ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ। ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।
ਚਿੱਤਰਕਾਰ ਕ੍ਰਿਪਾਲ ਸਿੰਘ ਨੇ ਉਸੇ ਸਮੇਂ ਦੇ ਅਤਿਆਚਾਰੀ ਮਾਹੌਲ ਨੂੰ ਚਿਤਰਿਆ। ਸਿੱਖਾਂ ਦੇ ਸਿਰ ਪੈਸੇ ਕਮਾਉਣ ਦਾ ਸਾਧਨ ਬਣ ਗਏ ਸਨ, ਜਿੱਥੇ ਲੁੱਟ ਦੀ ਬਜਾਏ ਮਾਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ। ਵੇਲੇ ਦੇ ਕਹਿਰ ਨੇ ਇਸ ਲੋਕ ਕਹਾਵਤ ਨੂੰ ਜਨਮ ਦਿੱਤਾ
ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ। ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
'ਜਿੰਨ੍ਹਾਂ ਸਿਦਕ ਨਹੀਂ ਹਾਰਿਆ' ਚਿੱਤਰ ਦੀ ਵਿਲੱਖਣਤਾ ਹੈ ਕਿ ਇਹ ਕਿਸੇ ਵੱਡੇ ਸੂਰਬੀਰ ਦੇ ਪ੍ਰਾਕਰਮ ਨੂੰ ਜ਼ਾਹਰ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਯੋਧੇ ਦੀ ਤਸਬੀਹ ਉਲੀਕੀ ਗਈ ਹੈ ਤਾਂ ਵੀ ਇਸ ਚਿੱਤਰ ਦੀ ਆਪਣੀ ਅਹਿਮੀਅਤ ਹੈ। ਦੋ ਸਾਧਾਰਨ, ਗਰੀਬ ਵਿਅਕਤੀ ਆਪਣੇ ਹੱਥੀਂ ਨੇਜ਼ੇ ਫੜੀ, ਜਿੰਨ੍ਹਾਂ ਉਪਰ ਕੱਟੇ ਹੋਏ ਸਿਰ ਟੰਗੇ ਹੋਏ ਹਨ, ਆਪਣੇ ਰਾਹ ਤੁਰੇ ਜਾ ਰਹੇ ਹਨ। ਉਨਾਂ ਦੀ ਪੇਸ਼ਕਦਮੀ ਦਰਸ਼ਕ ਮੁਖੀ ਨਹੀਂ। ਉਹ ਦੇਖਣ ਵਾਲੇ ਤੋਂ ਪਰ੍ਹਾਂ ਜਾ ਰਹੇ ਹਨ।
'ਜਿੰਨ੍ਹਾਂ ਸਿਦਕ ਨਹੀਂ ਹਾਰਿਆ' ਚਿੱਤਰ ੧੯੫੭ ਵਿੱਚ ਰਚਿਆ ਗਿਆ ਜਿਸਦਾ ਆਕਾਰ ੩੩ ਇੰਚ ਗੁਣਾ ੪੩ ਇੰਚ ਹੈ। ਹੋਰ ਚਿੱਤਰਾਂ ਵਾਂਗ ਇਹ ਵੀ ਤੇਲ ਚਿੱਤਰ ਹੀ ਹੈ।
ਚਿੱਤਰ ਦੀ ਕਾਰਜ ਥਾਂ ਖੁੱਲ੍ਹੇ ਅਸਮਾਨ ਥੱਲੇ ਹੈ ਆਸ ਪਾਸ ਜਾਂ ਦੂਰ ਦੂਰਾਡੇ ਤਕ ਕੋਈ ਇਮਾਰਤ ਜਾਂ ਟੱਪਰੀ ਨਹੀਂ ਹੈ। ਇਹ ਬੇਆਬਾਦ, ਬੇਸਵਾਦ ਥਾਂ ਹੈ। ਪਰ ਕੁਝ ਕੁ ਕੁਦਰਤੀ ਮੋਟਿਫ ਹਨ ਜਿੰਨ੍ਹਾਂ ਸਦਕਾ ਇਹ ਥਾਂ ਹਰਿਆਵਲੀ ਲੱਗਦੀ ਹੈ। ਖੱਬੇ ਵੱਲ ਵੱਡਾ ਰੁੱਖ ਹੈ ਜਿਸਦੇ ਨਾਲੋ ਨਾਲ ਅਗਾਂਹ ਚੱਲਦਿਆਂ ਕੁੱਝ ਹੋਰ ਰੁੱਖਾਂ ਦਾ ਝੁੰਡ ਦਿਖਦਾ ਹੈ। ਸੱਜੇ ਵੱਲ ਨੂੰ ਵਗਦੇ ਪਾਣੀ ਦੀ ਖਾਲ ਹੈ। ਦੋਵੇਂ ਮੋਟਿਫ਼ ਆਪੋ ਆਪਣੀ ਥਾਂ ਕਾਇਮ ਹੁੰਦੇ ਹੋਏ ਤਿੰਨ ਅਰਥਾਂ ਨੂੰ ਦੱਸ ਰਹੇ ਹਨ।
ਪਸਰੇ ਮੈਦਾਨ ਉਪਰ ਘਾਹ, ਜੜੀ ਬੂਟੀ, ਸਰਕੰਡਿਆਂ ਦੇ ਬੁੰਬਲ ਦਿਖਾਈ ਦੇ ਰਹੇ ਹਨ। ਇਥੇ ਸਾਨੂੰ ਪ੍ਰਕਿਰਤੀ ਦਾ ਉਹ ਰੂਪ ਨਹੀਂ ਦਿਸਦਾ ਜਿਸਨੂੰ ਮਾਣਿਆ ਜਾ ਸਕੇ, ਜਿਥੇ ਬੈਠ ਮਨ ਨੂੰ ਸਕੂਨ ਮਿਲ ਸਕੇ। ਕਿਸੇ ਵੇਲੇ ਚਿਤੇਰਾ ਵਸਤੂ ਸਥਿਤੀ ਨੂੰ ਵਧਾ ਚੜਾ ਕੇ ਪੇਸ਼ ਕਰਦਾ ਹੈ। ਉਹ ਹਰ ਸੰਭਵ, ਅਸੰਭਵ ਨੂੰ ਇੱਕ ਥਾਂ ਉਪਰ ਇਕੱਤਰ ਕਰ ਕੈਨਵਸ ਨੂੰ ਸਜਾਵਟੀ ਬਨਾਉਣ ਦਾ ਉਪਰਾਲਾ ਕਰਦਾ ਹੈ। ਪੇਂਟਰ ਕਿਰਪਾਲ ਸਿੰਘ ਏਦਾਂ ਦਾ ਕੁੱਝ ਨਹੀਂ ਕਰਦੇ।
ਦ੍ਰਿਸ਼ ਮਨੋਕਲਪਿਤ ਹੈ ਜਿਹਦੇ ਵਿੱਚ ਸੱਚ ਦਾ ਰਲੇਵਾਂ ਹੈ। ਰੁੱਖ ਜਾਂ ਵਹਿੰਦਾ ਪਾਣੀ ਅੱਧ-ਅਧੂਰੇ ਰੂਪ ਨਾਲ ਹਾਜ਼ਰ ਹਨ, ਲੋੜਵੱਸ ਹਨ ਨਾ ਕਿ ਸੁੰਦਰਤਾ ਵੱਸ। ਅਜਿਹੇ ਚਿੱਤਰਤ ਮਾਹੌਲ ਵਿੱਚ ਦੋ ਆਦਮੀ ਆਪਣੇ ਹੱਥ ਫੜੇ ਦੋ ਨੇਜ਼ਿਆਂ ਉਪਰ ਦੋ ਸਿਰਾਂ ਨੂੰ ਚੁੱਕੀ ਜਾ ਰਹੇ ਹਨ। ਇਹ ਦ੍ਰਿਸ਼ ਸਾਧਾਰਨ ਸਮੇਂ ਦਾ ਨਹੀਂ। ਇਹ ਅਸਾਧਾਰਨ ਸਮੇਂ ਦਾ ਆਮ ਦ੍ਰਿਸ਼ ਹੈ। ਹੁਕਮਰਾਨ ਦਾ ਹੁਕਮ ਸੀ ਕਿ ਧਰਤੀ ਦੇ ਇਸ ਖਿੱਤੇ ਨੂੰ ਸਿੱਖ ਵਿਹੂਣਾ ਕਰ ਦਿਓ, ਹੱਥਕੰਡਾ ਭਾਵੇਂ ਕੋਈ ਵੀ ਵਰਤਿਆ ਜਾਵੇ, ਮਾਰਨ ਵਾਲੇ ਨੂੰ ਲਾਲਚ ਦਿੱਤਾ ਗਿਆ ਸੀ ਕਿ ਮਾਰੇ ਗਏ ਸਿੱਖ ਦਾ ਕੱਟਿਆ ਸਿਰ ਜੇ ਹੁਕਮਰਾਨ ਸਾਹਮਣੇ ਪੇਸ਼ ਕੀਤਾ ਜਾ ਸਕੇ ਤਾਂ ਉਸਨੂੰ ਨਕਦ ਇਨਾਮ ਦਿੱਤਾ ਜਾਵੇਗਾ। ਇਹ ਦੋ ਵਿਅਕਤੀ ਉਸੇ ਤੱਥ ਦੀ ਜਾਮਨੀ ਭਰ ਰਹੇ ਹਨ।
ਇਕ ਭਾਲੇ ਦੇ ਸਿਖਰ ਉਪਰ ਬਜ਼ੁਰਗ ਸਿੱਖ ਦਾ ਸਿਰ ਹੈ ਜਦੋਂਕਿ ਦੂਜੇ ਦੇ ਸਿਖਰੀਂ ਨੌਜਵਾਨ ਦਾ ਸਿਰ ਪਰੁੱਚਿਆ ਹੋਇਆ ਹੈ। ਬਿਰਧ ਸਿਰ ਸਿਰੋਂ ਨੰਗਾ ਹੈ, ਪਰ ਨਿਸ਼ਾਨੀ ਵਜੋਂ ਉਸਦੇ ਸਿਰ ਜੂੜਾ ਹੈ, ਦਾੜ੍ਹੀ ਮੁੱਛਾਂ ਹਨ। ਦੂਜੇ ਸਿਰ ਪਰਨਾ ਬੱਝਾ ਹੈ । ਚੇਹਰੇ ਉਪਰ ਹਲਕੀ-ਹਲਕੀ ਦਾੜ੍ਹੀ ਮੁੱਛ ਹੈ। ਸੋਚ ਬਣਦੀ ਹੈ ਕਿ ਮਰਨ ਵਾਲਿਆਂ ਦਾ ਆਪਸ ਵਿੱਚ ਕੀ ਸਬੰਧ ਹੈ? ਕਿ ਉਹ ਪਿਓ ਪੁੱਤ ਹਨ? ਕੀ ਇਹ ਇੱਕੋ ਪਿੰਡ ਦੇ ਹਨ ਜਾਂ ਵੱਖੋ ਵੱਖਰੀ ਥਾਂ ਦੇ ਵਸਨੀਕ ਹਨ? ਕੁੱਝ ਵੀ ਹੋਵੇ ਇਕ ਗੱਲ ਸਾਫ਼ ਹੈ, ਉਨਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਮਾਰਨ ਵਾਲੇ ਉਨਾਂ ਦੇ ਸਿਰਾਂ ਦੇ ਪੈਸੇ ਵੱਟਣ ਜਾ ਰਹੇ ਹਨ।
ਵਿਚਾਰ ਹੋ ਸਕਦਾ ਹੈ ਕਿ ਇਹ ਮਾਰੇ ਕਿਵੇਂ ਗਏ? ਸਿੱਧੀ ਲੜਾਈ ਵਿੱਚ ਮਾਰੇ ਗਏ ਜਾਂ ਧੋਖੇ ਨਾਲ ਮਾਰਨ ਬਾਅਦ ਧੜੋਂ ਸਿਰ ਵੱਖ ਕਰ ਲਏ ਗਏ? ਕਿ ਇਹੋ ਅਸਲ ਕਾਤਲ ਹਨ ਜਾਂ ਅਸਲੀ ਕਾਤਲਾਂ ਕੋਲੋਂ ਇਨ੍ਹਾਂ ਨੇ ਸਿਰਾਂ ਨੂੰ ਲੁੱਟਿਆ ਹੈ। ਸਿਰਾਂ ਦੀ ਦਿੱਖ ਦੱਸਦੀ ਹੈ ਕਿ 'ਇਹ ਲੁੱਟ ਦਾ ਮਾਲ ਨਹੀਂ।'
ਦੋਵਾਂ ਦੀ ਸਰੀਰਕ ਭਾਸ਼ਾ ਉਤਸ਼ਾਹੀ ਹੈ। ਇਨ੍ਹਾਂ ਦੀਆਂ ਗੱਲਾਂ ਆਮ ਰਾਹੀਆਂ ਦੀਆਂ ਗੱਲਾਂ ਨਹੀਂ ਹੋਣਗੀਆਂ ਸਗੋਂ ਵਿਸ਼ੇ ਨਾਲ ਜੁੜੀਆਂ ਹੋਣਗੀਆਂ। ਅੱਗੇ ਤੁਰ ਰਹੇ ਆਦਮੀ ਦੀ ਬਾਂਹ ਦਾ ਉਲਾਰ ਰਾਹ ਦਾ ਦਿਸ਼ਾ ਨਿਰਦੇਸ਼ ਦੱਸਣ ਵਾਲਾ ਨਹੀਂ ਸਗੋਂ ਸੁਣੀ ਦੱਸੀ ਗੱਲ ਦਾ ਉਨਮਾਦੀ ਪ੍ਰਗਟਾਵਾ ਹੈ।
ਇਹ ਆਪਣੀ ਵਸਤੂ ਦਾ ਮੁੱਲ ਲੈਣ ਤੁਰੇ ਹਨ। ਇਹ ਜਲਦੀ ਚੱਲ ਕੇ ਮੰਜਿਲ ਉਪਰ ਜਲਦੀ ਪੁੱਜਣਾ ਚਹੁੰਦੇ ਹਨ। ਹੁਕਮਰਾਨ ਵੀ ਇਨ੍ਹਾਂ ਸਿਰਾਂ ਨੂੰ ਦੇਖ ਕੇ ਜਲਦੀ ਖੁਸ਼ ਹੋਵੇਗਾ ਕਿਉਂਕਿ 'ਇਹ ਸਿਰ ਕਾਫ਼ਿਰਾਂ (ਦੁਸ਼ਮਣਾਂ) ਦੇ ਹਨ।'
ਚਿਤੇਰੇ ਲਈ ਇਹ ਦੱਸਣਾ ਜਰੂਰੀ ਨਹੀਂ ਕਿ ਇਹ ਕਿਥੋਂ ਤੁਰ ਕੇ ਕਿੱਥੇ ਪਹੁੰਚੇ ਹਨ। ਉਹ ਆਪਣੇ ਰਾਹ ਉਪਰ ਹਨ, ਬਸ ਇਹੋ ਕਾਫ਼ੀ ਹੈ।
ਹਾਕਮ ਜਮਾਤ ਆਮ ਤੌਰ 'ਤੇ ਆਪਣੀ ਰਿਆਇਆ ਨੂੰ ਵੰਢ ਕੇ ਰੱਖਣ ਵਿੱਚ ਯਕੀਨ ਰੱਖਦੀ ਹੈ। ਮਾਇਆ ਜਾਂ ਸਹੂਲਤ ਦਾ ਲਾਲਚ ਦੇ ਕੇ ਆਪਣੇ ਵੱਸ ਕਰਨਾ ਹਕੂਮਤ ਨੂੰ ਸਦਾ ਰਾਸ ਆਉਂਦਾ ਹੈ। ਚਿੱਤਰ ਵਿਚਲੀ ਕਿਰਿਆ ਅਤੇ ਇਸਦੇ ਬਾਹਰ ਹੋ ਰਹੀ ਕਿਰਿਆ ਕਹੇ ਦੀ ਪੁਸ਼ਟੀ ਹੈ। ਇਹ ਦੋਵੇਂ ਕਾਤਲ ਹਥਿਆਰਬੰਦ ਹਨ। ਜੋ ਮੂਹਰੇ ਹੈ, ਉਸਦੇ ਖੱਭੇ ਮੋਢੇ ਨਾਲ ਬੰਦੂਕ ਲਟਕਦੀ ਦਿਸ ਰਹੀ ਹੈ। ਸੱਜੇ ਹੱਥ ਨੇਜ਼ਾ ਹੈ ਤੇ ਪਿੱਛੇ ਤੁਰ ਰਹੇ ਆਦਮੀ ਨੇ ਆਪਣੇ ਕਮਰਕੱਸੇ ਵਿੱਚ ਤਲਵਾਰ ਫਸਾਈ ਹੋਈ ਹੈ। ਪਿੱਠ ਪਿੱਛੇ ਢਾਲ ਵੀ ਹੈ। ਇਉਂ ਦੋਵੇਂ ਜਣੇ ਲੜਾਕੂ ਹਨ। ਦੋਵੇਂ ਨੇੜਿਉਂ ਅਤੇ ਦੂਰ ਮਾਰ ਕਰਨ ਦੇ ਸਮਰੱਥ ਹਨ। ਸੰਭਵ ਹੈ ਕਿ ਮਰਨ ਵਾਲੇ ਬੰਦੂਕ ਦੀ ਗੋਲੀ ਨਾਲ ਮਾਰੇ ਗਏ ਹੋਣ। ਮਾਰ ਕੇ ਫਿਰ ਸਿਰ ਵੱਖ ਕਰਨੇ ਦੁਖਦ ਕਿਰਿਆ ਹੈ, ਪਰ ਕਰਨ ਵਾਲਿਆਂ ਲਈ ਇਹ ਸਹਿਜ ਕੰਮ ਹੈ। ਇਹ ਇਨ੍ਹਾਂ ਜਿਹਿਆਂ ਲਈ ਨਿੱਤ ਦੀ ਕਿਰਿਆ ਹੈ। ਇਸ ਕੰਮ ਦੀ ਕੋਈ ਪੜਤਾਲ ਨਹੀਂ ਹੋਣੀ। ਜੋ ਮਾਰੇ ਗਏ ਹਨ, ਉਹ ਪਹਿਲਾਂ ਹੀ ਦੋਖੀ ਅਤੇ ਮੁਜ਼ਰਮ ਐਲਾਨੇ ਜਾ ਚੁੱਕੇ ਹਨ। ਮਾਰਨ ਵਾਲੇ ਤਾਂ ਆਪਣੇ ਤੌਰ 'ਤੇ ਨਿਆਂ ਕਰ ਰਹੇ ਹਨ।
ਇਹ ਸ਼ਾਂਤੀ ਸਥਾਪਤ ਕਰਨ ਵਾਲੇ ਨਹੀਂ ਸਗੋਂ ਆਪਣੇ ਤਰੀਕੇ ਨਾਲ ਸਮਾਜ ਦੇ ਇੱਕ ਵਰਗ ਵਿੱਚ ਦਹਿਸ਼ਤ ਪੈਦਾ ਕਰਕੇ ਉਸਨੂੰ ਸਿੱਧਿਆਂ-ਅਸਿੱਧਿਆਂ ਹਾਕਮ ਦੇ ਧਰਮ ਨੂੰ ਅਪਣਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਕਿਰਪਾਲ ਸਿੰਘ ਦਰਸ਼ਕ ਦੇ ਮਨ ਵਿੱਚ ਇਹ ਸ਼ੱਕ ਨਹੀਂ ਰਹਿਣ ਦਿੰਦੇ ਕਿ ਇਹ ਕਿਸ ਧਰਮ ਨਾਲ ਸਬੰਧਤ ਹਨ। ਇੱਕ ਦੇ ਸਿਰ ਵੱਟਦਾਰ ਕੱਪੜੇ ਦੀ ਪੱਗ ਹੈ ਜਦੋਂਕਿ ਦੂਜੇ ਦੇ ਸਿਰ ਟੋਪੀ ਹੈ। ਤੇੜ ਪਾਏ ਕੱਪੜੇ ਫਟੇ ਪੁਰਾਣੇ ਅਤੇ ਅਧੂਰੇ ਹਨ। ਦਰਅਸਲ, ਇਨ੍ਹਾਂ ਦਾ ਲਿਬਾਸ ਇਨ੍ਹਾਂ ਦੀ ਆਰਥਿਕ, ਸਮਾਜਿਕ ਵਰਗ ਸਥਿਤੀ ਦੱਸਦਾ ਹੈ।
ਉਹ ਇਤਿਹਾਸ ਦਾ ਖੌਫਨਾਕ ਪੜਾਅ ਰਿਹਾ ਹੋਵੇਗਾ, ਜਦੋਂ ਸਿੱਖਾਂ ਨੂੰ ਲੱਭਣਾ ਅਤੇ ਲੱਭ ਕੇ ਮਾਰਨਾ ਇਨ੍ਹਾਂ ਲੋਕਾਂ ਦਾ ਕਿੱਤਾ ਬਣਾ ਚੁੱਕਾ ਸੀ। ਸਿਰਾਂ ਦੇ ਬਦਲੇ ਪੈਸਿਆਂ ਨਾਲ ਘਰਾਂ ਦਾ ਗੁਜਰ ਬਸਰ ਹੁੰਦਾ ਸੀ।
ਕਿਰਪਾਲ ਸਿੰਘ ਦੀ ਪੇਂਟਿੰਗ ਦਾ ਮਹੱਤਵ ਚਿੱਤਰ ਕਰਕੇ ਨਹੀਂ ਸਗੋਂ ਇਸਦੀ ਸਾਰਥਿਕਤਾ ਇਤਿਹਾਸਕ ਸੰਦਰਭ ਕਰਕੇ ਹੈ। ਰਾਜ ਆਪਣੇ ਹੀ ਅਧੀਨ ਖੇਤਰ ਉੱਪਰ ਰਹਿ ਰਹੀ ਵਸੋਂ ਦੇ ਇੱਕ ਹਿੱਸੇ ਨੂੰ ਦੁਸ਼ਮਣ ਵਾਂਗ ਦੇਖਣਾ ਆਪਣਾ ਫ਼ਰਜ ਸਮਝਦਾ ਰਹਿੰਦਾ ਹੈ।
ਦੋ ਕਾਤਲਾਂ ਦੇ ਪਿੱਛੇ-ਪਿੱਛੇ ਤੁਰਿਆ ਹੋਇਆ ਇੱਕ ਕੁੱਤਾ ਹੈ। ਯਕੀਨਨ ਇਹ ਰਾਹਗੀਰਾਂ ਦਾ ਸਾਥੀ ਹੈ। ਅਜਿਹੇ ਲੋਕਾਂ ਵਾਸਤੇ ਇਹ ਜਾਨਵਰ ਵੀ ਇੱਕ ਹਥਿਆਰ ਹੀ ਹੈ। ਇਸਦੀ ਮਦਦ ਨਾਲ ਇਹ ਲੋਕ ਆਪਣੇ ਸ਼ਿਕਾਰ ਨੂੰ ਆਸਾਨੀ ਨਾਲ ਲੱਭ ਲੈਂਦੇ ਹੋਣਗੇ। ਕਿਉਂਕਿ ਵਫ਼ਾਦਾਰ ਕੁੱਤਾ ਅਣਜਾਣ ਵਿਆਕਤੀ ਦੀ ਬਾਸ ਪਛਾਣ ਭੌਂਕਣ ਲੱਗ ਪੈਂਦਾ ਹੈ। ਮਾਸ ਦੀ ਗੰਧ ਕੁੱਤੇ ਨੂੰ ਖਿੱਚ ਆਪਣੇ ਨਾਲ ਤੋਰ ਰਹੀ ਹੈ, ਇਦਾਂ ਲੱਗਦਾ ਨਹੀਂ। ਉਸ ਸਥਿਤੀ ਵਿੱਚ ਕੁੱਤੇ ਦਾ ਵਿਹਾਰ ਖੂੰਖਾਰ ਹੋਣਾ ਸੀ। ਨਾਲ ਨਾਲ ਤੁਰਿਆ ਕੁੱਤਾ ਆਪਣੇ ਮਾਲਕਾਂ ਦੀ ਆਪਣੀ ਸਮਰੱਥਾ ਅਨੁਸਾਰ ਹਿਫ਼ਾਜਤ ਕਰ ਰਿਹਾ ਹੈ ਅਤੇ ਕਿਸੇ ਅਣਹੋਣੀ ਨਾਲ ਮੇਲ ਹੋਣ ਦੀ ਅਗਾਉਂ ਸੂਚਨਾ ਵੀ ਦੇ ਰਿਹਾ ਹੋਵੇਗਾ। ਉਹ ਸਹਿਜ ਭਾਵ ਨਾਲ ਦੋਵਾਂ ਦੇ ਨਾਲ ਨਾਲ ਤੁਰ ਰਿਹਾ ਹੈ।
ਇਨਾਮ ਦੀ ਇੱਛਾ ਰੱਖ ਘਰੋਂ ਤੁਰੇ ਇਹ ਲੋਕ ਕਿਸੇ ਬਣੇ ਬਣਾਏ ਲਾਂਘੇ ਨੂੰ ਨਹੀਂ ਵਰਤ ਰਹੇ। ਜਿਧਰ ਜਾਣਾ ਹੈ, ਉਸ ਵੱਲ ਦਾ ਰਾਹ ਖ਼ੁਦ ਬਨਾਉਣਾ ਪੈਂਣਾ ਹੈ। ਕੰਮ ਦੁਸ਼ਵਾਰ ਹੈ, ਪਰ ਦਿਸਦੇ ਅਣਦਿਸਦੇ ਲਾਲਚ ਸਾਹਮਣੇ ਸਭ ਬੇਮਾਅਨੇ ਹੈ।
ਖੱਭੇ ਪਾਸੇ ਵੱਲ ਵੱਡਾ ਰੁੱਖ ਹੈ। ਉਹ ਜੜ੍ਹੋਂ ਨਿਕਲਿਆ ਹੋਇਆ ਹੈ, ਪਰ ਅਜੇ ਹਰਾ ਹੈ। ਜੰਗਲ ਬੀਆਬਾਨ ਵਿੱਚ ਅਜਿਹੀ ਵਸਤੂ ਦਾ ਹੋਣਾ ਆਮ ਘਟਨਾ ਹੈ। ਕੁੱਝ ਨਾ ਕੁੱਝ ਬਣਦੇ ਮਿਟਦੇ ਰਹਿਣਾ ਜੰਗਲ ਦੇ ਸੁਭਾਅ ਦਾ ਅੰਗ ਹੈ। ਖੜ੍ਹਾ ਰੁੱਖ ਛਾਂ ਦੇਣ ਦੇ ਸਮਰੱਥ ਹੋ ਸਕਦਾ ਸੀ, ਪਰ ਇਸ ਵੇਲੇ ਇਹ ਖੁਦ ਆਪਣੀ ਹੋਂਦ ਵਾਸਤੇ ਲੜ ਰਿਹਾ ਲੱਗਦਾ ਹੈ। ਰੁੱਖ ਭਾਰਾ ਹੈ ਅਤੇ ਪ੍ਰਮੁੱਖਤਾ ਨਾਲ ਪੇਂਟਿੰਗ ਵਿੱਚ ਦਰਜ਼ ਹੈ। ਰੁੱਖ ਅਤੇ ਵਹਿੰਦਾ ਪਾਣੀ ਚਿੱਤਰਕਾਰ ਨੇ ਜਾਣਸਮਝ ਕੇ ਰਚੇ ਹਨ ਜਾਂ ਅਚੇਤ ਹੀ ਰਚ ਹੋ ਗਏ ਹਨ, ਸਪਸ਼ਟ ਨਹੀਂ ਕਿਹਾ ਜਾ ਸਕਦਾ। ਅਗਲੇਰਾ ਪ੍ਰਸ਼ਨ ਹੈ ਕਿ ਇਨ੍ਹਾਂ ਦੋ ਮੋਟਿਫ਼ਾਂ ਨੂੰ ਪ੍ਰਤੀਕ ਰੂਪ ਵਿੱਚ ਵਿਚਾਰਿਆ ਜਾ ਸਕਦਾ ਹੈ? ਰੁੱਖ ਰਾਜ ਸੱਤਾ ਦਾ ਪ੍ਰਤੀਕ ਹੋ ਸਕਦਾ ਹੈ ਜੋ ਹੁਣ ਗਿਰਨ ਕੰਢੇ ਹੈ। ਕਦੇ ਸਮਾਂ ਸੀ, ਉਹ ਮਜ਼ਬੂਤ ਸੀ। ਛਾਂਦਾਰ ਹੋਣ ਕਰਕੇ ਸੁੱਖ ਦੇਣਹਾਰ ਰਿਹਾ, ਪਰ ਸਮੇਂ ਦੇ ਗੁਜ਼ਰਨ ਨਾਲ ਧਰਤੀ ਪ੍ਰਤੀ ਉਸ ਦੀ ਪਕੜ ਜਾਂਦੀ ਰਹੀ। ਦੂਜੇ ਨੂੰ ਸੁੱਖ ਦੇਣ ਦੀ ਬਜਾਏ ਉਹਦੇ ਲਈ ਖੁਦ ਨੂੰ ਬਚਾਉਣਾ ਔਖਾ ਹੋ ਗਿਆ ਹੈ। ਸਪਸ਼ਟ ਸੰਕੇਤ ਮੁਗਲ ਹਕੂਮਤ ਵੱਲ ਹੈ ਜੋ ਪ੍ਰਜਾ ਨੂੰ ਨਿਆਂ ਦੇਣ ਦੀ ਬਜਾਏ ਉਸਦੇ ਸਿਰਾਂ ਦਾ ਮੁੱਲ ਪਾ ਰਹੀ ਹੈ। ਇਸਦੇ ਸਾਹਮਣੇ ਵੱਗਦੀ ਜਲਧਾਰਾ ਹੈ ਜੋ ਸਮੇਂ ਦੀ ਪ੍ਰਤੀਕ ਹੈ।
ਜਿਵੇਂ ਸਮਾਂ ਨਿਰਬਾਧ ਤੁਰਦਾ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਪਾਣੀ ਹਰ ਵੇਲੇ ਗਤੀ ਵਿੱਚ ਰਹਿੰਦਾ ਹੈ ਉਸ ਵਾਸਤੇ ਚੰਗੇ ਬੁਰੇ ਦਾ ਕੋਈ ਸੰਕਲਪ ਨਹੀਂ।
ਇਸਤੋਂ ਇਹ ਵੀ ਪਤਾ ਲੱਗਦਾ ਹੈ ਕਿ ਭੈੜਾ ਸਮਾਂ ਵੀ ਸਦਾ ਨਹੀਂ ਰਹਿਣਾ ਜਿਵੇਂ ਵਗਦਾ ਪਾਣੀ ਇੱਕ ਥਾਂ ਉਪਰ ਅਟਕਦਾ ਨਹੀਂ। ਨਿਰੰਤਰ ਬਦਲਾਅ ਕ੍ਰਾਂਤੀ ਦਾ ਸੰਕੇਤ ਵੀ ਦਿੰਦਾ ਹੈ। ਦੋਵੇਂ ਕਾਤਲ ਅਤੇ ਉਨਾਂ ਦੀ ਸੰਗਤ ਕਰ ਰਿਹਾ ਕੁੱਤਾ ਵੀ ਹਰਕਤ ਵਿੱਚ ਹੈ। ਹਰ ਇੱਕ ਦੇ ਪੈਰ ਦੀ ਪੋਜਿਸ਼ਨ ਦੱਸਦੀ ਹੈ ਕਿ ਅਗਲਾ ਪੈਰ ਚੁੱਕਣਾ ਹੀ ਪੈਣਾ ਹੈ। ਇਹ ਗਤੀਸ਼ੀਲਤਾ ਦਾ ਸੰਕੇਤ ਹੈ।
ਚਿੱਤਰ ਵਿੱਚ ਦਿੱਸਦੇ ਰੁੱਖ ਕਿਹੜੇ ਹਨ। ਬਨਾਵਟ ਤੋਂ ਕਿਸੇ ਦਾ ਨਾਮ ਚੇਤੇ ਵਿੱਚ ਨਹੀਂ ਉਭੱਰਦਾ। ਜੇ ਕੋਲ ਦੇ ਰੁੱਖ ਬਾਰੇ ਇਹ ਗੱਲ ਹੈ ਤਾਂ ਦੂਰ ਅਤੇ ਹੋਰ ਦੂਰ ਬਾਰੇ ਕੁੱਝ ਕਹਿਣਾ ਹੋਰ ਵੀ ਕਠਿਨ ਹੈ। ਹਰਿਆਵਲ ਵੀ ਭਰਪੂਰ ਹਰੀ ਭਰੀ ਨਹੀਂ। ਪੇਂਟਿੰਗ ਦੀ ਸਮੁੱਚੀ ਦਿੱਖ ਪੱਤਝੜ ਮਾਹੌਲ ਦਾ ਪ੍ਰਭਾਵ ਦਿੰਦੀ ਹੈ। ਜਿਸ ਜਮੀਨ ਉਪਰ ਪ੍ਰਕਿਰਤੀ ਰਸੀ-ਵਸੀ ਹੈ ਉਹ ਸਮਤਲ ਨਹੀਂ। ਇਸੇ ਜਮੀਨ ਤੋਂ ਉਤਾਂਹ ਖਲਾਅ ਦੀ ਸ਼ੁਰੂਆਤ ਹੁੰਦੀ ਹੈ। ਖਲਾਅ ਵੀ ਆਪਣੀ ਨਿਲੱਤਣ ਤੋਂ ਪੂਰੀ ਤਰ੍ਹਾਂ ਮੁਕਤ ਹੈ। ਰੰਗ ਸਪਸ਼ਟਤਾ ਦਾ ਸੰਗ ਪੂਰਦੇ ਹਨ। ਪਰ 'ਜਿੰਨ੍ਹਾਂ ਸਿਦਕ ਨਹੀਂ ਹਾਰਿਆ' ਚਿੱਤਰ ਦੇ ਅਸਮਾਨ ਉਪਰ ਹਲਕੇ ਬੱਦਲਾਂ ਦੀਆਂ ਪਰਤਾਂ ਹਨ ਜੋ ਸੋਗੀ ਪ੍ਰਭਾਵ ਰਚਦੀਆਂ ਹਨ।
ਸਾਰੀ ਰਚਨਾ ਵਿੱਚ ਕਿਤੇ ਕੋਈ ਤੇਜ਼, ਚਮਕਦਾ ਰੰਗ ਨਹੀਂ। ਸਭ ਰੰਗ ਦੱਬੇ ਦੱਬੇ ਅਤੇ ਭੂਸਲੇ ਰੰਗ ਦੀ ਪਰਤ ਵਾਲੇ ਪਰਤੀਤ ਹੁੰਦੇ ਹਨ। ਚਿੱਤਰ ਵਿਚਲੀ ਕਿਰਿਆ ਚਿੱਤਰ ਦੇ ਵਾਤਾਵਰਣ ਤੋਂ ਵੱਖਰੀ ਨਹੀਂ ਹੋ ਸਕਦੀ।
ਉਹ ਦੌਰ ਦੋ ਧਿਰਾਂ ਵਿਚਾਲੇ ਵਿਚਾਰਾਂ ਅਤੇ ਜੀਵਨ ਵਿਧੀ ਨੂੰ ਲੈ ਕੇ ਹੋਣ ਵਾਲੇ ਸੰਘਰਸ਼ ਦਾ ਦੌਰ ਸੀ। ਸਿੱਖ ਸਤਾਏ ਲੋਕਾਂ ਦੀ ਹਿਫ਼ਾਜਤ ਕਰਦੇ ਸਨ। ਉਧਾਲੀਆਂ ਕੁੜੀਆਂ-ਔਰਤਾਂ ਨੂੰ ਧਾੜਵੀਂ ਮੁਸਲਮਾਨਾਂ ਕੋਲੋਂ ਛੁਡਵਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪੂਰੇ ਆਦਰ ਨਾਲ ਪਹੁੰਚਾਉਂਦੇ ਸਨ। ਸਿੱਖਾਂ ਦਾ ਇਹ ਵਿਹਾਰ ਹਕੂਮਤ ਆਪਣੇ ਲਈ ਵੰਗਾਰ ਸਮਝਦੀ ਸੀ । ਇਹ ਚਿੱਤਰ ਹਾਕਮ ਧਿਰ ਦੇ ਰਵੱਈਏ ਦਾ ਪੇਂਟਿੰਗ ਰੂਪ ਵਿੱਚ ਅੰਸ਼ਮਾਤਰ ਚਿੱਤਰਣ ਹੈ।