Poem on Vaisakhi
ਵਿਸਾਖ਼ੀ ਸਾਖ਼ ਹੈ ਖਾਲਸਾ ਪੰਥ ਦੀ ਜੀ, ਨਾਲੇ ਸਾਜਨਾ ਵੀ ਪੰਜ ਪਿਆਰਿਆਂ ਦੀ ।
ਅਨੰਦ ਪੁਰ ਸਾਹਿਬ ਦੀ ਧਰਤ ਉੱਤੇ,ਰੌਣਕ ਲੱਗ ਗਈ ਅਦਭੁਤ ਨਜ਼ਾਰਿਆਂ ਦੀ ।
ਚਰਨ ਧੂੜ ਮਿਲੇ ਦਸ਼ਮੇਸ਼ ਜੀ ਦੀ, ਵਹੀਰਾਂ ਘੱਤੀਆਂ ਗੂੰਜੇ ਗੂੰਜ ਜੈਕਾਰਿਆਂ ਦੀ ।
ਦੀਵਾਨ ਸਜੇ‘ਚ ਨੰਗੀ ਤਲਵਾਰ ਲਹਿਰੀ,ਪਰਖ ਹੋਣ ਲੱਗੀ ਗੁਰੂ ਸਿਤਾਰਿਆਂ ਦੀ ।
ਗੁਰੂ ਪਾਤਸ਼ਾਹ ਮੁੱਖੋਂ ਬੋਲ ਉਚਰੇ,ਬਲੀ ਚਾਹੁੰਦਾ ਹਾਂ ਦੇਵੇ ਮੈਨੂੰ ਕੋਈ ਸੀਸ ਭੇਟਾ।
ਰਚਾ ਕੇ ਖੇਡ ਆਪੇ ਹੀ ਖੇਡਣੀ ਹੈ, ਨਾਲੇ ਦੇਖਿਓ ਦਿੰਦਾ ਕੌਣ ਮੈਨੂੰ ਨਫ਼ੀਸ ਭੇਟਾ।
ਛਾਈ ਚੁੱਪ ਹੋਏ ਭੈ ਭੀਤ ਸਾਰੇ ,ਕਰਨ ਗੱਲਾਂ ਕਿਉਂ ਮੰਗੇ ਸਾਥੋਂ ਜਗਦੀਸ਼ ਭੇਟਾ ?
ਦਇਆ ਚੰਦ ਪੈਰੀਂ ਆਏ ਡਿੱਗਾ,ਕਹੇ ਦਾਤਾ ਕਰੋ ਸਵੀਕਾਰ ਦਿਓ ਅਸੀਸ ਭੇਟਾ ।
ਖੈਮੇ ਅੰਦਰ ਲਿਜਾ ਕੇ ਦਇਆ ਚੰਦ ਨੂੰ,ਲੱਗੀ ਵਗਣ ਤਤੀਰੀ ਖੂਨ ਲਾਲ ਦੀ ਜੀ।
ਬਾਹਰ ਆ ਫਿਰ ਗੁਰੁ ਜੀ ਮੰਗ ਕੀਤੀ,ਅਜੇ ਚੰਡੀ ਹੋਰ ਚਾਰ ਸੀਸ ਭਾਲ ਦੀ ਜੀ।
ਸੰਗਤਾਂ ਵਿਚ ਘੁਸਰ ਮੁਸਰ ਹੋਣ ਲਗੀ, ਇਹ ਕੇਹੀ ਖੇਡ ਗੁਰੁ ਕੇ ਲਾਲ ਦੀ ਜੀ?
ਧਰਮ ਦਾਸ ਤੇ ਹਿੰਮਤ ਰਾਏ ਆਣ ਪੁਜੇ,ਮੋਹਕਮ ਤੇ ਸਾਹਿਬ ਚੰਦ ਨਾਲ ਦੀ ਜੀ।
ਇਕੱਲੇ ਇੱਕਲੇ ਨੂੰ ਤੰਬੂ ਵਿਚ ਲੈ ਜਾਂਦੇ , ਚੋਜੀ ਪਾਤਸ਼ਾਹ ਨੇ ਚੋਜ ਰਚਾਏ ਦਿੱਤਾ।
ਬਾਹਰ ਬੈਠੀਆਂ ਸੰਗਤਾਂ ਜਾਣ ਡੋਲੀ, ਕਈਆਂ ਨੇ ਮਾਤਾ ਜੀ ਨੂੰ ਜਾ ਸੁਣਾਏ ਦਿੱਤਾ।
ਕੁਝ ਚਿਰ ਪਿਛੋਂ ਸਾਰੇ ਹੀ ਬਾਹਰ ਆਏ, ਗੁਰੁਾਂ ਪੰਜਾਂ ਨੂੰ ਹੀ‘ਸਿੰਘ’ਸਜਾਏ ਦਿੱਤਾ।
ਇਕ ਇਕ ਨੂੰ ਗਲ ਨਾਲ ਲਾ ਲਾ ਕੇ , ਕੀਤਾ ਜਨਮ ਸੁਹੇਲਾ ਸ਼ੇਰ ਬਣਾਏ ਦਿੱਤਾ।
ਕੌਤਕ ਦੇਖ ਸਾਰੇ ਹੈਰਾਨ ਹੋ ਗਏ, ਹਰ ਕੋਈ ਸ਼ਰਮ ਨਾਲ ਜਿਵੇਂ ਮਰਨ ਲੱਗਾ।
ਮਾਤਾ ਜੀ ਨੇ ਵੀ ਦਿੱਤੇ ਆਣ ਦਰਸ਼ਨ,ਬਾਟੇ ਪਾ ਪਤਾਸੇ ਅੰਮ੍ਰਿਤ ਬੰਨਣ ਲੱਗਾ।
ਪੰਜ-ਪੰਜ ਚੂਲੇ ਅੰਮ੍ਰਿਤ ਪਾਣ ਕਰਕੇ, ਕਿਸਮਤ ਵਾਲੜਾ ਗੁਰੁ ਸ਼ਰਨ ਲੱਗਾ।
ਪੰਜਾਂ ਪਿਆਰਿਆਂ ਪੰਥ ਦੁਲਾਰਿਆਂ ਤੋਂ,ਗੁਰੁ ਜੀ ਅੰਮ੍ਰਿਤ ਪਾਣ ਕਰਨ ਲੱਗਾ।
ਸੰਗਤ ਨੂੰ ਫਿਰ ਚੋਜੀ ਫਰਮਾਉਣ ਲੱਗੇ,‘ਖਾਲਸਾ ਪੰਥ’ਅਜ ਤੋਂ ਹੈ ਸਜਾਏ ਦਿੱਤਾ ।
ਬਣਿਆ ਆਪੇ ਹੀ ਹਾਂ ਗੁਰੂ ਚੇਲਾ,ਸਿੱਖੀ ਸੰਚਾਰ ਲਈ ਅੰਮ੍ਰਿਤ ਬਣਾਏ ਦਿੱਤਾ।
ਪੰਜ ਕਕਾਰ ਤਨ ਤੇ ਸਜਾਵਣੇ ਨੇ,ਬਾਨਾ ਸਿੱਖ਼ੀ ਸਰੂਪ ਦਾ ਵੀ ਦਿਖਾਏ ਦਿੱਤਾ।
ਨਾਵਾਂ ਨਾਲ ‘ਸਿੰਘ’ ਤੇ‘ ਕੌਰ’ ਲਾ ਕੇ, ਨਵੇ ਰਾਹ ਤੇ ਗਾਡੀ-ਜੀਵਨ ਚਲਾੱਏ ਦਿਤਾ।
ਸ਼ਕਤੀ ਤੇ ਭਗਤੀ ਦੋ ਰਾਹਾਂ ਤੇ ਚਲਣਾ ਹੈ,ਪੱਲਾ ਸ਼ੁੱਭ ਕਰਮਨ ਦਾ ਛੱਡਣਾ ਨਹੀਂ।
ਸਰਬਤ ਦੇ ਭਲੇ ਦੀ ਅਰਦਾਸ ਕਰਨਾ,ਸੇਵਾ-ਕਾਰਜਾਂ ਤੋ ਕਦੇ ਪਿੱਛੇ ਹੱਟਣਾ ਨਹੀਂ।
‘ਖ਼ਾਲਸਾ’ ਸਤਿ ਦੀ ਜੋਤ ਜਗਾਏ ਦਿੱਤੀ, ਕਿਸੇ ਜ਼ਾਲਮ ਦਾ ਜ਼ੁਲਮ ਝੱਲਣਾ ਨਹੀਂ।
ਵੰਡ ਛਕਣਾ ਤੇ ਸੁੱਚੀ ਕਿਰਤ ਕਰਨੀ,ਹਰਿ ਨਾਮ ਸਿਮਰਨ ਤੋਂ ਕਦੇ ਭੱਜਣਾ ਨਹੀਂ।
ਕ੍ਰਿਸ਼ਮਾ ਕੁਰਬਾਨੀ ਦਾ ਹੈ ਯਾਦ ਕੀਤਾ,ਪਿਤਾ ਜੀ ਦਿੱਲੀ ‘ਚ ਜੋ ਦਿੱਖਾ ਗਏ ਸੀ।
ਜੀਵਨ ਨਾਲੋਂ ਤੋੜਕੇ ਸੰਬੰਧ ਸਾਰੇ, ਨਿੱਡਰਤਾ ਤੇ ਹੋਸਲੇ ਦਾ ਜਾਮ ਪਿਲਾ ਗਏ ਸੀ।
ਜ਼ਿੰਦਗੀ ਕੌਮ ਦੇ ਲੇਖੇ ਸਦਾ ਲੱਗੇ, ਡਰ ਮੌਤ ਦਾ ਹਮੇਸਾਂ ਲਈ ਮਿਟਾ ਗਏ ਸੀ।
‘ਸੁਰਜੀਤ’ ਵਿਸਾਖ਼ੀ ਦੀ ਹੋਏ ਵਧਾਈ ਸੱਭ ਨੂੰ, ਧੰਨ ਧੰਨ ਜੋ ਕੌਮ ਜਗਾ ਗਏ ਸੀ।