
I touch the feet of one who unites me with God...
ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਅੰਗ ੧੩੩ ਉਪਰ ਅੰਕਿਤ "ਬਾਰਹਮਾਹ ਮਾਝ" ਦੀ ਮਹਾਨ ਬਾਣੀ, ਜੋ'ਮਾਝ ਰਾਗ" ਦੇ ਅੰਦਰ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋ ਉਚਾਰਣ ਹੋਈ ਹੈ । ਇਹ ਬਾਣੀ ਸਮੁਚੀ ਮਾਨਵਤਾਈ ਨੂੰ ਥਿਤਾਂ, ਵਾਰਾਂ, ਦਿਨ ਤਿਉਹਾਰਾਂ, ਦੇ ਪ੍ਰਤੀ ਪਾਏ ਭਰਮ ਭੁਲੇਖਿਆਂ ਨੂੰ ਦੂਰ ਕਰਦੀ ਹੈ, ਅਤੇ ਜੀਵ ਨੂੰ ਨਾਮ ਦਾ ਆਧਾਰ (ਸਾਚ ਨਾਮ ਆਧਾਰ ਮੇਰਾ ਜਿਨ ਭੂਖਾ ਸਭ ਗਵਾਈਆਂ) ਦੀ ਬਖਸ਼ਿਸ ਕਰਦੀ ਹੈ।
ਸਮੁੱਚੀ ਬਾਣੀ ਅੰਦਰ ਜੀਵ ਨੂੰ ਸੋਹਣੇ ਚੱਜ ਆਚਾਰ ਦੀ ਸਿਖਿਆ ਦਿੱਤੀ ਗਈ ਹੈ, ਤੇ ਕੇਵਲ ਵਾਹਿਗੁਰੂ ਦੇ ਨਾਮ ਨੂੰ ਉਜਾਗਰ ਕੀਤਾ ਗਿਆ ਹੈ। ਸਾਹਿਬ ਜੀ ਦਰਸਾਉਦੇ ਹਨ, ਕਿ ਜਿਸ ਤਰਾਂ ਬਾਕੀ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਦੀ ਸੋਝੀ ਨਹੀ, ਉਹ ਸਾਰੇ ਜੀਵ ਚੇਤ-ਅਚਨਚੇਤ ਸੰਸਾਰ ਵਿਚ ਕਰਮ ਤਾਂ ਕਰ ਰਹੇ ਹਨ, ਪਰੰਤੂ ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਇਹ ਸੋਝੀ ਨਹੀ ਕਿ ਇਹ ਕਰਮ ਚੰਗੇ ਹਨ, ਜਾਂ ਮੰਦੇ। ਗੁਰੂ ਜੀ ਦੀਰਘ ਦ੍ਰਿਸਟੀ ਬਖਸ਼ਦੇ ਮਨੁੱਖ ਨੂੰ ਆਪਣੇ ਕੀਤੇ ਕਰਮਾਂ ਵੱਲ ਇਕ ਝਾਤ ਕਰਵਾਉਂਦੇ ਹਨ, ਕਿ ਹੇ ਜੀਵ, ਤੂੰ ਕਰਮਾਂ ਕਰਕੇ ਪਰਮਾਤਮਾਂ ਪਾਸੋ ਵਿਛੜਿਆਂ ਹੈਂ, ਇਹ ਕਰਮਾਂ ਦੀ ਨੈਤਿਕਤਾ ਹੀ ਤੈਨੂੰ ਪਰਮੇਸਰ ਨਾਲ ਜੋੜੇਗੀ, ਇਹ ਜੀਵਨ ਕੇਵਲ ਵਾਹਿਗੁਰੂ ਵਲੋਂ " ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ" ਦੇ ਉਦੇਸ਼ ਦੀ ਪੂਰਤੀ ਲਈ ਪ੍ਰਾਪਤ ਹੋਇਆ ਹੈ, ਨਾਮ ਸਿਮਰਨ ਤੋਂ ਬਗੈਰ ਇਹ ਜੀਵਨ ਵਿਅਰਥ ਹੈ, ਅਤੇ ਇਸ ਦੀ ਕੋਈ ਕੀਮਤ ਨਹੀਂ ਪੈਦੀਂ , ਇਹ ਗੁਰੂ ਦੇ ਦਰ ਤੇ ਪਰਵਾਨ ਨਹੀਂ ਹੁੰਦਾ, ਗਾਂ ਅਤੇ ਫਸ਼ਲ ( ਖੇਤੀ) ਦਾ ਦ੍ਰਿਸਟਾਂਤ ਦਰਸਾ ਕੇ ਮਨੁਖੀ ਜਾਮੇ ਨੂੰ ਦੁੱਧ ਅਤੇ ਮੁੱਲ (ਦਾਮ) ਵਾਂਗ ਕੀਮਤੀ ਦਰਸਾਇਆ ਹੈ, ਪ੍ਰਭੂ-ਪ੍ਰੀਤਮ ਦਾ ਨਾਮ ਜੀਵ ਨੂੰ ਅਮਿਰੱਤ (ਮੌਤ ਤੋਂ ਰਹਿਤ) ਬਣਾ ਦਿੰਦਾ ਹੈ, ਅਤੇ ਸਦੀਵੀ ਸੁੱਖ ਦੀ ਪ੍ਰਾਪਤੀ ਕਰਵਾਉਦਾ ਹੈ।
ਦੂਜੇ ਉਦਾਹਰਣ ਵਿਚ ਗੁਰੂ ਜੀ ਨੇ ਜੀਵ ਰੂਪੀ ਸੋਹਾਗਣ- ਇਸਤਰੀ ਦਾ ਜ਼ਿਕਰ ਕੀਤਾ ਹੈ, ਜਿਸ ਦੇ ਮਨ ਵਿਚ ਸਦੀਵੀ ਸੁੱਖ ਦੀ ਤਾਂਘ ਹੈ, ਜਿਹੜੀ ਇਹ ਗੱਲ ਭਲੀਭਾਂਤ ਜਾਣਦੀ ਹੈ ਕਿ ਸਦੀਵੀ ਸੁੱਖ ਵਾਹਿਗੁਰੂ ਦੇ ਨਾਮ ਵਿਚ ਹੈ, ਇਸੇ ਮਨੋਰਥ ਦੀ ਪੂਰਤੀ ਲਈ, ਉਹ ਹਰ ਵੇਲੇ ਸੁਭ ਗੁਣਾਂ ਨੂੰ ਧਾਰਨ ਕਰਦੀ ਹੈ, ਉਸਦੇ ਮਨ ਵਿਚ ਸਿਮਰਨ ਸਦਕਾ " ਪ੍ਰਭ ਮਿਲਣੈ ਕਾ ਚਾਉ" ਬਣਿਆ ਰਹਿੰਦਾ ਹੈ।
ਐਸੀ ਜੀਵ ਇਸਤਰੀ ਨੂੰ ਸਚੀ ਸੰਗਤ ਅਤੇ ਸਚੇ ਗੁਰੂ ਦੇ ਮਿਲਾਪ ਸਦਕਾ , ਗੁਰੂ ਚਰਣਾਂ ਵਿਚ ਸਚਾ- ਸੁਖ (ਨਾਮ- ਧਨ) ਦੀ ਪ੍ਰਾਪਤੀ ਹੁੰਦੀ ਹੈ, ਉਸਨੂੰ ਆਪਣੇ ਇਰਧ- ਗਿਰਧ ਪੰਜਾਂ ਵਿਕਾਰਾਂ ਦੀ ਫੌਜ ਦਾ ਪਤਾ ਲਗਦਾ ਹੈ, ਗੁਰੂ ਸੋਝੀ ਦੀ ਬਖਸ਼ਿਸ ਸਦਕਾ ਉਹ ਇਹ ਦੇਖਦੀ ਹੈ ਕਿ ਬਹੁਤੇ ਜੀਵ , ਪਿੰਡ, ਸ਼ਹਿਰ ਇਸ ਮਾਇਆ ਅਤੇ ਵਿਕਾਂਰਾਂ ਦੀ ਫੌਜ ਦੀ ਜਕੜ ਵਿਚ ਹਨ, ਅਤੇ ਇਸ ਦੀ ਤਪਸ ਅਗਨੀ ਵਿਚ ਸੜ ਬਲ਼ ਰਹੇ ਹਨ। ਜਿਨਾਂ ਸਾਕ ਸਬੰਧਾਂ ਦਾ ਮਨੁੱਖ ਮਾਣ ਕਰ ਰਿਹਾ ਹੈ, ਉਹ ਸਭ ਨਾਸਵੰਤ ਹਨ, ਕੇਵਲ ਗੁਰੂ ਦੀ ਸ਼ਰਨ ਅਤੇ ਨਾਮ, ਸਰਬ ਸੁੱਖ ਦੀ ਪ੍ਰਾਪਤੀ ਹੈ, ਉਹੋ ਜੀਵ ਹੀ ਬਚਦੇ ਹਨ ਜਿਹੜੇ, ਗੁਰੂ ਦੀ ਸਰਣ ਵਿਚ ਰਹਿੰਦੇ ਹਨ, ਇਸ ਭਰਮ ਭੁਲੇਖੇ ਦੀ ਨਿਵਿਰਤੀ ਤੋਂ ਬਾਅਦ, ਜੀਵ - ਇਸਤਰੀ ਗੁਰੂ ਚਰਣਾਂ ਨੂੰ ਨਹੀਂ ਛਡਦੀ, ਇਸੇ ਗੁਰੂ ਦੇ ਪਲੇ ਨਾਲ ਲੱਗੀ ਰਹਿੰਦੀ ਹੈ, ਕਿਉਂਕੀ ਉਸ ਨੂੰ ਇਹ ਗੱਲ ਭੱਲੀਭਾਂਤ ਸਮਝ ਵਿਚ ਆ ਜਾਂਦੀ ਹੈ ਕਿ " ਹਭੇ ਸਾਕ ਕੂੜਾਵੇ ਡਿਠੇ, ਤਉ ਪਲੈ ਤੈਡੈ ਲਾਗੀ ॥" ਸੰਸਾਰ ਦੇ ਬਾਕੀ ਸੀਗਾਂਰਾਂ ਨੂੰ ਨਿਹਫਲ ਦੱਸਦੀ ਸਤ, ਸੰਤੋਖ, ਭਾਉ ਦਾ ਸਫਲ ਸੀਂਗਾਰ ਕਰਦੀ ਹੈ, ਅਤੇ ਜੀਵਨ ਯਾਤਰਾ ਦੀ ਸਫਲਤਾ ਲਈ ਨਾਮ ਨੂੰ ਆਪਣਾ ਅਧਾਰ ਬਣਾ ਕੇ ਜੀਵਨ ਯਾਪਨ ਕਰਦੀ ਹੈ।
ਪੰਜਵੇਂ ਗੁਰਦੇਵ ਜੀ ਨੇ ਵਾਹਿਗੁਰੂ ਦੇ ਦਰ ਨੂੰ ਹੀ ਅਟੱਲ ਦਰ ਦੱਸਿਆ ਹੈ, ਵਾਰ ਵਾਰ ਪਰਮਾਤਮਾਂ ਪਾਸੋਂ ਨਾਮ ਦੀ ਪ੍ਰਾਪਤੀ ਲਈ ਅਰਜੋਈ ਕਰਨ ਨੂੰ ਤਗੀਦ ਕੀਤਾ ਹੈ, ਜੋ ਮਨੁੱਖੀ ਕਲਿਆਣ ਦਾ ਇਕ ਮਾਤਰ ਸ੍ਰੋਤ ਹੈ, ਗੁਰੂ ਜੀ ਨੇ ਉਦਾਹਰਣਾਂ ਸੰਸਾਰ ਦੀਆਂ ਦੇ ਕੇ ਨਾਮ ਦਾ ਹੀ ਅਧਾਰ ਦਰਸਾਇਆ ਹੈ।
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਚੇਤਰ ਦੇ ਮਹੀਨੇ ਦਾ ਬਿਆਨ ਕਰਦਿਆਂ ਆਤਮਿਕ ਅਨੰਦ ਦੀ ਪ੍ਰਾਪਤੀ ਦਾ ਸਾਧਨ ਦੱਸਿਆ ਹੈ, ਇਸ ਮਹੀਨੇ ਵਿਚ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ, ਹਰ ਪਾਸੇ ਫੁੱਲ ਅਤੇ ਬਨਸਪਤੀ ਖਿੜਦੀ ਹੈ, ਜੋ ਆਪਣੀ ਮਹਿਕ ਅਤੇ ਖਿੜਉ ਨਾਲ ਸਭ ਨੂੰ ਆਨੰਦਿਤ ਕਰਦੀ ਹੈ ਪਰ ਗੁਰੂ ਜੀ ਸਮਝਾਉਂਦੇ ਹਨ, ਕਿ ਇਹ ਬਨਸਪਤੀ ਦਾ ਖਿੜਾ ਤਾਂ ਬਾਹਰਮੁਖੀ ਅਨੰਦ ਦਿੰਦਾਂ ਹੈ, ਮਨੁੱਖ ਜੇਕਰ ਆਤਮਿਕ ਆਨੰਦ ਦੀ ਪ੍ਰਾਪਤੀ ਦੀ ਤਾਂਘ ਰੱਖਦਾ ਹੈ ਤਾਂ ਗੁਰੂ ਜੀ ਨੇ ਸਾਨੂੰ ਸੁਖੈਨ ਮਾਰਗ ਦੀ ਬਖਸ਼ਿਸ ਕੀਤੀ ਹੈ, ਉਹ ਆਖਦੇ ਹਨ ਕਿ ਚੇਤਰ ਦਾ ਮਹੀਨਾ ਵੀ ਅਨੰਦਮਈ ਹੋ ਸਕਦਾ ਹੈ, ਜੇਕਰ ਵਾਹਿਗੁਰੂ ਦੀ ਬੰਦਗੀ ਨੂੰ ਮਨੁੱਖ ਇਖਤਿਆਰ ਕਰ ਲਵੇ, ਹੁਣ ਇਹ ਸਵਾਲ ਉਠਦਾ ਹੈ ਕਿ, ਇਹ ਨਾਮ ਦੀ ਪ੍ਰਾਪਤੀ ਕਿਥੋਂ ਮਿਲੇ, ਇਹ ਜੁਗਤੀ ਦੀ ਪਹਿਚਾਣ ਕਿਵੇਂ ਹੋਵੇ, ਗੁਰਦੇਵ ਜੀ ਉਤਰ ਦਿੰਦੇ ਹਨ ਕਿ, ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਰਣ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਐਸੇ ਸੰਤ ਪੁਰਸ਼ ਜਿਨਾਂ ਨੇ ਸੰਸਾਰ ਦੀ ਧਨ ਦੌਲਤ ਤੋਂ ਉਪਰ ਉਠ ਕੇ ਨਾਮ ਧਨ ਨੂੰ ਹੀ ਸਚਾ ਧਨ ਜਾਣਿਆ ਹੈ, ਉਹਨਾਂ ਪਾਸੋਂ ਹੀ ਰਸਨਾ ਦੇ ਜਪਣ ਦੀ ਜੁਗਤੀ ਦਾ ਪਤਾ ਲੱਗਦਾ ਹੈ, ਕਿਉਕਿ ਐਸੈ ਤਤਬੇਤਿਆਂ ਨੇ ਨਾਮ ਦੀ ਪ੍ਰਾਪਤੀ ਕਰ ਲਈ ਹੈ, ਅਤੇ ਉਹਨਾਂ ਦਾ ਹੀ ਆਉਣਾ ਸੰਸਾਰਪੁਰ ਪਰਵਾਣ ਗਿਣਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਫੁਰਮਾਉਦੇ ਹਨ-
ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥ ੭੪੯
ਐਸੈ ਪਿਆਰਿਆਂ ਦਾ ਜੀਵਨ ਕਿਉਕਿ ਸਫਲ ਹੈ, ਇਸ ਲਈ ਗੁਰੂ ਅਰਜਨ ਦੇਵ ਜੀ ਸਮਝਾਉਦੇ ਹਨ ਕਿ ਜੇਕਰ ਵਾਹਿਗੁਰੂ ਦੀ ਯਾਦ ਤੋਂ ਬਗੈਰ ਇਕ ਖਿਨ ਮਾਤਰ ਵੀ ਸਮਾਂ ਬਤੀਤ ਹੋ ਰਿਹਾ ਹੈ, ਇਹ ਜਿੰਦਗੀ ਵਿਅਰਥ ਬੀਤਦੀ ਜਾਣੀਏ, ਗੁਰ ਫੁਰਮਾਣ ਹੈ:
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ੧੩੫੨
ਅਕਾਲਪੁਰਖ ਨੇ ਹੀ ਵਣ, ਖੰਡਾਂ, ਅਕਾਸ਼, ਧਰਤੀ ਬਣਾਈ ਹੈ, ਹੇ ਜੀਵ, ਤੇਰਾ ਸਰੀਰ ਰੂਪੀ ਪਿੰਡ ਬਣਾ ਕਰਕੇ ਤੈਨੂੰ ਪਹਿਨਣ ਅਤੇ ਖਾਣ ਲਈ ਵਸਤਾਂ ਬਖਸ਼ੀਆਂ ਹਨ:
ਜੀਉ ਪਾਇ ਪਿੰਡੁ ਜਿਨਿ ਸਾਜਿਆ, ਦਿਤਾ ਪੈਨਣੁ ਖਾਣੁ ॥ ੬੧੯
ਮਾਤ ਗਰਭ ਤੋਂ ਲੈ ਕੇ ਹੁਣ ਤੱਕ ਤੇਰੀ ਪਰਿਤਪਾਲਣਾਂ ਕਰ ਰਿਹਾ ਹੈ, ਤੇਰੀ ਰੱਛਾ ਕਰ ਰਿਹਾ ਹੈ, ਕਿਤਨੇ ਦੁੱਖ ਦੀ ਗੱਲ ਹੈ ਕਿ ਸਾਰੇ ਸੁੱਖ ਭੋਗਦੇ ਹੋਇਆਂ ਵੀ ਤੂੰ ਪ੍ਰਭੂ-ਪ੍ਰੀਤਮ ਨੂੰ ਆਪਣੇ ਮਨ ਵਿਚ ਨਹੀਂ ਵਸਾ ਰਿਹਾ, ਉਸਦਾ ਸ਼ੁੱਕਰ ਨਹੀਂ ਕਰ ਰਿਹਾ, ਤੈਨੂੰ ਲਾਜ ਆਉਣੀ ਚਾਹੀਦੀ ਹੈ, ਤੂੰ ਸੱਚੇ ਸੁੱਖ ਦੀ ਭਾਲ ਨਾਮ ਰੂਪੀ ਮੂਲ ਤੋਂ ਬਗੈਰ ਹੀ ਭਾਲ ਰਿਹਾਂ ਹੈਂ, ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ;
ਲਾਜ ਮਰੈ ਜੋ ਨਾਮੁ ਨ ਲੇਵੈ, ਨਾਮ ਬਿਹੂਨ ਸੁਖੀ ਕਿਉ ਸੋਵੈ॥
ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ, ਮੂਲ ਬਿਨਾ ਸਾਖਾ ਕਤ ਆਹੈ॥ ੧੧੪੮
ਗੁਰਦੇਵ ਜੀ ਅੰਤਲੀਆਂ ਪੰਕਤੀਆਂ ਵਿਚ ਫੁਰਮਾਉਦੇਂ ਹਨ ਕਿ ਉਹਨਾਂ ਗੁਰਮੁਖਾਂ ਦੇ ਭਾਗ ਜਾਗ ਪੈਂਦੇ ਹਨ, ਜਿਨਾਂ ਨੇ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਨਿਜਘਰ ਵਿਚ ਵਸਾ ਲਿਆ ਹੈ, ਉਹਨਾਂ ਨੂੰ ਸੱਚਾ ਦੀਦਾਰ ਹੋ ਜਾਦਾਂ ਹੈ, ਅਤੇ ਐਸੈ ਪਿਆਰੇ ਨਾਲ ਵਾਲੇ ਸਧਾਰਨ ਮਨੁੱਖਾਂ ਨੂੰ ਵੀ ਵਹਿਗੁਰੂ ਦੇ ਨਾਲ ਜੋੜ ਦਿੰਦੇ ਹਨ। ਗੁਰਵਾਕ ਹੈ;
ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥
ਜੀਅ ਦਾਨ ਦੇ ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ॥ ੭੪੯
ਸਾਰੀ ਹਕੀਕਤ ਨੂੰ ਜਾਣਨ ਤੋਂ ਬਾਅਦ ਜੀਵਨ ਮਨੋਰਥ ਦੀ ਸਿਧੀ ਲਈ ਜੀਵ ਦੇ ਮਨ ਅੰਦਰ ਦਰਸਨਾਂ ਦੀ ਪਿਆਸ ਪ੍ਰਬਲ ਹੁੰਦੀ ਹੈ, ਉਹ ਚੇਤਰ ਦੇ ਮਹੀਨੇ ਵਿਚ ਐਸੇ ਤਤਬੇਤਿਆਂ ਦੇ ਚਰਨਾਂ ਵਿਚ ਜਾਣ ਲਈ ਤੜਫਦੀ ਹੈ, ਜੋ ਉਸ ਨੂੰ ਜੁਗਤੀ ਨਾਲ ਵਾਹਿਗੁਰੂ ਦਾ ਮਿਲਾਪ ਕਰਵਾ ਦੇਵੇ, ਉਸ ਲਈ ਜੀਵਨ ਰੂਪੀ ਚੇਤਰ ਉਦੋਂ ਅਨੰਦਮਈ ਹੁੰਦਾ ਹੈ, ਜਦੋਂ ਉਸਨੂੰ ਨਿਰੰਕਾਰ ਦਾ ਦੀਦਾਰ ਹੋ ਜਾਦਾਂ ਹੈ।
(ਸੁਖਜੀਵਨ ਸਿੰਘ "ਸਟਾਕਟਨ")