A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

Author/Source: Bhai Kirpal Singh

Glimpse into Sri Guru Har Rai Sahib Ji's Life

ਸ੍ਰੀ ਗੁਰੂ ਹਰਿ ਰਾਇ ਸਾਹਿਬ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ। ਉਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਉਨ੍ਹਾਂ ਦਾ ਜਨਮ ੧੯ ਮਾਘ ਸੰਮਤ ੧੬੮੬ ਬਿ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।

ਗਿਆਨੀ ਗਿਆਨ ਸਿੰਘ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲੇ ੧੬੪੨ ਈ: ਸ੍ਰੀ ਗੁਰੂ ਹਰਿ ਰਾਇ ਸਾਹਿਬ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ- ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿਚ ਰਹਿੰਦੇ ਸਨ।

ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। ੧੬੪੪ ਈ: ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰ- ਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ ੨੨੦੦ ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ। ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੂੰਹ ਜ਼ਰੂਰ ਮੋੜਿਆ ਅਤੇ ਉਸ ਨੂੰ ਧੂਲ ਚਟਾ ਦਿੱਤੀ। ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਵਿਚ ਹੀ ਬਤੀਤ ਹੁੰਦਾ।

ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਸਵਾਲੀ ਜਾਂ ਸ਼ਰਨ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ। ਗੁਰੂ ਜੀ ਦੇ ਖਜ਼ਾਨੇ ਵਿਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸੰਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ’ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ।

ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ। ਹਕੀਮਾਂ ਨੇ ਦੱਸਿਆ ਕਿ ਇਹਦੇ ਰਾਜ਼ੀ ਕਰਨ ਲਈ ਦਸ ਤੋਲੇ ਦੀ ਹਰੜ ਅਤੇ ਮਾਸੇ ਦਾ ਲੋਂਗ ਚਾਹੀਦੇ ਹਨ। ਇਹ ਚੀਜ਼ਾਂ ਕਿਤੋਂ ਨਾ ਲੱਭੀਆਂ ਤਾਂ ਪੀਰ ਹਸਨ ਅਲੀ ਅਤੇ ਸ਼ੇਖ ਅਲੀ ਗੰਗੋਹੀ ਨੇ ਦੱਸਿਆ ਕਿ ਇਹ ਦੁਰਲੱਭ ਚੀਜ਼ਾਂ ਉਨ੍ਹਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਖਜ਼ਾਨੇ ਵਿਚ ਵੇਖੀਆਂ ਹਨ। ਸ਼ਾਹ ਜਹਾਨ ਨੇ ਆਕਲ ਖਾਂ ਅਤੇ ਗੁਲਬੇਲ ਖਾਂ ਨੂੰ ਗੁਰੂ ਜੀ ਪਾਸੋਂ ਇਹ ਅਮੋਲਕ ਪਦਾਰਥ ਲੈਣ ਲਈ ਭੇਜਿਆ। ਉਨ੍ਹਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਇਹ ਦੋਵੇਂ ਚੀਜ਼ਾਂ ਮੰਗਵਾ ਕੇ ਦਿੱਤੀਆਂ, ਜਿਸ ਤੋਂ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। ੧੭੦੭ ਬਿ: ਵਿਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਬਾਦਸ਼ਾਹ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥” ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ-ਘਰ ਵਿਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟਪੁਸ਼ਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜੱਸ ਸੁਣ ਕੇ ਗੁਰੂ ਜੀ ਦੀ ਸ਼ਰਣ ਵਿਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿਚ ਬੈਠ ਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ।

ਗੁਰੂ ਜੀ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਭਾਈ ਰੂਪਾ, ਕਾਂਗੜ ਆਦਿ ਪਿੰਡਾਂ ਨੂੰ ਹੁੰਦੇ ਹੋਏ ਮਹਿਰਾਜ ਪਿੰਡ ਪਹੁੰਚੇ। ਇੱਥੇ ਭਾਈ ਮੋਹਨ ਦੇ ਪੁੱਤਰ ਚੌਧਰੀ ਕਾਲੇ ਨੇ ਤਨ-ਮਨ-ਧਨ ਨਾਲ ਗੁਰੂ ਜੀ ਦੀ ਟਹਿਲ ਕੀਤੀ। ਇਕ ਦਿਨ ਚੌਧਰੀ ਕਾਲਾ ਆਪਣੇ ਭਤੀਜੇ ਫੂਲ ਅਤੇ ਸੰਦਲੀ ਨੂੰ ਵੀ ਨਾਲ ਲੈ ਕੇ ਆਇਆ। ਉਹ ਦੋਵੇਂ ਬਾਲਕ ਭੁੱਖੇ ਹੋਣ ਕਾਰਨ ਗੁਰੂ ਜੀ ਦੇ ਸਾਹਮਣੇ ਪੇਟ ਉੱਤੇ ਹੱਥ ਮਾਰਨ ਲੱਗੇ। ਗੁਰੂ ਜੀ ਨੇ ਹੱਸ ਕੇ ਕਿਹਾ,“ਬਾਲਕ ਕੀ ਮੰਗਦੇ ਹਨ?” ਚੌਧਰੀ ਕਾਲੇ ਨੇ ਕਿਹਾ ਕਿ ਇਹ ਲੰਗਰ ਮੰਗਦੇ ਹਨ। ਗੁਰੂ ਜੀ ਨੇ ਬਚਨ ਕੀਤਾ ਇੰਨ੍ਹਾਂ ਦੀ ਸੰਤਾਨ ਰਾਜ ਕਰੇਗੀ ਅਤੇ ਕਈ ਥਾਂ ਇਨ੍ਹਾਂ ਦੇ ਲੰਗਰ ਚੱਲਣਗੇ!” ਬਾਬਾ ਫੂਲ ਦੇ ਦੋ ਪੁੱਤਰ ਭਾਈ ਤਰਲੋਕਾ ਅਤੇ ਭਾਈ ਰਾਮਾ ਦੀ ਸੰਤਾਨ ਨੇ ਨਾਭਾ, ਪਟਿਆਲਾ ਅਤੇ ਜੀਂਦ ਰਿਆਸਤਾਂ ਕਾਇਮ ਕੀਤੀਆਂ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਹੀ ਫੂਲਕੀਏ ਵਿੱਚੋਂ ਸਰਦਾਰ ਗੱਜਪੱਤ ਸਿੰਘ ਜੀਂਦ ਵਾਲੇ ਦਾ ਦੋਹਤਰਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਦਾ ਵਰਦਾਨ ਸੱਚ ਹੋਇਆ। ਇਨ੍ਹਾਂ ਸਰਦਾਰਾਂ ਨਾਲ ਪੰਜਾਬ ਦੀ ਕਿਸਮਤ ਚਮਕ ਉੱਠੀ ਸੀ।

ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਜੋ ਸਿੱਧੂ ਬਰਾੜਾਂ ਦਾ ਮੁਖੀਆ ਸੀ। ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ। ਗੁਰੂ ਹਰਿ ਰਾਇ ਸਾਹਿਬ ਜਦੋਂ ਮਾਲਵੇ ਦੇਸ ਵਿਚ ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿਚ ਗੁਰੂ ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ ਰਹਿਣ ਲੱਗਾ। ਉਸ ਦੇ ਮਨ ਵਿਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਾਹੁੰਦਾ ਸੀ। ਇਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿ ਰਾਇ ਜੀ ਦਾ ਹੈ ਤਾਂ ਉਸ ਦੇ ਮਨ ਵਿਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿੰਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲੰਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ। ਗੁਰੂ ਅਤੇ ਸਿੱਖ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਇਸ ਨੂੰ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਕੇਵਲ ਸ਼ਰਧਾ ਭਾਵਨਾ ਦੁਆਰਾ ਹੀ ਅਨੁਭਵ ਕੀਤਾ ਜਾ ਸਕਦਾ ਹੈ। ਜੇਕਰ ਸਿੱਖ ਨੇ ਗੁਰੂ-ਆਸ਼ੇ ਦੇ ਉਲਟ ਕੋਈ ਕਾਰਜ ਕੀਤਾ ਵੀ ਹੈ ਅਤੇ ਉਸ ਦੀ ਸੁਧਾਈ ਕਰਨ ਹਿੱਤ ਸਜ਼ਾ ਲਾਈ ਗਈ ਹੈ ਤਾਂ ਵੀ ਸਿੱਖ ਦੇ ਪਸਚਾਤਾਪ ਕਰਨ ਉੱਤੇ ਉਸ ਨੂੰ ਬਖਸ਼ਿਆ ਜਾਂਦਾ ਹੈ ਕਿਉਂਕਿ ਗੁਰੂ ਸਦ ਬਖਸ਼ਿੰਦ ਹੀ ਨਹੀਂ ਸਗੋਂ ਗੁਰੂ ਤਾਂ “ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥” ਦੇ ਸਮਰੱਥ ਹੈ। ਜਿੱਥੋਂ ਤੀਕ ਸਿੱਖ ਦਾ ਸਵਾਲ ਹੈ, ਉਹ ਸਤਿਗੁਰੂ ਅਤੇ ਗੁਰੂ ਘਰ ਨੂੰ ਪੂਰਨ ਰੂਪ ਵਿਚ ਸਮਰਪਿਤ ਹੁੰਦਾ ਹੈ ਅਤੇ ਗੁਰੂ-ਘਰ ਦੀ ਅਜਮਤ ਲਈ ਆਪਣਾ ਸਭ ਕੁਝ ਜੀਅ-ਪ੍ਰਾਣ ਵੀ ਕੁਰਬਾਨ ਕਰਨ ਲਈ ਤੱਤਪਰ ਰਹਿੰਦਾ ਹੈ। ਪਰ ਅੱਜ ਅਸੀਂ ਇਹ ਗੁਣ ਬੜੀ ਤੇਜ਼ੀ ਨਾਲ ਛੱਡ ਰਹੇ ਹਾਂ। ਸਾਨੂੰ ਇਨ੍ਹਾਂ ਗੁਣਾਂ ਨੂੰ ਨਾ ਗੁਆਉਣ ਪੱਖੋਂ ਬਹੁਤ ਸਜੱਗ ਰਹਿਣਾ ਪਵੇਗਾ।

ਗੁਰੂ ਸਾਹਿਬ ਜੀ ਦੇ ਜੀਵਨ ਦੇ ਹੋਰ ਪੱਖਾਂ ਵਿਚ ਉਨ੍ਹਾਂ ਦਾ ਨਰਮ ਅਤੇ ਕੋਮਲ ਸੁਭਾਅ ਪਰੰਤੂ ਗੁਰਮਤਿ ਸਿਧਾਂਤਾਂ ਦੀ ਪਾਲਣਾ ਵਿਚ ਪੱਕੇ ਤੌਰ ਤੇ ਅਚੱਲ ਦ੍ਰਿੜ ਇਰਾਦਾ ਸੀ। ਸਿਧਾਂਤ ਅਤੇ ਮਰਿਆਦਾ ਦੇ ਮਸਲੇ ਵਿਚ ਗੁਰੂ ਜੀ ਕਦੇ ਵੀ ਕਿਸੇ ਕਿਸਮ ਦੀ ਢਿੱਲ ਨੂੰ ਪਸੰਦ ਨਹੀਂ ਕਰਦੇ ਸਨ। ਦੁਸ਼ਟ ਲੋਕਾਂ ਦੇ ਸਿਖਾਏ ਹੋਏ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਨੇ ਚੋਣਵੇਂ ਗੁਰਸਿੱਖਾਂ ਦੀ ਰਾਇ ਅਨੁਸਾਰ ਆਪਣੀ ਥਾਂ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਪਾਸ ਭੇਜ ਦਿੱਤਾ। ਬਾਬਾ ਰਾਮ ਰਾਇ ਜੀ ਨੇ ਗੁਰੂ ਹਰਿ ਰਾਇ ਜੀ ਦੀ ਆਗਿਆ ਦੇ ਉਲਟ ਬਹੁਤ ਸਾਰੀਆਂ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰੰਗਜ਼ੇਬ ਵੀ ਪੱਕਾ ਜਨੂੰਨੀ ਸੀ। ਉਹ ਵੀ ਵਾਰ-ਵਾਰ ਬਾਬਾ ਰਾਮ ਰਾਇ ਦੀ ਪ੍ਰੀਖਿਆ ਲੈˆਦਾ ਹੀ ਰਿਹਾ। ਇਕ ਦਿਨ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਤੁਕ ਪੜ੍ਹੀ, “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥” ਤਾਂ ਬਾਬਾ ਰਾਮ ਰਾਇ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਗੁਰੂ ਨਾਨਕ ਜੀ ਨੇ ‘ਮਿੱਟੀ ਬੇਈਮਾਨ ਕੀ’ ਕਿਹਾ ਹੈ। ਕਿਸੇ ਲਿਖਾਰੀ ਨੇ ਗਲਤੀ ਨਾਲ ‘ਮੁਸਲਮਾਨ ਕੀ’ ਲਿਖ ਦਿੱਤਾ ਹੋਵੇਗਾ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਤਾਂ ਉਹ ਬਹੁਤ ਨਰਾਜ਼ ਹੋਏ ਅਤੇ ਕਿਹਾ ਕਿ ਰਾਮ ਰਾਇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬਦਲਿਆ ਹੈ। ਇਸ ਲਈ ਸਾਨੂੰ ਆਪਣੀ ਸ਼ਕਲ ਨਾ ਦਿਖਾਏ। ਉਨ੍ਹਾਂ ਸਿੱਖ ਸੰਗਤਾਂ ਨੂੰ ਬਾਬਾ ਰਾਮ ਰਾਇ ਨਾਲ ਮੇਲ ਨਾ ਰੱਖਣ ਲਈ ਹੁਕਮਨਾਮੇ ਭੇਜ ਦਿੱਤੇ। ਸਤਿਗੁਰੂ ਗੁਰਬਾਣੀ ਦੀ ਮਹਿਮਾ ਅਤੇ ਵਡਿਆਈ ਇਉਂ ਕਰਦੇ ਹਨ: “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥” ਤਥਾ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥” ਅਤੇ ਇਸੇ ਤਰ੍ਹਾਂ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥” ਤਥਾ “ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ਅਤੇ ਗੁਰਬਾਣੀ ਸਾਰੇ ਸੰਸਾਰ ਲਈ ਚਾਨਣ ਹੈ। ਸਰਬਸਾਂਝਾ ਹੈ। ਨਿਰੰਕਾਰ ਰੂਪ ਹੈ। ਗੁਰਵਾਕ ਹੈ,“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥” ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਸਿੱਖ ਸੰਗਤ ਨੂੰ ਸੱਚੀ, ਰੱਬ ਰੂਪ ਗੁਰਬਾਣੀ ਸਰਵਣ ਕਰਨ, ਗਾਉਣ ਲਈ ਪ੍ਰੇਰਨਾ ਕਰਦੇ ਹੋਏ ਸਮਝਾਉਂਦੇ ਹਨ,“ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥” ਇਸ ਤਰ੍ਹਾਂ ਸਪਸ਼ਟ ਹੈ ਕਿ ਬਾਣੀ ਹੀ ਗੁਰੂ ਹੈ। ਗੁਰੂ ਹੀ ਪਰਮੇਸਰ ਹੈ। ਇਸ ਲਈ ਇਹ ਮਨੁੱਖੀ ਕਿੰਤੂ-ਪਰੰਤੂ ਤੋਂ ਉੱਪਰ ਹੈ। ਇਹ ਅੰਮ੍ਰਿਤ ਰੂਪ ਹੈ। ਰੱਬੀ ਹੁਕਮ ਹੈ। ਨਾਮ ਹੈ। ਇਹ ਧੁਰ ਕੀ ਬਾਣੀ ਹੈ। ਪਾਰਬ੍ਰਹਮ ਪਰਮੇਸ਼ਰ ਦੀ ਉਪਮਾ-ਵਡਿਆਈ-ਪਰਮੇਸ਼ਰ ਰੂਪ ਹੀ ਹੈ। ਇਸ ਲਈ ਗੁਰਬਾਣੀ ਵਿਚ ਕੋਈ ਵੀ ਵਾਧ-ਘਾਟ ਜਾਂ ਰਲਾ ਨਹੀਂ ਕੀਤਾ ਜਾ ਸਕਦਾ।

ਬਾਬਾ ਰਾਮ ਰਾਇ ਜੀ ਪਿਤਾ ਦੀ ਨਰਾਜ਼ਗੀ ਤੋਂ ਫਿਕਰਮੰਦ ਹੋਇਆ-ਹੋਇਆ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਇਆ ਤਾਂ ਗੁਰੂ ਜੀ ਨੇ ਦਰਵਾਜੇ ਬੰਦ ਕਰਵਾ ਦਿੱਤੇ ਅਤੇ ਅੰਦਰ ਨਾ ਵੜਨ ਦਿੱਤਾ। ਬਾਬਾ ਰਾਮ ਰਾਇ ਇਧਰ-ਉਧਰ ਫਿਰਦਾ ਰਿਹਾ ਕਿਸੇ ਨੇ ਉਸ ਨੂੰ ਮੂੰਹ ਨਾ ਲਾਇਆ। ਉਹ ਕੁਝ ਦੇਰ ਧੀਰ ਮੱਲ ਕੋਲ ਰਿਹਾ। ਫਿਰ ਲਾਹੌਰ ਮੀਆਂ ਮੀਰ ਕੋਲ ਚਲਾ ਗਿਆ ਅਤੇ ਗੱਦੀ ਪ੍ਰਾਪਤ ਕਰਨ ਦੇ ਜਤਨ ਕੀਤੇ ਪਰ ਸਾਂਈਂ ਮੀਆਂ ਮੀਰ ਜੀ ਨੇ ਕੋਈ ਮਦਦ ਨਾ ਕੀਤੀ ਕਿਉਂਕਿ ਉਸ ਦੇ ਮਨ ਵਿਚ ਗੁਰੂ ਅਤੇ ਗੁਰੂ-ਘਰ ਪ੍ਰਤੀ ਬਹੁਤ ਸਤਿਕਾਰ ਸੀ ਅਤੇ ਉਸ ਨੂੰ ਗੁਰੂ- ਘਰ ਦੀ ਰਵਾਇਤ ਅਤੇ ਪਰੰਪਰਾ ਬਾਰੇ ਬਾਖੂਬੀ ਜਾਣਕਾਰੀ ਸੀ। ਅੰਤ ਪੰਜਾਬ ਵਿੱਚੋਂ ਨਿਰਾਸ਼ ਹੋ ਕੇ ਦਿੱਲੀ ਨੂੰ ਤੁਰ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਗੁਰੂ- ਘਰ ਦੀ ਪਰੰਪਰਾ ਰਹੀ ਹੈ ਕਿ ਪੁੱਤਰਾਂ ਨਾਲੋਂ ਪਰਮੇਸ਼ਰ ਦੀ ਮਰਜ਼ੀ ਅਤੇ ਸਿਧਾਂਤ ਨੂੰ ਪ੍ਰਮੁੱਖ ਸਮਝਿਆ ਜਾਂਦਾ ਹੈ। ਇਸ ਸਿਧਾਂਤ ਨੂੰ ਸਹੀ ਰੂਪ ਵਿਚ ਕਾਇਮ ਰੱਖਣ ਵਾਸਤੇ ਸਾਨੂੰ ਖਾਸ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉੱਤੇ ਬਿਠਾਉਣ ਦੀ ਰਸਮ ਅਦਾ ਕੀਤੀ ਅਤੇ ਆਪ ਜੀ ਕੱਤਕਵਦੀ ੯ ਸੰਮਤ ੧੭੧੮ ਬਿਕਰਮੀ ਨੂੰ ਜੋਤੀ-ਜੋਤਿ ਸਮਾ ਗਏ। ਗੁਰੂ ਜੀ ਦੇ ਬਚਨਾਂ ਵਿਚ ਅਥਾਹ ਸ਼ਕਤੀ ਸੀ। ਉਨ੍ਹਾਂ ਨੂੰ ਦਿੱਲੀ ਲਿਜਾਣ ਲਈ ਔਰੰਗਜ਼ੇਬ ਨੇ ਕਈ ਫੌਜਦਾਰ ਭੇਜੇ। ਉਹ ਰਸਤੇ ਵਿਚ ਹੀ ਖ਼ਤਮ ਹੋ ਗਏ। ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਹਮਲਾਵਰ ਹੋ ਕੇ ਆਉਂਦੇ ਸੁਲਹੀ ਖਾਨ ਅਤੇ ਸੁਲਬੀ ਖਾਨ ਭੱਠੇ ਵਿਚ ਡਿੱਗ ਕੇ ਮੌਤ ਦਾ ਗ੍ਰਾਸ ਬਣ ਗਏ ਸਨ। ਇਸੇ ਤਰ੍ਹਾਂ ਪਹਿਲਾਂ ਜਾਲਮ ਖਾਂ ਉਮਰਾਵ ਦਸ ਹਜਾਰੀ ਨੂੰ ਭੇਜਿਆ। ਉਹ ਕੱਚਾ ਮਾਸ ਖਾਣ ਕਰਕੇ ਢਿੱਡ ਵਿਚ ਸੂਲ ਉਠਣ ਕਰਕੇ ਮਰ ਗਿਆ। ਫਿਰ ਦੂਦੈ ਖਾਂ ਕੰਧਾਰੀ ਨੂੰ ਤੋਰਿਆ। ਉਸ ਨੂੰ ਉਸ ਦੇ ਵੈਰੀ ਨੇ ਸੁੱਤੇ ਪਏ ਨੂੰ ਵੱਢ ਸੁੱਟਿਆ। ਤੀਜੀ ਵਾਰੀ ਨਾਹਰ ਖਾਂ ਨਵਾਬ ਸਹਾਰਨਪੁਰੀਏ ਨੂੰ ਭੇਜਿਆ। ਉਸ ਦੀ ਫੌਜ ਵਿਚ ਹੈਜ਼ਾ ਫੈਲ ਗਿਆ। ਸਾਰੇ ਸਰਦਾਰ ਡਰਦੇ ਮਾਰੇ ਭੱਜ ਗਏ। ਚੌਥੀ ਵਾਰ ਸ਼ਿਵ ਦਿਆਲ ਦੀਵਾਨ ਨੂੰ ਭੇਜਿਆ ਕਿ ਕਿਸੇ ਤਰ੍ਹਾਂ ਗੁਰੂ ਜੀ ਨੂੰ ਲੈ ਕੇ ਆਵੇ। ਉਨ੍ਹਾਂ ਨੇ ਆ ਕੇ ਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਇ ਨੂੰ ਹੁਕਮ ਕੀਤਾ। ਉਨ੍ਹਾਂ ਨੇ ਰਾਮ ਰਾਇ ਨੂੰ ਕਿਹਾ, “ਅਸੀਂ ਤੇਰੇ ਅੰਗ-ਸੰਗ ਹੋਵਾਂਗੇ। ਔਰੰਗੇ ਤੋਂ ਡਰਨ ਦੀ ਲੋੜ ਨਹੀਂ। ਤੇਰੀ ਰਸਨਾ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਨਿਵਾਸ ਕਰੇਗੀ। ਤੂੰ ਜੋ ਚਾਹੇਂਗਾ ਉਹ ਹੋ ਜਾਵੇਗਾ।” ਸੱਚਮੁੱਚ ਉਸੇ ਤਰ੍ਹਾਂ ਹੁੰਦਾ ਰਿਹਾ। ਪਰ ਉਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸੱਚ ਸਾਬਤ ਕਰਨ ਤੋਂ ਥਿੜਕ ਗਿਆ। ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਬਾਬਾ ਰਾਮ ਰਾਇ ਦਾ ਇਹ ਨਾ ਬਖਸ਼ੇ ਜਾਣ ਵਾਲਾ ਅਪਰਾਧ ਸੀ। ਇਸ ਲਈ ਉਨ੍ਹਾਂ ਨੇ ਬਾਬਾ ਰਾਮ ਰਾਇ ਨਾਲੋਂ ਨਾਤਾ ਤੋੜ ਲਿਆ। ਇਹ ਬਚਨ ਵੀ ਉਨ੍ਹਾਂ ਪੂਰਾ ਨਿਭਾਇਆ। ਇਸ ਵਿਚ ਕਿਸੇ ਕਿਸਮ ਦੀ ਕੋਈ ਰਿਆਇਤ ਜਾਂ ਛੋਟ ਨਹੀਂ ਦਿੱਤੀ। ਗੁਰਬਾਣੀ ਵਿਚ ਪੂਰਨ ਸੰਤਾਂ ਮਹਾਂਪੁਰਖਾਂ ਦਾ ਅਜਿਹਾ ਵਰਤਾਰਾ ਪ੍ਰਗਟ ਕੀਤਾ ਗਿਆ ਹੈ:

ਵਰਤਣਿ ਜਾ ਕੈ ਕੇਵਲ ਨਾਮ॥ ਅਨਦ ਰੂਪ ਕੀਰਤਨੁ ਬਿਸ੍ਰਾਮ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥
ਕੋਟਿ ਕੋਟਿ ਅਘ ਕਾਟਨਹਾਰਾ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥
ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥ (ਅੰਗ ੨੯੨)

ਭਾਈ ਨੰਦ ਲਾਲ ਜੀ ਨੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਸਿਫ਼ਤ ਕਰਦੇ ਹੋਏ ਲਿਖਿਆ ਹੈ:

ਸ਼ਹਨਸ਼ਾਹਿ ਹੱਕ ਨਸਕ ਗੁਰੂ ਕਰਤਾ ਹਰਿ ਰਾਇ।
ਫ਼ਰਮਾ ਦਿਹੇ ਨਹੁ ਭਬਕ ਗੁਰੂ ਕਰਤਾ ਹਰਿ ਰਾਇ।
ਗਰਦਨ-ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰਿ ਰਾਇ।
ਯਾਰਿ ਮੁਤਜ਼ਰੱਆਂ ਗੁਰੂ ਕਰਤਾ ਹਰਿ ਰਾਇ।

ਭਾਵ ਸ੍ਰੀ ਗੁਰੂ ਹਰਿ ਰਾਇ ਜੀ ਵਾਹਿਗੁਰੂ ਦੀ ਸੋਝੀ ਦੇਣ ਵਾਲੇ ਸ਼ਹਿਨਸ਼ਾਹ ਹਨ ਅਤੇ ਨੌਂ ਅਕਾਸ਼ਾਂ ਦੇ ਮਾਲਕ ਹਨ। ਉਹ ਨਿੰਦਕਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਨਿਰਮਾਣ ਸੇਵਕਾਂ ਦੀ ਸਹਾਇਤਾ ਕਰਦੇ ਹਨ।

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਅਤੇ ਗੁਰਮਤਿ ਸਿਧਾਂਤ ਦੇ ਮਿਸਾਲੀ ਪਹਿਰੇਦਾਰ ਹੋਣ ਬਾਰੇ ਉਕਤ ਚਰਚਾ ਸਾਡੇ ਸਾਰਿਆਂ ਲਈ ਇਕ ਚਾਨਣਮੁਨਾਰੇ ਦਾ ਕਾਰਜ ਕਰੇਗੀ। ਅੱਜ ਜਦੋਂ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਨਿੱਜੀ ਸੁਆਰਥਾਂ ਅਤੇ ਔਲਾਦ ਦੇ ਮੋਹ ਕਰਕੇ ਆਪਣੇ ਮਹਾਨ ਸਿਧਾਂਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ। ਦੇਸ਼ ਦਾ ਸਭ ਕੁਝ ਦਾਅ ਉੱਤੇ ਲਾਇਆ ਜਾ ਰਿਹਾ ਹੈ। ਧਾਰਮਿਕ ਸਿਧਾਂਤ ਅਤੇ ਮਰਿਆਦਾ ਲੀਰੋ-ਲੀਰ ਕੀਤੀ ਜਾ ਰਹੀ ਹੈ। ਸਮਾਜਿਕ ਸਿਸਟਮ ਤਹਿਸ-ਨਹਿਸ ਹੋ ਰਿਹਾ ਹੈ। ਅਸੀਂ ਆਪਣੇ ਮਹਾਨ ਅਤੇ ਉੱਤਮ ਸੱਭਿਆਚਾਰ ਨੂੰ ਤਿਲਾਂਜਲੀ ਦੇ ਕੇ ਦੂਜਿਆਂ ਦੇ ਸੱਭਿਆਚਾਰ ਨੂੰ ਅਪਣਾ ਰਹੇ ਹਾਂ। ਉਸ ਨਾਲ “ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥” ਅਤੇ “ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥” ਵਾਲੀ ਸਾਡੀ ਹਾਲਤ ਹੋ ਰਹੀ ਹੈ। ਜੋ ਘਾਤਕ ਹੈ। ਸਾਨੂੰ ਆਪਣੇ ਸਰੋਤ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ ਅਤੇ ਆਪਣੇ ਸੱਭਿਆਚਾਰ ਨਾਲ ਜੁੜਨਾ ਹੋਵੇਗਾ। ਅਸਲ ਵਿਚ ਵਿਗਿਆਨਕ ਤਰੱਕੀ ਪਰੰਤੂ ਅਧਿਆਤਮਕ ਅਤੇ ਸੱਭਿਆਚਾਰਕ ਅਧੋਗਤੀ ਦੇ ਵਰਤਮਾਨ ਦੌਰ ਦੌਰਾਨ ਸਾਡੇ ਲਈ ਸਹੀ ਰਸਤਾ ਆਪਣੇ ਪਿਛੋਕੜ ਨਾਲ ਜੁੜਦਿਆਂ ਹੋਇਆਂ ਆਪਣੇ ਵਰਤਮਾਨ ਵਿਚ ਸੁਚੇਤ ਹੋ ਕੇ ਵਿਚਰਦਿਆਂ ਭਵਿੱਖਮੁਖੀ ਹੋਣਾ ਹੋਵੇਗਾ ਤਥਾ ਸਾਡੇ ਪੈਰ ਸਾਡੀ ਜ਼ਮੀਨ ਉੱਤੇ ਪੱਕੇ ਤੌਰ ਉੱਤੇ ਟਿਕੇ ਰਹਿਣ ਅਤੇ ਵਰਤਮਾਨ ਵਿਚ ਕਿਰਿਆਸ਼ੀਲ ਹੁੰਦਿਆਂ ਸਾਡੇ ਸਿਰ ਅਤੇ ਸੋਚ ਦਾ ਅਸਮਾਨ ਵਿਚ ਹੋਣਾ ਹੀ ਯੋਗ ਹੋਵੇਗਾ, ਜਿਸ ਤਰ੍ਹਾਂ ਕਿ ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਹੈ ਕਿ- Permanently planted on terafirma and our
Head soaring high in the sky
.

ਇਸ ਦੇ ਨਾਲ ਹੀ ਇਹ ਤੱਥ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ, ਸੰਤਾਂ-ਮਹਾਪੁਰਸ਼ਾਂ, ਭੱਟਾਂ ਅਤੇ ਗੁਰਸਿੱਖਾਂ ਵੱਲੋਂ ਉਚਾਰੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜਿਸ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਜਿਸ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਗਈ, ਉਸ ਵਿਚ ਕਿਸੇ ਇਕ ਵਿਅਕਤੀ ਜਾਂ ਸੰਸਾਰ ਭਰ ਵਿਚ ਵੱਸ ਰਹੇ ਸਮੁੱਚੇ ਸਿੱਖ-ਜਗਤ ਜਾਂ ਕਿਸੇ ਵੀ ਸੰਸਥਾ ਜਾਂ ਵਿਅਕਤੀ ਭਾਵੇਂ ਉਹ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਛੇੜ-ਛਾੜ ਕਰਨ, ਤਬਦੀਲੀ ਕਰਨ, ਇੱਥੋਂ ਤੀਕ ਕਿ ਗੁਰਬਾਣੀ ਦੀ ਲਗ-ਮਾਤਰ ਵਿਚ ਤਬਦੀਲੀ ਕਰਨ ਦਾ ਵੀ ਅਧਿਕਾਰ ਨਹੀਂ ਹੈ। ਇਹ ਵੀ ਇਕ ਸੱਚਾਈ ਹੀ ਹੈ ਕਿ ਮੁੱਢ ਤੋਂ ਹੀ ਪੰਥ-ਦੋਖੀ ਅਤੇ
ਗੁਰਮਤਿ-ਵਿਰੋਧੀ ਸ਼ਕਤੀਆਂ ਗੁਰਬਾਣੀ ਨਾਲ ਛੇੜ-ਛਾੜ ਕਰਨ ਲਈ ਜਤਨਸ਼ੀਲ ਰਹੀਆਂ ਹਨ ਭਾਵੇਂ ਉਨ੍ਹਾਂ ਨੂੰ ਹਮੇਸ਼ਾਂ ਹੀ ਮੂੰਹ ਦੀ ਖਾਣੀ ਪਈ ਹੈ। ਆਧੁਨਿਕ ਸਮੇਂ ਦੇ ਕੁਝ ਨਕਲੀ ਅਭਿਮਾਨੀ ਵਿਦਵਾਨ, ਅਖੌਤੀ ਵਿਗਿਆਨੀ, ਖੋਜੀ, ਤਰਕ ਰਹਿਤ ਤਰਕਸ਼ੀਲ ਅਤੇ ਡੇਰੇਦਾਰ ਮਨਮਤ ਅਤੇ ਹਉਮੈ ਦੇ ਸ਼ਿਕਾਰ ਹੋ ਕੇ ਅਜਿਹੇ ਛੜਯੰਤਰ ਰਚ ਰਹੇ ਹਨ ਪਰੰਤੂ ਉਨ੍ਹਾਂ ਨੂੰ ਕਦੀ ਵੀ ਸਫਲਤਾ ਨਹੀਂ ਮਿਲੇਗੀ ਪਰੰਤੂ ਇਸ ਦੇ ਨਾਲ ਹੀ ਸਿੱਖ ਪੰਥ ਨੂੰ ਵੀ ਸੁਚੇਤ ਰਹਿਣਾ ਹੋਵੇਗਾ ਕਿਉਂਕਿ ਚੋਰਾਂ ਅਤੇ ਡਾਕੂਆਂ ਨੇ ਆਪਣੇ ਕੰਮ ਵਿਚ ਲੱਗੇ ਰਹਿਣਾ ਹੈ ਪਰੰਤੂ ਘਰ ਦੇ ਵਾਰਸਾਂ ਨੂੰ ਸਜੱਗ ਹੋ ਕੇ ਉਸ ਦੀ ਰਾਖੀ ਕਰਨੀ ਹੀ ਹੋਵੇਗੀ। ਘਰ ਹਮੇਸ਼ਾਂ ਹੀ ਸੁੱਤਿਆਂ ਜਾਂ ਅਵੇਸਲਿਆਂ ਦੇ ਹੀ ਲੁੱਟੇ ਜਾਂਦੇ ਹਨ ਪਰੰਤੂ ਜਾਗਦਿਆਂ ਵੱਲ ਤਾਂ ਕੋਈ ਤੱਕਣ ਦਾ ਹੌਸਲਾ ਜਾਂ ਜੁਅਰਤ ਨਹੀਂ ਕਰਦਾ। ਇਸ ਲਈ ਖਾਲਸਾ ਪੰਥ ਨੂੰ ਸਦ ਜਾਗਤ ਹੀ ਰਹਿਣਾ ਹੋਵੇਗਾ। ਇਹ ਘਾਤਕ ਅਤੇ ਕੋਝੇ ਜਤਨ ਵੱਖ-ਵੱਖ ਪੱਧਰਾਂ ਉੱਤੇ ਹੋ ਰਹੇ ਹਨ ਜਿਵੇਂ ਰਾਜਨੀਤਿਕ ਲੋਕਾਂ ਵੱਲੋਂ ਆਪਣੇ ਸੌੜੇ ਰਾਜਨੀਤਿਕ ਲਾਭਾਂ ਹਿੱਤ ਆਪਣੇ ਸਿਧਾਂਤ ਨਾਲ ਸਮਝੌਤਾ ਕਰਨ ਅਤੇ ਦੂਸਰੇ ਆਪਣੇ ਸਿਧਾਂਤ ਨੂੰ ਸਿੱਖ ਸਿਧਾਂਤ ਨਾਲੋਂ ਉੱਤਮ ਦੱਸਣ ਵਾਲਿਆਂ ਵੱਲੋਂ, ਆਪਣੇ ਨਿੱਜੀ ਸੁਆਰਥਾਂ ਹਿੱਤ ਵੱਖ-ਵੱਖ ਭੇਖਾਂ ਵਿਚ ਵਿਚਰ ਰਹੇ ਲੋਕਾਂ ਵੱਲੋਂ ਇਹ ਜਤਨ ਜਾਰੀ ਰਹੇ ਹਨ ਅਤੇ ਅੱਜ ਵੀ ਜਾਰੀ ਹਨ। ਸਭ ਨਾਲੋਂ ਖਤਰਨਾਕ ਗੱਲ ਉਨ੍ਹਾਂ ਦੀ ਹੈ ਜੋ ਆਪਣੇ ਨਿੱਜੀ ਸੁਆਰਥਾਂ ਲਈ ਸਿੱਖੀ ਭੇਸ ਵਿਚ ਵਿਚਰਦਿਆਂ ਵਿਰੋਧੀਆਂ, ਈਰਖਾਲੂਆਂ, ਪੰਥ-ਦੋਖੀਆਂ ਦੇ ਹੱਥ-ਠੋਕੇ ਬਣ ਕੇ ਗੁਰਮਤਿ ਸਿਧਾਂਤ ਉੱਤੇ ਵਾਰਵਾਰ ਹਮਲੇ ਕਰ ਰਹੇ ਹਨ। ਇਹ ਹਮਲੇ ਅੱਜ ਵੀ ਜਾਰੀ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਕਿਉਂਕਿ ਬਦੀ ਹਮੇਸ਼ਾਂ ਹੀ ਨੇਕੀ ਨਾਲ ਟਕਰਾਉਂਦੀ ਆਈ ਹੈ। ਭਾਵੇਂ ਅੰਤ ਨੂੰ“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥” ਅਨੁਸਾਰ ਫ਼ਤਿਹ ਸੱਚ ਅਤੇ ਨੇਕੀ ਦੀ ਹੀ ਹੋਈ ਹੈ ਪਰੰਤੂ ਇਸ ਫ਼ਤਿਹ ਦੀ ਪ੍ਰਾਪਤੀ ਲਈ ਢੇਰ ਕੁਰਬਾਨੀਆਂ ਦੇਣੀਆਂ ਪਈਆਂ ਹਨ ਅਤੇ ਭਵਿੱਖ ਵਿਚ ਵੀ ਦੇਣੀਆਂ ਪੈਣਗੀਆਂ। ਇਸ ਲਈ ਖਾਲਸਾ ਪੰਥ ਨੂੰ ਸਮੇਂ ਦੀਆਂ ਚਣੌਤੀਆਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਚਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣਾ ਹੋਵੇਗਾ ਭਾਵ ਸਮੇਂ ਦਾ ਹਾਣੀ ਹੋਣਾ ਹੋਵੇਗਾ। ਨਿਰਸੰਦੇਹ! “ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ।”

ਆਓ! ਗੁਰੂ ਹਰਿ ਰਾਇ ਸਾਹਿਬ ਵੱਲੋਂ ਦਰਸਾਏ ਅਦੁੱਤੀ ਅਤੇ ਵਿਲੱਖਣ ਮਾਰਗ ਦੇ ਪਾਂਧੀ ਹੋਈਏ। ਧਰਮ ਨਾਲੋਂ ਧੜੇ ਨੂੰ ਬਿਹਤਰ ਨਾ ਸਮਝੀਏ। ਜਿਨ੍ਹਾਂ ਮਹਾਨ ਗੁਰਮੁਖ ਜੀਊੜਿਆਂ ਨੇ ਧਰਮ, ਹੱਕ, ਸੱਚ ਅਤੇ ਸਿਧਾਂਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਨ੍ਹਾਂ ਦੀਆਂ ਜੀਵਨੀਆਂ ਨੂੰ ਆਪਣਾ ਪੱਥ-ਪਰਦਰਸ਼ਕ ਮੰਨੀਏ। “ਧਰ ਪਈਏ ਧਰਮ ਨ ਛੋੜੀਏ” ਦੇ ਸਿਧਾਂਤ ਦੇ ਰਹੱਸ ਨੂੰ ਸਮਝੀਏ ਅਤੇ ਆਪਣੇ ਜੀਵਨ ਵਿਚ ਢਾਲੀਏ!


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article