Hindu, Hindi, Hindustan vs. Universal Philosophy of Gurmat
ਭਾਰਤੀ ਗਣਰਾਜ ਇਕ ਬਹੁਭਾਸ਼ੀ, ਬਹੁ-ਸੱਭਿਆਚਾਰਵਾਦੀ ਅਤੇ ਬਹੁਵੇਸੀ ਦੇਸ਼ ਹੈ। ਅਣਗਿਣਤ ਨਸਲਾਂ, ਜਾਤਾਂ ਅਤੇ ਉਪ-ਜਾਤਾਂ 'ਤੇ ਅਧਾਰਿਤ ਇਸ ਦੇਸ਼ ਦੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਪੂਜਾ ਪਾਠ ਦੇ ਢੰਗ ਵੀ ਵੱਖੋ ਵੱਖਰੇ ਹਨ। ਇਸ ਦੇਸ਼ 'ਤੇ ਅਨੇਕਾਂ ਵਿਦੇਸ਼ੀ ਧਾੜ੍ਹਵੀ ਹਮਲਾਵਰ ਬਣ ਕੇ ਆਏ ਜਿੰਨ੍ਹਾਂ ਨੇ ਇਸ ਦੇਸ਼ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਨਾਲ ਇਸ ਦੇਸ਼ 'ਚ ਆਪਣੇ ਧਰਮ ਅਨੁਸਾਰ ਇਸ ਦੇਸ਼ ਦੀ ਬੋਲੀ, ਪਹਿਰਾਵਾ ਅਤੇ ਧਰਮ ਅਧਾਰਿਤ ਸਦੀਵੀਂ ਰਾਜ ਕਾਇਮ ਕਰਨ ਦੇ ਯਤਨ ਵੀ ਕੀਤੇ।
ਇੰਨ੍ਹਾਂ ਵਿਦੇਸ਼ੀ ਧਾੜ੍ਹਵੀਆਂ ਵਲੋਂ ਭਾਰਤੀਆਂ 'ਤੇ ਕੀਤੇ ਜ਼ੁਲਮ ਦੇ ਕਿੱਸੇ ਅੱਜ ਵੀ ਭਾਰਤੀ ਇਤਿਹਾਸ 'ਚ ਦਰਜ ਹਨ। ਪਰ ਇਹ ਵਿਦੇਸ਼ੀ ਧਾੜ੍ਹਵੀ ਹਮਲਾਵਰ ਕਦੇ ਵੀ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਸਕੇ। ਇਸੇ ਸੋਚ ਤਹਿਤ ਹੀ ਇਸ ਦੇਸ਼ ਦੇ ਇੱਕ ਵਰਗ ਰਾਸ਼ਟਰੀ ਸਵੈਮ ਸੇਵਕ ਸੰਘ ਜਿਸ ਨੂੰ "ਸੰਘ ਪਰਿਵਾਰ" ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਵੱਲੋਂ ਦੁਬਾਰਾ ਇਸ ਦੇਸ਼ ਦੇ ਲੋਕਾਂ 'ਤੇ ਆਪਣੇ ਗੁਪਤ ਏਜੰਡੇ ਤਹਿਤ ਇਸ ਦੇਸ਼ ਨੂੰ ਇੱਕ ਭਾਸ਼ਾਵਾਦੀ, ਇੱਕ ਸੱਭਿਆਚਾਰਵਾਦੀ ਅਤੇ ਇੱਕ ਧਰਮ ਅਧਾਰਿਤ ਦੇਸ਼ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਏਜੰਡੇ ਤਹਿਤ ਇਸ ਦੇਸ਼ ਨੂੰ ਇੱਕ ਨਵਾਂ ਨਾਅਰਾ "ਹਿੰਦੀ, ਹਿੰਦੂ, ਹਿੰਦੁਸਤਾਨ" ਦਿੱਤਾ ਗਿਆ ਹੈ। ਇਸ ਮਿਸ਼ਨ ਦੀ ਪੂਰਤੀ ਲਈ ਇਸ ਮਿਸ਼ਨ ਦੇ ਪੈਰੋਕਾਰਾਂ ਵਲੋਂ ਕਈ ਵਾਰ ਇਸ ਸਬੰਧੀ ਆਪਾਵਿਰੋਧੀ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ। ਇਸ ਦੇਸ਼ 'ਚ ਰਹਿਣ ਵਾਲਿਆਂ ਲਈ ਹਿੰਦੀ, ਹਿੰਦੂ, ਹਿੰਦੁਸਤਾਨ ਨੀਤੀ ਨੂੰ ਕਦੇ ਅਖੰਡ ਭਾਰਤ ਕਦੇ ਇੱਕ ਸੱਭਿਆਚਾਰ ਅਤੇ ਕਦੇ ਸੰਸਕ੍ਰਿਤੀ ਦਾ ਨਾਂਅ ਦਿੱਤਾ ਜਾ ਰਿਹਾ ਹੈ। ਉਂਝ ਸਭ ਤੋਂ ਪਹਿਲਾਂ ਇਹ ਨਾਅਰਾ ਹਿੰਦੀ ਕਵੀ ਭਾਰਤੇਂਦੂੰ ਹਰੀਸ਼ਚੰਦਰ ਨੇ ਸੰਨ੍ਹ ੧੮੭੬ ਵਿੱਚ ਬ੍ਰਹਮੋ-ਸਮਾਜ ਦੀ ਇੱਕ ਬੈਠਕ ਵਿੱਚ ਲਾਇਆ ਸੀ ਜਿਸਨੂੰ ਅੱਜ ਵੱਡੇ ਪੱਧਰ 'ਤੇ ਪ੍ਰਚਾਰਿਆ ਜਾ ਰਿਹਾ ਹੈ। ਇਸ ਲੇਖ ਰਾਂਹੀ ਅਸੀਂ ਭਾਰਤੀ ਗਣਰਾਜ 'ਚ ਹਿੰਦੀ, ਹਿੰਦੂ, ਹਿੰਦੁਸਤਾਨ ਦੀ ਨੀਤੀ ਨੂੰ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ ਰਾਂਹੀ ਸਮਝਣ ਦਾ ਯਤਨ ਕਰਾਂਗੇ।
(੧). ਹਿੰਦੀ : -
ਸੰਘ ਪਰਿਵਾਰ ਦੇ ਮੰਨੂੰਵਾਦੀਆਂ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ 'ਚ ਰਹਿਣ ਵਾਲੇ ਹਰੇਕ ਜਾਤ, ਧਰਮ, ਨਸਲ ਦੇ ਲੋਕ ਹਿੰਦੂ ਹੀ ਹਨ ਅਤੇ ਇਨ੍ਹਾਂ ਦੀ ਭਾਸ਼ਾ ਹਿੰਦੀ ਹੈ ਇਸ ਲਈ ਇਸ ਦੇਸ਼ 'ਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਇਹ ਭਾਸ਼ਾ ਹੀ ਸਿੱਖਣੀ ਅਤੇ ਬੋਲਣੀ ਪਵੇਗੀ। ਸੰਘਵਾਦੀਆਂ ਵਲੋਂ ਇਹ ਬਿਆਨ ਜਾਰੀ ਕਰਨੇ ਬਚਕਾਨਾ ਹਰਕਤਾਂ ਤੋਂ ਵੱਧ ਕੁੱਝ ਵੀ ਨਹੀਂ ਹਨ। ਸੰਘਵਾਦੀਆਂ ਦੇ ਹਿੰਦੀ ਵਿਦਵਾਨਾਂ ਵੱਲੋਂ ਅਕਸਰ ਹਿੰਦੀ ਭਾਸ਼ਾ ਪ੍ਰਤੀ ਖੋਜ਼ ਪੱਤਰ ਜਾਰੀ ਹੁੰਦੇ ਹੀ ਰਹਿੰਦੇ ਹਨ ਜੋ ਆਪਾਵਿਰੋਧੀ ਸਮੱਗਰੀ ਨਾਲ ਭਰਭੂਰ ਹੁੰਦੇ ਹਨ। ਕੁੱਝ ਸੰਘਵਾਦੀ ਹਿੰਦੀ ਵਿਦਵਾਨਾਂ ਦਾ ਵਿਚਾਰ ਹੈ ਕਿ ਦੇਸ਼ ਦੀ ਮੌਜੂਦਾ ਭਾਸ਼ਾ ਨੂੰ ਹਿੰਦੀ ਨਾਮ ਇਰਾਨੀਆਂ ਵਲੋਂ ਦਿੱਤਾ ਗਿਆ ਹੈ ਕਿਉਂਕਿ ਸੰਸਕ੍ਰਿਤ ਭਾਸ਼ਾ ਦਾ ਅੱਖਰ "ਸ" ਫ਼ਾਰਸੀ ਵਿੱਚ "ਹ" ਬੋਲਿਆ ਜਾਂਦਾ ਹੈ।
ਜਿਵੇਂ ਸਪਤਾਹ ਨੂੰ ਹਪਤਾਹ, ਸਿੰਧੂ ਨੂੰ ਹਿੰਦੂ ਆਦਿ। ਕਿਉਂਕਿ ਸਿੰਧੁ ਨਦੀ ਦੇ ਪਾਰ ਵਾਲੇ ਹਿੱਸੇ ਨੂੰ ਇਰਾਨੀਆਂ ਵਲੋਂ ਹਿੰਦ ਕਿਹਾ ਗਿਆ ਹੈ ਜਿਸ ਤੋਂ, ਇਸ ਹਿੱਸੇ ਦੀ ਭਾਸ਼ਾ ਸਿੰਧੀ ਤੋਂ ਹਿੰਦੀ ਸ਼ਬਦ ਬਣਿਆ ਹੈ। ਕੁੱਝ ਸੰਘਵਾਦੀ ਹਿੰਦੀ ਵਿਦਵਾਨਾਂ ਦਾ ਵਿਚਾਰ ਹੈ ਕਿ ਸੰਸਕ੍ਰਿਤ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਇਸ ਵਿਚੋਂ ਪਾਲੀ ਭਾਸ਼ਾ ਦਾ ਜਨਮ ਹੋਇਆ, ਪਾਲੀ ਭਾਸ਼ਾ ਵਿਚੋਂ ਖੇਤਰੀ ਭਾਸ਼ਾਵਾਂ ਦਾ ਜਨਮ ਹੋਇਆ ਜੋ ਵਿਗੜਦੀਆਂ ਹੋਈਆਂ ਮਾਗਧੀ, ਸੌਰਸੈਨੀ, ਮਹਾਰਾਸ਼ਟਰੀ, ਖ਼ੱਸ, ਬਰਾਚਿਡ, ਅਰਧਮਾਰਗੀ ਅਤੇ ਪਿਸਾਚੀ (ਪੰਜਾਬੀ) ਦੇ ਰੂਪ ਵਿੱਚ ਪ੍ਰਚਲਿਤ ਹੋ ਗਈਆਂ ਜਿੰਨ੍ਹਾਂ ਦਾ ਅਜੋਕਾ ਰੂਪ ਹਿੰਦੀ ਹੀ ਹੈ ਤੇ ਇਹ ਸੰਸਕ੍ਰਿਤ ਭਾਸ਼ਾ ਦੀ ਕੁੱਖ ਵਿਚੋਂ ਹੀ ਪੈਦਾ ਹੋਈ ਹੈ। ਇਨ੍ਹਾਂ ਹਿੰਦੀ ਵਿਦਵਾਨਾਂ ਵਲੋਂ ਪੰਜਾਬੀ ਭਾਸ਼ਾ ਨੂੰ ਪਿਸਾਚੀ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ। ਪਿਸਾਚੀ ਜਾਂ ਪਿਸਾਚ ਦਾ ਅਰਥ ਹੈ ਉਹ ਬਦਰੂਹ ਜੋ ਕੋਈ ਵੀ ਰੂਪ ਧਾਰ ਕੇ ਮਨੁੱਖਾਂ ਦਾ ਖੂਨ ਪੀਂਦੀ ਹੈ। ਅਤੇ ਸੰਘਵਾਦੀ ਵਿਦਵਾਨਾਂ ਵਲੋਂ ਪਿਸਾਚੀ ਭਾਸ਼ਾ ਦਾ ਅਰਥ ਨਿਕਲਦਾ ਹੈ ਮਨੁੱਖਾਂ ਦਾ ਖੂਨ ਪੀਣ ਵਾਲਿਆਂ ਦੀ ਭਾਸ਼ਾ।
ਜੋ ਇਨ੍ਹਾਂ ਦੀ ਪੰਜਾਬ ਤੇ ਪੰਜਾਬੀ ਪ੍ਰਤੀ ਅੰਦਰਲੀ ਨਫ਼ਰਤ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਹੈ। ਕੁੱਝ ਸੰਘਵਾਦੀ ਵਿਦਵਾਨ ਤਾਂ ਸੰਸਕ੍ਰਿਤ ਵਿਚੋਂ ਨਿਕਲੀਆਂ ਭਾਸ਼ਾਵਾਂ ਨੂੰ ਤਿੰਨ ਹਿੱਸਿਆਂ (a) ਆਰੀਆਂ ਭਾਸ਼ਾਵਾਂ (ਅ) ਸ਼ਾਮੀ ਭਾਸ਼ਾਵਾਂ (e) ਤੁਰਾਨੀ ਭਾਸ਼ਾਵਾਂ ਵਿੱਚ ਵੰਡ ਕੇ ਮੂਰਖਤਾ ਭਰੇ ਦਾਅਵੇ ਕਰਦੇ ਹਨ ਕਿ ਸਾਰੇ ਸੰਸਾਰ ਦੀਆਂ ਭਾਸ਼ਾਵਾਂ ਦਾ ਜਨਮ ਹੀ ਸੰਸਕ੍ਰਿਤ ਵਿੱਚੋਂ ਹੋਇਆ ਹੈ। ਇਨ੍ਹਾਂ ਅਨੁਸਾਰ ਅੰਗ੍ਰੇਜ਼ੀ, ਫ਼ਾਰਸੀ, ਯੂਨਾਨੀ, ਲੈਟਨ ਭਾਸ਼ਾਵਾਂ (ਆਰੀਆ ਭਾਸ਼ਾਵਾਂ), ਇਬਰਾਨੀ, ਅਰਬੀ ਅਤੇ ਹਬਸ਼ੀ ਭਾਸ਼ਾਵਾਂ ਆਦਿ (ਸ਼ਾਮੀ ਭਾਸ਼ਾਵਾਂ) ਅਤੇ ਚੀਨੀ ,ਜਪਾਨੀ , ਤੁਰਕੀ ਅਤੇ ਦ੍ਰਾਵਿੜ ਭਾਸ਼ਾਵਾਂ (ਤੁਰਾਨੀ ਭਾਸ਼ਾਵਾਂ) ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜੋ ਸਾਰੀਆਂ ਹੀ ਸੰਸਕ੍ਰਿਤ ਦੀ ਉਪਜ ਹਨ। ਇਸ ਢੰਗ ਨਾਲ ਸੰਘਵਾਦੀ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਹਿੰਦੂ ਸਾਬਿਤ ਕਰਨਾ ਚਹੁੰਦੇ ਹਨ। ਪਰ ਸੰਘਵਾਦੀ ਮੁਸਲਮਾਨਾਂ, ਇਸਾਈਆਂ, ਜੈਨੀਆਂ, ਬੋਧੀਆਂ, ਪਾਰਸੀਆਂ, ਸਿੱਖਾਂ ਅਤੇ ਦਲਿਤਾਂ ਨਾਲ ਕਿੰਨੀ ਨਫ਼ਰਤ ਕਰਦੇ ਹਨ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਪ੍ਰਾਪਤ ਸੂਚਨਾ ਅਨੁਸਾਰ ਸੰਨ ੧੯੮੪ - ੧੯੮੫ ਦਰਮਿਆਨ ਹਿੰਦੀ ਦੇ ਪ੍ਰਚਾਰ ਪ੍ਰਸਾਰ ਲਈ ੫ ਕਰੋੜ ੬੨ ਲੱਖ ਰੁਪਏ ਭਾਰਤ ਸਰਕਾਰ ਵਲੋਂ ਖਰਚ ਕੀਤੇ ਗਏ ਜਿਸ ਵਿੱਚ ਵਾਧਾ ਕਰਦਿਆਂ ਸੰਨ ੨੦੦੭ - ੨੦੦੮ ਦਰਮਿਆਨ ੫੪ ਕਰੋੜ ਰੁਪਏ ਅਤੇ ਉਸਤੋਂ ਬਾਅਦ ਹਰੇਕ ਸਾਲ ਤਕਰੀਬਨ ਪੰਜਾਹ ਲੱਖ ਤੋਂ ਲੈਕੇ ੭੫ ਲੱਖ ਰੁਪਏ ਤੱਕ ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਖਰਚ ਕੀਤੇ ਜਾਂਦੇ ਹਨ। ਸੰਘਵਾਦੀਆਂ ਵਲੋਂ ਇਹ ਪ੍ਰਚਾਰ ਵੀ ਬੜੇ ਜੋਰ ਸ਼ੋਰ ਨਾਲ ਕੀਤਾ ਜਾਂਦਾ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ। ਪਰ ਸੰਨ ੨੦੧੭ 'ਚ ਲਖਨਊ ਦੀ ਸੂਚਨਾ ਅਧਿਕਾਰ ਕਾਰਕੁੰਨ ਊਰਵਸੀ ਸ਼ਰਮਾ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੰਗੀ ਗਈ ਸੂਚਨਾ ਤਹਿਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ ੩੪੩ ਤਹਿਤ ਹਿੰਦੀ ਭਾਰਤ ਗਣਰਾਜ ਦੀ ਦਫ਼ਤਰੀ ਕੰਮਕਾਜੀ ਭਾਸ਼ਾ ਹੈ ਨਾ ਕਿ ਰਾਸ਼ਟਰ ਭਾਸ਼ਾ।
ਕੇਂਦਰ ਸਰਕਾਰ ਆਪਣੇ ਦਫ਼ਤਰੀ ਕੰਮਕਾਰ ਲਈ ਹਿੰਦੀ ਜਾਂ ਅੰਗ੍ਰੇਜ਼ੀ ਭਾਸ਼ਾ ਦੀ ਵਰਤੋਂ ਕਰ ਸਕਦੀ ਹੈ ਜਦੋਂ ਕਿ ਭਾਰਤੀ ਸੰਵਿਧਾਨ ਦੀ ਸੂਚੀ ੮ ਵਿੱਚ ਹਿੰਦੀ ਤੋਂ ਇਲਾਵਾ ਆਸਾਮੀ, ਉਰਦੂ, ਕੰਨ੍ਹੜ, ਕਸ਼ਮੀਰੀ, ਕੋਂਕਨੀ, ਮੈਥਿਲੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕ੍ਰਿਤ, ਸੰਤਲੀ, ਸਿੰਧੀ, ਤਾਮਿਲ, ਤੇਲਗੂ, ਬੋਡੋ, ਡੋਗਰੀ, ਬੰਗਾਲੀ, ਗੁਜ਼ਰਾਤੀ ਅਤੇ ਪੰਜਾਬੀ ਆਦਿ ੨੨ ਭਾਸ਼ਾਵਾਂ ਨੂੰ ਰਾਜ ਭਾਸ਼ਾਵਾਂ ਵਜੋਂ ਕਾਨੂੰਨੀ ਮਾਨਤਾ ਪ੍ਰਾਪਤ ਹੈ ਅਤੇ ਇਨ੍ਹਾਂ ਵਿਚੋਂ ੧੫ ਭਾਸ਼ਾਵਾਂ ਭਾਰਤ ਦੇ ਹਰੇਕ ਕਰੰਸੀ ਨੋਟ 'ਤੇ ਛਪੀਆਂ ਹੋਣੀਆਂ ਵੀ ਕਾਨੂੰਨ ਅਨੁਸਾਰ ਜਰੂਰੀ ਹੈ। ਇੱਕ ਪ੍ਰਸਿੱਧ ਅਖ਼ਬਾਰ ਦੀ ਸੂਚਨਾ ਅਨੁਸਾਰ ਸੰਨ ੨੦੧੧ ਵਿੱਚ ਭਾਰਤ ਦੀ ਮਰਦਮ ਸ਼ੁਮਾਰੀ ਸਮੇਂ ਭਾਰਤੀ ਲੋਕਾਂ ਵਲੋਂ ੧੯,੫੬੯ ਵੱਖੋ ਵੱਖ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਵਜੋਂ ਦਰਜ਼ ਕਰਵਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਰਾਜ ਗੁਜ਼ਰਾਤ ਦੇ ਇੱਕ ਵਿਆਕਤੀ ਸੁਰੇਸ਼ ਨਚਾੜੀਆ ਵਲੋਂ ਪਾਈ ਪਟੀਸ਼ਨ 'ਤੇ ਵੀ ਗੁਜ਼ਰਾਤ ਹਾਈਕੋਰਟ ਨੇ ਫੈਸਲਾ ਦਿੱਤਾ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ ਨਹੀਂ ਹੈ। ਸੰਘਵਾਦੀਆਂ ਵਲੋਂ ਸਰਕਾਰੀ ਛਤਰਛਾਇਆ ਹੇਠ ਹਰ ਸਾਲ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਜਿਸ ਵਿੱਚ ਹਿੰਦੀ ਬੋਲਣ, ਲਿਖਣ ਅਤੇ ਸਾਹਿਤ ਰਚਨ ਵਾਲਿਆਂ ਨੂੰ ਉਚੇਚੇ ਇਨਾਮ ਦੇ ਕੇ ਉਤਸਾਹਿਤ ਕੀਤਾ ਜਾਂਦਾ ਹੈ।
ਸੰਘ ਦੀਆਂ ਸਕੂਲੀ ਸੰਸਥਾਵਾਂ ਡੀ.ਏ.ਵੀ , ਮਾਦੋਨਿਕੇਤਨ , ਬਾਲ ਵਿਦਿਆ ਨਿਕੇਤਨ ਅਤੇ ਸਰਵ ਹਿੱਤਕਾਰੀ ਵਿਦਿਆ ਮੰਦਿਰ ਆਦਿ ਵਿੱਚ ਖੇਤਰੀ ਭਾਸ਼ਾਵਾਂ ਬੋਲਣ 'ਤੇ ਪੂਰੀ ਪਾਬੰਦੀ ਹੁੰਦੀ ਹੈ ਤੇ ਇਨ੍ਹਾਂ ਸੰਸਥਾਵਾਂ ਵਿੱਚ ਖੇਤਰੀ ਭਾਸ਼ਾ ਬੋਲਣ ਵਾਲੇ ਵਿਦਿਆਰਥੀ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਐਸੀਆਂ ਸੰਸਥਾਵਾਂ ਦੀ ਦੇਖੋ ਦੇਖੀ ਹੁਣ ਪੰਜਾਬ ਦੇ ਪੇਂਡੂ ਖੇਤਰਾਂ ਦੇ ਸਿੱਖ ਸਕੂਲਾਂ ਵਿੱਚ ਵੀ ਪੰਜਾਬੀ ਦੀ ਥਾਂ ਹਿੰਦੀ ਹੀ ਬੋਲੀ ਜਾਂਦੀ ਹੈ। ਅਸਲ ਵਿੱਚ ਹਿੰਦੀ ਨੂੰ ਹਰੇਕ ਭਾਰਤੀ ਦੀ ਭਾਸ਼ਾ ਵਜੋਂ ਪ੍ਰਚਾਰਨ ਪਿੱਛੇ ਸੰਘਵਾਦੀਆਂ ਦੀ ਇਹ ਸੋਚ ਕੰਮ ਕਰਦੀ ਹੈ ਕਿ "ਜਿਸ ਕੌਮ ਨੂੰ ਖ਼ਤਮ ਕਰਨਾ ਹੋਵੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਖੋ ਲਵੋ ਉਹ ਕੌਮ ਆਪੇ ਹੀ ਖ਼ਤਮ ਹੋ ਜਾਵੇਗੀ।" ਇਹ ਸੰਘਵਾਦੀਆਂ ਦੀ ਸੋਚ ਵੀ ਇਹੋ ਹੈ ਕਿ ਭਾਰਤੀ ਗਣਰਾਜ 'ਚ ਰਹਿ ਰਹੀਆਂ ਹੋਰ ਘੱਟ ਗਿਣਤੀ ਕੌਮਾਂ ਨੂੰ ਡਰਾ ਧਮਕਾ ਕੇ ਜਾਂ ਉਨ੍ਹਾਂ ਵਿੱਚ ਭਰਮ ਭੁਲੇਖੇ ਖੜ੍ਹੇ ਕਰਕੇ ਤੇ ਉਨ੍ਹਾਂ ਦੀ ਮਾਤ ਭਾਸ਼ਾ ਨੂੰ ਖ਼ਤਮ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ।
(੨.) ਹਿੰਦੂ : -
ਸੰਘਵਾਦੀਆਂ ਦੇ ਨਾਅਰੇ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਦੂਜਾ ਸ਼ਬਦ ਹਿੰਦੂ ਹੈ। ਸੰਘਵਾਦੀਆਂ ਵੱਲੋਂ ਇਹ ਪ੍ਰਚਾਰ ਬੜਾ ਸੰਘ ਪਾੜ ਕੇ ਕੀਤਾ ਜਾਂਦਾ ਹੈ ਕਿ ਭਾਰਤ ਗਣਰਾਜ ਵਿੱਚ ਰਹਿਣ ਵਾਲੇ ਇਸਾਈ, ਮੁਸਲਮਾਨ, ਸਿੱਖ, ਦਲਿਤ, ਜੈਨੀ, ਬੋਧੀ, ਪਾਰਸੀ ਆਦਿ ਸਾਰੇ ਹਿੰਦੂ ਹੀ ਹਨ ਅਤੇ ਇਨ੍ਹਾਂ ਘੱਟਗਿਣਤੀ ਕੌਮਾਂ 'ਚ ਭਰਮ ਭੁਲੇਖੇ ਪੈਦਾ ਕਰਨ ਲਈ ਤੇ ਉਨ੍ਹਾਂ ਨੂੰ ਹਿੰਦੂ ਸਾਬਤ ਕਰਨ ਲਈ ਸੰਘਵਾਦੀ ਹਿੰਦੂ ਵਿਦਵਾਨਾਂ ਵੱਲੋਂ ਲੇਖ ਪੱਤਰ ਛਪਦੇ ਹੀ ਰਹਿੰਦੇ ਹਨ ਜਿੰਨ੍ਹਾਂ ਵਿੱਚ ਵੀ ਬਹੁਤ ਹੀ ਆਪਾਵਿਰੋਧੀ ਸਮੱਗਰੀ ਦੀ ਭਰਮਾਰ ਹੈ। ਵੀਰ ਸਾਵਰਕਰ ਨੇ ਲਿਖਿਆ ਹੈ ਕਿ "ਹਿੰਦੂ, ਅਸਿੰਧੁ, ਸਿੰਧੁ ਪ੍ਰਅਣਿਤਾ" ਭਾਵ ਸਿੰਧੁ ਦਰਿਆ ਦੇ ਖ਼ੇਤਰ 'ਚ ਰਹਿਣ ਵਾਲੇ ਸਾਰੇ ਹੀ ਹਿੰਦੁ ਹਨ। ਜਦਕਿ ਹਿੰਦੂ ਮਹਾਸਭਾ ਦੇ ਪ੍ਰਧਾਨ ਪ੍ਰੋ. ਰਾਮ ਸਿੰਂਹੁ ਦਾ ਕਹਿਣਾ ਹੈ ਕਿ "ਹਿੰਦੁ ਮੁਸਲਮਾਨ ਦੰਗਿਆਂ 'ਚ ਮੁਸਲਮਾਨ ਜਿਸਨੂੰ ਆਪਣਾ ਦੁਸ਼ਮਨ ਮੰਨਦੇ ਹਨ ਉਹ ਹੀ ਹਿੰਦੁ ਹਨ।
"ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ।
ਆਰੀਆ ਸਮਾਜੀ "ਹਿੰਦੂ" ਦੇ ਅਰਥ ਵੇਖਣ ਲਈ ਦੂਜਿਆਂ ਨੂੰ ਫ਼ਾਰਸੀ ਭਾਸ਼ਾ ਕਾ ਸ਼ਬਦ ਕੋਸ਼ (ਸੰਪਾਦਿਤ ਲਿਊਜਿਤ ਏ ਕਿਸ਼ਵਾਰੀ ਲਖਨਊ) ਤੇ ਪ੍ਰਸੀਅਨ ਪੰਜਾਬੀ ਸ਼ਬਦ ਕੋਸ਼ (ਸੰਪਾਦਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ) ਦਾ ਹਵਾਲਾ ਵੀ ਦਿੰਦੇ ਹਨ। ਜਿਸ ਅਨੁਸਾਰ ਹਿੰਦੂ ਦੇ ਅਰਥ ਚੋਰ, ਰਹਜਨ, ਲੁਟੇਰਾ, ਗੁਲਾਮ, ਦਾਸ ਅਤੇ ਕਾਲਾ ਹਨ । ਆਰੀਆ ਸਮਾਜੀ ਇਹ ਵੀ ਆਖਦੇ ਹਨ ਕਿ ਚਾਰ ਵੇਦਾਂ, ਛੇ ਸ਼ਾਸਤਰਾਂ, ਅਠਾਰ੍ਹਾਂ ਪੁਰਾਣ, ਅਠਾਈ ਸਿਮਰਤੀਆਂ ਅਤੇ ੧੦੩ ਉਪਨਿਸ਼ਦਾਂ ਵਿੱਚ ਕਿਤੇ ਵੀ ਹਿੰਦੂ ਸ਼ਬਦ ਨਹੀਂ ਹੈ। ਬਾਲਮੀਕ ਰਮਾਇਣ, ਤੁਲਸੀਦਾਸ ਰਮਾਇਣ, ਮਹਾਭਾਰਤ ਇਥੋਂ ਤੱਕ ਕਿ ਸੰਘਵਾਦੀਆਂ ਦੀ ਪਸੰਦ ਮਨੂੰ ਸਮਰਿਤੀ ਗ੍ਰੰਥ ਵਿੱਚ ਵੀ ਹਿੰਦੂ ਸ਼ਬਦ ਨਹੀਂ ਹੈ। ਇਸ ਲਈ ਆਰੀਆ ਸਮਾਜੀਆਂ ਵਲੋਂ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਵਲੋਂ ਹਿੰਦੂ ਸ਼ਬਦ ਦੀ ਵਰਤੋਂ ਆਰੀਆ ਨਸਲ ਨੂੰ ਅਪਮਾਨਿਤ ਕਰਨ ਲਈ ਕੀਤੀ ਗਈ ਹੈ। ਇਸ ਲਈ ਆਪਣੇ ਆਪ ਨੂੰ ਹਿੰਦੂ ਨਾ ਅਖਵਾਇਆ ਜਾਵੇ । ਪੰਜਾਬ ਕੇਸਰੀ ਦੇ ਮਾਲਕ ਲਾਲਾ ਲਾਜਪੱਤ ਰਾਏ ਨੇ ਵੀ ਸੰਨ ੧੮੯੮ 'ਚ ਆਰੀਆ ਸਮਾਜ ਨੂੰ ਸੰਬੋਧਨ ਕਰਦਿਆਂ ਇਹੀ ਸ਼ਬਦ ਕਹੇ ਸਨ। ਇਸਦੇ ਵਿਰੋਧ 'ਚ ਸਨਾਤਨ ਮੱਤ ਵਾਲਿਆਂ ਦਾ ਕਹਿਣਾ ਹੈ ਕਿ ਅੱਠਵੀਂ ਸਦੀ ਤੋਂ ਪਹਿਲਾਂ ਦੇ ਗ੍ਰੰਥ ਮੇਰੂਤੰਤਰ, ਭਵਿੱਸ਼ ਪੁਰਾਣ, ਮੇਧਨੀ ਕੋਸ਼, ਹੇਮੰਤ ਕੋਸ਼ੀ ਕੋਸ਼, ਰਾਮ ਕੋਸ਼, ਕਲਿਕਾ ਪੁਰਾਣ, ਸ਼ਬਦ ਕਲਪਦਰੂਮ, ਬ੍ਰਹਿਸਪੱਤ ਆਗਮ ਅਤੇ ਅਦਭੁੱਤ ਕੋਸ਼ ਵਿੱਚ ਹਿੰਦੂ ਸ਼ਬਦ ਦੀ ਵਰਤੋਂ ਆਮ ਹੈ।
ਅੱਜ ਜੇਕਰ ਹਿੰਦੂ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਇਹ ਬਹੁਤ ਹੀ ਔਖਾ ਕੰਮ ਹੈ। ਜੇਹੜੇ ਆਪਣੇ ਆਪ ਨੂੰ ਸ਼ੁੱਧ ਹਿੰਦੂ ਅਖਵਾ ਵੀ ਰਹੇ ਹਨ ਉਨ੍ਹਾਂ ਦੀ ਕੋਈ ਵੀ ਇੱਕ ਸਮਾਜਿਕ ਤੇ ਧਾਰਮਿਕ ਮਾਨਤਾ, ਸਿਧਾਂਤ, ਕੋਈ ਇੱਕ ਰਸਮ ਰਿਵਾਜ਼ ਅਤੇ ਕੋਈ ਇੱਕ ਭਗਵਾਨ ਜਾਂ ਰੱਬ ਨਹੀਂ ਹੈ ਜੋ ਸਾਰੇ ਹਿੰਦੁਆਂ ਨੂੰ ਪ੍ਰਵਾਨਿਤ ਹੋਵੇ। ਇਹਨਾਂ ਦੀਆਂ ਮਾਨਤਾਵਾਂ ਇਨ੍ਹੀਆਂ ਆਪ ਵਿਰੋਧੀ ਹਨ ਕਿ ਉਨ੍ਹਾਂ ਨੂੰ ਮੰਨਣਾ ਅਸੰਭਵ ਹੈ। ਰੱਬ ਨੂੰ ਇੱਕ ਅਤੇ ਨਿਰਾਕਾਰ ਮੰਨਣ ਵਾਲਾ ਜੇ ਹਿੰਦੁ ਹੈ ਤਾਂ ੩੩ ਕਰੋੜ ਦੇਵਤਿਆਂ, ਮਨੁੱਖਾਂ, ਦਰੱਖਤਾਂ, ਪਸ਼ੂਆਂ, ਗ੍ਰਹਿ, ਪੱਥਰਾਂ, ਮਸਾਣਾਂ, ਸਮਾਧਾਂ ਆਦਿ ਨੂੰ ਮੰਨਣ ਵਾਲਾ ਵੀ ਕੀ ਹਿੰਦੁ ਹੀ ਹੈ? ਵੇਦਾਂ ਦੀ ਪੂਜਾ ਕਰਨ ਵਾਲਾ ਜੇ ਹਿੰਦੂ ਹੈ ਤਾਂ ਕੀ ਵੇਦਾਂ ਦੀ ਨਿੰਦਿਆ ਕਰਨ ਵਾਲਾ ਵੀ ਹਿੰਦੂ ਹੀ ਹੈ? ਲਾਲ ਟਮਾਟਰ ਤੇ ਲਾਲ ਮਸਰਾਂ ਦੀ ਦਾਲ ਨੂੰ ਮੀਟ ਬਰਾਬਰ ਸਮਝ ਕੇ ਰਸੋਈ ਤੋਂ ਪਰ੍ਹੇ ਰੱਖਣ ਵਾਲਾ ਜੇ ਹਿੰਦੁ ਹੈ ਤਾਂ ਕਿ ਕਾਲੀ ਮਾਤਾ ਨੂੰ ਬੱਕਰੇ, ਕੁੱਕੜ ਜਾਂ ਝੋਟੇ ਦੀ ਬਲੀ ਦੇਣ ਵਾਲਾ ਤੇ ਸ਼ਰਾਬ ਚੜਾਉਣ ਵਾਲਾ ਵੀ ਹਿੰਦੁ ਹੀ ਹੈ? ਬ੍ਰਾਹਮਣ, ਖੱਤਰੀ, ਵੈਸ਼ ਜੇ ਹਿੰਦੂ ਹੈ ਤਾਂ ਕੀ ਸ਼ੂਦਰ ਵੀ ਹਿੰਦੁ ਹੀ ਹੈ? ਹਿੰਦੁ ਸ਼ਬਦ ਦੀ ਪਰਿਭਾਸ਼ਾ ਤਾਂ ਹੁਣ ਤੱਕ ਦੀਆਂ ਭਾਰਤੀ ਸਰਕਾਰਾਂ ਵੀ ਨਹੀਂ ਦੱਸ ਸਕੀਆਂ। ਜੂਨ ੨੦੧੫ ਵਿੱਚ ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸਮਾਜਿਕ ਕਾਰਕੁੰਨ ਚੰਦਰ ਸ਼ੇਖਰ ਗੌਰ ਨੇ ਆਰ.ਟੀ.ਆਈ ਤਹਿਤ ਭਾਰਤ ਸਰਕਾਰ ਕੋਲੋਂ ਪੁੱਛਿਆ ਸੀ ਕਿ ਭਾਰਤੀ ਸੰਵਿਧਾਨ ਅਤੇ ਕਾਨੂੰਨ ਅਨੁਸਾਰ "ਹਿੰਦੁ" ਸ਼ਬਦ ਦੀ ਪਰਿਭਾਸ਼ਾ ਕੀ ਹੈ ਤਾਂ ਭਾਰਤੀ ਗ੍ਰਹਿ ਮੰਤਰਾਲੇ ਨੇ ਜੁਲਾਈ ੨੦੧੫ 'ਚ ਇਹ ਜਵਾਬ ਦਿੱਤਾ ਸੀ ਕਿ ਇਸ ਸਬੰਧੀ ਭਾਰਤ ਸਰਕਾਰ ਵਲੋਂ ਕੋਈ ਵੀ ਪਰਿਭਾਸ਼ਾ ਜਾਂ ਕਾਨੂੰਨ ਨਹੀਂ ਹੈ। ਤਾਂ ਫਿਰ ਕਿਉਂ ਭਾਰਤੀ ਗਣਰਾਜ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਹਿੰਦੂ ਗਰਦਾਨਿਆ ਜਾ ਰਿਹਾ ਹੈ ਤੇ ਭਾਰਤ ਵਾਸੀਆਂ ਉਤੇ ਵਿਆਹ , ਮੌਤ ਅਤੇ ਜਨਮ ਸਬੰਧੀ ਕਿਉਂ ਹਿੰਦੁ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ? ਅਸਲ ਵਿੱਚ ਸੰਘਵਾਦੀਆਂ ਵਲੋਂ ਭਾਰਤ ਵਾਸੀਆਂ ਲਈ ਹਿੰਦੂ ਸ਼ਬਦ ਦੀ ਵਰਤੋਂ ਕਰਕੇ ਦੇਸ਼ ਵਿੱਚ ਦੰਗੇ ਫ਼ਸਾਦ ਕਰਵਾ ਕੇ ਘੱਟ ਗਿਣਤੀ ਕੌਮਾਂ ਨੂੰ ਖ਼ਤਮ ਕਰਕੇ ਭਾਰਤ ਵਿੱਚ ਮੰਨੂੰਵਾਦੀ ਰਾਜ ਸਥਾਪਿਤ ਕਰਨ ਦੀ ਸਾਜਿਸ਼ ਹੈ ।
(੩). ਹਿੰਦੁਸਤਾਨ :-
ਹਿੰਦੀ, ਹਿੰਦੂ ਤੋਂ ਬਾਅਦ ਹਿੰਦੁਸਤਾਨ ਸ਼ਬਦ ਸੰਘਵਾਦੀਆਂ ਦੇ ਨਾਅਰੇ ਦਾ ਤੀਜਾ ਸ਼ਬਦ ਹੈ। ਭਾਰਤ ਵਿੱਚ ਰਹਿਣ ਵਾਲਿਆਂ ਦੀ ਭਾਸ਼ਾ ਹਿੰਦੀ, ਇਥੋਂ ਦੇ ਵਾਸੀ ਹਿੰਦੁ ਅਤੇ ਇਹ ਦੇਸ਼ ਵੀ ਹਿੰਦੁ ਰਾਸ਼ਟਰ ਹਿੰਦੁਸਤਾਨ ਹੈ। ਆਪਣੇ ਇਸ ਆਸ਼ੇ ਦੀ ਪੂਰਤੀ ਲਈ ਵੀ ਸੰਘਵਾਦੀ ਲੇਖਕਾਂ ਨੇ ਕਈ ਤਰ੍ਹਾਂ ਦੇ ਖੋਜ਼ ਪੱਤਰ ਛਪਵਾਏ ਹਨ। ਇਸ ਸਬੰਧੀ ਵੀ ਸੰਘਵਾਦੀ ਲੇਖਕਾਂ ਦੀ ਖੋਜ ਆਪਾਵਿਰੋਧੀ ਹੈ। ਇਹ ਕਦੇ ਇਸ ਨੂੰ ਅਖੰਡ ਹਿੰਦੁਸਤਾਨ ਅਤੇ ਕਦੇ ਅਖੰਡ ਭਾਰਤ ਲਿਖਦੇ ਹਨ। ਕੁੱਝ ਸੰਘਵਾਦੀ ਲੇਖਕ ਸਿੰਧੁ ਨਦੀ ਤੋਂ ਲੈਕੇ ਹਿੰਦ ਮਹਾਸਾਗਰ ਦੇ ਇਲਾਕੇ ਨੂੰ ਹਿੰਦੁਸਤਾਨ ਕਹਿੰਦੇ ਹਨ। ਕੁੱਝ ਲੇਖਕ ਦਿੱਲੀ ਤੋਂ ਲੈਕੇ ਪਟਨਾ ਤੱਕ ਦੇ ਇਲਾਕੇ ਨੂੰ ਹਿੰਦੁਸਤਾਨ ਮੰਨਦੇ ਹਨ ਅਤੇ ਕੁੱਝ ਲੇਖਕ ਹਿਮਾਲਿਯਾ ਪਹਾੜ ਤੋਂ ਲੈਕੇ ਹਿੰਦ ਮਹਾਸਾਗਰ ਦੇ ਇਲਾਕੇ ਨੂੰ ਹਿੰਦੁਸਤਾਨ ਲਿਖਦੇ ਹਨ । ਕੁੱਝ ਸੰਘਵਾਦੀ ਲੇਖਕ ਤਾਂ ਮਿਸਰ, ਅਰਬ, ਇਰਾਨ, ਇਰਾਕ, ਇਜ਼ਰਾਇਲ, ਕਜਾਕਿਸਤਾਨ, ਰੂਸ, ਮੰਗੋਲੀਆ, ਚੀਨ, ਬਰਮ੍ਹਾ, ਇੰਡੋਨੇਸ਼ੀਆ, ਮਲੇਸ਼ੀਆ, ਜਾਵਾ, ਸਮਾਟਰਾ, ਬੰਗਲਾਦੇਸ਼, ਨੇਪਾਲ, ਭੂਟਾਨ, ਪਾਕਿਸਤਾਨ, ਅਫ਼ਗਾਨਿਸਤਾਨ ਆਦਿ ਨੂੰ ਅਖੰਡ ਹਿੰਦੁਸਤਾਨ ਦਾ ਹੀ ਅੰਗ ਮੰਨਦੇ ਹਨ। ਇਹ ਲੇਖਕ ਲਿਖਦੇ ਹਨ ਕਿ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਹਿੰਦੁਸਤਾਨ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਬਿਖਰਨਾ ਸ਼ੁਰੂ ਹੋ ਗਿਆ।
ਇਸਨੂੰ ਦੁਬਾਰਾ ਅਖੰਡ ਰੂਪ ਅੱਜ ਤੋਂ ਕੋਈ ੨੩੦੦ ਸਾਲ ਪਹਿਲਾਂ ਸਮਰਾਟ ਚੰਦਰਗੁਪਤ ਮੋਰੀਆ ਤੇ ਉਸਦੇ ਪੋਤਰੇ ਸਮਰਾਟ ਅਸ਼ੋਕ ਨੇ ਦਿੱਤਾ। ਪਰ ਇਨ੍ਹਾਂ ਦੀ ਮੌਤ ਤੋਂ ਬਾਅਦ ਅਖੰਡ ਹਿੰਦੁਸਤਾਨ ਫਿਰ ਤਿੰਨ ਹਿੱਸਿਆਂ - ਨਾਗਵੰਸ਼ (ਮੱਧ ਭਾਰਤ), ਬਾਕਾਟਕਵੰਸ਼ (ਦੱਖਣ ਭਾਰਤ) ਅਤੇ ਗੁਪਤ ਮੋਰੀਆ ਵੰਸ਼ (ਪੂਰਬੀ ਭਾਰਤ) ਵਿੱਚ ਵੰਡਿਆ ਗਿਆ। ਇਸਨੂੰ ਫਿਰ ਦੁਬਾਰਾ ਅਖੰਡ ਭਾਰਤ ਦਾ ਰੂਪ ਅੱਜ ਤੋਂ ੧੪੦੦ ਸਾਲ ਪਹਿਲਾਂ ਰਾਜਾ ਹਰਸ਼ਵਰਧਨ ਨੇ ਦਿੱਤਾ ਪਰ ਜਦੋਂ ਅਸੀਂ ਸਮਰਾਟ ਚੰਦਰਗੁਪਤ ਮੋਰੀਆ, ਸਮਰਾਟ ਅਸ਼ੋਕ ਅਤੇ ਰਾਜਾ ਹਰਸ਼ਵਰਧਨ ਸਮੇਂ ਲਿਖਤ ਇਤਿਹਾਸ ਦਾ ਵਿਸ਼ਲੇਸ਼ਣ ਕਰੀਏ ਤਾਂ ਕਿਤੇ ਵੀ ਭਾਰਤ ਜਾਂ ਹਿੰਦੁਸਤਾਨ ਰਾਸ਼ਟਰ ਸ਼ਬਦ ਦਾ ਵਰਨਣ ਨਹੀਂ ਮਿਲਦਾ ਸਗੋਂ ਵੱਖੋ ਵੱਖਰੇ ਦੇਸ਼ ਅਤੇ ਉਥੋਂ ਦੇ ਹਾਕਮਾਂ ਦਾ ਵਰਨਣ ਮਿਲਦਾ ਹੈ। ਇਥੋਂ ਤੱਕ ਕਿ ਸੰਨ ੭੧੨ ਵਿੱਚ ਇਰਾਕੀ ਮੁਸਲਮਾਨ ਹਮਲਾਵਰ ਮੁਹੰਮਦ ਬਿਨ ਕਾਸਿਮ ਵਲੋਂ ੫੦੦ ਸਿਪਾਹੀਆਂ ਨਾਲ ਕੀਤੇ ਹਮਲੇ ਜਿਸਨੂੰ ਭਾਰਤ 'ਤੇ ਹਮਲਾ ਕਿਹਾ ਜਾਂਦਾ ਹੈ ਅਸਲ ਵਿੱਚ ਸਿੰਧ ਅਤੇ ਬਲੋਚਿਸਤਾਨ ਦੇਸ਼ 'ਤੇ ਹਮਲਾ ਸੀ, ਜਿੱਥੋਂ ਦਾ ਰਾਜਾ ਦਾਹਿਰ ਸੀ। ਇਸਤੋਂ ਬਾਅਦ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਨੇ ਹੋਰ ਕਈ ਦੇਸ਼ਾਂ 'ਤੇ ਹਮਲੇ ਕਰਕੇ ਇੱਥੇ ਇਸਲਾਮਿਕ ਰਾਜ ਦੀ ਨੀਂਹ ਰੱਖ ਦਿੱਤੀ। ਇੰਨ੍ਹਾਂ ਵਲੋਂ ਪੇਸ਼ਾਵਰ, ਲਾਹੌਰ, ਨਗਰਕੋਟ, ਥਾਣੇਸਰ, ਕਨੌਜ, ਮਥਰਾ, ਮਹਾਵਨ, ਕਾਠੀਆਵਾੜ, ਬਿੰਦਰਾਬਨ ਆਦਿ ਦੇਸ਼ਾਂ 'ਤੇ ਹਮਲਾ ਕਰਨ ਦਾ ਵਰਨਣ ਤਾਂ ਮਿਲਦਾ ਹੈ ਪਰ ਇਤਿਹਾਸ 'ਚ ਕਿਤੇ ਵੀ ਵਰਨਣ ਨਹੀਂ ਕਿ ਇੰਨ੍ਹਾਂ ਨੇ ਭਾਰਤ ਜਾਂ ਹਿੰਦੁਸਤਾਨ 'ਤੇ ਹਮਲਾ ਕੀਤਾ ਹੋਏ। ਇੰਨ੍ਹਾਂ ਸਾਰੇ ਦੇਸ਼ਾਂ ਦੇ ਵੱਖੋ ਵੱਖਰੇ ਰਾਜੇ ਸਨ ਜਿਵੇਂ ਕਿ ਪ੍ਰਿਥਵੀ ਰਾਜ ਚੌਹਾਨ, ਜੈ ਚੰਦ ਆਦਿ। ਅਸਲ ਵਿੱਚ ਹਿੰਦੁਸਤਾਨ ਸ਼ਬਦ ਦੀ ਵਰਤੋਂ ਮੁਗਲ ਹਮਲਾਵਰ ਲੁਟੇਰਿਆਂ ਵਲੋਂ ਸਿੰਧ 'ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਦੇਸ਼ਾਂ ਬਾਰੇ ਕੀਤੀ ਜਿੱਥੇ ਮੁਗਲ ਹਾਕਮ ਨਹੀਂ ਸਨ।
ਪੰਦਰਵੀਂ ਸਦੀ 'ਚ ਪਹਿਲੇ ਸਿੱਖ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ ਕਈ ਦੇਸ਼ਾਂ ਵਿੱਚ ਗਏ ਜਿੱਥੇ ਉਨ੍ਹਾਂ ਦੇਸ਼ਾਂ ਦੇ ਰਾਜਿਆਂ ਨੂੰ ਮਿਲੇ। ਜਿਵੇਂ ਊੜੀਸਾ ਦੇ ਰਾਜੇ ਪ੍ਰਤਾਪੁਰ ਦੇਵ ਅਤੇ ਗਯਾ ਚੰਦਰੌਲੀ ਦੇ ਰਾਜੇ ਹਰੀ ਨਾਥ ਨੂੰ ਆਦਿ। ਸ਼੍ਰੀ ਲੰਕਾ ਵੀ ਉਸ ਸਮੇਂ ੭ ਅਜ਼ਾਦ ਦੇਸ਼ਾਂ ਦਾ ਸਮੂੰਹ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ aੁੱਥੇ ਸਿੰਗਲਾਦੀਪ ਦੇ ਰਾਜੇ ਸ਼ਿਵਨਾਬ ਤੇ ਕੋਟੀ ਦੇ ਰਾਜੇ ਧਰਮਾ ਪ੍ਰਕਰਮਾ ਬਾਹੂ ਨੂੰ ਮਿਲੇ। ਭਾਵੇਂ ਵਿਦੇਸ਼ੀ ਮੁਗਲ ਧਾੜਵੀਆਂ ਵਲੋਂ ਅਨੇਕਾਂ ਗੈਰ ਮੁਸਲਮਾਨੀ ਦੇਸ਼ਾਂ 'ਤੇ ਕਬਜ਼ਾ ਕਰਕੇ ਮੁਗਲੀਆ ਹਕੂਮਤ ਕਾਇਮ ਕਰ ਲਈ ਸੀ ਪਰ ਫਿਰ ਵੀ ਮੁਗਲ ਇੰਨ੍ਹਾਂ ਦੇਸ਼ਾਂ ਨੂੰ ਅਖੰਡ ਭਾਰਤ ਦੇਸ਼ ਨਹੀਂ ਬਣਾ ਸਕੇ। ਔਰੰਗਜੇਬ ਦੇ ਵਿਸ਼ਾਲ ਅੱਤਿਆਚਾਰੀ ਮੁਗਲ ਸਾਮਰਾਜ ਸਮੇਂ ਵੀ ਆਸਾਮ ਅਤੇ ਕਈ ਹੋਰ ਦੇਸ਼ਾਂ ਦੇ ਰਾਜੇ ਚੱਕਰਧਵਚ ਅਤੇ ਰਾਮ ਰਤਨ ਰਾਏ ਵਰਗਿਆਂ ਨੇ ਆਪਣੀ ਆਜ਼ਾਦ ਹੌਂਦ ਬਰਕਰਾਰ ਰੱਖੀ ਜੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਉਪਾਸ਼ਕ ਸਨ। ਆਸਾਮ ਦੇ ਰਾਜੇ ਰਾਮ ਰਤਨ ਰਾਏ ਨੇ ਹੀ ਦਸ਼ਮੇਸ਼ ਪਿਤਾ ਜੀ ਨੂੰ ਚਿੱਟਾ ਹਾਥੀ ਅਤੇ ਬੇਸ਼ੁਕੀਮਤੀ ਵਸਤਾਂ ਭੇਂਟ ਕੀਤੀਆਂ ਸਨ। ਇਥੇ ਇਹ ਵੀ ਅੱਟਲ ਸੱਚਾਈ ਹੈ ਕਿ ਮੁਗਲ ਹਕੁਮਤ ਕਾਇਮ ਕਰਵਾਉਣ ਪਿੱਛੇ ਵੀ ਰਾਜਾ ਜੈ ਚੰਦ ਅਤੇ ਅਮੀ ਚੰਦ ਵਰਗਿਆਂ ਦਾ ਭਰਪੂਰ ਯੋਗਦਾਨ ਸੀ। ੧੫ਵੀਂ ਸਦੀ 'ਚ ਜਨਮੇ ਸਿੱਖ ਧਰਮ ਨੇ ਆਪਣੇ ਮਹਾਨ ਉਚੇ ਸੁੱਚੇ ਕਿਰਦਾਰ ਕਰਕੇ ਵਿਦੇਸ਼ੀ ਮੁਗਲੀਆ ਹਕੂਮਤ ਨੂੰ ਜੜ੍ਹੋਂ ਉਖਾੜ ਕੇ ੧੮ ਵੀਂ ਸਦੀ 'ਚ ਵਿਸ਼ਾਲ ਖ਼ਾਲਸਾ ਰਾਜ ਦੀ ਸਿਰਜਨਾ ਕੀਤੀ। ਇਹ ਖ਼ਾਲਸਾ ਰਾਜ ਅਫ਼ਗਾਨਿਸਤਾਨ ਦੇ ਕਾਬਲ ਕੰਧਾਰ ਤੋਂ ਲੈਕੇ ਤਿੱਬਤ ਦੇ ਲੇਹ ਲੱਦਾਖ, ਜੰਮੂ ਕਸ਼ਮੀਰ, ਅਜੋਕੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਯੂ.ਪੀ ਦੇ ਸਹਾਰਨਪੁਰ ਤੱਕ ਫੈਲਿਆ ਸੀ।
ਹੋ ਸਕਦਾ ਸੀ ਕਿ ਸਿੱਖ ਖ਼ਾਲਸਾ ਰਾਜ ਦੇ ਰੂਪ ਵਿੱਚ ਅਖੰਡ ਭਾਰਤ ਦੀ ਨੀਂਹ ਰੱਖਦੇ ਪਰ ਪਹਾੜੀ ਡੋਗਰੇ ਧਿਆਨ ਸਿਹੁੰਂ, ਹੀਰਾ ਸਿੰਹੁੰਂ, ਗੁਲਾਬ ਸਿਹੁੰਂ, ਸੁਚੇਤ ਸਿਹੁੰਂ ਅਤੇ ਯੂ.ਪੀ ਦੇ ਭਈਏ ਮਿਸਰ ਲਾਲ ਸਿਹੁੰਂ ਤੇ ਤੇਜ਼ ਸਿਹੁੰਂ ਦੀਆਂ ਗਦਾਰੀਆਂ ਕਾਰਨ ਇਹ ਵਿਸ਼ਾਲ ਖ਼ਾਲਸਾ ਰਾਜ ਵੀ ੧੮੪੯ ਵਿੱਚ ਅਖੌਤੀ ਅਖੰਡ ਭਾਰਤੀ ਗਣਰਾਜ ਦੇ ਹੋਰ ਰਾਜਾਂ ਵਾਂਗ ਅੰਗਰੇਜ਼ਾਂ ਦੇ ਕਬਜ਼ੇ ਹੇਠ ਚਲਾ ਗਿਆ। ਅੱਜ ਦਾ ਅਖੰਡ ਭਾਰਤੀ ਗਣਰਾਜ ਜਿਸਨੂੰ ਦੇਸ਼ ਦੇ ਸੰਘੀ ਹੁਕਮਰਾਨ ਹਿੰਦੂ ਰਾਸ਼ਟਰ ਹਿੰਦੁਸਤਾਨ ਦੇ ਰੂਪ 'ਚ ਤਬਦੀਲ ਕਰਨਾ ਚਹੁੰਦੇ ਹਨ ਅਸਲ ਵਿੱਚ ਵਿਦੇਸ਼ੀ ਅੰਗਰੇਜ਼ ਧਾੜਵੀ ਹੁਕਮਰਾਨਾਂ ਦੀ ਦੇਣ ਹੈ। ੧੯੪੭ ਵਿੱਚ ਅੰਗਰੇਜ਼ਾਂ ਵਲੋਂ ਭਾਰਤੀ ਗਣਰਾਜ ਦਾ ਕਬਜ਼ਾ ਛੱਡਣ ਸਮੇਂ ਪਾਕਿਸਤਾਨ ਅਤੇ ਬੰਗਲਾਦੇਸ਼ ੨ ਵੱਖੋ ਵੱਖਰੇ ਦੇਸ਼ਾਂ ਨੂੰ ਮਾਨਤਾ ਦਿੱਤੀ ਗਈ ਇਸਤੋਂ ਪਹਿਲਾਂ ਅੰਗਰੇਜ਼ਾਂ ਵਲੋਂ ੧੯੦੪ ਵਿੱਚ ਨੇਪਾਲ, ੧੯੦੬ ਵਿੱਚ ਭੂਟਾਨ, ੧੯੧੪ ਵਿੱਚ ਤਿੱਬਤ, ੧੯੩੭ ਵਿੱਚ ਬਰਮ੍ਹਾ, ੧੯੪੨ ਵਿੱਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਨੂੰ ਅਜ਼ਾਦ ਦੇਸ਼ ਐਲਾਨ ਕੀਤਾ ਗਿਆ, ੧੯੪੭ ਵਿੱਚ ਅੰਗਰੇਜ਼ਾਂ ਵਲੋਂ ਭਾਰਤ ਗਣਰਾਜ ਛੱਡਣ ਸਮੇਂ ੧੭ ਦੇਸ਼ ਅਤੇ ੫੬੫ ਦੇਸੀ ਰਿਆਸਤਾਂ ਸਨ ਜਿੰਨ੍ਹਾਂ ਦੇ ਵੱਖੋ ਵੱਖਰੇ ਹੁਕਮਰਾਨ ਸਨ। ੧੯੪੭ ਵਿੱਚ ਲਾਰਡ ਮਾਊਟ ਬੈਟਨ, ਜਵਾਹਰ ਲਾਲ ਨਹਿਰੂ ਅਤੇ ਮੁਹੰਮਦ ਅਲੀ ਜਿਨ੍ਹਾ ਵਿੱਚ ਇਹ ਫੈਸਲਾ ਹੋਇਆ ਸੀ ਕਿ ਇਹ ਦੇਸ਼ ਅਤੇ ਰਿਆਸਤਾਂ ਆਪਣੀ ਮਰਜੀ ਨਾਲ ਪਾਕਿਸਤਾਨ ਜਾਂ ਭਾਰਤੀ ਗਣਰਾਜ ਵਿੱਚ ਜ਼ਜਬ ਹੋ ਸਕਦੀਆਂ ਹਨ ਜਾਂ ਫਿਰ ਆਪਣੀ ਮਰਜ਼ੀ ਨਾਲ ਸੁਤੰਤਰ ਦੇਸ਼ ਵਜੋਂ ਹੀ ਰਹਿ ਸਕਦੀਆਂ ਹਨ।
ਇਸ ਸਬੰਧੀ ਪੂਰੀ ਜਾਣਕਾਰੀ ਬ੍ਰਿਟਿਸ਼ ਗਵਰਨਮੈਂਟ ਵਲੋਂ ਟਰਾਂਸਫਰ ਆਫ਼ ਪਾਵਰ (Transfer of power) ਦੇ ਐਲਾਨ-ਨਾਮੇ ਦੇ ਰੂਪ ਵਿੱਚ ਅਜੇ ਵੀ ਬ੍ਰਿਟਿਸ਼ ਗਵਰਨਮੈਂਟ ਕੋਲ ਸੁਰੱਖਿਅਤ ਹੈ। ਇਹ ੧੭ ਦੇਸ਼ ਜੰਮੂ-ਕਸ਼ਮੀਰ, ਪੰਜਾਬ, ਰਾਜਪੁਤਾਨਾ, ਬੰਬੇ ਪ੍ਰੈਜ਼ੀਡੈਂਸੀ, ਮੈਸੂਰ, ਹੈਦਰਾਬਾਦ, ਮਦਰਾਸ ਪ੍ਰੈਜ਼ੀਡੈਂਸੀ, ਊੜੀਸਾ, ਸੈਂਟਰਲ ਪ੍ਰੋਵੀਐਂਸ, ਸੈਂਟਰਲ ਇੰਡੀਆ, ਤ੍ਰਿਵਨਕੋਰ ਤੇ ਕੋਚੀਨ, ਯੂਨਾਇਟਡ ਪ੍ਰੋਵੀਐਂਸ, ਬਿਹਾਰ, ਬੰਗਾਲ, ਮਣੀਪੁਰ, ਆਸਾਮ ਆਦਿ ਸਨ। ਹਾਲਾਂਕਿ ਇੰਨ੍ਹਾਂ ਦੇਸ਼ਾਂ ਵਿਚੋਂ ਬਹੁਤੇ ਦੇਸ਼ ਸੁਤੰਤਰ ਰਹਿਣਾ ਚਹੁੰਦੇ ਸਨ ਪਰ ਵੱਲਭ ਭਾਈ ਪਟੇਲ ਨੇ ਹਰ ਜਾਇਜ਼ ਨਜਾਇਜ਼ ਢੰਗ ਤਰੀਕਾ ਅਤੇ ਨੀਤੀ ਵਰਤ ਤੇ ਇੰਨ੍ਹਾਂ ਨੂੰ ਭਾਰਤ ਗਣਰਾਜ ਦਾ ਰੂਪ ਦੇ ਦਿੱਤਾ। ਇਸਤੋਂ ਬਾਅਦ ਇੰਨ੍ਹਾਂ ਦੀ ਤਾਕਤ ਖ਼ਤਮ ਕਰਨ ਲਈ ਭਾਰਤੀ ਗਣਰਾਜ ਵਿੱਚ ੨੨ ਦਸੰਬਰ ੧੯੫੩ ਨੂੰ ਰਾਜ ਪੁਨਰਗਠਨ ਆਯੋਗ ਦਾ ਗਠਨ ਕੀਤਾ ਗਿਆ ਤੇ ਭਾਸ਼ਾ ਦੇ ਆਧਾਰ 'ਤੇ ਭਾਰਤ ਵਿੱਚ ਰਾਜ ਬਨਾਉਣੇ ਸ਼ੁਰੂ ਕੀਤੇ ਗਏ। ਇਥੋਂ ਹੀ ਭਾਰਤੀ ਹੁਕਮਰਾਨਾ ਦੀ ਦੋਗਲੀ ਨੀਤੀ ਦਾ ਪਰਦਾਫਾਸ਼ ਹੁੰਦਾ ਹੈ। ਇੱਕ ਪਾਸੇ ਭਾਸ਼ਾ ਨੂੰ ਆਧਾਰ ਬਣਾ ਕੇ ਵੱਡੇ ਰਾਜਾਂ ਨੂੰ ਕੱਟ ਵੱਢ ਕੇ ਛੋਟਾ ਕਰ ਦਿੱਤਾ ਗਿਆ ਤੇ ਕਈ ਕੱਟੜਵਾਦੀ ਹਿੰਦੁਤਵੀ ਸੋਚ ਵਾਲੇ ਰਾਜਾਂ ਨੂੰ ਮਿਲਾ ਕੇ ਵੱਡੇ ਰਾਜ ਬਣਾ ਦਿੱਤੇ ਗਏ। ਪਹਿਲਾਂ ਤਾਂ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੀ ਵੰਡ ਕਰ ਲਈ ਗਈ ਤੇ ਹੁਣ ਦੂਜੇ ਪਾਸੇ ਸਾਰੇ ਦੇਸ਼ 'ਤੇ ਹਿੰਦੀ ਠੋਸੀ ਜਾ ਰਹੀ ਹੈ।
੧੯੫੩ ਵਿੱਚ ਹੈਦਰਾਬਾਦ ਨੂੰ ਕੱਟ ਵੱਢ ਕੇ ਆਂਧਰਾ ਪ੍ਰਦੇਸ਼, ਆਸਾਮ ਨੂੰ ਕੱਟ ਵੱਢ ਕੇ ਅਰੁਣਾਚਲ ਪ੍ਰਦੇਸ਼ ਅਤੇ ਬੰਗਾਲ ਤੋਂ ਪੱਛਮੀਂ ਬੰਗਾਲ ਬਣਾਇਆ ਗਿਆ। ਸੰਨ ੧੯੫੬ ਵਿੱਚ ਸੈਂਟਰਲ ਪ੍ਰੋਵੀਐਂਸ ਅਤੇ ਸੈਂਟਰਲ ਇੰਡੀਆ ਨੂੰ ਮਿਲਾ ਕੇ ਵੱਡੇ ਰਾਜ ਮੱਧ ਪ੍ਰਦੇਸ਼ ਦੀ ਨੀਂਹ ਰੱਖੀ ਗਈ। ਸੰਨ ੧੯੫੬ 'ਚ ਹੀ ਤ੍ਰਿਵਨਕੋਰ ਅਤੇ ਕੋਚੀਨ ਨੂੰ ਮਿਲਾ ਕੇ ਕੇਰਲ ਅਤੇ ਮਦਰਾਸ ਪ੍ਰੈਜ਼ੀਡੈਂਸੀ ਨੂੰ ਕੱਟ ਕੇ ਤਾਮਿਲਨਾਡੂ ਬਣਾਇਆ ਗਿਆ। ਸੰਨ ੧੯੬੦ ਵਿੱਚ ਬੰਬੇ ਪ੍ਰੈਜ਼ੀਡੈਂਸਹੀ ਨੂੰ ਕੱਟ ਕੇ ਮਹਾਰਾਸ਼ਟਰ ਅਤੇ ਗੁਜ਼ਰਾਤ ਬਣਾਏ ਗਏ। ਸੰਨ ੧੯੬੩ ਵਿੱਚ ਆਸਾਮ ਤੋਂ ਵੱਖ ਕਰਕੇ ਨਾਗਾਲੈਂਡ ਬਣਾਇਆ ਗਿਆ, ੧੯੬੬ ਵਿੱਚ ਪੰਜਾਬ ਤੋਂ ਕੱਟ ਕੇ ਹਰਿਆਣਾ ਤੇ ੧੯੭੧ ਵਿੱਚ ਹਿਮਾਚਲ ਪ੍ਰਦੇਸ਼ ਬਣਾਇਆ ਗਿਆ। ਸੰਨ ੧੯੭੨ ਵਿੱਚ ਆਸਾਮ ਨੂੰ ਹੋਰ ਛੋਟਾ ਕਰਕੇ ਵੱਖਰਾ ਰਾਜ ਮੇਘਾਲਿਆ ਬਣਾ ਦਿੱਤਾ ਗਿਆ। ਸੰਨ ੧੯੭੩ ਵਿੱਚ ਹੈਦਰਾਬਾਦ ਤੋਂ ਵੱਖਰਾ ਕਰਕੇ ਕਰਨਾਟਕ ਰਾਜ ਬਣਾਇਆ ਗਿਆ, ੧੯੭੫ ਵਿੱਚ ਗਵਾਂਢੀ ਦੇਸ਼ ਸਿੱਕਮ ਨੂੰ ਭਾਰਤੀ ਯੂਨੀਅਨ ਵਿੱਚ ਸ਼ਾਮਲ ਕੀਤਾ ਗਿਆ, ਸੰਨ ੧੯੮੭ ਵਿੱਚ ਆਸਾਮ ਨੂੰ ਹੋਰ ਛੋਟਾ ਕਰਕੇ ਇੱਕ ਹੋਰ ਰਾਜ ਮਿਜ਼ੋਰਮ ਬਣਾ ਦਿੱਤਾ ਗਿਆ, ਸੰਨ ੨੦੦੦ ਵਿੱਚ ਯੂਨਾਇਟਡ ਪ੍ਰੋਵੀਐਂਸ (ਯੂ.ਪੀ) ਤੋਂ ਉਤਰਾਖੰਡ, ਬਿਹਾਰ ਤੋਂ ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚੋਂ ਛੱਤੀਸਗੜ੍ਹ ਆਦਿ ਹੋਰ ਰਾਜ ਬਣਾਏ ਗਏ, ਸੰਨ ੨੦੧੪ ਵਿੱਚ ਆਂਧਰਾ ਪ੍ਰਦੇਸ਼ ਨੂੰ ਹੋਰ ਛੋਟਾ ਕਰਦਿਆਂ ੨੯ਵਾਂ ਰਾਜ ਤੇਲੰਗਾਨਾ ਬਣਾਇਆ ਗਿਆ।
ਇਸ ਦੇਸ਼ ਦੇ ਮੰਨੂੰਵਾਦੀ ਹੁਕਮਰਾਨਾ ਵਲੋਂ ਭਾਵੇਂ ੧੯੪੭ ਵੇਲੇ ਦੇ ੧੭ ਦੇਸ਼ਾਂ ਅਤੇ ੫੬੫ ਰਿਆਸਤਾਂ ਦੀ ਯੂਨੀਅਨ ਨੂੰ ਮਿਲਾ ਕੇ ੨੯ ਰਾਜਾਂ ਦੇ ਰੂਪ ਵਿੱਚ ਭਾਰਤੀ ਗਣਰਾਜ ਦੇਸ਼ ਸਥਾਪਿਤ ਕਰ ਦਿੱਤਾ ਗਿਆ ਹੈ ਜਿਸਨੂੰ ਕਦੇ ਅਖੰਡ ਭਾਰਤ ਅਤੇ ਕਦੇ ਹਿੰਦੁ ਰਾਸ਼ਟਰ ਹਿੰਦੁਸਤਾਨ ਵਜੋਂ ਬਿਆਨ ਕੀਤਾ ਜਾ ਰਿਹਾ ਹੈ। ਅਤੇ ਅਜੋਕੇ ਸਮੇਂ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਜੋ ਹਿੰਦੁ ਰਾਸ਼ਟਰ ਦਾ ਨਕਸ਼ਾ ਤਿਆਰ ਕੀਤਾ ਗਿਆ ਹੈ ਉਸ ਵਿੱਚ ਭਾਰਤੀ ਗਣਰਾਜ ਦੇ ਮੌਜ਼ੂਦਾ ਰਾਜਾਂ ਤੋਂ ਇਲਾਵਾ ਦੇਸ਼ ਪਾਕਿਸਤਾਨ, ਬੰਗਲਦੇਸ਼, ਅਫ਼ਗਾਨਿਸਤਾਨ, ਸ਼੍ਰੀ ਲੰਕਾ, ਨੇਪਾਲ, ਤਿੱਬਤ ਆਦਿ ਨੂੰ ਸ਼ਾਮਿਲ ਕਰ ਲਿਆ ਗਿਆ ਹੈ। ਇਸ ਸਬੰਧੀ ਸੰਘ ਪਰਿਵਾਰ ਰਾਂਹੀ ਸੱਤਾ ਦੀ ਗੱਦੀ 'ਤੇ ਬੈਠੇ ਗੋਆ ਦੇ ਇਸਾਈ ਉਪ ਮੁੱਖ ਮੰਤਰੀ ਫਰਾਂਸਿਜ਼ ਡਿਸੂਜ਼ਾ ਭਾਜਪਾ ਘੱਟ ਗਿਣਤੀ ਮੋਰਚਾ ਦੇ ਮੁਸਲਮਾਨ ਪ੍ਰਧਾਨ ਅਬਦੁਲ ਰਸ਼ੀਦ ਅੰਸਾਰੀ, ਹਰਜੀਤ ਗਰੇਵਾਲ ਪੰਜਾਬ ਭਾਜਪਾ ਦਾ ਉੱਚ ਕਤਾਰ ਦਾ ਸਿੱਖ ਅਹੁਦੇਦਾਰ ਅਤੇ ਘੱਟ ਗਿਣਤੀ ਕਲਿਆਣਕਾਰੀ ਮੰਤਰੀ ਨਜ਼ਮਾ ਹੈਬੁਤੁੱਲਾ ਵਰਗਿਆਂ ਰਾਂਹੀ ਸੰਘ ਮੁਖੀ ਮੋਹਨ ਭਾਗਵਤ ਦੇ ਬਿਆਨ ਕਿ "ਦੇਸ਼ ਦੀ ਭਾਸ਼ਾ ਹਿੰਦੀ, ਹਰੇਕ ਵਾਸੀ ਹਿੰਦੂ ਅਤੇ ਦੇਸ਼ ਹਿੰਦੁਸਤਾਨ ਹਿੰਦੁ ਰਾਸ਼ਟਰ" ਦੀ ਪ੍ਰੋੜਤਾ ਕਰਵਾਈ ਜਾਂਦੀ ਹੈ।
ਇੱਕ ਪਾਸੇ ਭਾਰਤੀ ਗਣਰਾਜ ਨੂੰ ਹਿੰਦੁਸਤਾਨ ਹਿੰਦੂ ਰਾਸ਼ਟਰ ਦਾ ਨਾਂਅ ਦਿੱਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਭਾਰਤੀ ਗਣਰਾਜ ਦੀ ਗੰਗਾ ਪੱਟੀ ਤੇ ਕੁੱਝ ਰਾਜਾਂ ਨੂੰ ਛੱਡ ਕੇ ਕਸ਼ਮੀਰ, ਪੰਜਾਬ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਆਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਸਿੱਕਮ ਆਦਿ ਰਾਜ ਭਾਰਤੀ ਯੂਨੀਅਨ ਤੋਂ ਵੱਖ ਹੋ ਕੇ ਆਜ਼ਾਦ ਦੇਸ਼ ਕਾਇਮ ਕਰਨ ਦੇ ਰਾਹ 'ਤੇ ਤੁਰੇ ਹੋਏ ਹਨ। ਕਰਨਾਟਕਾ ਨੇ ਤਾਂ ਆਪਣਾ ਵੱਖਰਾ ਝੰਡਾ ਵੀ ਐਲਾਨ ਦਿੱਤਾ ਹੈ। ਅਸਲ ਵਿੱਚ ਹਿੰਦੂ ਰਾਸ਼ਟਰ ਹਿੰਦੁਸਤਾਨ ਦੀ ਸੋਚ ਕੁੱਝ ਊਚ ਜਾਤੀ ਹੁਕਮਰਾਨਾ ਦੀ ਹੈ ਜੋ ਭਾਰਤ ਵਿਚਲੀਆਂ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਦਬਾ ਕੇ ਮੁੜ ਗੁਲਾਮ ਪ੍ਰਥਾ ਸੁਰਜੀਤ ਕਰਕੇ ਰਾਜਭਾਗ ਦਾ ਸਦੀਵੀ ਆਨੰਦ ਮਾਨਣਾ ਚਹੁੰਦੇ ਹਨ। ਸੰਘਵਾਦੀਆਂ ਦੀਆਂ ਅਜਿਹੀਆਂ ਅਣਮਨੁੱਖੀ ਹਰਕਤਾਂ ਕਰਕੇ ਹੀ ਵਿਸ਼ਵ ਪੱਧਰ ਦੀਆਂ ਸੁਰੱਖਿਆ ਏਜੰਸੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਨੂੰ ਅੱਤਵਾਦੀਆਂ ਦੀ ਸ਼੍ਰੈਣੀ ਵਿੱਚ ਸ਼ਾਮਲ ਕਰ ਲਿਆ ਹੈ।
(੪). ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ: -
ਸਿੱਖ ਪੰਥ ਦਸ ਗੁਰੂ ਸਾਹਿਬਾਨ ਵਲੋਂ ਬਖਸ਼ਿਸ਼ ਕੀਤੀ ਗੁਰਬਾਣੀ ਆਸਰੇ ਜੀਵਣ ਜਿਊਣ ਵਾਲਾ ਜਨ ਸਮੂੰਹ ਹੈ। ਗੁਰੂ ਸਾਹਿਬਾਨ ਵਲੋਂ ਬਖਸ਼ਿਸ਼ ਗੁਰਬਾਣੀ ਵਿਚਾਰਧਾਰਾ ਕਿਸੇ ਇੱਕ ਭਾਸ਼ਾ, ਕਿਸੇ ਇੱਕ ਵਿਸ਼ੇਸ਼ ਵਰਗ ਅਤੇ ਕਿਸੇ ਇੱਕ ਖ਼ਾਸ ਖਿੱਤੇ ਲਈ ਨਾ-ਰਾਖਵੀਂ ਹੋ ਕੇ ਸਗੋਂ ਸਮੁੱਚੇ ਬ੍ਰਹਿਮੰਡ ਲਈ ਹੈ। ਗੁਰਬਾਣੀ ਉਪਦੇਸ਼ - "ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥" (ਸੂਹੀ ਮਹਲਾ ੫, ਅੰਗ ੭੪੭) ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਭਾਵੇਂ ਗੁਰਮੁਖੀ (ਪੰਜਾਬੀ) ਹੈ, ਜਿਸਨੂੰ ਹਿੰਦੀ ਭਾਸ਼ਾ ਦੇ ਵਿਦਵਾਨ (ਪਿਸਾਚੀ ਬੋਲੀ) ਮਨੁੱਖੀ ਖੂਨ ਪੀਣ ਵਾਲਿਆਂ ਦੀ ਬੋਲੀ ਗਰਦਾਨਦੇ ਹਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਾਬੀ, ਦੇਵਨਾਗਰੀ, ਸੰਸਕ੍ਰਿਤ, ਉਰਦੂ, ਫਾਰਸੀ, ਬ੍ਰਿਜ ਤੇ ਅਰਬੀ ਸਮੇਤ ੧੩ ਤੋਂ ਵੱਧ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬ ਜੀ ਦੀ ਇਹ ਮਹਾਨਤਾ ਹੀ ਹੈ ਕਿ ਉਸ ਸਮੇਂ ਸਮਾਜ ਦੀਆਂ ਉੱਚ ਜਾਤੀਆਂ ਵਲੋਂ ਜਿਸ ਭਾਸ਼ਾ ਨੂੰ ਪਿਸਾਚੀ ਬੋਲੀ ਕਹਿ ਕੇ ਦੁਰਕਾਰਿਆ ਗਿਆ ਸੀ, ਗੁਰੂ ਸਾਹਿਬਾਨ ਨੇ ਇਸੇ ਪੰਜਾਬੀ ਲਿਪੀ ਵਿੱਚ ਉਸ ਸਮੇਂ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਕਲਮਬੰਦ ਕੀਤਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਸੰਸਾਰ ਦੇ ਅਜਿਹੇ ਪਹਿਲੇ ਰੱਬੀ ਧਰਮ ਗੁਰੂ ਹੋਏ ਹਨ ਜੋ ਭਾਰਤੀ ਗਣਰਾਜ ਤੇ ਇਸਤੋਂ ਬਾਹਰ ਦੀਆਂ ਬੋਲੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਸਨ।
ਅੱਜ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਰਬੀ, ਫਾਰਸੀ, ਉਰਦੂ, ਦੇਵਨਾਗਰੀ, ਬ੍ਰਿਜ, ਸੰਸਕ੍ਰਿਤ ਆਦਿ ਵਿੱਚ ਲਿਖਤ ਬਾਣੀ ਨੂੰ ਇੰਨ੍ਹਾਂ ਭਾਸ਼ਾਵਾਂ ਦਾ ਗਿਆਤਾ ਪੜ੍ਹਣਾ ਜਾਂ ਸਮਝਣਾ ਚਾਹੇ ਤਾਂ ਸਭ ਤੋਂ ਪਹਿਲਾਂ ਉਸਨੂੰ ਗੁਰਮੁਖੀ ਸਿੱਖਣੀ ਪਵੇਗੀ। ਸੰਸਕ੍ਰਿਤ ਨੂੰ ਦੇਵ ਭਾਸ਼ਾ ਕਹਿ ਕੇ ਦੁਰਕਾਰੀ ਗਈ ਪੰਜਾਬੀ ਬੋਲੀ ਨੂੰ ਅੱਜ ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ੯ ਕਰੋੜ ਦੇ ਕਰੀਬ ਲੋਕ ਬੋਲਦੇ ਹਨ ਜਦੋਂ ਕਿ ਸਿੱਖਾਂ ਦੀ ਗਿਣਤੀ ਕੇਵਲ ਪੌਣੇ ੨ ਕਰੋੜ ਦੇ ਕਰੀਬ ਹੈ। ਅੱਜ ਵੀ ਬ੍ਰਾਹਮਣ ਅਰਬੀ, ਫਾਰਸੀ ਨੂੰ ਅਧਰਮੀ ਭਾਸ਼ਾ ਕਹਿੰਦੇ ਹਨ ਤੇ ਮੁਸਲਮਾਨ ਸੰਸਕ੍ਰਿਤ ਨੂੰ ਕਾਫ਼ਰਾਂ ਦੀ ਭਾਸ਼ਾ ਆਖਦੇ ਹਨ ਪਰ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥" (ਰਾਗੁ ਮਾਝ ਮਹਲਾ ੫, ਅੰਗ ੯੭) ਦਾ ਹਾਉਕਾ ਦੇਣ ਵਾਲੀ ਕੇਵਲ ਤੇ ਕੇਵਲ ਬ੍ਰਹਿਮੰਡੀ ਗੁਰਮਤਿ ਦੀ ਵਿਚਾਰਧਾਰਾ ਹੀ ਹੈ। ਅੱਜ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਅਨੇਕਾਂ ਯਤਨ ਹੋ ਰਹੇ ਹਨ। ਹਾਂਲਾਕਿ ਇਹ ਸੰਸਾਰ ਦੀ ਸਭ ਤੋਂ ਸਰਲ ਭਾਸ਼ਾ ਹੈ। ਉਦਾਹਰਣ ਵਜੋਂ ਪੰਜਾਬੀ ਵਿੱਚ ਬਹੁਤ ਘੱਟ ਦੋਹਰੇ ਅੱਖਰ ਹਨ ਅਤੇ ਜੋ ਕਿ ਬਹੁਤ ਸਰਲ ਹਨ।
ਪਰ ਹਿੰਦੀ ਵਿੱਚ ਬਹੁਭਾਂਤੀ ਪੇਚੀਦਾ ਅੱਖਰ ਜਿਵੇਂ ਹਨ ਜੋ ਜਾਣਬੁੱਝ ਕੇ ਬਣਾਏ ਗਏ ਤਾਂ ਜੋ ਇਸ ਭਾਸ਼ਾ ਦਾ ਗਿਆਨ ਲੈਣ ਲਈ ਊਚ ਜਾਤੀ ਪੰਡਿਤਾਂ 'ਤੇ ਹੀ ਨਿਰਭਰ ਰਹਿਣਾ ਪਵੇ ।
ਹਿੰਦੀ ਵਿੱਚ ਬਹੁਤ ਸਾਰੇ ਅੱਖਰ ਐਸੇ ਹਨ ਜੋ ਹਿੰਦੀ, ਬਾਰਹਾਂ ਖੜੀ, ਖੜੀ ਬੋਲੀ ਅਤੇ ਸੰਸਕ੍ਰਿਤ ਵਿੱਚ ਵਰਤੋਂ 'ਚ ਨਹੀਂ ਆਉਂਦੇ। ਬੜੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਸੱਤਾ 'ਤੇ ਬਿਰਾਜਮਾਨ ਸੰਘਵਾਦੀ ਜੋ ਭਾਰਤੀ ਗਣਰਾਜ ਦੇ ਹਰੇਕ ਬਾਸ਼ਿੰਦੇ ਉਪਰ ਹਿੰਦੀ ਲਾਗੂ ਕਰਨ ਲਈ ਕਾਹਲੇ ਹੋਏ ਪਏ ਹਨ ਅਤੇ ਭਾਸ਼ਾ ਦੇ ਨਾਂਅ 'ਤੇ ਨਫ਼ਰਤ ਫੈਲਾ ਰਹੇ ਹਨ ਪਰ ਇੰਨ੍ਹਾਂ ਦੇ ਆਪਣੇ ਨਿਆਣੇ ਵਿਦੇਸ਼ਾਂ 'ਚ ਪੜ੍ਹਦੇ ਹਨ ਜਿੱਥੇ ਕੇਵਲ ਅੰਗਰੇਜ਼ੀ ਹੀ ਪੜ੍ਹਾਈ ਜਾਂਦੀ ਹੈ ਤੇ ਹਿੰਦੀ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਹੈ। ਗੁਰਮਤਿ ਵਿਚਾਰਧਾਰਾ ਹੈ ਕਿ ਮਨੁੱਖ ਇਸ ਸੰਸਾਰ ਵਿੱਚ ਕੇਵਲ ਪ੍ਰਭੂ ਭਗਤੀ ਲਈ ਹੀ ਪ੍ਰਭੂ ਵਲੋਂ ਭੇਜਿਆ ਜਾਂਦਾ ਹੈ। ਗੁਰੂ ਵਾਕ ਹੈ ਕਿ "ਅਵਰਿ ਕਾਜ ਤੇਰੈ ਕਿਤੈ ਨ ਕਾਮ ॥" (ਰਾਗੁ ਆਸਾ-ਮ; ੫, ਅੰਗ ੩੭੮)। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪ੍ਰਮਾਤਮਾ ਦੀ ਕਿਹੜੀ ਭਾਸ਼ਾ ਹੈ ਜਿਹੜੀ ਬੋਲ ਕੇ ਪ੍ਰਭੂ ਨਾਲ ਸਾਂਝ ਪਾਈ ਜਾਵੇ "ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥" (ਜਪ-ਮ; ੧, ਅੰਗ ੨)। ਤਾਂ ਗੁਰੂ ਸਾਹਿਬ ਜੀ ਦਾ ਜਵਾਬ ਹੈ "ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥" (ਜਪ-ਮ; ੧, ਅੰਗ ੨) ਪਿਆਰ ਦੀ ਭਾਸ਼ਾ ਹੀ ਪ੍ਰਮਾਤਮਾ ਨਾਲ ਸਾਂਝ ਪੈਦਾ ਕਰਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਸੰਤ ਰਾਗ ਹਿੰਡੋਲ ਵਿੱਚ ਆਖਦੇ ਹਨ ਕਿ "ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥" (ਰਾਗੁ ਬਸੰਤ-ਮ; ੧, ਅੰਗ ੧੧੭੧) ਭਾਵ ਪ੍ਰਮਾਤਮਾ ਨੇ ਜੋ ਮੈਨੂੰ ਬਾਣੀ ਦੀ ਬਖਸ਼ਿਸ਼ ਦੇ ਅੱਖਰ ਲਿਖਾਏ ਹਨ ਮੈਂ ਉਹੀ ਗਾਉਂਦਾ ਹਾਂ।
ਮੈਂ ਹੋਰ ਕਿਸੇ ਵੀ ਬੋਲੀ ਨੂੰ ਨਹੀਂ ਜਾਣਦਾ ਪਰ "ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥" (ਰਾਗੁ ਬਸੰਤ-ਮ; ੧, ਅੰਗ ੧੧੭੧) ਭਾਵ ਪੰਡਿਤ ਜੇ ਤੂੰਂ ਵਿਦਵਾਨ ਦੇ ਸਿਆਣਾ ਹੈ ਤਾਂ ਤੂੰਂ ਰੱਬ ਦੇ ਦੋ ਅੱਖਰਾਂ ਨੂੰ ਆਪਣੇ ਜੀਵਣ ਦਾ ਅਧਾਰ ਬਣਾ। ਅੰਗਰੇਜ਼ੀ ਬੋਲੀ ਵਾਲਾ ਰੱਬ ਨੂੰ "ਲਾਰਡ" ਕਹਿ ਕੇ ਉਰਦੂ ਫਾਰਸੀ ਬੋਲਣ ਵਾਲਾ "ਖੁਦਾ ਜਾਂ ਅੱਲ੍ਹਾ" ਕਹਿ ਕੇ, ਹਿੰਦ-ਸੰਸਕ੍ਰਿਤ ਬੋਲਣ ਵਾਲਾ "ਪ੍ਰਭੂ" ਕਹਿ ਕੇ, ਪੰਜਾਬੀ ਬੋਲਣ ਵਾਲਾ "ਰੱਬ" ਕਹਿ ਕੇ ਪ੍ਰਮਾਤਮਾ ਦੀ ਵਡਿਆਈ ਕਰਦਾ ਹੈ।
ਜੇਕਰ ਭਾਰਤੀ ਗਣਰਾਜ ਦੇ ਹੁਕਮਰਾਨਾਂ ਨੇਂ ਭਾਸ਼ਾ ਦੇ ਅਧਾਰ 'ਤੇ ਰਾਜਾਂ ਦੀ ਵੰਡ ਨਾ ਕੀਤੀ ਹੁੰਦੀ ਤਾਂ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਕਦੇ ਵੀ ਝਗੜਾ ਪੈਦਾ ਨਾ ਹੁੰਦਾ। ਅੱਜ ਫਿਰ ਸੰਘਵਾਦੀ ਜੋ ਹਿੰਦੀ ਭਾਸ਼ਾ ਨੂੰ ਲਾਗੂ ਕਰਨ ਲਈ ਕਾਹਲੇ ਹਨ ਤਾਂ ਇਹ ਭਾਰਤੀ ਗਣਰਾਜ ਵਿੱਚ ਬਦ-ਅਮਨੀ ਹੀ ਪੈਦਾ ਕਰਨਗੇ ਜਿਸ ਨਾਲ ਸ਼ਾਂਤੀ ਭੰਗ ਹੋਵੇਗੀ। ਸੰਘਵਾਦੀਆਂ ਵਲੋਂ ਇਹ ਕਹਿਣਾ ਕਿ ਭਾਰਤੀ ਗਣਰਾਜ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਹਨ, ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ ਤੋਂ ਉਲਟ ਹੈ। ਗੁਰਮਤਿ ਵਿਚਾਰਧਾਰਾ ਉਪਦੇਸ਼ ਕਰਦੀ ਹੈ ਕਿ -
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ ॥
ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ॥
ਕਰਤਾ ਕਰੀਮ ਸੋਈ ਰਾਜਿਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥
ਗੁਰੂ ਗੋਬਿੰਦ ਸਿੰਘ ਜੀ -ਦਸਮ ਬਾਣੀ -ਅਕਾਲ ਉਸਤਤਿ, ਪੰਨਾ ੧੪
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਰਾਗੁ ਪ੍ਰਭਾਤੀ-ਭਗਤ ਕਬੀਰ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੧੩੪੯
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
ਰਾਗੁ ਰਾਮਕਲੀ-ਮ; ੫-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੮੮੫
ਗੁਰਮਤਿ ਵਿਚਾਰਧਾਰਾ ਅਨੁਸਾਰ ਭਾਵੇਂ ਕੋਈ ਰਾਮ ਕਹੇ, ਭਾਵੇਂ ਕੋਈ ਅਲਹ ਕਹੇ, ਕੋਈ ਤੀਰਥਾਂ ਦੇ ਇਸ਼ਨਾਨ ਕਰੇ, ਕੋਈ ਹੱਜ ਕਰੇ, ਕੋਈ ਪੂਜਾ ਕਰੇ, ਕੋਈ ਨਮਾਜ ਪੜ੍ਹੇ, ਕੋਈ ਬੇਦ ਪੜ੍ਹੇ, ਕੋਈ ਕੁਰਾਨ ਤੋਰੇਤ ਅੰਜੀਲ ਪੜ੍ਹੇ, ਕੋਈ ਨੀਲੇ ਲਾਲ ਹਰੇ ਕਪੜ੍ਹੇ ਪਾਵੇ, ਕੋਈ ਚਿੱਟੇ ਪੀਲੇ ਪਾਏ, ਕਿਸੇ ਨਾਲ ਕੋਈ ਵੈਰ ਭਾਵ ਨਹੀਂ ਕੋਈ ਨਫ਼ਰਤ ਨਹੀਂ ਪ੍ਰਮਾਤਮਾ ਦੇ ਦਰ 'ਤੇ ਉਹੀ ਪ੍ਰਵਾਨ ਹੈ ਜੋ ਉਸਦੇ ਹੁਕਮ ਅੰਦਰ ਚਲ੍ਹਦਾ ਹੈ। ਪਰ ਜੇਕਰ ਕੋਈ ਵਿਸ਼ੇਸ਼ ਵਰਗ ਆਪਣੇ ਆਪ ਨੂੰ ਉੱਚਾ ਜਾਂ ਵਿਸ਼ੇਸ਼ ਅਖਵਾਉਂਦਾ ਹੈ ਤਾਂ ਗੁਰਮਤਿ ਵਿਚਾਰਧਾਰਾ ਸਪੱਸ਼ਟ ਉਪਦੇਸ਼ ਦਿੰਦੀ ਹੈ ਕਿ ਮਾਤਾ ਦੇ ਗਰਭ ਅੰਦਰ ਬੱਚੇ ਦੀ ਕੋਈ ਜਾਤ ਜਾਂ ਵੰਸ਼ ਨਹੀਂ ਹੁੰਦਾ
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਰਾਗੁ ਗਉੜੀ-ਭਗਤ ਕਬੀਰ ਜੀ- ਅੰਗ ੩੨੪
ਉੱਚ ਜਾਤੀ ਦੇ ਹੰਕਾਰ ਵਾਲਿਆਂ ਨੂੰ ਗੁਰਮਤਿ ਵਿਚਾਰਧਾਰਾ ਦਾ ਸਪੱਸ਼ਟ ਸੁਨੇਹਾ ਹੈ ਕਿ ਜਿਸ ਤਰ੍ਹਾਂ ਇੱਕ ਅਖੌਤੀ ਨੀਵੀਂ ਜਾਤ ਦਾ ਜਨਮ ਲੈਂਦਾ ਹੈ ਉਸੇ ਤਰ੍ਹਾਂ ਅਖੌਤੀ ਊਚ ਜਾਤੀ ਵਾਲੇ ਦਾ ਜਨਮ ਹੁੰਦਾ ਹੈ
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ਤਉ ਆਨ ਬਾਟ ਕਾਹੇ ਨਹੀ ਆਇਆ ॥
ਰਾਗੁ ਗਉੜੀ-ਭਗਤ ਕਬੀਰ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੩੨੪
ਗੁਰਮਤਿ ਵਿਚਾਰਧਾਰਾ "ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥" (ਰਾਗੁ ਧਨਾਸਰੀ-ਮ; ੫-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੬੭੧) ਦੀ ਹੈ ਪਰ ਜੇਕਰ ਕੋਈ ਵਿਸ਼ੇਸ਼ ਵਰਗ ਰਾਜ ਸੱਤਾ ਦੇ ਜੋਰ ਨਾਲ ਦੂਸਰੇ ਮੁਲਕਾਂ ਨਾਲ ਧੱਕੇਸ਼ਾਹੀ, ਛੱਲ ਕਪਟ ਜਾਂ ਜ਼ੁਲਮ ਨਾਲ ਆਪਣੀ ਵਿਚਾਰਧਾਰਾ ਜਾਂ ਕਰਮ ਕਾਂਡ ਥੋਪਨਾ ਚਾਹੇ ਤਾਂ ਉਸਨੂੰ ਦੁਰਕਾਰ ਦੇਣ ਦਾ ਹੋਕਾ ਵੀ ਦਿੰਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਗੁਰੂ ਤੇਗ ਬਹਾਦੁਰ ਜੀ ਨੇ ਔਰੰਗਜੇਬ ਵਲੋਂ ਪੰਡਿਤਾਂ ਦੇ ਜਨੇਊ ਜਬਰ ਜੋਰ ਨਾਲ ਉਤਾਰੇ ਜਾਣ ਵਿਰੁੱਧ ਆਪਣੀ ਸ਼ਹਾਦਤ ਵੀ ਦਿੱਤੀ ਸੀ "ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥" (ਰਾਗੁ ਕਾਨੜਾ-ਮ; ੫-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੧੨੯੯) ਦਾ ਸੰਦੇਸ਼ ਦੇਣ ਵਾਲੀ ਗੁਰਮਤਿ ਵਿਚਾਰਧਾਰਾ "ਹਮਰਾ ਝਗਰਾ ਰਹਾ ਨ ਕੋਊ ॥ਪੰਡਿਤ ਮੁਲਾਂ ਛਾਡੇ ਦੋਊ ॥"
(ਰਾਗੁ ਭੈਰੳ-ਭਗਤ ਕਬੀਰ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੧੧੫੮) ਦਾ ਸੁਨੇਹਾ ਵੀ ਦਿੰਦੀ ਹੈ "ਹਿੰਦੂ ਅੰਨਾ ਤੁਰਕੂ ਕਾਣਾ ॥ਦੁਹਾਂ ਤੇ ਗਿਆਨੀ ਸਿਆਣਾ ॥" (ਰਾਗੁ ਗੋਂਡ-ਭਗਤ ਨਾਮਦੇਵ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੮੭੪) ਦਾ ਉਪਦੇਸ਼ ਕਰਦੀ ਗੁਰਮਤਿ ਵਿਚਾਰਧਾਰਾ ਆਖਦੀ ਹੈ ਕਿ "ਹਿੰਦੂ ਇੱਕ ਪ੍ਰਮਾਤਮਾ ਦੀ ਭਗਤੀ ਭੁੱਲ ਕੇ ਬ੍ਰਹਮਾ ਪੁੱਤਰ ਨਾਰਦ ਦੇ ਕਹੇ ਅਨੁਸਾਰ ਬੁੱਤਾਂ ਅਤੇ ਪੱਥਰਾਂ ਦੀ ਪੂਜਾ ਕਰਦੇ ਹਨ, ਤੀਰਥਾਂ ਦੇ ਇਸ਼ਨਾਨ, ਧੂਪ, ਸੁੰਗਧੀਆਂ, ਦੀਵਿਆਂ ਨਾਲ ਮੂਰਤੀਆਂ ਦੀ ਪੂਜਾ ਕਰਦੇ ਹਨ ਪਰ ਕੀ ਪ੍ਰਮਾਤਮਾ ਕੇਵਲ ਮੰਦਿਰਾਂ 'ਚ ਹੀ ਵੱਸਦਾ ਹੈ?" ਨਹੀਂ ਗੁਰਮਤਿ ਵਿਚਾਰਧਾਰਾ ਅਨੁਸਾਰ ਜਿਸ ਤਰ੍ਹ ਘੁਮਿਆਰ ਇੱਕੋ ਮਿੱਟੀ ਦੇ ਵੱਖੋ ਵੱਖਰੇ ਭਾਂਡੇ ਬਨਾਉਂਦਾ ਹੈ ਉਸੇ ਤਰ੍ਹਾਂ ਪ੍ਰਮਾਤਮਾ ਨੇ ਵੱਖੋ ਵੱਖਰੇ ਮਨੁੱਖ ਬਣਾਏ ਹਨ "ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥" (ਰਾਗੁ ਪ੍ਰਭਾਤੀ-ਭਗਤ ਕਬੀਰ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੧੩੪੯) ਫਿਰ ਹਿੰਦੁ ਨੂੰ ਪਿਆਰ ਤੇ ਮੁਸਲਮਾਨ, ਇਸਾਈ, ਬੋਧੀ, ਜੈਨੀ, ਪਾਰਸੀ, ਸਿੱਖ ਤੇ ਦਲਿਤ ਨਾਲ ਨਫ਼ਰਤ ਕਿਉਂ? ਗੁਰਮਤਿ ਵਿਚਾਰਧਾਰਾ ਤਾਂ ਆਖਦੀ ਹੈ ਕਿ ਹੇ ਬੰਦੇ, ਤੂੰਂ ਆਪਣੀਆਂ ਅੱਖਾਂ 'ਤੇ ਪ੍ਰਭੂ ਪਿਆਰ ਦੀ ਐਨਕ ਲਗਾ ਕੇ ਦੇਖ ਤੇਨੂੰ ਹਿੰਦੁ ਮੁਸਲਿਮ ਇਸਾਈ ਜੈਨੀ ਬੋਧੀ ਪਾਰਸੀ ਸਿੱਖ ਦਲਿਤ ਸਾਰਿਆਂ ਅੰਦਰ ਹੀ ਪ੍ਰਮਾਤਮਾ ਨਜ਼ਰ ਆਵੇਗਾ "ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥" (ਰਾਗੁ ਤਿਲੰਗ-ਭਗਤ ਕਬੀਰ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੭੨੭)
ਭਾਰਤੀ ਗਣਰਾਜ ਵਿੱਚ ਰਹਿ ਰਹੇ ਵੱਖੋ ਵੱਖਰੇ ਧਰਮ, ਜਾਤ, ਨਸਲ ਦੇ ਲੋਕਾਂ ਨੂੰ ਹਿੰਦੂ ਐਲਾਨ ਕਰਕੇ ਸੱਤਾ ਦਾ ਸੁੱਖ ਭੋਗਣ ਵਾਲੀ ਸੋਚ ਮਨੂੰਵਾਦੀ ਤਾਂ ਹੋ ਸਕਦੀ ਹੈ ਗੁਰਮਤਿ ਵਿਚਾਰਧਾਰਾ ਨਹੀਂ। ਗੁਰਮਤਿ ਵਿਚਾਰਧਾਰਾ ਤਾਂ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਸਮੇਂ ਮੁਸਲਮਾਨਾਂ ਨੂੰ ਸ਼੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਮਸਜਿਦ ਬਣਾ ਕੇ ਦਿੰਦੀ ਹੈ, ਕਿਸ਼ਣਕੋਟ ਵਿਖੇ ਮੰਿਦਰ ਬਣਾ ਕੇ ਦਿੰਦੀ ਹੈ, ਮਹਾਰਾਜਾ ਰਣਜੀਤ ਸਿੰਘ ਸਮੇਂ ਹਿੰਦੁ ਮੰਦਿਰਾਂ ਨੂੰ ਸੋਨਾ ਭੇਂਟ ਕਰਦੀ ਹੈ, ਮੋਜੂਦਾ ਸਿੱਖ ਸੰਘਰਸ਼ ਸਮੇਂ ਬਾਬਾ ਠਾਹਰਾ ਸਿੰਘ ਜੀ ਵਲੋਂ ਗੁਰਦਾਸਪੁਰ ਜੇਲ੍ਹ ਵਿਖੇ ਮੰਦਿਰ ਬਣਾ ਕੇ ਦਿੰਦੀ ਹੈ। ਪਰ ਮਨੂੰਵਾਦੀ ਸੋਚ ਬਾਬਰੀ ਮਸਜਿਦ ਢਾਹ ਕੇ ਸ਼੍ਰੀ ਹਰਿਮੰਦਿਰ ਸਾਹਿਬ ਸਮੇਤ ਕਈ ਗੁਰਦੁਆਰਿਆਂ 'ਤੇ ਹਮਲੇ ਕਰਕੇ ਇਸਾਈਆਂ ਦੇ ਚਰਚਾਂ ਨੂੰ ਅੱਗ ਦੇ ਹਵਾਲੇ ਕਰਦੀ ਹੈ। ਗੁਰਮਤਿ ਵਿਚਾਰਧਾਰਾ ਹਰੇਕ ਮਨੁੱਖ ਮਾਤਰ ਦੇ ਹੱਕਾਂ ਦੀ ਰਾਖੀ ਕਰਦੀ ਹੈ ਤੇ ਹਰੇਕ ਨੂੰ ਆਪਣੇ ਆਪਣੇ ਧਾਰਮਿਕ ਵਿਸ਼ਵਾਸ਼ ਅਨੁਸਾਰ ਪੂਜਾ ਪਾਠ ਕਰਨ ਦਾ ਹੱਕ ਦਿੰਦੀ ਹੈ।
ਉਂਝ ਆਪਣੇ ਆਪ ਨੂੰ ਕੇਵਲ ਹਿੰਦੂ ਅਖਵਾਉਣ ਦੀ ਵਿਚਾਰਧਾਰਾ ਦਾ ਖੰਡਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ਵਿਚੋਂ ਬਾਹਰ ਆਉਂਦਿਆਂ ਹੀ "ਨਾ ਹਮ ਹਿੰਦੁ ਨਾ ਮੁਸਲਮਾਨ" ਕਹਿ ਕੇ ਕਰ ਦਿੱਤਾ ਸੀ "ਸੰਘਵਾਦੀ" ਪ੍ਰਚਾਰਕਾਂ ਵਲੋਂ ੨੦੨੩ ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ ਅਤੇ ਭਾਰਤੀ ਗਣਰਾਜ ਦੇ ਮੋਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ ਸਮਰਿਤੀ ਪ੍ਰਣਾਲੀ ਵਿੱਚ ਤਬਦੀਲ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਮਨੁੱਖਾਂ ਦੀ ਵਰਣਵੰਡ ਕਰਦਿਆਂ ਹੋਇਆਂ ਸਮਾਜ ਦੇ ਸਾਰੇ ਅਧਿਕਾਰ ਉੱਚ ਜਾਤੀ ਬ੍ਰਾਹਮਣਾਂ ਹੱਥ ਦੇ ਕੇ ਅਖੌਤੀ ਨੀਵੀਂ ਜਾਤੀਆਂ, ਘੱਟ ਗਿਣਤੀਆਂ ਅਤੇ ਔਰਤਾਂ ਦੇ ਹਰੇਕ ਤਰੀਕੇ ਨਾਲ ਸ਼ੋਸ਼ਣ ਕਰਨ ਦਾ ਅਧਿਕਾਰ ਦਿੰਦੀ ਹੈ। ਜਦਕਿ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ ਹਰੇਕ ਮਨੁੱਖ ਨੂੰ ਬਰਾਬਰਤਾ ਦਾ ਹੱਕ ਦਿੰਦੀ ਹੈ। ਗੁਰਮਤਿ ਵਿਚਾਰਧਾਰਾ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥" (ਸਿਰੀ ਰਾਗੁ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਅੰਗ ੧੫) ਕਹਿ ਕੇ ਅਖੌਤੀ ਨੀਚਾਂ ਨੂੰ ਵੀ ਵਡਿਆਈ ਬਖਸ਼ਿਸ਼ ਕਰਦੀ ਹੈ। ਕੁੱਝ ਸੰਘਵਾਦੀ ਵਿਦਵਾਨਾਂ ਦਾ ਕਹਿਣਾ ਹੈ ਕਿ ਭਾਰਤੀ ਗਣਰਾਜ ਦਾ ਪੁਰਾਣਾ ਨਾਮ ਹਿੰਦੁਸਤਾਨ ਹੈ।
ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਣ ਬਾਣੀ ਦੀ ਤੁੱਕ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥" (ਰਾਗੁ ਆਸਾ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ -ਅੰਗ ੩੬੦) ਦਾ ਹਵਾਲਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਦੇਸ਼ ਨੂੰ ਹਿੰਦੁਤਸਾਨ ਕਿਹਾ ਹੈ। ਗੁਰਬਾਣੀ ਦੇ ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਵਲੋਂ ਬਾਬਰ ਦਾ ਭਾਰਤੀ ਗਣਰਾਜ 'ਤੇ ਹਮਲੇ ਦਾ ਵਰਨਣ ਹੈ। ਗੁਰਬਾਣੀ ਸੂਝ-ਬੂਝ ਤੋਂ ਕੋਰੇ ਸੰਘਵਾਦੀ ਵਿਦਵਾਨਾਂ ਨੂੰ ਇੰਨੀਂ ਸਮਝ ਨਹੀਂ ਹੈ ਕਿ ਗੁਰੂ ਪਾਤਸ਼ਾਹ ਜੀ ਇੱਥੇ ਹਿੰਦੋਸਤਾਨ ਡਰਾਇਆ ਲਫ਼ਜ ਦਾ ਅਰਥ ਭਾਰਤੀ ਗਣਰਾਜ ਦਾ ਉਹ ਇਲਾਕਾ ਕਰਦੇ ਹਨ ਜੋ ਦਿੱਲੀ ਤੋਂ ਲੈ ਕੇ ਪਟਨਾ ਅਤੇ ਦੱਖਣ ਨਰਮਦਾ ਨਦੀ ਕਿਨਾਰੇ ਤੱਕ ਜਾਂਦਾ ਹੈ। ਅਜੋਕੇ ਹਿੰਦੁ ਰਾਸ਼ਟਰ ਹਿੰਦੁਸਤਾਨ ਦੇ ਵਾਰਸਾਂ ਦੇ ਪੂਰਵਜ ਬਾਬਰ ਦੇ ਹਮਲੇ ਵੇਲੇ ਕਿਤੇ ਲੱਭਿਆਂ ਵੀ ਨਹੀਂ ਸੀ ਲੱਭਦੇ ਜਦੋਂ ਕਿ ਪੰਜਾਬ ਦੇਸ਼ ਦੇ ਮਹਾਨ ਸਪੂਤ ਇਲਾਹੀ ਮਰਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ ਤੇ ਕਿਹਾ ਸੀ "ਉਏ ਬਾਬਰ ਤੂੰ ਬਾਬਰ ਨਹੀ ਜਾਬਰ ਹੈ ਜਿਸ ਖੁਦਾ ਨੇ ਤੇਨੂੰ ਤਾਕਤ ਦਿੱਤੀ ਹੈ ਤੂੰਂ ਉਸੇ ਖੁਦਾ ਦੇ ਬਣਾਏ ਬੰਦਿਆਂ 'ਤੇ ਜ਼ੁਲਮ ਕਰਕੇ ਖੂਨ ਦੀਆਂ ਨਦੀਆਂ ਵਗਾ ਰਿਹਾ ਹੈ ਜਰ੍ਹਾਂ ਹੋਸ਼ ਕਰ" ਬਾਬਰ ਨੂੰ ਗੁਰੂ ਨਾਨਕ ਦੇਵ ਜੀ ਦੀ ਸਿੰਘ ਗਰਜ ਅੱਗੇ ਝੁਕਣਾ ਪਿਆ ਸੀ। ਗੁਰੂ ਨਾਨਕ ਦੇਵ ਜੀ ਦੇ ਕਹਿਣ 'ਤੇ ਹੀ ਬਾਬਰ ਨੇ ਅਜੋਕੇ ਹਿੰਦੂ ਰਾਸ਼ਟਰ ਦੇ ਪੂਰਵਜਾਂ ਅਖੌਤੀ ਸਾਧੂ, ਸੰਤਾਂ, ਜੋਗੀਆਂ ਅਤੇ ਪੰਡਿਤਾਂ ਨੂੰ ਜੇਲ੍ਹ ਵਿਚੋਂ ਰਿਹਾ ਕੀਤਾ ਸੀ ਨਹੀਂ ਤਾਂ ਉਹ ਵੀ ਹੋਰਨਾਂ ਵਾਂਗ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ।
ਗੁਰਮਤਿ ਦੀ ਵਿਚਾਰਧਾਰਾ ਕਿਸੇ ਵਿਸ਼ੇਸ਼ ਵਰਗ ਜਾਂ ਜਾਤੀ 'ਤੇ ਅਧਾਰਿਤ ਰਾਸ਼ਟਰ ਦੀ ਨਹੀਂ ਹੈ ਸਗੋਂ ਹਲੀਮੀ ਰਾਜ 'ਤੇ ਅਧਾਰਤਿ ਬੇਗਮਪੁਰਾ ਨਾਮ ਦੀ ਹੈ ਜਿੱਥੇ ਵੱਸਣ ਵਾਲਿਆਂ ਨੂੰ ਕੋਈ ਤਕਲੀਫ਼ ਜਾਂ ਚਿੰਤਾ ਨਾ ਹੋਵੇ, ਉਨ੍ਹਾਂ ਦੇ ਮਾਲ ਵਸਤ 'ਤੇ ਕਿਸੇ ਤਰ੍ਹਾਂ ਦੇ ਮੋਸੂਲ ਜਾਂ ਟੈਕਸ ਨਾ ਹੋਣ, ਅਜਿਹੇ ਰਾਜ ਦੇ ਵਾਸੀ ਨਿਡਰ ਹੋ ਕੇ ਵੱਸਦੇ ਹੋਣ ਤੇ ਕਿਸੇ ਝੂਠੇ ਮੁਕੱਦਮੇ ਕਾਰਨ ਉਨ੍ਹਾਂ ਦਾ ਤ੍ਰਹਿ ਨਾ ਨਿਕਲੇ ਸਗੋਂ ਉਨ੍ਹਾਂ ਨੂੰ ਯਕੀਨ ਹੋਵੇ ਕਿ ਪੂਰਾ ਨਿਆਂ ਹੋਵੇਗਾ, ਉਹ ਰਾਸ਼ਟਰ, ਧਰਮਾਂ-ਜਾਤਾਂ ਦੀ ਵੰਡ ਨਾ ਹੋਵੇ ਅਤੇ ਇਸ ਕਾਰਨ ਕਿਸੇ 'ਤੇ ਵੀ ਪਾਬੰਦੀ ਨਾ ਹੋਗੇ , ਅਮੀਰਾਂ ਨੂੰ ਲੁੱਟੇ ਜਾਣ ਦਾ ਡਰ ਤੇ ਗਰੀਬਾਂ ਨੂੰ ਭੁੱਖ ਦੀ ਚਿੰਤਾ ਨਾ ਹੋਵੇ । ਭਗਤ ਰਵਿਦਾਸ ਜੀ ਅਨੁਸਾਰ ਇਸ ਰਾਸ਼ਟਰ ਦਾ ਨਕਸ਼ਾ "ਬੇਗਮ ਪੁਰਾ ਸਹਰ ਕੋ ਨਾਉ ॥ਦੂਖੁ ਅੰਦੋਹੁ ਨਹੀ ਤਿਹਿ ਠਾਉ ॥" (ਰਾਗੁ ਗਉੜੀ-ਭਗਤ ਰਵਿਦਾਸ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਅੰਗ ੩੪੫) ਵਾਲੇ ਸ਼ਬਦ ਵਿੱਚ ਹੈ । ਸਿੱਖ ਧਰਮ ਦੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਬਾਣੀ ਵਿੱਚ ਕਿਤੇ ਵੀ ਸ਼ਬਦ ਭਾਰਤ ਜਾਂ ਹਿੰਦੁਸਤਾਨ ਨਹੀਂ ਆਇਆ ਸਗੋਂ ਭਾਰਤੀ ਗਣਰਾਜ ਦੇ ਦੇਸ਼ਾਂ ਦਾ ਵਰਨਣ ਵੱਖੋ ਵੱਖਰੇ ਨਾਂਅ ਨਾਲ ਆਉਂਦਾ ਹੈ ਇਸ ਸਬੰਧੀ ਉਨ੍ਹਾਂ ਦੀ ਬਾਣੀ ਅਕਾਲ ਉਸਤਤਿ ਦਾ ੨੫੪ਵਾਂ ਸ਼ਬਦ -
ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲੇ ਧਿਆਵੈ ਗੋਰਿ ਗਰਦੇਜੀ ਗੁਨ ਗਾਵੈ ਤੇਰੇ ਨਾਮ ਹੈਂ ॥
ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੇ ਆਰਬੀ ਅਰਾਧੈ ਤੇਰੇ ਨਾਮ ਹੈਂ ॥
ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੈਸੀ ਜਾਨੈ ਪਛਮ ਕੇ ਪਛਮੀ ਪਛਾਨੈ ਨਿਜ ਕਾਮ ਹੈਂ ॥
ਮਰਹਟਾ ਮਘੇਲੇ ਤੇਰੀ ਮਨ ਸੋ ਤਪਸਿਆ ਕਰੈ ਦ੍ਰਿੜਵੈ ਤਿਲੰਗੀ ਪਹਚਾਨੇ ਧਰਮ ਧਾਮ ਹੈਂ ॥
ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥
ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨÎਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ ॥
ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈਂ ॥
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ – ਸ਼੍ਰੀ ਦਸਮ ਗ੍ਰੰਥ ਸਾਹਿਬ- ਸ਼੍ਰੀ ਅਕਾਲ ਉਸਤਤਿ
ਪੜ੍ਹ ਸਕਦੇ ਹਾਂ । ਕਿਸੇ ਦੇਸ਼ ਦਾ ਕੋਈ ਵੀ ਨਾਮ ਰੱਖ ਲਿਆ ਹੋਵੇ ਕੋਈ ਫਰਕ ਨਹੀਂ ਪੈਂਦਾ। ਅਸਲ ਵਿੱਚ ਜੇ ਉਸ ਦੇਸ਼ 'ਤੇ ਰਾਜ ਕਰਨ ਵਾਲੇ ਰਾਜੇ ਗੁਰਮਤਿ ਵਿਚਾਰਧਾਰਾ "ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥" (ਰਾਗੁ ਮਾਰੂ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੧੦੮੮) ਅਨੁਸਾਰ ਨਹੀਂ ਹਨ ਤਾਂ ਫਿਰ "ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥" ਅਨੁਸਾਰ ਜਿੱਥੇ ਮਾਇਆ ਦੇ ਲੋਭ ਕਾਰਨ ਆਪ ਦੁਖੀ ਹੁੰਦੇ ਹਨ ਉਥੇ ਸਾਰੀ ਪ੍ਰਜਾ ਨੂੰ ਵੀ ਦੁੱਖ ਦਿੰਦੇ ਹਨ । ਜਿਵੇਂ ਕਾਰੂ ਬਾਦਸ਼ਾਹ ਆਪਣੇ ਰਾਜ ਦੇ ਮੁਰਦਿਆਂ ਦੀਆਂ ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਂਹ ਵਿਚੋਂ ਸੋਨੇ ਚਾਂਦੀ ਦੇ ਸਿੱਕੇ ਕੱਢ ਲੈਂਦਾ ਸੀ।
ਸੰਘੀ ਵਿਦਵਾਨ ਆਖਦੇ ਹਨ ਕਿ ਭਾਰਤ ਗਣਰਾਜ ਦਾ ਪੁਰਾਣਾ ਨਾਂਅ ਹਿੰਦੁਤਾਨ ਹੀ ਸੀ। ਤਾਂ ਕਿ ਇਸ ਦੇਸ਼ ਵਿੱਚ ਰਿਸ਼ੀ ਪਰਸ਼ਰਾਮ ਨੇ ਖੱਤਰੀਆਂ ਦੇ ਕਤਲ ਕਰਕੇ ਉਨ੍ਹਾਂ ਦੇ ਖੂਨ ਨਾਲ ਚੁਬੱਚੇ ਭਰ ਕੇ ੨੧ ਵਾਰ ਇਸ਼ਨਾਨ ਨਹੀਂ ਸੀ ਕੀਤਾ? ਕਿ ਸ਼੍ਰੀ ਰਾਮ ਚੰਦਰ ਜੀ ਨੇ ਅਖੌਤੀ ਸ਼ੂਦਰ ਰਿਸ਼ੀ ਸੰਬੂਕ ਦਾ ਕਤਲ ਨਹੀਂ ਸੀ ਕੀਤਾ? ਕੀ ਮੁਸਲਮਾਨ ਧਰਮ 'ਤੇ ਅਧਾਰਿਤ ਬਣੇ ਦੇਸ਼ ਪਾਕਿਤਸਾਨ, ਅਫ਼ਗਾਨਿਸਤਾਨ, ਇਰਾਕ, ਇਰਾਨ, ਸੀਰੀਆ, ਲੀਬੀਆ ਆਦਿ ਵਿੱਚ ਮੁਸਲਮਾਨਾਂ ਦੇ ਕਤਲ ਨਹੀਂ ਹੋ ਰਹੇ, ਇਸਾਈਅਤ ਧਰਮ 'ਤੇ ਅਧਾਰਿਤ ਅਮਰੀਕਾ, ਕੈਨੇਡਾ, ਫਰਾਂਸ, ਇੰਗਲੈਂਡ ਆਦਿ ਵਿੱਚ ਇਸਾਈਆਂ 'ਤੇ ਜ਼ੁਲਮ ਨਹੀਂ ਹੋ ਰਹੇ? ਬੁੱਧ ਧਰਮ 'ਤੇ ਅਧਾਰਤਿ ਜਾਪਾਨ, ਹਾਂਗਕਾਂਗ, ਸਿੰਘਾਪੁਰ, ਕੋਰੀਆ ਆਦਿ ਦੇਸ਼ਾਂ ਵਿੱਚ ਬੋਧੀਆਂ ਦੇ ਕਤਲ ਨਹੀਂ ਹੋ ਰਹੇ? ਰੱਬ ਨੂੰ ਨਾ ਮੰਨਣ ਵਾਲੇ ਕਾਮਰੇਡੀ ਦੇਸ਼ ਚੀਨ, ਰੂਸ, ਬੋਲੀਵੀਆ, ਕੁਰੇਸ਼ੀਆ, ਕਿਊਬਾ ਵਿੱਚ ਮਨੁੱਖਾਂ ਦੇ ਕਤਲ ਨਹੀਂ ਹੋ ਰਹੇ? ਫਿਰ ਕੀ ਗਰੰਟੀ ਹੈ ਕਿ ਭਾਰਤ ਗਣਰਾਜ ਦੇ ਸਾਰੇ ਵਸਨੀਕਾਂ ਦੀ ਭਾਸ਼ਾ ਹਿੰਦੀ ਕਰਕੇ ਉਨ੍ਹਾਂ ਦਾ ਧਰਮ ਹਿੰਦੁ ਬਣਾ ਕੇ ਹਿੰਦੁ ਰਾਸ਼ਟਰ ਹਿੰਦੁਸਤਾਨ ਵਿੱਚ ਹਿੰਦੁਆਂ ਦੇ ਕਤਲ ਨਹੀਂ ਹੋਣਗੇ? ਉਨ੍ਹਾਂ ਦੇ ਹੱਕਾਂ 'ਤੇ ਡਾਕੇ ਨਹੀਂ ਵੱਜਣਗੇ? ਆਮ ਕਹਾਵਤ ਹੈ "ਜਿਸਨੇ ਖੁਦ ਦੁੱਖ ਸਹੇ ਹੋਣ ਉਹ ਦੂਜਿਆਂ ਨੂੰ ਦੁਖੀ ਨਹੀਂ ਕਰਦਾ, ਜਿਸਨੇ ਖੁਦ ਗੁਲਾਮੀ ਸਹੀ ਹੋਵੇ ਉਹ ਦੂਜਿਆਂ ਦੀ ਅਜ਼ਾਦੀ 'ਤੇ ਡਾਕਾ ਨਹੀਂ ਮਾਰਦਾ।" ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਜੋਕੇ ਸੰਘਵਾਦੀਆਂ ਦੇ ਪੂਰਵਜਾਂ ਦੀ ਗੁਲਾਮੀ ਦਾ ਆਪਣੇ ਸਮੇਂ ਰਾਗ ਆਸਾ ਦੇ ਸ਼ਬਦ
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
ਛੋਡੀਲੇ ਪਾਖੰਡਾ ॥ਨਾਮਿ ਲਇਐ ਜਾਹਿ ਤਰੰਦਾ ॥
ਰਾਗੁ ਆਸਾ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੪੭੧
ਅਤੇ
ਮਾਣਸ ਖਾਣੇ ਕਰਹਿ ਨਿਵਾਜ ॥ਛੁਰੀ ਵਗਾਇਨਿ ਤਿਨ ਗਲਿ ਤਾਗ ॥ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ਉਨਾ ਭਿ ਆਵਹਿ ਓਈ ਸਾਦ ॥ਕੂੜੀ ਰਾਸਿ ਕੂੜਾ ਵਾਪਾਰੁ ॥ਕੂੜੁ ਬੋਲਿ ਕਰਹਿ ਆਹਾਰੁ ॥ਸਰਮ ਧਰਮ ਕਾ ਡੇਰਾ ਦੂਰਿ ॥ਨਾਨਕ ਕੂੜੁ ਰਹਿਆ ਭਰਪੂਰਿ ॥ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ਅਭਾਖਿਆ ਕਾ ਕੁਠਾ ਬਕਰਾ ਖਾਣਾ ॥ਚਉਕੇ ਉਪਰਿ ਕਿਸੈ ਨ ਜਾਣਾ ॥ਦੇ ਕੈ ਚਉਕਾ ਕਢੀ ਕਾਰ ॥ਉਪਰਿ ਆਇ ਬੈਠੇ ਕੂੜਿਆਰ ॥ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ਤਨਿ ਫਿਟੈ ਫੇੜ ਕਰੇਨਿ ॥ਮਨਿ ਜੂਠੈ ਚੁਲੀ ਭਰੇਨਿ ॥ਕਹੁ ਨਾਨਕ ਸਚੁ ਧਿਆਈਐ ॥ਸੁਚਿ ਹੋਵੈ ਤਾ ਸਚੁ ਪਾਈਐ ॥੨॥ਪਉੜੀ ॥ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ਦਰਿ ਮੰਗਨਿ ਭਿਖ ਨ ਪਾਇਦਾ ॥੧੬॥
ਰਾਗੁ ਆਸਾ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੪੭੨
ਵਿੱਚ ਬਾਖੂਬੀ ਬਿਆਨ ਕਰਦੇ ਹਨ ਕਿ ਮੁਗਲ ਹਾਕਮਾਂ ਨੇ ਨਦੀ ਦਾ ਪੁਲ ਪਾਰ ਕਰਦਿਆਂ ਜਾਂ ਇਕ ਤੋਂ ਦੂਜੇ ਸ਼ਹਿਰ ਵੜਦਿਆਂ ਜੋ ਮਸੂਲੀਆ (ਟੈਕਸ ਲੈਣ ਵਾਲਾ) ਨਿਯੁਕਤ ਕੀਤਾ ਸੀ ਉਹ ਬ੍ਰਾਹਮਣ ਸੀ। ਜੋ ਇੱਕ ਪਾਸੇ ਗਊ ਨੂੰ ਮਾਤਾ ਅਤੇ ਬ੍ਰਾਹਮਣ ਨੂੰ ਦੇਵਤਾ ਕਰਕੇ ਪੂਜਦੇ ਸਨ ਪਰ ਦੂਜੇ ਪਾਸੇ ਇੰਨ੍ਹਾਂ ਤੋਂ ਟੈਕਸ (ਮਸੂਲ) ਵੀ ਵਸੂਲਦੇ ਸਨ। ਇਹ ਮੱਥੇ 'ਤੇ ਟਿੱਕਾ, ਗਲ ਮਾਲਾ ਅਤੇ ਧੋਤੀ ਪਹਿਣ ਕੇ ਮੁਸਲਮਾਨਾਂ ਨੂੰ ਮਲੇਛ ਆਖਦੇ ਸਨ ਪਰ ਰਾਸ਼ਣ ਇੰਹਨ੍ਹਾਂ ਮੁਗਲਾਂ ਦਾ ਦਿੱਤਾ ਹੀ ਖਾਂਦੇ ਸਨ। ਇਹ ਬ੍ਰਾਹਮਣ ਘਰ ਅੰਦਰ ਹਿੰਦੂ ਰਹੁ ਰੀਤਾਂ ਕਰਦੇ ਸਨ ਪਰ ਬਾਹਰ ਮੁਸਲਮਾਨੀ ਰਹੁ ਰੀਤਾਂ ਅਨੁਸਾਰ ਕੁਰਾਨ ਹਦੀਸ ਪੜ੍ਹਦੇ ਸਨ। ਮੁਸਲਮਾਨਾਂ ਦੇ ਨੌਂਕਰ ਬ੍ਰਾਹਮਣ ਜੋ ਬ੍ਰਾਹਮਣਾਂ ਤੋਂ ਹੀ ਹਰੇਕ ਤਰ੍ਹਾਂ ਦਾ ਟੈਕਸ ਲਗਾ ਕੇ ਧਨ ਆਦਿ ਲੈਂਦੇ ਸਨ ਉਨ੍ਹਾਂ ਘਰ ਹੀ ਬ੍ਰਾਹਮਣ ਪੂਜਾਰੀ ਆਦਿ ਆ ਕੇ ਸੰਖ ਵਜਾ ਕੇ ਭਿਖਿਆ ਪ੍ਰਾਪਤ ਕਰਕੇ ਖੁਸ਼ ਹੁੰਦੇ ਸਨ ਜੋ ਉਨ੍ਹਾਂ ਨੂੰ ਮੁਸਲਮਾਨਾਂ ਦੁਆਰਾ ਪ੍ਰਾਪਤ ਹੋਈ ਸੀ। ਗੁਰੂ ਨਾਨਕ ਸਾਹਿਬ ਇਸ ਸ਼ਬਦ ਵਿੱਚ ਆਖਦੇ ਹਨ ਕਿ ਉਸ ਸਮੇਂ ਹਿੰਦੁ ਬ੍ਰਾਹਮਣਾਂ ਦਾ ਸਾਰਾ ਪੂਜਾ-ਪਾਠ, ਵਣਜ-ਵਪਾਰ ਝੂਠ 'ਤੇ ਅਧਾਰਿਤ ਸੀ ਅਤੇ ਉਨ੍ਹਾਂ ਅੰਦਰੋਂ ਸ਼ਰਮ ਤੇ ਧਰਮ ਖ਼ਤਮ ਹੋ ਝੁੱਕਾ ਸੀ। ਇਹ ਹਿੰਦੁ ਬ੍ਰਾਹਮਣ ਮੁਸਲਮਾਨੀ ਧਰਮ ਅਨੁਸਾਰ ਨੀਲੇ ਕੱਪੜੇ ਪਹਿਣਦੇ ਸਨ।
ਹਿੰਦੀ ਸੰਸਕ੍ਰਿਤ ਨੂੰ ਛੱਡੇ ਕੇ ਅਰਬੀ ਫਾਰਸੀ ਪੜ੍ਹਦੇ ਸਨ ਅਤੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਹਲਾਲ ਹੋਏ ਬੱਕਰੇ ਨੂੰ ਖਾਂਦੇ ਸਨ ਅਤੇ ਦੂਜੇ ਪਾਸੇ ਗਾਂ ਦੇ ਗੋਹੇ ਨਾਲ ਲੇਪ ਕਰਕੇ ਲਕੀਰਾਂ ਕੱਢ ਕੇ ਆਪਣੀ ਰਸੌਈ ਸੁੱਚੀ ਕਰਦੇ ਸਨ। ਇਹ ਹਿੰਦੂ ਹਰੇਕ ਤਰ੍ਹਾਂ ਮੁਸਲਮਾਨੀ ਸ਼ਰ੍ਹਾ ਅਨੁਸਾਰ ਆਪਣੀ ਜੀਵਣ ਬਤੀਤ ਕਰਦੇ ਸਨ ਪਰ ਆਪਣੀ ਰਸੌਈ 'ਤੇ ਅਖੌਤੀ ਸ਼ੂਦਰਾਂ ਦਾ ਪਰਛਾਵਾਂ ਵੀ ਨਹੀਂ ਸਨ ਪੈਣ ਦਿੰਦੇ ਕਿ ਕਿਤੇ ਸਾਡਾ ਅੰਨ੍ਹ ਭਿੱਟਿਆ ਨਾ ਜਾਵੇ। ਅਨੇਕਾਂ ਤਰ੍ਹਾਂ ਦੇ ਕਰਮ ਕਾਂਡਾ ਰਾਂਹੀ ਇਹ ਹਿੰਦੂ ਬ੍ਰਾਹਮਣ ਆਪਣੇ ਆਪ ਨੂੰ ਸੁੱਚਾ ਕਰਦੇ ਸਨ । ਇਸ ਸ਼ਬਦ ਵਿੱਚ ਪਾਤਸ਼ਾਹ ਜੀ ਨੇ ਅਜਿਹੇ ਗੁਲਾਮ ਲੋਕਾਂ ਨੂੰ ਹਲੂਣਦਿਆਂ ਕਿਹਾ ਸੀ ਕਿ "ਪ੍ਰਭੂ ਦੀ ਬਣਾਈ ਖਲਕਤ ਨਾਲ ਵਿਤਕਰਾ ਕਰਨ ਵਾਲਿਉ ਜੇ ਪ੍ਰਮਾਤਮਾ ਨੇ ਤੁਹਾਡੇ ਤੋਂ ਆਪਣੀ ਮਿਹਰ ਦੀ ਨਜ਼ਰ ਪਰ੍ਹੇ ਕਰ ਲਈ ਤਾਂ ਫਿਰ ਦਰ ਦਰ ਭੀਖ ਮੰਗਦੇ ਫਿਰੋਗੇ ਤਾਂ ਵੀ ਤੁਹਾਨੂੰ ਕਿਸੇ ਨੇ ਭੀਖ ਨਹੀਂ ਦੇਣੀ।"
ਅੱਜ ਜੇਕਰ ਸੰਘਵਾਦੀ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਨਾਅਰਾ ਦੇ ਕੇ ਭਾਰਤੀ ਗਣਰਾਜ ਦੀਆਂ ਹੋਰ ਘੱਟ ਗਿਣਤੀ ਕੌਮਾਂ ਨੂੰ ਗੁਲਾਮੀ ਹੇਠ ਕਰਨਾ ਚਹੁੰਦੇ ਹਨ ਤਾਂ ਇਹ ਇਨ੍ਹਾਂ ਦੀ ਸਦੀਆਂ ਦੀ ਗੁਲਾਮੀ ਦਾ ਬਦਲਾ ਤਾਂ ਨਹੀਂ? ਸੰਘੀ ਵਿਦਵਾਨਾਂ ਵਲੋਂ ਇਹ ਕਹਿਣਾ ਕਿ ਸੰਸਕ੍ਰਿਤ ਦਾ (ਸ) ਫਾਰਸੀ ਦੇ (ਹ) 'ਚ ਤਬਦੀਲ ਹੋ ਜਾਂਦਾ ਹੈ ਜਿਸਤੋਂ ਹਿੰਦੀ , ਹਿੰਦੂ, ਹਿੰਦੁਸਤਾਨ ਬਣਦਾ ਹੈ ਤਾਂ ਸੰਘੀਆਂ ਨੂੰ ਇਹ ਤੈਅ ਕਰਨਾਂ ਹੋਵੇਗਾ ਕਿ ਉਹ ਮੁਸਲਮਾਨ ਹਨ ਜਾਂ ਸਿੰਧੂ? ਜੇਕਰ ਉਹ ਸਿੰਧੂ ਹਨ ਤਾਂ ਫਿਰ ਦੇਸ਼ ਦੀ ਭਾਸ਼ਾ ਸਿੰਧੀ, ਵਾਸੀ ਸਿੰਧੂ ਅਤੇ ਦੇਸ਼ ਸਿੰਧੁਸਤਾਨ ਕਿਉਂਕਿ ਸੰਘੀ ਤਾਂ (ਸ) ਬੋਲ ਸਕਦੇ ਹਨ। ਜੇ (ਸ) ਦੀ ਥਾਂ (ਹ) ਹੀ ਹੈ ਜੋ ਮੁਸਲਮਾਨਾਂ ਵਲੋਂ ਦਿੱਤਾ ਗਿਆ ਹੈ ਤਾਂ ਫਿਰ ਆਪਣੇ ਆਪ ਨੂੰ ਮੁਸਲਮਾਨ ਅਖਵਾਉਣ ਅਤੇ ਆਪਣੇ "ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਰਾਹਟਰੀ ਹਵੈਮ ਹੇਵਕ ਹੰਗ" ਦਾ ਨਾਮ ਦੇਣ ਅਤੇ ਆਪਣੇ ਆਪ ਨੂੰ ਸੰਘੀ ਦੀ ਥਾਂ ਹੰਘੀ ਅਖਵਾਉਣ । ਅਸਲ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਨਾਅਰਾ ਕੁੱਝ ਮੁੱਠੀ ਭਰ ਉੱਚ ਜਾਤੀ ਬ੍ਰਾਹਮਣਾਂ ਵਲੋਂ ਅਖੌਤੀ ਰਾਸ਼ਟਰ ਸੇਵਾ ਦੇ ਨਾਂਅ 'ਤੇ ਭਾਰਤੀ ਗਣਰਾਜ ਦੇ ਲੋਕਾਂ ਦੀ ਲੁੱਟ ਖਸੁੱਟ ਕਰਨ ਲਈ ਦਿੱਤਾ ਗਿਆ ਹੈ ਜਿਸਦੀ ਪੂਰਤੀ ਲਈ ਇਹਨ੍ਹਾਂ ਵਲੋਂ ਭਾਰਤੀ ਗਣਰਾਜ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਦਾ ਆਣੇ ਬਹਾਨੇ ਕਤਲੇਆਮ ਕੀਤਾ ਜਾ ਰਿਹਾ ਹੈ ਅਤੇ ਅਕਸਰ ਉਨ੍ਹਾਂ ਨੂੰ ਦਹਿਸ਼ਤਗਰਦ ਵੀ ਐਲਾਣਿਆ ਜਾਂਦਾ ਹੈ ਪਰ ਪ੍ਰਮਾਤਮਾ ਦਾ ਨਿਆਂ ਦੇਖੋ ਇਹਨ੍ਹਾਂ ਸੰਘੀਆਂ ਦੀਆਂ ਭਾਈਵਾਲ ਜਥੈਬੰਦੀਆਂ ਨੂੰ ਹੀ ਅਮਰੀਕਾ ਵਰਗੇ ਦੇਸ਼ ਨੇ ਅੱਤਵਾਦੀ ਜਥੈਬੰਦੀਆਂ ਕਰਾਰ ਦੇ ਦਿੱਤਾ ਹੈ। ਜੇਕਰ ਸੰਘਵਾਦੀਆਂ ਵਲੋਂ ਭਾਰਤੀ ਗਣਰਾਜ ਦੇ ਘੱਟ ਗਿਣਤੀ ਕੌਮਾਂ ਵਿਰੁੱਧ ਅਣ-ਮਨੁੱਖੀ ਵਰਤਾਰੇ ਜਾਰੀ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਭਾਰਤ ਵੀ ਪਾਕਿਸਤਾਨ ਵਾਂਗ ਦਹਿਸ਼ਤਗਰਦ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ।
ਭਾਰਤੀ ਗਣਰਾਜ ਦੇ ਫਿਰਕੂ ਹਾਕਮਾਂ ਨੂੰ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਮ 'ਤੇ ਨਫ਼ਰਤ ਫੈਲਾਉਣੀ ਬੰਦ ਕਰਕੇ ਗੁਰਮਤਿ ਦੀ ਬ੍ਰਹਿਮੰਡੀ ਵਿਚਾਰਧਾਰਾ ਤੋਂ ਸੇਧ ਲੈਣੀ ਚਾਹੀਦੀ ਹੈ ਜੋ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥" (ਰਾਗੁ ਤਿਲੰਗ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੭੨੨) 'ਤੇ ਅਧਾਰਿਤ ਹੈ ਜੋ ਸੁਨੇਹਾ ਦਿੰਦੀ ਹੈ "ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ ॥੬॥" (ਸਲੋਕ ਸੇਖ ਫਰੀਦ ਕੇ-ਸੇਖ ਫਰੀਦ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੧੩੭੮) ਗੁਰਮਤਿ ਵਿਚਾਰਧਾਰਾ ਹੀ ਸਾਨੂੰ ਸਿਖਾਉਂਦੀ ਹੈ
"ਪਰ ਕਾ ਬੁਰਾ ਨ ਰਾਖਹੁ ਚੀਤ ॥ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥" (ਰਾਗੁ ਆਸਾ-ਮ; ੫-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੰਗ ੩੮੬) ਗੁਰਮਤਿ ਦੀ ਬ੍ਰਹਿਮੰਡੀ ਵਿਚਾਰਧਾਰਾ ਹੀ ਕਿਸੇ ਇੱਕ ਵਿਸ਼ੇਸ਼ ਭਾਸ਼ਾ, ਜਾਤ ਜਾਂ ਦੇਸ਼ ਤੋਂ ਵੱਖਰੀ ਹੈ ਜੋ ਸਾਰੀਆਂ ਭਾਸ਼ਾਵਾਂ, ਸਾਰੇ ਜਾਤ-ਧਰਮ ਦੇ ਲੋਕਾਂ ਅਤੇ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੈ ਵਿੱਚ ਲੈਣ ਦੇ ਸਮਰੱਥ ਹੈ। ਗੁਰਮਤਿ ਦੀ ਭਾਸ਼ਾ ਸੱਚ ਹੈ, ਗੁਰਮਤਿ ਦਾ ਧਰਮ ਸੱਚ ਹੈ, ਗੁਰਮਤਿ ਦਾ ਰਾਜ ਸੱਚ ਹੈ ਅਤੇ ਇਸਦੀ ਮਜ਼ਬੂਤ ਕਿਲੇ ਰੂਪੀ ਬੁਨਿਆਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਰੱਖ ਗਏ ਹਨ "ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥" (ਰਾਗੁ ਰਾਮਕਲੀ-ਬਲਵੰਡਿ ਤੇ ਸਤਾ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ ੯੬੬) ਅਤੇ ਇਹ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ ।