
The month of Aasaarh...
ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ ੧੧੦੭
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ੧੧੦੭ ਉਪਰ "ਬਾਰਹ ਮਾਹ ਤੁਖਾਰੀ " ਬਾਣੀ ਗੁਰੂ ਨਾਨਕ ਦੇਵ ਜੀ ਦੀ ਮੁਬਾਰਕ ਰਸਨਾਂ ਤੋਂ ਉਚਾਰਣ ਕੀਤੀ ਹੋਈ ਹੈ।
ਹਾੜ ਦੇ ਮਹੀਨੇ ਦੀ ਵਿਚਾਰ ਦੇ ਤਹਿਤ ਅਸੀਂ ਗੁਰੂ ਨਾਨਕ ਦੇਵ ਜੀ ਵਲੋਂ ਬਖਸੇ ਹੋਏ ਬੰਧ ਵਿਚ ਦੇਖਦੇ ਹਾਂ ਕਿ ਸਾਨੂੰ ਦੋ ਤਰਾਂ ਦੇ ਪਹਿਲੂ "ਸੋਹਾਗਣ" ਤੇ "ਦੋਹਾਗਣ" ਤੋਂ ਜਾਣੂ ਕਰਵਾਇਆ ਹੈ, ਦੋਹਾਗਣ ਹਮੇਸਾਂ ਦੁੱਖ ਦੀ ਜਿੰਦਗੀ ਭੋਗਦੀ ਹੋਈ ਖੁਆਰ ਹੁੰਦੀ ਹੈ, ਉਥੇ ਹੀ ਸੋਹਾਗਣ ਸਦਾ ਸੁੱਖ ਦੀ ਜਿੰਦਗੀ ਭੋਗਦੀ ਅਨੰਦ ਅਤੇ ਖੇੜੇ ਵਿਚ ਰਹਿੰਦੀ ਹੈ, ਗੁਰਬਾਣੀ ਨੇ ਸੁੱਖ - ਦੁੱਖ , ਜੰਮਣ - ਮਰਣ ਦੋਨਾ ਨੂੰ ਹੀ ਪਰਮਾਤਮਾਂ ਦੇ ਭਾਣੇ ਵਿਚ ਦੱਸਿਆ ਹੈ:
ਸੁਖ ਦੁਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀ ਜਾਇ ॥ ੪੩੨
ਪਰੰਤੂ ਕੁੱਝ ਤੱਥਾਂ ਵਿਚ ਜਿੱਥੇ ਜੀਵ ਰੂਪ ਇਸਤਰੀ ਆਪਣੇ ਉਦੱਮ ਨਾਲ ਸੁੱਖ ਅਤੇ ਅਨੰਦ ਮਾਣ ਸਕਦੀ ਹੈ, ਉਹ ਖੁੱਸ਼ਹਾਲ ਜੀਵਨ ਨੂੰ ਜਿਊਂ ਸਕਦੀ ਹੈ, ਉਥੇ ਗੁਰੂ ਜੀ ਨੇ ਉਸਨੂੰ ਇਸੇ ਉੱਦਮ ਅਤੇ ਨਾਮ ਬਾਣੀ ਨੂੰ ਜਪਣ ਲਈ ਪ੍ਰਰੇਰਿਆ ਹੈ। ਬੇਸੱਕ ਰੁੱਤਾਂ ਅਕਾਲਪੁਰਖ ਦੀ ਰਜ਼ਾ ਵਿਚ ਹਨ, ਪਰੰਤੂ ਸੱਚ ਨੂੰ ਸਮਝਾਉਣ ਲਈ ਨਿਰਮਲ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸੰਸਾਰੀ ਉਦਾਹਰਣਾਂ ਦੇ ਕੇ ਜੀਵ ਨੂੰ ਪਰਮਾਰਥੀ ਬਨਾਉਣਾ ਚਾਹਿਆ ਹੈ, ਸਾਹਿਬ ਆਰੰਭ ਵਾਲੀਆਂ ਪੰਕਤੀਆਂ ਵਿਚ ਫੁਰਮਾਉਦੇਂ ਹਨ, ਕਿ ਜਿਸ ਤਰਾਂ ਹਾੜ ਦੇ ਮਹੀਨੇ ਵਿਚ ਸੂਰਜ "ਭਲਾ" ਭਾਵ ਜੋਬਨ ਵਿਚ ਹੁੰਦਾ ਹੈ, ਅਤੇ ਉਸਦੀ ਪ੍ਰਚੰਡ ਗਰਮੀ ਨਾਲ ਸਾਰਾ ਆਕਾਸ਼ ਤੇ ਧਰਤੀ ਤੱਪ ਰਹੀ ਹੁੰਦੀ ਹੈ, ਤੇਜ ਤਪਸ਼ ਕਾਰਣ ਧਰਤੀ ਪੁਰ ਪਾਣੀ ਤੇ ਬਨਸਪਤੀ ਸੁੱਕ ਰਹੀ ਹੁੰਦੀ ਹੈ, ਧਰਤੀ ਦੁੱਖ ਸਹਾਰਦੀ ਹੈ, ਇਸ ੳਪੁੱਰ ਰਹਿਣ ਵਾਲੇ ਸਾਰੇ ਜੀਵ ਜੰਤ ਵੀ ਔਖੇ ਹੁੰਦੇ ਹਨ, ਕੁੱਝ ਤਾਂ ਇਸ ਔਖ ਨੂੰ ਨ ਸਹਾਰਦੇ ਹੋਏ ਖਤਮ ਹੋ ਜਾਂਦੇ ਹਨ।
ਗੁਰੂ ਜੀ ਦੇ ਇਸ ਉਦਾਹਰਣ ਨੂੰ ਦੇਣ ਦਾ ਕੀ ਉਦੇਸ ਹੈ? ਆਉ ਪਹਿਲਾਂ ਇਸ ਨੂੰ ਵੀਚਾਰੀਏ, ਅਸਲ ਵਿਚ ਮਾਇਆ ਆਪਣੀ ਫੌਜ਼ ਨਾਲ ਜੱਗ ਉਪਰ ਸੂਰਜ ਦੀ ਤੇਜ ਤਪਸ਼ ਵਾਂਗ ਸਦੀਵੀ ਆਪਣਾ ਪਰਭਾਵ ਜਮਾਂ ਕੇ ਬੈਠੀ ਹੈ, ਇਸ ਨੇ ਤਿਨਾਂ ਗੁਣਾਂ ਰਜੋ, ਤਮੋ, ਸਤੋ ਵਿਚ ਆਪਣਾ ਦਬਦਬਾ ਬਣਾਇਆ ਹੋਇਆ ਹੈ, ਰਿਸ਼ੀ , ਮੁਨੀ , ਰਾਜੇ, ਸੂਰਬੀਰ , ਤਪੀ, ਸੰਨਿਆਸੀ , ਇਥੋਂ ਤੱਕ ਕਿ ਦੇਵਤੇ ਵੀ ਇਸ ਦੀ ਜਕੜ ਵਿਚ ਹਨ;
ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ॥
ਜਿਨਿ ਕੀਨੇ ਵਸਿ ਅਪੁਨੈ, ਤ੍ਰੈ ਗੁਣ ਭਵਣ ਚਤੁਰ ਸੰਸਾਰਾ॥
ਜਗ ਇਸਨਾਨ ਤਾਪ ਥਾਨ ਖੰਞੇ, ਕਿਆ ਇਹ ਜੰਤ ਵਿਚਾਰਾ॥ ੬੭੩
ਗੁਰੂ ਅਰਜਨ ਦੇਵ ਜੀ ਇਸ ਨੂੰ ਬਹੁਤ ਵੱਡਾ ਅੱਗ ਦਾ ਸਮੁੰਦਰ ਆਖਦੇ ਹਨ, ਜੋ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਤਰਿਆ ਜਾ ਸਕਦਾ ਹੈ;
ਮਹਾ ਅਗਾਹ ਅਗਨਿ ਕਾ ਸਾਗਰੁ ॥ ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥
ਦੁਤਰ ਅੰਧ ਬਿਖਮ ਇਹ ਮਾਇਆ ॥ ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥ ੩੭੭
ਇਸ ਮਾਇਆ ਤੋਂ ਹਰ ਜੀਵ ਦੁੱਖੀ ਵੀ ਹੈ, ਫੇਰ ਵੀ ਇਸ ਨਾਲ ਡੂੰਘਾ ਜੁੜਿਆ ਹੋਇਆ ਹੈ, ਇਹ ਮਾਇਆ ਜੀਵ ਦੇ ਇੱਰਧ ਗਿੱਰਧ ਇਸ ਤਰਾਂ ਚੱਕਰ ਲਗਾਉਦੀਂ ਹੈ, ਜਿਸ ਤਰਾਂ ਹਿੰਦੂ ਧਰਮ ਦਾ ਮੰਨਣਾ ਹੈ ਕਿ ਸੂਰਜ ਦਾ ਵਾਹਣ ਰੱਥ ਹੈ, ਜੋ ਸੱਤਾਂ ਘੋੜਿਆਂ ਵਾਲਾ ਹੈ, ਜੋ ਸਦੀਵੀ ਬ੍ਰਹਮੰਡ ਵਿਚ ਚੱਕਰ ਲੱਗਾ ਰਿਹਾ ਹੈ, ਅਤੇ ਜਿਸ ਦੇ ਚੱਕਰ ਲਗਾਉਣ ਨਾਲ ਗਰਮੀ ਦੀ ਤੱਪਸ ਵੱਧਦੀ ਰਹਿੰਦੀ ਹੈ, ਕਮਜੋਰ ਜਿੰਦ ਤੇਜ ਤਪੱਸ ਤੋਂ ਬਚਣ ਲਈ ਕਿਸੇ ਛਾਂ ਦਾ ਆਸਰਾ ਲੈਂਦੀ ਹੈ, ਉਥੇ ਹੀ ਬੀਡਾਂ ਬਾਹਰ ਜੂਹ ਵਿਚ ਰੁੱਖ ਦੀ ਛਾਂਵੇਂ ਟੀਂ ਟੀਂ ਦੀ ਰੱਟ ਲਗਾ ਰਿਹਾ ਹੈ, ਤੇਜ ਗਰਮੀ ਤੋਂ ਸਾਰੇ ਹੀ ਦੁੱਖੀ ਹਨ।ਇਸੇ ਤਰਾਂ ਮਾਇਆ ਵੀ ਮਨੁੱਖ ਨੂੰ ਬਹੁਤ ਦੁੱਖ ਦਿੰਦੀ ਹੈ, ਮਨੁੱਖ ਇਸ ਤੋਂ ਬਚਣ ਲਈ ਕਾਫੀ ਯਤਨ ਕਰਦਾ ਹੈ, ਪਰ ਇਹ ਇਸ ਦਾ ਪਿੱਛਾ ਨਹੀਂ ਛੱਡਦੀ।
ਅਸਲ ਵਿਚ ਗੁਰੂ ਜੀ ਆਰੰਭ ਵਾਲੀਆਂ ਪੰਕਤੀਆਂ ਵਿਚ ਸਮਝਾ ਰਹੇ ਹਨ ਕਿ ਮਾਇਆ ਦੇ ਵਿਕਾਰਾਂ ਦਾ ਸੇਕ ਮਨੁੱਖ ਨੂੰ ਰੋਜ਼ਾਨਾਂ ਖੁਆਰ ਕਰ ਰਿਹਾ ਹੈ, ਜੀਵ ਇਹਨਾਂ ਨਾਲ ਲੁਟਿਆ ਜਾ ਰਿਹਾ ਹੈ, ਜੀਵ ਦੇ ਚੰਗੇ ਕੀਤੇ ਕਰਮ ਅੰਮ੍ਰਿਤ ਵਾਂਗ ਹਨ, ਪਰ ਮਾਇਆ ਮਨੁੱਖ ਤੋਂ ਬੁਰੇ ਕਰਮ ਕਰਵਾ ਕੇ ਮਾਨੋਂ ਇਸ ਨੂੰ ਲੁੱਟ ਰਹੀ ਹੈ, ਇਹਨਾਂ ਵਿਕਾਰਾਂ ਦਾ ਵਾਸਾ ਇਸ ਦੇਹੀ ਅੰਦਰ ਹੀ ਹੈ, ਫੁਰਮਾਣ ਹੈ;
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ, ਕੋਇ ਨ ਸੁਣੈ ਪੂਕਾਰਾ ॥
ਅੰਧਾ ਜਗਤੁ ਅੰਧੁ ਵਰਤਾਰਾ, ਬਾਝੁ ਗੁਰੂ ਗੁਬਾਰਾ ॥੨॥ ੬੦੦
ਇਹ ਵਿਕਾਰ ਮਨੁੱਖ ਨੂੰ ਕੁਰਾਹੇ ਪਾ ਰਹੇ ਹਨ, ਇਹਨਾਂ ਦੀ ਆੜ ਵਿਚ ਜੀਵ ਅਵਗੁਣ ਕਰੀ ਜਾ ਰਿਹਾ ਹੈ, ਤੇ ਉਸਨੇ ਅਵਗੁਣਾਂ ਦੀ ਪੰਡ ਬੰਨ ਲਈ ਹੈ, ਅਤੇ ਗੁਣਾਂ ਨੂੰ ਵਿਸਾਰ ਦਿੱਤਾ ਹੈ, ਗੁਰੂ ਅਮਰਦਾਸ ਸਾਹਿਬ ਫੁਰਮਾਉਦੇਂ ਹਨ;
ਲੋਕੁ ਅਵਗਣਾ ਕੀ ਬੰਨੈ੍ ਗੰਠੜੀ ਗੁਣ ਨ ਵਿਹਾਝੈ ਕੋਇ ॥
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥
ਗੁਰ ਪਰਸਾਦੀ ਗੁਣ ਪਾਈਅਨ੍ ਜਿਸ ਨੋ ਨਦਰਿ ਕਰੇਇ ॥੧॥ ੧੦੯੨
ਇਸ ਅਵਗੁਣਾਂ ਦੀ ਪੰਡ ਨੂੰ ਲੈ ਕੇ ਜਦੋਂ ਜੀਵ ਰੂਪ ਇਸਤਰੀ ਅੱਗੇ ਤੁਰਦੀ ਹੈ, ਤਾਂ ਅੱਗੇ ਜਾ ਕੇ ਬਹੁਤ ਦੁੱਖੀ ਹੁੰਦੀ ਹੈ, ਬਹੁਤ ਪਛੁਤਾਉਦੀਂ ਹੈ, ਉਸਨੂੰ ਪਤਾ ਲਗਦਾ ਹੈ ਕਿ ਵੇਲਾ ਬੰਧਨ ਦਾ ਜੋ ਸਮਾਂ ਸੀ, ਉਹ ਦਾ ਅਜਾਈਂ ਚੱਲਿਆ ਗਿਆ;
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ ੭੯੪
ਗੁਰੂ ਜੀ ਅੱਗੇ ਬਖਸ਼ਿਸ ਕਰਦੇ ਹਨ ਕਿ ਜਿਨਾਂ ਜੀਵ ਇਸਤਰੀਆਂ ਨੇ ਪਰਮੇਸਰ ਦਾ ਨਾਮ ਸਿਮਰਿਆ ਹੈ, ਅਤੇ ਜਿਨਾਂ ਨੇ ਵਾਹਿਗੁਰੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ, ਅਸਲ ਵਿਚ ਆਤਮਕ ਆਨੰਦ ਸਿਰਫ ਉਹਨਾਂ ਕੋਲ ਹੀ ਹੈ, ਕਿਉਕਿ ਹਰੀ ਨੂੰ ਜਪਣ ਵਾਲਾ ਮਨ ਜੀਵ ਨੂੰ ਸਦੀਵੀ ਪਰਮਾਤਮਾਂ ਦਾ ਸਾਥ ਬਖਸ਼ਿਸ ਕਰਦਾ ਹੈ, ਤੇ ਫਿਰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਉਹਨੂੰ ਨਹੀਂ ਪੋਂਹਦਾ ਅਤੇ ਉਸਦਾ ਜੀਵਣ ਅਤੇ ਮਰਣ ਕੇਵਲ ਗੁਰੂ ਨਾਲ ਹੀ ਹੁੰਦਾ ਹੈ।
- ਭਾਈ ਸੁਖਜੀਵਨ ਸਿੰਘ 'ਸਟਾਕਟਨ'