ਜਸਵੰਤ ਸਿੰਘ ਵੱਲੋਂ ਸਿਰਜੇ ਗਏ ਦੋ ਅਹਿਮ ਚਿੱਤਰ
ਚਿੱਤਰਕਾਰਾਂ
ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬਧਿਤ ਸਾਖੀ ਆਧਾਰਿਤ ਜ਼ਿਆਦਾਤਰ ਚਿੱਤਰਾਂ ਵਿੱਚ ਉਨ੍ਹਾਂ
ਨੂੰ ਸਮੂਰਤ ਚਿੱਤਰਿਆ ਹੈ। ਚਿੱਤਰਕਾਰ ਜਸਵੰਤ ਸਿੰਘ ਨੇ ਉਨ੍ਹਾਂ ਨਾਲ ਜੁੜਿਆਂ ਦੋ ਸਾਖੀ
'ਸੱਚਾ ਸੌਦਾ' ਅਤੇ 'ਭਾਈ ਲਾਲੋ ਤੇ ਮਲਿਕ ਭਾਗੋ' ਵਿੱਚ ਹੋਏ ਕਾਰਜ ਨੂੰ ਚਿੱਤਰਾਂ ਵਿੱਚ
ਪੇਸ਼ ਕੀਤਾ ਹੈ। ਅਮੂਰਤ ਹੋਣ ਦੇ ਬਾਵਜੂਦ ਇਹ ਚਿੱਤਰ ਸਮੂਰਤ ਚਿੱਤਰਾਂ ਨਾਲੋਂ ਵਧੀਕ
ਪ੍ਰਭਾਵ ਸਿਰਜਦੇ ਹਨ।
ਜਸਵੰਤ ਸਿੰਘ ਨੇ ਗੁਰੂ ਨਾਨਕ ਦੇਵ ਕੇਂਦਰਿਤ ਕਈ
ਦ੍ਰਿਸ਼ ਪੇਂਟ ਕੀਤੇ ਹਨ। ਉਨ੍ਹਾਂ ਵਿਚੋਂ ਕੁਝ ਸਸਰੀਰ ਹਨ, ਕੁਝ ਅੰਸ਼ਿਕ ਅਤੇ ਕੁਝ ਸੰਕੇਤਕ।
ਸੰਕੇਤਕ ਚਿੱਤਰਾਂ ਵਿੱਚ ਗੁਰੂ ਆਪ ਉਪਸਥਿਤ ਨਹੀਂ ਸਗੋਂ ਜੋ ਕਰਮ ਉਨ੍ਹਾਂ ਕੀਤਾ, ਉਸ ਦੇ
ਹੋਣ ਦਾ ਦ੍ਰਿਸ਼ ਹੈ। ਅਜਿਹੇ ਵੇਲੇ ਗੁਰੂ ਦਾ ਚਿਤਰਣ ਨਹੀਂ, ਗੁਰੂ – ਕਾਰਜ ਦਾ ਚਿਤਰਣ
ਮਹੱਤਵਪੂਰਨ ਹੋ ਜਾਂਦਾ ਹੈ।
ਕਿਸੇ ਵੀ ਕੰਮ ਦਾ ਉਦੇਸ਼, ਸੰਦੇਸ਼ ਅੱਪੜਦਾ ਕਰਨਾ ਹੈ।
ਇਉਂ ਚਿਤੇਰਾ ਸਿਰਫ਼ 'ਨਿਰੋਲ ਨਿੱਜੀ ਪ੍ਰਗਟਾਵੇਂ' ਨਾਲ ਹੀ ਨਹੀਂ ਜੁੜਿਆ ਸਗੋਂ ਉਹ ਸਮਾਜ
ਨਾਲ ਜੁੜੇ ਰਹਿਣ ਦੇ ਉਪਰਾਲੇ ਨੂੰ ਵਿਰਾਸਦਾ ਨਹੀਂ। ਚਿੱਤਰ ਸਿਰਫ਼ ਧਰਮ ਪੱਖੀ ਨਹੀਂ ਸਗੋਂ
'ਸਮਾਜ ਸੁਧਾਰ' ਦੀ ਸੁਰ ਵਾਲੇ ਵੀ ਹਨ।
ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੁੜੀਆਂ
ਘਟਨਾਵਾਂ ਨੂੰ ਚਿਤੇਰਿਆ ਨੇ ਭਾਤ-ਭਾਂਤ ਤਰ੍ਹਾਂ ਬਣਾਇਆ ਹੈ, ਪਰ ਜਸਵੰਤ ਸਿੰਘ ਕਿਸੇ ਵੇਲੇ
ਬਿਲਕੁਲ ਹਟਵਾਂ ਸੋਚਦਾ ਹੀ ਨਹੀਂ ਸਗੋਂ ਉਸ ਵਿਚਾਰ ਨੂੰ ਕੈਨਵਸ ਉਪਰ ਉਤਾਰਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਦੋ ਮਹੱਤਵਪੂਰਨ ਘਟਨਾਵਾਂ ਹਨ। ਇੱਕ, ਸੱਚੇ
ਸੌਦੇ ਵਾਲੀ ਅਤੇ ਦੂਜੀ ਭਾਈ ਲਾਲੋ – ਮਲਿਕ ਭਾਗੋ ਨਾਲ ਸੰਬਧਿਤ ਹੈ। ਵਾਪਰੀਆਂ ਘਟਨਾਵਾਂ
ਵਿੱਚ ਸਮੇਂ ਸਥਾਨ ਦੀ ਵਿੱਥ ਹੈ, ਪਰ ਉਨ੍ਹਾਂ ਦਾ ਦੀਰਘ ਸਰੋਕਾਰ 'ਮਨੁੱਖ ਦੀ ਭਲਾਈ' ਹੈ।
ਗੁਰੂ ਸਾਹਿਬ ਵੱਲੋਂ ਕੀਤਾ ਗਿਆ ਕਰਮ ਤਤਕਾਲੀ ਹੋਣ ਦੇ ਬਾਵਜੂਦ ਸਰਬਕਾਲੀ ਪ੍ਰਭਾਵ ਅਤੇ
ਅਰਥ ਰੱਖਦਾ ਹੈ।
ਸੱਚੇ ਸੌਦੇ ਵਾਲੀ ਸਾਖੀ ਦਾ ਜ਼ਿਕਰ ਭਾਈ ਬਾਲੇ ਵਾਲੀ ਜਨਮਸਾਖੀ ਵਿੱਚ
ਮਿਲਦਾ ਹੈ। ਸਾਖੀ ਮੂਜਬ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਸੇਧਣ ਵਾਸਤੇ ਪਿਤਾ ਮਹਿਤਾ
ਕਾਲੂ ਨੇ ਵੀਹ ਰੁਪਏ ਦਿੱਤੇ ਤਾਂ ਕਿ ਉਨ੍ਹਾਂ ਦਾ ਪੁੱਤਰ ਆਪਣਾ ਮਨਭਾਉਂਦਾ ਵਪਾਰ ਕਰ ਸਕੇ।
ਸੰਸਾਰ ਵਿੱਚ ਵਪਾਰ ਦਾ ਅਰਥ ਹੈ 'ਲਾਭ ਹਿੱਤ ਕੀਤਾ ਜਾਂਦਾ ਕਾਰਜ'। ਇਹ ਘਾਟੇ ਵਾਸਤੇ
ਹਰਗਿਜ਼ ਨਹੀਂ ਕੀਤਾ ਜਾਂਦਾ। ਸਮਾਜ ਵਿੱਚ ਪ੍ਰਚੱਲਿਤ ਰਵਾਇਤ ਇਹੋ ਹੈ।
ਪਰ ਗੁਰੂ ਨਾਨਕ
ਸਾਹਿਬ ਜੀ ਤਲਵੰਡੀਓ ਬਾਰਾਂ ਕੋਹ ਦੂਰ ਗਏ ਸਨ ਕਿ ਉਨ੍ਹਾਂ ਭੁੱਖੇ ਪਿਆਸੇ ਸਾਧਾਂ ਦੀ
ਮੰਡਲੀ ਮਿਲ ਗਈ। ਪਿਤਾ ਤੋਂ ਪ੍ਰਾਪਤ ਸਾਰਾ ਪੈਸਾ ਸਾਧਾਂ ਦੀ ਸੇਵਾ ਹਿੱਤ ਲਾ ਦਿੱਤਾ। ਘਰ
ਪਹੁੰਚੇ ਤਾਂ ਪਿਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜਦੋਂ ਰਾਏ ਬੁਲਾਰ ਨੂੰ ਪਤਾ
ਲੱਗਿਆ ਤਾਂ ਉਸ ਨੇ ਬਾਲ ਨਾਨਕ ਨੂੰ ਨਾ ਝਿੜਕਣ ਦੀ ਹਿਦਾਇਤ ਦਿੱਤੀ ਅਤੇ ਵੀਹ ਰੁਪਏ ਆਪਣੇ
ਕੋਲੋਂ ਮਹਿਤਾ ਕਾਲੂ ਦੇ ਸਪੁਰਦ ਕਰ ਦਿੱਤੇ। ਖੁਦ ਗੁਰੂ ਨਾਨਕ ਦੇਵ ਜੀ ਨੇ ਸੱਚ ਆਧਾਰਿਤ
ਵਪਾਰ ਵਾਰੇ 'ਸਚੁ ਸਉਦਾ ਵਾਪਾਰ' ਫ਼ਰਮਾਇਆ ਹੈ।
ਜਸਵੰਤ ਸਿੰਘ ਵਾਸਤੇ ਇਹ ਘਟਨਾ
ਪ੍ਰੇਰਨਾ ਬਿੰਦੂ ਹੈ। ਇਸੇ ਨੂੰ ਹੀ ਪੇਟਿੰਗ ਦਾ ਆਧਾਰ ਬਣਾਇਆ ਹੈ। ਲੰਬੇ ਰੁਖ ਬਣੀ
ਪੇਟਿੰਗ ਦੇ ਥੱਲੜੇ ਪਾਸੇ ਵੱਲ ਕਿਸੇ ਵਿਅਕਤੀ ਦੇ ਜੁੜੇ ਹੋਏ ਦੋ ਹੱਥ ਹਨ। ਜੁੜੇ ਹੱਥ
ਮਿਲਣ ਵਾਲੀ ਵਸਤੂ ਨੂੰ ਪ੍ਰਾਪਤ ਕਰਨ ਹਿੱਤ ਜੁੜੇ ਹੋਏ ਹਨ। ਠੀਕ ਉਪਰ ਖੱਬੇ ਪਾਸੇ ਵੱਲ
ਇੱਕ ਹੱਥ ਦਿਖਾਈ ਦਿੰਦਾ ਹੈ ਜਿਸ ਨੇ ਫੁਲਕਾ ਫੜਿਆ ਹੋਇਆ ਹੈ। ਉਹ ਫੁਲਕੇ ਨੂੰ ਦੇਣ ਦੇ
ਆਹਰ ਵਿੱਚ ਹੈ। ਐਨ ਬਾਂਹ ਦੇ ਨਾਲ ਦੂਜਾ ਹੱਥ (ਜ਼ਿਆਦਾ ਹਿੱਸਾ ਲੁਕਵਾਂ) ਹੈ ਜਿਸ ਉੱਪਰ
ਫੁਲਕੇ ਰੱਖੇ ਹੋਏ ਹਨ। ਵਰਤਾਵਾ ਇੱਥੋਂ ਹੀ ਪ੍ਰਸ਼ਾਦਾ ਚੁੱਕ ਕੇ ਦੇ ਰਿਹਾ ਹੈ। ਇਹ ਸਥਿਤੀ
ਨਾ ਤਾਂ ਬਿਲਕੁਲ ਸ਼ੁਰੂ ਦੀ ਹੈ ਅਤੇ ਨਾ ਹੀ ਅੰਤਲੀ। ਚਿੱਤਰ ਇਹੋ ਦੱਸਦਾ ਹੈ ਕਿ ਕਾਰਜ ਹੋ
ਰਿਹਾ ਹੈ। ਸੰਪੂਰਨ ਕਾਰਜ ਵਿੱਚ ਦੇਣ ਅਤੇ ਲੈਣ ਦਾ ਵਿਹਾਰ ਦਰਜ ਹੈ। ਜਾਪਦਾ ਹੈ ਚਿਤੇਰਾ
ਜੋ ਕੁਝ ਕਹਿਣਾ ਚਾਹੁੰਦਾ ਹੈ, ਉਹ ਇਸ ਰਾਹੀਂ ਕਹਿ ਲੈਂਦਾ ਹੈ। ਕੈਨਵਸ ਉਪਰ ਸਰੀਰਾਂ ਦੀ
ਮੌਜੂਦਗੀ ਨਹੀਂ। ਇਸ ਦੇ ਬਾਵਜੂਦ ਕਹੀ ਗੱਲ ਸੰਚਾਰਿਤ ਹੋ ਰਹੀ ਹੈ।
ਚਿੱਤਰ ਸੰਪੂਰਨ ਤਾਹੀਓ
ਹੁੰਦਾ ਹੈ ਜਦੋਂ ਇਹਦੇ ਪਿਛੋਕੜ ਦੀ ਸਾਖੀ ਦਾ ਗਿਆਨ ਹੁੰਦਾ ਹੈ। ਇਹੋ ਗੱਲ 'ਭਾਈ ਲਾਲੋ
ਅਤੇ ਮਲਿਕ ਭਾਗੋ' ਦੇ ਚਿੱਤਰ ਬਾਰੇ ਵੀ ਕਹੀ ਜਾ ਸਕਦੀ ਹੈ। ਜੋ ਹੱਥ ਫੁਲਕੇ ਵਾਸਤੇ ਜੁੜੇ
ਹਨ, ਉਹ ਹੱਥ ਗੁੱਟ ਤਕ ਮਸੀਂ ਵਧੇ ਹੋਏ ਹਨ। ਇਹ ਹੱਥ ਅਨੇਕਾਂ ਸਾਧੂਆਂ ਵਿੱਚੋਂ ਕਿਸੇ ਇੱਕ
ਦੇ ਹੋ ਸਕਦੇ ਹਨ। ਕੇਂਦਰੀ ਹੱਥਾਂ 'ਤੇ ਜ਼ਰਾ ਕੁ ਉਪਰ ਵੱਲ ਫੁਲਕਾ ਪ੍ਰਾਪਤ ਕਰ ਚੁੱਕੇ
ਸਾਧੂ ਦੇ ਹੱਥ ਹਨ ਜਦੋਂਕਿ ਥੱਲੇ ਵੱਲ ਸਾਧੂ ਦੀਆਂ ਕੁਝ ਉਂਗਲਾਂ ਦਿਸਦੀਆਂ ਹਨ। ਭਾਵ ਉਸ
ਦੀ ਵਾਰੀ ਇਹਦੇ ਬਾਅਦ ਆਉਂਦੀ ਹੈ। ਹੱਥ ਸਾਧਾਰਨ ਵਿਕਤੀ ਦੇ ਲੱਗਦੇ ਹਨ ਕਿਉਂਕਿ ਇਹ ਕੋਮਲ
ਨਹੀਂ। ਪਰ ਜਿਹੜਾ ਹੱਥ ਫੁਲਕਾ ਦੇ ਰਿਹਾ ਹੈ ਉਹ ਜੁੜੇ ਹੱਥਾਂ ਦੇ ਮੁਕਾਬਲੇ ਛੋਟਾ ਹੈ,
ਕੂਲਾ ਹੈ। ਹੋਣ, ਨਾ ਹੋਣ ਜਾਂ ਘੱਟ ਹੋਣ ਦੀ ਤਫਸੀਲ ਵੀ ਇੱਥੇ ਮੌਜੂਦ ਹੈ। ਸਾਧੂ ਦਾ ਹੱਥ
ਗੁੱਟ ਤਕ ਹੀ ਹੈ। ਉਸ ਕੀ ਪਹਿਨਿਆ ਹੈ, ਪਤਾ ਨਹੀਂ ਚੱਲਦਾ। ਫੁਲਕੇ ਵਾਲੇ ਹੱਥ ਦੀ ਬਾਂਹ
ਸੀਤੇ ਕੱਪੜੇ ਨਾਲ ਕੱਜੀ ਹੋਈ ਹੈ।
ਸਾਧੂ ਹਨ, ਘੁਮੱਕੜੀ ਕਰ ਜੀਵਨ ਗੁਜ਼ਾਰਦੇ ਹਨ।
ਵਸਤਾਂ, ਜੇ ਹਨ ਤਾਂ ਸਿਰਫ ਗੁਜਾਰੇ ਜੋਗੀਆਂ। ਦੂਜੇ ਪਾਸੇ ਜਿਸ ਹੱਥ ਫੁਲਕਾ ਹੈ ਵੱਖਰਾ
ਤਾਂ ਹੈ, ਪਰ ਦੇਖ ਕੇ ਅਣਢਿੱਠ ਕਰਨ ਵਾਲਾ ਨਹੀਂ। ਦੋਵਾਂ ਧਿਰਾਂ ਵਿਚਾਲੇ ਸਭ ਕੁਝ ਦੇ
ਬਾਵਜੂਦ ਕੋਈ ਸਾਂਝ ਹੈ। ਤਾਹੀਓ ਜੋ ਮਿਲਿਆ ਸੀ ਉਸ ਨੂੰ ਵਪਾਰ ਵਾਸਤੇ ਖ਼ਰਚ ਕਰ ਦਿੱਤਾ ਗਿਆ
ਹੈ।
ਦੇਣ ਵਾਲਾ ਹੱਥ ਘੁਮੱਕੜ ਨਹੀਂ। ਉਸ ਪਾਸ ਖਾਣ-ਪਹਿਨਣ ਦੇ ਸਾਧਨ ਮੌਜੂਦ ਹਨ। ਇਸ ਪੇਂਟਿੰਗ ਵਿੱਚ ਕੋਈ ਹੋਰ ਵੇਰਵਾ ਦਰਜ ਨਹੀਂ।
ਪੇਂਟਿੰਗ ਵਿੱਚ ਇੱਕ ਭੇਦ ਹੈ ਜੋ ਸ਼ਖ਼ਸੀਅਤ ਘੁਮੱਕੜ ਸਾਧੂਆਂ ਦੀ ਟਹਿਲ-ਸੇਵਾ ਕਰ ਰਹੀ ਹੈ।
ਕੁਝ ਵਰ੍ਹਿਆਂ ਵਾਅਦ ਉਹ ਖ਼ੁਦ ਉਦਾਸੀਆਂ ਧਾਰਨ ਕਰ ਮਨੁੱਖਤਾ ਦੀ ਭਲਾਈ ਹਿੱਤ ਘਰੋਂ
ਤੁਰੇਗੀ।
ਥੱਲੜੇ ਪਾਸੇ ਦੇ ਰੰਗ ਹਨੇਰੇ ਵੱਲ ਦੇ ਹਨ ਜਦੋਂਕਿ ਉਪਰ ਵਾਲੇ ਹਿੱਸੇ ਲੋਅ
ਨੂੰ ਦੱਸਣ ਵਾਲੇ ਹਨ। ਕੈਨਵਸ ਦੀ ਸਾਰੀ ਜ਼ਮੀਨ ਇੱਕੋ ਜਿਹੀ ਨਹੀਂ, ਉਘੜ-ਦੁਗੜ ਹੈ। ਇਹ
ਪਿਛੋਕੜ ਸੰਸਾਰ ਦਾ ਲਖਾਇਕ ਵੀ ਹੋ ਸਕਦਾ ਹੈ ਜਿਹੜਾ ਕਦੇ ਇਕਸਾਰ ਇੱਕੋ ਜਿਹਾ ਨਹੀਂ
ਹੁੰਦਾ।
ਇਹ ਲੋਅ ਦੇ ਆਗਮਨ ਵੱਜੋਂ ਵੀ ਦੇਖਿਆ ਜਾ ਸਕਦਾ ਹੈ। ਦੇਣ ਵਾਲਾ ਪੱਖ ਗਿਆਨ,
ਵਿਚਾਰ, ਅਨੁਭੂਤੀ ਕਰਕੇ ਪ੍ਰਕਾਸ਼ਿਤ ਹੈ। ਸੰਭਵ ਹੈ ਕਿ ਇਸੇ ਕਾਰਨ ਉਪਰ ਹੈ। ਦੋਵਾਂ
ਵਿਚਾਲੇ ਵਿੱਥ ਜ਼ਿਆਦਾ ਹੈ। ਇਹ ਇੱਕੋ ਤਲ ਦੀ ਹੋ ਸਕਦੀ ਸੀ, ਪਰ ਨਹੀਂ ਹੈ।
ਗੁਰੂ
ਨਾਨਕ ਦੇਵ ਜੀ ਨੇ ਆਪਣੇ ਵਿਹਾਰ ਨਾਲ ਜੋ ਕੀਤਾ ਅਦਭੁੱਤ ਵਿਲੱਖਣ ਸੀ। ਕਾਲ ਪ੍ਰਵਾਹ ਵਿੱਚ
ਉਹ ਵਿਹਾਰ, ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤ ਦੀ ਪਛਾਣ ਦਾ ਮੁੱਖ ਚਿੰਨ੍ਹ ਬਣਨਾ ਹੈ।
ਚਿਤੇਰਾ ਉਸ ਨੂੰ ਅਹਿਮੀਅਤ ਦੇ ਰਿਹਾ ਹੈ।
ਸਾਧਾਰਨ ਜਿਹਾ ਦਿਸਣ ਵਾਲਾ ਚਿੱਤਰ ਇੰਨਾ ਸਾਧਾਰਨ ਨਹੀਂ ਹੈ।
ਦੂਜੇ ਚਿੱਤਰ ਦੀ ਸਾਖੀ ਵੀ ਮਹੱਤਵਪੂਰਨ ਹੈ। ਜਨਮਸਾਖੀਆਂ ਅਨੁਸਾਰ ਭਾਈ ਲਾਲੋ (ਜਾਤ
ਘਟਾਓੜਾ, ਕੰਮ ਤਰਖਾਣਾ) ਸੈਦਪੁਰ (ਏਮਨਾਬਾਦ) ਦਾ ਵਾਸੀ ਸੀ। ਬਾਬਰ ਦੇ ਹਮਲੇ ਵੇਲੇ ਗੁਰੂ
ਜੀ ਇਸੇ ਸਿੱਖ ਦੇ ਘਰ ਰਹਿ ਰਹੇ ਸਨ। ਹਮਲਾਵਰ ਦੇ ਜੁਲਮਾਂ ਨੂੰ ਦੇਖ ਉਨ੍ਹਾਂ ਸੰਬੋਧਿਤ ਹੋ
ਸ਼ਬਦ -
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
(ਰਾਗੁ ਤਿਲੰਗ-ਮ; ੧-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ੭੨੨)
ਇਸੇ
ਥਾਂ ਨਾਲ ਇੱਕ ਹੋਰ ਪ੍ਰਸੰਗ ਜੁੜਿਆ ਹੋਇਆ ਹੈ ਜਿਸ ਨੂੰ ਸਾਹਮਣੇ ਰੱਖ ਚਿੱਤਰਕਾਰ ਜਸਵੰਤ
ਸਿੰਘ ਨੇ ਚਿੱਤਰ ਤਿਆਰ ਕੀਤਾ ਹੈ। ਸੈਦਪੁਰ ਪ੍ਰਸਾਸਕ ਦੇ ਅਹਿਲਕਾਰ ਮਲਿਕ ਭਾਗੋ ਨੇ ਬ੍ਰਹਮ
ਭੋਜ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਹ ਨਿਉਂਦਾ ਸਵੀਕਾਰ ਨਾ ਕੀਤਾ। ਮਲਿਕ ਭਾਗੋ ਦੇ
ਗੁੱਸੇ ਅਤੇ ਅਹੰ ਨੂੰ ਤੋੜਨ ਲਈ ਗੁਰੂ ਜੀ ਨੇ ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ
ਮੰਗਵਾ ਕੇ ਇੱਕ ਹੱਥ ਫੜੀ ਅਤੇ ਦੂਜੇ ਹੱਥ ਮਲਿਕ ਭਾਗੋ ਦੇ ਘਰ ਦੀਆਂ ਪੂਰੀਆਂ ਲਈਆਂ।
ਦੋਵਾਂ ਹੱਥਾਂ ਨੂੰ ਦਬਾਉਣ ਉਪਰੰਤ ਭਾਈ ਲਾਲੋ ਦੇ ਭੋਜਨ ਵਿੱਚੋਂ ਦੁੱਧ ਅਤੇ ਮਲਿਕ ਭਾਗੋ
ਦੇ ਭੋਜਨ ਵਿੱਚੋਂ ਲਹੂ ਨਿਕਲਿਆ।
ਲੰਮੇ ਰੁਖ਼ ਦੇ ਚਿੱਤਰ ਵਿੱਚ ਉਪਰ-ਥੱਲੇ ਦੋ ਹੱਥ
ਹਨ। ਦੋਵਾਂ ਹੱਥਾਂ ਦੀ ਬਨਾਵਟ ਅਤੇ ਪੇਸ਼ਕਾਰੀ ਦੀ ਸਥਿਤੀ ਵੱਖ-ਵੱਖ ਹੈ। ਉਪਰਲਾ ਹੱਥ
ਸੁਚੱਜਾ, ਸਪਸ਼ਟ ਹੈ ਜਦੋਂਕਿ ਥੱਲੜਾ ਪਹਿਲੇ ਦੀ ਤੁਲਨਾ ਵਿੱਚ ਹਰ ਪੱਖੋਂ ਨਿਮਨ ਹੈ।
ਉਪਰਲੇ ਭੋਜਨ ਵਿਚੋਂ ਦੁੱਧ ਸਿਮ ਰਿਹਾ ਹੈ ਜਦੋਂਕਿ ਥੱਲੜੇ ਵਾਲੇ ਭੋਜਨ ਵਿਚੋਂ ਲਹੂ
ਨਿਕਲਦਾ ਨਜ਼ਰ ਪੈਂਦਾ ਹੈ। ਚਿੱਤਰਕਾਰ ਆਪਣੀ ਜੁਗਤ ਯੋਜਨਾ ਰਾਹੀਂ ਉਹੀ ਸੰਦੇਸ਼ ਦੇ ਰਿਹਾ ਹੈ
ਜੋ ਸ਼ਬਦਾਂ ਰਾਹੀਂ ਜਨ ਸਾਧਾਰਨ ਸੁਣਦੇ-ਸੁਣਾਉਂਦੇ ਆ ਰਹੇ ਹਨ।
ਵੱਖਰਤਾ ਦੋ ਪੱਧਰੀ
ਹੈ। ਚਿਤੇਰਾ ਆਪਣੀ ਗੱਲ ਵਿਜੁਅਲ ਦੁਆਰਾ ਸੰਚਾਰ ਰਿਹਾ ਹੈ। ਦੂਜਾ, ਘਟਨਾ ਨੂੰ ਹਟ ਕੇ
ਰੂਪਾਂਤਰਿਤ ਕਰ ਰਿਹਾ ਹੈ। ਮੂਲ ਨਤੀਜਾ/ਫ਼ੈਸਲਾ ਹੱਥਾਂ ਨਾਲ ਭੋਜਨ ਦਬਾਉਣ ਨਾਲ ਹੀ ਮਿਲਦਾ
ਹੈ ਕਿ ਮਿਹਨਤ ਵਿੱਚ ਪਵਿੱਤਰਤਾ (ਦੁੱਧ) ਅਤੇ ਲੁੱਟ-ਖਸੁੱਟ ਦੇ ਪੁੰਨ ਦਾਨ ਵਿੱਚ
ਅਪਵਿੱਤਰਤਾ (ਲਹੂ) ਦਾ ਰਲਾਅ ਹੈ। ਦੁੱਧ ਸਫ਼ੈਦ ਰੰਗ ਦਾ ਹੈ। ਸਫ਼ੈਦ ਪਵਿੱਤਰਤਾ ਅਤੇ
ਨਿਰਮਲਤਾ ਦਾ ਪ੍ਰਤੀਕ ਹੈ। ਲਹੂ ਲਾਲ ਰੰਗ ਦਾ ਹੈ ਜੋ ਹਿੰਸਾ, ਵੈਰ-ਵਿਰੋਧ, ਨਾਸ਼ ਕਰਨ ਦਾ
ਲਖਾਇਕ ਵੀ ਹੈ। ਹੱਥਾਂ ਦੇ ਉਭਾਰ ਦੇ ਪਿਛੋਕੜ ਵਿੱਚ ਕੋਈ ਆਕਾਰ ਨਹੀਂ, ਬਸ ਸੰਘਣੇ ਗੂੜ੍ਹੇ
ਰੰਗਾਂ ਦੇ ਖਿਲਾਰ ਦਾ ਪੈਟਰਨ ਹੈ।
ਜਸਵੰਤ ਸਿੰਘ ਦਿਆਂ ਇਹ ਦੋ ਰਚਨਾਵਾਂ ਹਨ ਅਤੇ
ਦੋਵੇਂ ਦੋ ਬਿਰਤਾਂਤਾਂ ਨਾਲ ਜੁੜੀਆਂ ਹੋਈਆਂ ਹਨ। ਇੱਕ ਬਿਰਤਾਂਤ ਮੁੱਢਲੇ ਜੀਵਨ ਦਾ ਹੈ
ਅਤੇ ਦੂਜਾ ਪ੍ਰੋੜ੍ਹ ਅਵਸਥਾ ਦਾ। ਪਹਿਲੀ ਥਾਏਂ ਗੁਰੂ ਨਾਨਕ ਦੇਵ ਜੀ ਦੇ ਆਪਣੇ ਵਿਹਾਰ ਦੀ
ਝਲਕ ਮਿਲਦੀ ਹੈ, ਦੂਜੀ ਥਾਏਂ ਉਨ੍ਹਾਂ ਦੇ ਨੇੜੇ ਦੂਰ ਵਿਅਕਤੀਆਂ ਦੀ ਵਰਤੋਂ ਵਿਹਾਰ ਨੂੰ
ਉਹ ਅੰਦਰੋਂ-ਬਾਹਰੋਂ ਜਾਣ ਕੇ ਲੋਕ ਸਮੂਹ ਅੱਗੇ ਉਘਾੜਦੇ ਹਨ। ਕੋਧਰੇ ਦੀ ਰੋਟੀ ਅਤੇ
ਪੂਰੀਆਂ ਉਪਰ ਪੈ ਰਹੀ ਦਾਬ ਦੇਖਣਯੋਗ ਹੈ। ਪਹਿਲੀ ਥਾਂ ਉਹ ਹਲਕੀ ਹੈ ਜਦੋਂਕਿ ਦੂਜੀ ਥਾਂ
ਚਾਰ ਉਂਗਲਾਂ ਦਾ ਦਾਬ ਤਕੜਾ, ਅੰਦਰ ਵੱਲ ਨੂੰ ਹੈ। ਦੋਵੇਂ ਤਰ੍ਹਾਂ ਦੇ ਭੋਜਨ ਦੀ ਰੰਗਤ
ਵਿੱਚ ਅੰਤਰ ਹੈ।
ਜਸਵੰਤ ਸਿੰਘ ਵਸਤੂ ਨੂੰ ਕਮਾਉਣ ਅਤੇ ਅਰਜਿਤ ਕਰਨ ਦੇ ਤਰੀਕੇ ਦੀ
ਦਰਜਾਬੰਦੀ ਕਰਦਾ ਹੈ। ਲੁੱਟ-ਖੋਹ ਨੂੰ ਨੀਵੀਂ ਜਗ੍ਹਾ ਪ੍ਰਾਪਤ ਹੈ ਜਦੋਂਕਿ ਮਿਹਨਤ ਹੱਕ ਦੀ
ਕਮਾਈ ਨੂੰ ਉਪਰ ਰੱਖਿਆ ਹੈ। ਖ਼ਿਆਲ ਵਿੱਚ ਆਉਂਦਾ ਹੈ ਕਿ ਅੰਨ ਨਾਲ ਲਹੂ-ਮਿੱਝ ਬਣਦੀ ਹੈ।
ਲਹੂ ਨਾਲ ਕੁਝ ਨਹੀਂ ਬਣਦਾ।
ਪਹਿਲਾ ਚਿੱਤਰ ਦੱਸਦਾ ਹੈ ਵਿਓਪਾਰ ਨਿੱਜ ਹਿੱਤ ਲਈ
ਨਹੀਂ, ਪਰ ਹਿੱਤ ਲਈ ਕੀਤਾ ਜਾਣਾ ਚਾਹੀਦਾ ਹੈ। ਦੂਜਾ ਚਿੱਤਰ ਸਦਵਿਹਾਰ ਅਤੇ ਸਦਆਚਰਣ ਨੂੰ
ਪਰਣਾਏ ਭਾਈ ਲਾਲੋ ਦੇ ਵਿਪਰੀਤ ਅੰਤਰ ਵਿਰੋਧੀ ਵਿਹਾਰ ਦੇ ਧਾਰਨੀ ਮਲਿਕ ਭਾਗੋ ਦੀ ਕਮਾਈ ਦੇ
ਪ੍ਰਭਾਵ ਨੂੰ ਪ੍ਰਗਟ ਕਰਦਾ ਹੈ। ਦੋਵੇਂ ਚਿੱਤਰ ਕਲਾ ਦ੍ਰਿਸ਼ਟੀ ਤੋਂ ਅਜਿਹੇ ਨਹੀਂ ਹਨ ਕਿ
ਉਹ ਚੰਗੇ ਚੰਗੇਰੇ ਲੱਗਣ। ਇਨ੍ਹਾਂ ਵਿੱਚ ਗੁਰੂ ਜੀ ਦੀ ਦਿੱਬਤਾ ਦਾ ਰੂਪ ਚਿੱਤਰਨ ਵੀ ਨਹੀਂ
ਹੈ ਜੋ ਸਾਧਾਰਨ ਤੌਰ 'ਤੇ ਹੋਰ ਚਿੱਤਰਕਾਰਾਂ ਦੇ ਕੰਮ ਵਿੱਚ ਦਿਖ ਪੈਂਦਾ ਹੈ।
ਚਿੱਤਰਕਾਰ ਇੱਕ ਵਸਤ ਨੂੰ ਮਹੱਤਵ ਦੇ ਰਿਹਾ ਹੈ ਅਤੇ ਉਹ ਹੈ ਅੰਨ। ਅੰਨ ਨਾਲ ਤਿਆਰ ਹੋਇਆ
ਫੁਲਕਾ, ਰੋਟੀ ਅਤੇ ਪੂਰੀ। ਸਾਰਾ ਘਟਨਾਕ੍ਰਮ ਇਸੇ ਦੁਆਲੇ ਘੁੰਮ ਰਿਹਾ ਹੈ। ਚਿੱਤਰਾਂ ਦਾ
ਮਹੱਤਵ ਉਨ੍ਹਾਂ ਵਿੱਚ ਸਮਾਏ ਵੱਥ ਸਦਕਾ ਹੈ। ਜੋ ਜ਼ਿਕਰਯੋਗ ਹੈ ਅਤੇ ਸਿੱਖ ਮੱਤ ਉਸ ਨੂੰ
ਸਤਿਕਾਰਦਾ ਹੈ। ਚਿੰਤਨ ਪੱਧਰ ਉਪਰ ਇਹ ਸਿੱਖ ਸਿਧਾਂਤ ਦੇ ਥਮ੍ਹਲੇ ਹਨ। ਸਿੱਖ ਜਿੱਥੇ ਹਨ,
ਜਿਵੇਂ ਹਨ, ਇਨ੍ਹਾਂ ਦੋ ਜੀਵਨ ਵਿਧੀਆਂ ਦਾ ਤਿਆਗ ਨਹੀਂ ਕਰ ਸਕਦੇ। ਜੇ ਥੋੜ੍ਹਾ ਹੋਰ
ਅਗਾਂਹ ਦਾ ਸੋਚੀਏ ਤਾਂ ਗਿਆਤ ਹੁੰਦਾ ਹੈ ਕਿ ਦੋਵੇਂ ਵਿਹਾਰ ਮਨੁੱਖ ਨੂੰ ਮਨੁੱਖ ਨਾਲ ਜੋੜਨ
ਵਾਲੇ ਹਨ।
ਇਨ੍ਹਾਂ ਚਿੱਤਰਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਦਰਸ਼ਕ ਇਨ੍ਹਾਂ ਨੂੰ ਦੇਖ
ਵਾਪਰੇ ਬਿਰਤਾਂਤ ਵੱਲ ਮੁੜਦਾ ਹੈ। ਬਿਰਤਾਂਤ ਨੂੰ ਜਾਣ ਉਹ ਚਿੱਤਰ ਦੀ ਥਾਹ ਲੈਣ ਵੱਲ
ਓਹਲਦਾ ਹੈ।
ਇਹ ਚਿੱਤਰ ਪਾਠ ਦੀ ਯਾਤਰਾ ਹੈ ਜੋ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਹਰ ਕਿਰਤ ਵਿੱਚ ਇਹ ਗੁਣ ਲੱਛਣ ਹੋਣਾ ਚਾਹੀਦਾ ਹੈ।