Dashmesh Vadhaaee
ਜਾਮਾ ਧਾਰ ਨਿਰੰਕਾਰ ਆਕਾਰ ਵਾਲਾ, ਵਿੱਚ ਪਟਨੇ ਦੇ ਚਾਨਣ ਫੈਲਾਇਆ ਸੀ ।
ਬਾਲ ਲੀਲਾ ਵਿਚ ਕ੍ਰਿਸ਼ਨ ਮੁਰਾਰ ਦਿਸਦੇ, ਕਿਸੇ ਰਾਮਚੰਦਰ ਦਰਸ ਪਾਇਆ ਸੀ ।
ਕਿਸੇ ਪੁੱਤ ਚਾਹਿਆ ਪੁਤ੍ਰ ਬਣ ਬੈਠੇ, ਸੀਨਾ ਮਾਂ ਕਹਿ ਸ਼ਾਂਤ ਬਣਾਇਆ ਸੀ ।
ਕਿਸੇ ਯਾਰ ਦੇ ਯਾਰ ਬਣ ਪਿਆਰ ਕੀਤਾ, ਸਦਾ ਲਈ ਬਣ ਯਾਰ ਦਖਾਇਆ ਸੀ ।
ਭੁਖੀ ਆਤਮਾ ਜਿਸ ਨੇ ਜਗਤ ਵਾਲੀ, ਭੋਜਨ ਪ੍ਰੇਮ ਦੇ ਨਾਲ ਰਜਾਈ ਹੋਵੇ ।
ਓਸ ਚੋਜੀ ਅਵਤਾਰ ਦੇ ਆਗਮਨ ਦੀ, ਪੰਥ .ਖਾਲਸਾ ਤਾਈਂ ਵਧਾਈ ਹੋਵੇ ।
ਵਿਚ ਪੁਰੀ ਅਨੰਦ ਆਨੰਦ ਕਰਨਾ, ਰੁੱਖੇ ਹਿਰਦਿਆਂ ਤਾਈ’ ਮਹਿਕਾਰ ਦੇਣਾ ।
ਹਿੰਦ ਰੁੜ੍ਹੀ ਜਾਂਦੀ ਬੱਨੇ ਲਾਉਣ ਖਾਤਰ, ਭੇਟਾ ਪਿਤਾ ਦੇ ਸੀਸ ਦੀ ਚਾੜ੍ਹ ਦੇਣਾ ।
ਕਿਤੇ ਜਾ ਭੰਗਾਣੀ ਵਿੱਚ ਜੁਧ ਕਰਨਾ, ਭੀਮ ਚੰਦ ਦੀ ਹਉਮੈ ਨੂੰ ਝਾੜ ਦੇਣਾ ।
ਕਿਸੇ ਕਾਲਸੀ ਰਿਖੀ ਨੂੰ ਗਲੇ ਲਾਉਣਾ, ਵਿਛੜੇ ਤਾਈਂ ਮਿਲਾ ਨਿਰੰਕਾਰ ਦੇਣਾ ।
ਐਸੇ ਨਹੀਂ ਜੋ ਤਰਨ ਤੋਂ ਰਹੇ ਹੋਵਣ, ਨਿਗ੍ਹਾ ਜਿਨ੍ਹਾਂ ਤੇ ਮਿਹਰ ਦੀ ਪਾਈ ਹੋਵੇ ।
ਉਸ ਉੱਚ ਮਲਾਹ ਦੇ ਆਗਮਨ ਦੀ, ਨਵਖੰਡ, ਸੱਚਖੰਡ ਵਧਾਈ ਹੋਵੇ।
ਅੰਮ੍ਰਿਤ ਤਿਆਰ ਕਰ ਪੰਜਾਂ ਨੂੰ ਅਮਰ ਕਰਕੇ, ਪੰਥ .ਖਾਲਸਾ ਤਾਈਂ ਸਜਾੳਣ ਵਾਲੇ ।
ਭਗਤੀ ਰਸ ਵਿਚ ਬੀਰ-ਰਸ ਮਲ ਸਤਿਗੁਰ, .ਖਾਲਸ ਸੰਤ ਸਿਪਾਹੀ ਬਨਾੳਣ ਵਾਲੇ ।
ਬਾਈਧਾਰ, ਔਰੰਗ ਨਾਲ ਜੁਧ ਕਰਕੇ, ਬੂਟਾ ਜ਼ੁਲਮ ਦਾ ਜੜ੍ਹੋਂ ਗਵਾਉਣ ਵਾਲੇ ।
ਵਾਹੁ ਵਾਹੁ ਮਰਦ ਅਗੰਮੜੇ ਸਤਿਗੁਰ ਜੀ, ਵਾਹੁ ਵਾਹੁ ਤੁਸੀਂ ਵਰਿਆਮ ਅਖਵਾਉਣ ਵਾਲੇ ।
ਹਸਦੇ ਪੁਰੀ ਅਨੰਦ ਨੂੰ ਛਡਿਓ ਨੇ, ਕੀ ਮਜਾਲ ਜੋ ਜੋਤ ਕੁਮਲਾਈ ਹੋਵੇ ।
ਪਿਆਰੇ ਪ੍ਰੀਤਮ ਭਰਤਾਰ ਦੇ ਅਗਮਨ ਦੀ, ਭਾਰਤ ਵਰਸ਼ ਦੇ ਤਾਈਂ ਵਧਾਈ ਹੋਵੇ ।
ਚੁਣੇ ਨੀਆਂ’ਚ ਜੋਰਾਵਰ, ਫਤਹ ਸਿੰਘ ਜੀ, ਮਹਿਲ ਸਿਖੀ ਦਾ ਪੱਕਾ ਬਣਾਉਣ ਬਦਲੇ ।
ਅਜੀਤ ਸਿੰਘ ਜੁਝਾਰ ਵਿਚ ਜੁਧ ਜੂਝੇ, ਛੱਤ ਸਿੱਖੀ ਦੇ ਮਹਿਲ ਦੀ ਪਾਉਣ ਬਦਲੇ ।
ਮਾਤਾ ਗੁਜਰੀ ਜੀ ਤਾਈਂ ਵਾਰਿਆ ਸੀ, ਨੂਰ ਮਹਿਲ ਦੇ ਵਿਚ ਚਮਕਾਉਣ ਬਦਲੇ ।
ਪਿਆਰੇ ਵਾਰ ਦਿਤੇ ਸਿੰਘ ਸੂਰਮੇ ਵੀ, ਓਸੇ ਮਹਿਲ ਦੀ ਸ਼ਾਨ ਵਧਾਉਣ ਬਦਲੇ ।
ਨਾਮ ਬਾਣੀ ਦਾ ਬਖਸ਼ ਕੇ ਖੜਗ ਖੰਡਾ, ਜਿਸ ਨੇ ਜੋਤ ਅਕਾਲ ਦਿਖਾਈ ਹੋਵੇ ।
ਓਸ ਪ੍ਰੀਤਾਮ ਪਿਆਰੇ ਦੇ ਆਗਮਨ ਦੀ, ਸਾਰੇ ਜਗਤ ਦੇ ਤਾਈਂ ਵਧਾਈ ਹੋਵੇ ।
ਚਲੇ ਕੰਡਿਆਂ ਦੇ ਦੁਖ ਮਾਛੀਵਾੜੇ, ਦੁਖੀ ਦੀਨਾਂ ਨੂੰ ਸੁਖੀ ਬਨਾਉਣ ਦੇ ਲਈ ।
ਕੱਕਰ ਪੋਹ ਮਹੀਨੇ ਦੀ ਠੰਡ ਝੱਲੀ, ਸਾਨੂੰ ਸਦਾ ਲਈ ਨਿੱਘ ਪੁਚਾਉਣ ਦੇ ਲਈ ।
ਭੁਖੇ ਰਹਿਕੇ ਅੱਕ ਆਹਾਰ ਕੀਤੇ, ਸਾਡੀ ਸਦਾ ਦੀ ਭੁਖ ਮਿਟਾਉਣ ਦੇ ਲਈ ।
ਦੱਖਣ ਜਾਇਕੇ ਆਪਾ ਵੀ ਵਾਰਿਓ ਨੇ, ਸਾਨੂੰ ਜੀਵਨ ਦੀ ਜਾਚ ਸਿਖਾਉਣ ਦੇ ਲਈ ।
ਗੁਰੂ ਗ੍ਰੰਥ ਸੱਚੇ ਗੁਰੂ ਥਾਪ ਜਿਸਨੇ, ਅਮਰ ਗੁਰੂ ਦੀ ਸ਼ਰਨ ਦਿਵਾਈ ਹੋਵੇ ।
ਮਿਠ ਬੋਲੇ ਦਸਮੇਸ਼ ਦੇ ਆਗਮਨ ਦੀ, ‘ਕੇਵਲ’! ਲੋਕ ਪਰਲੋਕ ਵਧਾਈ ਹੋਵੇ।
I whole heartedly appreciate your good efforts for the Sikh Nation---Akaal Purakh Pitaa Sahab Shree Guru Gobind Singh Jee tuhaanu hor bal bakhshan....Akaal Sahaey--CHAHARRDIKLAA