸਦੀ ਦੀਆਂ ਵੰਗਾਰਾਂ ਦੇ ਸਨਮੁਖ ਉਹ ਭਵਿੱਖਮੁਖੀ ਅਤੇ ਸਰਬਕਾਲੀ ਨਾਇਕ ਹਨ।