Hero of the Sikh Guerrilla Insurgency Bhai Sukhdev Singh Babbar (PART 1 of 2)
-ਸਰਬਜੀਤ ਸਿੰਘ ਘੁਮਾਣ (੯੭੮੧੯-੯੧੬੨੨)
ਕਈ ਸ਼ਖ਼ਸੀਅਤਾਂ ਐਨੀਆਂ ਮਹਾਨ-ਕੱਦ ਹੁੰਦੀਆਂ ਹਨ ਕਿ ਉਹਨਾਂ ਦੀ ਉਂਚੀ-ਸੁੱਚੀ ਹਸਤੀ ਵੱਲ ਤੱਕਣ ਲੱਗਿਆਂ ਆਪਣੀ ਦਸਤਾਰ ਉਂਤੇ ਹੱਥ ਰੱਖਣਾ ਪੈਂਦਾ ਹੈ। ਬਾਣੀ ਤੇ ਬਾਣੇ ਦੇ ਧਾਰਨੀ, ਸ਼ਬਦ-ਗੁਰੂ ਸਿਧਾਂਤ ਦੇ ਕੱਟੜ ਸਮਰਥਕ, ਦੇਹਧਾਰੀ ਗੁਰੂਡੰਮ ਦਾ ਸਿਰ ਫੇਹਣ ਲਈ ਤਤਪਰ, ਪੰਥ ਦੋਖੀਆਂ ਉਂਤੇ ਬਿਜਲੀ ਬਣ ਕੇ ਕੜਕਣ ਵਾਲੇ ਸੂਰਬੀਰ ਯੋਧੇ ਭਾਈ ਸੁਖਦੇਵ ਸਿੰਘ ਬੱਬਰ ਦਾ ਖ਼ਾਲਸਾ ਇਤਿਹਾਸ ਵਿਚ ਰੁਤਬਾ ਐਨਾ ਬੁਲੰਦ ਹੈ ਕਿ ਉਹਨਾਂ ਦੇ ਜੀਵਨ ਨੂੰ ਲਿਖਣ ਲੱਗਿਆਂ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਧੰਨ ਹੈ ਉਹ ਗੁਰਸਿੱਖ ਤੇ ਧੰਨ ਹੈ ਉਸ ਦੇ ਮਾਪੇ। ਸਿੱਖ ਇਤਿਹਾਸ ਵਿਚ ਉਹਨਾਂ ਦਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਵਾਲੀ ਕਤਾਰ ਵਿਚ ਆਉਂਦਾ ਹੈ। ਸ਼ਾਂਤ-ਚਿੱਤ, ਗਹਿਰ-ਗੰਭੀਰ ਚਿਹਰਾ, ਗੋਲ ਦੁਮਾਲਾ, ਚਿੱਟਾ ਬੇਦਾਗ਼ ਚੋਲ਼ਾ, ਉਪਰ ਦੀ ਪਾਈ ਸਿਰੀ ਸਾਹਿਬ, ਗਲ਼ ਵਿਚ ਹਜ਼ੂਰੀਆ, ਤੇ ਅੱਖਾਂ ਦੀ ਲਿਸ਼ਕ ਜਿਵੇਂ ਹੁਣ ਵੀ ਕਹਿ ਰਹੀ ਹੋਵੇ- 'ਸਿੰਘਾ! ਮੇਰੀ ਫ਼ੋਟੋ ਹੀ ਨਾ ਵੇਖੀ ਜਾਹ, ਕੌਮ ਦੇ ਵੈਰੀਆਂ ਦਾ ਸੋਚ ਕਿ ਕੀ ਕਰਨਾ?'
ਜੇ ਅਜੋਕੇ ਸਮਿਆਂ ਵਿਚ ਬਾਘੇਪੁਰਾਣੇ ਕੋਲ਼ ਦੇ ਰੋਡੇ ਪਿੰਡ ਦੀ ਧਰਤੀ ਮਾਣ ਕਰ ਸਕਦੀ ਹੈ ਕਿ ਓਥੋਂ ਸਿੱਖੀ ਸਿਧਾਂਤਾਂ ਤੇ ਸਿੱਖ ਹੱਕਾਂ ਦੀ ਰਾਖੀ ਲਈ ਜੂਝਣ ਵਾਲੇ ਸੂਰਮੇ, ਸੰਤ ਸਿਪਾਹੀ, ਬਚਨ ਕੇ ਬਲੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਹਿਣੀ ਤੇ ਕਥਨੀ ਦੇ ਪੂਰੇ, ੨੦ਵੀ ਸਦੀ ਦੇ ਮਹਾਨ ਸਿੱਖ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਜਨਮ ਲਿਆ ਹੈ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਲਟੋਹੇ ਕਸਬੇ ਦੇ ਕੋਲ ਦੇ ਦਾਸੂਵਾਲ ਪਿੰਡ ਦੀ ਧਰਤੀ ਵੀ ਮਾਣ ਕਰ ਸਕਦੀ ਹੈ ਕਿ ਓਥੇ ਇਕ ਅਜਿਹੀ ਬਲਵਾਨ ਆਤਮਾ ਦਾ ਜਨਮ ਹੋਇਆ, ਜਿਸ ਨੇ ਸਿੱਖੀ ਲਈ ਜੀਣਾ ਤੇ ਸਿੱਖੀ ਲਈ ਮਰਨਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ।
ਕੁਲ ੩੭ ਵਰ੍ਹਿਆਂ ਦੀ ਜੀਵਨ ਯਾਤਰਾ ਵਿੱਚ ਹੀ ਉਸ ਮਹਾਨ ਯੋਧੇ ਨੇ ਉਹ ਕਾਰਜ ਕੀਤੇ ਕਿ ਸਿੱਖ ਇਤਿਹਾਸ ਵਿਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਇਹੋ ਜਿਹੇ ਗੁਰਸਿੱਖਾਂ ਦੀਆਂ ਜੀਵਨੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਰਾਹ ਰੌਸ਼ਨ ਕਰਦੀਆਂ ਰਹਿਣਗੀਆਂ ਤੇ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ। ਐਂਵੇ ਹੀ ਤਾਂ , 'ਇੰਡੀਆ ਟੂਡੇ' ਵਰਗੇ ਮੈਗਜ਼ੀਨਾਂ ਨੇ ਨਹੀ ਲਿਖਿਆ ਕਿ ਬਾਈ ਸੁਖਦੇਵ ਸਿੰਘ ਬੱਬਰ ੧੯੭੮ ਤੋਂ ਸਭ ਤੋਂ ਪ੍ਰਮੁਖ ਜੁਝਾਰੂ ਸੀ।
ਬਚਪਨ
ਸਤਿਕਾਰਯੋਗ ਮਾਤਾ ਹਰਨਾਮ ਕੌਰ ਤੇ ਸਤਿਕਾਰਯੋਗ ਪਿਤਾ ਸ. ਜਿੰਦ ਸਿੰਘ ਦੇ ਗ੍ਰਹਿ ੯ ਅਗਸਤ ੧੯੫੫ ਨੂੰ ਪੈਦਾ ਹੋਏ ਪੁੱਤਰ ਦਾ ਨਾਂ ਜਦ ਸੁਖਦੇਵ ਸਿੰਘ ਰੱਖਿਆ ਗਿਆ ਸੀ ਤਾਂ ਓਦੋਂ ਕੀਹਨੂੰ ਖ਼ਿਆਲ ਸੀ ਕਿ ਘਰਦਿਆਂ ਦਾ ਲਾਡਲਾ 'ਸੁੱਖਾ' ਇੱਕ ਇਤਿਹਾਸਕ ਵਿਅਕਤੀ ਹੋ ਨਿੱਬੜੇਗਾ? ਉਹਨਾਂ ਦਾ ਪਿੰਡ ਦਾਸੂਵਾਲ ਪੱਟੀ ਤੋਂ ਖੇਮਕਰਨ ਵਾਲੀ ਸੜਕ ਦੇ ਉਂਤੇ ਸਥਿਤ ਹੈ। ਤਿੰਨ ਭਰਾਵਾਂ ਸ. ਅੰਗਰੇਜ਼ ਸਿੰਘ, ਸ. ਰਸਾਲ ਸਿੰਘ, ਸ. ਮਹਿਲ ਸਿੰਘ ਤੇ ਤਿੰਨ ਭੈਣਾਂ ਬੀਬੀ ਗੁਰਚਰਨ ਕੌਰ, ਬੀਬੀ ਜੀਤ ਕੌਰ ਤੇ ਬੀਬੀ ਸਵਰਨ ਕੌਰ ਦੇ ਇਸ ਪਰਿਵਾਰ ਵਿਚ ਖੇਡਦਿਆਂ-ਮੱਲਦਿਆਂ ਸੁਖਦੇਵ ਸਿੰਘ ਸਕੂਲੇ ਪੜ੍ਹਨ ਲਾਇਆ ਗਿਆ। ਖੇਤੀਬਾੜੀ ਵਾਲੇ ਪਰਿਵਾਰਾਂ ਦੇ ਮੁੰਡੇ ਆਮ ਕਰਕੇ ਓਹਨੀਂ ਦਿਨੀਂ ਪੜ੍ਹਨ-ਲਿਖਣ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਸੁਖਦੇਵ ਸਿੰਘ ੮ ਜਮਾਤਾਂ ਪਾਸ ਕਰ ਗਿਆ। ਉਹਨਾਂ ਦਿਨਾਂ ਦੇ ਹਿਸਾਬ ਨਾਲ ਇਹ ਵੀ ਬੜੀ ਵੱਡੀ ਗੱਲ ਸੀ।
ਬਚਪਨ ਤੋਂ ਹੀ ਉਹਨਾਂ ਦੀਆਂ ਆਦਤਾਂ ਅਵੱਲੀਆਂ ਸਨ। ਕਦੇ ਕਬੱਡੀ ਖੇਡਣ ਲੱਗ ਜਾਣਾ ਤੇ ਸਰੀਰ ਕਮਾਉਣ ਦੀ ਜਿੱਦ ਫੜ ਲੈਣੀ, ਅਖੈ ਮੈਂ ਭਲਵਾਨ ਬਣੂੰਗਾ। ਮਾਪਿਆਂ ਤੇ ਭੈਣਾਂ-ਭਰਾਵਾਂ ਨੇ ਉਹਦੀਆਂ ਇਹਨਾਂ ਗੱਲਾਂ ਦਾ ਸਵਾਦ ਲੈਣਾ। ਘਰ ਖਾਣ-ਪੀਣ ਨੂੰ ਖੁੱਲ੍ਹਾ ਸੀ, ਦਿਨਾਂ ਵਿਚ 'ਸੁੱਖਾ' ਗੱਭਰੂ ਹੋ ਗਿਆ। ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਕੇ ਉਸ ਨੇ ਨਿਸ਼ਾਨਾ ਪਕਾ ਲਿਆ।
ਪਰਿਵਾਰ ਵਿੱਚੋਂ ਗੁਰਸਿੱਖੀ ਦਾ ਰੰਗ ਚੜ੍ਹ ਗਿਆ। ਕਈ ਵਾਰ ਉਹ ਇਹੋ ਜਿਹੀਆਂ ਗੱਲਾਂ ਪੁੱਛਦੇ ਕਿ ਚੰਗੇ ਸੁਲਝੇ ਹੋਏ ਵੀ ਦੰਗ ਰਹਿ ਜਾਂਦੇ। ਵੱਡਾ ਭਾਈ ਅੰਗਰੇਜ਼ ਸਿੰਘ ਨੇਤਰਹੀਣ ਸੀ, ਜਿਸ ਨਾਲ਼ ਉਸ ਦੀ ਜ਼ਿਆਦਾ ਦਿਲ ਦੀ ਸਾਂਝ ਸੀ। ਦੂਜਾ ਭਰਾ ਸ. ਮਹਿਲ ਸਿੰਘ ਏਅਰ ਫੋਰਸ ਵਿਚ ਸੀ। ਉਸ ਨੇ ਜਦ ਵੀ ਆਉਣਾ ਤਾਂ ਸੁਖਦੇਵ ਸਿੰਘ ਨੇ ਉਸ ਦੇ ਕੋਲੋਂ ਫ਼ੌਜੀਆਂ ਦੀਆਂ ਗੱਲਾਂ ਪੁੱਛੀ ਜਾਣੀਆਂ। ਹਰ ਇਕ ਨੇ ਕਹਿਣਾ- 'ਸੁੱਖਾ ਸਿੰਹਾਂ! ਤੂੰ ਤਾਂ ਖੜਕੇ-ਦੜਕੇ ਵਾਲੀਆਂ ਗੱਲਾਂ ਕਰਦਾ ਹੈ...।'
ਅਖੰਡ ਕੀਰਤਨੀ ਜਥਾ
੨੦ ਸਾਲ ਦੇ ਜਵਾਨ ਉਮਰ ਦੇ ਭਾਈ ਸੁਖਦੇਵ ਸਿੰਘ ਦੇ ਮਨ ਵਿਚ ਸਿੱਖੀ ਦਾ ਪਿਆਰ ਠਾਠਾਂ ਮਾਰਦਾ ਸੀ। ਉਹਨਾਂ ਨੂੰ ਗੁਰਮਤਿ ਦੇ ਸਿਧਾਂਤਾਂ 'ਤੇ ਪਹਿਰਾ ਦੇਣਾ ਤੇ ਸਿੱਖੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਬਹੁਤ ਚੰਗਾ ਲੱਗਦਾ ਸੀ। ਉਹਨਾਂ ਦੀ ਸੰਗਤ ਵੀ ਇਹੋ ਜਿਹੇ ਪੰਥਕ ਦਰਦ ਨਾਲ਼ ਭਰੇ ਗੁਰਸਿੱਖਾਂ ਨਾਲ ਹੋ ਗਈ।
੧੯੭੬ ਵਿਚ ਸੁਖਦੇਵ ਸਿੰਘ ਦਾ ਮੇਲ ਭਾਈ ਫ਼ੌਜਾ ਸਿੰਘ ਨਾਲ ਹੋਇਆ, ਜੋ ਨਾਮ-ਬਾਣੀ ਤੇ ਬੰਦਗੀ ਵਾਲੇ ਸੂਰਬੀਰ ਸਨ ਤੇ ਧਰਮ ਦੇ ਵੈਰੀਆਂ ਖ਼ਿਲਾਫ਼ ਜੂਝਣ ਦਾ ਚਾਓ ਰੱਖਦੇ ਸਨ। ਭਾਈ ਫ਼ੌਜਾ ਸਿੰਘ ਦੇ ਜੀਵਨ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਭਾਈ ਫ਼ੌਜਾ ਸਿੰਘ ਨੇ ਪੰਥ ਦੋਖੀਆਂ ਨੂੰ ਸੋਧਣ ਲਈ ੧੯੭੩ ਤੋਂ ਹੀ 'ਦੁਸ਼ਟ ਮਾਰੂ ਖ਼ਾਲਸਾ ਦਲ' ਬਣਾ ਕੇ ਸਰਗਰਮੀਆਂ ਅਰੰਭੀਆਂ ਹੋਈਆਂ ਸਨ। ਇਸ ਜਥੇਬੰਦੀ ਨੇ ਕਈ ਥਾਂਈਂ ਸਿੱਖੀ ਦੇ ਵੈਰੀਆਂ ਨਾਲ ਟੱਕਰ ਲਈ, ਜਿਸ ਕਰਕੇ ਭਾਈ ਸਾਹਿਬ ਗ੍ਰਿਫ਼ਤਾਰ ਵੀ ਹੋਏ ਤੇ ਜੇਲ੍ਹ ਵੀ ਗਏ, ਪਰ ਉਹਨਾਂ ਨੇ ਗੁਰੁ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਨੂੰ ਕਦੇ ਬਖ਼ਸ਼ਿਆ ਨਹੀਂ ਸੀ। ਖ਼ਾਸ ਕਰਕੇ ਨਰਕਧਾਰੀਆਂ ਨਾਲ ਅਕਸਰ ਹੀ ਟੱਕਰ ਲੱਗ ਜਾਂਦੀ ਸੀ।
੧੯੭੭ ਵਿਚ ਭਾਈ ਫ਼ੌਜਾ ਸਿੰਘ ਨੇ ਆਪਣੇ ਪਿੰਡ ਮੰਮੀਆਂ ਰੰਗਾ ਚੱਕ/ਗਜਨੀਪੁਰ ਵਿਖੇ ਰਾਵੀ ਦਰਿਆ ਕਿਨਾਰੇ ਖ਼ਾਲਸਾ ਫ਼ਾਰਮ ਬਣਾ ਕੇ ਨਾਮ-ਸਿਮਰਨ, ਕੀਰਤਨ ਤੇ ਗਤਕੇ ਦੀ ਸਿਖਲਾਈ ਲਈ ਕੈਂਪ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਿੱਥੇ ਸਿੰਘ-ਸਿੰਘਣੀਆਂ ਨੂੰ ਹਰ ਤਰੀਕੇ ਨਾਲ਼ ਧਰਮ ਵਿਚ ਪ੍ਰਪੱਕ ਕੀਤਾ ਜਾਂਦਾ ਸੀ। ਕੈਂਪ ਵਿਚ ਹੋਈ ਰੈਣ ਸਬਾਈ ਕੀਰਤਨ ਦੌਰਾਨ ਅੰਮ੍ਰਿਤ ਸੰਚਾਰ ਸਮਾਗਮ ਵਿਚ ਭਾਈ ਸੁਖਦੇਵ ਸਿੰਘ ਨੇ ਖੰਡੇ-ਬਾਟੇ ਦੀ ਪਾਹੁਲ ਲਈ। ਕੈਂਪ ਦੌਰਾਨ ਭਾਈ ਸੁਖਦੇਵ ਸਿੰਘ ਨੇ ਬੜੀ ਸਰਗਰਮੀ ਨਾਲ਼ ਹਾਜ਼ਰੀ ਭਰੀ। ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਹੀ ਉਹਨਾਂ ਦਾ ਮੇਲ ਭਾਈ ਅਨੋਖ ਸਿੰਘ ਸੂਬਾ ਵੜਿੰਗ ਤੇ ਭਾਈ ਸੁਲੱਖਣ ਸਿੰਘ ਵੈਰੋਵਾਲ਼ ਜ਼ਿਲ੍ਹਾ ਅੰਮ੍ਰਿਤਸਰ ਵਰਗੇ ਗੁਰਸਿੱਖਾਂ ਨਾਲ ਹੋਇਆ। ਭਾਈ ਸੁਰਿੰਦਰ ਸਿੰਘ ਨਾਗੋਕੇ ਦੇ ਭਤੀਜੇ ਭਾਈ ਬਲਵਿੰਦਰ ਸਿੰਘ ਨਾਗੋਕੇ ਨਾਲ ਤਾਂ ਆਪ ਦਾ ਨਿੱਜੀ ਪ੍ਰੇਮ ਪੈ ਗਿਆ। ਇਸ ਮੇਲ-ਮਿਲਾਪ ਵਿੱਚੋਂ ਉਹਨਾਂ ਦੀ ਜੁਝਾਰੂ ਬਿਰਤੀ ਹੋਰ ਵੀ ਨਿੱਖਰ ਆਈ। ਭਾਈ ਸੁਖਦੇਵ ਸਿੰਘ ਨੂੰ ਅਖੰਡ ਕੀਰਤਨੀ ਜਥੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਲਿਖੀਆਂ ਕਿਤਾਬਾਂ ਖ਼ਾਸ ਕਰਕੇ 'ਜੇਲ੍ਹ-ਚਿੱਠੀਆਂ' ਪੜ੍ਹਨ ਦਾ ਬੜਾ ਸ਼ੌਕ ਸੀ। 'ਪੀਪਲਜ਼ ਫਾਈਟ ਅਗੇਂਸਟ ਦਾ ਬ੍ਰਿਟਿਸ਼' ਵੀ ਉਹ ਬੜੇ ਗਹੁ ਨਾਲ ਪੜ੍ਹਦੇ ਸੀ।
ਸਿੱਖੀ ਦੇ ਵੈਰੀ ਨਕਲ਼ੀ ਨਿਰੰਕਾਰੀ
ਦਸਮੇਸ਼ ਪਿਤਾ ਖ਼ਾਲਸਾ ਪੰਥ ਨੂੰ ਹੁਕਮ ਕਰ ਗਏ ਹਨ ਕਿ ਅੱਗੇ ਤੋਂ ਗੁਰੂ ਗਰੰਥ ਸਾਹਿਬ ਹੀ ਗੁਰੂ ਹੋਣਗੇ। ਖ਼ਾਲਸਾ ਪੰਥ, 'ਗੁਰੂ ਮਾਨਿਓ ਗਰੰਥ' ਦੇ ਸਿਧਾਂਤ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਆਪਣਾ ਫ਼ਰਜ਼ ਸਮਝਦਾ ਹੈ। ਸ਼ਬਦ-ਗੁਰੂ ਦੇ ਸ਼ਰੀਕ, ਬ੍ਰਾਹਮਣਵਾਦੀ, ਪੰਥ-ਦੋਖੀਆਂ ਦੀ ਸਦਾ ਹੀ ਰੀਝ ਰਹੀ ਹੈ ਕਿ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਨਾਲ਼ੋਂ ਤੋੜ ਕੇ ਬੰਦਿਆਂ ਦੇ ਚੇਲੇ ਬਣਾਇਆ ਜਾਵੇ। ਇਸੇ ਕਰਕੇ ਹਰ ਹਕੂਮਤ ਨੇ ਦੇਹਧਾਰੀ ਗੁਰੂ-ਡੰਮ ਨੂੰ ਡੱਟ ਕੇ ਹਮਾਇਤ ਦਿੱਤੀ ਹੈ। ੧੯੪੭ ਤੋਂ ਬਾਅਦ ਦਿੱਲੀ ਦਰਬਾਰ ਨੇ ਪੰਥ-ਵਿਰੋਧੀ ਸ਼ਕਤੀਆਂ ਨੂੰ ਹਿੱਕ ਠੋਕ ਕੇ ਸ਼ਹਿ ਦੇਣ ਦੀ ਨੀਤੀ ਧਾਰਨ ਕੀਤੀ ਹੋਈ ਸੀ। ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਸਿੱਖੀ ਖ਼ਿਲਾਫ਼ ਐਹੋ ਜਿਹੇ ਡੇਰਿਆਂ ਵਿਚ ਆਪਣੇ ਏਜੰਟ ਬਿਠਾ ਕੇ ਪੰਥ ਵਿਰੋਧੀ ਸਰਗਰਮੀਆਂ ਕਰਦੀਆਂ ਹੀ ਰਹਿੰਦੀਆਂ ਹਨ। ਇਸ ਕੰਮ ਲਈ ਏਜੰਸੀਆਂ ਨੂੰ ਖੁੱਲ੍ਹੇ ਦਿਲ ਨਾਲ ਪੈਸਾ ਦਿੱਤਾ ਜਾਂਦਾ ਹੈ। ਪੰਜਾਬ ਵਿਚ ਕੋਈ ਵੀ ਸਰਕਾਰ ਹੋਵੇ, ਉਹਨੇ ਇਹਨਾਂ ਸਰਕਾਰੀ ਚਾਲਾਂ ਅਨੁਸਾਰ ਦੇਹਧਾਰੀ ਗੁਰੂ-ਡੰਮੀਆਂ ਦਾ ਸਾਥ ਦੇਣਾ ਹੁੰਦਾ ਹੈ ਤੇ ਏਜੰਸੀਆਂ ਦੇ ਇਹਨਾਂ ਏਜੰਟਾਂ ਦਾ ਵਿਰੋਧ ਕਰਨ ਵਾਲੇ ਗੁਰਸਿੱਖਾਂ ਖ਼ਿਲਾਫ਼ ਕਾਰਵਾਈ ਕਰਨੀ ਹੁੰਦੀ ਹੈ।
ਸਿਰਸੇ, ਬਿਆਸ, ਭਨਿਆਰੇ, ਭੈਣੀ, ਨੂਰਮਹਿਲ ਆਦਿਕ ਅਨੇਕਾਂ ਥਾਂਵਾਂ 'ਤੇ ਏਜੰਸੀਆਂ ਦੇ ਇਹ ਏਜੰਟ ਅੱਡੇ ਬਣਾਈ ਬੈਠੇ ਹਨ। ਜਿਨ੍ਹਾਂ ਨੂੰ ਦਿੱਤੇ ਹੋਏ ਟਾਈਮ 'ਤੇ ਆਪਣੀ ਸਿੱਖੀ ਵਿਰੋਧੀ ਕੋਈ ਇਹੋ ਜਿਹੀ ਕਾਰਵਾਈ ਕਰਕੇ ਵਿਖਾਉਣੀ ਪੈਂਦੀ ਹੈ, ਜਿਸ ਨਾਲ ਸਿੱਖ ਨੌਜਵਾਨ ਭੜਕਣ ਤੇ ਸਰਕਾਰ ਉਹਨਾਂ ਗੁਰਸਿੱਖਾਂ ਉਂਤੇ ਜਬਰ ਕਰ ਸਕੇ। ਵਾਰ-ਵਾਰ, ਵੱਖ-ਵੱਖ ਡੇਰਿਆਂ ਨਾਲ਼ ਟੱਕਰ ਲਵਾ ਕੇ ਸਿੱਖਾਂ ਨੂੰ ਇਹ ਮੱਤ ਦਿੱਤੀ ਜਾ ਰਹੀ ਹੈ ਕਿ ਸਿੱਖੀ ਲਈ ਲੜਨ-ਮਰਨ ਦਾ ਕੋਈ ਲਾਭ ਨਹੀਂ ਕਿਉਂਕਿ ਸਰਕਾਰ ਨੇ ਕੋਈ ਵਾਹ ਨਹੀਂ ਚੱਲਣ ਦੇਣੀ। ਜਿਹੜਾ ਕੋਈ ਡੇਰੇਦਾਰ, ਜਿੰਨੇ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਨਾਲੋਂ ਤੋੜ ਕੇ ਆਪਣੀ ਝੋਲ਼ੀ ਵਿਚ ਪਾ ਲੈਂਦਾ ਹੈ, ਉਹ ਟੁੱਟਦੇ ਤਾਂ ਸਿੱਖਾਂ ਵਿੱਚੋਂ ਹੀ ਹਨ। ਇੰਞ ਸਿੱਖੀ ਦੇ ਖ਼ਰਬੂਜ਼ੇ ਦੀਆਂ ਫਾੜੀਆਂ ਕਰਕੇ ਸਿੱਖੀ ਨੂੰ ਕਮਜ਼ੋਰ ਕੀਤਾ ਜਾ ਇਹਾ ਹੈ। ਜਿਹੜੇ ਡੇਰੇਦਾਰਾਂ ਦੇ ਗੇੜ ਵਿੱਚ ਫਸ ਜਾਂਦੇ ਹਨ, ਉਹ ਸਿੱਖੀ ਤੋਂ ਟੁੱਟ ਜਾਂਦੇ ਹਨ, ਜਿਹੜੇ ਇਸ ਪਖੰਡ ਦਾ ਵਿਰੋਧ ਕਰਦੇ ਹਨ, ਉਹ ਜੇਲ੍ਹਾਂ ਜਾਂ ਸ਼ਹੀਦੀਆਂ ਦੇ ਰਾਹ ਪੈ ਜਾਂਦੇ ਹਨ। ਹਕੂਮਤ ਦੇ ਦੋਹੀਂ ਹੱਥੀਂ ਲੱਡੂ ਹਨ। ਜੇ ਸਿੱਖੀ ਖ਼ਿਲਾਫ਼ ਬਕਵਾਸ ਕਰਨ ਵਾਲੇ ਇਹਨਾਂ ਡੇਰਿਆਂ ਦੇ ਚੇਲੇ ਮਾਰੇ ਜਾਣ ਤਾਂ ਵੀ ਸਿੱਖ ਪਰਿਵਾਰਾਂ ਦੇ ਹੀ ਬੰਦੇ ਮਰੇ ਤੇ ਜੇ ਮਾਰਨ ਵਾਲੇ ਫੜੇ ਜਾਣ ਤਾਂ ਵੀ ਸਿੱਖ ਹੀ ਫਾਂਸੀਆਂ 'ਤੇ ਚੜ੍ਹਨਗੇ। ਇੰਞ ਹਕੂਮਤ ਨੇ ਸਿੱਖੀ ਨੂੰ ਮਾਰਨ ਲਈ ਬੜਾ ਕਸੂਤਾ ਜਾਲ਼ ਬੁਣਿਆ ਹੋਇਆ ਹੈ। ਖ਼ਾਲਿਸਤਾਨ ਹੀ ਇਸ ਜਾਲ਼ ਤੋਂ ਸਾਨੂੰ ਬਚਾ ਸਕਦਾ ਹੈ।
੧੯੪੭ ਤੋਂ ਹੁਣ ਤਕ ਦਾ ਤਜਰਬਾ ਸਾਡੇ ਸਾਹਮਣੇ ਹੈ ਕਿ ਅਸੀਂ ਕੀ ਤੋਂ ਕੀ ਬਣਗੇ? ਅੱਜ ਕਹਿਣ ਨੂੰ ਸਿੱਖਾਂ ਦੀ ਗਿਣਤੀ ੨ ਕਰੋੜ ਤੋਂ ਉੇਂਪਰ ਹੈ, ਪਰ ਗੁਰਮਤਿ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਕਿੰਨੇ ਕੁ ਹਨ? ੭੫% ਤੋਂ ਉਂਤੇ ਸਾਡੀ ਕੌਮ ਡੇਰੇਦਾਰਾਂ, ਦੇਹਧਾਰੀਆਂ ਗੁਰੂਆਂ, ਆਰ.ਐਸ.ਐਸ. ਤੇ ਏਜੰਸੀਆਂ ਦੇ ਫ਼ੈਲਾਏ ਹੋਰ ਮੱਕੜ-ਜਾਲ਼ਾਂ ਵਿੱਚ ਫਸ ਕੇ ਸ਼ਬਦ-ਗੁਰੂ ਤੇ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਹੋ ਚੁੱਕੀ ਹੈ। ਜਿੰਨਾ ਵੱਧ ਸਮਾਂ ਅਸੀਂ ਇਸ ਮੁਲਕ ਵਿਚ ਗ਼ੁਲਾਮ ਰਹਾਂਗੇ, ਓਨਾ ਹੀ ਸਾਡਾ ਸਿੱਖੀ ਦਾ ਨੁਕਸਾਨ ਹੋਵੇਗਾ। ਅੱਜ ਸਾਡੇ ਨੌਜਵਾਨਾਂ ਨੂੰ ਕੋਈ ਧੱਕੇ ਨਾਲ਼ ਪਤਿਤ ਜਾਂ ਨਸ਼ਈ ਨਹੀਂ ਕਰਦਾ, ਕੋਈ ਧੱਕੇ ਨਾਲ ਸਿੱਖੀ ਤੋਂ ਦੂਰ ਨਹੀਂ ਕਰਦਾ। ਬੱਸ ਮਾਹੌਲ ਹੀ ਐਹੋ ਜਿਹਾ ਬਣਾ ਦਿੱਤਾ ਗਿਆ ਹੈ ਕਿ ਸਿੱਖਾਂ ਦੇ ਬੱਚੇ-ਬੱਚੀਆਂ ਸਿੱਖੀ ਤੋਂ ਬਾਗੀ ਹੋ ਜਾਣ। ਸਿੱਖੀ ਖ਼ਿਲਾਫ਼ ਸਰਗਰਮ ਹਰ ਵਿਅਕਤੀ, ਸੰਸਥਾ ਤੇ ਵਿਚਾਰਧਾਰਾ ਨੂੰ ਹਕੂਮਤੀ ਏਜੰਸੀਆਂ ਦੀ ਮਦਦ ਹਾਸਲ ਹੈ। ਨਕਲ਼ੀ ਨਿਰੰਕਾਰੀ ਵੀ ਹਕੂਮਤ ਦੀ ਸ਼ਹਿ 'ਤੇ ਚੱਲਣ ਵਾਲਾ ਇੱਕ ਇਹੋ ਜਿਹਾ ਹੀ ਪਰਪੰਚ ਹੈ, ਜਿਸ ਦਾ ਮੁੱਖ ਮਕਸਦ ਸਿੱਖਾਂ ਨੂੰ ਗੁੰਮਰਾਹ ਕਰ ਕੇ, ਦੇਹਧਾਰੀ ਗੁਰੂ-ਡੰਮ ਦੇ ਗਧੀ-ਗੇੜ ਵਿਚ ਉਲਝਾਉਣਾ ਹੈ।
ਜਦੋਂ ਗੁਰਬਚਨ ਸਿੰਘ ਨਾਂ ਦਾ ਗਲੀਜ਼-ਕੀੜਾ ਇਸ ਨਰਕਧਾਰੀ ਪਰਪੰਚ ਦਾ ਮੁਖੀ ਬਣਿਆ, ਤਾਂ ਉਸ ਨੇ ਪਹਿਲੇ ਮੁਖੀਆਂ ਨਾਲੋਂ ਨੰਗਾ-ਚਿੱਟਾ ਹੋ ਕੇ ਸਿੱਖੀ ਖ਼ਿਲਾਫ਼ ਭੰਡੀ-ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ ਦਰਬਾਰ ਦੀ ਖੁੱਲ੍ਹਮ-ਖੁੱਲ੍ਹੀ ਸ਼ਹਿ ਉਂਤੇ ਗੁਰਬਚਨੇ ਨੇ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾਉਣੀ ਸ਼ੁਰੂ ਕਰ ਦਿੱਤੀ। ਕਦੇ ਉਹ ਦਸਮੇਸ਼ ਪਿਤਾ ਦੀ ਬਰਾਬਰੀ ਕਰਦਾ ਹੋਇਆ, ਪੰਜ ਪਿਆਰੇ ਸਾਜਣ ਦਾ ਮਜ਼ਾਕ ਉਡਾਉਣ ਲਈ 'ਸੱਤ ਸਿਤਾਰੇ' ਸਾਜਣ ਦਾ ਪਖੰਡ ਕਰਦਾ। ਕਦੇ ਆਪਣੀ ਲਿਖਵਾਏ ਗਰੰਥ 'ਅਵਤਾਰ ਬਾਣੀ' ਨੂੰ ਗੁਰਬਾਣੀ ਦੇ ਤੁਲ ਦੱਸਦਾ। ਕਦੇ ਗੁਰਬਾਣੀ ਦੀ ਮਨਮਤੀ ਵਿਆਖਿਆ ਕਰਦਾ। ਸਿੱਖ ਸਿਧਾਂਤਾਂ, ਸਿੱਖ ਮਰਿਆਦਾ ਤੇ ਪਰੰਪਰਾਵਾਂ ਬਾਰੇ ਹਲਕੀਆਂ ਤੇ ਦਿਲ ਦੁਖਾਉਣ ਵਾਲ਼ੀਆਂ ਟਿੱਪਣੀਆਂ ਕਰਨਾ ਉਸ ਦਾ ਸ਼ੁਗਲ ਸੀ। ਗੁਰਬਾਣੀ ਨੂੰ ਤੋੜ-ਮਰੋੜ ਕੇ ਬੇਅਦਬੀ ਕਰਨੀ, ਉਹਦਾ ਨਿੱਤ ਦਾ ਕੰਮ ਸੀ। ਉਹ ਗੁਰਬਾਣੀ ਦੀ ਤੁਕਾਂ ਆਪਣੇ 'ਤੇ ਢੁਕਾਉਂਦਾ ਸੀ। ਜੇ ਗੁਰਬਾਣੀ ਵਿਚ ਦਰਜ ਹੈ- 'ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ' ਤਾਂ ਗੁਰਬਚਨੇ ਨੇ ਖ਼ੁਦ ਨੂੰ ੧੧ ਲੱਖ ਦੇ ਨੋਟਾਂ ਨਾਲ ਤੋਲਣ ਦਾ ਪਖੰਡ ਕੀਤਾ ਤੇ ਕੰਡੇ ਉਂਤੇ ਗੁਰਬਾਣੀ ਨੂੰ ਵਿਗਾੜ ਕੇ ਲਿਖਵਾਇਆ- 'ਆਪੇ ਕੰਡਾ ਤੋਲ ਤਰਾਜੂ ਆਪੇ ਤੋਲਣਹਾਰਾ'।
ਆਪਣੇ ਚੇਲਿਆਂ ਤੇ ਚੇਲੀਆਂ ਨੂੰ ਗੁਰੂ ਪਰਿਵਾਰ ਦੇ ਤੇ ਭਾਈ ਗੁਰਦਾਸ ਆਦਿਕ ਸਤਿਕਾਰਤ ਗੁਰਸਿੱਖਾਂ ਦੇ ਨਾਂ ਦੇਣ ਦੇ ਨਾਲ਼-ਨਾਲ਼ ਉਹ ਗੁਰਧਾਮਾਂ, ਗੁਰਬਾਣੀ ਤੇ ਸਿੱਖ ਵਿਚਾਰਧਾਰਾ ਦਾ ਐਨੇ ਭੱਦੇ ਤਰੀਕੇ ਨਾਲ਼ ਮਜ਼ਾਕ ਉਡਾਉਂਦਾ ਕਿ ਹੁਣ ਵੀ ਉਸ ਦੀਆਂ ਲਿਖਤਾਂ ਪੜ੍ਹ ਕੇ ਖ਼ੂਨ ਖੌਲ਼ਦਾ ਹੈ। ਅਸੀਂ ਉਸ ਦੀਆਂ ਸਿੱਖੀ ਵਿਰੋਧੀ ਲਿਖਤਾਂ ਛਾਪ ਕੇ ਪਾਪਾਂ ਦੇ ਭਾਗੀ ਨਹੀਂ ਬਣਨਾ ਚਾਹੁੰਦੇ, ਪਰ ਜਿਹੜੇ ਸਮਝਦੇ ਹਨ ਕਿ ਨਰਕਧਾਰੀਆਂ ਨੇ ਸ਼ਾਇਦ ਕੋਈ ਐਡੀ ਗੱਲ ਨਹੀਂ ਸੀ ਕੀਤੀ, ਉਹਨਾਂ ਨੂੰ ਦਿਖਾ ਵੀ ਸਕਦੇ ਹਾਂ। ਇਹ ਸਮਝੋ ਕਿ ਜੋ ਕੁਝ ਅੱਜ-ਕੱਲ੍ਹ ਸਿਰਸੇ ਵਾਲਾ ਸਿੱਖੀ ਤੇ ਸਿੱਖਾਂ ਖ਼ਿਲਾਫ਼ ਕਰਦਾ ਹੈ, ਓਹੀ ਕੁਝ ਗੁਰਬਚਨਾ ਕਰਦਾ ਸੀ। ਜਿਵੇਂ ਸਿਰਸੇ ਵਾਲੇ ਨੇ ਦਸਮੇਸ਼ ਪਿਤਾ ਦਾ ਸ੍ਵਾਂਗ ਬਣਾਇਆ ਇਵੇਂ ਹੀ ਗੁਰਬਚਨਾ ਕਰਦਾ ਸੀ। ਇਵੇਂ ਹੀ ਗੁਰਬਾਣੀ ਦੀ ਬੇਅਦਬੀ ਕਰਦਾ ਸੀ। ਇਹਦੇ ਵਾਂਗੂ ਹੀ ਬਾਦਲਕੇ ਉਹਦੀ ਪਿੱਠ 'ਤੇ ਸਨ। ਇਸ ਨੂੰ ਦਿੱਲੀ ਦਾ ਥਾਪੜਾ ਸੀ, ਉਹਨੂੰ ਵੀ ਸੀ। ਇਹਦਾ ਵਿਰੋਧ ਕਰਨ ਵਾਲੇ ਭਾਈ ਦਲਜੀਤ ਸਿੰਘ ਤੇ ਹੋਰਨਾਂ ਸਿੰਘਾਂ ਨੂੰ ਬਾਦਲ ਜਿਵੇਂ ਜੇਲ੍ਹਾਂ ਵਿਚ ਬੰਦ ਕਰਦਾ ਹੈ, ਓਦੋਂ ਵੀ ਇਹੀ ਕੁਝ ਕਰਦਾ ਸੀ। ਇਹਦੇ ਵਾਂਗ ਸਿੰਘਾਂ ਨੇ ਉਹਦੇ ਉਂਤੇ ਕਈ ਹਮਲੇ ਕੀਤੇ ਸਨ। ਖੈਰ!
ਕਹਿੰਦੇ ਕਹਾਉਂਦੇ ਅਫ਼ਸਰ ਗੁਰਬਚਨੇ ਨਰਕਧਾਰੀ ਦੇ ਸਮਰਥਕ/ਚੇਲੇ ਸਨ। ਪੰਜਾਬ ਵਿਚ ਤਾਂ ਹਰ ਕੋਈ ਸਮਝਣ ਲੱਗ ਪਿਆ ਕਿ ਜੇ ਸਰਕਾਰੀ ਨੌਕਰੀ ਲੈਣੀ ਹੈ ਤੇ ਤਰੱਕੀ ਕਰਨੀ ਹੈ ਤਾਂ ਨਿਰੰਕਾਰੀ ਬਣ ਜਾਓ, ਕਿਉਂਕਿ ਪੰਜਾਬ ਦੇ ਮੁੱਖ ਸਕੱਤਰ ਹਰਦੇਵ ਸਿੰਘ ਛੀਨਾ ਦੇ ਅਸਰ ਹੇਠ ਮਲਕੀਤ ਸਿੰਘ ਕੈਲ਼ੇ, ਅਮਰੀਕ ਸਿੰਘ ਤੇ ਨਿਰੰਜਨ ਸਿੰਘ ਵਰਗੇ ਅਨੇਕਾਂ ਅਫ਼ਸਰ ਨਿਰੰਕਾਰੀ ਬਣ ਗਏ ਸਨ।
੧੯੭੨ ਵਿਚ ਇਕ ਨਰਕਧਾਰੀਆ ਪੱਟੀ ਸ਼ਹਿਰ ਵਿਚ ਕਲਗ਼ੀਆਂ ਵਾਲੇ ਪਾਤਸ਼ਾਹ ਵਰਗਾ ਬਾਣਾ ਪਾ ਕੇ, ਪਾਲਕੀ ਵਿਚ ਬਹਿ ਗਿਆ, ਉਂਤੇ ਛਤਰ-ਚੌਰ ਕਰਵਾ ਲਏ ਤੇ ਘੋਨ-ਮੋਨੇ ਪੰਜ ਮੁੰਡਿਆਂ ਨੂੰ 'ਪੰਜ ਪਿਆਰੇ' ਕਹਿਣ ਲੱਗਾ। ਓਦੋਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਉਸ ਦੀ ਐਸੀ ਖੁੰਬ ਠੱਪੀ ਕਿ ਗੁਰਬਚਨੇ ਨੂੰ ਜਦ ਪਤਾ ਲੱਗਾ ਕਿ ਅੱਗਿਓਂ ਜੁੱਤੀਆਂ ਪੈਣ ਦਾ ਖ਼ਤਰਾ ਹੈ, ਉਹ ਰਾਹ ਵਿੱਚੋਂ ਹੀ ਪਰਤ ਗਿਆ। ਇਸ ਤੋਂ ਅੱਗੇ-ਪਿੱਛੇ ਬੜੀ ਵਾਰ ਪੰਜਾਬ ਵਿਚ ਸਿੱਖਾਂ ਨੇ ਨਰਕਧਾਰੀਆਂ ਦੀਆਂ ਪੰਥ ਵਿਰੋਧੀ ਹਰਕਤਾਂ ਦਾ ਵਿਰੋਧ ਕੀਤਾ ਪਰ ਉਹਨਾਂ ਨੂੰ ਸਰਕਾਰ ਦੀ ਸ਼ਹਿ ਸੀ, ਉਹ ਕਿਸੇ ਨੂੰ ਕੀ ਸਮਝਦੇ ਸੀ?
ਗੁਰਦਾਸਪੁਰ ਦਾ ਡੀ.ਸੀ. ਨਿਰੰਜਨ ਸਿੰਘ ਤਾਂ ਐਡਾ ਕੱਟੜ ਨਰਕਧਾਰੀਆ ਸੀ ਕਿ ਇੱਕ ਵਾਰ ਜਦੋਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਣ ਦਾ ਪ੍ਰੋਗਰਾਮ ਉਲੀਕਿਆ ਤਾਂ ਨਿਰੰਜਨ ਸਿੰਘ ਨੇ ਸੰਤਾਂ ਨੂੰ ਸੁਨੇਹਾ ਭੇਜਿਆ, 'ਸਵੇਰੇ ੯ ਵਜੇ ਤੋਂ ਪਹਿਲਾਂ ਨਗਰ ਕੀਰਤਨ ਲੰਘਾ ਕੇ ਲੈ ਜਿਓ, ਮੈਨੂੰ ੯ ਵਜੇ ਤੋਂ ਬਾਅਦ ਸੜਕ ਵਿਹਲੀ ਚਾਹੀਦੀ ਹੈ...। '
ਅਸਲ ਵਿਚ ਉਸ ਦੇ ਮਨ ਵਿਚ ਜ਼ਹਿਰ ਸੀ ਕਿ ਭਿੰਡਰਾਂਵਾਲੇ ਜਥੇ ਨੇ ਸ੍ਰੀ ਹਰਿਗੋਬਿੰਦਪੁਰ ਵਿਚ ਗੁਰਬਚਨੇ ਦਾ ਠੋਕ ਕੇ ਵਿਰੋਧ ਕੀਤਾ ਸੀ ਤੇ ਐਨਾ ਪ੍ਰਚਾਰ ਕੀਤਾ ਸੀ ਕਿ ਹੁਣ ਗੁਰਬਚਨਾ ਤੇ ਉਸ ਦਾ ਗਿਰੋਹ ਘੁਮਾਣ, ਕਾਦੀਆਂ, ਪਠਾਨਕੋਟ ਇਲਾਕਿਆਂ ਵਿਚ ਵੜਨ ਜੋਗਾ ਨਹੀਂ ਸੀ। ਬਹਾਨਾ ਉਸ ਨੇ ਇਹ ਲਾਇਆ ਕਿ ਇਸ ਸੜਕ ਤੋਂ ਦੋ ਮੰਤਰੀਆਂ ਨੇ ਲੰਘਣਾ ਹੈ। ਨਿਰੰਜਨ ਸਿੰਘ ਦੇ ਖੋਟੇ ਸੁਭਾਅ ਤੋਂ ਜਾਣੂੰ ਸੰਤ ਕਰਤਾਰ ਸਿੰਘ ਨੇ ਜਵਾਬ ਦਿੱਤਾ- 'ਮੰਤਰੀਆਂ ਨੂੰ ਕਹਿ ਦਿਓ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਮਹਾਨ ਨਗਰ ਕੀਰਤਨ ਆ ਰਿਹਾ ਹੈ ਤੇ ਦੋਵੇਂ ਮੰਤਰੀ ਸੜਕ ਕਿਨਾਰੇ ਹੋ ਕੇ, ਦੋਵੇਂ ਹੱਥ ਜੋੜ ਕੇ, ਜੋੜੇ ਲਾਹ ਕੇ ਖੜ੍ਹੇ ਹੋ ਜਾਣ ਤੇ ਸੜਕ ਖਾਲ੍ਹੀ ਰੱਖਣ...। '
ਇਸ ਮਾਹੌਲ ਨੇ ਪੰਥ ਦਰਦੀਆਂ ਨੂੰ ਬੜਾ ਤੰਗ ਕੀਤਾ ਪਿਆ ਸੀ। ਅਗਸਤ ੧੯੭੭ ਵਿਚ ਜਦੋਂ ਸੰਤ ਕਰਤਾਰ ਸਿੰਘ ਜੀ ਦਾ ਲੁਧਿਆਣੇ ਦੇ ਬਾਹਰਵਾਰ ਹੋਏ ਐਕਸੀਡੈਂਟ ਮਗਰੋਂ ਅਕਾਲ ਚਲਾਣਾ ਹੋਇਆ, ਓਦੋਂ ਵੀ ਚਰਚਾ ਚੱਲੀ ਸੀ ਕਿ ਸ਼ਾਇਦ ਇਹ ਕੰਮ ਨਰਕਧਾਰੀਆਂ ਤੇ ਹਕੂਮਤ ਦੀ ਮਿਲ਼ੀ-ਭੁਗਤ ਨਾਲ ਹੋਇਆ ਹੈ। ਸੰਤ ਜਰਨੈਲ ਸਿੰਘ ਦੇ ਦਮਦਮੀ ਟਕਸਾਲ ਦੇ ਮੁਖੀ ਬਣਨ ਮੌਕੇ ਹਰ ਗੁਰਸਿੱਖ ਸਮਝਦਾ ਸੀ ਕਿ ਹੁਣ ਨਰਕਧਾਰੀਆਂ ਨਾਲ ਡਟ ਕੇ ਟੱਕਰ ਲੈਣੀ ਪਏਗੀ। ਪੰਜਾਬ ਵਿਚ ਅਕਾਲੀ ਸਰਕਾਰ ਬਣਨ ਅਤੇ ਕੇਂਦਰ ਵਿਚ ਕਾਂਗਰਸ ਦੇ ਹਾਰ ਜਾਣ ਕਰਕੇ ਵੀ ਕੁਝ ਕੁ ਸਿੱਖਾਂ ਨੂੰ ਵਹਿਮ ਸੀ ਕਿ ਹੁਣ ਸ਼ਾਇਦ ਨਰਕਧਾਰੀਆਂ ਨੂੰ ਠੱਲ੍ਹ ਪਏਗੀ ਪਰ....।
੧੯੭੮ ਦੀ ਵਿਸਾਖੀ
੧੩ ਅਪਰੈਲ ੧੯੭੮ ਦੀ ਵਿਸਾਖੀ ਸਿੱਖ ਇਤਿਹਾਸ ਵਿਚ ਇਕ ਬੜੀ ਅਹਿਮ ਤਰੀਕ ਬਣ ਗਈ ਹੈ। ਇਸ ਦਿਨ ਅੰਮ੍ਰਿਤਸਰ ਵਿਚ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੇ ਆਪਣੇ-ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ। ਖ਼ਾਲਸਾ ਪੰਥ ਨੂੰ ਚਿੜਾਉਣ ਲਈ ਗੁਰਬਚਨੇ ਨਰਕਧਾਰੀ ਨੇ ਇਸ ਵਾਰ ਜਾਣ-ਬੁਝ ਕੇ ਅੰਮ੍ਰਿਤਸਰ ਵਿਚ ਆਪਣਾ ਕੁਫ਼ਰ ਫ਼ੈਲਾਉਣ ਲਈ ਵਿਸਾਖੀ ਵਾਲ਼ਾ ਦਿਨ ਰੱਖਿਆ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਬੜਾ ਭਾਰੀ ਦੀਵਾਨ ਸਜਿਆ ਹੋਇਆ ਸੀ। ਸੰਗਤਾਂ ਅੰਮ੍ਰਿਤ ਸਰੋਵਰ ਵਿਚ ਚੁੱਭੇ ਮਾਰ ਕੇ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਤੇ ਦੀਵਾਨ ਹਾਲ ਵਿਚ ਸਜ ਜਾਂਦੀਆਂ। ਲੰਗਰ ਹਾਲ ਤੇ ਸਰਾਵਾਂ ਵਿਚ ਗਹਿਮਾ-ਗਹਿਮੀ ਸੀ। ਕਿਸੇ ਨੇ ਦੱਸਿਆ ਕਿ ਸ਼ਹਿਰ ਵਿਚ ਨਕਲ਼ੀ ਨਿਰੰਕਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਜਲੂਸ ਕੱਢਿਆ ਹੈ ਤੇ ਗੁਰਬਚਨੇ ਦੀ ਘਰ-ਵਾਲੀ ਕੁਲਵੰਤ ਕੌਰ ਪਾਲਕੀ ਵਿਚ ਬਿਠਾਈ ਹੋਈ ਹੈ। ਸੰਗਤਾਂ ਨੇ ਜਦ ਇਸ ਬਾਰੇ ਅਕਾਲੀ ਆਗੂ ਤੇ ਮਾਲ ਮੰਤਰੀ ਜੀਵਨ ਸਿੰਘ ਉਮਰਾਨੰਗਲ਼ ਨਾਲ਼ ਗੱਲ ਕੀਤੀ ਤਾਂ ਉਹਨੇ ਅੱਗੋਂ ਟਕੇ ਵਰਗਾ ਜਵਾਬ ਦੇ ਦਿੱਤਾ- 'ਨਿਰੰਕਾਰੀਆਂ ਨੇ ਸਰਕਾਰ ਤੋਂ ਮਨਜ਼ੂਰੀ ਲਈ ਹੋਈ ਹੈ...। '
ਇਹ ਸੁਣ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਬੜਾ ਰੰਜ਼ ਹੋਇਆ ਤੇ ਉਹ ਜਥੇ ਦੇ ਹੋਰਨਾਂ ਸਿੰਘਾਂ ਸਮੇਤ ਸਟੇਜ ਤੋਂ ਉਂਠ ਕੇ ਗੁਰੂ ਰਾਮਦਾਸ ਸਰਾਂ ਵਿਚ ਚਲੇ ਗਏ, ਜਿੱਥੇ ਦਮਦਮੀ ਟਕਸਾਲ ਦੇ ਜਥੇ ਦਾ ਤੇ ਅਖੰਡ ਕੀਰਤਨੀ ਜਥੇ ਦਾ ਟਿਕਾਣਾ ਸੀ। ਭਿੰਡਰਾਂਵਾਲੇ ਸੰਤਾਂ ਨੇ ਸੰਗਤ ਦੇ ਹਜ਼ੂਰ, ਨਿਰੰਕਾਰੀ ਸਮਾਗਮ ਨੂੰ ਰੋਕਣ ਜਾਣ ਦਾ ਪ੍ਰੋਗਰਾਮ ਸੁਣਾਉਂਦਿਆਂ ਕਿਹਾ ਕਿ ਉਹ ਖ਼ੁਦ ਇਸ ਜਥੇ ਦੀ ਅਗਵਾਈ ਕਰਨਗੇ। ਇਸ ਵਕਤ ਸੰਤ ਪੂਰੇ ਜਲਾਲ ਵਿਚ ਸਨ। ਅਖੰਡ ਕੀਰਤਨੀ ਜਥੇ ਦੇ ਸਿੰਘ ਵੀ ਇਸ ਕੁਫ਼ਰ ਨੂੰ ਰੋਕਣ ਲਈ ਤਿਆਰ-ਬਰ-ਤਿਆਰ ਖੜ੍ਹੇ ਸਨ, ਪਰ ਓਸੇ ਵਕਤ ਕਈ ਜ਼ਿੰਮੇਵਾਰ ਸਿੰਘਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਥੇ ਦੇ ਨਾਲ਼ ਸੰਤ ਆਪ ਨਾ ਜਾਣ। ਸੰਤ ਜਾਣ ਲਈ ਬਜ਼ਿਦ ਸਨ, ਇਸ 'ਤੇ ਸੰਗਤ ਵਿੱਚੋਂ ਅਵਾਜ਼ ਆਈ, 'ਜੇ ਤੁਸੀਂ ਸਾਡੀ ਬੇਨਤੀ ਨਾ ਮੰਨੀ ਤਾਂ ਅਸੀਂ ਪੰਜ ਪਿਆਰਿਆਂ ਦੇ ਰੂਪ ਵਿਚ ਆਪ ਜੀ ਨੂੰ ਹੁਕਮ ਦੇ ਕੇ ਰੋਕਾਂਗੇ....। '
ਅੰਤ ਫ਼ੈਸਲਾ ਹੋਇਆ ਕਿ ਭਿੰਡਰਾਂਵਾਲੇ ਜਥੇ ਤੇ ਅਖੰਡ ਕੀਰਤਨੀ ਜਥੇ ਵਿੱਚੋਂ ਪੰਜ-ਪੰਜ ਸਿੰਘ ਅਗਵਾਈ ਕਰਨਗੇ। ਅਰਦਾਸੇ ਸੋਧ ਕੇ ਡੇਢ ਸੌ ਦੇ ਲਗਭਗ ਸਿੰਘਾਂ ਦਾ ਇਹ ਮਰਜੀਵੜਾ ਜਥਾ ਰੇਲਵੇ ਕਲੋਨੀ, ਬੀ-ਬਲਾਕ (ਅੰਮ੍ਰਿਤਸਰ) ਵੱਲ ਤੁਰ ਪਿਆ, ਜਿੱਥੇ ਨਰਕਧਾਰੀਆਂ ਦਾ ਸਮਾਗਮ ਚੱਲ ਰਿਹਾ ਸੀ। ਇਸ ਜਥੇ ਵਿਚ ਭਾਈ ਮਹਿਲ ਸਿੰਘ ਦਾਸੂਵਾਲ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਸਨ।
ਸਮਾਗਮ ਤੋਂ ਥੋੜ੍ਹਾ ਉਰੇ ਹੀ ਇੰਸਪੈਕਟਰ ਅਨੂਪ ਸਿੰਘ ਤੇ ਡੀ.ਐਸ.ਪੀ. ਜੋਸ਼ੀ ਦੀ ਅਗਵਾਈ ਵਿਚ ਪੁਲੀਸ ਨੇ ਇਸ ਜਥੇ ਨੂੰ ਰੋਕ ਲਿਆ। ਅਜੇ ਪੁਲੀਸ ਨਾਲ਼ ਗੱਲਬਾਤ ਚੱਲ ਰਹੀ ਸੀ ਕਿ ਸਮਾਗਮ ਵਾਲ਼ੇ ਪੰਡਾਲ਼ ਵਿੱਚੋਂ ਨਰਕਧਾਰੀਆਂ ਦੀ ਭੀੜ ਨਿਕਲ਼ ਆਈ ਤੇ ਗੋਲ਼ੀਆਂ ਦੀ ਵਾਛੜ ਸ਼ੁਰੂ ਹੋ ਗਈ। ਨਰਕਧਾਰੀਆਂ ਨੂੰ ਪੁਲੀਸ ਦੀ ਹਰ ਤਰ੍ਹਾਂ ਹਰੀ ਝੰਡੀ ਸੀ ਤੇ ਉਹਨਾਂ ਨੇ ਸਿੱਖਾਂ 'ਤੇ ਬੇਝਿਜਕ ਹੋ ਕੇ ਹੱਲਾ ਬੋਲ ਦਿੱਤਾ। ਡੀ.ਐਸ.ਪੀ. ਓ.ਡੀ. ਜੋਸ਼ੀ ਨੇ ਖ਼ੁਦ ਅਖੰਡ ਕੀਰਤਨੀ ਜਥੇ ਦੇ ਸਿਰਕੱਢ ਆਗੂ ਭਾਈ ਫੌਜਾ ਸਿੰਘ ਨੂੰ ਗੋਲ਼ੀ ਮਾਰੀ ਤੇ ਲਲਕਾਰਿਆ, 'ਤੂੰ ਹੀ ਸਾਰੇ ਪੁਆੜੇ ਦੀ ਜੜ੍ਹ ਏਂ!'
ਸਿੰਘਾ ਦਾ ਬੇਤਰਸੀ ਨਾਲ਼ ਕੁਟਾਪਾ ਕੀਤਾ ਗਿਆ ਤੇ ਲਾਸ਼ਾਂ ਦੇ ਢੇਰ ਲੱਗ ਗਏ। ੧੩ ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ ਤੇ ਇਸ ਤੋਂ ਇਲਾਵਾ ੩ ਬੰਦੇ ਹੋਰ ਨਰਕਧਾਰੀਆਂ ਦੇ ਕਹਿਰ ਦਾ ਸ਼ਿਕਾਰ ਹੋਏ ਸਨ। ੭੮ ਸਿੰਘ ਸਖ਼ਤ ਫੱਟੜ ਸਨ। ਏਧਰ ਸਿੰਘਾਂ ਦੇ ਖ਼ੂਨ ਨਾਲ਼ ਹੋਲੀ ਖੇਡੀ ਜਾ ਰਹੀ ਸੀ ਤੇ ਓਧਰ ਪੰਡਾਲ ਵਿਚ 'ਮਾਨਵ ਏਕਤਾ' ਪ੍ਰਪੰਚ ਚੱਲ ਰਿਹਾ ਸੀ। ਗੁਰਬਚਨੇ ਦੇ ਇਸ ਪ੍ਰੋਗਰਾਮ ਵਿਚ ਲਾਲ਼ਾ ਜਗਤ ਨਰਾਇਣ ਤੇ ਹੋਰ ਕਈ ਫ਼ਿਰਕੂ ਅਨਸਰ ਵੀ ਬੈਠੇ ਸਨ।
ਕਤਲੇਆਮ ਤੋਂ ਸਾਢੇ ਤਿੰਨ ਘੰਟੇ ਬਾਅਦ ਵੀ ਗੁਰਬਚਨਾ ਪੰਡਾਲ਼ ਵਿਚ ਮੌਜੂਦ ਰਿਹਾ ਤੇ ਕਿਸੇ ਨੇ ਉਸ ਨੂੰ ਫੜਿਆ ਨਾ। ਹੈਰਾਨੀ ਦੀ ਗੱਲ ਹੈ ਕਿ ਕਤਲੇਆਮ ਦੇ ਮੁੱਖ ਦੋਸ਼ੀ ਗੁਰਬਚਨੇ ਨੂੰ ਲੈ ਕੇ ਡੀ.ਸੀ. ਕੁਲਦੀਪ ਸਿੰਘ ਜੰਜੂਆ ਜਲੰਧਰ ਤਕ ਗਿਆ, ਜਿੱਥੋਂ ਬਾਦਲ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਦਿੱਲੀ ਛੱਡ ਆਇਆ। ਡੀ.ਸੀ. ਕੁਲਦੀਪ ਸਿੰਘ ਜੰਜੂਆ, ਡੀ.ਐਸ.ਪੀ. ਗੁਰਬਚਨ ਸਿੰਘ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੂੰ ਲੋਕਾਂ ਨੇ ਦੱਸਿਆ ਵੀ ਕਿ ਕਾਤਲ ਟੋਲਾ ਉਸ ਟੈਂਟ ਵਿੱਚ ਬੈਠਾ ਹੈ, ਪਰ ਉਹਨਾਂ ਕੋਈ ਕਾਰਵਾਈ ਨਾ ਕੀਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਬੰਬਈ ਵਿਚ ਵਿਸਾਖੀ ਸੰਮੇਲਨ 'ਤੇ ਗਿਆ ਹੋਇਆ ਸੀ। ਸ਼ਾਮ ਤਕ ਉਹ ਵੀ ਅੰਮ੍ਰਿਤਸਰ ਸਰਕਟ ਹਾਊਸ ਪੁੱਜ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੋਰ ਅਕਾਲੀ ਆਗੂ ਵੀ ਆ ਗਏ। ੧੫ ਅਪ੍ਰੈਲ ਨੂੰ ਸ਼ਹੀਦਾਂ ਦਾ ਸਸਕਾਰ ਬਿਬੇਕਸਰ ਦੇ ਐਨ ਨੇੜੇ ਕੀਤਾ ਗਿਆ।
ਅਕਾਲੀਆਂ ਦੀ ਘਟੀਆ ਸੋਚ
ਇਹਨਾਂ ਸ਼ਹੀਦੀਆਂ ਮਗਰੋਂ ਅਕਾਲੀਆਂ ਨੂੰ ਚਾਹੀਦਾ ਸੀ ਕਿ ਉਹ ਸਿੱਖੀ ਦੇ ਵੈਰੀ ਨਰਕਧਾਰੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦੇ, ਪਰ ਉਲ਼ਟਾ ਉਹਨਾਂ ਨੂੰ ਸੰਤ ਜਰਨੈਲ ਸਿੰਘ ਤੇ ਹੋਰ ਗੁਰਸਿੱਖ ਰੜਕਣ ਲੱਗੇ ਕਿ ਇਹਨਾਂ ਕਰਕੇ ਸਾਡੀ ਸਾਖ਼ ਮਰ ਰਹੀ ਹੈ। ਅਕਾਲੀਆਂ ਨੂੰ ਲੱਗਦਾ ਸੀ ਕਿ ਸਿੱਖਾਂ ਨੇ ਹੀ ਮਾਹੌਲ ਖ਼ਰਾਬ ਕੀਤਾ ਹੈ। ਪਰ ਸੰਤ ਜਰਨੈਲ ਸਿੰਘ ਤੇ ਹੋਰਨਾਂ ਗੁਰਸਿੱਖਾਂ ਨੇ ਤਾਂ ਸਿੱਖੀ ਦੀ ਡਿਊਟੀ ਨਿਭਾਉਣੀ ਹੀ ਸੀ, ਸੋ ਉਹ ਨਿਧੜਕ ਹੋ ਕੇ ਨਰਕਧਾਰੀਆਂ ਦੀਆਂ ਪੰਥ-ਵਿਰੋਧੀ ਹਰਕਤਾਂ ਖ਼ਿਲਾਫ਼ ਪ੍ਰਚਾਰ ਕਰਨ ਲੱਗੇ। ਸਾਰਾ ਸਿੱਖ ਜਗਤ ਨਰਕਧਾਰੀਆਂ ਦੇ ਵਪਰਾਏ ਕਹਿਰ ਅਤੇ ਅਕਾਲੀ ਆਗੂਆਂ ਦੇ ਕਮਜ਼ੋਰ ਰਵੱਈਏ ਤੋਂ ਪੀੜਿਤ ਤੇ ਸ਼ਰਮਸਾਰ ਮਹਿਸੂਸ ਕਰ ਰਿਹਾ ਸੀ, ਪਰ ਅਕਾਲੀ ਆਗੂਆਂ ਨੂੰ ਇਹੀ ਫ਼ਿਕਰ ਮਾਰੀ ਜਾਂਦਾ ਸੀ ਕਿ ਕਿਤੇ ਸਰਕਾਰ ਵਿਚ ਭਾਈਵਾਲ ਜਨਤਾ ਪਾਰਟੀ ਨਾ ਨਰਾਜ਼ ਹੋ ਜਾਵੇ। ਨਰਕਧਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਵਾਲੇ ਹਰ ਸਿੱਖ ਨੂੰ ਬਾਦਲ ਆਪਣੀ ਸਰਕਾਰ ਦਾ ਦੁਸ਼ਮਣ ਸਮਝਦਾ ਸੀ। ਜਿਵੇਂ ਹੁਣ ਆਸ਼ੂਤੋਸ਼ ਜਾਂ ਸਿਰਸੇ ਵਾਲੇ ਦੇ ਵਿਰੋਧ 'ਚ ਮੂੰਹ ਖੋਲ੍ਹਣ ਵਾਲਿਆਂ ਨੂੰ ਬਾਦਲ ਪਰਿਵਾਰ ਆਪਣਾ ਨਿੱਜੀ ਵੈਰੀ ਮੰਨਦਾ ਹੈ ਕਿ ਇਹ ਸਾਡੀਆਂ ਵੋਟਾਂ ਖ਼ਰਾਬ ਕਰਨਗੇ।
ਨਰਕਧਾਰੀਆਂ ਵਿਰੁੱਧ ਹੁਕਮਨਾਮਾ
੨੨ ਅਪ੍ਰੈਲ ਨੂੰ ਵਿਸਾਖੀ ਦੇ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼ਹੀਦੀ ਸਮਾਗਮ ਹੋਇਆ। ਇੱਥੇ ਸੰਤਾਂ ਨੇ ਕਿਹਾ- 'ਅਕਾਲੀ ਲੀਡਰਸ਼ਿਪ ਨੇ ਭਰੋਸਾ ਦਿਵਾਇਆ ਹੈ ਕਿ ਸ਼ਹੀਦਾਂ ਦਾ ਨਿਆਂ ਹੋਵੇਗਾ। ਅਸੀਂ ਨਰਕਧਾਰੀਆਂ ਨਾਲ ਲੜਨ ਨਹੀਂ ਸੀ ਗਏ, ਜੇ ਲੜਨ ਜਾਂਦੇ ਤਾਂ ਉਹ ਬਚ ਕੇ ਨਾ ਨਿਕਲ਼ਦੇ। ਜੇ ਸਾਨੂੰ ਨਿਆਂ ਨਾ ਮਿਲ਼ਿਆ ਤਾਂ ਸਭ ਤੋਂ ਪਹਿਲਾਂ ਮੈਂ ਕੁਰਬਾਨੀ ਦਿਆਂਗਾ...। '
੧੦ ਜੂਨ ੧੯੭੮ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਕੇ ਸਮੂਹ ਖ਼ਾਲਸਾ ਪੰਥ ਨੂੰ ਨਰਕਧਾਰੀਆਂ ਨਾਲ਼ੋਂ ਰੋਟੀ-ਬੇਟੀ ਦੀ ਸਾਂਝ ਖ਼ਤਮ ਕਰਨ ਤੇ ਨਰਕਧਾਰੀਆਂ ਦਾ ਸਿੱਖੀ-ਵਿਰੋਧੀ ਪ੍ਰਚਾਰ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ। ਇਸ ਮਗਰੋਂ ਇਸ ਹੁਕਮਨਾਮੇ ਦੀ ਪਾਲਣਾ ਕਰਨੀ ਤੇ ਇਸ ਨੂੰ ਲਾਗੂ ਕਰਵਾਉਣਾ ਹੀ ਸਾਰੇ ਗੁਰਸਿੱਖਾਂ ਦਾ ਮਿਸ਼ਨ ਬਣ ਗਿਆ।
ਅਨੰਦ-ਕਾਰਜ
ਪ੍ਰੋਗਰਾਮ ਇਹ ਬਣਾਇਆ ਗਿਆ ਸੀ ਕਿ ਵਿਸਾਖੀ (੧੩ ਅਪ੍ਰੈਲ ੧੯੭੮) ਵਾਲੀ ਰਾਤ ਨੂੰ ਹੋਣ ਵਾਲੀ ਰੈਣ-ਸਬਾਈ ਵਿਚ ਭਾਈ ਸੁਖਦੇਵ ਸਿੰਘ ਤੇ ਬੀਬੀ ਸੁਖਵੰਤ ਕੌਰ ਦਾ ਅਨੰਦ ਕਾਰਜ ਹੋਵੇਗਾ। ਅਖੰਡ ਕੀਰਤਨੀ ਜਥੇ ਦੇ ਕੀਰਤਨ ਸਮਾਗਮਾਂ ਵਿਚ ਇਸੇ ਮਰਿਆਦਾ ਅਨੁਸਾਰ ਅਨੰਦ ਕਾਰਜ ਹੁੰਦੇ ਹਨ। ਬੀਬੀ ਸੁਖਵੰਤ ਕੌਰ ਦਾ ਪਿੰਡ ਘਰਿਆਲ਼ਾ ਨੇੜੇ ਪੱਟੀ ਸੀ ਤੇ ਉਹ ਭਾਈ ਸੁਖਦੇਵ ਸਿੰਘ ਦੇ ਵੱਡੇ ਭਰਾ ਭਾਈ ਮਹਿਲ ਸਿੰਘ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਦੇ ਸਕੇ ਭੈਣ ਹਨ। ਇਹ ਰਿਸ਼ਤਾ ਵੀ ਭਾਈ ਸੁਖਦੇਵ ਸਿੰਘ ਦੇ ਭਰਾ-ਭਰਜਾਈ ਨੇ ਹੀ ਕਰਵਾਇਆ ਸੀ। ਵਿਸਾਖੀ ਵਾਲੇ ਦਿਨ ਭਾਈ ਮਹਿਲ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਤਾਂ ਅੰਮ੍ਰਿਤਸਰ ਹੀ ਸਨ, ਜਦਕਿ ਭਾਈ ਸੁਖਦੇਵ ਸਿੰਘ ਨੇ ਦੁਪਹਿਰੋਂ ਢਾਈ ਵਜੇ ਵਾਲੀ ਟਰੇਨ 'ਤੇ ਵਲਟੋਹੇ ਤੋਂ ਚੜ੍ਹ ਕੇ ਆਉਣਾ ਸੀ। ਪਰ ਉਹਨਾਂ ਦੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਹੀ ਨਰਕਧਾਰੀਆਂ ਨੇ ਖ਼ੂਨੀ ਸਾਕਾ ਵਰਤਾ ਦਿੱਤਾ। ਇਹਨਾਂ ਹਾਲਾਤਾਂ ਵਿਚ ਭਾਈ ਸਾਹਿਬ ਦੇ ਅਨੰਦ ਕਾਰਜ ਕਿਸੇ ਹੋਰ ਘਰ ਕਰਨੇ ਪਏ। ਉਹਨਾਂ ਦੀ ਸਿੰਘਣੀ ਦਾ ਨਾਂ 'ਸੁਖਵੰਤ ਕੌਰ' ਸੀ, ਜੋ ਕਿ ਮਗਰੋਂ ਜਗਜੀਤ ਕੌਰ ਕਰ ਦਿੱਤਾ ਗਿਆ।
ਸਾਕੇ ਦਾ ਅਸਰ
ਭਾਈ ਸਾਹਿਬ ਦੇ ਮਨ ਉਂਤੇ ਆਪਣੇ ਜਿਗਰੀ ਦੋਸਤ ਭਾਈ ਫੌਜਾ ਸਿੰਘ ਦੀ ਤੇ ਹੋਰਨਾਂ ਸਿੰਘਾਂ ਦੀਆਂ ਸ਼ਹਾਦਤਾਂ ਨੇ ਕਰੜੀ ਸੱਟ ਮਾਰੀ। ਸਾਰਾ ਖ਼ਾਲਸਾ ਪੰਥ ਹੀ ਬਿਹਬਲ ਸੀ। ਭਾਈ ਰਣਧੀਰ ਸਿੰਘ ਨਾਰੰਗਵਾਲ, ਗ਼ਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ਅੱਖਾਂ ਮੂਹਰੇ ਘੁੰਮ ਰਹੀਆਂ ਸਨ ਕਿ ਅੰਗਰੇਜ਼ਾਂ ਨੂੰ ਕੱਢ ਕੇ ਇਹ ਬ੍ਰਾਹਮਣਵਾਦੀਆਂ ਦੀ ਗ਼ੁਲਾਮੀ ਹੀ ਗਲ਼ ਪਾਉਣੀ ਸੀ? ਜੇਲ੍ਹਾਂ, ਫਾਂਸੀਆਂ ਦੇ ਬਦਲੇ ਸਿੱਖਾਂ ਨੇ ਇਹ ਪੈਰ-ਪੈਰ 'ਤੇ ਜ਼ਲੀਲ ਕਰਨ ਵਾਲਾ ਸਿਸਟਮ ਹੀ ਪੱਲੇ ਪਾਉਣਾ ਸੀ? ਇਹ ਕਿਹੋ ਜਿਹਾ ਮੁਲਕ ਹੈ ਜਿੱਥੇ ਜਦੋਂ ਮਨ ਕਰੇ, ਕੋਈ ਸਿੱਖਾਂ ਦੇ ਗੁਰੂ ਸਾਹਿਬਾਨ, ਪਰੰਪਰਾਵਾਂ ਤੇ ਵਿਚਾਰਧਾਰਾ ਦੀ ਭੰਡੀ ਕਰ ਸਕਦਾ ਹੈ ਤੇ ਜੇ ਸਿੱਖ ਵਿਰੋਧਤਾ ਕਰਨ ਤਾਂ ਉਹਨਾਂ ਨੂੰ ਸ਼ਰੇਆਮ ਗੋਲ਼ੀਆਂ ਨਾਲ਼ ਭੰਨ ਸਕਦਾ ਹੈ? ਕੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ? ਕੀ ਸਿੱਖ ਕੋਈ ਰਾਹ ਵਿਚ ਪਏ ਰੋੜ੍ਹੇ ਹਨ, ਜਿਸ ਨੂੰ ਕੋਈ ਮਰਜ਼ੀ ਠੇਡੇ ਮਾਰ ਲਵੇ?
ਇਹੋ ਜਿਹੇ ਵਿਚਾਰਾਂ ਨੇ ਭਾਈ ਸਾਹਿਬ ਦੇ ਮਨ ਨੂੰ ਬੜਾ ਉਚੇੜ ਦਿੱਤਾ। ਅੰਦਰੋਂ ਗ਼ੁੱਸਾ ਰਹਿ-ਰਹਿ ਉਬਾਲ਼ੇ ਖਾਂਦਾ। ਜਦ ਉਹਨਾਂ ਨੂੰ ਯਾਦ ਆਉਂਦਾ ਕਿ ਅਕਾਲੀ ਸਰਕਾਰ ਨੇ ਵਿਸਾਖੀ ਦੇ ਸ਼ਹੀਦਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਨਹੀਂ ਸੀ ਪਾਉਣ ਦਿੱਤੀਆਂ ਤੇ ਜਦ ਹਰੀਕੇ ਪੱਤਣ ਪਾਉਣ ਦਾ ਪ੍ਰੋਗਰਾਮ ਬਣਿਆ ਤਾਂ ਵੀ ਅੜਿੱਕੇ ਖੜ੍ਹੇ ਕੀਤੇ ਤਾਂ ਉਹ ਰੋਹ ਨਾਲ਼ ਭਰ ਜਾਂਦੇ। ਅਕਾਲੀ ਸਰਕਾਰ ਦਾ ਰਵੱਈਆ ਨੰਗਾ-ਚਿੱਟਾ ਸਿੱਖਾਂ ਦੇ ਉਲ਼ਟ ਤੇ ਨਰਕਧਾਰੀਆਂ ਦੇ ਪੱਖ ਵਿਚ ਸੀ। ਹਾਲਾਤ ਦੱਸ ਰਹੇ ਸੀ ਕਿ ਭਾਵੇਂ ਮੁਕੱਦਮਾ ਬਣਾ ਕੇ ੬੪ ਨਰਕਧਾਰੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ, ਪਰ ਬਣਨਾ-ਬੁਣਨਾ ਕੱਖ ਨਹੀਂ। ਇਹੋ ਜਿਹੇ ਜਜ਼ਬਾਤਾਂ ਦੇ ਵਿੰਨ੍ਹੇ ਭਾਈ ਸੁਖਦੇਵ ਸਿੰਘ ਆਪਣੇ ਸੰਗੀ ਸਾਥੀਆਂ ਕੋਲ ਜਾਂਦੇ ਤਾਂ ਉਹ ਵੀ ਓਸੇ ਦਰਦ ਨਾਲ ਕੁਰਲਾਉਂਦੇ ਮਿਲਦੇ।
੧੯੭੮ ਦੇ ਸਾਕੇ ਤੋਂ ਬਾਅਦ
ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਜਦ ਵੀ ਸਿੱਖ ਸੰਗਤਾਂ ਵੱਲੋਂ ਨਰਕਧਾਰੀਆਂ ਦੇ ਕੁਸੱਤਸੰਗ ਰੋਕਣ ਲਈ ਹੰਭਲਾ ਮਾਰਿਆ ਜਾਂਦਾ ਤਾਂ ਅਕਾਲੀ ਸਰਕਾਰ ਚਾਲਾਂ ਚੱਲ ਕੇ ਨਰਕਧਾਰੀਆਂ ਦਾ ਪੱਖ ਪੂਰਦੀ। ਬਿਲਕੁਲ ਹੁਣ ਵਾਂਗ ਜਿਵੇਂ ਸਿਰਸੇ ਵਾਲੇ ਦੀ 'ਨਾਮ ਚਰਚਾ' ਨੂੰ ਬਾਦਲ ਸਰਕਾਰ ਸੁਰੱਖਿਆ ਦਿੰਦੀ ਹੈ ਤੇ ਸਿੱਖਾਂ ਦੇ ਡਾਂਗਾਂ ਮਾਰਦੀ ਹੈ। ਸਿੱਖਾਂ ਦੀ ਇੱਛਾ ਸੀ ਕਿ ਪੰਜਾਬ ਵਿੱਚੋਂ ਨਰਕਧਾਰੀਆਂ ਦੇ ਭਵਨ ਬੰਦ ਹੋ ਜਾਣ, ਪਰ ਜਨਤਾ ਪਾਰਟੀ ਤੋਂ ਡਰਦੇ ਅਕਾਲੀ ਆਗੂ ਭਵਨ ਖੁਲ੍ਹਵਾਉਣ ਲਈ ਬਹਾਨੇ ਲੱਭ ਹੀ ਲੈਂਦੇ। ਹੁਣ ਵੀ ਇਹੀ ਹਾਲ ਹੈ, 'ਨਾਮ ਚਰਚਾ ਘਰ' ਸਿੱਖਾਂ ਦੇ ਵਿਰੋਧ ਦੇ ਬਾਵਜੂਦ ਖੁੱਲ੍ਹੇ ਹਨ। ਕਿੱਥੇ ਹੈ ਅਕਾਲ ਤਖ਼ਤ ਸਾਹਿਬ ਸਾਹਿਬ ਦਾ ਹੁਕਮਨਾਮਾ ਤੇ ਕਿੱਥੇ ਨੇ ਜਥੇਦਾਰ?
੧੬ ਅਗਸਤ ੧੯੭੮ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਐਲਾਨ ਕੀਤਾ ਕਿ ਉਹ ੨੦ ਤਰੀਕ ਨੂੰ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਬੰਦ ਕਰਵਾਉਣਗੇ। ਬਾਦਲਕਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੱਖ ਭਾਵਨਾਵਾਂ ਨੂੰ ਸਮਝਣ ਦੀ ਥਾਂ ਬਾਦਲ ਦਲ ਦੇ ਆਗੂ ਕਹਿ ਰਹੇ ਸਨ ਕਿ ਸੰਤ ਭਿੰਡਰਾਂਵਾਲਿਆਂ ਨੇ ਇਹ ਕੰਮ ਕਿਸੇ ਸਿਆਸੀ ਇਸ਼ਾਰੇ 'ਤੇ ਚੁੱਕਿਆ ਹੈ ਭਾਵ ਕਿ ਕਾਂਗਰਸ ਦੀ ਚਾਲ ਹੈ।
੧੭ ਤਰੀਕ ਨੂੰ ਬਾਬੇ ਬਕਾਲੇ ਰੱਖੜ ਪੁੰਨਿਆ ਦਾ ਮੇਲਾ ਸੀ। ਬਾਦਲ ਸਰਕਾਰ ਨੇ ਫ਼ੈਸਲਾ ਕੀਤਾ ਕਿ ਸੰਤਾਂ ਨੂੰ ਇੱਥੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ, ਪਰ
ਸਟੇਜ 'ਤੇ ਗੜਬੜ ਹੀ ਐਨੀ ਹੋ ਗਈ ਕਿ ਸਰਕਾਰ ਦੀ ਸਕੀਮ ਵਿੱਚੇ ਰਹਿ ਗਈ।
੨੦ ਤਰੀਕ ਨੂੰ ਪਰਖ ਦੀ ਘੜੀ ਆ ਗਈ। ਸੰਤ ਜਰਨੈਲ ਸਿੰਘ ਦੇ ਨਾਲ਼ ਸੰਤ ਉਂਤਮ ਸਿੰਘ ਖਡੂਰ ਸਾਹਿਬ, ਸੰਤ ਦਇਆ ਸਿੰਘ ਬਿਧੀਚੰਦੀਏ, ਬਾਬਾ ਬਿਕਰਮਜੀਤ ਸਿੰਘ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਵੀ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਬੰਦ ਹੋਣ ਸੰਬੰਧੀ ਤਸੱਲੀ ਕਰਨ ਗਏ। ਪਰ ਅਗਲੇ ਹਫ਼ਤੇ ੨੭ ਅਗਸਤ ਲਈ ਸਰਕਾਰ ਤੇ ਕੱਟੜਵਾਦੀ ਹਿੰਦੂ ਨਿਰੰਕਾਰੀ ਭਵਨ ਖੁਲ੍ਹਵਾਉਣ ਲਈ ਨੰਗੇ ਚਿਟੇ ਹੀ ਹੋ ਗਏ। ਜਲੰਧਰ ਦੇ ਹਿੰਦੂਤਵੀ ਅਖ਼ਬਾਰ ਹੋਰ ਅੱਗ ਲਾ ਰਹੇ ਸਨ। ਅੰਮ੍ਰਿਤਸਰ ਦੇ ਜਨਸੰਘੀ ਆਗੂ ਹਰਬੰਸ ਲਾਲ ਖੰਨੇ ਨੇ ਤਾਂ ਸ਼ਰੇਆਮ ਐਲਾਨ ਕਰ ਕੇ ੨੭ ਅਗਸਤ ਨੂੰ ਨਕਲ਼ੀ ਨਿਰੰਕਾਰੀਆਂ ਦਾ ਇਕੱਠ ਕਰਨ ਲਈ ਲਲਕਾਰਾ ਮਾਰਿਆ। ਬਾਦਲ ਸਰਕਾਰ ਨਾ ਸੰਤਾਂ ਨੂੰ ਗ੍ਰਿਫ਼ਤਾਰ ਕਰ ਕੇ ਸੰਗਤਾਂ ਦਾ ਗ਼ੁੱਸਾ ਝੱਲਣ ਲਈ ਤਿਆਰ ਸੀ ਤੇ ਨਾ ਹੀ ਹਿੰਦੂ ਕੱਟੜਪੰਥੀਆਂ ਨੂੰ ਨਰਾਜ਼ ਕਰਨਾ ਚਾਹੁੰਦੀ ਸੀ। ਇਸ ਕਰਕੇ ਅਕਾਲੀ ਆਗੂਆਂ ਨੇ ਸੰਤਾਂ ਨਾਲ਼ ਇਕ ਚਾਲ ਚੱਲੀ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਓਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਦੋਹਾਂ ਪ੍ਰਧਾਨਾਂ ਨੇ ਸੰਤਾਂ ਨੂੰ ਲੁਧਿਆਣੇ ਸੱਦ ਕੇ ਯਕੀਨ ਦਿਵਾਇਆ ਕਿ ੨੭ ਅਗਸਤ ਨੂੰ ਭਵਨ ਬੰਦ ਰਹਿਣਗੇ, ਪਰ ਉਹ ਆਪ ਤਸਦੀਕ ਕਰਨ ਨਾ ਜਾਣ। ਇਸ ਤਰ੍ਹਾਂ ਕਸਮਾਂ-ਵਾਅਦੇ ਕਰਕੇ ਸੰਤਾਂ ਨੂੰ ਮਨਾਇਆ ਗਿਆ ਕਿ ਉਹ ਅੰਮ੍ਰਿਤਸਰ ਨਾ ਜਾਣ। ਜਦੋਂ ਸੰਤਾਂ ਬਾਰੇ ਪੱਕਾ ਯਕੀਨ ਹੋ ਗਿਆ ਕਿ ਉਹ ਅੰਮ੍ਰਿਤਸਰ ਨਹੀਂ ਜਾਣਗੇ, ਫਿਰ ਮੁੱਖ ਮੰਤਰੀ ਬਾਦਲ ਨੇ ੨੫ ਅਗਸਤ ਨੂੰ ਬਿਆਨ ਦਿੱਤਾ ਕਿ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਸਰਕਾਰ ਦਾ ਵੱਕਾਰ ਕਾਇਮ ਰੱਖਣ ਲਈ ਸਪੱਸ਼ਟ ਹਦਾਇਤਾਂ ਭੇਜ ਦਿੱਤੀਆਂ ਹਨ, ਚਾਹੇ ਵੱਡੇ ਤੋਂ ਵੱਡੇ ਆਗੂ ਨੂੰ ਗ੍ਰਿਫ਼ਤਾਰ ਕਰਨਾ ਪਵੇ ਤਾਂ ਕਰ ਲਿਆ ਜਾਵੇ। ਇੰਞ ਸੰਤਾਂ ਨੂੰ ਸਿਆਸੀ ਚਾਲ ਵਿਚ ਫਸਾ ਕੇ ਅੰਮ੍ਰਿਤਸਰ ਨਾ ਆਉਣ ਲਈ ਤਿਆਰ ਕਰ ਕੇ ਤੇ ਦੂਜੇ ਪਾਸੇ ਇਸ ਤਰ੍ਹਾਂ ਬਿਆਨਬਾਜ਼ੀ ਕੀਤੀ ਗਈ ਜਿਵੇਂ ਗ੍ਰਿਫ਼ਤਾਰੀ ਤੋਂ ਡਰਦੇ ਸੰਤ ਨਹੀਂ ਆ ਰਹੇ।
ਦੂਜੇ ਪਾਸੇ ਹਰਬੰਸ ਲਾਲ ਖੰਨੇ ਨੇ ਖ਼ੁਦ ਜਾ ਕੇ ਨਿਰੰਕਾਰੀ ਭਵਨ ਖੁਲ੍ਹਵਾਇਆ। ੨੮ ਅਗਸਤ ਨੂੰ ਜਥੇਦਾਰ ਤਲਵੰਡੀ ਤੇ ਜਥੇਦਾਰ ਟੌਹੜਾ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸੰਤਾਂ ਨਾਲ਼ ਮੁਲਾਕਾਤ ਕਰਕੇ ਖ਼ਿਮਾ-ਜਾਚਨਾ ਕੀਤੀ ਕਿ ਉਹਨਾਂ ਨੇ ਬਹੁਤ ਕਿਹਾ ਪਰ ਬਾਦਲ ਨਹੀਂ ਮੰਨਿਆ। ਸੰਤਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਸੀ ਕਿ ਭਵਨ ਖੁੱਲ੍ਹਣਗੇ।
੨੭ ਤਰੀਕ ਵਾਲੇ ਸਰਕਾਰੀ ਡਰਾਮੇ ਦਾ ਸੰਗਤਾਂ ਵਿਚ ਬੜਾ ਤਿੱਖਾ ਅਸਰ ਪਿਆ ਤੇ ਰੋਸ ਪੈਦਾ ਹੋਇਆ। ਭਵਨ ਖੁੱਲ੍ਹਣ ਕਰਕੇ ਸਿੱਖਿਆ ਮੰਤਰੀ ਸ. ਸੁਖਜਿੰਦਰ ਸਿੰਘ, ਸ. ਬਸੰਤ ਸਿੰਘ ਖ਼ਾਲਸਾ ਅਤੇ ਜਥੇਦਾਰ ਸੁਰਜਨ ਸਿੰਘ ਠੇਕੇਦਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।
ਪੰਜਾਬ ਤੋਂ ਬਾਹਰ
ਪੰਜਾਬ ਤੋਂ ਬਾਹਰ ਦੇ ਸਿੱਖਾਂ ਨੇ ਵੀ ਹੁਕਮਨਾਮੇ ਦੀ ਪਾਲਣਾ ਕਰਨ ਹਿੱਤ ਨਿਰੰਕਾਰੀ ਭਵਨ ਬੰਦ ਕਰਵਾਉਣ ਤੇ ਗੁਰਬਚਨੇ ਦੇ ਪਖੰਡੀ ਸਮਾਗਮਾਂ ਦਾ ਵਿਰੋਧ ਕਰਨ ਲਈ ਕਮਰਕੱਸੇ ਕਰ ਲਏ। ੨੫ ਸਤੰਬਰ ਨੂੰ ਸਿੱਖਾਂ ਨੇ ਉਸ ਨੂੰ ਆਜ਼ਮਗੜ੍ਹ ਤੇ ਇਲਾਹਾਬਾਦ ਵਿਚ ਕੁਸੱਤਸੰਗ ਨਾ ਕਰਨ ਦਿੱਤਾ। ੨੬ ਸਤੰਬਰ ਨੂੰ ਗੁਰਬਚਨੇ ਨੇ ਕਾਨਪੁਰ ਦੇ ਨਿਰੰਕਾਰੀ ਭਵਨ ਵਿਚ ਪਖੰਡ ਕਰਨਾ ਸੀ। ਇੱਥੇ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਉਸ ਦੇ ਨਾਲ਼ ਸੀ। ਪੁਲੀਸ ਮੂਹਰਲੇ ਗੇਟ 'ਤੇ ਖੜ੍ਹੀ ਰਹਿ ਗਈ ਪਰ ਸਿੱਖ ਸੰਗਤਾਂ ਨੇ ਪਿੱਛੋਂ ਦੀ ਭਵਨ ਦੀਆਂ ਕੰਧਾਂ ਟੱਪੀਆਂ ਤੇ ਧਾਵਾ ਬੋਲ ਦਿੱਤਾ। ਜਦੋਂ ਸਿੰਘਾਂ ਨੇ ਹੱਲਾ ਬੋਲਿਆ ਤਾਂ ਨਰਕਧਾਰੀਆਂ ਦੇ ਹੱਥਾਂ ਦੇ ਤੋਤੇ ਉਂਡ ਗਏ ਕਿ ਅੱਜ ਖ਼ਾਲਸਾ ਪੂਰੀ ਤਰ੍ਹਾਂ ਹਥਿਆਰਬੰਦ ਹੈ ਤੇ ਵੱਢ-ਕੱਟ ਹੋਵੇਗੀ। ਸਿੰਘਾਂ ਦਾ ਨਿਸ਼ਾਨਾ ਗੁਰਬਚਨਾ ਸੀ, ਸਿੰਘ ਵਾਹੋਦਾਹੀ ਉਸ ਦੇ ਵੱਲ ਭੱਜ ਰਹੇ ਸਨ, ਪਰ ਉਹ ਚਾਤਰ ਨਿਕਲ਼ਿਆ ਤੇ ਭੱਜ ਕੇ ਪੌੜੀਆਂ ਚੜ੍ਹ ਕੇ ਭਵਨ ਦੀ ਉਂਪਰਲੀ ਮੰਜ਼ਲ 'ਤੇ ਜਾ ਕੇ ਅੰਦਰੋਂ ਕੁੰਡੀ ਲਾ ਲਈ। ਏਨੇ ਨੂੰ ਪੁਲੀਸ ਨੇ ਫ਼ਾਇਰ ਖੋਲ੍ਹ ਦਿੱਤਾ। ਅੱਥਰੂ ਗੈਸ ਅਤੇ ਅੰਨ੍ਹੇਵਾਹ ਡਾਂਗ ਵਰ੍ਹਾਈ।
ਇੱਥੇ ੧੨ ਸਿੰਘ ਸ਼ਹੀਦ ਹੋਏ ਤੇ ੮੦ ਜ਼ਖ਼ਮੀ ਹੋਏ। ਗੁਰਬਚਨੇ ਨੂੰ ਹਵਾਈ ਜਹਾਜ਼ ਵਿੱਚ ਕਾਨਪੁਰ ਤੋਂ ਬਾਹਰ ਭੇਜਿਆ ਗਿਆ। ਕਾਨਪੁਰ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਜਗਜੀਤ ਸਿੰਘ ਨਾਲ਼ ਭਾਈ ਸੁਖਦੇਵ ਸਿੰਘ ਦਾ ਦਿਲੀ ਪਿਆਰ ਸੀ। ਚੜ੍ਹਦੀ ਕਲਾ ਵਾਲੇ ਉਸ ਸੂਰਮੇ ਦੀ ਸ਼ਹਾਦਤ ਨੇ ਭਾਈ ਸਾਹਿਬ ਨੂੰ ਭਾਈ ਫੌਜਾ ਸਿੰਘ ਦੀ ਸ਼ਹਾਦਤ ਵਰਗਾ ਸਦਮਾ ਦਿੱਤਾ। ਭਾਈ ਜਗਜੀਤ ਸਿੰਘ ਦਾ ਦਲ ਖ਼ਾਲਸਾ ਦੇ ਮੁਖੀ ਸ. ਗਜਿੰਦਰ ਸਿੰਘ ਨਾਲ ਵੀ ਬੜਾ ਪਿਆਰ ਸੀ। ਉਹਨਾਂ ਨੇ ਇੱਕ ਕਵਿਤਾ ਲਿਖ ਕੇ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੱਤੀ।
ਗੁਰਬਚਨਾ ਬਰੀ ਅਤੇ ਨਰਕਗਾਮੀ
੪ ਜਨਵਰੀ ੧੯੮੦ ਨੂੰ ਕਰਨਾਲ ਦੇ ਜੱਜ ਆਰ.ਐਸ. ਗੁਪਤਾ ਨੇ ਪੱਖਪਾਤ ਕਰਦਿਆਂ ਗੁਰਬਚਨੇ ਤੇ ਉਹਦੇ ੬੪ ਸਾਥੀਆਂ ਨੂੰ ਬਰੀ ਕਰ ਦਿੱਤਾ। ਬਾਦਲ ਸਰਕਾਰ ਨੇ ਸਮਾਂ ਰਹਿੰਦਿਆਂ ਅਗਲੀ ਅਦਾਲਤ ਵਿਚ ਜਾਣ-ਬੁੱਝ ਕੇ ਅਪੀਲ ਨਾ ਕੀਤੀ ਅਤੇ ਨਰਕਧਾਰੀਆਂ ਦੀਆਂ ਵੋਟਾਂ ਪੱਕੀਆਂ ਕਰ ਲਈਆਂ। ਨਰਕਧਾਰੀਏ ਆਖਿਆ ਕਰਨ- 'ਸਿੱਖਾਂ ਦੇ ਗੁਰੂ ਨੇ ਤਾਂ ੫੨ ਕੈਦੀ ਛੁਡਾਏ ਸੀ, ਪਰ ਸਾਡੇ ਗੁਰੂ ਨੇ ਤਾਂ ੬੪ ਕੈਦੀ ਛੁਡਾ'ਤੇ। ੧੩ ਸਿੰਘ ਸ਼ਹੀਦ ਕਰ ਕੇ ਨਰਕਧਾਰੀ ਮੁਖੀ ਸਾਫ਼ ਬਚ ਜਾਵੇ ਤੇ ਉਹਦੇ ਚੇਲੇ ਸ਼ਰੇਆਮ ਸਿੱਖਾਂ ਨੂੰ ਚਿੜਾਉਣ, ਇਸ ਦਾ ਕੀ ਹੱਲ ਹੋ ਸਕਦਾ ਸੀ। ਜਿਹੜੇ ਹੁਣ ਕਹਿੰਦੇ ਹਨ ਕਿ ਹਥਿਆਰ ਚੁੱਕਣੇ ਗ਼ਲਤ ਸੀ, ਉਹ ਦੱਸਣ ਕਿ ਹੋਰ ਕੀ ਕੀਤਾ ਜਾਂਦਾ?
ਅੰਤ ਹੱਲ ਹੋ ਹੀ ਗਿਆ ਤੇ ੨੪ ਅਪ੍ਰੈਲ ੧੯੮੦ ਨੂੰ ਗੁਰਬਚਨਾ ਸੋਧਿਆ ਗਿਆ। ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਮੱਲ-ਕਟੋਰਾ ਉਰਫ਼ ਭਾਈ ਨਿਰੰਤਰ ਸਿੰਘ, ਭਾਈ ਦਲਬੀਰ ਸਿੰਘ ਅਭਿਆਸੀ, ਭਾਈ ਸਰਵਣ ਸਿੰਘ, ਭਾਈ ਮੇਜਰ ਸਿੰਘ ਨਾਗੋਕੇ, ਭਾਈ ਭੋਲਾ ਸਿੰਘ ਰੋਡੇ, ਭਾਈ ਠਾਕੁਰ ਸਿੰਘ ਵਰਗੇ ਸਿੰਘਾਂ ਦੀ ਸਹਾਇਤਾ ਨਾਲ਼ ਇਹ ਮਹਾਨ ਕਾਰਨਾਮਾ ਕਰ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ।
ਇਸ ਕੰਮ ਵਿਚ ਰਈਆ ਮੰਡੀ ਦੇ ਵਾਸੀ ਭਾਈ ਗਿਆਨ ਸਿੰਘ ਦੀ ਵੀ ਅਹਿਮ ਭੂਮਿਕਾ ਰਹੀ ਹੈ, ਜੋ ਕਿ ਦਿੱਲੀ ਰਹਿੰਦੇ ਸਨ ਤੇ ਉਹਨਾਂ ਕੋਲ ਗਤਕਾ ਸਿੱਖਣ ਆਉਣ ਵਾਲੇ ਨੌਜਵਾਨਾਂ ਵਿਚ ਹੀ ਭਾਈ ਰਣਜੀਤ ਸਿੰਘ ਸਨ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਭਾਈ ਰਣਜੀਤ ਸਿੰਘ ਦਾ ਮਿਲਾਪ ਕਰਵਾਇਆ ਸੀ। ਉਹ ਨਾਗੋਕੇ ਪਿੰਡ ਵਿਆਹੇ ਹੋਏ ਸਨ ਤੇ ਨਾਗੋਕੇ ਗਰੁੱਪ ਦੀ ਟਕਸਾਲ ਵਿਚ ਚੰਗੀ ਪੈਂਠ ਸੀ। ਹਕੂਮਤ ਨੇ ਹਰ ਹਰਬਾ ਵਰਤਿਆ ਕਿ ਇਸ ਕਤਲ ਕੇਸ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫਸਾ ਲਿਆ ਜਾਵੇ ਜੋ ਕਿ ਨਰਕਧਾਰੀਆਂ ਦਾ ਡਟਵੀਂ ਵਿਰੋਧਤਾ ਕਰਦੇ ਸਨ।
ਚੱਲਦਾ ਵਹੀਰ
ਭਾਈ ਸੁਖਦੇਵ ਸਿੰਘ ਵਰਗਾ ਦਰਦ ਰੱਖਣ ਵਾਲੇ ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ... ਸਿੰਘ, ਭਾਈ ਸੁਲੱਖਣ ਸਿੰਘ ਵੈਰੋਵਾਲ਼, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਅਨੋਖ ਸਿੰਘ ਸੂਬਾ ਵੜਿੰਗ ਜਿਹੇ ਸਿੰਘ ਆਪਸ ਵਿਚ ਮਿਲਦੇ ਗਏ। ਇਹਨਾਂ ਨੂੰ ਨਾਗੋਕੇ ਗਰੁੱਪ ਕਿਹਾ ਜਾਂਦਾ ਸੀ, ਕਿਉਂਕਿ ਬਹੁਤੇ ਸਿੰਘ ਨਾਗੋਕੇ ਪਿੰਡ ਦੇ ਆਸ-ਪਾਸ ਦੇ ਸਨ। ਉਹਨੀ ਦਿਨੀਂ ਹੀ ਇਹੋ ਜਿਹੇ ਜਜ਼ਬਿਆਂ ਵਾਲੇ ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆਂ, ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਹੌਲਦਾਰ ਭੂਰੇ-ਕੋਹਨੇ ਆਦਿਕ ਸਿੰਘ ਵੀ ਕੈਨੇਡਾ ਤੋਂ ਆਏ ਭਾਈ ਤਲਵਿੰਦਰ ਸਿੰਘ ਪਰਮਾਰ ਵਾਸੀ ਨਰੂੜ ਪਾਸ਼ਟਾਂ ਦੀ ਅਗਵਾਈ ਹੇਠ 'ਚੱਲਦਾ ਵਹੀਰ' ਲੈ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੁੰਦੇ ਸਨ। ਸਾਰਿਆਂ ਦੀ ਰੀਝ ਸੀ ਕਿ ਸਿੰਘਾਂ ਦਾ ਕਤਲੇਆਮ ਕਰਨ ਵਾਲੇ ਤੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਨਰਕਧਾਰੀਆਂ ਨੂੰ ਸੋਧਿਆ ਜਾਵੇ। ਸ਼ਸਤਰਾਂ ਤੇ ਮਾਇਆ ਦਾ ਇੰਤਜ਼ਾਮ ਮੁਖ ਤੌਰ ਤੇ ਭਾਈ ਤਲਵਿੰਦਰ ਸਿੰਘ ਨੇ ਕੀਤਾ। ਅੱਜ-ਕੱਲ੍ਹ 'ਪ੍ਰਭ ਮਿਲਣੈ ਕਾ ਚਾਓ' ਦਾ ਸੰਚਾਲਕ ਬਣੇ ਸੇਵਾ ਸਿੰਘ ਤਰਮਾਲਾ ਵੀ ਇਸ ਜਥੇ ਦੇ ਨਾਲ ਸਨ। ਇਨਾਂ ਨੂੰ ਉਦੋਂ ਬੱਬਰ ਦਲ ਕਿਹਾ ਜਾਂਦਾ ਸੀ। ਬਾਅਦ ਵਿਚ ਇਹੀ ਦਲ 'ਬੱਬਰ ਖਾਲਸਾ'ਬਣਿਆ।
ਕਾਰਵਾਈ ਸ਼ੁਰੂ
ਇਸ ਮਗਰੋਂ ਗੁਰ-ਨਿੰਦਕਾਂ ਨੂੰ ਸੋਧਣ ਦੀ ਕਾਰਵਾਈ ਸ਼ੁਰੂ ਹੋਣੀ ਹੀ ਸੀ। ਬਠਿੰਡੇ ਵੱਲ ਕੋਟ ਸ਼ਮੀਰ ਪਿੰਡ ਦੇ ਕਾਮਰੇਡ ਦਰਸ਼ਨ ਨੇ ਗੁਰੂ ਗਰੰਥ ਸਾਹਿਬ ਦੀ ਬੇਹੁਰਮਤੀ ਕੀਤੀ। ਸਿੰਘਾਂ ਨੇ ਇਹ ਦੁਸ਼ਟ ਕਾਮਰੇਡ ਝਟਕਾ ਦਿੱਤਾ। ਅਨੰਦਪੁਰ ਸਾਹਿਬ ਦੀ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਤੇ ਨਿਰੰਕਾਰੀ ਪ੍ਰਮੁੱਖ ਸ਼ਾਦੀ ਲਾਲ ਅੰਗਰਾ ਸਿੱਖੀ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲੀ ਟੀਮ ਦਾ ਅਹਿਮ ਹਿੱਸਾ ਸੀ। ਭਾਈ ਸੁਖਦੇਵ ਸਿੰਘ ਬੱਬਰ ਨੂੰ ਇਹਨਾਂ ਨਰਕਧਾਰੀਆਂ 'ਤੇ ਬੜਾ ਗ਼ੁੱਸਾ ਸੀ। ੫ ਅਗਸਤ ੧੯੮੧ ਨੂੰ ਭਾਈ ਸੁਖਦੇਵ ਸਿੰਘ ਬੱਬਰ ਨੇ ਅਨੰਦਪੁਰ ਸਾਹਿਬ ਵਿਖੇ ਗੋਲੀ ਮਾਰ ਕੇ ਸ਼ਾਦੀ ਲਾਲ ਨੂੰ ਨਰਕੀਂ ਤੋਰ ਦਿੱਤਾ। ਇਹਨਾਂ ਸੋਧਿਆਂ ਦੀ ਖ਼ਬਰਾਂ ਨੇ ਖ਼ਾਲਸਾ ਪੰਥ ਨੂੰ ਹਲੂਣਾ ਦਿੱਤਾ ਤੇ ਹੋਰ ਸਿੰਘਾਂ ਨੂੰ ਵੀ 'ਆਪਣੇ ਹੱਥੀ ਕਾਰਜ ਸੰਵਾਰਨ' ਵੱਲ ਪ੍ਰੇਰਿਤ ਕੀਤਾ। ਦਿਨੋਂ-ਦਿਨ ਖ਼ਾਲਸਾ ਪੰਥ ਦਾ ਵਿਸ਼ਵਾਸ ਇਸ ਗੱਲ ਵਿਚ ਵਧਦਾ ਗਿਆ ਕਿ ਸਿੱਖੀ ਦੇ ਵੈਰੀਆਂ ਨੂੰ ਸਰਕਾਰ ਨੇ ਹਰ ਤਰ੍ਹਾਂ ਮਦਦ ਕਰਨੀ ਹੈ ਤੇ ਇਹਨਾਂ ਦੁਸ਼ਟਾਂ ਦੇ ਸਿਰ ਆਪ ਹੀ ਫੇਹਣੇ ਪੈਣਗੇ। ਇਹ ਇਕ ਹਥਿਆਰਬੰਦ ਸੰਘਰਸ਼ ਦੀ ਅਰੰਭਤਾ ਸੀ।
ਲਾਲ਼ਾ ਜੀ ਵੀ ਤੁਰ ਗਏ
ਇਹਨਾਂ ਦਿਨਾਂ ਵਿਚ ਹੀ ਜਲੰਧਰ ਦੇ 'ਜਗ ਬਾਣੀ' ਅਖ਼ਬਾਰ ਵਾਲੇ ਲਾਲ਼ਾ ਜਗਤ ਨਾਰਾਇਣ ਨੂੰ ਵੀ ਸਿੱਖੀ ਤੇ ਸਿੱਖਾਂ ਖ਼ਿਲਾਫ਼ ਲਿਖਣ ਦਾ ਦੌਰਾ ਪਿਆ ਹੋਇਆ ਸੀ। ਐਨਾ ਭੂਤਰਿਆ ਹੋਇਆ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਕੁਝ ਨਹੀਂ ਸੀ ਸਮਝਦਾ। ਉਹਦੇ ਜ਼ਹਿਰੀ ਬੋਲ ਸਿੱਖਾਂ ਦੇ ਹਿਰਦਿਆਂ ਨੂੰ ਲਾਂਬੂ ਲਾ ਰਹੇ ਸੀ। ਲਾਲ਼ੇ ਨੇ ਗੁਰਬਚਨੇ ਨਰਕਧਾਰੀਏ ਦੇ ਹੱਕ ਵਿਚ ਵੀ ਠੋਕ ਕੇ ਗਵਾਹੀ ਦਿੱਤੀ ਸੀ ਤੇ ਉਸ ਨੂੰ ਰਿਹਾਅ ਕਰਵਾਇਆ ਸੀ। ਅਕਾਲੀਆਂ ਦੀ ਤਾਂ 'ਚਮੜੀ ਮੋਟੀ' ਸੀ, ਪਰ ਗੁਰੂ ਕੇ ਲਾਲ ਤਾਂ ਲਾਲ਼ੇ ਦੀਆਂ ਲਿਖਤਾਂ ਤੋਂ 'ਖ਼ੂਨ ਦੇ ਅੱਥਰੂ ਰੋ ਰਹੇ' ਸੀ। ਤੇ ਜਦੋਂ ਕੋਈ ਹੋਰ ਰਾਹ ਨਾ ਰਿਹਾ ਤਾਂ ਫਿਰ ੯ ਸਤੰਬਰ ੧੯੮੧ ਨੂੰ ਸਿੰਘਾਂ ਨੇ 'ਆਪਣੇ ਹੱਥੀਂ ਆਪ ਕਾਜ ਸੰਵਾਰ ਲਿਆ'।
ਲਾਲ਼ੇ ਦੇ ਕਤਲ ਵਿਚ ਸੰਤਾਂ ਨੂੰ ਫਸਾਉਣ ਲਈ ਹਕੂਮਤ ਅੱਡੀਆਂ ਭਾਰ ਹੋ ਗਈ। ਹਰਿਆਣੇ ਦੇ ਪਿੰਡ ਚੰਦੋ ਕਲਾਂ ਵਿਚ ਛਾਪਾ ਮਾਰਿਆ। ਹਾਲਾਂਕਿ ਸੰਤ ਓਥੋਂ ਮਹਿਤਾ ਚੌਂਕ ਪੁੱਜ ਗਏ ਸੀ, ਪਰ ਪੁਲੀਸ ਨੇ ਸਿੰਘਾਂ ਦੇ ਸਮਾਨ ਨੂੰ ਅੱਗ ਲਾ ਦਿੱਤੀ, ਬਾਣੀ ਦੀਆਂ ਪੋਥੀਆਂ ਤੇ ਜਥੇ ਦੀ ਬੱਸਾਂ ਸਾੜ ਦਿੱਤੀਆਂ। ਗੁਰੂ ਗਰੰਥ ਸਾਹਿਬ ਜੀ ਨੂੰ ਵੀ ਅੱਗ ਲਾਈ ਗਈ। ਭਾਈ ਮੋਹਕਮ ਸਿੰਘ ਤੇ ਹੋਰ ਜ਼ਿੰਮੇਵਾਰ ਸਿੰਘਾਂ ਦੀ ਬੇਇੱਜ਼ਤੀ ਕੀਤੀ।
ਮਹਿਤਾ ਚੌਂਕ ਨੂੰ ਘੇਰਾ ਪਾ ਕੇ ਬੈਠੀ ਪੁਲੀਸ ਨੂੰ ਸੁੱਖ ਦਾ ਸਾਹ ਆਇਆ, ਜਦੋਂ ਸੰਤਾਂ ਨੇ ਐਲਾਨ ਕੀਤਾ ਕਿ ਉਹ ੨੦ ਸਤੰਬਰ ਨੂੰ ਮਹਿਤਾ ਚੌਕ ਤੋਂ ਗ੍ਰਿਫ਼ਤਾਰੀ ਦੇਣਗੇ। ਸੰਤਾਂ ਨੂੰ ੨੦ ਸਤੰਬਰ ' ਮਹਿਤਾ ਚੌਕ ਤੋਂ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਜੇਲ਼ ਵਿਚ ਬੰਦ ਕੀਤਾ ਗਿਆ। ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਕੇ ਮਹਿਤਾ ਚੌਂਕ ਤੇ ਨਾਥ ਦੀ ਖੂਹੀ ਵਿਖੇ ਡੇਢ ਦਰਜਨ ਸਿੱਖ ਸ਼ਹੀਦ ਕਰ ਦਿੱਤੇ। ਇਸ ਤੋਂ ਪੰਥ ਵਿਚ ਹੋਰ ਵੀ ਗ਼ੁੱਸੇ ਦੀ ਲਹਿਰ ਭੜਕ ਉਂਠੀ।
ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਿਆ। ਦਲ ਖ਼ਾਲਸਾ ਜਥੇਬੰਦੀ ਨੇ ਭਾਰਤੀ ਹਵਾਈ ਜਹਾਜ਼ ਅਗਵਾ ਕੀਤਾ ਤੇ ਪਾਕਿਸਤਾਨ ਲੈ ਗਏ। ਫ਼ੈਡਰੇਸ਼ਨ ਨੇ ਥਾਂ-ਥਾਂ ਦੇਸੀ ਬੰਬ ਚਲਾਏ ਤੇ ਰੇਲਵੇ ਲਾਈਨਾਂ ਪੁੱਟ ਸੁੱਟੀਆਂ। ਇਹ ਘਟਨਾਵਾਂ ਦਰਸਾ ਰਹੀਆਂ ਸਨ ਕਿ ਖ਼ਾਲਸਾ ਪੰਥ ਲਈ ਸੰਤ ਜਰਨੈਲ ਸਿੰਘ ਕੇਵਲ ਇਕ ਵਿਅਕਤੀ ਨਹੀਂ, ਸਗੋਂ ਹੋਰ ਵੀ ਬਹੁਤ ਕੁਝ ਹਨ।
ਮੋਟਰ ਸਾਈਕਲ
ਬੱਬਰਾਂ ਦੇ ਸਿੰਘਾਂ ਭਾਈ ਸੁਖਦੇਵ ਸਿੰਘ ਤੇ ਸਾਥੀਆਂ ਨੇ ਵੀ ਸੰਤਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮੋਟਰਸਾਈਕਲ ਚਲਾ ਦਿੱਤਾ। ਲਾਲ਼ਾ ਜਗਤ ਨਰਾਇਣ ਦੀ ਮੌਤ
ਮਗਰੋਂ ਕੱਟੜਪੰਥੀ ਹਿੰਦੂਆਂ ਨੇ ਜਲੰਧਰ ਵਿਚ ਬੜੀ ਭੜਕਾਊ ਨਾਅਰੇਬਾਜ਼ੀ ਕੀਤੀ ਸੀ ਤੇ ਕਈ ਸਿੱਖਾਂ ਨੂੰ ਜ਼ਖ਼ਮੀ ਕਰ ਸੁੱਟਿਆ ਸੀ। ਰੋਜ਼ਾਨਾ 'ਅਕਾਲੀ ਪੱਤ੍ਰਿਕਾ' ਅਖ਼ਬਾਰ ਦੇ ਦਫ਼ਤਰ ਨੂੰ ਵੀ ਅੱਗ ਲਾਈ ਗਈ ਸੀ। ਇਹਨਾਂ ਜ਼ਿਆਦਤੀਆਂ ਕਰਕੇ ਜਲੰਧਰ ਦੇ ਲਾਲ਼ਿਆਂ ਖ਼ਿਲਾਫ਼ ਹਰ ਸਿੱਖ ਦੇ ਮਨ ਵਿਚ ਕਰੋਧ ਦੇ ਭਾਂਬੜ ਮੱਚ ਰਹੇ ਸੀ। ਸੰਤਾਂ ਦੀ ਗ੍ਰਿਫ਼ਤਾਰੀ ਵਾਲੀ ਰਾਤ ਨੂੰ ਜਲੰਧਰ ਵਿਚ ਤਿੰਨ ਸਿੰਘਾਂ ਨੇ ਮੋਟਰ ਸਾਈਕਲ 'ਤੇ ਜਾ ਕੇ ਫਾਇਰਿੰਗ ਕੀਤੀ ਤੇ ੩ ਦੋਸ਼ੀਆਂ ਨੂੰ ਬੇਦੋਸ਼ੇ ਸਿੱਖਾਂ ਤੇ ਜ਼ੁਲਮ ਕਰਨ ਲਈ ਸਜ਼ਾ ਦਿੱਤੀ। ੧੨ ਹੋਰ ਜ਼ਖ਼ਮੀ ਹੋਏ। ਤਰਨਤਾਰਨ ਵਿਚ ਵੀ ਇਹੋ ਜਿਹੇ ਫ਼ਿਰਕੂ ਅਨਸਰਾਂ 'ਤੇ ਫ਼ਾਇਰਿੰਗ ਹੋਈ ਤੇ ੧ ਕੱਟੜਪੰਥੀ ਮਾਰਿਆ ਗਿਆ ਤੇ ੧੭ ਜ਼ਖ਼ਮੀ ਹੋਏ। ਇੰਦਰਾ ਤਾਂ ਸੋਚਦੀ ਸੀ ਕਿ ਵੱਧ ਤੋਂ ਵੱਧ ਸਿੱਖ ਧਰਨੇ-ਮੁਜ਼ਾਹਰੇ ਹੀ ਕਰਨਗੇ ਪਰ ਸੰਤਾਂ ਦੀ ਗ੍ਰਿਫ਼ਤਾਰੀ ਮਗਰੋਂ ਜੋ ਖ਼ੂਨੀ ਮਾਹੌਲ ਬਣਿਆ ਤੇ ਹਵਾਈ ਜਹਾਜ਼ ਤਕ ਅਗਵਾ ਹੋ ਕੇ ਮਸਲੇ ਦਾ ਅੰਤਰਰਾਸ਼ਟਰੀਕਰਣ ਹੋਇਆ, ਉਸ ਤੋਂ ਉਹ ਐਸੀ ਚਾਲੂ ਹੋਈ ਕਿ ੧੫ ਅਕਤੂਬਰ ੧੯੮੧ ਨੂੰ ਸੰਤਾਂ ਨੂੰ ਰਿਹਾਅ ਕਰ ਦਿੱਤਾ। ਡਰ ਇਹ ਵੀ ਪੈ ਗਿਆ ਕਿ ਸਿੱਖ ਕੌਮ ਵੱਲੋਂ ਜਿੰਨਾ ਸਮਰਥਨ ਸੰਤਾਂ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਤਾਂ ਬਾਦਲ ਵਰਗੇ ਲਾਈਲੱਗ ਤੇ ਸੱਤਾ ਦੇ ਭੁੱਖੇ ਅਕਾਲੀਆਂ ਦੀ ਥਾਂ ਸਿੱਖਾਂ ਦੇ ਆਗੂ ਸੰਤ ਭਿੰਡਰਾਂਵਾਲੇ ਵਰਗੇ ਨਿਧੜਕ ਤੇ ਬੇਗਰਜ਼ ਵਿਅਕਤੀ ਬਣ ਜਾਣਗੇ।
ਗ਼ੁਲਾਮੀ ਦਾ ਅਹਿਸਾਸ
ਭਾਵੇਂ ਛੇਤੀ ਹੀ ਸੰਤਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਮਹਿਤਾ ਚੌਂਕ ਗੋਲ਼ੀ ਕਾਂਡ ਦੀ ਜਾਂਚ ਵੀ ਸ਼ੁਰੂ ਹੋ ਗਈ, ਪਰ ਵਾਪਰੀਆਂ ਘਟਨਾਵਾਂ ਨੇ ਸੰਤ ਭਿੰਡਰਾਂਵਾਲ਼ਿਆਂ ਨੂੰ ਡੂੰਘੀ ਤਰ੍ਹਾਂ ਗ਼ੁਲਾਮੀ ਦਾ ਅਹਿਸਾਸ ਕਰਵਾਇਆ। ਹੁਣ ਉਹ ਸਿੱਖਾਂ ਨੂੰ ਧਰਮ ਵਿਚ ਪ੍ਰਪੱਕ ਕਰਨ ਦੇ ਨਾਲ਼-ਨਾਲ਼ ਗ਼ੁਲਾਮੀ ਦਾ ਅਹਿਸਾਸ ਵੀ ਕਰਵਾਉਂਦੇ ਸਨ। ਅਕਾਲੀ ਆਗੂ ਹਰ ਘਟਨਾ ਨੂੰ ਸਰਕਾਰ ਦਾ ਧੱਕਾ ਕਹਿੰਦੇ ਸਨ, ਜਦਕਿ ਸੰਤਾਂ ਨੇ ਇਸ ਨੂੰ ਅਜ਼ਾਦ ਭਾਰਤ ਵਿੱਚ ਰਹਿ ਰਹੇ ਸਿੱਖਾਂ ਦੀ ਗ਼ੁਲਾਮੀ ਦਾ ਸਬੂਤ ਕਹਿਣਾ ਸ਼ੁਰੂ ਕਰ ਦਿੱਤਾ। ਅਕਾਲੀਆਂ ਲਈ ਹਿੰਦੁਸਤਾਨ ਹੀ ਸਿੱਖਾਂ ਦਾ ਮੁਲਕ ਸੀ, ਜਿੱਥੋਂ ਦੀ ਸਰਕਾਰ ਉਹਨਾਂ ਨਾਲ਼ ਧੱਕੇ ਕਰਦੀ ਹੈ, ਪਰ ਸੰਤਾਂ ਦੀ ਵਿਆਖਿਆ ਬਿਲਕੁਲ ਵੱਖਰੀ ਸੀ। ਸੰਤਾਂ ਦੀ ਸੋਚ ਪ੍ਰਸਿੱਧ ਮੁਸਲਮਾਨ ਚਿੰਤਕ 'ਇਕਬਾਲ' ਨਾਲ਼ ਮਿਲ਼ਦੀ ਸੀ ਕਿ ਕੁਝ ਕੁ ਖੁੱਲ੍ਹਾਂ ਦਾ ਮਤਲਬ ਆਜ਼ਾਦੀ ਨਹੀਂ ਹੁੰਦਾ:
ਮੁਲਾਂ ਕੋ ਗਰ ਹੈ ਹਿੰਦ ਮੇਂ ਸਜਦੇ ਕੀ ਇਜਾਜ਼ਤ,
ਨਾਂਦਾਂ ਯੇਹ ਸਮਝਤਾ ਹੈ, ਇਸਲਾਮ ਹੈ ਆਜ਼ਾਦ।
ਸੰਤਾਂ ਦੀ ਸਿੱਧੀ-ਪੱਧਰੀ ਗੱਲਬਾਤ ਤੇ ਧਾਰਮਿਕ ਦਿੱਖ ਨੇ ਸਿੱਖ-ਸੰਗਤਾਂ ਵਿਚ ਉਹਨਾਂ ਦਾ ਕੱਦ ਬਹੁਤ ਉਂਚਾ ਕਰ ਦਿੱਤਾ ਸੀ। ਦਰਅਸਲ ਨਰਕਧਾਰੀ ਕਾਂਡ, ਚੰਦੋ ਕਲਾਂ ਕਾਂਡ, ਕਾਨਪੁਰ ਅਤੇ ਚੌਕ ਮਹਿਤਾ ਵਿਖੇ ਪੁਲੀਸ ਵੱਲੋਂ ਸਿੱਖਾਂ ਦੇ ਕਤਲ ਨੇ ਜਿੱਥੇ ਸਿੱਖ ਕੌਮ ਨੂੰ ਹਲੂਣਾ ਦਿੱਤਾ ਸੀ, ਓਥੇ ਇਹਨਾਂ ਘਟਨਾਕ੍ਰਮਾਂ ਦੇ ਚੱਲਦਿਆਂ, ਲੰਮੇ ਸਮੇਂ ਮਗਰੋਂ ਸੰਤਾਂ ਦੇ ਰੂਪ ਵਿਚ ਇਕ ਅਜਿਹਾ ਆਗੂ ਮਿਲਿਆ ਸੀ ਜੋ ਵਿਕਦਾ ਜਾਂ ਲਿਫ਼ਦਾ ਨਹੀਂ ਸੀ। ਇਸੇ ਕਰਕੇ ਸਿੱਖ ਨੌਜਵਾਨੀ ਸੰਤਾਂ ਦੇ ਇਕ ਇਸ਼ਾਰੇ 'ਤੇ ਜਾਨਾਂ ਵਾਰਨ ਨੂੰ ਤਿਆਰ ਹੋ ਗਈ ਸੀ।
ਦੂਜੇ ਪਾਸੇ ਨਾਲ ਹੀ ਨਰਕਧਾਰੀਆਂ ਤੇ ਸਿੱਖੀ ਦੇ ਦੋਖੀਆਂ ਨੂੰ ਸੋਧਾ ਲਾਉਣ ਲਈ ਬੱਬਰ ਖ਼ਾਲਸਾ ਵੀ ਮੈਦਾਨ ਵਿਚ ਨਿੱਤਰ ਚੁੱਕਿਆ ਸੀ। ਰਿਹਾਈ ਮਗਰੋਂ ਸੰਤਾਂ ਨੇ ਪੰਜਾਬ ਤੇ ਦਿੱਲੀ ਦਾ ਦੌਰਾ ਕੀਤਾ ਤੇ ਹਜ਼ਾਰਾਂ ਲੋਕਾਂ ਨੂੰ ਧਰਮ ਨਾਲ਼ ਜੋੜਿਆ। ਇਸ ਦੌਰੇ ਮੌਕੇ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਿੰਘ ਵੀ ਉਹਨਾਂ ਦੇ ਨਾਲ਼ ਹੀ ਦਿੱਲੀ ਗਏ ਸਨ। ਜਦ ਕਿਸੇ ਨੇ ਪੁੱਛਿਆ ਕਿ 'ਵਰੰਟਡ ਬੰਦੇ ਕਿਉਂ ਨਾਲ਼ ਹਨ?' ਤਾਂ ਸੰਤਾਂ ਨੇ ਕਿਹਾ ਕਿ 'ਜਿਸ ਵੀ ਗੁਰਸਿੱਖ ਨੂੰ ਪੁਲੀਸ ਤੰਗ ਕਰੇਗੀ ਮੈਂ ਤਾਂ ਸਾਂਭਣੇ ਹੀ ਆ। ' ਉਨ੍ਹਾਂ ਇਹ ਵੀ ਕਿਹਾ ਕਿ 'ਜਦ ਤਕ ਮੇਰੇ ਸਿਰ 'ਤੇ ਸਿਰ ਹੈ, ਮੈਂ (ਇਹਨਾਂ ਸਿੰਘਾਂ ' ਕਿਸੇ ') ਦਿੰਦਾ ਨਹੀਂ, ਮਗਰੋਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ!'
(ਚਲਦਾ...)
Continued on Part 2: ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)