
Sri Guru Arjan Dev Sahib Ji`s Noble Philosophy
ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਹਨ। ਆਪ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਵਿਸ਼ਵ ਅੰਦਰ ਧਾਰਮਿਕ ਮੱਤਾਂ ਦੇ ਇਤਿਹਾਸ ਵਿਚ ਸ਼ਬਦ ਰੂਪੀ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪ ਜੀ ਦੀ ਅਨਮੋਲ ਤੇ ਬੇਮਿਸਾਲ ਦੇਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਹੋਰ ਸੰਤਾਂ-ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰਨਾ ਇਤਿਹਾਸ ਵਿਚ ਧਰਮ ਨਿਰਪੱਖਤਾ ਦੀ ਇਕ ਲਾਸਾਨੀ ਮਿਸਾਲ ਹੈ। ਜਿੱਥੇ ਇਹ ਬਾਣੀ ਆਪ ਜੀ ਦੇ ਸਰਬਪੱਖੀ ਅਨੁਭਵ ਨੂੰ ਪ੍ਰਗਟ ਕਰਦੀ ਹੈ ਉਥੇ ਨਾਲ ਹੀ ਮਨੁੱਖਤਾ ਲਈ ਚੇਤਨਾ ਦੀ ਵਿਸ਼ਾਲਤਾ ਦੀ ਜ਼ਰੂਰਤ ਵੱਲ ਵੀ ਇਸ਼ਾਰਾ ਕਰਦੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਬੁਨਿਆਦੀ ਤੌਰ ’ਤੇ ਅਧਿਆਤਮਕ ਰਚਨਾ ਹੈ। ਇਸ ਵਿਚ ਪਰਮਾਤਮਾ, ਪ੍ਰਕਿਰਤੀ, ਮਨੁੱਖ ਦੇ ਪ੍ਰਸ਼ਨਾਂ ਅਤੇ ਇਨ੍ਹਾਂ ਦੇ ਆਪਸੀ ਸੰਬੰਧਾਂ ਦੀ ਅਧਿਆਤਮਕ ਦ੍ਰਿਸ਼ਟੀ ਤੋਂ ਵਿਆਖਿਆ ਕੀਤੀ ਗਈ ਹੈ। ਪਰੰਤੂ ਉਨ੍ਹਾਂ ਦੀ ਬਾਣੀ ਦਾ ਸਮੁੱਚਾ ਅਧਿਐਨ ਇਸ ਤੱਥ ਨੂੰ ਸਥਾਪਿਤ ਕਰਦਾ ਹੈ ਕਿ ਉਨ੍ਹਾਂ ਦੀ ਬਾਣੀ ਪਰਮਾਤਮਾ ਤੇ ਉਸ ਦੀ ਰਚਨਾ, ਜੀਵਨ ਤੇ ਮੌਤ, ਪੁਨਰ-ਜਨਮ ਤੇ ਮੋਕਸ਼... ਤੇ ਮਨਮੁਖ ਆਦਿ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਸੰਜਮਮਈ, ਸਪੱਸ਼ਟ, ਅਤੇ ਸੁਚੱਜੀ ਕਾਵਿਕ ਸ਼ੈਲੀ ਦੁਆਰਾ ਸੁਲਝਾਉਂਦੀ ਹੋਈ ਅਜਿਹੇ ਨਿੱਗਰ ਮੁੱਲਾਂ ਦਾ ਸੰਚਾਰ ਕਰਦੀ ਹੈ ਜਿਹੜੇ ਮਨੁੱਖ ਅਤੇ ਸਮਾਜ ਵਿਚ ਇਕਸੁਰਤਾ ਅਤੇ ਸੁਖਾਵਾਂਪਣ ਲਿਆਉਣ ਲਈ ਬਹੁਤ ਹੀ ਸਾਰਥਕ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ ਦੇ ਯੋਗ ਹਨ।੧
ਉਨ੍ਹਾਂ ਦੀ ਸਮੁੱਚੀ ਬਾਣੀ ਅਤੇ ਜੀਵਨ ਬਾਰੇ ਵਿਚਾਰ ਕਰਨ ਉਪਰੰਤ ਆਪ ਇਕ ਵੱਡੇ ਨੈਤਿਕ ਵਿਚਾਰਵਾਨ ਦੇ ਰੂਪ ਵਿਚ ਵੀ ਸਾਹਮਣੇ ਆਉਂਦੇ ਹਨ। ਪੰਜਾਬੀ ਵਿਚ ਨੈਤਿਕਤਾ ਲਈ ਸਦਾਚਾਰ ਸ਼ਬਦ ਵੀ ਵਰਤਿਆ ਜਾਂਦਾ ਹੈ ਜੋ ਕਿ ਮਨੁੱਖੀ ਚਰਿੱਤਰ ਦੀ ਪਰਖ ਦਾ ਧੁਰਾ ਹੈ। ਸਦਾਚਾਰ ਦੀ ਨਿਰਖ-ਪਰਖ ਲਈ ਅਕਾਦਮਿਕਤਾ ਦੇ ਖੇਤਰ ਵਿਚ ਆਚਾਰ ਸ਼ਾਸਤਰ (ethics) ਹੋਂਦ ਵਿਚ ਆਇਆ। ਮਨੁੱਖ ਦਾ ਸੁਭਾਵਿਕ ਆਚਰਣ, ਉਸ ਦੀਆਂ ਨਿਤਾਪ੍ਰਤੀ ਦੀਆਂ ਆਦਤਾਂ ਅਤੇ ਚੰਗੇ ਮਾੜੇ ਨੂੰ ਵਿਚਾਰਨ ਦਾ ਪ੍ਰਸੰਗ ਵਿਧਾਨ ਹੀ ਨੈਤਿਕਤਾ ਹੈ। ਲਿੱਲੀ ਵਿਲੀਅਮ ਅਨੁਸਾਰ ‘ਆਚਾਰ ਸ਼ਾਸਤਰ ਸਮਾਜ ਵਿਚ ਰਹਿੰਦੇ ਮਨੁੱਖਾਂ ਦੇ ਚੱਜ ਆਚਾਰ ਦਾ ਅਧਿਐਨ ਕਰਦਾ ਹੈ।’
‘ਆਚਾਰ ਸ਼ਾਸਤਰ ਸਮਾਜ ਵਿਚ ਰਹਿੰਦੇ ਮਨੁੱਖਾਂ ਦੇ ਚੱਜ ਆਚਾਰ ਦਾ ਅਧਿਐਨ ਕਰਦਾ ਹੈ।’
ਨੈਤਿਕਤਾ ਤੋਂ ਬਿਨਾਂ ਧਰਮ ਦੀ ਕਰਮ ਭੂਮੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਭਗਤੀ ਲਹਿਰ ਵਿਚ ਨੈਤਿਕ ਦ੍ਰਿਸ਼ਟੀ ਤੋਂ ਨਵੀਆਂ ਰੇਖਾਵਾਂ ਉਭਰ ਕੇ ਸਾਹਮਣੇ ਆਈਆਂ। ਭਗਤੀ ਲਹਿਰ ਨੇ ਬੁੱਤ ਪੂਜਾ, ਜਾਤ-ਪਾਤ, ਊਚ-ਨੀਚ ਅਤੇ ਕਈ ਪ੍ਰਕਾਰ ਦੇ ਕਰਮ-ਕਾਂਡਾਂ ਦਾ ਖੰਡਨ ਕਰ ਕੇ ਇਸ ਨੂੰ ਇਕਾਂਤਕ ਘੇਰੇ ਵਿੱਚੋਂ ਕੱਢ ਕੇ ਸਮਾਜਿਕਤਾ ਪ੍ਰਦਾਨ ਕੀਤੀ। ਇਸ ਨੂੰ ਮਾਨਵ-ਕਲਿਆਣ ਅਤੇ ਮਨੁੱਖ-ਮਾਤਰ ਦੀਆਂ ਲੋੜਾਂ ਅਨੁਸਾਰ ਢਾਲਣ ਦਾ ਸਫਲ ਯਤਨ ਵੀ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਦਾ ਪ੍ਰਕਾਸ਼ਨ ਹੀ ਹਨ ਅਤੇ ਦੁਨੀਆਂ ਦੇ ਉਨ੍ਹਾਂ ਚਿੰਤਕਾਂ ਵਿੱਚੋਂ ਹਨ ਜਿਨ੍ਹਾਂ ਨੇ ਚਿੰਤਨ ਅਤੇ ਦਰਸ਼ਨ ਨੂੰ ਕੇਵਲ ਚਿੰਤਨ, ਦਰਸ਼ਨ ਅਤੇ ਗਿਆਨ ਦੇ ਪੱਧਰ ’ਤੇ ਹੀ ਨਹੀਂ ਸਗੋਂ ਅੰਤਰ-ਬੋਧ ਦੇ ਪੱਧਰ ’ਤੇ ਪਰਮਸੱਤ ਨਾਲ ਸਮਰੂਪਤਾ ਪ੍ਰਦਾਨ ਕੀਤੀ ਸੀ। ਗੁਰੂ ਪਾਤਸ਼ਾਹ ਨੇ ਭਾਰਤੀ ਸਦਾਚਾਰਕ ਕਦਰਾਂ-ਕੀਮਤਾਂ ਅਤੇ ਸਿੱਖ ਸਦਾਚਾਰਕ ਕਦਰਾਂ¬ਕੀਮਤਾਂ ਵਿਚ ਸੂਖ਼ਮ ਰੇਖਾਵਾਂ ਖਿੱਚਣ ਦੀ ਸਫਲ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸਿੱਖ ਨੈਤਿਕਤਾ ਦੇ ਰੂਪ ਵਿਚ ਭਾਰਤੀ ਸਦਾਚਾਰ ਦਾ ਹੀ ਨਹੀਂ ਸਗੋਂ ਮਨੁੱਖੀ ਸਦਾਚਾਰ ਦਾ ਸਭ ਤੋਂ ਬਲਵਾਨ ਪ੍ਰਗਟਾ ਸਾਹਮਣੇ ਆਇਆ ਹੈ।
ਗੁਰੂ ਸਾਹਿਬਾਨ ਦੁਆਰਾ ਜਿਸ ਨੈਤਿਕਤਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ ਉਹ ਕਿਸੇ ਕਰਾਮਾਤ ਦੇ ਸਹਾਰੇ ਨਹੀਂ ਕੀਤਾ ਗਿਆ ਸਗੋਂ ਨੈਤਿਕਵਾਦੀ ਸਥਾਪਨਾ ਲਈ ਕਿਸੇ ਬਾਹਰੀ ਸਹਾਰੇ ਦੀ ਲੋੜ ਦੀ ਥਾਂ ਇਸ ਨੂੰ ਸਿੱਧਾ ‘ਮਨੁੱਖ’ ਦੇ ਅੰਦਰੋਂ ਪ੍ਰਸਤੁਤ ਕੀਤਾ ਹੈ। ਇਸੇ ਕਰਕੇ ਗੁਰਮਤਿ ਨੈਤਿਕਤਾ ਜਗਿਆਸੂ ਮਨੁੱਖ ਵੱਲੋਂ ਮਨ, ਬਚਨ ਅਤੇ ਕਰਮ ਦੇ ਪੱਧਰ ’ਤੇ ਪ੍ਰਵਾਨਿਤ ਨੈਤਿਕਤਾ ਹੈ। ਇਸ ਨੈਤਿਕ ਵਿਧਾਨ ਦੀ ਜੁਗਤ ਸਿਧਾਂਤਕ ਰੂਪ ਵਿਚ ਨਾਮ-ਸਿਮਰਨ, ਹੁਕਮ, ਭਾਣਾ ਮੰਨਣ ਅਤੇ ਕਿਰਪਾ ’ਤੇ ਆਧਾਰਿਤ ਹੈ ਅਤੇ ਅਸਲ ਵਿਚ ਇਸ ਦਾ ਗੁਰਮਤਿ ਵਿਚ ਪ੍ਰਗਟਾਵਾ ਤ੍ਰੈ-ਪੱਖੀ ਗੁਰਮਤਿ ਅਸੂਲ ‘ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨਾ’ ਵਿਚ ਹੋਇਆ ਹੈ। ਅੰਤਰੀਵੀ ਸਵੱਛਤਾ ਭਾਵ ਮਿੱਠਾ ਬੋਲਣਾ, ਸੱਚਾਈ ਉੱਪਰ ਚੱਲਣਾ, ਨਿਮਰਤਾ, ਸੁਖ-ਦੁੱਖ ਵਿਚ ਸਹਾਈ ਹੋਣਾ, ਨਿਰਵੈਰਤਾ ਰੱਖਣੀ ਆਦਿ ਦੇ ਸੰਕਲਪ ਵੀ ਇਸੇ ਜੁਗਤ ਨੂੰ ਦ੍ਰਿੜ੍ਹ ਕਰਾਉਂਦੇ ਹਨ।
ਗੁਰਮਤਿ ਵਿਚ ਨਾਮ-ਸਿਮਰਨ ਮਨੁੱਖ ਦੇ ਆਦਰਸ਼ ਗੁਣਾਂ ਵਿਚ ਅਹਿਮ ਸਥਾਨ ਰੱਖਦਾ ਹੈ। ਨਾਮ ਹੀ ਇੱਕੋ-ਇੱਕ ਅਜਿਹਾ ਸੰਕਲਪ ਹੈ ਜਿਸ ਦੇ ਦੁਆਲੇ ਸਿਮਰਨ ਦੀ ਲਕਸ਼-ਸਿੱਧੀ ਘੁੰਮਦੀ ਹੈ। ਨਾਮ-ਸਿਮਰਨ ਹੀ ਪਰਮਾਤਮਾ ਦੀ ਤੀਬਰ ਚੇਤਨਾ ਜਗਾਉਣ ਦੀ ਧਿਆਨ ਵਿਧੀ ਹੈ। ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਾਪਤ ‘ਨਾਮ’ ਇਕ ਅਜਿਹਾ ਸੰਕਲਪ ਹੈ ਜੋ ਮਨੁੱਖ ਨੂੰ ਪਰਮ ਸਦੀਵੀ ਸੱਚ ਦੇ ਮਾਰਗ ਦਾ ਪਾਂਧੀ ਬਣਾਉਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਵਿਚ ਨਾਮ¬ਮਹਿਮਾ ਦਾ ਸਥਾਨ ਸਰਵਉੱਚ ਤੇ ਸ੍ਰੇਸ਼ਠਤਮ ਹੈ। ਪ੍ਰਭੂ-ਨਾਮ ਅੰਮ੍ਰਿਤ ਦੇ ਸਮਾਨ ਹੈ ਜਿਸ ਨੂੰ ਪ੍ਰਾਪਤ ਕਰਨ ਨਾਲ ਮਨੁੱਖ ਜਨਮ-ਮਰਨ ਤੋਂ ਰਹਿਤ ਹੋ ਜਾਂਦਾ ਹੈ। ਮਾਇਆ ਰੂਪੀ ਚੰਡਾਲਣ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ:
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ॥
(ਅੰਗ ੫੧੮)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ-ਮਿਲਾਪ ਲਈ ਨਾਮ-ਸਿਮਰਨ ਦੀ ਸਮਰੱਥਾ ਸਾਹਮਣੇ ਪੁੰਨ-ਦਾਨ, ਜਪ-ਤਪ ਦੇ ਖੋਖਲੇ ਗਿਆਨ ਨੂੰ ਨਾਂ-ਮਾਤਰ ਦੱਸਦਿਆਂ ਸੱਚੇ ਨਾਮ ਦਾ ਆਦੇਸ਼ ਦਿੱਤਾ ਹੈ ਜਿਸ ਤੋਂ ਬਿਨਾਂ ਕਰਮ ਨਿਰਾਰਥਕ ਅਤੇ ਅਪੂਰਨ ਹਨ। ਸੱਚੇ ਨਾਮ ਦੀ ਵਡਿਆਈ ਬਾਰੇ ਗੁਰੂ ਸਾਹਿਬ ਦਾ ਫ਼ੁਰਮਾਨ ਹੈ:
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ॥
(ਅੰਗ ੫੧੮)
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ॥
(ਅੰਗ ੪੦੧)
ਸਮੁੱਚੇ ਰੂਪ ਵਿਚ ਗੁਰੂ ਸਾਹਿਬ ਦੀ ਬਾਣੀ ਵਿਚ ਨਾਮ ਅਥਵਾ ਸ਼ਬਦ ਦੀ ਅਪਾਰ ਮਹੱਤਤਾ ਦਰਸਾਈ ਗਈ ਹੈ। ਗੁਰਬਾਣੀ ਵੀ ਨਾਮ-ਸਿਮਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੋਈ ਮਨੁੱਖ ਨੂੰ ਹਉਮੈ ਦਾ ਤਿਆਗ ਅਤੇ ਸਰੀਰ ਨੂੰ ਸਵੱਛ ਬਣਾ ਕੇ ਉਸ ਵਿਚ ਸੱਚੇ ਪ੍ਰਭੂ ਦਾ ਸੱਚਾ ਨਾਮ ਸਮਾਉਣ ਦੀ ਜਾਚ ਦੱਸਦੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਇਸੇ ਸਿਧਾਂਤ ਦੀ ਧਾਰਨੀ ਹੈ।
ਸੱਚ ਜਾਂ ਸਤਿ ਗੁਰਬਾਣੀ ਦਾ ਮੂਲ ਮੰਤਰ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸੱਚ ਦੇ ਹੀ ਪ੍ਰਚਾਰਕ ਸਨ। ਇਨ੍ਹਾਂ ਨੇ ਸੱਚ ਨੂੰ ਹੀ ਸੁਣਨ, ਮੰਨਣ ਤੇ ਪ੍ਰਚਾਰਨ ਉੱਤੇ ਬਲ ਦਿੱਤਾ। ਇਸ ਭਾਵਨਾ ਦੇ ਅਧੀਨ ਉਨ੍ਹਾਂ ਨੇ ਅਜਿਹੀ ਰੱਬੀ ਹਸਤੀ ਦੀ ਸਥਾਪਨਾ ਕੀਤੀ ਜੋ ਸਤਿ ਸਰੂਪ ਹੈ, ਸਤਿ ਹੈ, ਸਤਿ ਪੁਰਖ ਹੈ, ਸਤਿ ਨਾਮੁ ਹੈ। ਗੁਰੂ ਜੀ ਨੇ ਸਤਿ ਤੇ ਬ੍ਰਹਮ ਵਿਚ ਇਕ ਅਭੇਦਤਾ ਸਥਾਪਿਤ ਕੀਤੀ ਹੈ। ਇਸੇ ਸਵਰ ਵਿਚ ਉਨ੍ਹਾਂ ਨੇ ਸੱਚੇ ਗੁਰੂ, ਸੱਚੇ ਬਚਨ, ਸੱਚੀ ਬਾਣੀ, ਸੱਚੀ ਸਿੱਖਿਆ, ਸਚੁ ਖੰਡ ਅਤੇ ਸੱਚੇ ਆਚਾਰ ਉੱਤੇ ਜ਼ੋਰ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਨੂੰ ਸ਼੍ਰੋਮਣੀ ਦੱਸਿਆ ਹੈ:
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ॥ ਨਾਨਕ ਸੋ ਜਨੁ ਸਚਿ ਸਮਾਤਾ॥
(ਅੰਗ ੨੮੩)
ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਨਵ-ਸੰਸਕ੍ਰਿਤੀ ਵਿਚ ਨਿਮਰਤਾ ਦਾ ਅਹਿਮ ਸਥਾਨ ਹੈ। ਗੁਰੂ ਸਾਹਿਬ ਨੇ ਨੈਤਿਕਤਾ ਪੱਖੋਂ ਬੜੇ ਤਰਕ ਨਾਲ ਨਿਮਰਤਾ ਦਾ ਗੌਰਵ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਗ਼ਰੀਬੀ ਭਾਵ ਨਿਮਰਤਾ ਤੇ ਹਲੀਮੀ ਨੂੰ ਅਪਣਾਉਂਦੇ ਹਨ:
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥
(ਅੰਗ ੨੭੮)
ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥
(ਅੰਗ ੨੬੬)
ਸ੍ਰੀ ਗੁਰੂ ਅਰਜਨ ਦੇਵ ਜੀ ਨਿਮਰਤਾ ਦੇ ਗੁਣ ਵਜੋਂ ਖ਼ਿਮਾ ਭਾਵ ਕਿਸੇ ਨੂੰ ਮੁਆਫ਼ ਕਰ ਦੇਣ ਦੀ ਸਿੱਖਿਆ ਦਿੰਦੇ ਹਨ। ਜਿੱਥੇ ਖ਼ਿਮਾ ਦਾ ਗੁਣ ਮੌਜੂਦ ਹੈ ਉਥੇ ਪ੍ਰਭੂ ਆਪ ਨਿਵਾਸ ਕਰਦਾ ਹੈ। ਗੁਰੂ ਸਾਹਿਬ ਇਸ ਨੂੰ ਕਦੇ ਨਾ ਘਟਣ ਵਾਲਾ ਖ਼ਜ਼ਾਨਾ ਕਹਿੰਦੇ ਹਨ। ਨਿਮਰਤਾ ਦੇ ਨਾਲ ਹੀ ਮਿੱਠਾ ਬੋਲਣਾ ਵੀ ਮਨੁੱਖ ਦੇ ਆਚਾਰ ਧਰਮ ਵਿਚ ਚੰਗਾ ਗੁਣ ਮੰਨਿਆ ਜਾਂਦਾ ਹੈ। ਇਹ ਇਕ ਅਜਿਹਾ ਗੁਣ ਹੈ ਜੋ ਵਿਅਕਤੀ ਨੂੰ ਆਦਰ ਅਤੇ ਸਤਿਕਾਰ ਦਾ ਪਾਤਰ ਬਣਾ ਦਿੰਦਾ ਹੈ। ਮਿੱਠੇ ਬੋਲ ਹੀ ਵਿਸ਼ਵਾਸ ਉਤਪੰਨ ਕਰਦੇ ਹਨ ਅਤੇ ਭੈ ਤੇ ਹੰਕਾਰ ਨੂੰ ਦੂਰ ਕਰਦੇ ਹਨ।
ਗੁਰਮਤਿ ਅਨੁਸਾਰ ਮਨੁੱਖ ਅੰਦਰ ਬਿਨਾਂ ਕਿਸੇ ਜ਼ਾਤੀ ਭੇਦ-ਭਾਵ, ਨਿਰਵੈਰਤਾ ਦਾ ਗੁਣ ਹੋਣਾ ਉਸ ਨੂੰ ਸਮਾਜਿਕ ਤੇ ਆਤਮਿਕ ਮੁਕਤੀ ਪ੍ਰਦਾਨ ਕਰਦਾ ਹੈ। ਜਦ ਮਨੁੱਖ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ ਤਾਂ ਉਸ ਅੰਦਰੋਂ ਵੈਰ, ਵਿਰੋਧ ਅਤੇ ਭਲੇ-ਬੁਰੇ ਦਾ ਭੇਦ ਮਿਟ ਜਾਂਦਾ ਹੈ। ਸਦਾਚਾਰਕ ਪੱਖ ਤੋਂ ਭਾਈਚਾਰਕ ਅਤੇ ਸਭਿਆਚਾਰਕ ਪੱਧਰ ’ਤੇ ਮਨੁੱਖ ਨੂੰ ਨਿਰਵੈਰ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਨਿਮਰਤਾ, ਹਲੀਮੀ, ਮਿੱਠਾ ਬੋਲਣਾ ਆਦਿ ਜਿੰਨੇ ਵੀ ਉਸਾਰੂ ਗੁਣ ਹਨ ਇਨ੍ਹਾਂ ਸਭ ਪਿੱਛੇ ਨਿਰਵੈਰਤਾ ਦੀ ਭਾਵਨਾ ਮੌਜੂਦ ਰਹਿੰਦੀ ਹੈ। ਨਿਰਵੈਰਤਾ ਸੰਬੰਧੀ ਗੁਰੂ ਸਾਹਿਬ ਦਾ ਫ਼ੁਰਮਾਨ ਹੈ:
ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥
(ਅੰਗ ੨੫੯)
ਹਰ ਮਨੁੱਖ ਅੰਦਰ ਪ੍ਰਭੂ ਦਾ ਨਿਵਾਸ ਦੱਸ ਕੇ ਗੁਰੂ ਸਾਹਿਬ ਨੇ ਮਨੁੱਖ ਨੂੰ ਨਿਰਵੈਰ ਰਹਿਣ ਦੀ ਦਲੀਲ ਨੂੰ ਤਰਕਪੂਰਨ ਬੌਧਿਕ ਆਧਾਰ ਬਖ਼ਸ਼ਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਹੰਕਾਰ ਨੂੰ ਇਕ ਔਗੁਣ ਸਵੀਕਾਰਦੇ ਹਨ ਜਿਹੜਾ ਮਨੁੱਖ ਦੀ ਸ਼ਖ਼ਸੀਅਤ ਨੂੰ ਮੁਕੰਮਲ ਨਹੀਂ ਹੋਣ ਦਿੰਦਾ। ਗੁਰੂ ਸਾਹਿਬ ਆਪਣੀ ਬਾਣੀ ਵਿਚ ਅਹੰਕਾਰ ਨੂੰ ਵਿਕਾਰ ਦੇ ਰੂਪ ਵਿਚ ਚਿਤਰਦੇ ਹੋਏ ਇਕ ਦੀਰਘ ਰੋਗ ਦੱਸਦੇ ਹਨ:
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ
(ਅੰਗ ੫੦੨)
ਇਸੇ ਤਰ੍ਹਾਂ ਗੁਰਮਤਿ ਵਿਚ ਹੁਕਮ ਅਤੇ ਭਾਣੇ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ। ਗੁਰੂ ਦੇ ਹੁਕਮ ਵਿਚ ਚੱਲਣਾ ਹੀ ਪ੍ਰਭੂ-ਭਾਣੇ ਨੂੰ ਸਵੀਕਾਰਨਾ ਹੈ। ਜਦੋਂ ਜੀਵ ਪ੍ਰਭੂ ਦੇ ਭਾਣੇ ਵਿਚ ਚੱਲਦਾ ਹੈ ਤਾਂ ਉਸ ਨੂੰ ਇਹ ਪਰਵਾਹ ਨਹੀਂ ਹੁੰਦੀ ਕਿ ਪ੍ਰਭੂ ਉਸ ਨੂੰ ਕਿਸ ਰਸਤੇ ਉੱਪਰ ਲਿਜਾ ਰਿਹਾ ਹੈ। ਉਹ ਗੁਰੂ ਦੇ ਹੁਕਮ ਵਿਚ ਰਹਿੰਦਿਆਂ ਪ੍ਰਭੂ-ਭਾਣੇ ਨੂੰ ਸਿਰ-ਮੱਥੇ ਮੰਨਦਿਆਂ, ਉਸ ਦੇ ਗੁਣਾਂ ਦਾ ਗਾਇਨ ਕਰਦਿਆਂ ਉਸ ਦੀ ਰਜ਼ਾ ਵਿਚ ਚੱਲਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:
ਭਾਣੈ ਉਝੜ ਭਾਣੈ ਰਾਹਾ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ॥
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ॥
(ਅੰਗ ੯੮)
ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਹ ਵੀ ਅੰਕਿਤ ਕੀਤਾ ਹੈ ਕਿ ਜਿਹੜਾ ਹੁਕਮ ਨੂੰ ਮਿੱਠਾ ਕਰ ਕੇ ਸਵੀਕਾਰਦਾ ਹੈ ਉਹ ਸਿਆਣਾ ਅਤੇ ਇੱਜ਼ਤਦਾਰ ਹੋ ਕੇ ਸਾਹਮਣੇ ਆਉਂਦਾ ਹੈ। ਇਸ ਇੱਜ਼ਤਦਾਰੀ, ਨੈਤਿਕਤਾ ਦੇ ਸੰਕੇਤ ਗੁਰੂ ਪਾਤਸ਼ਾਹ ਦੇ ਇਸ ਹੁਕਮ ਤੋਂ ਮਿਲ ਜਾਂਦੇ ਹਨ:
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ॥
(ਅੰਗ ੧੦੮)
ਇਸ ਤਰ੍ਹਾਂ ਗੁਰਬਾਣੀ ਵਿਚਲੇ ਨੈਤਿਕ ਗੁਣਾਂ ਦੇ ਅੰਤਰਗਤ ਸ੍ਰੀ ਗੁਰੂ ਅਰਜਨ ਦੇਵ ਜੀ ਆਦਰਸ਼ ਮਨੁੱਖ ਅੰਦਰ ਅਜਿਹੇ ਸਦੀਵੀ ਗੁਣਾਂ ਦਾ ਜ਼ਿਕਰ ਕਰਦੇ ਹਨ ਜਿਸ ਨਾਲ ਮਨੁੱਖ ਧਾਰਮਿਕ ਅਤੇ ਸਮਾਜਿਕ ਪੱਧਰ ’ਤੇ ਸਦਾਚਾਰਕ ਬਣਦਾ ਹੈ। ਗੁਰੂ ਸਾਹਿਬ ਦੀ ਪਾਵਨ ਬਾਣੀ ਵਿਚ ਵਿਅਕਤੀਗਤ ਪੱਧਰ ’ਤੇ ਹਰੇਕ ਮਨੁੱਖ ਨੂੰ ਕੁਝ ਅਜਿਹੇ ਇਖ਼ਲਾਕੀ ਅਸੂਲ ਪਾਲਣ ਲਈ ਕਿਹਾ ਗਿਆ ਹੈ ਜਿਹੜੇ ਉਸ ਦੇ ਤਨ ਮਨ ਨੂੰ ਨਿਰਮਲ ਤੇ ਸਵੱਛ ਕਰਦੇ ਹਨ ਅਤੇ ਪ੍ਰਭੂ-ਪ੍ਰਾਪਤੀ ਦੇ ਮਾਰਗ ’ਤੇ ਚੱਲਣ ਲਈ ਸਹੀ ਮਾਰਗ ਉਲੀਕਦੇ ਹਨ। ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਨੈਤਿਕ ਫ਼ਲਸਫ਼ਾ ਮਨੁੱਖਤਾ ਨੂੰ ਸਦਾ ਹੀ ਰਾਹ ਦਿਖਾਉਂਦਾ ਰਹੇਗਾ।
੧. ਪ੍ਰੋ. ਦਰਸ਼ਨ ਕੌਰ, ਅੰਗ ੬੨.
੨. Lilly William, An Introduction to Ethics, p. 12.