
The Beloved Immortals of Guru Gobind Singh Ji
ਚਾਲੀ ਮੁਕਤੇ: ਮੁਕਤੀ-ਪ੍ਰਾਪਤ ਵਿਅਕਤੀ ਨੂੰ ‘ਮੁਕਤ’ ਜਾਂ ‘ਮੁਕਤਾ’ ਕਿਹਾ ਜਾਂਦਾ ਹੈ। ਸਿੱਖ-ਇਤਿਹਾਸ ਵਿਚ ਚਾਲੀ ਮੁਕਤਿਆਂ ਦਾ ਪ੍ਰਸੰਗ ਬਹੁਤ ਪ੍ਰਸਿੱਧ ਹੈ, ਜਿਨ੍ਹਾਂ ਦੀ ਯਾਦ ਵਿਚ ਮੁਕਤਸਰ (ਵੇਖੋ) ਦੀ ਸਥਾਪਨਾ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਧਰਮ-ਯੁੱਧ ਕਰਦੇ ਹੋਏ ਮੁਗ਼ਲ ਸੈਨਾ ਦੁਆਰਾ ਆਨੰਦਪੁਰ ਦੇ ਕਿਲ੍ਹੇ ਵਿਚ ਘਿਰ ਗਏ ਤਾਂ ਕੁਝ ਸਿੰਘ ਭੁਖੇ ਤਿਹਾਏ ਹੋਣ ਕਾਰਣ ਦਿਲ ਛਡ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਕਿਲ੍ਹਾ ਛਡ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਅਜੇ ਹੋਰ ਉਡੀਕਣ ਲਈ ਆਦੇਸ਼ ਦਿੱਤਾ। ਪਰ ਉਹ ਕਿਲ੍ਹੇ ਤੋਂ ਬਾਹਰ ਜਾਣ ਲਈ ਬਜ਼ਿਦ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਬੇਦਾਵਾ (ਸੰਬੰਧ-ਤਿਆਗ) ਲਿਖ ਕੇ ਦੇ ਜਾਣ ਲਈ ਕਿਹਾ। ਸ. ਮਹਾਂ ਸਿੰਘ ਦੀ ਜੱਥੇਬੰਦੀ ਅਧੀਨ 40 ਸਿੱਖਾਂ ਨੇ ਬੇਦਾਵਾ ਲਿਖ ਦਿੱਤਾ ਅਤੇ ਕਿਲ੍ਹਾ ਛਡ ਕੇ ਮਾਝੇ ਦੇ ਇਲਾਕੇ ਵਿਚ ਆਪਣੇ ਘਰਾਂ ਨੂੰ ਚਲੇ ਗਏ। ਕੁਝ ਸਮੇਂ ਬਾਦ ਪ੍ਰਤਿਕੂਲ ਸਥਿਤੀ ਨੂੰ ਵੇਖਦੇ ਹੋਇਆਂ ਗੁਰੂ ਜੀ ਨੇ ਵੀ ਕਿਲ੍ਹਾ ਛਡ ਦਿੱਤਾ। ਮੁਗ਼ਲ ਸੈਨਾ ਨਾਲ ਜੂਝਦਿਆਂ ਅਤੇ ਬਿਖੜੇ ਮਾਰਗ ਚਲਦਿਆਂ ਗੁਰੂ ਜੀ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਕੋਲ ਪਹੁੰਚੇ।
ਉਧਰ ਉਹ 40 ਸਿੰਘ ਜਦੋਂ ਘਰਾਂ ਵਿਚ ਪਹੁੰਚੇ ਤਾਂ ਘਰ ਵਾਲਿਆਂ ਨੇ ਬੁਰਾ ਮੰਨਾਇਆ, ਤਾਹਨੇ ਮਾਰੇ, ਵਿਅੰਗ ਕਸੇ। ਸ਼ਰਮਸਾਰ ਹੋ ਕੇ ਉਹ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟ ਸੰਬੰਧਾਂ ਨੂੰ ਫਿਰ ਤੋਂ ਜੋੜਨ ਲਈ ਤੁਰ ਪਏ। ਕਿਲ੍ਹਾ ਛਡ ਚੁੱਕੇ ਗੁਰੂ ਜੀ ਨੂੰ ਲਭਦੇ ਲਭਦੇ ਉਹ ਖਿਦਰਾਣੇ ਦੀ ਢਾਬ ਕੋਲ ਪਹੁੰਚੇ ਅਤੇ ਗੁਰੂ ਸਾਹਿਬ ਦਾ ਪਿਛਾ ਕਰ ਰਹੀ ਮੁਗ਼ਲ ਸੈਨਾ ਨਾਲ ਜਨਵਰੀ 1706 ਈ. ਵਿਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇਕ ਟਿੱਬੇ ਉਤੇ ਬੈਠਿਆਂ ਸਿੰਘਾਂ ਦਾ ਯੁੱਧ-ਕਰਮ ਵੇਖ ਰਹੇ ਸਨ। ਯੁੱਧ ਉਪਰੰਤ ਅੰਤਿਮ ਸੁਆਸਾਂ ’ਤੇ ਪਹੁੰਚੇ ਜੱਥੇਦਾਰ ਮਹਾਂ ਸਿੰਘ ਨੂੰ ਗੁਰੂ ਜੀ ਨੇ ਜਲ ਛਿੜਕ ਕੇ ਸਚੇਤ ਕੀਤਾ। ਉਸ ਦੀ ਅੰਤਿਮ ਇੱਛਾ ਪੁੱਛੀ ਜਿਸ ਅਨੁਸਾਰ ਗੁਰੂ ਜੀ ਨੇ ਬੇਦਾਵਾ ਫਾੜ ਕੇ ਉਨ੍ਹਾਂ ਸਿੰਘਾਂ ਨੂੰ ਮੁਕਤੀ ਪ੍ਰਦਾਨ ਕਰਦੇ ਹੋਇਆਂ ਆਪਣੇ ਹੱਥ ਨਾਲ ਉਨ੍ਹਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਅਤੇ ਉਨ੍ਹਾਂ ਦੀ ਯਾਦ ਵਿਚ ਉਸ ਢਾਬ ਦਾ ਨਾਂ ‘ਮੁਕਤਸਰ’ ਰਖਿਆ। ਉਥੇ ਹਰ ਸਾਲ ਮਾਘੀ ਦੇ ਅਵਸਰ ’ਤੇ ਬਹੁਤ ਵੱਡਾ ਮੇਲਾ ਲਗਦਾ ਹੈ।
ਮੁਕਤਸਰ ਦੇ ਯੁੱਧ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ ‘ਮਹਾਨ ਕੋਸ਼’ ਅਨੁਸਾਰ ਇਸ ਪ੍ਰਕਾਰ ਹਨ— ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ , ਸੋਭਾ ਸਿੰਘ , ਸੰਤ ਸਿੰਘ , ਹਰਸਾ ਸਿੰਘ, ਹਰੀ ਸਿੰਘ , ਕਰਨ ਸਿੰਘ, ਕਰਮ ਸਿੰਘ , ਕਾਲ੍ਹਾ ਸਿੰਘ, ਕੀਰਤਿ ਸਿੰਘ, ਕ੍ਰਿਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ , ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ। ਕਈ ਇਤਿਹਾਸਕਾਰਾਂ ਨੇ ਨਾਂਵਾਂ ਵਿਚ ਕੁਝ ਫ਼ਰਕ ਵੀ ਪਾਇਆ ਹੈ।

ਮੁਕਤਸਰ (ਗੁਰੂ-ਧਾਮ): ਜ਼ਿਲ੍ਹਾ ਫ਼ਰੀਦਕੋਟ ਵਿਚ ਇਕ ਪਵਿੱਤਰ ਸਰੋਵਰ ਜਿਸ ਦਾ ਸੰਬੰਧ ਸਿੱਖ ਇਤਿਹਾਸ ਦੇ 40 ਮੁਕਤਿਆਂ ਨਾਲ ਹੈ। ਸੰਨ 1705 ਈ. ਤਕ ਇਥੇ ਇਕ ਬਹੁਤ ਵੱਡਾ ਕੱਚਾ ਤਾਲਾਬ ਸੀ ਜਿਥੇ ਚੌਹਾਂ ਪਾਸਿਆਂ ਤੋਂ ਬਾਰਸ਼ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਇਸ ਨੂੰ ‘ਖਿਦਰਾਣੇ ਦੀ ਢਾਬ’ ਕਿਹਾ ਜਾਂਦਾ ਸੀ। ਆਨੰਦਪੁਰ ਦਾ ਕਿਲ੍ਹਾ ਛਡਣ ਉਪਰੰਤ ਬਿਖੜੇ ਮਾਰਗਾਂ ਤੋਂ ਲੰਘਦੇ ਹੋਏ ਜਨਵਰੀ 1706 ਈ. ਵਿਚ ਗੁਰੂ ਗੋਬਿੰਦ ਸਿੰਘ ਇਸ ਢਾਬ ਉਤੇ ਪਹੁੰਚੇ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਪਿਛਾ ਕਰ ਰਹੀ ਫ਼ੌਜ ਨਾਲ ਯੁੱਧ ਕਰਨ ਦੀ ਵਿਵਸਥਾ ਕੀਤੀ।
ਇਸ ਦੌਰਾਨ ਉੱਚੀ ਥਾਂ ’ਤੇ ਟਿਕ ਕੇ ਤੀਰ ਚਲਾ ਰਹੇ ਗੁਰੂ ਜੀ ਨੇ ਵੇਖਿਆ ਕਿ ਬਾਹਰੋਂ ਆਇਆ ਸਿੰਘਾਂ ਦਾ ਇਕ ਦਲ ਮੁਗ਼ਲ ਸੈਨਾ ਨਾਲ ਜੂਝਣ ਲਗ ਗਿਆ ਹੈ। ਇਸ ਜੱਥੇ ਨਾਲ ਹੋਈ ਲੜਾਈ ਦੇ ਫਲਸਰੂਪ ਮੁਗ਼ਲ ਸੈਨਾ ਯੁੱਧ-ਭੂਮੀ ਤੋਂ ਪਿਛੇ ਹਟ ਗਈ। ਰਵਾਇਤ ਅਨੁਸਾਰ ਸਿੰਘਾਂ ਦੇ ਉਸ ਦਲ ਦੀ ਅਗਵਾਈ ਮਾਈ ਭਾਗੋ (ਵੇਖੋ) ਕਰ ਰਹੀ ਸੀ। ਗੁਰੂ ਸਾਹਿਬ ਟਿੱਬੀ ਤੋਂ ਉਤਰੇ ਅਤੇ ਯੁੱਧ ਵਿਚ ਸ਼ਹੀਦ ਜਾਂ ਜ਼ਖ਼ਮੀ ਹੋਏ ਸਿੰਘਾਂ ਦੀ ਸ਼ਨਾਖ਼ਤ ਕਰਨ ਲਗੇ। ਜਦੋਂ ਗੁਰੂ ਜੀ ਉਸ ਦਲ ਦੇ ਜੱਥੇਦਾਰ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਹ ਅੰਤਿਮ ਸੁਆਸਾਂ ’ਤੇ ਸੀ। ਗੁਰੂ ਜੀ ਨੇ ਨਿਘ ਨਾਲ ਉਸ ਦਾ ਸੀਸ ਆਪਣੇ ਗੋਡੇ ’ਤੇ ਰਖਿਆ ਅਤੇ ਅੰਤਿਮ ਇੱਛਾ ਪੁਛੀ। ਸ. ਮਹਾਂ ਸਿੰਘ ਨੇ ਬੇਦਾਵੇ ਦਾ ਕਾਗ਼ਜ਼ ਫਾੜ ਦੇਣ ਅਤੇ ਟੁੱਟੀ ਪ੍ਰੀਤ ਨੂੰ ਗੰਢਣ ਲਈ ਬੇਨਤੀ ਕੀਤੀ, ਕਿਉਂਕਿ ਉਸ ਦੇ ਮਨ ਵਿਚ ਬੇਦਾਵਾ ਲਿਖ ਕੇ ਦੇਣ ਤੋਂ ਪੈਦਾ ਹੋਏ ਪਛਤਾਵੇ ਦੀ ਡਾਢੀ ਪੀੜ ਸੀ। ਗੁਰੂ ਜੀ ਨੇ ਜਿਉਂ ਹੀ ਜੱਥੇਦਾਰ ਦੀ ਅੰਤਿਮ ਇੱਛਾ ਪੂਰੀ ਕੀਤੀ, ਉਸ ਨੇ ਪ੍ਰਾਣ ਤਿਆਗ ਦਿੱਤੇ। ਮਾਈ ਭਾਗੋ ਵੀ ਬਹੁਤ ਜ਼ਖ਼ਮੀ ਹੋ ਚੁਕੀ ਸੀ। ਗੁਰੂ ਜੀ ਨੇ ਉਸ ਦਾ ਇਲਾਜ ਕਰਵਾਇਆ। ਠੀਕ ਹੋਣ ਉਪਰਰੰਤ ਉਹ ਘਰ ਪਰਤਣ ਦੀ ਥਾਂ ਗੁਰੂ ਜੀ ਨਾਲ ਨਾਂਦੇੜ ਚਲੀ ਗਈ।
ਉਸ ਜੱਥੇ ਦੇ ਸਿੰਘਾਂ ਦੀ ਗਿਣਤੀ 40 ਸੀ। ਗੁਰੂ ਸਾਹਿਬ ਨੇ ਉਨ੍ਹਾਂ ਸਿੰਘਾਂ ਨੂੰ ਮੁਕਤੀ ਪ੍ਰਦਾਨ ਕਰਦੇ ਹੋਇਆਂ ਉਨ੍ਹਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ। ਉਸ ਦਿਨ ਤੋਂ ਉਹ ਸਿੰਘ ਸਿੱਖ-ਇਤਿਹਾਸ ਵਿਚ ਚਾਲ੍ਹੀ ਮੁਕਤਿਆਂ (ਵੇਖੋ) ਦੇ ਨਾਂ ਨਾਲ ਪ੍ਰਸਿੱਧ ਹੋਏ ਅਤੇ ਖਿਦਰਾਣੇ ਦੀ ਢਾਬ ਦਾ ਨਾਂ ‘ਮੁਕਤਸਰ’ ਰਖਿਆ ਗਿਆ। ਸਮਾਂ ਬੀਤਣ ਨਾਲ ਉਸ ਸਰੋਵਰ ਦੇ ਇਰਦ-ਗਿਰਦ ਜੋ ਨਗਰ ਵਸ ਗਿਆ, ਉਹ ਵੀ ‘ਮੁਕਤਸਰ’ ਨਾਂ ਨਾਲ ਜਾਣਿਆ ਜਾਣ ਲਗਾ। ਇਥੇ ਹੁਣ ਸ਼ਹੀਦਾਂ ਦੇ ਸਸਕਾਰ ਵਾਲੀ ਥਾਂ ਉਤੇ ਸ਼ਹੀਦਗੰਜ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨੂੰ ‘ਅੰਗੀਠਾ ਸਾਹਿਬ’ ਵੀ ਕਿਹਾ ਜਾਂਦਾ ਹੈ। ਇਹ ਸਰੋਵਰ ਤੋਂ 50 ਮੀ. ਪੱਛਮ ਵਾਲੇ ਪਾਸੇ ਹੈ। ਇਸ ਦੀ ਪੁਰਾਣੀ ਇਮਾਰਤ ਦੀ ਉਸਾਰੀ ਫ਼ਰੀਦਕੋਟ ਦੇ ਰਾਜਾ ਵਜ਼ੀਰ ਸਿੰਘ ਨੇ ਸੰਨ 1870 ਈ. ਵਿਚ ਕਰਵਾਈ ਸੀ। ਇਸ ਦੀ ਨਵੀਂ ਇਮਾਰਤ ਕਾਰਸੇਵਾ ਵਾਲੇ ਬਾਬਿਆਂ ਨੇ ਵੀਹਵੀਂ ਸਦੀ ਦੇ ਨੋਵੇਂ ਦਹਾਕੇ ਵਿਚ ਕਰਵਾਈ ਹੈ।
ਗੁਰਦੁਆਰਾ ਤੰਬੂ ਸਾਹਿਬ ਪਰਿਕ੍ਰਮਾ ਵਿਚ ਉਸ ਥਾਂ ਉਤੇ ਬਣਿਆ ਹੋਇਆ ਹੈ ਜਿਥੇ ਚਾਲ੍ਹੀ ਸਿੰਘਾਂ ਨੇ ਠਹਿਰ ਕੇ ਅਤੇ ਆਪਣੇ ਬਸਤ੍ਰਾਂ ਨੂੰ ਝਾੜੀਆਂ ਅਤੇ ਬ੍ਰਿਛਾਂ ਉਤੇ ਖਿਲਾਰ ਕੇ ਮੁਗ਼ਲ ਸੈਨਾ ਨੂੰ ਪ੍ਰਭਾਵ ਦਿੱਤਾ ਸੀ ਕਿ ਇਥੇ ਕੋਈ ਵੱਡਾ ਸੈਨਾ ਦਲ ਉਤਰਿਆ ਹੋੲਆ ਹੈ। ਇਸ ਦੀ ਪੁਰਾਣੀ ਇਮਾਰਤ ਪਟਿਆਲਾ-ਪਤਿ ਮਹਾਰਾਜਾ ਮੁਹਿੰਦਰ ਸਿੰਘ ਨੇ ਬਣਵਾਈ ਸੀ ਅਤੇ ਨਵੀਂ ਇਮਾਰਤ ਕਾਰਸੇਵਾ ਵਾਲੇ ਸੰਤਾਂ ਨੇ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿਚ ਉਸਾਰੀ ਹੈ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਥੋਂ ਦਾ ਪ੍ਰਮੁਖ ਗੁਰੂ-ਧਾਮ ਹੈ ਜੋ ਸਰੋਵਰ ਦੇ ਪੱਛਮੀ ਕੰਢੇ ਉਤੇ ਸਿਰਜਿਤ ਹੈ। ਇਸ ਦੀ ਉਸਾਰੀ ਪਹਿਲਾਂ ਕੈਥਲ ਦੇ ਭਾਈ ਸਾਹਿਬਾਨ ਨੇ ਕਰਵਾਈ, ਫਿਰ ਸ. ਹਰੀ ਸਿੰਘ ਨਲਵਾ ਨੇ ਇਸ ਵਿਚ ਵਾਧਾ ਕਰਵਾਇਆ। ਸੰਨ 1930 ਈ. ਵਿਚ ਸੰਤ ਗੁਰਮੁਖ ਸਿੰਘ ਕਾਰਸੇਵਾ ਵਾਲੇ ਨੇ ਇਸ ਵਿਚ ਵਾਧਾ ਕਰਵਾਇਆ। ਵੀਹਵੀਂ ਸਦੀ ਦੇ ਅੰਤ ਵਿਚ ਸੰਤ ਸਾਧੂ ਸਿੰਘ ਦੇ ਸੇਵਕਾਂ ਨੇ ਇਸ ਧਰਮ-ਧਾਮ ਦੀ ਨਵੀਂ ਇਮਾਰਤ ਉਸਰਵਾਈ। ਇਸ ਦੇ ਦੀਵਾਨ-ਸਥਾਨ ਦੇ ਨੇੜੇ ਉਸ ਸਮੇਂ ਦਾ ਇਕ ਵਣ ਬ੍ਰਿਛ ਵੀ ਮੌਜੂਦ ਦਸਿਆ ਜਾਂਦਾ ਹੈ। ਇਸ ਗੁਰਦੁਆਰੇ ਦਾ ਇਕ ਨਾਮਾਂਤਰ ‘ਗੁਰਦੁਆਰਾ ਟੁੱਟੀ ਗੰਢੀ ਸਾਹਿਬ’ ਵੀ ਪ੍ਰਚਲਿਤ ਹੈ।
ਗੁਰਦੁਆਰਾ ਟਿਬੀ ਸਾਹਿਬ ਮੁਕਤਸਰ ਸਾਹਿਬ ਤੋਂ ਲਗਭਗ ਦੋ ਕਿ.ਮੀ. ਦੀ ਵਿਥ ਉਤੇ ਉਥੇ ਬਣਿਆ ਹੋਇਆ ਹੈ ਜਿਥੇ ਰੇਤਲੇ ਟਿੱਬੇ ਉਤੇ ਬੈਠ ਕੇ ਗੁਰੂ ਜੀ ਨੇ ਮੁਕਤੇ ਸਿੰਘਾਂ ਨਾਲ ਲੜ ਰਹੇ ਮੁਗ਼ਲ ਸੈਨਾ-ਦਲ ਉਤੇ ਤੀਰ ਚਲਾਏ ਸਨ। ਇਸ ਥਾਂ ’ਤੇ ਪਹਿਲਾਂ ਇਕ ਛੋਟਾ ਜਿਹਾ ਧਾਮ ਅਠਾਰ੍ਹਵੀਂ ਸਦੀ ਵਿਚ ਉਸਾਰਿਆ ਗਿਆ ਸੀ। ਫਿਰ 1843 ਈ. ਵਿਚ ਮਾਨ ਸਿੰਘ ਸੋਢੀ ਨੇ ਇਸ ਦੀ ਇਮਾਰਤ ਨੂੰ ਨਵਾਂ ਰੂਪ ਦਿੱਤਾ। ਵੀਹਵੀਂ ਸਦੀ ਦੇ ਮੱਧ ਵਿਚ ਬਾਬਾ ਬਘੇਲ ਸਿੰਘ ਨੇ ਇਸ ਦੀ ਵਰਤਮਾਨ ਇਮਾਰਤ ਦੀ ਉਸਾਰੀ ਕਰਵਾਈ।
ਗੁਰਦੁਆਰਾ ਰਕਾਬਸਰ ਟਿੱਬੀ ਸਾਹਿਬ ਦੇ ਨੇੜੇ ਹੀ ਬਣਿਆ ਹੋਇਆ ਹੈ। ਰਵਾਇਤ ਅਨੁਸਾਰ ਗੁਰੂ ਜੀ ਜਦੋਂ ਟਿੱਬੀ ਤੋਂ ਉਤਰ ਕੇ ਘੋੜੇ ਉਤੇ ਸਵਾਰ ਹੋਣ ਲਗੇ, ਤਾਂ ਰਕਾਬ ਟੁੱਟ ਗਈ। ਇਸ ਸਥਾਨ ਦੀ ਉਸਾਰੀ ਵੀ ਬਾਬਾ ਬਘੇਲ ਸਿੰਘ ਨੇ ਹੀ ਕਰਵਾਈ ਹੈ। ਇਹ ਸਾਰੇ ਗੁਰਦੁਆਰੇ ਪਹਿਲਾਂ ਮਹੰਤਾਂ ਦੇ ਕਬਜ਼ੇ ਵਿਚ ਸਨ, ਪਰ ਫਰਵਰੀ 1923 ਈ. ਵਿਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਧੀਨ ਹੋ ਗਏ।
ਇਨ੍ਹਾਂ ਮੁਖ ਗੁਰਦੁਆਰਿਆਂ ਤੋਂ ਇਲਾਵਾ ਕੁਝ ਹੋਰ ਗੁਰਦੁਆਰੇ ਵੀ ਹਨ, ਜਿਵੇਂ ਗੁਰਦੁਆਰਾ ਮਾਈ ਭਾਗੋ, ਗੁਰਦੁਆਰਾ ਦਾਤਣਸਰ, ਗੁਰਦੁਆਰਾ ਦੁਖ-ਨਿਵਾਰਣ ਆਦਿ। ਇਸ ਨਗਰ ਦੀ ਸਾਰੀ ਧਰਤੀ ਸ਼ਹਾਦਤ ਦੀ ਇਕ ਅਦਭੁਤ ਦਾਸਤਾਨ ਪੇਸ਼ ਕਰਦੀ ਹੈ। ਸ਼ਹੀਦ ਸਿੰਘਾਂ (40 ਮੁਕਤਿਆਂ) ਦੀ ਯਾਦ ਵਿਚ ਇਥੇ ਹਰ ਸਾਲ ਮਾਘੀ ਦੇ ਅਵਸਰ ’ਤੇ ਬਹੁਤ ਵੱਡਾ ਮੇਲਾ ਲਗਦਾ ਹੈ।