Har Jeyth Jurranda Lorreeay
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ ੧੩੩ ਉਪਰ 'ਬਾਰਹਮਾਹਾ ਮਾਂਝ' ਗੁਰੂ ਅਰਜਨ ਦੇਵ ਜੀ ਦੀ ਇੱਕ ਅਦੁੱਤੀ ਰਚਨਾ ਹੈ,ਜਿਸ ਵਿਚ ਬੜੀ ਸਰਲ਼ ਸ਼ਬਦਾਵਲੀ ਦਾ ਉਪਯੋਗ ਕਰਦਿਆਂ, ਜੀਵ ਦੇ ਕਲਿਆਣ ਦਾ ਸੂਖੈਨ ਮਾਰਗ ਤੇ ਪਰਮਾਤਮਾਂ ਨਾਲ ਅਭੇਦ ਹੋਣ ਦੀ ਜੁਗਤ ਨੂੰ ਦੱਸਿਆ ਗਿਆ ਹੈ।
ਸਮਾਜ ਸ਼ਾਸ਼ਤਰ ਦਾ ਅਧਿਐਨ ਕਰਦਿਆਂ ਪੰਜਾਬ ਤੇ ਹਿੰਦੂਸਤਾਨ ਦੀ ਰਵਾਇਤ ਅਨੁਸਾਰ ਸੰਯੁਗਤ ਪਰਿਵਾਰਾਂ ਦੀ ਗੱਲ ਆਮ ਦੇਖੀ ਗਈ ਹੈ, ਇਹਨ੍ਹਾਂ ਸੰਯੁਗਤ ਪਰਿਵਾਰਾਂ ਵਿਚ ਵਡੀ ਉਮਰ ਵਾਲੇ ਨੂੰ 'ਜੇਠਾ' ਆਖਿਆ ਜਾਂਦਾਂ ਸੀ. ਜਿਸ ਦਾ ਹੁਕਮ ਸਾਰੇ ਪਰਿਵਾਰ ਦੇ ਪ੍ਰਾਣੀਆਂ ਤੇ ਚਲਦਾ ਸੀ, ਇਸ ਜੇਠ ਪੁਰਖ ਦਾ ਪਰਿਵਾਰ ਵਿਚ ਹਰ ਕੋਈ ਭੈ ਖਾਂਦਾਂ ਸੀ, ਉਸ ਅੱਗੇ ਸਭ ਨਿਵਦੇਂ ਸਨ, ਸਾਰਿਆਂ ਦੀ ਕਮਾਈ ਦਾ ਧਨ ਉਸ ਪਾਸ ਹੁੰਦਾ ਸੀ, ਉਹ ਹੀ ਉਸ ਨੂੰ ਖਰਚ ਕਰਨ ਦਾ ਅਧਿਕਾਰੀ ਸੀ. ਕਿਸੇ ਮਰਦ ਇਸਤਰੀ ਨੂੰ ਦੁਖੀ ਹੋ ਕੇ ਵੀ ਹੁਕਮ ਅਦੂਲੀ ਕਰਨ ਦੀ ਇਜ਼ਾਜਤ ਨਹੀੰ ਸੀ, ਉਹ ਜਿਸ ਤਰਾਂ ਦਾ ਫ਼ੈਸਲਾ ਕਰ ਦੇਵੇ ,ਉਸਨੂੰ ਪਰਵਾਣ ਕੀਤਾ ਜਾਂਦਾਂ ਸੀ। ਇਸ 'ਜੇਠ' ਸ਼ਬਦ ਦਾ ਹਰ ਪ੍ਰਾਣੀ ਮਾਤਰ ਵਿਚ ਡਰ ਰਹਿੰਦਾ ਸੀ, ਭਗਤ ਕਬੀਰ ਜੀ ਨੇ ਵੀ ਇਸ ਸ਼ਬਦ ਦੀ ਵਰਤੋਂ ਆਪਣੀ ਰਚਨਾਂ ਵਿਚ ਕੀਤੀ ਹੈ, - ਜੇਠ ਕੇ ਨਾਮਿ ਡਰਉ ਰੇ ॥
ਐਸੀ ਸਥਿਤੀ ਵਿਚ ਇਸ ਜੇਸਠ ਮਨੁੱਖ ਤੋਂ ਛੋਟੇ ਕਾਫ਼ੀ ਕਾਬਲ ਹੁੰਦਿਆਂ ਵੀ ਆਪਣੀਆਂ ਸੋਚਾਂ ਨੂੰ ਅੱਗੇ ਨਾ ਲਿਆ ਸਕਣ ਸਦਕਾ ਇਸ ਦੁਨੀਆਂ ਵਿਚੋਂ ਬਿਨਾਂ ਕੁੱਝ ਕੀਤਿਆਂ ਅਜਾਈਂ ਤੁਰ ਜਾਂਦੇ।
ਕਬੀਰ ਜੀ ਤੋਂ ਬਾਅਦ ਸਮੇਂ ਨੇ ਕਰਵਟ ਲਈ ਗੁਰੂ ਨਾਨਕ ਜੀ ਦਾ ਸਮਾਂ ਆਇਆ, ਇਸ ਕਾਲ ਦੌਰਾਨ ਜੇਠਾ ਉਹ ਪ੍ਰਾਣੀ ਬਣਨ ਲੱਗਿਆ ਜਿਸ ਪਾਸ ਬਹੁਦਾਦਿਕ ਦੌਲਤ ਹੁੰਦੀ ਸੀ, ਵਡੇ ਬਣਨ ਵਿਚ ਲੋਕ ਮਾਣ ਮਰਿਯਾਦਾ ਨੂੰ ਭੁੱਲ ਗਏ ਅਤੇ ਭਰਾ ਨੇ ਭਰਾ ਨੂੰ ਵੱਢ ਦਿਤਾ, ਪਿਤਾ ਨੇ ਪੁੱਤਰ ਨੂੰ ਲਤਾੜਿਆ, ਇਸਤਰੀ ਪੁਰਖ ਦਾ ਆਪਸ ਵਿਚ ਇਤਫਾਕ ਨਹੀਂ ਰਿਹਾ, ਜਿਧੱਰ ਤੱਕਦੇ ਸਾਂ ਮਾਇਆ ਦਾ ਹੀ ਬੋਲ ਬਾਲਾ ਹੋ ਗਿਆ ਸੀ, ਧਰਮ ਪੰਖ ਲਾ ਕੇ ਉਡ ਚੁੱਕਾ ਸੀ, ਐਸੇ ਸਮੇਂ ਵਿਚ ਸੱਚ ਦਾ ਨਾਅਰਾ ਲਗਾਂਉਦੇ ਗੁਰਬਾਣੀ ਨੇ ਸਾਨੂੰ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਦੀ ਸਿਖਿਆ ਦਿਤੀ। ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਦੇ ਸਬਦ ਅੰਦਰ ਵਡੇ ਹੋਣ ਦੀ ਗੱਲ ਨੂੰ ਸਪੱਸਟ ਕਰਦਿਆਂ ਤ੍ਰੈਗੁਣੀ ਮਾਇਆ ਮਗਰ ਦੌੜਨ ਅਤੇ ਅਹੰਕਾਰ ਨੂੰ ਤਿਆਗ ਕੇ ਪਰਮੇਸਰ ਜੀ ਕਾ ਨਾਮ ਸਿਮਰਨ ਦੀ ਤਗੀਦ ਕੀਤੀ ਹੈ।ਮਾਇਆ, ਭੂਮੀ ( ਧਰਤੀ) ਆਦਿ ਦੇ ਦ੍ਰਿਸਟਾਂਤ ਦੇ ਕਰਕੇ ਗੁਰੂ ਜੀ ਨੇ ਉਸ ਨੂੰ ਵਡਾ (ਜੇਠ) ਆਖਿਆ ਹੈ, ਜਿਸ ਨੇ ਵਾਹਿਗੁਰੂ ਨਾਲ ਲਿਵ ਲਗਾ ਲਈ ਹੈ,
ਗਉੜੀ ਮਹਲਾ ੫ ॥
ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਬਿਆਪੈ ਚਿੰਤਾ ਰੋਗ ॥੧॥
ਕਉਨ ਵਡਾ ਮਾਇਆ ਵਡਿਆਈ ॥
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
ਭੂਮੀਆ ਭੂਮਿ ਊਪਰਿ ਨਿਤ ਲੁਝੈ ॥
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
ਕਹੁ ਨਾਨਕ ਇਹੁ ਤਤੁ ਬੀਚਾਰਾ ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੧੮੮॥
ਭਾਰਤੀ ਸਭਿਆਚਾਰ ਵਿਚ ਇਸ "ਜੇਠਾ" ਸਬਦ ਦੀ ਇਤਨੀ ਮਨਾਉਤ ਹੋ ਗਈ ਕਿ ਲੋਕਾਂ ਨੇ ਜਿਉਦਿਆਂ ਜੀਅ ਤਾਂ ਆਪਣੇ ਜੇਠਿਆਂ ਨੂੰ ਮੱਥੇ ਟੇਕੇ ਹੀ ਪਰ ਉਹਨਾਂ ਦੇ ਭੈ ਵਿਚ ਮਰਨ ਤੋਂ ਬਾਅਦ ਅੱਜ ਤੱਕ ਆਗਿਆਨਤਾ ਵੱਸ ਉਹਨਾਂ ਦੀ ਸਮਾਧਾਂ ਬਣਾਈਆਂ ਜਾ ਰਹੀਆਂ ਹਨ, ਤੇ ਅੱਜ ਤੱਕ ਮੱਥੇ ਟੇਕੇ ਜਾ ਰਹੇ ਹਨ।
ਪਰ ਗੁਰੂ ਰਾਮਦਾਸ ਜੀ ਨੇ ਜੋ" ਜੇਠਾ" ਸਬਦ ਦੇ ਅਰਥ ਸਾਨੂੰ ਆਪਣੇ ਜੀਵਨ ਵਿਚੋਂ ਬਖਸੇ ਉਹ ਬੇਮਿਸਾਲ ਹਨ, ਬਚਪਨ ਵਿਚ ਹੀ ਜੇਠਾ ਜੀ ਦੇ ਮਾਤਾ ਪਿਤਾ ਗੁਜ਼ਰ ਗਏ, ਘਰ ਵਿਚ ਵਡੇ ਹੋਣ ਦੇ ਨਾਤੇ ਆਪਣੇ ਛੋਟੇ ਭੈਣ ਭਰਾਵਾਂ ਦੀ ਪ੍ਰਤਿਪਾਲਣਾ ਕੀਤੀ, ਬਾਸਰਕੇ ਵਿਖੇ ਘੁੰਗਣੀਆਂ ਵੇਚਨ ਦਾ ਕਿਤਾ ਕਰਦੇ ਸਨ, ਜਿਸ ਪਰਥਾਏ ਇਤਿਹਾਸ ਵਿਚ ਜ਼ਿਕਰ ਆਉਦਾਂ ਹੈ,
ਰਾਮਦਾਸ ਜੇਠਾ ਕਹਾਵੈ, ਵੇਚ ਘੁੰਗਣੀਆਂ ਕਿਰਤ ਚਲਾਵੈ।
੧੨ ਸਾਲ ਅਨਥੱਕ ਸੇਵਾ ਗੋਇੰਦਵਾਲ ਵਿਖੇ ਕੀਤੀ , ਇਤਨੀ ਸੇਵਾ ਭਾਵਨਾਂ, ਧੀਰਜ , ਮਿਠੇ ਸੁਭਾਅ ਸਦਕਾ ਮਾਨੋਂ ਗੁਰੁ ਦੇ ਸਮਕਾਲ ਵਿਚ ਲੋਕ ਜੇਠਾ ਸਬਦ ਤੋਂ ਡਰਨਾ ਛੱਡ ਕੇ ਪਿਆਰ ਕਰਨਾ ਸਿੱਖ ਗਏ ਸਨ। ਗੁਰੁ ਰਾਮਦਾਸ ਜੀ ਨੇ ਗੁਰਿਆਈ ਅਰਜਨ ਜੀ ਨੂੰ ਸੌਂਪ ਕੇ ਵੀ , ਇਸ ਗੱਲ ਬਾਬਤ ਸਮਝਾਇਆ ਕਿ ਵਡਾ ਉਹ ਨਹੀਂ , ਜੋ ਉਮਰ ਕਰਕੇ ਜੇਠਾ ਹੋਵੇ, ਜੇਠਾ ਉਹ ਹੈ , ਜਿਸ ਦੀ ਪਰਮਾਤਮਾਂ ਨਾਲ ਪ੍ਰੀਤ ਲੱਗੀ ਹੋਵੇ।
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥ ੧੩੪॥
ਇਸ ਜੇਠ ਮਹੀਨੇ ਦੇ ਆਗਾਜ ਸਮੇਂ ਮਾਨੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਦੇ ਜੀਵਨ ਕਾਲ ਨੂੰ ਵੇਖਦਿਆਂ ਇਤਨੇ ਸੁੰਦਰ ਅਰਥ ਕਾਵਿ ਰੂਪ ਵਿਚ ਸਾਨੂੰ ਅਲਪਗ ਜੀਵਾਂ ਨੂੰ ਸਮਝਾਏ ਹਨ ।ਗੁਰੂ ਸਾਹਿਬ ਜੀ ਫੁਰਮਾਉਦੇਂ ਹਨ ਕਿ ਸੰਸਾਰ ਦੇ ਜੇਠਿਆਂ ਅੱਗੇ ਸਿਰ ਨਿਵਾਉਣ ਨਾਲੋਂ ਚੰਗਾ ਹੈ ਕਿ ਉਸ ਸਰਬ ਵਿਆਪਕ, ਸਭਨਾਂ ਨੂੰ ਪੈਦਾ ਕਰਨ ਵਾਲੇ ਪਰਮੇਸਰ ਜੀ ਦੇ ਹੀ ਚਰਨਾਂ ਵਿਚ ਝੁਕੀਏ , ਜਿਸ ਅੱਗੇ ਸਾਰੀ ਕਾਇਨਾਤ ਤੇ ਬ੍ਰਹਮੰਡ ਝੁਕਿਆ ਹੋਇਆ ਹੈ।ਸੰਸਾਰ ਦੇ ਸਾਰੇ ਰਿਸ਼ਤੇ ਅਤੇ ਆਸਰੇ, ਜੀਵ ਇਸ ਲਈ ਲੱਭਦਾ ਹੈ, ਕਿ ਇਸ ਜੱਗ ਵਿਚ ਵਿਚਰਦਿਆਂ ਉਸ ਦੀ ਅਉਖੇ ਸਮੇਂ ਕੋਈ ਮਦਦ ਕਰੇਗਾ, ਉਸ ਦਾ ਕੋਈ ਸੰਗੀ , ਸਾਥੀ ਜਾਂ ਭਾਈਵਾਲ ਬਣੇਗਾ , ਆਦਮੀ , ਆਦਮੀ ਦੇ ਪੱਲੇ ਦੀ ਤਾਂਘ ਵਿਚ ਹੀ ਆਪਣਾ ਜੀਵਨ ਸਮਾਪਤ ਕਰ ਲੈਂਦਾ ਹੈ, ਕੋਈ ਵੀ ਖਰਾ ਹੋ ਕੇ ਉਸਦਾ ਸਾਥ ਨਹੀਂ ਦਿੰਦਾ , ਅੰਤ ਉਸ ਨੂੰ ਜਗਤ ਦੀ ਬਾਜੀ ਹਾਰ ਕੇ ਜਮ੍ਹਾਂ ਦੇ ਵੱਸ ਪੈਣਾ ਪੈਦਾਂ ਹੈ, ਗੁਰੂੁ ਜੀ ਨੇ ਤਾਂ ਵਾਰ –ਵਾਰ ਵਾਹਿਗੁਰੂ ਦਾ ਪੱਲਾ ਪਕੜਣ ਵਾਸਤੇ ਕਿਹਾ ਹੈ, ਅਨੰਦ ਕਾਰਜ ਸਮੇਂ ਜਿਥੇ ਅਸੀਂ ਸੁਭਾਗੀ ਜੋੜੀ ਨੂੰ ਇਕ ਦੁਸਰੇ ਪ੍ਰਤੀ ਵਿਸ਼ਵਾਸ਼ ਰੱਖ ਕੇ ਇਕ ਦੂਜੇ ਦਾ ਪੱਲਾ ਪਕੜੇ ਰੱਖਣ ਲਈ ਵਾਰ-ਵਾਰ ਉਪਦੇਸ ਕਰਦੇ ਹਾਂ, ਇਸੇ ਤਰਾਂ ਗੁਰੂ ਅਰਜਨ ਦੇਵ ਜੀ ਇਸ ਸਬਦ ਅੰਦਰ ਸੰਸਾਰ ਨੂੰ, ਸਾਕ ਸੰਬੰਧਾਂ ਨੂੰ ਕੂੜੇ ਦੱਸ ਕੇ ਸਦੀਵੀ ਪਰਮਾਂਤਮਾਂ ਦੇ ਪੱਲੇ ਲੱਗੇ ਰਹਿਣ ਦਾ ਉਪਦੇਸ ਕਰਦੇ ਹਨ:
ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ ਛੋੜਿਆ, ਹਭੁ ਕਿਝੁ ਤਿਆਗੀ ॥
ਹਭੇ ਸਾਕ ਕੂੜਾਵੇ ਡਿਠੇ, ਤਉ ਪਲੈ ਤੈਡੈ ਲਾਗੀ ॥੧॥ ੯੬੩
ਦੇਵਗੰਧਾਰੀ ਰਾਗ ਅੰਦਰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਨੇ ਵੀ ਆਪਣਾ ਸਭ ਕੁਝ ਅਰਪਨ ਕਰਕੇ ਅਕਾਲਪੁਰਖ ਵਾਹਿਗੁਰੂ ਦਾ ਪੱਲਾ ਪਕੜਿਆ ਹੈ, ਅਤੇ ਸਾਨੂੰ ਵੀ ਜੀਵਨ ਯਾਂਚ ਸਿਖਾਉਂਦੇ ਹਨ:
ਦੇਵਗੰਧਾਰੀ ॥
ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥
ਅਗਲੀਆਂ ਪੰਕਤੀਆਂ ਵਿਚ ਸਾਹਿਬ ਨੇ ਸੱਚੇ ਧਨ ਬਾਬਤ ਦੱਸਿਆ ਹੈ, ਕਿ ਅਕਸਰ ਜੀਵ ਗਲਤ ਢੰਗਾਂ ਨਾਲ ਆਪਣੇ ਪੁਤਰ ਕਲੱਤਰਾਂ ਲਈ ਧਨ ਜੋੜਦਾ ਹੈ:
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ੬੫੬॥
ਫਿਰ ਇਸ ਧਨ ਦੇ ਚੋਰੀ ਹੋਣ ਦਾ ਵੀ ਡਰ ਉਸ ਨੂੰ ਬਣਿਆ ਰਹਿੰਦਾਂ ਹੈ, ਮਨੁੱਖ ਇਸ ਜਗ ਤੇ ਗੁਰਮੁਖ ਬਣਨ ਵਾਸਤੇ ਆਇਆ ਸੀ, ਪਰੰਤੂ ਮਾਇਆ ਵੱਸ ਹੋ ਕੇ ਭਰਮਦਾ, ਡਰਦਾ ਤੇ ਚਿੰਤਾਂ ਵਿਚ ਮਨਮੁਖ ਬਣ ਜਾਂਦਾਂ ਹੈ, ਗੁਰੂ ਅਮਰਦਾਸ ਜੀ ਫੁਰਮਾਉਦੇਂ ਹਨ:
ਮਨਮੁਖ ਭਰਮੈ ਸਹਸਾ ਹੋਵੈ ॥
ਅੰਤਰਿ ਚਿੰਤਾ ਨੀਦ ਨ ਸੋਵੈ ॥ ੬੪੬॥
ਜੀਵਨ ਸਿਧੀ ਲਈ ਪੰਜਵੇਂ ਪਾਤਸ਼ਾਹ ਜੀ ਜਿਕਰ ਕਰਦੇ ਹਨ, ਕਿ ਮੈਂ ਤੱਕਿਆ ਹੈ, ਕਿ ਸੰਸਾਰ ਪਰਮੇਸਰ ਜੀ ਦੇ ਨਾਮ ਤੋਂ ਬਿਨਾਂ ਸਰੀਰ ਤੇ ਧਨ ਕਰਕੇ ਸੁਆਹ ਹੋ ਰਿਹਾ ਹੈ, ਅਤੇ ਸਦੀਵੀ ਦੁੱਖ ਭੋਗ ਰਿਹਾ ਹੈ:
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥ ੩੩੨॥
ਜਗਤ ਗੁਰੂ ਬਾਬੇ ਨਾਨਕ ਜੀ ਇਕ ਥਾਂ ਪੁਰ ਕੁੱਝ ਦ੍ਰਿਸਟਾਂਤ ਦਿੰਦੇ ਹਨ, ਕਿ ਜਿਸ ਤਰਾਂ ਦੁੱਧ ਤੋਂ ਬਿਨਾਂ ਗਾਂ, ਪੰਖ ਤੋਂ ਬਿਨਾਂ ਪੰਛੀ , ਜਲ ਤੋਂ ਬਿਨਾਂ ਬਨਸਪਤੀ ਕਿਸੇ ਕੰਮ ਨਹੀਂ ਆਉਦੀਂ , ਉਸੇ ਤਰਾਂ ਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰਾਂ ਹੇ ਪ੍ਰੀਤਮ ਜੀ, ਉਹ ਸਰੀਰਕ ਹਿਰਦਾ ਕਿਸ ਕੰਮ ਦਾ ਜਿਸ ਵਿਚ ਤੇਰਾ ਨਾਮ ਨਹੀਂ, ਉਹ ਤਾਂ ਕੇਵਲ ਇੱਕ ਹਨੇਰੀ ਕੋਠੜੀ ਹੀ ਹੈ:
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੩੪੫॥
ਗੁਰੂ ਨਾਨਕ ਦੇਵ ਜੀ ਨੇ ਫੈਸਲਾ ਕੀਤਾ ਹੈ:
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥੬੮੭॥
ਉਥੇ ਹੀ ਸੁਖਮਨੀ ਸਾਹਿਬ ਦੇ ਬੋਲ ਹਨ:
ਸਰਬ ਰੋਗ ਕਾ ਅਉਖਦੁ ਨਾਮੁ ॥
ਕਲਿਆਣ ਰੂਪ ਮੰਗਲ ਗੁਣ ਗਾਮ ॥੨੭੪॥
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸਾਨੂੰ ਨੇ ਸਮਝਾਇਆ ਹੈ, ਕਿ ਸੰਸਾਰੀ ਧਨ ਬਿਖਿਆ (ਜ਼ਹਰ) ਅਤੇ ਖਾਕ ਹੀ ਹੈ, ਜਿਹੜਾ ਨਾਲ ਨਹੀਂ ਜਾਂਦਾ।ਸੰਸਾਰ ਵਿਚ ਕੇਵਲ ਵਾਹਿਗੁਰੂ ਦੇ ਨਾਮ ਦੀ ਕਮਾਈ ਹੀ ਸੱਚਾ ਧਨ, ਪੂਰਾ ਧਨ ਹੈ:
ਸਾਥਿ ਨ ਚਾਲੈ ਬਿਨੁ ਭਜਨ, ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ , ਨਾਨਕ ਇਹੁ ਧਨੁ ਸਾਰੁ ॥ ੨੮੮॥
ਸਮੁੱਚੀ ਗੁਰਬਾਣੀ ਨੇ ਇਸ ਨਾਮ ਧਨ ਨੂੰ ਹੀ ਕਮਾਵਨ ਦਾ ਉਪਦੇਸ ਦਿੱਤਾ ਹੈ, ਇਹ ਧਨ ਕਦੀ ਵੀ ਡੁੱਬਦਾ ਨਹੀਂ, ਚੋਰੀ ਨਹੀਂ ਹੁੰਦਾ, ਅਤੇ ਇਸ ਧਨ ਬਿਨਾਂ ਕੋਈ ਪਰਮਗਤੀ ਦੀ ਪ੍ਰਾਪਤੀ ਵੀ ਨਹੀਂ ਕਰ ਸਕਦਾ:
ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥
ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
ਇਸੁ ਧਨ ਕੀ ਦੇਖਹੁ ਵਡਿਆਈ ॥
ਸਹਜੇ ਮਾਤੇ ਅਨਦਿਨੁ ਜਾਈ ॥੩॥
ਇਕ ਬਾਤ ਅਨੂਪ ਸੁਨਹੁ ਨਰ ਭਾਈ ॥
ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥੯੯੧॥
ਇਸ ਨਾਮ ਧਨ ਨੂੰ ਗੁਰਬਾਣੀ ਵਿਚ ਕਈ ਹੋਰ ਸਬਦਾਂ ਦੇ ਰੂਪ ਵਿਚ ਪੇਸ ਕੀਤਾ ਗਿਆ ਹੈ, ਜਿਵੇਂ ਨਿਰਮੋਲਕ ਹੀਰਾ, ਸਾਚਾ ਧਨ, ਗੁਣ ਨਿਧਾਨ, ਅੰਮ੍ਰਿਤ, ਰਤਨ ਆਦਿ, ਪਰੰਤੂ ਇਹ ਵੀ ਗੱਲ ਸਪੱਸਟ ਕੀਤੀ ਗਈ ਹੈ ਕਿ ਇਹ ਨਾਮ ਧਨ ਕੇਵਲ ਪੂਰੇ ਗੁਰੂ ਕੋਲੋਂ ਹੀ ਮਿਲਣਾ ਹੈ, ਜੋ ਜੀਵ ਗੁਰੂ ਸੇਵਾ ਵਿਚ ਲਗਾ ਰਹੇਗਾ, ਉਸਨੂੰ ਹੀ ਗੁਰੂ ਤਰੁਠ ਕੇ ਇਸ ਰਤਨ ਦੀ ਬਖਸਿਸ ਕਰਦਾ ਹੈ, ਉਹ ਸਿਖ ਵਡਭਾਗੀ ਬਣ ਜਾਂਦਾ ਹੈ:
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥ ੪੦॥
ਮਹੀਨੇ ਦੀ ਵਿਚਾਰ ਤਹਿਤ ਅਗਲੀ ਪੰਕਤੀਆਂ ਵਿਚ ਗੁਰੂ ਜੀ ਸਮਝਾਉਦੇਂ ਹਨ ਕਿ ਇਸ ਬ੍ਰਾਹਮੰਡ ਵਿਚ ਜੋ ਵੀ ਅਸੀਂ ਦੇਖ ਰਹੇ ਹਾਂ ਇਹ ਸਭ ਕੁੱਝ ਨਾਮ ਦੇ ਆਸਰੇ ਹੀ ਰਿਹਾ ਹੈ, ਇਹ ਅਕਾਲਪੁਰਖ ਦੇ ਕੌਤਕ ਨਾਮ ਜਪਣ ਵਾਲੇ ਨੂੰ ਬੜੇ ਚੰਗੇ ਮਨ ਨੂੰ ਭਾਉਦੇਂ ਹਨ, ਗੁਰਦੇਵ ਪਿਤਾ ਸੁਖਮਨੀ ਸਾਹਿਬ ਵਿਚ ਫੁਰਮਾਣ ਕਰਦੇ ਹਨ:
ਨਾਮ ਕੇ ਧਾਰੇ ਸਗਲੇ ਜੰਤ ॥ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ ੨੮੪॥
ਜੋ ਵਾਹਿਗੁਰੂ ਜੀ ਨੂੰ ਚੰਗਾ ਲਗਦਾ ਹੈ ਉਹ ਕੁੱਝ ਹੀ ਬ੍ਰਹਮੰਡ ਵਿਚ ਵਰਤਦਾ ਹੈ, ਵਾਹਿਗੁਰੂ ਦੀ ਬੰਦਗੀ ਅਤੇ ਸਿਫਤ ਸਲਾਹ ਕੀਤਿਆਂ ਇਹ ਗੱਲ ਸਮਝ ਵਿਚ ਆ ਜਾਂਦੀ ਹੈ ਕਿ:
ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥ ੧॥
ਉਸ ਦੇ ਹੁਕਮ ਤੋਂ ਬਗੈਰ ਇੱਥੇ ਪੱਤਾ ਵੀ ਨਹੀਂ ਝੁੱਲ ਸਕਦਾ, ਤੇ ਜਿਹੜੇ ਜਨ ਗੁਰੂ ਆਸ਼ੇ ਅਨੁਸਾਰ ਚਲਦੇ ਹਨ, ਉਹਨਾਂ ਉਪੱਰ ਕਿਰਪਾ ਹੁੰਦੀ ਹੈ, ਉਹਨਾਂ ਨੂੰ ਇਸ ਜਗ੍ਹਾ ਵਿਚ ਪ੍ਰਭੂ ਵਲੋਂ ਸ਼ਾਬਾਸੇ ਮਿਲਦੀ ਹੈ। ਪਰ ਪਰਮਾਤਮਾਂ ਇਹਨ੍ਹਾਂ ਸੰਸਾਰੀ ਜੀਵਾਂ ਦੀ ਆਪਣੀ ਦੌੜ ਭੱਜ ਨਾਲ ਨਹੀਂ ਮਿਲ ਸਕਦਾ , ਜੇਕਰ ਇਸ ਤਰ੍ਹਾਂ ਹੁੰਦਾ ਤਾਂ ਜੀਵ ਪਰਮੇਸਰ ਤੋਂ ਵਿਛੜ ਕੇ ਦੁਖੀ ਕਿਉਂ ਹੁੰਦਾ? ਸ਼ਾਹਿਬ ਜੀ ਸਮਝਾਉਦੇਂ ਹਨ:
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥ ੫੫ ॥
ਅੰਤਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਕਥਨ ਕਰਦ ਹਨ ਕਿ ਪਰਮਾਤਮਾਂ ਦੇ ਮਿਲਾਪ ਦਾ ਅਨੰਦ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਨਾਂ ਨੂੰ ਪੂਰੇ ਗੁਰੂ ਦਾ ਸਾਥ ਮਿਲ ਜਾਦਾਂ ਹੈ, ਤੇ ਜਿਨਾਂ ਨੂੰ ਗੁਰੂ ਆਪਣਾ ਬਣਾ ਲੈਦਾਂ ਹੈ, ਉਹ ਜੰਮਣ ਮਰਣ ਦੇ ਗੇੜ ਵਿਚੋਂ ਖਤਮ ਹੋ ਜਾਂਦਾ ਹੈ, ਕਬੀਰ ਜੀ ਦਾ ਬਚਨ ਹੈ:
ਸੋ ਸੇਵਕੁ ਜੋ ਲਾਇਆ ਸੇਵ ॥ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲੇ੍ ਕਪਾਟ ॥ਬਹੁਰਿ ਨ ਆਵੈ ਜੋਨੀ ਬਾਟ ॥੪॥ ੧੧੫੯॥
ਜਿਸ ਮਨੁੱਖ ਨੂੰ ਗੁਰੁ ਮਿਲ ਪਵੈ ਉਸ ਦੇ ਭਾਗ ਜਾਗ ਪੈਂਦੇ ਹਨ, ਉਸ ਮਨੁੱਖ ਲਈ ਜੇਠ ਦਾ ਮਹੀਨਾਂ ਅਨੰਦਮਈ ਤੇ ਸੁਹਾਵਣਾ ਹੋ ਜਾਦਾਂ ਹੈ, ਅਤੇ ਉਹ ਪ੍ਰਾਣੀ ਵਧਾਈ ਦਾ ਪਾਤਰ ਹੈ, ਜਿਸ ਨੂੰ ਪੂਰਾ ਮਾਲਕ ਮਿਲ ਪੈਦਾਂ ਹੈ:
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥੯੧੭॥
(ਭਾਈ ਸੁਖਜੀਵਨ ਸਿੰਘ 'ਸਟਾਕਟਨ')