Dastar and the Sikh Code of Conduct
ਸਿੱਖ ਧਰਮ ਦੇ ਰਹਿਤਨਾਮਿਆਂ ਵਿੱਚੋਂ ਦਸਤਾਰ ਸੰਬੰਧੀ ਮਰਯਾਦਾ ਦਾ ਵਰਣਨ ਕਰਦੇ ਹਾਂ ਤਾਂ ਜੋ ਪੂਰਨ ਗਿਆਨ ਹੋ ਸਕੇ ਕਿਉਂਕਿ ਇਸ ਮਰਯਾਦਾ ਦੇ ਉਲਟ ਚੱਲਣ ਵਾਲਾ ਤਨਖਾਹੀਆ ਅਰਥਾਤ ਦੰਡ (ਸਜ਼ਾ) ਦਾ ਅਧਿਕਾਰੀ ਹੋ ਜਾਂਦਾ ਹੈ। ਇਸ ਲਈ ਇਸ ਮਰਯਾਦਾ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਰਹਿਤਨਾਮਿਆਂ ਅਤੇ ਹੋਰ ਗ੍ਰੰਥਾਂ ਵਿਚ ਹਵਾਲਿਆਂ ਸਹਿਤ ਲਿਖਿਆ ਹੈ:
੧. ਗੁਰਸਿੱਖ ਸਵੇਰੇ ਉਠ ਕੇ ਇਸ਼ਨਾਨ ਕਰੇ ਕੰਘਾ ਕਰ ਸਿਰ ਦੇ ਮੱਧ ਜੂੜਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ ਫਿਰ ਵੱਡੀ ਦਸਤਾਰ ਚੁਣ ਕੇ ਬੰਨੇ।
“ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ”। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਭਾਈ ਦਯਾ ਸਿੰਘ ਜੀ ਨੇ ਰਹਿਤਨਾਮੇ ਵਿਚ ਲਿਖਿਆ ਹੈ:
“ਜੂੜਾ ਸੀਸ ਕੇ ਮੱਧ ਭਾਗ ਮੈਂ ਰਾਖੇ, ਔਰ ਪਾਗ ਬੜੀ ਬਾਂਧੇ”।
੨. ਪੂਰਨ ਗੁਰਸਿੱਖਾਂ ਦੀ ਮਰਯਾਦਾ ਇਹ ਹੈ ਕਿ ਦਸਤਾਰ ਹਮੇਸ਼ਾਂ ਖੜ੍ਹੇ ਹੋ ਕੇ ਸਜਾਉਣੀ ਚਾਹੀਦੀ ਹੈ:
ਸਵਾ ਪਹਿਰ ਨਿਸ਼ ਕਰੇ ਸ਼ਨਾਨ, ਬਾਣੀ ਪੜ੍ਹੈ ਖੜ ਪੱਗ ਬਧਾਨ। (ਪੰਥ ਪ੍ਰਕਾਸ, ਪੰਨਾ ੫੪)
੩. ਦਸਤਾਰ ਹਮੇਸ਼ਾਂ ਦੋ ਸਮੇਂ ਸਜਾਉਣੀ ਚਾਹੀਦੀ ਹੈ। ਇਕ, ਸਵੇਰੇ ਇਸ਼ਨਾਨ ਕਰ ਕੇ ਤੇ ਦੂਸਰਾ, ਤ੍ਰਿਕਾਲਾਂ ਵੇਲੇ ਕੰਘਾ ਕਰ ਕੇ ਸਜਾਉਣੀ ਚਾਹੀਦੀ ਹੈ। ਪ੍ਰਮਾਣ:
ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ।
ਚਾਰ ਘੜੀ ਜਬ ਦਿਵਸ ਰਹਾਈ। ਪੰਚ ਇਸਨਾਨਾ ਪੁਨਹ ਕਰਾਈ।
ਕੰਘਾ ਕਰਦ ਦਸਤਾਰ ਸਜਾਵੈ। ਇਹੀ ਰਹਤ ਸਿੰਘਨ ਸੋ ਭਾਵੈ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
ਕੰਘਾ ਦ੍ਵੈ ਕਾਲ ਕਰੇ ਪਾਗ ਚੁਨਕਿ ਬਾਧੇ। (ਰਹਿਤਨਾਮਾ ਭਾਈ ਦਯਾ ਸਿੰਘ ਜੀ)
੪. ਦਸਤਾਰ ਹਮੇਸ਼ਾਂ ਸਜਾ ਕੇ ਰੱਖਣੀ ਚਾਹੀਦੀ ਹੈ। ਭਾਵ ਕਦੇ ਸਿਰ ਨੰਗਾ ਨਹੀਂ ਰੱਖਣਾ, ਨੰਗੇ ਸਿਰ ਭੋਜਨ ਨਹੀਂ ਕਰਨਾ। ਰਾਤ ਦੇ ਸਮੇਂ ਛੋਟੀ ਦਸਤਾਰ ਭਾਵ
ਕੇਸਕੀ ਸਜਾ ਸਕਦੇ ਹਾਂ ਪਰ ਸਿਰ ਨੰਗਾ ਨਹੀਂ ਰੱਖਣਾ ਯਥਾ :
- ਪੱਗ ਰਾਤੀਂ ਲਾਹਿ ਕੇ ਸਵੇਂ, ਸੋ ਭੀ ਤਨਖਾਹੀਆ।
- ਨੰਗੇ ਕੇਸੀਂ ਫਿਰੇ, ਰਵਾਲ ਪਾਏ, ਸੋ ਤਨਖਾਹੀਆ।
- ਨੰਗੇ ਕੇਸੀਂ ਮਾਰਗ ਟੁਰੇ, ਸੋ ਤਨਖਾਹੀਆ।
- ਨੰਗੇ ਕੇਸੀਂ ਭੋਜਨ ਕਰੇ, ਸੋ ਤਨਖਾਹੀਆ।
- ਪਗੜੀ ਲਾਹਿ ਕਰ ਸਿਖ ਪ੍ਰਸਾਦਿ ਖਾਏ, ਸੋ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)
ਪਾਗ ਉਤਾਰਿ ਪ੍ਰਸਾਦਿ ਜੋ ਖਾਵੇ, ਸੋ ਸਿੱਖ ਕੁੰਭੀ ਨਰਕ ਸਿਧਾਵੈ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
ਨਗਨ ਹੋਇ ਬਾਹਰ ਫਿਰਹਿ, ਨਗਨ ਸੀਸ ਜੋ ਖਾਇ,
ਨਗਨ ਪ੍ਰਸਾਦਿ ਜੋ ਬਾਂਟਈ, ਤਨਖਾਹੀ ਬਡੋ ਕਹਾਇ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
- ਪੱਗ ਉਤਾਰ ਕੇ ਪ੍ਰਸਾਦ ਜੋ ਪਾਵੈ,
- ਨਗਨ ਹੋਇ ਜੋ ਨਾਵਹਿ, ਕੁੰਭੀ ਨਰਕ ਭੋਗੈ।
- ਕੇਸ ਨਗਨ ਰਖੈ, ਸੋ ਮਹਾਂ ਨਰਕ ਭੋਗੈ।
- ਕੇਸ ਢਾਪ ਰੱਖੇ। (ਰਹਿਤਨਾਮਾ ਭਾਈ ਦਯਾ ਸਿੰਘ ਜੀ)
- ਸ਼ਸਤਰਧਾਰੀ ਸਿੰਘ ਰਾਤਿ ਨੂੰ ਐਕੜ ਨ ਸਵੈ।
- ਲੱਕੋਂ ਸਿਰੋਂ ਨੰਗਾ ਨ ਹੋਇ। ਪਗੜੀ ਤਕੜੀ ਬੰਨ੍ਹੇ। (ਰਹਿਤਨਾਮਾ ਭਾਈ ਚਉਪਾ ਸਿੰਘ ਜੀ)
੫. ਗੁਰੂ ਦਾ ਸਿੱਖ ਚੰਗੀ ਤਰ੍ਹਾਂ ਖੂਬ ਸੋਧ ਕੇ, ਸਵਾਰ ਕੇ ਦਸਤਾਰ ਸਜਾਵੇ ਕਿਉਂਕਿ ਖਾਲਸਾ ਮੂਲ ਰੂਪ ’ਚ ਇਕ ਸਿਪਾਹੀ ਹੈ। ਉਹ ਨਿੱਤ ਜੰਗ ਕਰਦਾ ਹੈ। ਖਾਲਸਾ ਨਾ ਹੀ ਆਪਣੀ ਪੱਗ ਸਰਕਣ ਦਿੰਦਾ ਹੈ ਤੇ ਨਾ ਹੀ ਦੂਜੇ ਦੀ ਪੱਗ ਲਾਹੁੰਦਾ ਹੈ:
ਜਿਸ ਕੀ ਲੜਾਈ ਮੈਂ ਪੱਗ ਉਤਰੈ ਸੋ ਟਕਾ,
ਪੱਕਾ ਤਨਖਾਹ, ਜੋ ਉਤਾਰੇ ਦੋ ਟਕੇ ਪੱਕਾ।
(ਰਹਿਤਨਾਮਾ ਭਾਈ ਦਯਾ ਸਿੰਘ ਜੀ)
ਜੋ ਸਿੱਖ, ਸਿੱਖ ਦੀ ਪੱਗ ਨੂੰ ਹੱਥ ਪਾਏ, ਸੋ ਭੀ ਤਨਖਾਹੀਆ।
(ਰਹਿਤਨਾਮਾ ਭਾਈ ਚਉਪਾ ਸਿੰਘ ਜੀ)
੬. ਗੁਰਸਿੱਖ ਮੈਲੀ-ਕੁਚੈਲੀ, ਬਾਸੀ ਦਸਤਾਰ ਨਾ ਸਜਾਵੇ। ਸਾਫ ਧੋਤੀ ਹੋਈ ਦਸਤਾਰ ਸਜਾਵੇ, ਇੱਕੋ ਪੱਗ ਜ਼ਿਆਦਾ ਸਮਾਂ ਨਾ ਸਜਾਵੇ।
ਜੋ ਪੱਗ ਨੂੰ ਬਾਸੀ ਰਖੇ ਸੋ ਤਨਖਾਹੀਆ। (ਰਹਿਤਨਾਮਾ ਭਾਈ ਚਉਪਾ ਸਿੰਘ ਜੀ)
੭. ਗੁਰਸਿੱਖ ਸਿਰ ’ਤੇ ਬੰਨ੍ਹਣ ਵਾਲਾ ਸਾਫਾ ਹੋਰ ਕੰਮਾਂ ਵਿਚ ਜਿਵੇਂ ਕਿ ਕਛਹਿਰਾ ਬਦਲਣ ਲਈ ਕੰਮ ਵਿਚ ਨਾ ਲਿਆਵੇ ਬਲਕਿ ਅਜਿਹੇ ਕੰਮ ਲਈ ਅਲੱਗ
ਪਟਕਾ ਰੱਖੇ। ਭਾਈ ਦਯਾ ਸਿੰਘ ਜੀ ਦੇ ਰਹਿਤਨਾਮੇ ਵਿਚ ਲਿਖਿਆ ਹੈ ਕਿ ਸਿੱਖ ਢਾਈ ਗਜ਼ ਦਾ ਸਾਫਾ ਕਛਹਿਰਾ ਬਦਲਣੇ ਵਾਸਤੇ ਰੱਖੇ:
ਜੋ ਕੇਸਾਧਾਰੀ ਲੱਕ ਦੇ ਪੜਦੇ ਸਿਰ ਤੇ ਧਰੇ, ਸੋ ਭੀ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)
੮. ‘ਜੇਹੀ ਸੰਗਤ ਤੇਹੀ ਰੰਗਤ’ ਦੀ ਲੋਕ-ਸੱਚਾਈ ਤੋਂ ਕੌਣ ਵਾਕਿਫ ਨਹੀਂ? ਇਸੇ ਲਈ ਭਾਈ ਦਯਾ ਸਿੰਘ ਰਹਿਤ ਦੱਸਦੇ ਹਨ:
“ਗੁਰ ਕਾ ਸਿੱਖ ਪੱਗ ਲੱਥੇ ਦੀ ਸੰਗਤ ਨਾ ਕਰੇ”
੯. ਦਸਤਾਰ ਹਮੇਸ਼ਾਂ ਇੱਕ-ਇੱਕ ਲੜ ਖੋਲ੍ਹ ਕੇ ਹੀ ਉਤਾਰਨੀ ਚਾਹੀਦੀ ਹੈ। ਇੱਕੋ ਵਾਰੀ ਇਕੱਠੀ ਟੋਪੀ ਵਾਂਗ ਉਤਾਰਨੀ ਵਰਜ਼ਿਤ ਹੈ।
੧੦. ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਹਟਾਈ ਗੁਲਾਮੀ ਦੀ ਨਿਸ਼ਾਨੀ ਟੋਪੀ ਨਹੀਂ ਪਾਉਣੀ ਚਾਹੀਦੀ ਤੇ ਨਾ ਹੀ ਟੋਪੀ ਪਾਉਣ ਵਾਲੇ ਅੱਗੇ ਝੁਕਣਾ ਜਾਂ ਸਿਰ ਨਿਵਾਉਣਾ
ਹੈ:
- ਜੋ ਕੇਸਾਧਾਰੀ ਟੋਪੀ ਰਖੇ। ਸੋ ਭੀ ਤਨਖਾਹੀਆ।
ਟੋਪੀ ਵਾਲੇ ਦੇ ਕੇਸਧਾਰੀ ਪੈਰੀਂ ਪਵੈ, ਸੋ ਤਨਖਾਹੀਆ,
ਟੋਪੀ ਵਾਲੇ ਦਾ ਜੂਠਾ ਖਾਏ, ਸੋ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)
- ਹੋਇ ਸਿਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਇ ਮਰੈ।
- ਟੋਪੀ ਦੇਖਿ ਨਿਵਾਵਹਿ ਸੀਸ। ਸੋ ਸਿਖ ਨਰਕੀ ਬਿਸ੍ਵੈ ਬੀਸ।
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
As a woman that grew up in America and has recently started wearing a turban, I am interested in reading this article. But my punjabi is not up to that level yet, that I can read it. Could you please post a English translation?