ਲੇਖਿਕਾ :- ਰਾਣਾ ਅਯੂਬ , ਪ੍ਰਕਾਸ਼ਕ :- ਗੁਲਮੋਹਰ ਕਿਤਾਬ
ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ
ਲੇਖਿਕਾ :- ਰਾਣਾ ਅਯੂਬ , ਪ੍ਰਕਾਸ਼ਕ :- ਗੁਲਮੋਹਰ ਕਿਤਾਬ
ਪੰਜਾਬੀ ਅਨੁਵਾਦ :- ਬੂਟਾ ਸਿੰਘ , ਪੰਜਾਬੀ ਪ੍ਰਕਾਸ਼ਕ :- ਬਾਬਾ ਬੁੱਝਾ ਸਿੰਘ ਪ੍ਰਕਾਸ਼ਨ ਮਹਿਮੂਦਪੁਰ ।
ਸਫ਼ੇ - 167 , ਕੀਮਤ:- 150 ਰੁ.
ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ ।
ਇਸ ਕਿਤਾਬ ਦੇ ਕੁੱਲ 11 ਕਾਂਡ ਹਨ ਜਿੰਨ੍ਹਾਂ ਵਿੱਚ ਉਚ ਪੁਲਸ ਅਫ਼ਸਰਾਂ , ਰਾਜਨੀਤਿਕਾਂ ਅਤੇ ਨੌਂਕਰਸ਼ਾਹਾਂ ਦੇ ਨਾਲ ਹੋਈ ਗੱਲਬਾਤ ਦੇ ਵੇਰਵੇ ਦਰਜ਼ ਹਨ। ਕਾਂਡ ਪਹਿਲੇ ਵਿੱਚ ਲੇਖਿਕਾ ਛਾਨਬੀਣ ਦੇ ਨੇਪਰੇ ਚੜਣ ਦਾ ਸੇਹਰਾ ਉਨਾਂ ਇਮਾਨਦਾਰ ਨੌਂਕਰਸ਼ਾਹਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਸਿਰ ਬੰਨ੍ਹਦੀ ਹੈ ਜਿੰਨ੍ਹਾਂ ਨੂੰ ਭ੍ਰਿਸ਼ਟ ਨੌਂਕਰਸ਼ਾਹਾਂ ਅਤੇ ਰਾਜਨੀਤਿਕਾਂ ਨੇਂ ਖੁੱਡੇ ਲਾਇਨ ਲਗਾ ਰੱਖਿਆ ਸੀ । ਲੇਖਿਕਾ ਅਨੁਸਾਰ '' ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਦਸਤਾਵੇਜ਼ੀ ਸਬੂਤ ਹਾਸਲ ਕਰਵਾਉਣ ਵਾਲੇ ਅਧਿਕਾਰੀਆਂ ਦੀ ਸਫ਼ਲ ਮਦਦ ਨਾਲ ਮੇਂ ਆਖਿਰਕਾਰ ਉਸ ਸਾਲ ਦਾ ਸਭ ਤੋਂ ਸਨਸਨੀਖੇਜ਼ ਖੁਲਾਸਾ ਕੀਤਾ । ਇਹ ਝੂਠੇ ਪੁਲਸ ਮੁਕਾਬਲਿਆਂ ਦੌਰਾਣ ਵੱਖ ਵੱਖ ਪੁਲਸ ਅਧਿਕਾਰੀਆਂ ਅਤੇ ਰਾਜਨੀਤਿਕਾਂ ਵਿਚਕਾਰ ਹੋਈ ਗੱਲਬਾਤ ਦੇ ਕਾਲ ਰਿਕਾਰਡ ਦਾ ਬਿਓਰਾ ਸੀ । ਇਨ੍ਹਾਂ ਝੂਠੇ ਪੁਲਸ ਮੁਕਾਬਲਿਆਂ ਪਿੱਛੇ ਦਰਅਸਲ ਮਾਸੂਮਾਂ ਨੂੰ ਮਾਰ ਦੇਣ ਅਤੇ ਉਨਾਂ ਨੂੰ ਅੱਤਵਾਦ ਕਰਾਰ ਦੇਣ ਦੀ ਇਕ ਭਿਆਨਕ ਸਾਜਿਸ਼ ਸੀ ।
ਕਿਤਾਬ ਦੇ ਕਾਂਡ-2 ਵਿੱਚ ਲੇਖਿਕਾ ਆਪਣਾ ਨਾਂਅ ਬਦਲਣ , ਗੁਜਰਾਤ 'ਚ ਰਿਹਾਇਸ਼ ਅਤੇ ਆਪਣੇ ਸਾਥੀ ਨਾਲ ਮਿਲ ਕੇ ਸਟਿੰਗ ਆਪ੍ਰੇਸ਼ਨ ਕਰਨ ਦੀ ਯੋਜਨਾ ਦੀ ਸ਼ੁਰੂਆਤ ਅਹਿਮਦਾਬਾਦ ਦੀ ਭਾਜਪਾ ਵਿਧਾਇਕ ਅਤੇ ਬੇਕਸੂਰ ਮੁਸਲਿਮ ਕਤਲੇਆਮ ਦੀ ਦੌਸ਼ੀ ਮਾਇਆ ਕੋਡਨਾਨੀ ਬਾਰੇ ਖੁਲਾਸਾ ਕਰਦੀ ਹੈ । ਸੱਚਾਈ ਵੱਲ ਕਦਮ ਵਧਾਉਂਦੇ ਹੋਏ ਲੇਖਿਕਾ ਕਿਤਾਬ ਦੇ ਕਾਂਡ ਤਿੰਨ ਵਿੱਚ ਗੁਜਰਾਤ ਏ.ਟੀ.ਐਸ ਦੇ ਮੁਖੀ ਜੀ.ਐਲ ਸਿੰਘਲ ਤੱਕ ਪਹੁੰਚ ਕਰਦੀ ਹੈ ਜਿਸ 'ਤੇ ਝੂਠੇ ਮੁਕਾਬਲਿਆਂ ਦਾ ਦੌਸ਼ ਹੈ । ਗੱਲਬਾਤ ਦੌਰਾਣ ਸਿੰਘਲ ਖੁਲਾਸਾ ਕਰਦਾ ਹੈ ਕਿ '' ਊਚ ਜਾਤੀ ਰਾਜਨੀਤਿਕ ਅਤੇ ਅਫ਼ਸਰਾਂ ਜ਼ਰੀਏ ਨੀਵੀਂ ਜਾਤੀ ਦਲਿਤ ਅਫ਼ਸਰਾਂ ਨੂੰ ਆਪਣੇ ਨਾਪਾਕ ਮਨੋਰਥ ਲਈ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ '' ਅਤੇ ਜਦੋਂ ਲੇਖਿਕਾ ਏ.ਟੀ.ਐਸ ਮੁਖੀ ਸਿੰਘਲ ਨੂੰ ਸਵਾਲ ਕਰਦੀ ਹੈ ਕਿ '' ਤੁਸੀਂ ਸਭ ਵਣਜਾਰਾ , ਪਾਂਡਿਅਨ , ਪਰਮਾਰ ਅਤੇ ਜ਼ਿਆਦਾਤਰ ਬਾਕੀ ਲੋਕ ਨੀਵੀਆਂ ਜਾਤੀਆਂ ਤੋਂ ਸਬੰਧਤ ਹੋ ਜੋ ਕੁੱਝ ਵੀ ਤੁਸੀਂ ਕੀਤਾ ਉਹ ਰਾਜ ਦੇ ਇਸ਼ਾਰੇ 'ਤੇ ਕੀਤਾ ਤਾਂ ਕਿ ਇਸਦਾ ਮਤਲਬ ਤੁਹਾਨੂੰ ਸਭ ਲੋਕਾਂ ਨੂੰ ਇਸਤੇਮਾਲ ਕਰਕੇ ਫਿਰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ '' ਤਾਂ ਸਿੰਘਲ ਜਵਾਬ ਦਿੰਦਾ ਹੈ '' ਹਾਂ ਅਸੀਂ ਸਭ ਦੇ ਸਭ ,, ਸਰਕਾਰ ਇਹ ਸਭ ਨਹੀਂ ਸੋਚਤੀ ਉਸਨੂੰ ਲੱਗਦਾ ਹੈ ਅਸੀਂ ਉਨਾਂ ਵਲੋਂ ਕਹੀ ਹਰੇਕ ਗੱਲ ਨੂੰ ਕਰਨ ਲਈ ਬੱਧੇ ਹੋਏ ਹਾਂ ਅਤੇ ਉਨਾਂ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਨੂੰ ਤਿਆਰ ਹਾਂ , ਹਰੇਕ ਸਰਕਾਰੀ ਨੌਂਕਰ ਉਹ ਚਾਹੇ ਜੋ ਵੀ ਕੰਮ ਕਰਦਾ ਹੋਵੇ ਸਰਕਾਰ ਲਈ ਹੀ ਕਰਦਾ ਹੈ ਲੇਕਿਨ ਕੰਮ ਹੋਣ ਤੋਂ ਬਾਅਦ ਨਾ ਤਾਂ ਸਮਾਜ ਅਤੇ ਨਾ ਹੀ ਸਰਕਾਰ ਤੁਹਾਨੂੰ ਪਹਿਚਾਣਦੀ ਹੈ , ਵਣਜਾਰਾ ਅਤੇ ਹੋਰਨਾਂ ਨੇ ਜੋ ਵੀ ਕੀਤਾ ਕੋਈ ਵੀ ਉਨਾਂ ਨਾਲ ਖੜ੍ਹਾ ਨਹੀਂ ਹੋਇਆ '' ।
ਕਾਂਡ-4 ਵਿੱਚ ਸਾਬਕਾ ਏ.ਟੀ.ਐਸ ਮੁਖੀ ਰਾਜਨ ਪ੍ਰਿਅ ਦਰਸ਼ੀ ਵੀ ਲੇਖਿਕਾ ਨਾਲ ਊਚ ਜਾਤੀ ਨੌਂਕਰਸ਼ਾਹਾਂ ਵਲੋਂ ਦਲਿਤ ਨੌਂਕਰਸ਼ਾਹਾਂ ਦੇ ਸ਼ੋਸ਼ਣ ਦਾ ਖੁਲਾਸਾ ਕਰਦਿਆਂ ਕਹਿੰਦਾ ਹੈ '' ਇਹ ਬੜੀ ਅਜੀਬ ਗੱਲ ਹੈ ਜਦੋਂ ਤੁਸੀਂ ਦਲਿਤ ਹੋ ਤਾਂ ਦਫ਼ਤਰ ਵਿੱਚ ਕੋਈ ਵੀ ਤੁਹਾਨੂੰ ਕੁੱਝ ਵੀ ਕਹਿ ਸਕਦਾ ਹੈ ਇਥੋਂ ਤੱਕ ਕਿ ਕਿਸੇ ਦੀ ਨਜਾਇਜ਼ ਹੱਤਿਆ ਕਰਨ ਲਈ ਵੀ ਕਿਹਾ ਜਾ ਸਕਦਾ ਹੈ ਗੁਜਰਾਤ ਪੁਲਸ ਵਿੱਚ ਉਪਰਲੀਆਂ ਜਾਤੀਆਂ ਹੀ ਵਿਸ਼ੇਸ਼ ਹਨ '' ਰਾਜਨ ਪ੍ਰਿਅ ਦਰਸ਼ੀ ਉਸ ਵੇਲੇ ਦੇ ਗੁਜਰਾਤ ਮੁੱਖ ਮੰਤਰੀ ਨਰਿੰਦਰ ਮੌਦੀ ਦੇ ਖਾਸ ਗ੍ਰਹਿ ਮੰਤਰੀ ਗੋਰਧਨ ਝੜਫੀਆ ਵਲੋਂ ਮੁਸਲਮਾਨਾਂ 'ਤੇ ਝੂਠੇ ਮੁਕੱਦਮੇ ਦਰਜ਼ ਕਰਵਾਉਣ ਦਾ ਖੁਲਾਸਾ ਵੀ ਕਰਦਾ ਹੈ '' ਦੇਖੋ ਮੇਂ ਰਾਜਕੋਟ ਪੁਲਸ ਮਹਾ ਨਿਰਦੇਸ਼ਕ ਸੀ ਜੂਨਾਗੜ੍ਹ ਵਿਖੇ ਸੰਪਰਾਦਾਇਕ ਦੰਗੇ ਹੋਏ ਗ੍ਰਹਿ ਮੰਤਰੀ ਗੋਰਧਨ ਝੜਫੀਆ ਨੇ ਮੇਨੂੰ ਫੋਨ ਕਰਕੇ ਤਿੰਨ ਨਾਂਅ ਲਿਖਾਏ ਅਤੇ ਕਿਹਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰੋ , ਮੈਂ ਕਿਹਾ ਇਹ ਤਿੰਨੇ ਮੇਰੇ ਕੋਲ ਹਨ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਹਿੰਦੂ-ਮੁਸਲਿਮ ਦੰਗੇ ਖ਼ਤਮ ਹੋਏ ਹਨ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਮੌਦੀ ਜੀ ਦਾ ਹੁਕਮ ਹੈ '' ਰਾਜਨ ਪ੍ਰਿਅ ਦਰਸ਼ੀ ਇਹ ਗਿਲਾ ਵੀ ਕਰਦਾ ਹੈ ਕਿ ਮੈਂ ਡੀ.ਆਈ.ਜੀ ਬਨਣ ਤਾ ਹੱਕਦਾਰ ਸੀ ਪਰ ਇਨ੍ਹਾਂ ਲੋਕਾਂ ਦੇ ਨਜਾਇਜ਼ ਹੁਕਮ ਦੀ ਪਾਲਣਾ ਨਾ ਕਰਨ ਕਰਕੇ ਮੈਂ ਡੀ.ਆਈ.ਜੀ ਨਹੀਂ ਬਣ ਸਕਿਆ ।
ਕਾਂਡ-6 ਵਿੱਚ ਗੁਜਰਾਤ ਰਾਜ ਦੇ ਗ੍ਰਹਿ ਸਕੱਤਰ ਅਸ਼ੋਕ ਨਰਾਇਣ ਲੇਖਿਕਾ ਨਾਲ ਕਤਲੇਆਮ ਬਾਰੇ ਕਈ ਅਹਿਮ ਖੁਲਾਸੇ ਕਰਦੇ ਹੋਏ ਕਹਿੰਦੇ ਹਨ '' ਮੰਤਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਉਹ ਬਹੁਤ ਚਲਾਕ ਹਨ ਤੇ ਫੋਨ 'ਤੇ ਕੋਡ ਭਾਸ਼ਾ ਦੀ ਵਰਤੋਂ ਕਰਦੇ ਸਨ ਜਿਵੇਂ '' ਉਸ ਇਲਾਕੇ ਦਾ ਖਿਆਲ ਰੱਖਣਾ ਜਿਸਦਾ ਸਿੱਧਾ ਸਾਧਾ ਮਤਲਬ ਹੁੰਦਾ ਸੀ ਕਿ ਉਸ ਇਲਾਕੇ 'ਚ ਕਤਲੇਆਮ ਜਰੂਰ ਹੋਵੇ '' ਗ੍ਰਹਿ ਸਕੱਤਰ ਰਾਜ ਦੇ ਅੰਦਰੂਨੀ ਫਿਰਕਾਪ੍ਰਸਤ ਰਾਜਨੀਤੀ ਬਾਰੇ ਵੀ ਹੈਰਾਨੀਜਨਕ ਖੁਲਾਸਾ ਕਰਦਾ ਹੈ '' ਮੌਦੀ ਅਤੇ ਤੌਗੜੀਆ ਦੋਵੇਂ ਇਕੱਠੇ ਮੋਟਰਸਾਇਕਲ 'ਤੇ ਬੈਠ ਕੇ ਸੰਘ ਦੀ ਵਿਚਾਰਧਾਰਾ ਗੁਜ਼ਰਾਤ 'ਚ ਫੈਲਾਉਂਦੇ ਸੀ ਪ੍ਰਵੀਨ ਤੌਗੜੀਆ ਹੀ ਭਗਵਾਂ ਧਾਰੀ ਪੁਲਸ ਅਧਿਕਾਰੀਆਂ ਨੂੰ ਤੈਨਾਤ ਕਰਨ ਅਤੇ ਬਦਲੀ ਕਰਨ ਦਾ ਕੰਮ ਕਰਦੇ ਸੀ ਜਿੰਨ੍ਹਾਂ ਨੇ 2002 'ਚ ਗੋਧਰਾ ਕਾਂਡ ਤੋਂ ਬਾਅਦ ਭਿਆਨਕ ਕਤਲੇਆਮ 'ਚ ਇਨ੍ਹਾਂ ਦਾ ਸਾਥ ਦੇ ਕੇ ਸ਼ੱਕੀ ਭੂਮਿਕਾ ਨਿਭਾਈ '' ਗ੍ਰਹਿ ਸਕੱਤਰ ਅਨੁਸਾਰ '' ਪਟੇਲ ਭਾਈਚਾਰੇ ਦੇ ਮਸੀਹਾ ਹਾਰਦਿਕ ਪਟੇਲ ਵੀ ਮੌਦੀ ਖੇਮੇ ਦੀ ਹੀ ਉਪਜ ਹੈ ਜੋ ਤੌਗੜੀਆ , ਅਡਵਾਨੀ , ਸੰਕਰ ਸਿਹੁੰਂ ਵਘੇਲਾ , ਕੇਸ਼ੂ ਭਾਈ ਪਟੇਲ , ਅਮਿਤ ਸ਼ਾਹ ਅਤੇ ਨਰਿੰਦਰ ਮੌਦੀ ਵਰਗਿਆਂ ਦੀ ਗੁਜ਼ਰਾਤ ਰਾਜ ਸੱਤਾ 'ਤੇ ਕਬਜ਼ਾ ਜਮਾਏ ਰੱਖਣ ਦੀ ਆਪਸੀ ਖਿੱਚੋਤਾਣ ਦਾ ਨਤੀਜ਼ਾ ਹੈ ।
ਕਿਤਾਬ ਦੇ ਕਾਂਡ-7 'ਤੇ ਲੇਖਿਕਾ ਗੁਜਰਾਤ ਪੁਲਸ ਦੇ ਖੂਫੀਆ ਵਿਭਾਗ ਦੇ ਮੁਖੀ ਜੀ.ਸੀ ਰਾਅਗਰ ਨਾਲ ਹੋਈ ਮੁਲਾਕਾਤ ਬਿਆਨ ਕਰਦੀ ਹੈ ਜਿਸ 'ਚ ਉਹ ਆਖਦੇ ਹਨ '' ਗੁਜ਼ਰਾਤ ਦੰਗੇ ਭਾਜਪਾ ਅਤੇ ਮੌਦੀ ਲਈ ਬਹੁਤ ਮਦਦਗਾਰ ਸਾਬਿਤ ਹੋਏ '' ਰਾਅਗਰ ਅਨੁਸਾਰ '' ਅਗਲੀਆਂ ਚੌਣਾਂ ਤੋਂ ਪਹਿਲਾਂ ਉਹ ਘਬਰਾਏ ਹੋਏ ਸੀ ਪਰ ਇਹ ਦੰਗੇ ਉਨ੍ਹਾਂ ਦੇ ਕੰਮ ਆਏ ਤੇ ਉਨ੍ਹਾਂ ਸੋਚਿਆ ਕਿ ਇਹ ਉਨਾਂ ਲਈ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋਏ ਹਨ '' ਖੂਫੀਆ ਵਿਭਾਗ ਦੇ ਮੁਖੀ ਰਾਅਗਰ ਦੰਗਿਆਂ ਦੌਰਾਣ ਹਿੰਦੂ ਦੰਗਾਕਾਰੀਆਂ ਪ੍ਰਤੀ ਨਰਮ ਰਹਿਣ ਲਈ ਰਾਜਨੀਤਿਕ ਹੁਕਮਾਂ ਦੇ ਖੁਲਾਸੇ ਵੀ ਕਰਦਾ ਹੈ '' ਜੋ ਲੋਕ ਮਹੱਤਵਪੂਰਨ ਅਹੁਦਿਆਂ 'ਤੇ ਸੀ ਕੁੱਝ ਇਲਾਕਿਆਂ 'ਚ ਉਨਾਂ ਨਾਲ ਇਸ ਸਬੰਧੀ ਗੱਲ ਹੋਈ ਸੀ '' ਦੰਗਿਆਂ 'ਚ ਨੌਂਕਰਸ਼ਾਹਾਂ ਵਲੋਂ ਨਿੱਜੀ ਲਾਭ ਪ੍ਰਾਪਤ ਕਰਨ ਲਈ ਹਰੇਕ ਹੁਕਮ ਮੰਨਣ ਸਬੰਧੀ ਉਨ੍ਹਾਂ ਕਿਹਾ '' ਬਹੁਤ ਨੌਂਕਰਸ਼ਾਹ ਐਸੇ ਸੀ ਜੇਹੜੇ ਕਹਿੰਦੇ ਸੀ ਸ਼੍ਰੀ ਮਾਨ ਜੀ ਹਾਂ ਅਸੀਂ ਕਰਾਂਗੇ '' ਲੇਖਿਕਾ ਰਾਣਾ ਅਯੂਬ ਇਸ ਕਿਤਾਬ ਦੇ ਕਾਂਡ-8 'ਤੇ ਮੌਦੀ ਅਤੇ ਅਮਿਤ ਸ਼ਾਹ ਦੇ ਖਾਸ ਊਚ ਜਾਤੀ ਪੁਲਸ ਕਮਿਸ਼ਨਰ ਪੀ.ਸੀ ਪਾਂਡੇ ਨਾਲ ਹੋਈ ਮੁਲਾਕਾਤ ਦਰਜ਼ ਕਰਦੀ ਹੈ ਜਿਸ ਨੂੰ ਦੰਗਿਆਂ ਦੇ ਦੌਸ਼ੀ ਪਾਏ ਜਾਣ ਤੋਂ ਬਾਅਦ ਵੀ ਰਿਟਾਇਰ ਹੋਣ 'ਤੇ ਰਾਜ ਦਾ ਖਾਸ ਅਹੁਦਾ ਦਿੱਤਾ ਗਿਆ ।
ਊਚ ਜਾਤੀ ਅਫ਼ਸਰਾਂ ਦੇ ਮਨ ਵਿੱਚ ਮੁਸਲਮਾਨਾਂ ਪ੍ਰਤੀ ਕਿੰਨੀ ਨਫ਼ਰਤ ਸੀ ਇਹ ਲੇਖਿਕਾ ਨਾਲ ਮੁਲਾਕਾਤ 'ਤੇ ਜ਼ਾਹਿਰ ਕਰਦਾ ਹੈ '' ਦੇਖੋ '' ਸੰਘ ਪਰਿਵਾਰ '' ਅਤੇ '' ਭਾਜਪਾ '' ਗੁਜ਼ਰਾਤ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹੀ ਇਕੱਲਾ ਸੰਗਠਨ ਹੈ ਜੋ ਮੁਸਲਿਮ ਪਾਰਟੀਆਂ ਨੂੰ ਟੱਕਰ ਦੇ ਸਕਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਦੰਗਿਆਂ ਦੌਰਾਣ ਮੁਸਲਮਾਨਾਂ ਨੂੰ ਸਬਕ ਸਿਖਾਇਆ ਗਿਆ ਅਤੇ ਜੋ ਵੀ ਹੋਇਆ ਠੀਕ ਹੋਇਆ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਨ੍ਹਾਂ ਲੋਕਾਂ (ਮੁਸਲਮਾਨਾਂ) ਨੂੰ ਸਲਾਖਾਂ ਦੇ ਪਿੱਛੇ ਭਿਜਵਾ ਸਕਿਆ ਮੇਰੇ ਲਈ ਇਹ ਤਸੱਲੀ ਵਾਲੀ ਗੱਲ ਹੈ '' ਲੇਖਿਕਾ ਗੁਜ਼ਰਾਤ ਦੇ ਇੱਕ ਹੋਰ ਦੌਸ਼ੀ ਪੁਲਸ ਅਫ਼ਸਰ ਡੀ.ਜੀ.ਪੀ ਕੇ. ਚੱਕਰਵਰਤੀ ਨਾਲ ਹੋਈ ਮੁਲਾਕਾਤ ਅਤੇ ਉਸ ਵਲੋਂ ਕੀਤੇ ਅਹਿਮ ਖੁਲਾਸੇ ਕਾਂਡ-9 ਵਿੱਚ ਬਿਆਨ ਕਰਦੀ ਹੈ ਜਿਸ ਵਿੱਚ ਕੇ.ਚੱਕਰਵਰਤੀ ਗੁਜ਼ਰਾਤ ਦੰਗਿਆਂ ਵਿੱਚ ਆਪਣੀ , ਭਾਜਪਾ ਅਤੇ ਆਰ.ਐਸ.ਐਸ ਦੀ ਭੂਮਿਕਾ ਬਾਰੇ ਵੱਡੇ ਖੁਲਾਸੇ ਕਰਦੇ ਹਨ '' ਐਸੀ ਮਜ਼ਬੂਰੀ ਬਨਣੀ ਤੈਅ ਸੀ ਇਕ ਸ਼ਖਸ ਜੋ ਆਰ.ਐਸ.ਐਸ ਦੇ ਕੇਡਰ ਦੇ ਤੌਰ 'ਤੇ ਵੱਡਾ ਹੋਇਆ ਉਸਦਾ ਉਨ੍ਹਾਂ ਦੀਆਂ ਮੰਗਾਂ ਉਤੇ ਝੁਕਣਾ ਤੈਅ ਸੀ ਤੇ ਜਦੋਂ ਇਸ ਵਿੱਚ ਤੁਹਾਨੂੰ ਬਨਾਉਣ ਵਾਲਾ ਸੰਗਠਨ ਹੀ ਸ਼ਾਮਿਲ ਹੋਵੇ ਅਤੇ ਉਦੋਂ ਜਦੋਂ ਸੱਤਾ ਦਾ ਭੁੱਖਾ ਮੰਤਰੀ ਵੀ ਹੋਵੇ '' ਡੀ.ਜੀ.ਪੀ ਚੱਕਰਵਰਤੀ ਅਨੁਸਾਰ ਇਨ੍ਹਾਂ ਦੰਗਿਆਂ ਵਿੱਚ ਕੇਵਲ ਗਰੀਬ ਲੋਕ ਹੀ ਸ਼ਾਮਲ ਨਹੀਂ ਸਨ ਸਗੋਂ ਇਥੇ ਤਾਂ ਸਾਰੇ ਅਮੀਰ ਲੋਕ ਸੜਕਾਂ 'ਤੇ ਸੀ ਕੁੱਝ ਲੋਕਾਂ ਨੇ ਕਾਲ ਕਰਕੇ ਕਿਹਾ '' ਸਰ ਸ਼ੋਪਰਜ਼ ਸਟਾਪ 'ਤੇ ਲੋਕ ਮਰਸਡੀਜ਼ ਕਾਰਾਂ ਵਿੱਚ ਆ ਕੇ ਲੁੱਟ ਰਹੇ ਹਨ ਇਹ ਸਭ ਇਸ ਲਈ ਸੀ ਕਿਉਂਕਿ ਹਿੰਦੂਆਂ ਨੂੰ ਸਿਖਾਇਆ ਗਿਆ ਕਿ ਗਜਨੀ ਅਤੇ ਬਾਬਰ ਨੇ ਭਾਰਤ 'ਤੇ ਹਮਲੇ ਕਰਕੇ ਸੋਮਨਾਥ ਮੰਦਿਰ ਲੁੱਟਿਆ ''
ਕਿਤਾਬ ਦੇ ਕਾਂਡ-10 'ਤੇ ਅਹਿਮਦਾਬਾਦ ਦੀ ਵਿਧਾਇਕ ਅਤੇ ਦੰਗਿਆਂ ਦੀ ਦੌਸ਼ੀ ਮਾਇਆ ਕੋਡਨਾਨੀ ਅਤੇ ਰਾਜਕੋਟ ਦੀ ਪੁਲਸ ਕਮਿਸ਼ਨਰ ਗੀਤਾ ਜੌਹਰੀ ਦੀ ਮੁਲਾਕਾਤ ਦਰਜ਼ ਹੈ , ਦੰਗਿਆਂ ਦੇ ਦੌਸ਼ 'ਚ ਘਿਰੀ ਮਾਇਆ ਕੋਡਨਾਨੀ ਹੁਣ ਨਰਿੰਦਰ ਮੌਦੀ ਪ੍ਰਤੀ ਨਫ਼ਰਤ ਨਾਲ ਭਰੀ ਹੈ ਅਤੇ ਲੇਖਿਕਾ ਨੂੰ ਦੱਸਦੀ ਹੈ ਕਿ '' ਮੌਦੀ ਨੇ ਆਪਣੀ ਸਹੂਲਤ ਅਨੁਸਾਰ ਮੈਨੂੰ ਅਤੇ ਗੋਰਧਨ ਝੜਫੀਆ ਨੂੰ ਪੁਲਸ ਮਾਮਲੇ ਦਾ ਬਹਾਨਾ ਬਣਾ ਕੇ ਰਸਤੇ ਤੋਂ ਲਾਂਭੇ ਕੀਤਾ ਹੈ ਕਿਉਂਕਿ ਮੌਦੀ ਹੁਣ ਸਾਨੂੰ ਪਸੰਦ ਨਹੀਂ ਕਰਦੇ , ਮੁਸਲਮਾਨਾਂ ਪ੍ਰਤੀ ਨਫ਼ਰਤ ਅਤੇ ਹਿੰਦੂਆਂ ਪ੍ਰਤੀ ਗੁੱਸੇ ਦਾ ਇਜ਼ਹਾਰ ਕਰਦਿਆਂ ਆਖਦੀ ਹੈ '' ਸਾਡੇ ਧਰਮ 'ਚ ਬੱਚੇ ਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਕੀੜੀ ਨੂੰ ਵੀ ਨਾ ਮਾਰੋ ਪਰ ਮੁਸਲਮਾਨ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਮਾਰੋ ਤਾਂ ਹੀ ਮੁਸਲਮਾਨ ਹੋ ਅਤੇ ਇੰਝ ਕਰਨ 'ਤੇ ਤੁਹਾਨੂੰ ਸਵਰਗ ਦੀਆਂ ਪਰੀਆਂ ਮਿਲਣਗੀਆਂ ਸਾਡੀ ਨਵੀਂ ਪੀੜ੍ਹੀ ਦੀ ਕੋਈ ਵੀ ਵਿਚਾਰਧਾਰਾ ਨਹੀਂ ਹੈ ਕੁੱਝ ਵੀ ਹੋ ਜਾਏ ਇਹ ਸੜਕਾਂ 'ਤੇ ਨਹੀਂ ਉਤਰਣਗੇ ''
ਰਾਜਕੋਟ ਪੁਲਸ ਕਮਿਸ਼ਨਰ ਗੀਤਾ ਜੌਹਰੀ , ਪੁਲਸ ਕਮਿਸ਼ਨਰ ਵਣਜਾਰਾ ਅਤੇ ਹੋਰ ਕਈਆਂ ਵਲੋਂ ਰਾਜ ਦੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੌਦੀ , ਅਮਿਤ ਸ਼ਾਹ ਹੋਰ ਕਈ ਰਾਜਨੀਤਿਕਾਂ ਅਤੇ ਵਿਭਾਗਾਂ ਬਾਰੇ ਇਸ ਕਿਤਾਬ 'ਚ ਬਹੁਤ ਸਾਰੇ ਅਹਿਮ ਖੁਲਾਸੇ ਹਨ ਇਥੋਂ ਤੱਕ ਕਿ ਮੌਜ਼ੂਦਾ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਣਮੋਹਨ ਸਿੰਘ ਵੱਲ ਲਿਖੇ ਇੱਕ ਲੰਬੇ ਚੌੜੇ ਪੱਤਰ ਦਾ ਜਿਕਰ ਹੈ ਜਿਸ ਅਨੁਸਾਰ ਗੁਜ਼ਰਾਤ ਕਤਲੇਆਮ 'ਚ ਸ਼ਾਮਲ '' ਭਾਜਪਾ '' ਅਤੇ '' ਸੰਘਵਾਦੀ '' ਫਿਰਕੂ ਰਾਜਨੀਤਿਕਾਂ ਅਤੇ ਕਈ ਦੌਸ਼ੀ ਮੰਤਰੀਆਂ ਨੂੰ ਬਚਾਉਣ ਲਈ ਦੰਗਿਆਂ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਨ੍ਹਾਂ ਹੀ ਨਹੀਂ ਲੇਖਿਕਾ ਕਿਤਾਬ ਦੇ ਕਾਂਡ-11 ਅਤੇ ਅੰਤ ਵਿੱਚ ਇੱਕ ਅਹਿਮ ਖੁਲਾਸਾ ਕਰਦੀ ਹੈ ਕਿ ਉਸ ਵੇਲੇ ਮੁੱਖ ਮੰਤਰੀ ਮੌਦੀ ਦੇ ਵਿਰੋਧੀ ਭਾਜਪਾਈ ਗ੍ਰਹਿ ਮੰਤਰੀ ਹਿਰਨ ਪਾਂਡਿਆ ਦੇ ਕਤਲ ਦਾ ਦੌਸ਼ ਇੱਕ ਕਥਿਤ ਮੁਸਲਮਾਨ ਮੁਫ਼ਤੀ ਸੂਫੀਅਨ ਦੇ ਸਿਰ ਲੱਗਾ ਅਤੇ ਜਿਸਨੂੰ ਕਥਿਤ ਤੌਰ 'ਤੇ ਰਾਜ ਸਰਕਾਰ ਵਲੋਂ ਫਰਾਰ ਕਰਵਾ ਦਿੱਤਾ ਗਿਆ ਜਿਸ ਨਾਲ ਮੁਸਲਮਾਨਾਂ ਪ੍ਰਤੀ ਹਿੰਦੂਆਂ ਦੇ ਮਨਾਂ ਵਿੱਚ ਹੋਰ ਵੀ ਨਫ਼ਰਤ ਵਧੀ ।|
ਕੁੱਲ ਮਿਲਾ ਕੇ '' ਗੁਜ਼ਰਾਤ ਫਾਂਇਲਾਂ '' ਨਾਂਅ ਦੀ ਇਹ ਕਿਤਾਬ ਭਾਰਤ ਦੇਸ਼ ਦੇ ਭ੍ਰਿਸ਼ਟ , ਜ਼ਾਲਮ ਅਤੇ ਫਿਰਕਾਪ੍ਰਸਤ ਰਾਜਨੀਤਿਕਾਂ , ਲਾਲਚੀ ਅਤੇ ਊਚ ਜਾਤੀ ਅਫ਼ਸਰਸ਼ਾਹਾਂ ਵਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਨਸਲਘਾਤ ਦੀ ਨੀਤੀ ਬਿਆਨ ਕਰਦੀ ਹੈ । ਇਸ ਲਈ ਇਹ ਕਿਤਾਬ ਦਲਿਤਾਂ , ਘੱਟ ਗਿਣਤੀ ਕੌਮਾਂ ਅਤੇ ਹਰੇਕ ਇਨਸਾਫ਼ ਪਸੰਦ ਨਾਗਰਿਕ ਨੂੰ ਜਰੂਰ ਪੜ੍ਹਣੀ ਚਾਹੀਦੀ ਹੈ ਇਹ ਕਿਤਾਬ ਅੰਗਰੇਜ਼ੀ , ਹਿੰਦੀ ਅਤੇ ਹੋਰ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ ਵਿੱਚ ਵੀ ਮਿਲਦੀ ਹੈ ।