ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥
"ਲਿਆ ਸੀਸ ਨੂੰ ਤਲੀ ਟਿਕਾ ਪਿਆਰੇ। ਖੱਬੀ ਤਲੀ ਤੇ ਰੱਖ ਨੇ ਸੀਸ ਲੀਆ।
ਸੱਜੇ ਹੱਥ ਮੇਂ ਖੰਡਾ ਉਠਾ ਪਿਆਰੇ।
ਮਾਰੋ ਮਾਰ ਕਰਦੇ ਆ ਪਏ ਵੈਰੀਆਂ ਤੇ ਦਿਤਾ ਤੁਰਕੂਆਂ ਤਈਂ ਭਜਾ ਪਿਆਰੇ।"
-ਗਿਆਨੀ ਅਮਰ ਸਿੰਘ
ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ।
ਕਿਰਪਾਲ ਸਿੰਘ ਨੇ ਇਸ ਸੂਰਬੀਰਤਾ ਨੂੰ ਉਭਾਰਦਾ ਇੱਕ ਚਿੱਤਰ ਬਣਾਇਆ ਹੈ। ਚਿੱਤਰ ਦੀਆਂ ਆਪਣੀਆਂ ਰੂਪਰੰਗਤ ਅਤੇ ਵਿਸ਼ੇਸ਼ਤਾਵਾਂ ਹਨ। ਚਿੱਤਰ ਬਿਰਤਾਂਤਕ ਹੈ ਜਿਸ ਦਾ ਆਧਾਰ ਸਰਬ ਗਿਆਤ ਇਤਿਹਾਸ ਹੈ।
ਪ੍ਰਾਪਤ ਤੱਥਾਂ ਮੁਤਾਬਿਕ ਬਾਬਾ ਦੀਪ ਸਿੰਘ ਦਾ ਜਨਮ ਵੀਹ ਜੁਲਾਈ ਸੋਲਾਂ ਸੋ ਬਿਆਸੀ ਨੂੰ ਪੋਹਵਿੰਡ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ ਸੀ। ਪਿਤਾ ਭਾਈ ਭਗਤੂ ਦਾ ਗੁਰੂ ਘਰ ਨਾਲ ਪਿਆਰ ਸੀ। ਇਸੇ ਲਈ ਉਹ ਆਪਣੇ ਬੱਚੇ ਨੂੰ ਨਾਲ ਲੈ ਆਨੰਦਪੁਰ ਪਹੁੰਚਦੇ ਹਨ ਜਦੋਂ ਗੁਰੂ ਗੋਬਿੰਦ ਰਾਏ (ਸਿੰਘ) ਨੇ ਵਿਸਾਖੀ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਕੀਤਾ ਸੀ।
ਅੰਮ੍ਰਿਤਪਾਨ ਤੋਂ ਬਾਅਦ ਬਾਬਾ ਦੀਪ ਸਿੰਘ ਅੱਠ ਸਾਲ ਤਕ ਆਨੰਦਪੁਰ ਹੀ ਟਿਕੇ ਰਹੇ। ਉੱਥੇ ਰਹਿ ਕੇ ਭਾਈ ਮਨੀ ਸਿੰਘ ਪਾਸੋਂ ਗੁਰਮੁਖੀ ਦੇ ਨਾਲ-ਨਾਲ ਗੁਰਬਾਣੀ ਅਤੇ ਗੁਰਬਾਣੀ ਅਰਥ-ਬੋਧ ਦੀ ਸਿੱਖਿਆ ਲਈ। ਉੱਥੇ ਰਹਿੰਦਿਆਂ ਅਧਿਆਤਮ ਚਿੰਤਨ ਤੋਂ ਇਲਾਵਾ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵੀ ਸਿੱਖੀ।
੧੭੦੨ ਵਿੱਚ ਗ੍ਰਹਿਸਥ ਜੀਵਨ ਅਪਣਾਇਆ। ੧੭੦੫ ਨੂੰ ਆਨੰਦਪੁਰ ਤਿਆਗ ਕੇ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਟਿਕੇ। ਗੁਰੂ ਜੀ ਨੇ ਬਾਬਾ ਦੀਪ ਸਿੰਘ ਨੂੰ ਆਪਣੇ ਕੋਲ ਸੱਦ ਲਿਆ। ਉਨ੍ਹਾਂ ਨਾਲ ਭਾਈ ਮਨੀ ਸਿੰਘ ਵੀ ਸਨ। ਇੱਥੇ ਰਹਿੰਦਿਆਂ ਉਨ੍ਹਾਂ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਪਾਸੋਂ ਆਦਿ ਗ੍ਰੰਥ ਦੇ ਉਤਾਰੇ ਕਰਵਾਏ। ਗੁਰੂ ਜੀ ਜਦੋਂ ਦੱਖਣ ਵੱਲ ਰਵਾਨਾ ਹੋਏ ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਨੂੰ ਤਖ਼ਤ ਦਮਦਮਾ ਦਾ ਮੁਖੀ ਥਾਪ ਦਿੱਤਾ। ਮੁਗ਼ਲ ਜਰਵਾਣਿਆਂ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਉਪਰ ਚੜ੍ਹਾਈ ਕੀਤੀ ਤਾਂ ਦੋਵਾਂ ਯੋਧਿਆਂ ਨੇ ਮਿਲ ਕੇ ਕਈ ਲੜਾਈਆਂ ਲੜੀਆਂ। ੧੭੪੮ ਵਿੱਚ ਦਲ ਖਾਲਸਾ ਨੂੰ ੧੨ ਮਿਸਲਾਂ ਵਿੱਚ ਵੰਡ ਦਿੱਤਾ ਗਿਆ ਅਤੇ ਬਾਬਾ ਦੀਪ ਸਿੰਘ 'ਸ਼ਹੀਦ ਮਿਸਲ' ਦੇ ਪ੍ਰਮੁੱਖ ਬਣਾਏ ਗਏ।
੧੭੫੭ ਵਿੱਚ ਅਹਿਮਦ ਸ਼ਾਹ ਅਬਦਾਲੀ ਚੌਥੀ ਵਾਰ ਲੁੱਟ-ਖਸੁੱਟ ਕਰਕੇ ਆਪਣੇ ਵਤਨ ਪਰਤ ਰਿਹਾ ਸੀ। ਉਸ ਦੇ ਕੁਰੂਕਸ਼ੇਤਰ ਦੇ ਪੜਾਅ ਸਮੇਂ ਅੱਧੀ ਰਾਤ ਨੂੰ ਬਾਬਾ ਜੀ ਨੇ ਅਫ਼ਗਾਨ ਫ਼ੌਜ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਲੁੱਟੀ, ਧਨ-ਦੌਲਤ ਕਬਜ਼ੇ 'ਚ ਕਰਨ ਤੋਂ ਇਲਾਵਾ ਜਬਰੀ ਚੁੱਕੀਆਂ ਅੋਰਤਾਂ ਨੂੰ ਵੀ ਮੁਕਤ ਕਰਵਾ ਲਿਆ। ਅਬਦਾਲੀ ਨੇ ਇਸ ਨੂੰ ਆਪਣੀ ਹੇਠੀ ਜਾਣਿਆ। ਫਲਸਰੂਪ, ਉਸ ਨੇ ਆਪਣੇ ਪੁਤੱਰ ਤੈਮੂਰ ਸ਼ਾਹ ਨੂੰ ਹੁਕਮ ਚਾੜ੍ਹਿਆ ਕਿ ਤਮਾਮ ਗੁਰਦੁਆਰੇ ਤਬਾਹ ਕਰਨ ਦੇ ਨਾਲ-ਨਾਲ ਸਰੋਵਰ ਵੀ ਪੂਰ ਦਿੱਤੇ ਜਾਣ। ਸਿੱਖਾਂ ਵਾਸਤੇ ਇਹ ਸੰਕਟ ਦਾ ਸਮਾਂ ਸੀ। ਸਿੱਖਾਂ ਨੂੰ ਮਾਰ ਮੁਕਾਉਣ ਤੋਂ ਇਲਾਵਾ ਗੁਰਦੁਆਰੇ ਤਬਾਹ ਕੀਤੇ ਜਾ ਰਹੇ ਸਨ। ਇਸ ਵੇਲੇ ਬਾਬਾ ਦੀਪ ਸਿੰਘ ਨੇ ਐਲਾਨਿਆ ਕਿ ਇਸ ਵਰ੍ਹੇ ਦੀ ਦੀਵਾਲੀ ਅੰਮ੍ਰਿਤਸਰ ਵਿਖੇ ਹੀ ਮਨਾਈ ਜਾਵੇਗੀ।
ਕਿਰਪਾਲ ਸਿੰਘ ਨੇ ਬਾਬਾ ਦੀਪ ਸਿੰਘ ਦੀ ਇੱਕੋ-ਇੱਕ ਪੇਟਿੰਗ ਬਣਾਈ ਹੈ ਅਤੇ ਉਹ ਵੀ ਨਿਰਣਾਇਕ ਖਿਣ ਨੂੰ ਰੂਪਮਾਨ ਕਰਦੀ ਹੋਈ। ਇੱਕੋ ਚਿੱਤਰ ਉਨ੍ਹਾਂ ਦੇ ਹੁਨਰ ਦੀ ਇਬਾਰਤ ਹੈ। ਪੇਟਿੰਗ ਤਰਤਾਲੀ ਗੁਣਾ ਬਵੰਜਾ ਇੰਚ ਦੀ ਹੈ। ਇਸ ਦਾ ਰਚਨਾ ਕਾਲ ੧੯੫੮ ਹੈ। ਮੂਲ ਦ੍ਰਿਸ਼ ਲੜਾਈ ਦਾ ਨਹੀਂ ਹੈ, ਪਰ ਲੜਾਈ ਹੋਣ ਦੀ ਸੰਭਾਵਨਾ ਵੱਲ ਸੰਕੇਤ ਜ਼ਰੂਰ ਕਰ ਰਿਹਾ ਹੈ। ਇੱਕ ਵੱਡੀ ਉਮਰ ਦਾ ਯੋਧਾ ਆਪਣੇ ਤੋਂ ਕਾਫ਼ੀ ਘੱਟ ਉਮਰ ਦੇ ਨਿੱਕੇ ਜਿਹੇ ਸਮੂਹ ਨੂੰ ਸੰਬੋਧਿਤ ਹੈ। ਨਾ ਸਮਾਂ ਸਾਧਾਰਨ ਹੈ ਅਤੇ ਨਾ ਹੀ ਦ੍ਰਿਸ਼ ਰਚਨਾ ਰਚਨਾ। ਦੋਵਾਂ ਦੀ ਸੰਜੁਗਤੀ ਵਿੱਚੋਂ ਪ੍ਰਭਾਵਸ਼ਾਲੀ ਸੰਦੇਸ਼ ਪ੍ਰਵਾਹਿਤ ਹੋ ਰਿਹਾ ਹੈ। ਦਿਖਾਈ ਦੇ ਰਹੇ ਸਭ ਯੋਧੇ ਆਦਮ ਕੱਦ ਦੇ ਹਨ। ਅਜਿਹਾ ਕੋਈ ਯੋਧਾ ਨਹੀਂ ਜੋ ਅੱਧ-ਅਧੂਰਾ ਚਿਤਰਿਆ ਗਿਆ ਹੋਵੇ। ਉਹ ਦੂਜੀ ਗੱਲ ਹੈ ਕਿ ਕੋਈ ਜਣਾ ਫਰੇਮ ਵਿੱਚ ਨਾ ਸਮਾਇਆ ਹੋਵੇ। ਫਰੇਮ ਬਾਹਰੀ ਤਾਂ ਬਹੁਤ ਕੁਝ ਹੈ, ਪਰ ਚਿੱਤਰਕਾਰ ਦਾ ਉਹਦੇ ਨਾਲ ਸਰੋਕਾਰ ਨਹੀਂ ਹੈ।
ਚਿੱਤਰ ਤਿੰਨ ਇਕਾਈਆਂ ਨੂੰ ਉਭਾਰ ਰਿਹਾ ਹੈ। ਧਰਤੀ, ਅੰਬਰ ਅਤੇ ਧਰਤੀ ਉੱਪਰ ਖੜ੍ਹੇ ਸੂਰੇ। ਦੂਰ, ਪਰ੍ਹਾਂ ਹਰਿਆਵਲ ਹੋ ਸਕਦੀ ਹੈ ਜੋ ਧੁੰਦਲੀ-ਧੁੰਦਲੀ ਹੈ। ਇਸੇ ਕਾਰਨ ਉਹ ਆਪਣੇ ਤਾਜ਼ਾ ਰੰਗ ਵਿੱਚ ਨਹੀਂ। ਇਸੇ ਧੁੰਦਲਕੇ ਵਿੱਚੋਂ ਇਮਾਰਤਨੁਮਾ ਉਸਾਰੀ ਦਿਖਦੀ ਹੈ।
ਪੇਟਿੰਗ ਦੇ ਖੱਬੇ ਪਾਸੇ ਵੱਲ ਵੱਡੀ ਉਮਰ ਦੇ ਬਾਬਾ ਦੀਪ ਸਿੰਘ ਖੜ੍ਹੇ ਹਨ। ਉਨ੍ਹਾਂ ਜਦੋਂ ਪ੍ਰਣ ਕੀਤਾ ਕਿ ਇਸ ਸਾਲ ਸਾਰੇ ਸਿੰਘ ਮਿਲ ਕੇ ਦਿਵਾਲੀ ਅੰਮ੍ਰਿਤਸਰ ਮਨਾਉਣਗੇ ਤਦ ਉਨ੍ਹਾਂ ਦੀ ਉਮਰ ਪੰਝੱਤਰ ਸਾਲ ਦੇ ਲਗਪਗ ਸੀ। ਉਨ੍ਹਾਂ ਨੇ ਆਪਣੇ ਸੱਜੇ ਹੱਥ ਵਿੱਚ ਖੰਡਾ ਫੜਿਆ ਹੋਇਆ ਹੈ ਜਿਸ ਦਾ ਵਜ਼ਨ ਅਠਾਰਾਂ ਸੇਰ ਹੈ। ਰੋਹਬਦਾਰ, ਤਕੜੇ ਜੁੱਸੇ ਸਮੁੱਖ ਕੁਝ ਸਿੰਘ ਖੜ੍ਹੇ ਦਿਖਾਈ ਦੇ ਰਹੇ ਹਨ। ਕਿਰਪਾਲ ਸਿੰਘ, ਅਸਲ ਵਿੱਚ, ਨਿਰਣਾਇਕ ਖਿਣ ਨੂੰ ਸਮੂਰਤ ਕਰਨ ਦਾ ਯਤਨ ਕਰ ਰਿਹਾ ਹੈ। ਜਦੋਂ ਬਾਬਾ ਜੀ ਦਮਦਮਾ ਸਾਹਿਬ ਤੋਂ ਰਵਾਨਾ ਹੋਏ ਸਨ ਤਦ ਉਨ੍ਹਾਂ ਨਾਲ ਚੱਲਣ ਵਾਲਿਆਂ ਦੀ ਗਿਣਤੀ ਪੰਜ ਕੁ ਸੌ ਦੀ ਸੀ। ਵੱਖ-ਵੱਖ ਪਿੰਡਾਂ ਵਿੱਚੋਂ ਦੀ ਲੰਘਦੇ ਸਮੇਂ ਹੋਰ ਸਿੰਘ ਨਾਲ ਰਲਦੇ ਰਹੇ। ਫਲਸਰੂਪ, ਅੰਮ੍ਰਿਤਸਰ ਤੋਂ ਦੂਰ ਤਰਨ ਤਾਰਨ ਵਿਖੇ ਇਨ੍ਹਾਂ ਯੋਧਿਆਂ ਟਿਕਾਣਾ ਕੀਤਾ ਤਾਂ ਕੁੱਲ ਗਿਣਤੀ ਪੰਜ ਹਜ਼ਾਰ ਦੇ ਆਸ ਪਾਸ ਜਾ ਪਹੁੰਚੀ ਸੀ। ਬਾਬਾ ਦੀਪ ਸਿੰਘ ਉਸ ਸਮੂਹ ਦੇ ਮਨ ਦੀ ਦ੍ਰਿੜਤਾ ਦੀ ਪਰਖ ਹਿੱਤ ਖੰਡੇ ਦੀ ਨੋਕ ਨਾਲ ਜ਼ਮੀਨ ਉਪਰ ਲਕੀਰ ਖਿੱਚਦੇ ਹਨ। ਆਪਣੇ ਸੰਬੋਧਨ ਵਿੱਚ ਕਹਿੰਦੇ ਹਨ ਕਿ ਜੋ ਵੀ ਸ਼ਖ਼ਸ ਹਰਿਮੰਦਰ ਦੀ ਰੱਖਿਆ ਲਈ ਆਪਣੇ ਆਪ ਨੂੰ ਨਿਛਾਵਰ ਕਰਨ ਲਈ ਤਿਆਰ ਹੈ ਓਹੀ ਇਸ ਲਕੀਰ ਨੂੰ ਪਾਰ ਕਰ ਇਧਰ ਆ ਜਾਵੇ, ਬਾਕੀ ਆਪੋ ਆਪਣੇ ਘਰ ਪਰਤ ਸਕਦੇ ਹਨ।
ਪੇਟਿੰਗ ਵਿੱਚ ਧਰਤੀ ਵਾਹੀ ਲਕੀਰ ਸਪੱਸ਼ਟ ਦਿਖ ਰਹੀ ਹੈ। ਖੰਡੇ ਦੀ ਮੁੱਠ ਉੱਪਰ ਹੱਥ ਦੀ ਪਕੜ, ਬਾਂਹ ਦੀ ਹਰਕਤ ਦੇ ਅਨੁਰੂਪ ਸਾਰੇ ਸਰੀਰ ਦੀ 'ਪੋਜੀਸ਼ਨਿੰਗ' ਮਜ਼ਬੂਤ ਇਰਾਦੇ ਨੂੰ ਅਨੁਵਾਦ ਕਰ ਰਹੀ ਹੈ। ਚਿੱਤਰ ਵਿੱਚ ਵਾਹੀ ਲਕੀਰ ਦਿਖਾਈ ਦਿੰਦੀ ਹੈ, ਉਸ ਨੂਮ ਪਾਰ ਕਰਦਾ ਕੋਈ ਯੋਧਾ ਨਹੀਂ ਦਿਖਾਇਆ ਗਿਆ। ਇਹ ਗੱਲ ਇਸ ਦਾ ਸਬੂਤ ਹੈ ਕਿ ਚਿਤੇਰਾ ਸੰਜਮੀ ਹੈ। ਕਹੇ ਜਾ ਰਹੇ ਅਤੇ ਹੋਣ ਵਿੱਚ ਵਕਫ਼ਾ ਰੱਖਿਆ ਜਾ ਰਿਹਾ ਹੈ।
ਅੰਮ੍ਰਿਤਪਾਨ ਕਰਨ ਮਗਰੋਂ ਬਾਬਾ ਦੀਪ ਸਿੰਘ ਦਾ ਜੀਵਨ ਭਗਤੀ ਅਤੇ ਸ਼ਕਤੀ ਵਾਲਾ ਰਿਹਾ। ਜੇ ਬੀਤੇ ਵੱਲ ਝਾਕੀਏ ਤਾਂ ਇੱਕ ਹੋਰ ਵੇਰਵਾ ਮਿਲਦਾ ਹੈ ਜਦ ਲਕੀਰ ਖਿੱਚ ਕੇ ਸੀਤਾ ਵਾਸਤੇ ਸੁਰੱਖਿਅਤ ਥਾਂ ਬਣਾਈ ਜਾਂਦੀ ਹੈ। ਜਦ ਤਕ ਲਕੀਰ ਦੇ ਅੰਦਰ ਰਿਹਾ ਜਾਵੇਗਾ, ਉਹ ਸੁਰੱਖਿਅਤ ਰਹੇਗੀ। ਪਰ ਬਾਬਾ ਦੀਪ ਸਿੰਘ ਵੱਲੋਂ ਵਾਹੀ ਲਕੀਰ ਕਿਸੇ ਨੂੰ ਸੁਰੱਖਿਆ ਦਾ ਵਚਨ ਨਹੀਂ ਦਿੰਦੀ। ਇਹ ਤਾਂ ਗੁਰੂਘਰ ਦੀ ਸੁਰੱਖਿਆ ਹਿੱਤ ਪ੍ਰਾਣਾਂ ਦੀ ਮੰਗ ਕਰ ਰਹੀ ਹੈ। ਆਨੰਦਪੁਰੋਂ ਪਰਤ ਕੇ ਉਨ੍ਹਾਂ ਨੇ ਲੋਕਾਂ ਵਿੱਚ ਗੁਰਬਾਣੀ, ਗੁਰਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ।ਉਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਨਤੀਜੇ ਵਜੋਂ ਉਹ ਸਮੁੱਚੇ ਗੁਰਬਾਣੀ ਅਰਥ ਕਰ ਲੋਕਾਂ ਨੂੰ ਸਮਝਾਉਂਦੇ ਸਨ।
ਜਦੋਂ ਧਰਮ ਦੀ ਰਾਖੀ ਦਾ ਸਮਾਂ ਆਇਆ ਤਾਂ ਹੱਥਾਂ ਵਿੱਚ ਸ਼ਸਤਰ ਸੰਭਾਲ ਚੱਲ ਪਏ। ਇਹ ਸੰਤ-ਸਿਪਾਹੀ ਵਾਲਾ ਸਰੂਪ ਹੈ ਜਿਸ ਦੀ ਕਲਪਨਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ। ਅਸਲ ਵਿੱਚ ਉਸ ਵੇਲੇ ਅਤੇ ਬਾਅਦ ਵਿੱਚ ਸਿੱਖਾਂ ਵਿੱਚ ਇਸ ਸੁਮੇਲ ਦੇ ਦਰਸ਼ਨ ਹੁੰਦੇ ਰਹੇ। ਚਿੱਤਰ ਵਿੱਚ ਬਾਬਾ ਦੀਪ ਸਿੰਘ ਨੇ ਨੀਲਾ ਚੋਲਾ ਪਹਿਨਿਆ ਹੋਇਆ ਹੈ ਜੋ ਗੋਡਿਆਂ ਤੋਂ ਥੱਲੇ ਤਕ ਦਾ ਹੈ। ਲੱਕ ਦੁਆਲੇ ਘੁੱਟ ਕੇ ਬੰਨ੍ਹਿਆ ਕੇਸਰੀ ਕਮਰਕੱਸਾ ਹੈ ਅਤੇ ਉਸੇ ਵਿੱਚ ਕਟਾਰ ਰੱਖੀ ਹੋਈ ਹੈ। ਹੱਥ ਫੜੇ ਖੰਡੇ ਤੋਂ ਇਲਾਵਾ ਗਲੇ ਗਾਤਰਾ ਹੈ। ਸੰਭਵ ਹੈ, ਕ੍ਰਿਪਾਨ ਹੋਵੇ ਜਿਹੜੀ ਦਿਸ ਨਹੀਂ ਰਹੀ। ਛਾਤੀ, ਗਲ, ਮੋਢਿਆਂ ਦੇ ਬਚਾਅ ਵਾਸਤੇ ਲੋੜੀਦੇ ਕਵਚ ਪਹਿਨੇ ਹੋਏ ਹਨ। ਬਾਹਾਂ ਦੀ ਰਾਖੀ ਵਾਸਤੇ ਬਾਜੂਬੰਦ ਹਨ। ਸਿਰ ਉਪਰ ਉੱਚਾ ਦੁਮਾਲਾ ਸੋਭ ਰਿਹਾ ਹੈਪ ਇਹ ਕੇਸਰੀ, ਨੀਲੇ ਰੰਗ ਦਾ ਹੈ। ਦੁਮਾਲੇ ਦੁਆਲੇ ਚੱਕਰ ਹਨ। ਇਹ ਬਚਾਅ ਵਾਸਤੇ ਵੀ ਹਨ ਅਤੇ ਵਾਰ ਦੇ ਕੰਮ ਵੀ ਆਉਂਦੇ ਹਨ। ਦੁਮਾਲੇ ਦੇ ਐਨ ਸਿਖਰ ਫਰਲਾ ਹੈ। ਇਹ ਜਥੇਦਾਰੀ ਦਾ ਪ੍ਰਤੀਕ ਹੈ। ਚਿਹਰੇ ਸੋਭਦਾ ਸਫ਼ੈਦ ਦਾਹੜਾ ਵੀ ਉਨ੍ਹਾਂ ਦੀ ਉਮਰ ਘਟਾ ਨਹੀਂ ਰਿਹਾ। ਰੋਹਬੀਲੇ 'ਪ੍ਰੋਫਾਇਲ' ਦੀ ਦਿਖਾਈ ਦਿੰਦੀ ਅੱਖ ਦਾ ਤੇਜ ਅਤੇ ਟਿਕਟਿਕੀ ਖੁਦ ਬਾਬਾ ਜੀ, ਸੰਬੋਧਿਤ ਸੂਰਬੀਰਾਂ ਤੋਂ ਇਲਾਵਾ ਸਾਰੇ ਚਿੱਤਰ ਦੇ 'ਮੁਹਾਵਰੇ' ਨੂੰ ਬਦਲ ਰਹੀ ਹੈ। ਮਹਿਸੂਸ ਹੁੰਦਾ ਹੈ ਸ਼ਬਦਾਂ ਦੀ ਬਜਾਏ ਅੱਖਾਂ ਦੀ ਜਵਾਲਾ ਸੂਰਬੀਰਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਸੂਰਬੀਰ ਵੀ ਉਸੇ ਜੀਵਨ ਸਾਂਚੇ ਵਿੱਚ ਢਲੇ ਲੱਗਦੇ ਹਨ ਜਿਸ ਵਿੱਚ ਬਾਬਾ ਦੀਪ ਸਿੰਘ। ਤਾਹੀਓ ਇਹ ਆਪੋ-ਆਪਣਾ ਘਰ ਬਾਰ ਤਿਆਗ ਮਿੱਥੇ ਉਦੇਸ਼ ਦੀ ਪ੍ਰਾਪਤੀ ਲਈ ਇਸ ਥਾਂ ਆ ਪਹੁੰਚੇ ਹਨ।
ਜ਼ਾਹਿਰ ਹੈ ਇਹ ਯੁੱਧ ਭੁਮੀ ਨਹੀਂ। ਇਹ ਪੱਕਾ ਹੈ ਕਿ ਯੁੱਧ ਜ਼ਰੂਰ ਹੋਵੇਗਾ ਕਿਉਂਕਿ ਪ੍ਰਸਥਿਤੀ ਹੀ ਅਜਿਹੀ ਹੋ ਚੁੱਕੀ ਹੈ। ਇਹ ਸੰਬੋਧਨ ਯੁੱਧ ਭੁਮੀ ਦੇ ਦਰਮਿਆਨ ਨਹੀਂ ਹੈ ਜਿਵੇਂ ਦਾ ਭਗਵਾਨ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੀ ਲੜਾਈ ਵੇਲੇ ਅਰਜੁਨ ਨੂੰ ਕੀਤਾ ਸੀ। ਉੱਥੇ ਵੀ ਧਰਮ-ਅਧਰਮ ਦਾ ਸੰਕਟ ਸੀ, ਇੱਥੇ ਵੀ ਸੰਕਟ ਇਹੋ ਹੈ। ਫ਼ਰਕ ਸਮੇਂ, ਸਥਾਨ ਅਤੇ ਵਿਅਕਤੀਆਂ ਦਾ ਹੈ।
ਸਮੇਂ ਦੀ ਗੰਭੀਰਤਾ ਨੂੰ ਚਿੱਤਰਕਾਰ ਕਿਰਪਾਲ ਸਿੰਘ ਉਸੇ ਮਾਨਸਿਕ ਅਵਸਥਾ ਤੋਂ ਪੇਂਟ ਕਰ ਰਿਹਾ ਹੈ। ਸੱਤ ਹਜ਼ਾਰ ਦੇ ਲਗਪਗ ਇਕੱਠ ਵਿੱਚੋਂ aਂਗਲੀਆਂ ਉਪਰ ਗਿਣਨਯੋਗ ਸਿੰਘ ਚਿੱਤਰ ਵਿੱਚ ਦਿਖਾਈ ਦੇ ਰਹੇ ਹਨ। ਬਾਕੀ ਮਰਜੀਵੜੇ ਤਾਂ ਇਨ੍ਹਾਂ ਦੇ ਪਿੱਛੇ ਦੂਰ ਤਕ ਖੜ੍ਹੇ ਹੋਣਗੇ। ਮੂਲ ਕਹਿਣਯੋਗ ਨੁਕਤਾ ਇਹ ਹੈ ਕਿ ਕਿਸੇ ਵੀ ਸਿੰਘ ਦੀ ਨਜ਼ਰ ਲਕੀਰ ਵੱਲ ਹੈ ਹੀ ਨਹੀਂ।
ਲੱਗਦਾ ਉਨ੍ਹਾਂ ਨੇ ਜਦੋਂ ਘਰ ਜਿਹੇ ਨਿਮਾਣੇ ਘਰਾਂ ਜਾਂ ਲੁਕਣਗਾਹਾਂ ਦੀ ਵਲਗਣ ਤੋਂ ਬਾਹਰ ਪੈਰ ਰੱਖਿਆ ਸੀ ਤਾਂ ਇੱਕ 'ਅਣਦਿਸਦੀ' ਲਕੀਰ ਪਾਰ ਕਰ ਲਈ ਸੀ। ਉਹ ਤਾਂ ਸਵੈ-ਪ੍ਰੀਖਿਆ ਸੀ ਅਤੇ ਇਹ 'ਦਿਸਦੀ' ਪ੍ਰੀਖਿਆ ਦਾ ਵੇਲਾ ਹੈ। ਜਿਸ ਨੂੰ ਪਾਰ ਕਰਨ ਵਿੱਚ ਕਿਸੇ ਨੂੰ ਕੋਈ ਝਿਜਕ ਨਹੀਂ। ਇਤਿਹਾਸ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ। ਇਹ ਇੱਕ ਹੈ ਅਤੇ ਸਿਰਮੌਰ ਹੈ। ਕਿਰਪਾਲ ਸਿੰਘ ਨੇ ਉਸ ਘਟਨਾ ਨੂੰ ਆਪਣੀ ਕਲਪਨਾ ਸ਼ਕਤੀ ਵਰਤਦਿਆਂ ਲੋਕਮਨ ਵਿੱਚ ਟਿਕਾਉਣ ਦਾ ਯਤਨ ਕੀਤਾ ਹੈ।
ਇਕੱਠ ਦੇ ਮੂਹਰਲੇ ਸਿੰਘਾਂ ਦਾ ਲਿਬਾਸ ਧਿਆਨ ਗੋਚਰਾ ਹੈ। ਇਹ ਉਨ੍ਹਾਂ ਸਾਰਿਆਂ ਦੀ ਪਿੱਠਭੂਮੀ (ਆਰਥਿਕ ਅਤੇ ਸਮਾਜਿਕ) ਨੂੰ ਬਿਆਨਦਾ ਹੈ। ਅਗਲੇਰੇ ਸਿੰਘਾਂ ਤੋਂ ਪਿਛਲੇਰੇ ਸਿੰਘਾਂ ਦੀ ਸਥਿਤੀ ਦਾ ਅਮਦਾਜ਼ਾ ਆਰਾਮ ਨਾਲ ਲਾਇਆ ਜe ਸਕਦਾ ਹੈ। ਨਿਸ਼ਚਿਤ ਹੈ, ਉਨ੍ਹਾਂ ਦੀ ਸਥਿਤੀ ਇਨ੍ਹਾਂ ਤੋਂ ਚੰਗੇਰੀ ਨਹੀਂ ਹੋਵੇਗੀ।
ਹਰ ਸਿੰਘ ਦੇ ਸਿਰ ਦਸਤਾਰ ਹੈ ਜਿਸ ਦਾ ਇੱਕ ਪਾਸੇ ਦਾ ਖੁੱਲ੍ਹਾ ਲੜ ਗਰਦਨ ਅਤੇ ਮੋਢਿਆਂ ਉੱਪਰ ਪਿਆ ਹੋਇਆ ਹੈ। ਕਿਸੇ ਕਿਸੇ ਦੇ ਸਿਰ ਚੱਕਰ ਸਜੇ ਹਨ। ਪਿੰਡੇ ਚੋਲਾ ਅਤੇ ਤੇੜ ਕਛਹਿਰੇ ਹਨ। ਕਮਰਕੱਸਿਆਂ ਵਿੱਚ ਕਟਾਰਾਂ ਜਾਂ ਦੂਜੇ ਦਸਤੀ ਛੋਟੇ ਹਥਿਆਰ ਹਨ। ਗਲੀਂ ਪਾਏ ਗਾਤਰਿਆਂ ਵਿੱਚ ਕਿਰਪਾਨਾਂ ਹਨ ਅਤੇ ਇਨ੍ਹਾਂ ਦੇ ਹੱਥੀਂ ਨੇਜ਼ੇ ਹਨ ਜਾਂ ਫਿਰ ਗੰਡਾਸੇ। ਪੈਰੋਂ ਸਭ ਦੇ ਸਭ ਨੰਗੇ ਹਨ। ਪਵਿੱਤਰ ਗੁਰੂਧਾਮ ਦੀ ਪਵਿੱਤਰਤਾ ਦੀ ਬਹਾਲੀ ਵਾਸਤੇ ਲੜਨ ਵਾਲੇ ਸਿੰਘਾਂ ਪਾਸ ਇਹੋ ਨਿੱਕ-ਸੁੱਕ ਹੈ। ਨੰਗੇ ਧੜ ਲੜਨਾ ਸ਼ਾਇਦ ਇਸੇ ਨੂੰ ਕਿਹਾ ਗਿਆ ਹੈ।
ਆਉਣ ਵਾਲੇ ਗਭਰੇਟ, ਦਰਮਿਆਨੀ ਜਾਂ ਥੋੜ੍ਹੀ ਵੱਡੀ ਉਮਰ ਵਾਲੇ ਹਨ, ਪਰ ਕੋਈ ਵੀ ਬਾਬਾ ਦੀਪ ਸਿੰਘ ਦੀ ਉਮਰ ਜਿੱਡਾ ਨਹੀਂ। ਨਾ ਹੀ ਉਨ੍ਹਾਂ ਜਿਹੀ ਸਰੀਰਕ ਬਣਤਰ ਤੇ ਰੋਹਬ ਵਾਲਾ ਹੈ। ਭਾਵੇਂ ਅੱਖਾਂ ਜਾਂ ਸਰੀਰਕ ਹਰਕਤ ਵਿੱਚ ਊਰਜਾ ਹੈ। ਕਿਰਪਾਲ ਸਿੰਘ ਨੇ ਦਲ ਦੇ ਮੁਖੀ ਨੂੰ ਚਿੱਤਰ ਦਾ ਮੁਖੀ ਵੀ ਬਣਾਇਆ ਹੈ। ਬਾਬਾ ਦੀਪ ਸਿੰਘ ਕੈਨਵਸ ਦੇ ਬਿਲਕੁਲ ਦਰਮਿਆਨ ਨਹੀਂ ਸਗੋਂ ਹਟ ਕੇ ਖੱਬੇ ਵੱਲ ਨੂੰ ਹਨ। ਸਰੀਰਕ ਗਠਨ, ਮੁਦਰਾ, ਸਾਜ-ਸਜਾ ਦੇਖਣ ਵਾਲੇ ਨੂੰ ਆਪਣੇ ਉਪਰ ਕੇਂਦਰਿਤ ਕਰ ਲੈਂਦੀ ਹੈ।
ਬਾਬਾ ਦੀਪ ਸਿੰਘ ਦੇ ਸੱਜੇ ਪਾਸੇ ਵੱਲ ਘੋੜਾ ਹੈ। ਨਾਲ ਹੀ ਕੇਸਰੀ ਪੌਸ਼ਾਕ ਪਹਿਨੀ ਸ਼ਸਤਰਧਾਰੀ ਸਿੰਘ ਘੋੜੇ ਦੀ ਲਗਾਮ ਫੜੀ ਖੜ੍ਹਾ ਹੈ। ਘੋੜੇ ਅਤੇ ਸਿੰਘ ਦਾ ਵਡੇਰਾ ਹਿੱਸਾ ਬਾਬਾ ਦੀਪ ਸਿੰਘ ਦੀ ਵਿਰਾਟਤਾ ਨੇ ਜਿਵੇਂ ਲੁਕਾ ਰੱਖਿਆ ਹੈ। ਹਰ ਚੀਜ਼ ਨੂੰ ਸਪੱਸ਼ਟਾ ਦੇਣੀ ਜਾਂ ਪੂਰੀ ਤਰ੍ਹਾਂ ਉਘਾੜ ਕੇ ਪੇਸ਼ ਕਰ ਦੇਣਾ, ਚਿੱਤਰਕਾਰ ਦਾ ਕੰਮ ਨਹੀਂ। ਪੇਟਿੰਗ ਉੱਪਰ ਸ਼ਬਦ ਸੰਸਾਰ ਦੇ ਨੇਮ ਇੰਨ-ਬਿੰਨ ਲਾਗੂ ਨਹੀਂ ਕੀਤੇ ਜਾ ਸਕਦੇ, ਪਰ ਉਨ੍ਹਾਂ ਤੋਂ ਸੇਧ ਜ਼ਰੂਰ ਲਈ ਜਾ ਸਕਦੀ ਹੈ। ਫ਼ਰਕ ਸਿਰਫ਼ ਮਾਧਿਅਮ ਦਾ ਹੀ ਨਹੀਂ, ਹੋਰ ਵੀ ਕਾਫ਼ੀ ਕੁਝ ਹੈ। ਬਾਬਾ ਦੀਪ ਸਿੰਘ ਦੇ ਖੱਬੇ ਹੱਥ ਵੱਲ, ਥੋੜ੍ਹਾ ਥੱਲੇ ਵੱਲ, ਇੱਕ ਹੋਰ ਦੌੜੇ ਜਾਂਦੇ ਘੋੜੇ ਦਾ ਪਿਛਲਾ ਭਾਗ ਦਿਸਦਾ ਹੈ। ਇਹ ਹਲਚਲ ਦਾ ਸੰਕੇਤ ਹੈ। ਹਲਚਲ ਦਾ ਪਤਾ ਸਿੰਘਾਂ ਵੱਲੋਂ ਚੁੱਕੇ ਪੈਰਾਂ ਤੋਂ ਵੀ ਲੱਗ ਜਾਂਦਾ ਹੈ।
ਆਪਣੇ ਨੂੰ ਕੁਰਬਾਨ ਕਰਨ ਵਾਲੇ ਯੋਧੇ ਸ਼ਾਹੀ ਫ਼ੌਜਾਂ ਵਾਂਗ ਸੁਚੱਜੇ ਹਥਿਆਰਬੰਦ ਨਹੀਂ। ਦੇਹ ਦੀ ਰਾਖੀ ਵਾਸਤੇ ਵੀ ਕੋਈ ਬਖਤਰਬੰਦ ਜਾਂ ਕਵਚ ਨਹੀਂ। ਇਨ੍ਹਾਂ ਨੂੰ ਦੇਖ ਕੇ ਯੁੱਧ ਦੀ ਭਿਅੰਕਰ ਤਸਵੀਰ ਅੱਖਾਂ ਅੱਗੋਂ ਗੁਜ਼ਰਦੀ ਹੈ। ਇਹ ਜ਼ਿੰਦਾ ਰਹਿ ਜਾਂ ਮਰ ਜਾਣ ਦਾ ਸਮਾਂ ਹੈ। ਨਾ ਤਾਂ ਜ਼ਖ਼ਮੀ ਚਾਹੁੰਦਾ ਹੋਵੇਗਾ ਕਿ ਉਹ ਜਿਉਂਦਾ ਰਹੇ ਤੇ ਨਾ ਹੀ ਦੁਸ਼ਮਣ ਜ਼ਖ਼ਮੀ ਨੂੰ ਛੱਡਦਾ ਹੋਵੇਗਾ। ਇਸੇ ਕਰਕੇ ਸਿੰਘ ਜਾਨ ਹੂਲ ਕੇ ਜੂਝਦੇ ਹੋਣਗੇ।
ਚਿੱਤਰਕਾਰ ਕਿਰਪਾਲ ਸਿੰਘ ਤਤਕਾਲੀ ਸਮੇਂ ਦੀ ਤਸਵੀਰਕਬੀ ਕਰਦਾ ਹੈ। ਸ਼ਬਦਾਂ ਵਿੱਚ ਜੋ ਪੜ੍ਹਨ ਨੂੰ ਮਿਲਦਾ ਹੈ ਉਸ ਦੀ ਤਸਵੀਰ ਉਲੀਕਣੀ ਕਠਿਨ ਹੈ; ਪਰ ਚਿੱਤਰਕਾਰ ਉਸ ਸਮੇਂ ਨੂੰ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਬਣਾ ਰਿਹਾ ਹੈ। ਕਿਰਪਾਲ ਸਿੰਘ ਦਾ ਕੰਮ ਮੁਲਾਇਮ ਸੁਭਾਅ ਦਾ ਨਹੀਂ। ਲਿਸ਼ਕ ਪੁਸ਼ਕ ਜਾਂ ਕੋਮਲਤਾ ਦਾ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ। ਪਹਿਲੀ ਨਜ਼ਰੇ ਦਰਸ਼ਕ ਵਿਸ਼ੇ ਨਾਲ ਜੁੜ ਉਸ ਦੇ ਮੁਹਾਵਰੇ ਨੂੰ ਪਕੜਨਾ ਚਾਹੁੰਦਾ ਹੈ।
ਪੇਟਿੰਗ ਸਿੰਘਾਂ ਦੀ ਸ਼ਾਨੋ-ਸ਼ੌਕਤ ਨੂੰ ਨਹੀਂ ਦਰਸਾਉਂਦੀ। ਪਰ ਜੋ ਕੁਝ ਉਨ੍ਹਾਂ ਪਾਸ ਹੈ ਉਸ ਨੂੰ 'ਡਿਟੇਲ' ਵਿੱਚ ਬਣਾਇਆ ਗਿਆ ਹੈ। ਚਿਹਰੇ, ਸਰੀਰ ਜਾਂ ਵਸਤਾਂ ਨੂੰ ਬਣਾ-ਸੰਵਾਰ ਕੇ ਪੇਂਟ ਕਰਨਾ ਇਤਿਹਾਸਕ ਭੁੱਲ ਹੋ ਸਕਦੀ ਸੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਉਨ੍ਹਾਂ ਵਾਸਤੇ ਬਣਾ ਦਿੱਤੇ ਗਏ ਸਨ, ਉਨ੍ਹਾਂ ਵਿੱਚ ਐਸ਼ ਆਰਾਮ ਅਸੰਭਵ ਸੀ। ਸੋ ਉਸ ਪੱਖੋਂ ਚਿਤੇਰਾ ਸਜਗ ਹੈ।
ਕੇਸਰੀ, ਨੀਲੇ, ਸਫ਼ੈਦ ਤੋਂ ਇਲਾਵਾ ਹਲਕੇ ਮਟਿਆਲੇ ਰੰਗ ਦੀਆਂ ਕਈ ਰੰਗਤਾਂ ਦੀ ਵਰਤੋਂ ਹੋਈ ਹੈ। ਦੇਹ ਦੇ ਰੰਗ ਨੂੰ ਜ਼ਿਆਦਾ ਬਦਲ ਕੇ ਪੇਸ਼ ਨਹੀਂ ਕੀਤਾ।
ਇਸ ਚਿੱਤਰ ਦਾ ਸਮਾਂ ਦੁਪਹਿਰ ਦਾ ਹੈ। ਹਲਕੇ ਕੋਣ ਤੋਂ ਆ ਰਹੀਂ ਧੁੱਪ ਸਾਰਿਆਂ ਦੇ ਸਿਰਾਂ ਤੋਂ ਹੋ ਕੇ ਸਰੀਰਾਂ ਨਾਲ ਖਹਿਸਰ ਕੇ ਜ਼ਮੀਨ ਉੱਪਰ ਪਰਛਾਵੇਂ ਬਣਾ ਰਹੀਨ ਹੈ। ਧੁੱਪ, ਛਾਂ, ਪਰਛਾਵੇਂ ਚਿੱਤਰ ਵਿੱਚ ਲੋੜ ਯੋਗ 'ਵਿੱਥ-ਸੂਝ' (ਪ੍ਰਸਪੈਕਟਿਵ) ਸਿਰਜਦੇ ਹਨ। ਇਸ ਤੋਂ ਇਲਾਵਾ ਸਿਖਰ ਦੁਪਹਿਰ ਨੂੰ ਭਿੰਨ ਅਰਥਾਂ ਵਿੱਚ ਲਿਆ ਜਾਂਦਾ ਹੈ। ਚਿੱਤਰ ਤੋਂ ਅਗਲੀ ਕਥਾ ਅਨੁਸਾਰ ਦੋ ਵਿਰੋਧੀ ਧਿਰਾਂ ਵਿਚਾਲੇ ਲੜਾਈ ਹੁੰਦੀ ਹੈ। ਬਾਬਾ ਦੀਪ ਸਿੰਘ ਦਾ ਸਿਰ ਦੁਸ਼ਮਣ ਦੀ ਤਲਵਾਰ ਨਾਲ ਕੱਟ ਜਾਂਦਾ ਹੈ। ਬਾਬਾ ਜੀ ਕੱਟੇ ਸਿਰ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਧੜ ਉੱਪਰ ਟਿਕਾਈ ਰੱਖਦੇ ਹਨ ਅਤੇ ਦੁਸ਼ਮਣ ਨਾਲ ਲੜਦੇ-ਲੜਦੇ ਦਰਬਾਰ ਦੀ ਪਰਿਕਰਮਾ ਵਿੱਚ ਦਾਖ਼ਲ ਹੋ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
ਬਾਬਾ ਦੀਪ ਸਿੰਘ ਦੀ ਸੂਰਬੀਰਤਾ ਨੂੰ ਪਛਾਣਦਿਆਂ ਕੁਝ ਹੋਰ ਚਿਤੇਰਿਆਂ ਚਿੱਤਰ ਰਚੇ ਹਨ। ਇੱਕ ਥਾਂ ਉਹ ਚੌਕੜਾ ਮਾਰੀ ਬੈਠੇ ਹਨ। (ਪੇਂਟਰ: ਸੋਭਾ ਸਿੰਘ) ਅਤੇ ਉਨ੍ਹਾਂ ਸਾਹਮਣੇ ਰੇਹਲ ਉੱਪਰ ਪੋਥੀ ਹੈ। ਉਹ ਸਿੱਧਾ ਦਰਸ਼ਕਾਂ ਵੱਲ ਦੇਖ ਰਹੇ ਹਨ। ਇੱਕ ਹੋਰ ਜਗ੍ਹਾ ਉਹ ਲੜਦੇ ਹੋਏ ਦਿਸਦੇ ਹਨ (ਪੇਂਟਰ: ਜੀ.ਐੱਸ. ਸੋਹਨ ਸਿੰਘ)। ਇੱਥੇ ਉਨ੍ਹਾਂ ਦੇ ਸੱਜੇ ਹੱਥ 'ਚ ਖੰਡਾ ਹੈ ਅਤੇ ਖੱਬੇ ਹੱਥ ਦੀ ਤਲੀ ਉੱਪਰ ਆਪਣਾ ਸਿਰ ਟਿਕਾਇਆ ਹੋਇਆ ਹੈ। ਪ੍ਰਚੱਲਿਤ ਰੂਪਾਂ ਵਿੱਚੋਂ ਇੱਕ ਉਹ ਰੂਪ ਹੈ ਜਿੱਥੇ ਉਹ ਚੌਕੜਾ ਮਾਰੀ ਬੈਠੇ ਹਨ ਅਤੇ ਸੱਜੇ ਹੱਥ ਵਿੱਚ ਫੜਿਆ ਨੰਗਾ ਖੰਡਾ ਮੋਢੇ ਲੱਗਾ ਹੋਇਆ ਹੈ। ਉਹ ਹਰ ਤਰ੍ਹਾਂ ਦੇ ਸ਼ਸਤਰ ਨਾਲ ਲੈਸ ਦਿਸਦੇ ਹਨ। ਜ਼ਿਆਦਾਤਰ ਇਹ ਜਾਂ ਇਹੋ ਜਿਹੀਆਂ ਹੋਰ ਤਸਵੀਰਾਂ ਪ੍ਰਚਲਨ ਵਿੱਚ ਹਨ। ਹਰ ਤਸਵੀਰ ਥੋੜ੍ਹੀ ਤੋਂ ਬਹੁਤ ਜ਼ਿਆਦਾ ਊਣਤਾਈ ਦਾ ਸ਼ਿਕਾਰ ਹੈ। ਨਾਟਕੀ ਤੱਤ ਜ਼ਿਆਦਾ ਹੈ। ਨਾਮੰਨਣਯੋਗ ਸਥਿਤੀ ਪ੍ਰਸਥਿਤੀ ਜ਼ਿਆਦਾ ਹੈ।
ਕਿਸੇ ਵੀ ਕਲਾਕਾਰ ਨੇ ਤਤਕਾਲੀ ਵਸਤੂ ਸਥਿਤੀ ਜਾਂ ਇਤਿਹਾਸਕ ਵੇਰਵਿਆਂ ਨੂੰ ਛੋਹਣ ਦੀ ਹਿੰਮਤ ਨਹੀਂ ਕੀਤੀ। ਸਖਤ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਚਿਤੇਰਿਆਂ ਪਾਸ ਕਲਪਨਾ ਸ਼ਕਤੀ ਦੀ ਸੂਝ-ਬੂਜ ਦੀ ਘਾਟ ਹੈ। ਇਉਂ ਚਿੱਤਰਾਂ ਵਿੱਚ ਉਹ ਜਿਥੇ ਵੀ ਆਏ ਹਨ ਇਕੱਲੇ ਆਏ ਹਨ। ਉਨ੍ਹਾਂ ਦਾ ਸਰੀਰ ਉਨ੍ਹਾਂ ਦੀ ਅਵਸਥਾ ਨੂੰ ਬਿਆਨਦਾ ਨਹੀਂ।
ਉਹ ਸੰਤ ਸਿਪਾਹੀ ਨਾਂ ਦੇ ਨਹੀਂ ਸਗੋਂ ਅਭਿਆਸੀ ਸੰਤ-ਸਿਪਾਹੀ ਸਨ। ਇੱਕ ਪਾਸੇ ਉਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ, ਬ੍ਰਹਮਗਿਆਨੀ ਭਾਈ ਮਨੀ ਸਿੰਘ ਨਾਲ ਮਿਲ ਆਦਿ ਗ੍ਰੰਥ ਦੇ ਉਤਾਰੇ ਤਿਆਰ ਕਰਦੇ ਹਨ ਤੈ ਦੂਜੇ ਪਾਸੇ, ਭੀੜ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਯੁੱਧ ਭੁਮੀ ਵਿੱਚ ਨਿੱਤਰਦੇ ਹਨ।
ਹਰ ਘਟਨਾ ਚਿੱਤਰਣਯੋਗ ਨਹੀਂ ਹੁੰਦੀ। ਚਿੱਤਰਕਾਰ ਉਸੇ ਖਿਣ ਨੂੰ ਆਪਣੇ ਬੁਰਸ਼ ਥੱਲੇ ਲਿਆਉਂਦਾ ਹੋ ਮਹੱਤਵਯੋਗ ਅਤੇ ਆਦਰਸ਼ਪੂਰਨ ਹੁੰਦਾ ਹੂ।
Download/View Full Version of Artist Kirpal Singh's Painting