The Month of Bhado\'n
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥
ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ “ਬਾਰਹਮਾਹ ਤੁਖਾਰੀ” ਬਾਣੀ (ਅੰਗ ੧੧੦੮ )ਦੀ ਉਕਤ ਬੰਧ ਅੰਦਰ ਫੁਰਮਾਣ ਕਰਦੇ ਹਨ ,ਕਿ ਸਾਉਣ ਮਹੀਨੇ ਤੋਂ ਹੀ ‘ਬਰਖਾ –ਰੁੱਤ ‘ ਆਰੰਭ ਹੋ ਗਈ ਹੈ। ਸੰਸਾਰ ਵਿਚ ਹਰ ਪਾਸੇ ਖੁਸ਼ਹਾਲੀ ਹੀ ਖੁਸ਼ਹਾਲੀ ਹੈ, ਬਨਸਪਤੀ ਖਿੜੀ ਹੋਈ ਹੈ। ਬਰਖ ਰੁੱਤ ਦੇ ਮੀਂਹ ਨੇ ਟੋਏ – ਤਲਾਬ ਅਤੇ ਨਦੀਆਂ ਜਲ ਨਾਲ ਭਰਪੂਰ ਕਰ ਦਿੱਤੇ ਹਨ ।ਜਿਧੱਰ ਤੱਕਦੇ ਹਾਂ, ਖੁਸ਼ੀ ਹੀ ਖੁਸ਼ੀ ਹੈ , ਸੰਸਾਰੀ ਪਸ਼ੂ ਪੰਛੀ ਵੀ ਇਸ ਰੁੱਤ ਦੀਆਂ ਮੌਂਜਾਂ ਮਾਣ ਰਹੇ ਹਨ,ਹਰ ਪਾਸੇ ਖੇੜਾ ਬਣਿਆ ਹੋਇਆ ਹੈ, ਮਸਤ ਜਿਹੇ ਸਰੂਰ ਵਿਚ ਆ ਕੇ ਡੱਡੂ ਤੇ ਮੋਰ ਉਚੀ ਉਚੀ ਰੌਲਾ ਪਾ ਰਹੇ ਹਨ, ਕਿਧਰੇ ਮਸਤੀ ਵਿਚ ਪਪੀਹਾ ਪ੍ਰਿਉ –ਪ੍ਰਿਉ ਦੀ ਰਟ ਨਾਲ ਬਨਸਪਤੀ ਨੂੰ ਹੋਰ ਰੌਚਕ ਬਣਾ ਰਿਹਾ ਹੈ। ਭੁਇਅੰਗਮ (ਸੱਪ) ਪਾਸ ਇੱਕ ਹੀ ਤੱਤ ਜਹਿਰ ਦਾ ਹੈ, ਉਹ ਵੀ ਇਸ ਰੁੱਤੇ ਝੂਮਦਾ ਹੋਇਆ ਖੁਸ਼ੀ ਵਿਚ ਫਰਾਟੇ ਮਾਰਦਾ ਹੈ, ਡੱਸਦਾ ਫਿਰ ਰਿਹਾ ਹੈ ।ਜਲ ਦੀ ਭਰਮਾਰ ਨਾਲ ਤਲਾਬ ਨੱਕੋ - ਨੱਕੋ ਭਰ ਗਏ ਹਨ , ਅਤੇ ਉਹਨਾਂ ਵਿਚ ਮੱਛਰ ਪੈਦਾ ਹੋ ਗਿਆ ਹੈ, ਜੋ ਖਿੜੀ ਬਨਸਪਤੀ ਦੇ ਹੁਲਾਸ ਵਿਚ ਡੰਗ ਮਾਰ ਰਿਹਾ ਹੈ। ਹਰਸੋ ਹੁਲਾਸ ਦਾ ਮਾਹੌਲ ਬਣਿਆ ਹੈ, ਪਰੰਤੂ ਭਾਦਉ ਦੇ ਇਸ ਮਹੀਨੇ ਵਿਚ ਜੀਵ ਇਸਤਰੀ ਭਰਮ ਵਿਚ ਪੈ ਕੇ ਪਤੀ ਪਰਮਾਤਮਾਂ ਨੂੰ ਭੁੱਲ ਗਈ ਹੈ, ਉਹ ਆਪਣੀ ਜਵਾਨੀ ( ਜੋਬਨ ) ਦੇ ਹੁੰਦਿਆਂ ਵੀ ਪਛਤਾ ਰਹੀ ਹੈ , ਉਸਨੂੰ ਇਹ ਰੁੱਤ ਦੁੱਖਦਾਈ ਲੱਗ ਰਹੀ ਹੈ। ਉਸਨੇ ਸੱਚੇ ਪ੍ਰੀਤਮ ਨੂੰ ਪਾਉਣ ਲਈ ਅਗਿਆਨਤਾ ਵੱਸ ਭੇਖੀ ਸੀਂਗਾਰ ਵੀ ਬਣਾਇਆ ਹੋਇਆ ਹੈ ਜੋ ਪਤੀ – ਪਰਮਾਤਮਾ ਨੂੰ ਨਹੀਂ ਭਾਉਦਾਂ, ਕਾਰਣ ਵੱਸ ਜੀਵ – ਆਤਮਾ ਦਾ ਪਰਮਾਤਮਾਂ ਨਾਲ ਮਿਲਾਪ ਨਹੀਂ ਹੁੰਦਾ ਅਤੇ ਮਿਲਾਪ ਤੋਂ ਬਿਨਾਂ ਸੁੱਖ ਨਹੀਂ ਹੈ ਖੇੜਾ ਨਹੀਂ ਹੈ। ਭਰਮ ਵਿਚ ਫੱਸੀ ਜੀਵ ਇਸਤਰੀ ਸੁੱਖ ਦੀ ਭਾਲ ਲਈ ਸੰਘਰਸ ਕਰਦੀ ਹੈ , ਉਹ ਇਹ ਨਹੀਂ ਜਾਣਦੀ ਕਿ ਆਗਿਆ ਵਿਚ ਰਹਿਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾ, ਅਤੇ ਸੱਚੀ ਸਿੱਖਿਆ ਨੂੰ ਗ੍ਰਹਣ ਕਰਨ ਤੋਂ ਬਿਨਾਂ ਪ੍ਰੀਤਮ ਮਿਲਾਪ ਅਸੰਭਵ ਹੈ, ਸਦੀਵੀ ਸੁੱਖ ਦੀ ਪ੍ਰਾਪਤੀ ਵੀ ਸੱਚੇ ਪ੍ਰੀਤਮ ਦੇ ਮਿਲਾਪ ਤੋਂ ਬਿਨਾਂ ਨਹੀਂ ਹੋ ਸਕਦੀ, ਬਾਬਾ ਫਰੀਦ ਜੀ ਕਥਨ ਕਰਦੇ ਹਨ:
ਪਿਰਹਿ ਬਿਹੂਨ, ਕਤਹਿ ਸਖਿ ਪਾਏ॥੭੯੪
ਭਾਦਉ ਬੰਧ ਦੀ ਅੰਤਲੀ ਪੰਕਤੀ ਵਿਚ ਗੁਰੂ ਜੀ ਫੁਰਮਾਨ ਕਰਦੇ ਹਨ:
ਨਾਨਕ ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭੁ ਤਹ ਹੀ ਜਾਈਐ ॥
ਭਾਵ ਕਿ ਆਓ, ਗੁਰੂ ਜੀ ਦੀ ਸਿਖਿਆ (ਪੂਛ) ਨੂੰ ਪ੍ਰਾਪਤ ਕਰੀਏ ਅਤੇ ਉਥੇ ਜਾਈਏ ਜਿੱਥੇ ਪਰਮਾਤਮਾ ਦਾ ਨਿਵਾਸ ਹੈ। ਇਸ ਪੰਕਤੀ ਅੰਦਰ ‘ਗੁਰੂ’ ਨੂੰ ‘ਮਿਤੱਰ’ ਵਚੋਲਾ , ਦਰਸਾਇਆ ਹੈ, ਜੋ ਜੀਵ ਇਸਤਰੀਆਂ (ਮਨੁੱਖ) ਨੂੰ ਆਗਿਆ ਵਿਚ ਰਹਿਣ , ਸੱਚੇ ਪ੍ਰੇਮ, ਸੱਚੀ ਸਿਖਿਆ ,ਦਾ ਪਾਠ ਸਿਖਾਉਂਦਾ ਹੈ,ਕੇਵਲ ਗੁਰੂ ਪਾਸ ਹੀ ਨਾਮ ਦੀ ਤਾਕਤ ਹੈ ਜਿਸ ਨੂੰ ਜਪਿਆ ਜੀਵ ਇਸਤਰੀ ਭਰਮ ਭੁਲੇਖੇ ਵਿਚੋਂ ਨਿਕਲ ਜਾਂਦੀ ਹੈ, ਜਿਸ ਵੇਲੇ ਗੁਰੂ ਦੀਖਿਆ ਰੂਪ ਵਿਚ ਗੁਰੁ ਪਾਸੋਂ ਨਾਮ ਦੀ ਪ੍ਰਾਪਤੀ ਦੀ ਬਖ਼ਸ਼ਿਸ਼ ਹੁੰਦੀ ਹੈ,ਤਾਂ ਜੀਵ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਉਸ ਦੇ ਮਨ ਵਿਚੋਂ ਵਿਕਾਂਰਾਂ ਦੀ ਮੈਲ ਧੋਤੀ ਜਾਣ ਲੱਗ ਪੈਂਦੀ ਹੈ, ਇਸ ਤਰਾਂ ਗੁਰੂੁ ਦੀ ਕਿਰਪਾ ਨਾਲ ਜੀਵ ਇਸਤਰੀ ਇਕ ਦਿਨ ਪਤੀ ਪਰਮੇਸ਼ਵਰ ਦਾ ਮਿਲਾਪ ਹਾਸਿਲ ਕਰ ਲੈਂਦੀ ਹੈ।
ਗੁਰਬਾਣੀ ਹੀ ਗੁਰੁ ਹੈ ਜੋ ਜੀਵ ਇਸਤਰੀ ਨੂੰ ਚੰਗੇ –ਮੰਦੇ ਕਰਮਾਂ ਨੂੰ ਕਰਣ ਦੀ ਸੋਝੀ ਦਿੰਦਾ ਹੈ, ਸੋਹਾਗਣ ਤੇ ਦੋਹਾਗਣ ਦੇ ਲੱਛਣਾਂ ਦਾ ਨਿਰਣਾ ਕਰਨ ਦੀ ਬਖ਼ਸ਼ਿਸ ਕਰਦੀ ਹੈ।ਗੁਰੂ ਦੀ ਸਿਖਿਆ ਅਨੁਸਾਰੀ ਉਹ ਜੀਵ ਇਸਤਰੀ ਸੁਹਾਗਣ ਹੈ, ਜਿਸ ਨੂੰ ਆਪਣੇ ਪਤੀ ਪਰਮੇਸ਼ਰ ਦੀ ਸਾਰ (ਖਿਆਲ) ਹੋਵੇ ਅਤੇ ਜਿਸ ਦੀ ਆਗਿਆ ਸਿੱਖਿਆ ਤੇ ਚਲਦਿਆਂ,ਉਹ ਆਪਣਾ ਅਭਿਮਾਨ ਹੁੳਮੈਂ ਨੂੰ ਤਿਆਗ ਦੇਵੇ, ਆਪਣਾ ਤਨ ਮਨ ਸਭ ਕੁੱਝ ਅਰਪਣ ਕਰੇ ਅਤੇ ਇੱਕ ਸੱਚੇ ਪ੍ਰੀਤਮ (ਪ੍ਰਭੂ) ਤੋਂ ਬਗੈਰ ਅੰਤਰੀਵ ਬਿਰਤੀ ਵਿਚ ਕਿਸੇ ਦੂਸਰੇ ਨੂੰ ਨਾ ਲਿਆਵੈ ਅਤੇ ਨਾ ਹੀ ਕੋਈ ਭਿੰਨ ਭੇਦ ਰੱਖੇ ।ਐਸੀ ਜੀਵ ਇਸਤਰੀ ਹੀ ਪਤੀ ਪਰਮਾਂਤਮਾਂ ਦਾ ਮਿਲਾਪ ਹਾਸਿਲ ਕਰ ਜੀਵਨ ਸੁਖਦਾਈ ਬਣਾ ਸਕਦੀ ਹੈ:
ਸਹ ਕੀ ਸਾਰ, ਸੁਹਾਗਨਿ ਜਾਨੈ ॥
ਤਜਿ ਅਭਿਮਾਨੁ ,ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ,ਨ ਅੰਤਰੁ ਰਾਖੈ ॥
ਅਵਰਾ ਦੇਖਿ ,ਨ ਸੁਨੈ ਅਭਾਖੈ ॥੧॥੭੯੩
ਇਕ ਗੁਰੂ ਦੇ ਲੱੜ ਲੱਗਿਆ ਹੀ ਜੀਵਨ ਯਾਪਨ ਵਿਚ ਸੁੱਖ ਹੈ , ਉਸ ਪਾਸੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀ ਹਨ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਹੀ ਸਿੱਖ ਅਖਵਾਉਂਦਾਂ ਹੈ, ਸੱਚੇ ਗੁਰੂ ਤੋਂ ਬੇਮੁੱਖ ਹੋਕੇ ਜੀਵ ਥਾਂ ਪੁਰ ਥਾਂ ਜਾ ਕੇ ਕਪਟਤਾ ਅਤੇ ਖੋਟੇ ਕਰਮ ਕਮਾਂਉਦਾਂ ਹੈ, ਤਾਂ ਉਹ ਕਦੀ ਵੀ ਪ੍ਰਭੂ ਮਿਲਾਪ ਨੂੰ ਹਾਸਿਲ ਨਹੀਂ ਕਰ ਸਕਦਾ ,ਜਿਸ ਪ੍ਰਕਾਰ ਕੋਈ ਇਸਤਰੀ ਪ੍ਰੀਤਮ ਨੂੰ ਪਾ ਚੁੱਕੀਆਂ ਸੁਹਾਗਣ ਪਾਸ ਜਾ ਕੇ ਪ੍ਰੀਤਮ ਨੂੰ ਪਾਉਣ ਦੀ ਜੁਗਤ ਪੁਛੇ ਪਰ ਉਸ ਦੇ ਅੰਦਰ ਕਰਮਾਂ ਦੀ ਸੋਚ ਵਿਚ ਕਪਟਤਾ ਹੋਵੇ ,ਤਾਂਤੇ ਉਹ ਇਸਤਰੀ ਸੁਹਾਗਣ ਹੋਣ ਉਪਰੰਤ ਵੀ ਦੋਹਾਗਣ ਕਹਿਲਾਉਦੀ ਹੈ , ਨੇਕ, ਸੱਚ ਆਚਾਰ, ਤੋਂ ਬਿਨਾਂ ਉਹ ਵੀ ਪਤੀ ਦਾ ਮਿਲਾਪ ਨਹੀਂ ਪਾ ਸਕਦੀ, ਭਾਈ ਗੁਰਦਾਸ ਜੀ ਕਥਨ ਕਰਦੇ ਹਨ:
ਪੂਛਤ ਸੁਹਾਗਨ, ਹੈ ਕਰਮ ਦੁਹਾਗਨਿ ਕੈ
ਰਿਦੈ ਬਿਭਚਾਰ, ਕਤ ਸਿਹਜਾ ਬੁਲਾਈਐ ॥ ਕਬਿਤ ੮੩੯
“ਹਉਮੈ” ਵਡਾ ਰੋਗ ਹੈ ਜਿਸ ਵਿਚ ਗ੍ਰਸੀ ਜੀਵ ਇਸਤਰੀ ਕਪਟੀ ਅਤੇ ਦੁਰਕਰਮ ਕਮਾਂ ਰਹੀ ਹੈ, ਏਹੀ ਰੋਗ ਪ੍ਰਭੂ ਮਿਲਾਪ ਵਿਚ ਵਡੀ ਔਕੜ ਹੈ, ਹਉਮੈ ਰੋਗ ਦਾ ਇਲਾਜ ਗੁਰਮੰਤਰ ਹੈ ਜੋ ਗੁਰੂ (ਸ਼ਬਦਗੁਰੂ) ਤੋਂ ਹੀ ਪ੍ਰਾਪਤ ਹੁੰਦਾ ਹੈ, ਜਿਸ ਨੂੰ ਜਪਿਆਂ ਜੀਵ ਦੀ ਹਉਮੈਂ ਖਤਮ ਹੋ ਜਾਂਦੀ ਹੈ:
ਵਾਹਿਗੁਰੂ ਗੁਰ ਮੰਤ੍ਰ ਹੈ, ਜਪਿ ਹਉਮੈਂ ਖੋਈ॥ ਵਾਰ ੧੩੫
ਇਸ ਲੋਕਾਈ ਵਿਚ ਇੱਕ ਹੀ ਪਰਮਾਂਤਮਾਂ ‘ਪਤੀ’ ਹੈ, ਬਾਕੀ ਸਭ ( ਇਸਤਰੀ ਪੁਰਸ਼) ਇਸਤਰੀਆਂ ਹੀ ਹਨ।ਗੁਰੂ ਦੀ ਬਾਣੀ ਹੀ ਪਤੀ ਪਰਮੇਸਰ ਦੀ ਆਗਿਆ ਹੈ,ਜਿਸ ਨੂੰ ਮੰਨਣਾ ਹੀ ਜੀਵ ਇਸਤਰੀ ਦਾ ਸੱਚਾ ਸੀਂਗਾਰ ਹੈ, ਜੋ ਪਤੀ ਪਰਮਾਂਤਮਾਂ ਨੂੰ ਭਾਉਦਾਂ ਹੈ। ਨਾਮ ਜਪਣ ਵਾਲੀ ਹੁਕਮ ਵਿਚ ਰਹਿਣ ਵਾਲੀ ਇਸਤਰੀ ਨ ਕੇਵਲ ਸੱਚਾ ਸੀਂਗਾਰ ਬਣਾਉਦੀ ਹੈ, ਬਲਕਿ ਇਸ ਰੁੱਤ ਦਾ ਭਰਪੂਰ ਅਨੰਦ ਉਠਾਉਂਦੀ ਹੈ, ਕਿਉਕਿ ਉਸਦਾ ਕੰਤ ਪਾਸਰਾ ਉਸ ਦੇ ਨਾਲ ਹੈ,ਉਹ ਆਪਣੇ ਭਰਤਾ (ਪਤੀ) ਦੇ ਕਹਿਣੇ ਵਿਚ ਹੈ, ਅਤੇ ਭਰਤਾ ਨੂੰ ਭਾਉਣ ਵਾਲਾ ਨਾਮ ਦਾ, ਚੱਜ ਆਚਾਰ ਦਾ, ਹੀ ਸੀਂਗਾਰ ਕਰਦੀ ਹੈ, ਜੇਹਾ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਹੈ :
ਆਸਾ ਮਹਲਾ ੫ ॥੪੦੦
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥
- ਸੁਖਜੀਵਨ ਸਿੰਘ ‘ਸਟਾਕਟਨ’
੨੦੯ ੯੨੨ ੪੪੭੪
Keep it up, your doing good job. Waheguru ji saabh de haan aate saabh de naal haan.