ਮੱਸੇ ਕੋ ਇਮ ਸੀਸ ਉਤਾਰਯੋ॥ ਜਨਕਰ ਬੇਲੋਂ ਕਦੂਆ ਟਾਰਯੋ॥
ਸਿੱਖ ਇਤਿਹਾਸ ਦੇ ਮੱਦੇਨਜ਼ਰ ਕਿਰਪਾਲ ਸਿੰਘ ਦਾ ਇਹ ਚਿੱਤਰ ਵਧੇਰੇ ਸਾਰਥਕ ਅਤੇ ਮਹੱਤਵਪੂਰਨ ਹੋ ਨਿਬੜਦਾ ਹੈ। ਜਿਸ ਜ਼ਮੀਨੀ ਟੁਕੜੇ ਨੂੰ ਚਿੱਤਰ ਵਿੱਚ ਥਾਂ ਮਿਲੀ ਹੈ, ਉਹ ਅੰਮ੍ਰਿਤਸਰ ਤੋਂ ਬਹੁਤ ਦੂਰ ਰਾਜਸਥਾਨ ਵਿੱਚ ਹੈ। ਨੀਂਹ ਰੱਖੇ ਜਾਣ ਵੇਲੇ ਤੋਂ ਹੀ ਅੰਮ੍ਰਿਤਸਰ ਸਿੱਖ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਅਸਥਾਨ ਤੋਂ ਜੀਵਨ ਸੇਧ ਲਈ ਜਾਂਦੀ ਹੈ, ਉਸਦੀ ਰੱਖਿਆ ਜੀਵਨ ਦੇ ਕੇ ਕੀਤੀ ਜਾਂਦੀ ਰਹੀ ਹੈ। ਕਿਰਪਾਲ ਸਿੰਘ ਰਚਿਤ ਚਿੱਤਰ ਦੇ ਪਿਛੋਕੜ ਵਿੱਚ ਅੰਮ੍ਰਿਤਸਰ ਪਵਿੱਤਰ ਅਸਥਾਨ ਹੈ ਭਾਵੇਂ ਉਹ ਦਿਸ ਨਹੀਂ ਰਿਹਾ। ਚਿੱਤਰ ਦੇਖਦੇ ਸਾਰ ਇਹਦਾ ਸੰਦਰਭ ਜਾਗ੍ਰਿਤ ਹੋ ਜਾਂਦਾ ਹੈ।
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਇਕਮੁੱਠ ਨਾ ਰਹਿ ਸਕੇ। ਮੁਗ਼ਲ ਸ਼ਾਸਕ ਨੇ ਆਪਣੀ ਤਾਕਤ ਬਹਾਲੀ ਵਾਸਤੇ ਸਿੱਖਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰਨ ਦਾ ਹੁਕਮ ਆਪਣੇ ਸਿਪਾਹੀਆਂ ਨੂੰ ਸੁਣਾਇਆ। ਕਾਰਜ ਸਿਰੇ ਚਾੜ੍ਹਨ ਵਾਸਤੇ ਸਿੱਖਾਂ ਦੇ ਸਿਰਾਂ ਬਦਲੇ ਉਨ੍ਹਾਂ ਦਾ ਮੁੱਲ ਦੇਣਾ ਸ਼ੁਰੂ ਕਰ ਦਿੱਤਾ। ਫਲਸਰੂਪ, ਸਿੱਖਾਂ ਨੇ ਜੰਗਲ-ਬੀਆਬਾਨ ਥਾਵਾਂ ਨੂੰ ਆਪਣੀ ਸ਼ਰਨ ਸਥਲੀ ਬਣਾਇਆ। ਕਈ ਰਾਜਸਥਾਨ ਵੱਲ ਕੂਚ ਕਰ ਗਏ।
ਪਵਿੱਤਰ ਅੰਮ੍ਰਿਤਸਰ ਸਰੋਵਰ ਨੂੰ ਮੱਸਾ ਰੰਗੜ ਵੱਲੋਂ ਪੂਰ ਦਿੱਤਾ ਗਿਆ। ਉਸ ਨੇ ਕੇਂਦਰੀ ਇਮਾਰਤ ਵਿੱਚ ਬੈਠ ਕੇ ਸ਼ਰਾਬ ਦੇ ਨਸ਼ੇ ਨਾਲ ਨਾਚੀਆਂ ਦੇ ਨਾਚ ਦਾ ਆਨੰਦ ਲੈਣਾ ਸ਼ੁਰੂ ਕੀਤਾ। ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਸਿੱਖਾਂ ਵਾਸਤੇ ਮੌਤ ਬਰਾਬਰ ਸੀ।
ਭਾਈ ਬਲਾਕਾ ਸਿੰਘ ਬੇਅਦਬੀ ਸਬੰਧੀ ਹਾਸਲ਼ ਕੀਤੀ ਜਾਣਕਾਰੀ ਸਮੇਤ ਬੀਕਾਨੇਰ ਜਾ ਪਹੁੰਚਿਆ ਜਿੱਥੇ ਬਾਬਾ ਬੁੱਢਾ ਸਿੰਘ ਆਪਣੇ ਜਥੇ ਸਮੇਤ ਬੁੱਢਾ ਜੌਹੜ ਜਾ ਟਿਕੇ ਹੋਏ ਸਨ। ਉਸ ਵੱਲੋਂ ਸੁਣਾਈ ਵਿਥਿਆ ਸੁਣ ਕੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਨੂੰ ਸੋਧਣ ਦਾ ਪ੍ਰਣ ਲਿਆ। ਉਨ੍ਹਾਂ ਦਾ ਸਾਥ ਦੇਣ ਵਾਸਤੇ ਭਾਈ ਸੁੱਖਾ ਸਿੰਘ ਵੀ ਤਿਆਰ ਹੋ ਗਏ। ਅਰਦਾਸਾ ਸੋਧਣ ਉਪਰੰਤ ਦੋਵੇਂ ਘੋੜਿਆਂ 'ਤੇ ਸਵਾਰ ਹੋ ਅੰਮ੍ਰਿਤਸਰ ਵੱਲ ਤੁਰ ਪਏ। ਦੋਵਾਂ ਨੇ ਬੋਰੀਆਂ ਵਿੱਚ ਠੀਕਰੀਆਂ ਭਰ ਲਈਆਂ ਅਤੇ ਚੌਧਰੀਆਂ ਦਾ ਭੇਸ ਧਾਰ ਲਿਆ।
ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਆਪਣੇ ਘੋੜੇ ਬੇਰੀ ਨਾਲ ਬੰਨ੍ਹ ਦਿੱਤੇ। ਅੰਦਰ ਪਹੁੰਚ ਕੇ ਮੱਸੇ ਰੰਘੜ ਅੱਗੇ ਬੋਰੀਆਂ ਰੱਖਦਿਆਂ ਉਨ੍ਹਾਂ ਦੱਸਿਆ ਕਿ ਉਹ ਪਿੰਡ ਦਾ ਮਾਮਲਾ ਉਤਾਰਨ ਆਏ ਹਨ। ਜਿਉਂ ਹੀ ਉਹ ਬੋਰੀਆਂ ਵੱਲ ਝੁਕਿਆ ਭਾਈ ਮਹਿਤਾਬ ਸਿੰਘ ਨੇ ਕਿਰਪਾਨ ਦੇ ਵਾਰ ਨਾਲ ਉਹਦਾ ਸਿਰ, ਧੜ ਨਾਲੋਂ ਵੱਖ ਕਰ ਦਿੱਤਾ। ਨੇਜ਼ੇ ਉਪਰ ਉਸ ਦਾ ਸਿਰ ਟਿਕਾਅ ਉਹ ਪਹਿਲਾਂ ਦਮਦਮਾ ਸਾਹਿਬ ਪਹੁੰਚੇ। ਅਗਲੇ ਦਿਨ ਉਹ ਬਾਬਾ ਬੁੱਢਾ ਸਿੰਘ ਪਾਸ ਬੁੱਢਾ ਜੌਹੜ ਜਾ ਪਹੁੰਚੇ।
ਪੇਂਟਰ ਕਿਰਪਾਲ ਸਿੰਘ ਪੇਂਟਿੰਗ ਵਿੱਚ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੂੰ ਭਾਈ ਬੁੱਢਾ ਸਿੰਘ ਵੱਲ ਵਧਦਿਆਂ ਦਿਖਾਉਂਦਾ ਹੈ। ਇਸਦੀ ਰਚਨਾ ੧੯੬੨ ਵਿੱਚ ਕੀਤੀ ਗਈ ਅਤੇ ਇਹਦਾ ਆਕਾਰ ਚਾਲੀ ਗੁਣਾ ਬਵੰਜਾ ਇੰਚ ਹੈ।
ਸਮੁੱਚਾ ਦ੍ਰਿਸ਼ ਬਸਤੀ ਦਾ ਪ੍ਰਤੀਤ ਹੁੰਦਾ ਹੈ ਜੋ ਆਰਜ਼ੀ ਹੈ। ਥੋੜ੍ਹੀ ਥੋੜ੍ਹੀ ਵਿੱਥ ਉਪਰ ਇੱਕੋ ਕਤਾਰ ਵਿੱਚ ਤਿੰਨ ਤੰਬੂ ਦਿਖਾਈ ਦਿੰਦੇ ਹਨ, ਪਰ ਹਰ ਇੱਕ ਦੂਜੇ ਤੋਂ ਭਿੰਨ ਹੈ। ਦ੍ਰਿਸ਼ ਦੀ ਜ਼ਮੀਨ ਰਾਜਸਥਾਨ ਦੀ ਹੈ ਤਾਹੀਓ ਭੁਰੀ ਰੇਤਲੀ ਹੈ। ਸਾਰੀ ਵਸੋਂ ਇੱਕ ਥਾਂ ਇਕੱਤਰ ਹੋਈ ਹੈ। ਇਸ ਦੇ ਕੁਝ ਕਾਰਨ ਹਨ। ਮੂਲ ਕਾਰਨ ਇਹੋ ਹੈ ਕਿ ਇਹ ਸਾਰੇ ਆਪਣੇ ਮੂਲ ਸਥਾਨ ਤੋਂ ਵਿਛੜੇ ਹੋਏ ਹਨ।
ਦੂਰ ਰਹਿ ਕੇ ਇਨ੍ਹਾਂ ਨੇ ਆਪਣੇ ਆਪ ਨੂੰ ਬਚਾਇਆ ਹੋਇਆ ਹੈ। ਇਸ ਤੋਂ ਇਲਾਵਾ ਇਹ ਲੋਕ ਇੱਥੋਂ ਜਾ ਕੇ ਆਪਣੇ ਸਕੇ ਸਬੰਧੀਆਂ ਅਤੇ ਸਤਾਏ ਲੋਕਾਂ ਦੀ ਮਦਦ ਕਰ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਘਰਾਂ ਦਾ ਤਿਆਗ ਨਹੀਂ ਕੀਤਾ। ਇਕੱਠ ਵਿੱਚ ਤਾਕਤ ਹੈ। ਜੇ ਧਾੜਵੀ ਹਮਲਾ ਕਰੇ ਤਾਂ ਇਹ ਬਣਦਾ ਜਵਾਬ ਦੇਣ ਦੇ ਸਮਰੱਥ ਹਨ।
ਚਿੱਤਰ ਦੱਸਦਾ ਹੈ ਕਿ ਇੱਥੇ ਟਿਕਣ ਵਾਲੇ ਇਕੱਲੇ-ਦੁਕੱਲੇ ਤੋਂ ਇਲਾਵਾ ਪਰਿਵਾਰ ਵਾਲੇ ਵੀ ਹਨ। ਪਰਿਵਾਰ ਦਾ ਅਰਥ ਮਰਦ ਔਰਤ ਨਹੀਂ, ਉਨ੍ਹਾਂ ਨਾਲ ਭਿੰਨ ਭਿੰਨ ਉਮਰ ਦੇ ਬੱਚੇ ਵੀ ਹਨ। ਕੋਈ ਖੇਡ ਰਿਹਾ ਹੈ, ਕੋਈ ਆਪਣੀ ਉਮਰ ਤੋਂ ਵਡੇਰਾ ਕੰਮ ਕਰ ਰਿਹਾ ਹੈ। ਸਾਰੇ ਸਮੂਹ ਦਾ ਜੀਵਨ, ਸਾਧਾਰਨ ਜੀਵਨ ਜਿਹਾ ਨਹੀਂ। ਇਹ ਵੱਖਰਾ ਅਤੇ ਦੁਸ਼ਵਾਰੀਆਂ ਭਰਿਆ ਹੈ ਜਿੱਥੇ ਅਨੁਭਵ ਹੀ ਵਿਅਕਤੀ ਨੂੰ ਚੰਡਦਾ ਹੈ। ਤਾਹੀਓ ਨੀਲੇ ਬਾਣੇ ਵਿੱਚ ਸ਼ਸਤਰਧਾਰੀ ਬੀਬੀ ਕੋਲ ਹੱਥ ਵਿੱਚ ਬਰਛਾ ਸਾਂਭੀ ਭੁਜੰਗੀ ਖੜ੍ਹਾ ਹੈ। ਵੱਡਾ ਹੋ ਕੇ ਜੋ ਹੋਣਾ ਜਾਂ ਕਰਨਾ ਹੈ, ਉਸ ਦਾ ਅਭਿਆਸ ਹੁਣੇ ਸ਼ੁਰੂ ਹੋ ਗਿਆ ਹੈ।
ਅਗਲਾ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸਮੂਹ ਸੰਗਤ ਆਪਣੇ ਗੁਰੂ ਦੇ ਕਰੀਬ ਹੋ, ਆਦਰ ਸਤਿਕਾਰ ਨਾਲ ਬੈਠੀ ਹੈ। ਇਹ ਚਿੱਤਰ ਮਹੱਤਵਪੂਰਨ ਜਾਣਕਾਰੀ ਸੰਚਾਰ ਰਿਹਾ ਹੈ ਕਿ ਸਿੱਖਾਂ ਨੇ ਅਸਹਿਜ ਸਮੇਂ ਵਿੱਚ ਵੀ 'ਗੁਰੂ ਗ੍ਰੰਥ ਸਾਹਿਬ' ਨੂੰ ਆਪਣੇ ਨਾਲ ਰੱਖਿਆ। ਆਪਣੇ ਗੁਰੂ ਪ੍ਰਤੀ ਇਹ ਅਗਾਧ ਸ਼ਰਧਾ ਦਾ ਪ੍ਰਤੀਕ ਹੈ। ਜੰਗ ਸਮੇਂ ਵੀ ਬਾਣੀ ਅਤੇ ਗ੍ਰੰਥ ਦਾ ਤਿਆਗ ਨਾ ਕਰਨਾ ਸਿੱਖ ਜੀਵਨ ਜਾਚ ਦਾ ਅਲੌਕਿਕ ਕਾਰਾ ਕਿਹਾ ਜਾ ਸਕਦਾ ਹੈ।
ਜੰਗਜੂ ਸਿੱਖਾਂ ਦਾ ਇਕੱਠ ਜਥੇ ਰੂਪ ਵਿੱਚ ਹੈ ਜਿਸ ਦਾ ਇੱਕ ਜਥੇਦਾਰ ਬਾਬਾ ਬੁੱਢਾ ਸਿੰਘ ਹੈ। ਚਿੱਤਰ ਵਿੱਚ ਜਥੇਦਾਰ, ਗੁਰੂ ਗ੍ਰੰਥ ਸਾਹਿਬ ਦੇ ਕਰੀਬ ਖੜ੍ਹੇ ਹਨ। ਸਰੀਰ ਸਨੈਤ ਤੋਂ ਲੱਗਦਾ ਹੈ ਜਿਵੇਂ ਉਹ ਸਮੂਹ ਨੂੰ ਕੁਝ ਕਹਿ ਰਹੇ ਹਨ। ਰੀਤ ਅਨੁਸਾਰ ਜਥੇਦਾਰ ਸਮੂਹ ਦਾ ਮੁਖੀ ਹੀ ਨਹੀਂ ਸਗੋਂ ਉਨ੍ਹਾਂ ਦੇ ਦੁਖ-ਸੁਖ ਨੂੰ ਵੀ ਦੇਖਦਾ ਹੈ।
ਬਾਬਾ ਬੁੱਢਾ ਸਿੰਘ ਨੇ ਸਫ਼ੈਦ ਚੋਲੇ ਉਪਰ ਭਾਰੀ ਨੀਲੀ ਚਾਦਰ ਨੂੰ ਆਪਣੇ ਸਰੀਰ ਦੁਆਲੇ ਵਲੇਟਿਆ ਹੋਇਆ ਹੈ। ਸਿਰ ਸਜੇ ਦੁਮਾਲੇ ਉਪਰ ਚੱਕਰ ਹਨ। ਚਿੱਤਰ ਵਿੱਚ ਉਹ ਖਾਸੀ ਦੂਰੀ 'ਤੇ ਹੈ ਤਾਂ ਵੀ ਆਪਣੀ ਡੀਲ-ਡੌਲ ਅਤੇ ਫੱਬਤ ਸਦਕਾ ਵੱਖਰੇ ਹੀ ਨਹੀਂ ਸਗੋਂ ਖਿੱਚ ਦਾ ਕੇਂਦਰ ਹਨ।
ਇੱਕ ਹੋਰ ਮੋਟਿਫ਼ ਰੁੱਖ ਪਿੱਛੋਂ ਅਨੰਤ ਸਪੇਸ ਵਿੱਚ ਝੁਲ ਰਿਹੇ ਨਿਸ਼ਾਨ ਸਾਹਿਬ ਦਾ ਹੈ। ਇਹ ਛੁਪ ਕੇ ਰਹਿ ਰਹੇ ਸਮੂਹ ਦੀ ਇਕਾਈ ਨੂੰ ਦਰਸਾ ਰਿਹਾ ਹੈ। ਨਿਸ਼ਾਨ ਸਾਹਿਬ ਦੇ ਚਿੱਤਰ ਵਿੱਚ ਹੋਣ ਕਾਰਨ ਸੋਚ ਇਕ ਨੁਕਤੇ ਉਪਰ ਆ ਟਿਕਦੀ ਹੈ।ਸਿੱਖ ਲੁਕੇ ਹੋਏ ਹਨ, ਪਰ ਉਹ ਡਰ ਕੇ ਲੁਕੇ ਹੋਏ ਨਹੀਂ। ਆਪਣੇ ਹੋਣ ਦੀ ਨਿਸ਼ਾਨੀ ਉਨ੍ਹਾਂ ਜ਼ਾਹਿਰ ਕਰ ਦਿੱਤੀ ਹੈ। ਦੁਸ਼ਮਣ ਅਤੇ ਦੋਸਤ ਵਾਸਤੇ ਇਹ ਨਿਸ਼ਾਨੀ ਸਾਂਝੀ ਹੈ। ਇਹ ਨਿਸ਼ਾਨ ਸੰਕੇਤ ਕਰਦਾ ਹੈ ਕਿ ਗੁਰੂ ਦਾ ਸਿੱਖ, ਭੈਅ ਵਿੱਚ ਰਹਿਣ ਦਾ ਆਦੀ ਨਹੀਂ। ਕੋਈ ਵੀ ਸਤਾਇਆ ਵਿਅਕਤੀ ਇਹ ਨਿਸ਼ਾਨ ਦੇਖ ਕੇ ਇਸ ਸਮੂਹ ਤਕ ਪਹੁੰਚ ਕਰ ਸਕਦਾ ਹੈ।
ਜਿੱਥੇ ਗੁਰੂ ਗ੍ਰੰਥ ਹੈ, ਓਥੇ ਨਿਸ਼ਾਨ ਸਾਹਿਬ ਹੋਵੇਗਾ। ਜਿੱਥੇ ਨਿਸ਼ਾਨ ਸਾਹਿਬ ਹੋਵੇਗਾ, ਓਥੇ ਸਿੱਖ ਹੋਵੇਗਾ।
ਚਿੱਤਰ ਦਾ ਮੂਲ ਆਧਾਰ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਵੱਲੋਂ ਅੰਮ੍ਰਿਤਸਰ ਜਾ ਕੇ ਮੱਸੇ ਰੰਘੜ ਦਾ ਸਿਰ ਵੱਢ ਲਿਆਉਣ ਵਾਲੀ ਘਟਨਾ ਹੈ। ਚਿੱਤਰ ਵਿੱਚ ਮਹਿਤਾਬ ਸਿੰਘ ਦੇ ਖੱਭੇ ਹੱਥ ਫੜੇ ਬਰਛੇ ਦੇ ਸਿਖਰ ਗੁਰੂ ਅਸਥਾਨ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਟੰਗਿਆ ਹੋਇਆ ਹੈ। ਸੱਜੇ ਹੱਥ ਘੋੜੇ ਦੀ ਲਗਾਮ ਫੜੀ ਉਹ ਅੱਗੇ ਵਧਦੇ ਹਨ, ਉਨ੍ਹਾਂ ਦੇ ਸਾਥੀ ਭਾਈ ਸੁੱਖਾ ਸਿੰਘ ਨੇ ਆਪਣੇ ਖੱਬੇ ਹੱਥ ਫੜੇ ਬਰਛੇ ਨੂੰ ਮੋਢੇ ਰੱਖਿਆ ਹੋਇਆ ਹੈ ਅਤੇ ਦੂਜੇ ਹੱਥ ਲਗਾਮ ਹੈ।
ਦ੍ਰਿਸ਼ ਵਿੱਚ ਹਾਜ਼ਰ ਕਿਸੇ ਵੀ ਸਿੰਘ, ਸਿੰਘਣੀ ਜਾਂ ਬੱਚੇ ਵੱਲੋਂ ਕਿਸੇ ਕਿਸਮ ਦੀ ਖੁਸ਼ੀ ਦੇ ਇਜ਼ਹਾਰ ਦੀ ਭਿਣਕ ਨਹੀਂ ਮਿਲਦੀ। ਗ਼ਮ ਪ੍ਰਗਟਾਵੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖ ਜਿਹੋ ਜਿਹੇ ਮਾਹੌਲ ਦੇ ਆਦੀ ਹੋ ਚੁੱਕੇ ਸਨ, ਉਥੇ ਦੋਵੇਂ ਪੱਖ ਅਰਥਹੀਣ ਸਨ।
ਜ਼ਿੰਦਗੀ ਜਾਂ ਮੌਤ ਖੇਡ ਵਾਂਗ ਸੀ। ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੇ ਹਟਵਾਂ ਕੰਮ ਕੀਤਾ ਜਿਹੜਾ ਜੀਵਨ ਤੋਂ ਵੀਂ ਉਤੱਮ ਕਿਹਾ ਜਾ ਸਕਦਾ ਹੈ ਭਾਵ ਆਪਣੇ ਗੁਰੂ ਅਤੇ ਗੁਰੂ ਅਸਥਾਨ ਦੀ ਬੇਅਦਬੀ ਦਾ ਬਦਲਾ ਲੈਣਾ। ਵਡੇਰਿਆਂ ਵੱਲੋਂ ਤੋਰੀ ਰੀਤ ਆਉਣ ਵਾਲੇ ਸਮੇਂ ਵਿੱਚ ਤੁਰਦੀ ਰਹੇਗੀ, ਦਾ ਸੰਕੇਤ ਇਸ ਰਚਨਾ ਵਿੱਚ ਮੌਜੂਦ ਹੈ।
ਦੋਵੇਂ ਸਿੰਘ ਮੁੜ ਆਪਣੇ ਗੁਰੂ ਅਤੇ ਜਥੇਦਾਰ ਬੁੱਢਾ ਸਿੰਘ ਵੱਲ ਵਧਦੇ ਦਿਖਾਈ ਦੇ ਰਹੇ ਹਨ। ਇਹ ਦ੍ਰਿਸ਼ ਲੁਕਵਾਂ ਬੋਲ ਰਿਹਾ ਹੈ। ਕਾਰਜ ਨੇਪਰੇ ਚਾੜ੍ਹਨ ਵਾਲੇ ਦੋਵੇਂ ਯੋਧਿਆਂ ਨੇ ਭਾਵੇਂ ਆਪਣੇ ਬਾਹੂਬਲ ਨਾਲ ਜ਼ਾਲਿਮ ਨੂੰ ਮਾਰਿਆ ਹੈ, ਪਰ ਉਸ ਦਾ ਸਿਹਰਾ ਆਪ ਨਹੀਂ ਲੈਣਗੇ ਸਗੋਂ ਆਪਣੇ ਗੁਰੂ ਨੂੰ ਦੇਣਗੇ ਕਿਉਂਕਿ ਉਸ ਦੀ ਮਿਹਰ ਸਦਾ ਸਾਰਾ ਕੁਝ ਹੋਇਆ ਹੈ।
ਵਾਪਰੇ ਕਾਰੇ ਨੂੰ ਦੇਖ ਕੇ ਸੰਗਤ ਅਚੰਭਿਤ ਜ਼ਰੂਰ ਹੈ, ਪਰ ਇਹਦੇ ਵਿੱਚ ਵੀ ਸੰਜਮ ਹੈ। ਕਿਸੇ ਵੱਲੋਂ ਕੋਈ ਨਾਟਕੀ ਸਰੀਰਕ ਹਰਕਤ ਨਹੀਂ ਹੋ ਰਹੀ। ਇੱਥੋਂ ਤਕ ਕਿ ਬੱਚੇ ਵੀ ਸ਼ਾਂਤ ਚਿੱਤ ਹਨ। ਪੇਂਟਰ ਸਮੇਂ ਦੀ ਗੰਭੀਰਤਾ ਨੂੰ ਬਣਾਈ ਰੱਖ ਰਿਹਾ ਹੈ। ਦੂਜਾ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਹੋ ਸਕਦੀ ਹੈ ਜਿਸਦੇ ਸਨਮੁਖ ਕਿਸੇ ਦਾ ਉਲਾਰ ਹੋਣਾ ਸੋਭਾ ਨਹੀਂ ਦਿੰਦਾ। ਇਹ ਮਰਯਾਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸਥਾਨ ਉੱਚਾ ਰੱਖਿਆ ਹੈ। ਇੱਕ, 'ਗੁਰੂ ਗ੍ਰੰਥ' ਗੁਰੂ ਰੂਪ ਹੈ। ਦੋ, ਚਿੱਤਰ ਰਚਨਾ ਦੀ ਵਿਉਂਤ ਦੀ ਮੰਗ ਹੈ। ਗੁਰੂ ਦੇ ਸਿੱਖ ਆਪਣੇ ਗੁਰੂ ਪਾਸ ਜਿਸ ਸਹਿਜ ਭਾਵ ਨਾਲ ਬੈਠੇ ਹਨ, ਅਦੁੱਤੀ ਹੈ। ਵਿਛੀ ਰੇਤ ਉਨ੍ਹਾਂ ਨੂੰ ਅਸਹਿਜ ਨਹੀਂ ਕਰ ਰਹੀ। ਗੁਰੂ ਗ੍ਰੰਥ ਸਾਹਿਬ ਦੇ ਕਰੀਬ ਜਥੇ ਦੇ ਮੁਖੀ ਬਾਬਾ ਬੁੱਢਾ ਸਿੰਘ ਖੜ੍ਹੇ ਹਨ। ਉਹ ਆ ਰਹੇ ਦੋਵਾਂ ਸੂਰਿਆਂ ਵੱਲ ਦੇਖਦਿਆਂ ਸੰਗਤ ਨੂੰ ਸੰਬੋਧਿਤ ਹਨ। ਸੰਗਤ ਸੁਣਦੀ ਹੋਈ ਵੀ ਦੇਖ ਮਹਿਤਾਬ ਸਿੰਘ ਅਤੇ ਸੁਖਾ ਸਿੰਘ ਨੂੰ ਰਹੀ ਹੈ।
ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਨੀਲੇ ਰੰਗ ਦੇ ਚੋਲੇ ਪਹਿਨੇ ਹੋਏ ਹਨ। ਭਾਈ ਮਹਿਤਾਬ ਸਿੰਘ ਦੇ ਸਿਰ ਨੀਲੇ ਰੰਗ ਦਾ ਦੁਮਾਲਾ ਹੈ ਜਦੋਂਕਿ ਭਾਈ ਸੁੱਖਾ ਸਿੰਘ ਦੇ ਸਿਰ ਕੇਸਰੀ। ਬਰਛਿਆਂ ਤੋਂ ਇਲਾਵਾ ਦੋਵਾਂ ਕੋਲ ਕਿਰਪਾਨਾਂ ਅਤੇ ਪਿੱਠ ਨਾਲ ਬੱਝੀਆਂ ਢਾਲਾਂ ਹਨ। ਹਥਿਆਰਾਂ ਵਜੋਂ ਇਹੋ ਇਨ੍ਹਾਂ ਦਾ ਸਰਮਾਇਆ ਹੈ। ਮੋਢੇ ਰੱਖਿਆ ਭੂਰੇ ਰੰਗ ਦਾ ਕੱਪੜਾ ਅਤੇ ਕਮਰਕੱਸੇ ਵੀ ਵੈਰੀ ਦੇ ਵਾਰ ਤੋਂ ਬਚਾਅ ਦਾ ਸਾਧਨ ਬਣਦੇ ਹੋਣਗੇ।
ਕਿਰਪਾਲ ਸਿੰਘ ਕਿਰਸੀ ਸਗੋਂ ਤਤਕਾਲੀ ਵਸਤੂ ਸਥਿਤੀ ਨਾਲ ਸਪਰਸ ਹੈ। ਗੱਲ ਘੋੜਿਆਂ ਤੋਂ ਹੀ ਆਰੰਭੀ ਜਾ ਸਕਦੀ ਹੈ। ਸਿੱਖ ਸਮੂਹ ਜ਼ਿਆਦਾ ਹੈ, ਪਰ ਉਸ ਮੁਕਾਬਲੇ ਘੋੜੇ ਸਿਰਫ਼ ਤਿੰਨ, ਇਕ ਊਠ ਅਤੇ ਉਸ ਦਾ ਬੱਚਾ, ਵੱਡੇ ਜਲ ਸਰੋਤ ਦੇ ਕਰੀਬ ਹੀ ਕੈਨਵਸ ਦਾ ਅੰਗ ਬਣੇ ਹੋਏ ਹਨ। ਬਣਾਉਣ ਨੂੰ ਅੱਠ-ਦਸ ਘੋੜੇ ਹੋਰ ਵੀ ਬਣਾਏ ਜਾ ਸਕਦੇ ਸਨ, ਪਰ ਏਦਾਂ ਨਹੀਂ ਕੀਤਾ ਗਿਆ। ਚਿਤੇਰਾ ਵਸਤੂ ਸਥਿਤੀ ਦੇ ਵਿਪਰੀਤ ਜਾ ਕੇ ਝੂਠ ਨਹੀਂ ਪ੍ਰਚਾਰਨਾ ਚਾਹੁੰਦਾ। ਆਪਣੀਆਂ ਜ਼ਰਖੇਜ਼ ਥਾਵਾਂ ਤੋਂ ਦੂਰ ਜਾ ਕੇ ਰੇਗਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਦਾ ਸਰਮਾਇਆ ਧਰਮ ਪ੍ਰਤੀ ਅਡੋਲਵੀਂ ਅਕੀਦਤ ਅਤੇ ਨਿੱਜੀ ਸਰੀਰਕ ਬਲ ਤੋਂ ਇਲਾਵਾ ਕੁਝ ਨਹੀਂ ਰਿਹਾ। ਸੰਗਤ ਰੂਪ ਵਿੱਚ ਬੈਠੇ ਕਈ ਸਿੰਘਾਂ ਪਾਸ ਤਨ ਢਕਣ ਵਾਸਤੇ ਕੋਈ ਲੀੜਾ ਤਕ ਨਹੀਂ। ਹਾਂ ਵਾਰ ਅਤੇ ਰੱਖਿਆ ਹਿੱਤ ਹਥਿਆਰ ਜ਼ਰੂਰ ਹਨ। ਨਿੱਜੀ ਸਜਾਵਟ ਪ੍ਰਤੀ ਲਗਾਓ ਦੇ ਉਲਟ ਸ਼ਸਤਰ ਪ੍ਰੇਮ ਇਸ ਕਿਰਤ ਵਿੱਚੋਂ ਨਜ਼ਰ ਆ ਰਿਹਾ ਹੈ। ਘੋੜਿਆਂ ਨੂੰ ਅਗਰਭੂਮੀ ਵਿੱਚ ਰੱਖ ਉਨ੍ਹਾਂ ਨੂੰ ਪਿਛਲੇ ਪਾਸਿਓ ਪੇਂਟ ਕਰਨਾ ਇਨ੍ਹਾਂ ਦੇ ਗੁਣਾਂ ਨੂੰ ਉਭਾਰਦਾ ਹੈ। ਚਿੱਤਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਗੁਰੂ ਵੱਲ ਪਿੱਠ ਨਹੀਂ ਕੀਤੀ ਜਾ ਸਕਦੀ। ਦ੍ਰਿਸ਼ ਨੂੰ ਦੇਖਣ ਵਾਲੀ ਅੱਖ ਫਰੇਮ ਤੋਂ ਬਾਹਰ ਆਮ ਨਾਲੋਂ ਕੁਝ ਉੱਚੀ ਥਾਂ ਉਪਰ ਸਥਿਤ ਹੈ। ਤਾਹੀਓ ਘੋੜੇ ਦੀ ਪਿੱਠ ਦੇ ਉਪਰੋਂ ਹੁੰਦੀ ਹੋਈ ਦੂਜੇ ਪਾਸੇ ਵੱਲ ਜਾ ਰਹੀ ਹੈ। ਪਹਿਲੀ ਨਜ਼ਰੇ ਲੱਗਦਾ ਜਿਵੇਂ ਸਿਰਫ ਦੋ ਘੋੜਿਆਂ ਨੇ ਪੂਰੇ ਸਮੂਹ ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ।
ਅਜਿਹਾ ਬਿੰਬ ਜੁੜਾਵ ਨੂੰ ਚਿਹਨਤ ਕਰਦਾ ਹੈ ਜੋ ਨਿੱਜੀ ਲਾਭ ਹਾਨੀ ਦੀ ਘੇਰਾਬੰਦੀ ਤੋਂ ਬਾਹਰਾ ਹੈ। ਕਿਰਪਾਲ ਸਿੰਘ ਦਾ ਇਹ ਚਿੱਤਰ ਸਿੱਖ ਚਰਿੱਤਰ ਨੂੰ ਵੀ ਉਘਾੜਦਾ ਹੈ। ਸਾਧਨ ਰੂਪ ਵਿੱਚ ਇਨ੍ਹਾਂ ਪਾਸ ਕੁਝ ਨਹੀਂ। ਇਨ੍ਹਾਂ ਪਾਸ ਹਥਿਆਰ ਬਲ ਹੈ ਜਿਸ ਨੂੰ ਵਰਤਦਿਆਂ ਇਹ ਲੁੱਟ ਮਾਰ ਕਰ ਲੋੜੀਂਦੀਆਂ ਵਸਤਾਂ ਇਕੱਤਰ ਕਰ ਸਕਦੇ ਸਨ। ਉਹ ਕਾਰਾ ਇਨ੍ਹਾਂ ਵਿੱਚੋਂ ਕਿਸੇ ਨੇ ਨਹੀਂ ਕੀਤਾ। ਇਹ ਸਿੱਖੀ ਦੀ ਆਦਰਸ਼ ਵਿੱਚ ਇੰਨੇ ਦ੍ਰਿੜ੍ਹ ਕਿ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਪੈਰੋਂ ਨੰਗੇ ਹੀ ਆਪਣਾ ਉਦੇਸ਼ ਪੂਰਾ ਕਰ ਆਏ ਹਨ। ਪੇਂਟਿੰਗ ਸਾਨੂੰ ਦਿਨ ਦੇ ਕਿਸ ਸਮੇਂ ਦਾ ਅਹਿਸਾਸ ਕਰਵਾਉਂਦੀ ਹੈ।
ਘਟਨਾ ਵਾਪਰਨ ਦਾ ਮਹੀਨਾ ਮਈ ਹੈ ਜਦੋਂ ਸੂਰਜੀ ਤਪਸ਼ ਸਿਖਰ ਦੀ ਹੁੰਦੀ ਹੈ। ਏਦਾਂ ਚਿਤੇਰੇ ਦੀ ਰਚਨਾ ਵਿਚਲੇ ਕਿਰਦਾਰ ਤਪਦੇ ਸੂਰਜ, ਗਰਮ ਰੇਤ ਤੋਂ ਇਲਾਵਾ ਹਾਕਮਾਂ ਦੀਆਂ ਵਧੀਕੀਆਂ ਨੂੰ ਆਪਣੇ ਜਿਸਮਾਂ 'ਤੇ ਹੰਢਾਅ ਰਹੇ ਹਨ। ਅਸਹਿਣਸ਼ੀਲ ਚੌਗਿਰਦੇ ਵਿੱਚ ਟਿਕੇ ਇਨ੍ਹਾਂ ਸਿੱਖਾਂ ਦਾ ਵਿਹਾਰ ਅਤਿ ਸਹਿਣਸ਼ੀਲਤਾ ਵਾਲਾ ਹੈ।
ਚਿੱਤਰ ਦਾ ਵਡੇਰਾ ਹਿੱਸਾ ਰੇਤਲੇ ਧਰਾਤਲ ਨੂੰ ਮਿਲਿਆ ਹੈ। ਡੂੰਘੇ ਰੁਖ਼ ਯਾਤਰਾ ਲਈ ਇਹ ਜ਼ਰੂਰੀ ਹੈ। ਧਰਤੀ ਨਾਲ ਜੁੜੇ ਲੋਕਾਂ ਦੇ ਪਰਾਕਰਮ ਦੀ ਕਥਾ ਵਾਸਤੇ ਜ਼ਮੀਨ ਚਾਹੀਦੀ ਹੈ, ਆਸਮਾਨ ਤਾਂ ਆਪੇ ਸ਼ਾਮਲ ਹੋ ਜਾਵੇਗਾ। ਦੂਰ ਸਿਖਰ ਤੋਂ ਉਤਰ ਰਹੀ ਤਿੱਖਣ ਸੂਰਜੀ ਲੋਅ ਦੋਵਾਂ ਦੇ ਮਿਲਣ ਵਾਲੀ ਭਰਮ ਲਕੀਰ ਨੂੰ ਪੂਰੀ ਤਰ੍ਹਾਂ ਧੁੰਦਲਾ ਕਰ ਰਹੀ ਹੈ। ਆਸਮਾਨ ਇੱਕ ਰੰਗੀ ਨਹੀਂ। ਹਲਕੇ ਬੱਦਲ ਜਾਂ ਆਸਮਾਨ ਚੜ੍ਹੀ ਰੇਤਲੀ ਧੂੜ ਇਹਦੀ ਵਜਾ ਹੋ ਸਕਦੀ ਹੈ। ਸੂਰਜ ਅੇਨ ਸਿਰਾਂ ਤੋਂ ਉਪਰ ਨਹੀਂ ਹੈ। ਸਮਾਂ ਢਲਾਣ ਵੱਲ ਦਾ ਹੈ। ਪਰਛਾਵੇਂ ਸੱਜੇ ਵੱਲ ਦੇ ਹਨ।
ਇਸ ਕਿਰਤ ਦੀ ਇੱਕ ਹੋਰ ਖਾਸੀਅਤ ਵੱਲ ਧਿਆਨ ਦੇਣਾ ਲਾਜ਼ਮੀ ਹੈ। ਚਿੱਤਰਕਾਰ ਵੱਲੋਂ ਰਚੇ ਸਾਰੇ ਕਿਰਦਾਰ ਇੱਕ ਦੂਜੇ ਤੋਂ ਭਿੰਨ ਹਨ। ਇਹ ਵਿਭਿੰਨਤਾ ਰਚਨਾ ਦੀ ਲੋੜ ਹੈ। ਖ਼ਾਸ ਗੱਲ ਇਹ ਹੈ ਕਿ ਚਿੱਤਰਕਾਰ ਭਿੰਨਤਾ ਦਾ ਖਿਆਲ ਤਾਂ ਰੱਖਦਾ ਹੈ, ਪਰ ਉਸ ਨੂੰ ਨਿਖਾਰਦਾ ਨਹੀਂ। ਕੋਈ ਵੀ ਛੱਬ ਲੈ ਲਓ ਉਸ ਦਾ ਚਿਹਰਾ ਮੋਹਰਾ, ਸੀਰ ਰਚਨਾ ਨੂੰ ਬਾਰੀਕਬੀਨੀ ਨਾਲ ਬਣਾਇਆ ਗਿਆ। ਕਿਰਪਾਲ ਸਿੰਘ ਨੇ ਇਸ ਵਿਧੀ ਨੂੰ ਕੁਝ ਦੂਜੇ ਚਿੱਤਰਾਂ ਲਈ ਵੀ ਵਰਤਿਆ ਹੈ।
Download/View Full Version of Artist Kirpal Singh's Painting