ਤਬ ਸਿੰਘ ਜੀ ਬਹੁ ਭਲੀ ਮਨਾਈ - ਸਾਥ ਕੇਸਨ ਕੇ ਖੋਪਰੀ ਜਾਈ - ਤੋ ਭੀ ਹਮਰੋ ਬਚਨ ਰਹਾਈ - ਸਿੱਖੀ ਕੀ ਗੁਰ ਪੈਜ ਰਖਾਈ ||
ਮੈਨੂੰ ਤੇਰੀ ਭਰੀ ਜਵਾਨੀ 'ਤੇ ਰਹਿਮ ਆਉਂਦਾ ਹੈ
ਜਾਹ ਮੈਂ ਬਖਸ਼ਦਾਂ ਹਾਂ ਤੇਰੀ ਜਾਨ
ਬੱਸ ਇਸ ਦੇ ਇਵਜ ਵਿਚ ਮੈਨੂੰ ਇਕ ਤੋਹਫਾ ਦੇ ਜਾ
ਜਾਣ ਲੱਗਿਆਂ
ਤੋਹਫਾ ਦੇ ਜਾ ਆਪਣੇ ਖ਼ੂਬਸੂਰਤ ਲੰਮੇ ਵਾਲ
ਮਨਜੂਰ ਹੈ ਬਾਦਸ਼ਾਹ ਭਾਈ ਤਾਰੂ ਸਿੰਘ ਨੇ ਕਿਹਾ
ਤੂੰ ਵੀ ਕੀ ਕਰੇਂਗਾ ਯਾਦ
ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ
ਦੇ ਜਵਾਂਗਾ ਤੈਨੂੰ ਆਪਣੇ ਸੁਹਣੇ ਵਾਲ
ਪਰ ਇਕੱਲੇ ਵਾਲ ਨਹੀਂ
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ
(ਰਚਨਾ: ਰਬਿੰਦਰ ਨਾਥ ਟੈਗੋਰ)
ਇਹ ਰਚਨਾ ਕਿਸੇ ਸਿੱਖ ਰਚਨਾਕਾਰ ਦੀ ਨਹੀਂ ਤਾਂ ਵੀ ਇਹ ਦਰਦ ਭਰੀ ਹੈ। ਇਹ ਪੜ੍ਹਨ ਬਾਅਦ ਗਿਆਤ ਹੁੰਦਾ ਹੈ ਕਿ ਤਾਰੂ ਸਿੰਘ ਦੇ ਬਿਰਤਾਂਤ ਨੇ ਕਵੀ ਨੂੰ ਰੁੰਨਿਆ ਅਤੇ ਚਿਰ ਤਕ ਪਰੇਸ਼ਾਨ ਰੱਖਿਆ ਹੋਵੇਗਾ। ਕਿਸੀ ਘਟਨਾ ਨੂੰ ਮਹਿਸੂਸ ਕਰਨਾ, ਮਹਿਸੂਸ ਕਰਕੇ ਉਸੇ ਲਹਿਜੇ ਵਿੱਚ ਬਿਆਨ ਕਰਨਾ ਸਹਿਜ-ਸਰਲ ਨਹੀਂ। ਜੋ ਸਾਹਿਮਣੇ ਹੈ ਉਹ ਸ਼ਬਦ ਰੂਪ ਵਿੱਚ ਹੈ ਪਰ ਪਾਠਕ ਜਦ ਪੜ੍ਹ ਕੇ ਹੱਟਦਾ ਹੈ ਉਹ ਸ਼ਬਦਾਂ ਤਕ ਮਹਿਦੂਦ ਨਹੀਂ ਰਹਿੰਦਾ, ਇਹਨਾਂ ਤੋਂ ਪਾਰ ਚਲਿਆ ਜਾਂਦਾ ਹੈ।
ਇਹ ਅਤੇ ਅਜਿਹੀਆਂ ਹੋਰ ਲਿਖਤਾਂ ਸਾਡੀ ਪਰੰਪਰਾ ਨੂੰ ਅਮੀਰੀ ਬਖ਼ਸ਼ਦੀਆਂ ਹਨ। ਜਿਸ ਨੇ ਵੀ ਏਦਾਂ ਲਿਖਿਆ ਹੈ ਕਿਸੇ ਦੇ ਆਖੇ ਲਗ ਕੇ ਨਹੀਂ ਬਲਕਿ ਅੰਦਰਲੇ ਇਹਸਾਸ ਨੇ ਉਸ ਨੂੰ ਅੰਦੋਲਿਤ ਕੀਤਾ ਹੋਵੇਗਾ।
ਚਿਤੇਰੇ ਕਿਰਪਾਲ ਸਿੰਘ ਨੇ ਭਾਈ ਤਾਰੂ ਸਿੰਘ ਦੇ ਜੀਵਨ ਦੇ ਅੰਤਿਮ ਅਤੇ ਸਿਖਰਲੇ ਘਟਨਾ-ਕਰਮ ਨੂੰ ਆਪਣੇ ਚੁਣੇ ਹੋਏ ਮਾਧਿਅਮ ਰਾਹੀਂ ਦਰਦੀਲੇ ਰੂਪ ਵਿੱਚ ਬਿਆਨਿਆ ਹੈ। ਪੇਟਿੰਗ ਦਾ ਫਰੇਮ ਵਸੀਹ ਨਹੀਂ, ਪਰ ਵਿਸ਼ੇ ਦਾ ਨਿਭਾਅ ਅਤੇ ਉਸ ਪ੍ਰਤੀ ਵਫ਼ਾਦਾਰੀ ਅਟੁੱਟਵੀਂ ਹੈ।
ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।
ਕਿਰਪਾਲ ਸਿੰਘ ਨੇ ਭਾਈ ਤਾਰੂ ਸਿੰਘ ਦੀ ਪੇਟਿੰਗ ੧੯੫੬ ਵਿੱਚ ਬਣਾਈ ਜਿਸ ਦਾ ਆਕਾਰ ਤਰਤਾਲੀ ਇੰਚ ਗੁਣਾ ਤੈਂਤੀ ਇੰਚ ਹੈ। ਇਹ ਉਹ ਦ੍ਰਿਸ਼ ਹੈ ਜਦੋਂ ਜਲਾਦ ਤਾਰੂ ਸਿੰਘ ਦੀ ਖੋਪੜੀ ਕੇਸਾਂ ਸਣੇ ਉਤਾਰ ਲੈਂਦਾ ਹੈ। ਦਰਸ਼ਕ ਦਾ ਜਿਸ ਦ੍ਰਿਸ਼ ਨਾਲ ਸਾਹਮਣਾ ਹੁੰਦਾ ਹੈ ਉਹ ਹੌਲਨਾਕ ਹੈ।
ਸ਼ਹੀਦ ਦਾ ਜਨਮ ੧੭੨੦ ਨੂੰ ਪਿੰਡ ਪੂਹਲੇ (ਅੰਮ੍ਰਿਤਸਰ) ਨੂੰ ਹੋਇਆ ਸੀ। ਪਿਤਾ ਬਚਪਨ ਵਿੱਚ ਹਮਲਾਵਾਰਾਂ ਨਾਲ ਜੂਝਦੇ ਸ਼ਹੀਦ ਹੋ ਚੁੱਕੇ ਸਨ। ਸੋ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਤਾ ਨੇ ਕੀਤਾ। ਘਰ ਵੱਡੀ ਭੇਣ ਵੀ ਸੀ। ਜੀਵਨ ਅਤੇ ਸਿੱਖ – ਵਿਹਾਰ ਦੀ ਸਿੱਖਿਆ ਮਾਤਾ ਕੋਲੋਂ ਮਿਲੀ। ਜਿਵੇਂ ਜਿਵੇਂ ਉਮਰ ਵਧੀ ਉਹ ਘਰ ਦਾ ਕੰਮ ਕਾਰ ਸਾਂਭਣ ਲਗੇ।
ਉਸ ਵੇਲੇ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਸੀ। ਚੌਤਾਰਫ਼ਾ ਮਾਹੌਲ ਸਿੱਖਾਂ ਦੇ ਮਕੂਲ ਨਹੀਂ ਸੀ। ਸਿੱਖ ਦਿਨੇਂ ਲੁਕ-ਛੁਪ ਕੇ ਰਹਿੰਦੇ। ਰਾਤ ਵੇਲੇ ਸ਼ਾਹੀ ਫੋਜ ਉੱਪਰ ਹਮਲਾ ਕਰਦੇ। ਬਿਪਤਾ ਵੇਲੇ ਸਿੱਖ ਜਾਂ ਹੋਰ ਲੋਕ ਲੰਗਰ ਪਾਣੀ ਲਈ ਇਹਨਾਂ ਦੇ ਘਰ ਆ ਜਾਂਦੇ। ਮਾਤਾ, ਭੈਣ ਅਤੇ ਭਰਾ ਰਲ ਕੇ ਸੇਵਾ ਕਰਦੇ। ਕਦੇ-ਕਦਾਈਂ ਆਉਣ ਵਾਲੇ ਸਿੱਖ ਇਹਨਾਂ ਦੇ ਘਰ ਟਿਕਾਣਾ ਵੀ ਕਰ ਲੈਂਦੇ ਸਨ।
ਪਿੰਡ ਦੇ ਹਰਭਗਤ ਨਿਰੰਜਨੀਏ ਨੇ ਇਸ ਗਤੀਵਿਧੀ ਬਾਰੇ, ਹੋਰਾਂ ਨਾਲ ਮਿਲ, ਜ਼ਕਰੀਏ ਖਾਨ ਕੋਲ ਮੁੱਖਬਰੀ ਕਰ ਦਿਤੀ। ਫਲਸਰੂਪ ਸਿਪਾਹੀਆਂ ਨੇ ਭੇਣ-ਭਰਾ ਨੂੰ ਕੈਦ ਕਰ ਲਿਆ। ਪਿੰਡ ਦੇ ਲੋਕਾਂ ਨੇ ਹਰਜਾਨਾ ਭਰ ਕੇ ਤਾਰੂ ਸਿੰਘ ਦੀ ਭੈਣ ਨੂੰ ਛੁੜਾ ਲਿਆ। ਭਾਈ ਤਾਰੂ ਸਿੰਘ ਉੱਪਰ ਜ਼ਮੀਨ ਦਾ ਮਾਲੀਆ ਨਾ ਭਰਨ ਦਾ ਦੋਸ਼ ਲਾ ਤਸੀਹੇ ਦਿੱਤੇ ਗਏ। ਸਿੱਖ ਤੋਂ ਮੁਸਲਮਾਨ ਹੋ ਜਾਣ ਦਾ ਦਬਾਅ ਵੀ ਪਾਇਆ ਗਿਆ। ਜਦ ਕੋਈ ਪੇਸ਼ ਨਾ ਗਈ ਤਾਂ ਕੇਸ ਕਤਲ ਕਰਕੇ ਮਾਰ ਦੇਣ ਦੀ ਸਜਾ ਸੁਣਾਈ ਗਈ।
ਕਿਰਪਾਲ ਸਿੰਘ ਦੀ ਪੇਂਟਿੰਗ ਫਾਲਤੂ ਰਲੇਵੇਂ ਨੂੰ ਅਸਵੀਕਾਰ ਕਰਦੀ ਹੋਈ ਸਿੱਧਾ ਮੂਲ ਨੁਕਤੇ ਨੂੰ ਹੀ ਪੂਰਾ ਬਣਾਉਂਦੀ ਹੈ। ਹੋਰ ਵੇਰਵੇ ਵੀ ਸ਼ਾਮਲ ਕੀਤੇ ਜਾ ਸਕਦੇ ਸਨ ਪਰ ਨਹੀਂ ਹਨ। ਇਹ ਚਿਤੇਰੇ ਦੇ ਆਤਮਵਿਸ਼ਵਾਸ ਨੂੰ ਦੱਸਦਾ ਹੈ। ਚਿੱਤਰ ਵਿੱਚ ਪੇਸ਼ ਹੋਇਆ ਕਾਰਜ ਹੀ ਕਾਰਜ ਦੀ ਪ੍ਰਕਾਸ਼ਠਾ ਹੈ। 'ਪ੍ਰਕਾਸ਼ਠਾ' ਨੂੰ ਸਰਾਹਿਆਂ ਦੀ ਲੋੜ ਨਹੀਂ ਹੁੰਦੀ। ਜੋ ਉਹ ਹੈ, ਉਹ ਅਦੁੱਤੀ ਹੈ।
ਕੈਨਵਸ ਸਪੇਸ ਵਿੱਚ ਤਿੰਨ ਆਕਾਰ ਹਨ। ਤਿੰਨੋਂ ਵੱਖੋਂ-ਵੱਖਰੇ ਹੁੰਦੇ ਹੋਏ ਵੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਨ। ਲਗਦਾ ਹੈ ਜਿਵੇਂ ਇਹਨਾਂ ਨੂੰ ਫਸਵੀਂ ਤਰ੍ਹਾਂ ਫਰੇਮ ਵਿੱਚ ਸਾਂਭਿਆ ਗਿਆ ਹੈ।
ਭਾਈ ਤਾਰੂ ਸਿੰਘ ਜਮੀਨ ਉੱਪਰ ਬੈਠੇ ਹਨ। ਸੱਜੀ ਲੱਤ ਪੂਰੀ ਤਰ੍ਹਾਂ ਪਸਰੀ ਹੋਈ ਹੈ। ਖੱਭੀ ਲੱਤ ਗੋਡਿਓਂ ਮੁੜ ਕੇ ਪਸਰੀ ਲੱਤ ਦੇ ਥੱਲੇ ਆਈ ਹੋਈ ਹੈ। ਪਸਰੀ ਲੱਤ ਦਾ ਗਿੱਟਾ ਅਤੇ aੱਪਰਲਾ ਹਿੱਸਾ ਜ਼ਖ਼ਮੀ ਹੈ। ਇਸ ਥਾਂ 'ਤੇ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਬੇੜੀਆਂ ਨਾਲ ਨੂੜਿਆ ਗਿਆ ਸੀ। ਜ਼ਖ਼ਮਾਂ ਦੇ ਇਲਾਵਾ ਪੈਰ ਕੋਲ ਪਈਆਂ ਬੇੜੀਆਂ, ਹੁਣ ਤੋਂ ਪਹਿਲਾਂ ਦੀ ਸਥਿਤੀ ਬਿਆਨ ਕਰ ਰਹਆਿਂ ਹਨ। ਸੱਜੀ ਬਾਂਹ ਦਾ ਹੱਥ ਸੱਜੀ ਲੱਤ ਉੱਪਰ ਟਿਕਿਆ ਹੋਇਆ ਹੈ ਜਦਕਿ ਖੱਬੀ ਬਾਂਹ ਦਾ ਫੇਲਿਆ ਹੋਇਆ ਹੱਥ ਜ਼ਮੀਨ ਉੱਪਰ ਮਜ਼ਬੂਤੀ ਨਾਲ ਟਿਕਿਆ ਹੋਇਆ। ਅਸਲ ਵਿੱਚ ਇਕੋ ਬਾਂਹ ਪੂਰੇ ਸਰੀਰ ਦੀ ਸਹਾਰਾ ਬਣੀ ਹੋਈ ਹੈ। ਲਗਦਾ ਹੈ ਚਿੱਤਰਕਾਰ ਨੇ ਚਿੱਤਰ ਬਣਾਉਣ ਤੋਂ ਪਹਿਲਾਂ ਖ਼ੁਦ ਨੂੰ ਵਸੀਹ ਆਤਮ ਮੰਥਨ ਥਾਣੀਂ ਗੁਜਾਰਿਆ ਹੋਵੇਗਾ ਤਾਂਹੀਓ ਇਸ 'ਪੋਜ਼ਿਸ਼ਨ' ਉੱਪਰ ਸਹੀ ਪਾਈ ਗਈ ਹੋਵੇਗੀ।
ਸਿਰ ਤੋਂ ਖੋਪੜੀ ਵੱਖ ਕਰਦਿਆਂ ਸਮੇਂ ਹਥੌੜੇ ਦੀਆਂ ਸੱਟਾਂ ਨੂੰ ਜਰਦਿਆਂ ਸਮੇਂ ਖੁਦ ਨੂੰ ਟਿਕਾਈ ਰੱਖਣ ਵਾਸਤੇ ਸਰੀਰ ਆਪਣੇ-ਆਪ ਇਹ 'ਪੋਜ਼ਿਸ਼ਨ' ਅਖ਼ਤਿਆਰ ਕਰ ਲਵੇਗਾ। ਨਹੀਂ ਤਾਂ ਦੇਹੀ ਲੜ-ਖੜਾ ਸਕਦੀ ਹੈ।
ਕੀ ਸਥਿਤੀ ਖੋਪੜੀ ਅਲਗ ਕੀਤੇ ਜਾਣ ਦੀ ਹੈ? ਜਵਾਬ ਹਾਂ ਅਤੇ ਨਾਂਹ ਦੋਹਾਂ ਵਿੱਚ ਹੈ। ਇਹ ਜੰਗ ਵਾਲੀ ਸਥਿਤੀ ਹੈ ਜਿਥੇ ਯੋਧਾ ਹਾਰਨ ਵਾਸਤੇ ਨਹੀਂ ਜਿੱਤ ਪ੍ਰਾਪਤ ਕਰਨ ਹਿਤ ਪ੍ਰਵੇਸ਼ ਕਰਦਾ ਹੈ। ਛੇਕੜ ਉਹੀ ਜੈਤੂ ਹੁੰਦਾ ਹੈ ਜੋ ਈਨ ਨਹੀਂ ਮਨੰਦਾ।
ਕੀ ਚਿਤੇਰਾ ਚਿੱਤਰ ਨੂੰ ਡਰਾਉਣਾ ਰੂਪ ਦੇ ਰਿਹਾ ਹੈ? ਇਸ ਰਚਨਾ ਦਾ ਉਦੇਸ਼ ਡਰ ਪੈਦਾ ਕਰਨਾ ਬਿਲਕੁਲ ਨਹੀਂ। ਇਸਦਾ ਮਕਸਦ ਆਪਣੇ ਅਕੀਦੇ ਉੱਪਰ ਕਾਇਮ ਰਹਿਣ ਨੂੰ ਦਰਸਾਉਣਾ ਹੈ। ਜਿਸ ਵਾਸਤੇ ਜੀਵਨ ਤਕ ਦਾ ਤਿਆਗ ਕੀਤਾ ਜਾ ਸਕਦਾ ਹੈ।
ਪੈਰੋਂ ਅਤੇ ਪਿੰਡਿਓਂ ਨੰਗੇ ਤਗੜੇ ਜੁੱਸੇ ਵਾਲੇ ਜਲਾਦ ਨੇ ਸਿਰਫ ਗਿੱਟਿਆਂ ਤੋਂ ਜਰਾ ਕੁ ਉੱੱਚੀ ਤਹਿਮਦ ਬੰਨੀ ਹੋਈ ਹੈ। ਸੱਜੀ ਬਾਂਹ ਦੇ ਝੋਲੇ ਦੁਆਲੇ ਤਾਬੀਜ਼ ਦਿਖਾਈ ਦੇਂਦਾ ਹੈ। ਉਸ ਦੇ ਖੱਬੇ ਹੱਥ ਭਾਈ ਤਾਰੂ ਸਿੰਘ ਦੀ ਕੇਸਾਂ ਸਮੇਤ ਖੋਪੜੀ ਹੈ ਅਤੇ ਸੱਜੇ ਹੱਥ ਘੁੱਟ ਕੇ ਪਕੜਿਆ ਹੋਇਆ, ਲਹੂ ਲਿਬੜਿਆ, ਰੰਬਾ ਹੈ।
ਸਿਰ ਤੋਂ ਖੋਪੜੀ ਵੱਖ ਕਰਨਾ ਜਲਾਦ ਲਈ ਮੁਸ਼ੱਕਤ ਵਾਲਾ ਕੰਮ ਰਿਹਾ ਹੋਵੇਗਾ। ਰੰਬੇ ਨੂੰ ਹਥੌੜੇ ਨਾਲ ਠੋਕ ਕੇ ਸਿਰ ਦੁਆਲੇ ਡੂੰਘੇ ਟਕ ਦੇਣ ਉਪਰੰਤ ਜਲਾਦ ਨੇ ਕੇਸਾਂ ਨੂੰ ਹੱਥ ਦੁਆਲੇ ਲਪੇਟ ਆਪਦੇ ਪੂਰੇ ਤਾਣ ਨਾਲ ਖਿੱਚ ਕੇ ਖੋਪੜੀ ਵੱਖ ਕਰ ਲਈ। ਕਿਰਪਾਲ ਸਿੰਘ ਨੇ ਉਸੇ ਖਿਣ ਨੂੰ ਆਪਣੇ ਪ੍ਰਗਟਾਵੇ ਦਾ ਵਿਸ਼ਾ ਬਣਾਇਆ ਹੈ। ਸਾਰੇ ਘਟਨਾ ਕਰਮ ਦਾ ਇਹੋ ਸ਼ਿਖਰ ਹੈ।ਬਿਰਤਾਂਤਕ ਚਿੱਤਰ ਬਣਾਉਣ ਵਾਲੇ ਚਿੱਤਰਕਾਰ ਬਿਰਤਾਂਤ ਦੇ ਸਿਖਰ ਨੂੰ ਭਾਲ ਆਪਣੀ ਰਚਨਾ ਨੇਪਰ੍ਹੇ ਚਾੜਦੇ ਹਨ।
ਇਸ ਚਰਮ ਬਿੰਦੂ aੱਪਰ ਅਟਕ ਕੇ ਅਸੀਂ ਜੇ ਤਿੰਨ ਕਿਰਦਾਰਾਂ ਦੇ ਚਿਹਰਿਆਂ ਵਲ ਗੌਰ ਕਰੀਏ ਤਾਂ ਤਿੰਨ ਵੱਖ-ਵੱਖ ਹਾਵ ਭਾਵ ਵੇਖਣ ਨੂੰ ਮਿਲਦੇ ਹਨ। ਭਾਈ ਤਾਰੂ ਸਿੰਘ ਉਮਰ ਪੱਖੋਂ ਜ਼ਿਆਦਾ ਨਹੀਂ। ਦਰਮਿਆਨੀ ਸੰਘਣੀ ਕਾਲੀ ਦਾਹੜੀ ਅਤੇ ਕੇਸ ਇਹੋ ਦੱਸਦੇ ਹਨ। ਤਸ਼ਦਦ ਨਾਲ ਸਰੀਰ ਦਾ ਅੰਗ ਵੱਖ ਹੋ ਜਾਣ ਦੇ ਬਾਵਜੂਦ ਚਿਹਰਾ ਅਤੇ ਸਰੀਰ ਸ਼ਾਂਤ ਹੈ। ਸਰੀਰ ਜਾਂ ਚਿਹਰੇ ਦੀ ਕਿਸੇ ਵੀ ਮਾਸ -ਪੇਸ਼ੀ ਵਿੱਚ ਖਿੱਚ, ਮਰੋੜ, ਝੋਲ ਨਹੀਂ। ਇਹ ਉਸ ਅਵਸਥਾ ਦਾ ਚਿੱਤਰਣ ਹੈ ਜਿਥੇ ਦੁਖ-ਸੁਖ ਸਮ ਹੋ ਕੇ ਇਕੋ ਤਰ੍ਹਾਂ ਵਿਚਰਦੇ ਹਨ। ਤੱਤਕਾਲੀ ਮਾਹੌਲ ਲੀਹ ਖਿੱਚਣ ਵਾਲਾ ਮੰਨ ਸਕਦੇ ਹਾਂ।
ਸ਼ਹੀਦ ਹੋਣ ਵਾਲੇ ਨੂੰ ਸ਼ਹੀਦ ਹੋ ਚੁੱਕੇ ਦੀ ਮਾਨਸਿਕਤਾ ਵਿਰਸੇ ਵਿੱਚ ਮਿਲਦੀ ਰਹੀ।ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਕੋਲੋਂ ਸਿੰਘ ਸਜੇ ਸਨ। ਅਤੇ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਸਿੰਘ ਸਜੇ ਸਨ। ਏਦਾਂ ਤਾਰੂ ਸਿੰਘ ਸ਼ਹੀਦਾਂ ਦੀ ਪਰੰਪਰਾ ਦਾ ਅੰਗ ਹਨ। ਖ਼ੁਦ ਸ਼ਹੀਦ ਹੋ ਕੇ ਉਹ ਇਸ ਪਰੰਪਰਾ ਦੇ ਰਾਖੇ ਅਤੇ ਵਾਹਕ ਹਨ।
ਸਿਮਰਨ ਅਤੇ ਸੇਵਾ ਵਿਅਕਤੀ ਦੇ ਮਨ-ਤਨ ਸੁਦ੍ਰਿੜ ਕਰਦੇ ਹਨ। ਲਿਖਿਤ ਸਾਹਿਤ ਇਸ ਪੱਖ ਦੀ ਪੁਸ਼ਟੀ ਕਰਦਾ ਹੈ। ਤਾਂਹੀਓ ਉਹ ਹਕੂਮਤੀ ਤਸ਼ਦਦ ਅਡੋਲ ਹੋ ਸਹਿ ਰਹੇ ਹਨ।
ਐਨ ਭਾਈ ਤਾਰੂ ਸਿੰਘ ਦੇ ਉਲਟ ਦਿਉ ਕੱਦ ਦਾ ਜਲਾਦ ਹੈ। ਜ਼ਮੀਨ ਉੱਪਰ ਟਿਕੇ ਪੈਰਾਂ ਦੀ 'ਪੋਜ਼ੀਸ਼ਨ' ਅਤੇ ਬਾਹਾਂ ਹੱਥਾਂ ਦਾ ਅੰਦਾਜ਼ ਦੱਸਦਾ ਹੈ ਕਿ ਉਹ ਖਿਣ ਪਹਿਲਾਂ ਹੀ ਸੌਂਪੇ ਕੰਮ ਨੂੰ ਪੂਰੀ ਨਿਰਦੈਅਤਾ-ਨਿਸ਼ਚਾ ਨਾਲ ਸੰਪਨ ਕਰਕੇ ਹੱਟਿਆ ਹੈ। ਕੰਮ ਕਰਨ ਬਾਅਦ ਉਹ ਹਾਲੇ ਸਿੱਧਾ ਵੀ ਨਹੀਂ ਹੋਇਆ। ਤੱਤਾ ਲਹੂ aਤਾਰੀ ਖੋਪੜੀ ਤੋਂ ਤਿਪ-ਤਿਪ ਅਤੇ ਦੇਹੀ ਨਾਲ ਜੁੜੇ ਸਿਰ ਤੋਂ ਤੱਤੀਰੀ ਬਣ ਪਿੰਡੇ ਅਤੇ ਧਰਤ ਨੂੰ ਰੰਗ ਰਿਹਾ ਹੈ।
ਭਾਈ ਤਾਰੂ ਸਿੰਘ ਦੇ ਚਿਹਰੇ ਦੇ ਮੁਕਾਬਲੇ ਜਲਾਦ ਦਾ ਚਿਹਰਾ ਤਣਾਅ ਗੁੱਸੇ ਵਾਲਾ ਅਤੇ ਖਿੱਝਿਆ ਲਗ ਰਿਹਾ ਹੈ। ਖਿੱਝ ਦਾ ਕਾਰਣ ਧਰਮ ਪਰਿਵਰਤਨ ਕਰਵਾਉਣ ਵਿੱਚ ਅਸਫਲ ਰਹਿਣਾ ਹੋ ਸਕਦਾ ਹੈ। ਖੋਪੜੀ ਵੱਖ ਕਰਨ ਵਿੱਚ ਲੱਗਿਆ ਦਮ-ਖਮ ਵੀ ਖਿੱਝ ਪੈਦਾ ਕਰ ਸਕਦਾ ਹੈ। ਲੋੜੋਂ ਵੱਧ ਅੱਖਾਂ ਦਾ ਖੁੱਲ੍ਹਿਆ ਹੋਣਾ ਉਸ ਦੀ ਹੈਰਾਨੀ ਜਾਹਿਰ ਕਰਦਾ ਹੈ। ਹੈਰਾਨ ਕਰਨ ਵਾਲੀਆਂ ਕੁਝ ਗੱਲਾਂ ਹਨ। ਇਕ, ਨਿੱਕੀ ਉਮਰ ਦਾ ਵਿਅਕਤੀ ਮਰਨ ਨੂੰ ਤਿਆਰ ਹੈ। ਦੋ, ਉਹ ਕੇਸਾਂ ਦੀ ਰਾਖੀ ਹਿਤ ਮਰ ਰਿਹਾ ਹੈ ਜੋ ਉਸ ਦੀ ਬੁੱਧ ਅਨੁਸਾਰ ਤੁੱਛ ਵਸਤ ਹੈ। ਤਿੰਨ, ਏੰਨੇ ਦਰਦ-ਤਸੀਹਿਆਂ ਦੇ ਬਾਵਜੂਦ ਮਰਨ ਵਾਲੇ ਦੇ ਚਿਹਰੇ ਉੱਪਰ ਕੋਈ, ਉਦਾਸੀ, ਸ਼ਿਕਨ, ਪਛਤਾਵੇਂ ਦਾ ਚਿੰਨ ਨਹੀਂ ਹੈ।
ਸਿਰੋਂ ਗੰਜੇ ਅਤੇ ਲੰਮੇਰੀਆਂ-ਢਿਲਕੀਆਂ ਮੁੱਛਾਂ ਵਾਲੇ ਜਲਾਦ ਦੇ ਚਿਹਰੇ ਦੇ ਕਰੂਰ ਹੋਣ ਦਾ ਵੀ ਕਾਰਣ ਹੈ। ਬਿਨ ਮੁਕਾਬਲੇ ਇਕ ਪਾਸੜ ਕਤਲ ਕਰਨਾ ਇਹਦਾ ਰੋਜ ਦਾ ਕੰਮ ਹੋ ਸਕਦਾ ਹੋਵੇਗਾ। ਆਪਣੇ ਸਰੀਰ ਦੀ ਬਣਤਰ , ਚਿਹਰੇ ਦੀ ਕਰੂਪਤਾ ਨਾਲ ਨਾਲ ਕੀ ਉਹ ਮਰਨ ਵਾਲੇ ਨੂੰ ਡਰਾ ਰਿਹਾ ਹੈ ਭਾਵ ਉਸ ਨੂੰ ਆਪਣੇ ਅਕੀਦੇ ਤੋਂ ਹਿਲਾਉਣਾ ਚਾਹੁੰਦਾ ਹੈ।
ਭਾਈ ਤਾਰੂ ਸਿੰਘ ਕਿਸੇ ਨੂੰ ਨਹੀਂ ਦੇਖ ਰਹੇ। ਉਹ ਸਮਾਧੀ ਲੀਨ ਹਨ ਜਿਵੇਂ ਕਿਸੀ ਅਦਿੱਖ ਨੂੰ ਦੇਖਿਆ-ਮਿਲਿਆ ਜਾ ਰਿਹਾ ਹੈ।
ਪੇਂਟਿੰਗ ਵਿੱਚ ਤੀਜੀ ਧਿਰ ਸਿਪਾਹੀ ਰੂਪ ਵੱਜੋਂ ਹਾਜ਼ਰ ਹੈ। ਇਹ ਹੁਕਮਰਾਨ ਦਾ ਕਰਿੰਦਾ ਹੈ ਜੋ ਤਿਆਰ ਬਰ ਤਿਆਰ ਮਾਰਨ ਅਤੇ ਬਚਾਅ ਵਾਲੇ ਸ਼ਸਤਰਾਂ ਨਾਲ ਲੈਸ ਹੈ। ਦ੍ਰਿਸ਼ ਵਿੱਚ ਇਹੋ ਸ਼ਕਸ ਹੈ ਜਿਸ ਨੇ ਪੂਰੇ ਲੋੜੀਂਦੇ ਵਸਤਰ ਪਹਿਨੇ ਹੋਏ ਹਨ। ਖ਼ੁਦ ਕੋਈ ਕੰਮ ਨਹੀਂ ਕਰ ਰਿਹਾ ਬਲਕਿ ਹੋ ਰਹੇ ਕੰਮ ਨੂੰ ਦੇਖ ਪਰਖ ਰਿਹਾ ਹੈ ਤਾਂ ਕਿ ਕਿਤੇ ਢਿੱਲ-ਮੱਠ ਨਾ ਵਰਤੀ ਜਾਵੇ। ਸਿਰ ਲੋਹ ਟੋਪ ਹੈ। ਗੱੱਲ ਸਫ਼ੈਦ ਲੰਮੇ ਚੋਲੇ ਨੂੰ ਕਮਰ ਕੋਲੋਂ ਚਮੜੇ ਦੀ ਪੇਟੀ ਨਾਲ ਕੱਸ ਦਿੱਤੀ ਹੋਈ ਹੈ। ਢਾਲ, ਤਲਵਾਰ ਦੇ ਇਲਾਵਾ ਸੱਜੇ ਹੱਥ ਬਰਛਾ ਖਾਸਾ ਲੰਮਾ ਹੈ ਤਾਂਹੀਓ ਉਹ ਚਿੱਤਰ ਆਕਾਰ ਵਿੱਚ ਨਹੀਂ ਸਮਾ ਰਿਹਾ। ਸਿਰਫ ਸਿਪਾਹੀ ਦੇ ਪੈਰੀਂ ਖੋਸੇ ਹਨ।
ਜਿੰਨਾਂ ਕੁ ਚਿਹਰਾ ਸਪਸ਼ਟ ਹੈ, ਉਹ ਕਿਸੇ ਤਰ੍ਹਾਂ ਵੀ ਤਰਸ – ਪਰੁੱਠਾ ਨਰਮ ਦਿੱਖ ਵਾਲਾ ਨਹੀਂ। ਉਹ ਹੋ ਵੀ ਨਹੀਂ ਸਕਦਾ ਕਿਉਂਕਿ ਉਹ ਭਾਈ ਤਾਰੂ ਸਿੰਘ ਦੀ ਵਿਰੋਧੀ ਪ੍ਰਕਿਰਤੀ ਦਾ ਹੈ। ਸੁੰਗੜੇ ਮੱਥੇ ਦੀਆਂ ਤਿਊੜੀਆਂ ਅਤੇ ਕ੍ਰੋਧਿਤ ਅੱਖਾਂ ਉਸ ਦੇ ਕਸਬ ਅਤੇ ਵਿਹਾਰ ਦਾ ਸਪਸ਼ਟ ਸ਼ੀਸ਼ਾ ਹਨ।
ਕਿਰਪਾਲ ਸਿੰਘ ਦੇ ਸਾਰੇ ਪਾਤਰ ਤਗੜੇ ਜੁੱਸੇ ਵਾਲੇ ਹਨ। ਸ਼ਰੀਰਕ ਬਲ ਸਮੇਂ ਦੀ ਲੋੜ ਮੰਨ ਸਕਦੇ ਹਾਂ। ਹਰ ਪਾਤਰ ਨੇ ਆਪਣੇ ਬਲ ਨੂੰ ਆਪਣੇ ਚੁਣੇ ਕਰਮ-ਖੇਤਰ ਹਿੱਤ ਵਰਤਿਆ ਹੈ।
ਦਿੱਖ ਰਹੀ ਤ੍ਰਾਸਦੀ ਦੇ ਇਹੋ ਤਿੰਨ ਪ੍ਰਮੁੱਖ ਪਾਤਰ ਹਨ। ਕੋਈ ਵੀ ਕਿਸੇ
ਨੂੰ ਸੰਕੇਤ ਜਾਂ ਬੋਲ ਕੇ ਆਦੇਸ਼ ਨਹੀਂ ਦੇ ਰਿਹਾ ਕਿਉਂਕਿ ਜੋ ਕੀਤਾ ਜਾਂਦਾ ਹੈ ਉਸ ਦੀ ਰੂਪ
ਰੇਖਾ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਹ ਥਾਂ ਤਾਂ ਹੁਕਮ ਨੂੰ ਵਿਹਾਰ ਵਿੱਚ
ਬਦਲਣ ਵਾਲੀ ਥਾਂ ਹੈ। ਸੰਕੇਤ ਮਿਲਦੇ ਹਨ ਇਹ ਜਗ੍ਹਾ ਭੀੜ-ਭੜਕੇ ਵਾਲੀ ਨਹੀਂ, ਪਰ ਬੇਅਬਾਣ
ਵੀ ਨਹੀਂ। ਜਲਾਦ ਦੇ ਸੱਜੇ ਪਾਸੇ ਵੱਲ ਦੂਰ ਉਭਰਵੀਂ ਇਮਾਰਤ ਦਿਸਦੀ ਹੈ ਜਿਸ ਦੀ ਬਨਾਵਟ
ਮਸਜਿਦ ਵਰਗੀ ਹੈ। ਉਸੇ ਕਤਾਰ ਵਿੱਚ, ਹਲਕੇ ਆਕਾਰਾਂ ਅਤੇ ਰੰਗਾਂ ਵਾਲੀਆਂ ਦੂਸਰੀਆਂ
ਇਮਾਰਤਾਂ ਹਨ। ਮੰਨ ਸਕਦੇ ਹਾਂ ਇਹ ਵਸੋਂ ਬਾਹਰੀ ਥਾਂ ਹੈ।
ਜਲਾਦ ਦੇ ਸੱਜੇ ਵਲ,
ਮਸਜਿਦੋਂ ਉਰੇ ਦੋ ਤਿੰਨ ਮਨੁੱਖੀ ਆਕਾਰ ਹਨ। ਇਹਨਾਂ ਦੀ ਸਥਿਤੀ ਵਿਚਿੱਤਰ ਹੈ। ਉਹ ਦਰਸ਼ਕ
ਹੋਣਾ ਵੀ ਚਾਹੁੰਦੇ ਹਨ ਅਤੇ ਨਹੀਂ ਵੀ। ਨੀਲੇ ਕਪੜਿਆਂ ਵਾਲੇ ਮੁਹਰਲੇ ਵਿਅਕਤੀ ਦੀ ਸਰੀਰਕ
'ਪੋਜ਼ਿਸ਼ਨ' ਦੇਖਦਿਆਂ-ਦੇਖਦਿਆਂ ਪਰ੍ਹਾਂ ਜਾਣ ਵਾਲੀ ਹੈ। ਉਹ ਘਟਨਾ ਸਥਲ ਵਲ ਵੱਧ ਨਹੀਂ
ਰਿਹਾ ਬਲਕਿ ਓਥੋਂ ਦੂਰ ਰਹਿਣਾ ਪਸੰਦ ਕਰਦਾ ਹੈ। ਸਚਮੁਚ ਉਸ ਨੂੰ ਜੋ ਦਿਖ ਰਿਹਾ ਹੈ, ਉਹ
ਦੇਖਣਯੋਗ ਨਹੀਂ। ਜਗਿਆਸਾ ਵੱਸ ਜੋ ਦੇਖਿਆ ਜਾ ਰਿਹਾ, ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ।
ਲਗਦਾ ਹੈ ਦੋਵੇਂ ਪਾਸਿਓਂ ਉਹ ਮਜਬੂਰ ਹੈ। ਇਸ ਮਜਬੂਰੀ ਦਾ ਡਰ-ਸਹਿਮ ਨਾਲ ਗੂੜ੍ਹਾ ਰਿਸ਼ਤਾ
ਹੈ। ਉਹਦੇ ਨਾਲ ਦਿਆਂ ਨੇ ਤਾਂ ਨਿਰਣਾਤਮਕ ਪਿੱਠ ਕਰ ਲਈ ਹੈ।
ਚਿੱਤਰ ਦਾ ਛੋਟਾ ਜਿਹਾ
ਰਕਬਾਂ ਕੁਛ ਹੋਰ ਵੀ ਕਹਿ ਰਿਹਾ ਹੈ। ਜੇ ਵਿਅਕਤੀ ਸਮੂਹ ਦਿੱਤੇ ਜਾ ਰਹੇ ਤਸੀਹੇ ਦੇ ਹੁੱਬ
ਦੇ ਦਰਸ਼ਕ ਨਹੀਂ ਬਣਦੇ ਤਾਂ ਜਲਾਦ ਵੀ, ਮਸਜਿਦ ਪ੍ਰਤੀ, ਕੋਈ ਅਦਬ-ਅਦਾਬ ਨਹੀਂ ਦਿਖਾ ਰਿਹਾ।
ਉਸ ਦੀ ਪਿੱਠ ਮਸਜਿਦ ਵੱਲ ਹੈ ਅਤੇ ਲਹੂ ਲਿਬੜਿਆ ਰੰਬਾ ਗੁੰਬਦ ਨੂੰ ਛੂ ਕਰ ਪ੍ਰਤੀਤ
ਹੁੰਦਾ ਹੈ। ਮਸਜਿਦ ਖ਼ੁਦਾ ਦੇ ਇਬਾਦਤ ਦੀ ਜਗ੍ਹਾ ਹੈ ਜਿੱਥੇ ਸੱਚ-ਨਿਆਂ ਦੀ ਗੱਲ ਹੁੰਦੀ
ਹੈ। ਕਹਿਣ-ਸੁਨਣ ਨੂੰ ਤਾਂ ਸਹੀ ਹੈ, ਪਰ ਦੇਖਣ ਨੂੰ ਅਜਿਹਾ ਨਹੀਂ ਹੋ ਰਿਹਾ। ਮਸਜਿਦ ਦੇ
ਸਫ਼ੈਦ ਗੁਬੰਦ ਨੂੰ ਲਹੂ ਲਿਬੜਿਆ ਰੰਬਾ ਢੱਕ ਰਿਹਾ ਹੈ। ਇਹ ਤਰਕ ਸੰਗਤ ਪਹੁੰਚ ਸੋਚੀ,
ਵਿਚਾਰੀ ਹੈ ਜਾਂ ਆਪ ਹੁੱਦਰੀ । ਜਿੱਦਾਂ ਵੀ ਹੋ ਗਿਆ ਹੋਵੇ, ਇਹਦੇ ਨਾਲ ਚਿੱਤਰ ਗਹਰਾਈ,
ਗੰਭੀਰਤਾ ਵਲ ਸਫ਼ਰ ਕਰਦਾ ਹੈ।
ਸੰਦਰਭਾਂ ਨੂੰ ਜਾਣਨ ਵਾਲਾ ਦਰਸ਼ਕ ਇਸ ਨੁਕਤੇ ਨੂੰ
ਖੂੰਝਾਅ ਨਹੀਂ ਸਕਦਾ। ਗੱਲ ਇਥੇ ਹੀ ਨਿਬੜਦੀ ਨਹੀਂ। ਲਹੂ – ਭਿੱਜੇ ਰੰਬੇ ਦੇ ਥੱਲੇ ਦਰਸ਼ਕ
ਦਿਖਾਈ ਦੇ ਰਹੇ ਹਨ। ਭਾਵ ਵਿਸ਼ੇਸ਼ ਹੀ ਨਹੀਂ ਸਾਧਾਰਣ ਲੋਕ। ਰੀਆਇਆਂ ਪ੍ਰਤੀ ਰਵਾਈਆ ਪਿਆਰ
ਭਰਿਆ ਨਹੀਂ ਬਲਕਿ ਦਹਿਸ਼ਤ ਵਾਲਾ ਹੈ।
ਕੈਨਵਸ ਆਕਾਰ ਪੱਖੋਂ ਜਿਆਦਾ ਵੱਡਾ ਨਹੀਂ। ਉਹ
ਇਕੋ ਸਾਰੇ ਨਜ਼ਰ ਦੀ ਜੱਦ ਥੱਲੇ ਆ ਜਾਂਦਾ ਹੈ। ਤਾਂ ਵੀ ਇਹਦਾ ਅਰਥ ਇਹ ਨਾ ਲਿਆ ਜਾਵੇ ਕਿ
ਚਿੱਤਰ ਦੀ ਥਾਂਹ ਪਾ ਲਈ ਗਈ ਹੈ। ਇਹ ਅਜਿਹੀ ਪ੍ਰਕਿਰਿਆ ਹੈ ਜੋ ਨਿਰੰਤਰ ਜਾਰੀ ਰਹਿੰਦੀ
ਹੈ, ਜਮ੍ਹਾਂ-ਬਟਾਅ ਹੁੰਦਾ ਰਹਿੰਦਾ ਹੈ।
ਪੇਂਟਿੰਗ ਦੇ ਐਨ ਸੱਜੇ ਵਲ ਚਿੱਟੇ ਲਿਬਾਸ
ਵਿੱਚ ਸਿਪਾਹੀ ਖੜ੍ਹਾ ਹੈ ਅਤੇ ਐਨ ਖੱਬੇ ਮਸਜਿਦ ਦਾ ਸਫ਼ੈਦ ਗੁਬੰਦ ਹੈ। ਚਿਟੇ ਰੰਗ ਦੇ
ਆਪਣੇ ਅਰਥ ਹਨ ਜਿਸ ਨੂੰ ਪਵਿੱਤਰਤਾ ਵਜੋਂ ਲਿਆ ਜਾਂਦਾ ਹੈ।
ਚਿਤੇਰਾ ਕੀ ਵਿਅਕਤੀ
(ਧਰਮ ਮੰਨਣ ਵਾਲੇ) ਅਤੇ ਧਰਮ (ਧਰਮ ਅਸਥਾਨ) ਵਿਚਾਲੇ ਭੇਦ ਕਰ ਰਿਹਾ ਹੈ? ਧਰਮ ਜੁਲਮ ਦੇ
ਪੱਖ ਵਿੱਚ ਘੱਟ ਹੀ ਖੜ੍ਹਦਾ ਹੈ। ਪਰ ਇਥੇ ਵਿਰੋਧਾਭਾਸ ਇਹ ਹੈ ਕਿ ਧਰਮ, ਸ਼ਾਸਨ ਅਤੇ ਜੁਲਮ
ਆਪਸ ਵਿੱਚ ਇਕਮਿਕ ਹੋਏ ਹੋਏ ਹਨ। ਵਿਰੋਧੀ ਸੁਰ ਦੂਰ-ਦੂਰ ਤਕ ਨਹੀਂ।
ਪ੍ਰਸਤੁਤ ਵਸਤੂ ਸਥਿਤੀ ਨੂੰ ਦੇਖ ਸਾਡਾ ਧਿਆਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਲ ਚਲਿਆ ਜਾਂਦਾ ਹੈ:
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ (ਸਲੋਕ ਮ: ੧, ਅੰਗ ੮੫)
ਇਹ
ਤਸਵੀਰ ਸਾਡਾ ਧਿਆਨ ਉਸ ਤਸਵੀਰ ਵਲ ਵੀ ਲੈ ਜਾਂਦੀ ਹੈ ਜੋ ਇਸੇ ਚਿਤੇਰੇ ਨੇ ਪੇਂਟ ਕੀਤੀ
ਹੈ। ਹਕੂਮਤ ਵਲੋਂ ਭਾਈ ਮਨੀ ਸਿੰਘ ਦੇ ਬੰਦ-ਬੰਦ ਕਟੇ ਜਾਣ ਦਾ ਹੁਕਮ ਜਾਰੀ ਹੁੰਦਾ ਹੈ।
ਉਥੇ ਜਲਾਦ ਭਾਈ ਸਾਹਿਬ ਦੇ ਐਨ ਕਰੀਬ ਆਪਣਾ ਕੰਮ ਸ਼ੁਰੂ ਕਰਨ ਲਈ ਬੈਠਾ ਹੈ। ਜਾਹਰ ਹੈ,
ਜਿਵੇਂ-ਜਿਵੇਂ ਸਮਾਂ ਬੀਤੇਗਾ ਆਲੇ ਦੁਆਲੇ ਲਹੂ, ਮਿੱਝ ਹੱਡ-ਮਾਸ ਦਾ ਖਿਲਾਰ ਪੈਣ ਲਗੇਗਾ।
ਭੈ ਭੀਤ ਕਰਨ ਵਾਲਾ ਦ੍ਰਿਸ਼ ਹਾਲੇ ਉਦੈ ਹੋਣਾ ਹੈ। ਬੋਟੀ-ਬੋਟੀ ਸਰੀਰ ਦਾ ਕੀ ਬਣੇਗਾ,
ਆਉਣ-ਜਾਣ ਵਾਲੇ ਬੇਖਬਰ ਹਨ। ਦੂਸਰੀ ਕਲਾ ਰਚਨਾ ਵਿੱਚ ਹੌਲਨਾਕ ਮੰਜਰ ਪੇਸ਼ ਹੈ। ਲੋਕ ਸਮੂਹ
ਭਾਈ ਤਾਰੂ ਸਿੰਘ ਦੇ ਸਿਰ ਨਾਲੋਂ ਵੱਖ ਕੀਤੀ ਖੋਪੜੀ ਨੂੰ ਦੇਖ ਕੇ ਵੀ ਉਸ ਨੂੰ ਅਣਦੇਖਿਆ
ਕਰਨਾ ਚਾਹੁੰਦੇ ਹਨ।
ਦੋਵੇਂ ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਸਨ। ਐਪਰ
ਚਿੱਤਰਕਾਰ ਦੋਹਾਂ ਵਾਸਤੇ ਇਕੋ ਜਿਹੀ ਵਸਤੂ ਸਥਿਤੀ ਨੂੰ ਆਪਣੇ ਚਿੱਤਰਾਂ ਦਾ ਆਧਾਰ ਨਹੀਂ
ਬਣਾ ਰਿਹਾ। ਇਕ ਜਗ੍ਹਾ ਤਸੀਹੇ ਸ਼ੁਰੂ ਕਰਨ ਤੋਂ ਪਹਿਲਾਂ ਦਾ ਦ੍ਰਿਸ਼ ਚਿੱਤਰਣ ਜਦਕਿ ਦੂਸਰੀ
ਥਾਂਏਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰ ਦੇਣ ਉਪਰੰਤ ਦਾ ਹੈ।
ਸੰਨ ੧੭੬੨ ਵਿੱਚ ਭੰਗੀ
ਮਿਸਲ ਦੇ ਸਿੰਘ ਸਰਦਾਰ ਨੇ ਅਬਦੁਲ ਖਾਨ ਮਸਜਿਦ ਦੇ ਕੋਲ, ਜਿਥੇ ਭਾਈ ਤਾਰੂ ਸਿੰਘ ਨੂੰ
ਸ਼ਹੀਦ ਕੀਤਾ ਗਿਆ ਸੀ, ਸ਼ਹੀਦ ਗੰਜ ਗੁਰਦੁਆਰਾ ਉਸਾਰਿਆ ਜਿਹੜਾ ਹੁਣ ਵੀ ਕਾਇਮ ਹੈ।
Download/View Full Version of Artist Kirpal Singh's Painting