A Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

Author/Source: ਪ੍ਰਿੰਸੀਪਲ ਸਵਰਨ ਸਿੰਘ

Introduction -

੧੮'ਵੀਂ ਸਦੀ ਦਾ ਸਿੱਖ ਇਤਿਹਾਸ ਸਿੱਖ ਸ਼ਹੀਦਾਂ, ਸੂਰਬੀਰਾਂ ਅਤੇ ਯੋਧੇਆਂ ਦੇ ਖ਼ੂਨ ਨਾਲ ਸਿਰਜਿਆ ਉਹ ਇਤਿਹਾਸ ਹੈ ਜਿਹੜਾ ਸੰਪੂਰਨ ਵਿਸ਼ਵ ਵਿੱਚ ਆਪਣੀ ਮਿਸਾਲ ਆਪ ਹੀ ਹੈ।

੧੮'ਵੀਂ ਸਦੀ ਦੇ ਇਸ ਰਕਤ ਭਿੱਜੇ ਸਿੱਖ ਇਤਿਹਾਸ ਨੂੰ ਕੈਪਟਨ ਸਵਰਨ ਸਿੰਘ ਜਿਨ੍ਹਾਂ ਨੂੰ ਸਿੱਖ ਫਲਸਫੇ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ ਦੁਆਰਾ ਇਕ ਲੰਬੇ ਅਰਸੇ ਤਕ ਸੂਰਾ ਮਾਸਿਕ ਪੱਤਰ ਦੇ ਅੰਕਾਂ ਦੇ ਵਿੱਚ ਪੰਥਕ ਸੇਵਾ ਅਤੇ ਪਾਠਕਾਂ ਦਾ ਬਹੁਤ ਮਾਨ-ਸਤਿਕਾਰ ਪ੍ਰਾਪਤ ਹੋਇਆ। ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ।

੧੮'ਵੀਂ ਸਦੀ ਦੇ ਇਸ ਲਹੂ ਭਿੱਜੇ ਇਤਿਹਾਸ ਦੀ ਉਹ ਲਹੂ ਭਿੱਜੀ ਦਿਵਾਲੀ ਜਿਹੜੀ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਦੇ ਲਹੂ ਨਾਲ ਸਿੰਚੀ ਦਾ ਇਕ ਪ੍ਰਕਰਣ ਅਸੀਂ ਸਿੱਖ ਸੰਗਤਾਂ ਦੇ ਰਬਰੂ ਕਰਨ ਦਾ ਮਾਣ ਪ੍ਰਾਪਤ ਕਰ ਰਹੇ ਹਾਂ।
ਸ. ਜੱਸਾ ਸਿੰਘ ਆਹਲੂਵਾਲੀਆ - ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ੧੭੬੧ ਈ. ਵਿਚ ਲਾਹੌਰ 'ਤੇ ਕਬਜ਼ਾ ਕਰ ਕੇ ਬਾਦਸ਼ਾਹ ਬਣਿਆ। ਅਬਦਾਲੀ ਦੇ ਹਮਲਿਆਂ ਵਿਚ ੧੧ ਮਿਸਲਾਂ ਦਾ ਆਗੂ ਬਣ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਬੜੀਆਂ ਵੱਡੀਆਂ ਟੱਕਰਾਂ ਲੈਂਦਾ ਰਿਹਾ ਤੇ ੧੭੬੨ ਈ. ਵਿਚ ਅੰਮ੍ਰਿਤਸਰ ਵਿਖੇ ਅਬਦਾਲੀ ਨੂੰ ਹਰਾ ਕੇ ਭਜਾਇਆ ਤੇ ਉਹ ਚੜ੍ਹੀ – ਸਵਾਰੀ ਰਾਵੀ ਪਾਰ ਕਰ ਗਿਆ।
ਸ. ਚੜ੍ਹਤ ਸਿੰਘ ਸ਼ੁਕਰਚੱਕੀਆ - ਮਹਾਰਾਜਾ ਰਣਜੀਤ ਸਿੰਘ ਦੇ ਬਾਬਾ ਜੀ, ਮੁੱਢ ਤੋਂ ਹੀ ਸਿੰਘਾਂ ਨਾਲ ਰਲ ਕੇ ਬਾਹਰਲੇ ਹਮਲਿਆਂ ਦਾ ਟਾਕਰਾ ਕਰਦੇ ਰਹੇ। ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਸਰਬੁਲੰਦ ਖ਼ਾਨ ਨੂੰ ਰੋਹਤਾਸ ਦੇ ਕਿਲ੍ਹੇ 'ਚੋਂ ਫੜ ਕੇ ਆਪਣੀ ਕੈਦ 'ਚ ਰੱਖਿਆ। ੧੭੬੨ ਈ. ਦੇ ਵੱਡੇ ਘੱਲੂਘਾਰੇ ਵਿਚ ਆਪ ਨੂੰ ੧੯ ਫੱਟ ਲੱਗੇ ਸਨ।

ਦੀਵਾਲੀ ਦਾ ਦਿਨ ਤੇ ਜੰਗ

੬ ਕੱਤਕ ਸੰਮਤ ੧੮੧੯ (੧੭ ਅਕਤੂਬਰ ੧੭੬੨ ਈਸਵੀ) ਐਤਵਾਰ ਵਾਲੇ ਦਿਨ ਦੀਵਾਲੀ ਸੀ ਤੇ ਇਸ ਦਿਨ ਪੂਰਾ ਸੂਰਜ ਗ੍ਰਹਿਣ ਸੀ। ਅਜੇ ਕਾਫ਼ੀ ਤੜਕਾ ਸੀ ਕਿ ਅਬਦਾਲੀ ਸ਼ਹਿਰ 'ਤੇ ਆਣ ਪਿਆ। ਸਿੰਘ ਵੀ ਅਰਦਾਸਾ ਸੋਧ ਕੇ ਏਸੇ ਸਮੇਂ ਦੀ ਉਡੀਕ ਵਿਚ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਖੰਡਰ, ਪੂਰਿਆ ਹੋਇਆ ਸਰੋਵਰ ਤੇ ਚਾਰ ਚੁਫੇਰੇ ਦਾ ਢਾਹੋਵਾੜਾ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸੀ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਵੈਰੀ ਵੀ ਸੀ ਜਿਸ ਨੇ ਉਨ੍ਹਾਂ ਦੀਆਂ ਜਾਨਾਂ ਤੋਂ ਪਿਆਰੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਸੀ ਤੇ ਅੱਜ ਤੋਂ ਸਾਢੇ ਅੱਠ ਮਹੀਨੇ ਪਹਿਲਾਂ ਕੁੱਪ-ਰਹੀੜੇ ਦੇ ਮੈਦਾਨ ਵਿਚ ਖ਼ਾਲਸਾ ਜੀ ਨੂੰ ਅਕਹਿ ਦੁੱਖ ਦਿੱਤਾ ਸੀ। ਅੱਜ ਇਹ ਵੈਰੀ ਸਿੰਘਾਂ ਦੇ ਚੱਬ ਵਿਚ ਆਇਆ ਭਲਾ ਬਚ ਕੇ ਕਿਵੇਂ ਜਾਊ? ਬਸ ਪਈਆਂ ਫਿਰ ਚੋਟਾਂ ਧੌਂਸਿਆ ਉੱਤੇ ਤੇ ਨਿਸ਼ਾਨ ਸਾਹਿਬ ਖੁੱਲ੍ਹ ਗਏ। ਸਿੰਘ ਮੌਤ ਦਾ ਤੂਫ਼ਾਨ ਬਣ ਕੇ ਦੁਸ਼ਮਣ ਦੇ ਉੱਤੇ ਜਾ ਕੜਕੇ, ਬੜੀ ਭਿਆਨਕ ਤੇ ਖ਼ੂਨ-ਡੋਲ੍ਹਵੀਂ ਘਮਸਾਨ ਦੀ ਲੜਾਈ ਹੋਣ ਲੱਗੀ।


ਅਹਿਮਦ ਸ਼ਾਹ ਨੂੰ ਇਸ ਗੱਲ ਦਾ ਬੜਾ ਭਰਮ ਸੀ ਕਿ ਉਸ ਦਾ ਨਾਮ ਸੁਣਦੇ ਸਾਰ ਹੀ ਸਿੰਘ ਤਿੱਤਰ-ਬਿੱਤਰ ਹੋ ਜਾਣਗੇ। ਸਿੰਘਾਂ ਨੂੰ ਪੂਰੀ ਤਰ੍ਹਾਂ ਸਮੇਟ ਸੁੱਟਣਾ ਐਵੇਂ ਘੜੀਆਂ ਪਲਾਂ ਦਾ ਕੰਮ ਹੋਵੇਗਾ। ਏਸੇ ਲਈ ਉਸ ਨੇ ਸਾਰੇ ਨਾਕੇ ਚੰਗੀ ਤਰ੍ਹਾਂ ਰੋਕ ਛੱਡੇ ਸਨ। ਉਸ ਨੂੰ ਪੱਕਾ ਖ਼ਿਆਲ ਸੀ ਕਿ ਇਕ ਪਹਿਰ ਦੇ ਵਿਚ ਵਿਚ ਸਿੰਘਾਂ ਦੀ ਗੱਭੇ-ਵਾਢ ਕਰ ਕੇ ਉਹ ਲਾਹੌਰ ਮੁੜ ਜਾਵੇਗਾ, ਪਰ ਅੱਗੋਂ ਜਦ ਸਿੰਘਾਂ ਨੇ ਸੂਰਮਿਆਂ ਵਾਲੇ ਹੱਥ ਵਿਖਾਏ ਤਾਂ ਅਹਿਮਦ ਸ਼ਾਹ ਬੜਾ ਫ਼ਿਕਰਮੰਦ ਹੋਇਆ। ਖ਼ਾਨਾਂ ਨੂੰ ਮਾਰ ਖਾਂਦਿਆਂ ਤੇ ਤੌਬਾ ਤੌਬਾ ਕਰਦਿਆਂ ਵੇਖ ਕੇ ਗੱਭੇ-ਵਾਢ ਦਾ ਨਸ਼ਾ ਹਰਨ ਹੋ ਗਿਆ ਤੇ ਉਹ ਆਪਣੀ ਸੁਰਖ਼ਰੂਈ ਲਈ ਤੇ ਦਬਦਬਾ ਕਾਇਮ ਰੱਖਣ ਲਈ ਹੁਣ ਸਿੰਘਾਂ 'ਤੇ ਫ਼ਤਿਹ ਹੀ ਪਾ ਲੈਣ ਦੀ ਫ਼ਿਕਰ ਕਰਨ ਲੱਗਾ। ਉਸਦਿਆਂ ਹੰਢੇ ਵਰਤੇ ਜਰਨੈਲਾਂ ਤੇ ਵਜ਼ੀਰਾਂ ਨੇ ਅਹਿਮਦ ਸ਼ਾਹ ਨੂੰ ਕਦੇ ਪਹਿਲਾਂ ਅੱਜ ਵਾਂਗ ਚਿੰਤਾਤੁਰ ਤੇ ਪਰੇਸ਼ਾਨ ਨਹੀਂ ਸੀ ਵੇਖਿਆ। ਲੜਾਈ ਦਾ ਰੰਗ ਹਰ ਪਲ ਇਸ ਚਿੰਤਾ ਵਿਚ ਵਾਧਾ ਕਰੀ ਜਾ ਰਿਹਾ ਸੀ।

ਏਸ਼ੀਆ ਦਾ ਚੋਟੀ ਦਾ ਜਰਨੈਲ, ਜਿਸ ਦੇ ਨਾਮ ਤੋਂ ਹੀ ਹਿੰਦੁਸਤਾਨ ਵਿਚ ਕਾਇਮ ਹੋਈ ਅੰਗ੍ਰੇਜ਼ੀ ਤਾਕਤ ਥਰਥਰਾਂਦੀ ਸੀ, ਇਹ ਪਾਨੀਪਤ ਦਾ ਜੇਤੂ ਜੋ ਮਰਹੱਟਿਆਂ ਦੇ ਤੋਪਖ਼ਾਨੇ, ਹਾਥੀਆਂ ਤੇ ਘੋੜਿਆਂ ਦੇ ਰਸਾਲਿਆਂ ਅਤੇ ਲੱਖਾਂ ਮਰਹੱਟੇ ਜਵਾਨਾਂ ਨੂੰ ਮੈਦਾਨ ਵਿਚ ਸਾਹਮਣੇ ਵੇਖ ਕੇ ਰਤਾ ਭਰ ਵੀ ਨਹੀਂ ਸੀ ਘਬਰਾਇਆ। ਉਹ ਮਨ ਵਿਚ ਸਮਝਦਾ ਸੀ ਕਿ ਸਿੰਘ ਤਾਂ ਉਸ ਅੱਗੇ ਇਕ ਤਮਾਸ਼ਾ ਹਨ, ਉਨ੍ਹਾਂ ਦੇ ਤਾਂ ਅੱਖ ਦੀ ਪਲਕਾਰ ਵਿਚ ਪਰਖਚੇ ਉਡਾ ਦੇਵੇਗਾ। ਇਨ੍ਹਾਂ ਨੂੰ ਤਾਂ ਭੱਜਦਿਆਂ ਰਾਹ ਨਹੀਂ ਲੱਭਣਾ। ਪਰ ਇਹ ਉਸ ਨੂੰ ਬੜਾ ਵੱਡਾ ਭੁਲੇਖਾ ਸੀ। ਉਹ ਸਿੰਘਾਂ ਨੂੰ ਵੀ ਮਰਹੱਟਿਆਂ ਦੇ ਹੀ ਤੁਲ ਸਮਝਦਾ ਸੀ। ਪਰ ਮਰਹੱਟਿਆਂ ਤੇ ਸਿੰਘਾਂ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਸੀ।

ਹੁਣ ਸੂਰਜ ਚੜ੍ਹ ਚੁੱਕਿਆ ਸੀ ਤੇ ਲੜਾਈ ਗਹਿ-ਗੱਚ ਹੋ ਰਹੀ ਸੀ, ਦੋਹਾਂ ਧਿਰਾਂ ਨੇ ਅੱਜ ਇਕ ਤੋਂ ਇਕ ਕਰ ਸੁੱਟਣ ਦੀ ਧਾਰੀ ਹੋਈ ਸੀ। ਅਠਾਰ੍ਹਾਂ ਘੜੀਆਂ ਦਿਨ ਗਏ ਸੂਰਜ ਨੂੰ ਪੂਰਨ ਗ੍ਰਹਿਣ ਲੱਗ ਗਿਆ। ਉਮਦਾ-ਤੁ-ਤਵਾਰੀਖ਼ ਦਾ ਕਰਤਾ ਲਿਖਦਾ ਹੈ ਕਿ ਗ੍ਰਹਿਣ ਲੱਗਣ ਕਰਕੇ ਏਨਾ ਅੰਨ੍ਹੇਰਾ ਹੋ ਗਿਆ ਕਿ ਦਿਨੇ ਹੀ ਤਾਰੇ ਨਜ਼ਰ ਆਉਣ ਲੱਗ ਪਏ।੧ ਅਜਿਹਾ ਸੂਰਜ ਗ੍ਰਹਿਣ ਅੱਗੇ ਕਦੇ ਨਹੀਂ ਲੱਗਾ ਸੀ, ਮਾਨੋ ਸੂਰਜ ਚੜ੍ਹਿਆ ਹੀ ਨਹੀਂ ਸੀ। ਸਿੰਘ ਜਾਨਾਂ ਤਲੀ ਉੱਤੇ ਧਰੀ ਵੈਰੀ ਨਾਲ ਜੂਝ ਰਹੇ ਸਨ। ਵੱਡੇ ਤੜਕੇ ਤੋਂ ਲੜ ਰਹੇ ਸਨ ਤੇ ਭੁੱਖ-ਤ੍ਰੇਹ ਦਾ ਕੋਈ ਖ਼ਿਆਲ ਵੀ ਨਹੀਂ ਸੀ। ਜੇ ਖ਼ਿਆਲ ਸੀ ਤੇ ਸਿਰਫ਼ ਸਨਮੁਖ ਜੂਝ ਕੇ ਸ਼ਹੀਦ ਹੋਣ ਦਾ। ਸਿੰਘਾਂ ਨੂੰ ਦੁਰਾਨੀਆਂ ਵਿਰੁੱਧ ਦੂਹਰਾ ਗ਼ੁੱਸਾ ਸੀ। ਇਕ ਘੱਲੂਘਾਰੇ ਦਾ ਤੇ ਦੂਜਾ ਸਭ ਤੋਂ ਵੱਡਾ ਦਰਬਾਰ ਸਾਹਿਬ ਦੀ ਬੇਅਦਬੀ ਦਾ। ਉਨ੍ਹਾਂ ਨੇ ਤਾਂ ਮਿਥ ਕੇ ਰਣ ਮੰਡਿਆ ਸੀ ਤੇ ਸਿਰ ਧੜ ਦੀ ਲਾ ਕੇ ਅੱਜ ਦੁਰਾਨੀਆਂ ਤੋਂ ਪੂਰਾ ਪੂਰਾ ਲੇਖਾ ਲੈ ਰਹੇ ਸਨ। ਅੱਜ ਦੁਨੀਆਂ 'ਤੇ ਸਾਬਤ ਕਰਨਾ ਸੀ ਕਿ ਪੰਜਾਬ ਵਿਚ ਦੁਰਾਨੀ ਨਹੀਂ, ਸਿੰਘ ਰਹਿਣਗੇ। ਇਸ ਲਈ ਹਰ ਇਕ ਸੂਰਮਾ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਲੜਦਾ ਸੀ ਤੇ ਸ਼ਹੀਦੀ ਪਾਉਣਾ ਚਾਹੁੰਦਾ ਸੀ। ਸ੍ਰੀ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਉੱਤੇ ਸ਼ਹੀਦ ਹੋਣਾ ਕੋਈ ਮਮੂਲੀ ਗੱਲ ਨਹੀਂ ਸੀ। ਇਸ ਧਰਤੀ 'ਤੇ ਸ਼ਹੀਦ ਹੋਣਾ ਸਿੰਘਾਂ ਵਾਸਤੇ ਸਭ ਤੋਂ ਉੱਚਾ ਮਰਾਤਬਾ ਹੈ, ਜਿਸ ਦੇ ਸਾਹਮਣੇ ਸਭ ਕੁਝ ਉਹ ਹੇਚ ਸਮਝਦੇ ਸਨ ਤੇ ਹੁਣ ਵੀ ਇੰਜ ਹੀ ਸਮਝਦੇ ਹਨ।

ਤੜਕੇ ਦੀ ਲੱਗੀ ਲੜਾਈ ਕਿਸੇ ਪਾਸੇ ਵੀ ਮੱਠੀ ਹੁੰਦੀ ਨਜ਼ਰ ਨਹੀਂ ਸੀ ਆ ਰਹੀ। ਦੁਰਾਨੀ ਸੂਰਬੀਰ ਪੂਰੀ ਤੁੰਦੀ, ਦਲੇਰੀ ਤੇ ਨਿਰਭੈਤਾ ਨਾਲ ਲੜ ਰਹੇ ਸਨ। ਉਨ੍ਹਾਂ ਨੂੰ ਪੂਰਾ ਮਾਣ ਸੀ ਕਿ ਉਹ ਏਸ਼ੀਆ ਦੇ ਚੋਟੀ ਦੇ ਤੇ ਸਮੇਂ ਦੇ ਅੱਵਲ ਦਰਜੇ ਦੇ ਜਰਨੈਲ ਦੀ ਅਗਵਾਈ ਥੱਲੇ ਲੜ ਰਹੇ ਹਨ। ਜਿਸ ਜਰਨੈਲ ਨੇ ਅੱਜ ਤਕ ਹਾਰ ਦਾ ਮੂੰਹ ਨਹੀਂ ਵੇਖਿਆ। ਹਰ ਜੰਗ ਵਿਚ ਫ਼ਤਹਿ ਨੇ ਉਸ ਦੇ ਪੈਰ ਚੁੰਮੇ ਸਨ। ਇਹ ਗੱਲ ਉਨ੍ਹਾਂ ਦਾ ਹੌਂਸਲਾ ਹੀ ਨਹੀਂ ਸੀ ਬੰਨ੍ਹਾਉਂਦੀ, ਸਗੋਂ ਜੋਸ਼ ਵੀ ਦੂਣ-ਸਵਾਇਆ ਚੜ੍ਹਾਉਂਦੀ ਸੀ। ਮੁੜ ਮੁੜ ਕੇ 'ਤਕਬੀਰ' ਦੇ ਤੇ 'ਹੈਦਰੀ' ਨਾਹਰੇ ਗੂੰਜਦੇ ਸਨ, ਦੁਰਾਨੀਆਂ ਦੇ ਯਲਗਾਰ ਤੇ ਯਲਗਾਰ ਵੱਧਦੇ ਸਨ, ਪਰ ਖ਼ਾਲਸਈ ਤੇਗ਼ਾਂ, ਨੇਜ਼ੇ ਤੇ ਜੰਜ਼ਾਇਲ ਬੰਦੂਕਾਂ ਦੁਸ਼ਮਣ ਦੀਆਂ ਟੋਲੀਆਂ ਨੂੰ ਅੰਨ੍ਹੇਰੀ ਵਿਚ ਉੱਡਦਿਆਂ ਪੱਤਿਆਂ ਵਾਂਗ ਉਡਾਈ ਜਾ ਰਹੀਆਂ ਸਨ। ਵਾਹ ਓਇ ਕਲਗ਼ੀਧਰ ਦੇ ਜਾਏ ਸਿੰਘ ਸਰਦਾਰੋ! ਦੁਨੀਆਂ ਦੇ ਇਤਿਹਾਸ ਵਿਚ ਇਕ ਨਵਾਂ ਕਾਂਡ ਲਿਖ ਚੱਲੇ ਹੋ, ਜਿਸ ਨੂੰ ਪੜ੍ਹ ਕੇ ਥੋੜ-ਦਿਲੇ ਤੇ ਕਾਇਰ ਕਿਸਮ ਦੇ ਇਤਿਹਾਸਕਾਰ ਮੰਨਣਗੇ ਨਹੀਂ। ਤੁਹਾਡੇ ਹੌਂਸਲੇ, ਬਲ ਤੇ ਤੇਗ਼ ਤੋਂ ਕੁਰਬਾਨ!

ਪਾਨੀਪਤ ਦੇ ਵਿਜੱਈ ਨੇ ਮਰਹੱਟਿਆਂ ਨੂੰ ਆਪਣੇ ਨਾਲੋਂ ਕਿਤੇ ਜ਼ਿਆਦਾ ਤਾਕਤ ਵਿਚ ਹੁੰਦਿਆਂ ਹੋਇਆਂ ਵੀ, ਥੋੜ੍ਹੀ ਦੇਰ ਵਿਚ ਹੀ ਅੱਗੇ ਧਰ ਲਿਆ ਸੀ, ਪਰ ਸਿੰਘ, ਜਿਨ੍ਹਾਂ ਨੂੰ ਉਹ ਤੁੱਛ ਤੇ ਤਮਾਸ਼ਾ ਹੀ ਸਮਝਦਾ ਸੀ, ਕਿਧਰੇ ਢਿੱਲੇ ਹੁੰਦੇ ਨਜ਼ਰ ਨਹੀਂ ਸਨ ਆਉਂਦੇ। ਸਗੋਂ ਉਨ੍ਹਾਂ ਦੇ ਹੱਲੇ ਹਰ ਪਲ ਤੇਜ਼ ਤੇ ਜ਼ੋਰਦਾਰ ਹੁੰਦੇ ਜਾ ਰਹੇ ਸਨ। ਪਰਛਾਵੇਂ ਢਲ ਚੁੱਕੇ ਸਨ। ਸੂਰਜ ਹੋਰ ਨੀਵਾਂ ਹੁੰਦਾ ਜਾ ਰਿਹਾ ਸੀ। ਜਿਥੇ ਸਿੰਘਾਂ ਦੇ ਹੱਲੇ ਹੋਰ ਭਰਪੂਰ ਹੁੰਦੇ ਜਾ ਰਹੇ ਸਨ, ਦੁਰਾਨੀ ਪੈਰ ਦੱਬਣ ਲੱਗ ਪਏ। ਹੁਣ ਪਾਨੀਪਤ ਦੇ ਜੇਤੂ ਜਰਨੈਲ ਅਹਿਮਦ ਸ਼ਾਹ ਨੂੰ ਜਿੱਤ ਦੀ ਥਾਂ ਮੌਤ ਦਾ ਖ਼ਤਰਾ ਭਾਸਣ ਲੱਗ ਪਿਆ। ਲੜਾਈਆਂ ਦੇ ਦਾਅ-ਪੇਚ ਕਿਸੇ ਕੰਮ ਨਹੀਂ ਸਨ ਆ ਰਹੇ। ਹੁਣ ਉਹ ਆਪਣੀ ਜਿੱਤ ਦਾ ਖ਼ਿਆਲ ਛੱਡ ਕੇ ਆਪਣੀ ਪਿਆਰੀ ਜਾਨ ਹੀ ਬਚਾ ਕੇ ਲੈ ਜਾਣ ਦਾ ਫ਼ਿਕਰ ਕਰਨ ਲੱਗਾ। ਉਹ ਲੜਦਾ ਲੜਦਾ ਬੜੀ ਤੇਜ਼ੀ ਨਾਲ ਲਾਹੌਰ ਵੱਲ ਨੂੰ ਪਿਛਾਂਹ ਹਟਣ ਲੱਗਾ।

ਲਾਹੌਰੋਂ ਅਬਦਾਲੀ ਇਸ ਰੋਹ ਤੇ ਮਾਣ ਨਾਲ ਘੱਲੂਘਾਰੇ ਵਾਲੀ ਛੂਟ ਲਾ ਕੇ ਚੜ੍ਹਿਆ ਸੀ ਕਿ ਫੋਰੇ ਵਿਚ ਸਿੰਘਾਂ ਨੂੰ ਸਮੇਟ ਕੇ ਭੌਂਦੇ ਪੈਰੀਂ ਮੁੜ ਆਵੇਗਾ ਤੇ ਇਹ ਘੱਲੂਘਾਰੇ ਨਾਲੋਂ ਵੀ ਵੱਡੀ ਭੱਲ ਹੋਵੇਗੀ, ਕਿਉਂਕਿ ਸਿੰਘ ਇਹ ਕਹਿੰਦੇ ਸਨ ਕਿ ਕੁੱਪ-ਰਹੀੜੇ ਅਬਦਾਲੀ ਅਚਨਚੇਤ ਹੀ ਆ ਪਿਆ ਸੀ, ਜੇ ਕਿਤੇ ਮਿਥ ਕੇ ਮੁਕਾਬਲਾ ਹੋਵੇ ਤਾਂ ਸੁਆਦ ਆ ਜਾਵੇ। ਉਸ ਨੂੰ ਆਪ ਨੂੰ ਵੀ ਸਿੱਕ ਸੀ ਕਿ ਕਿਤੇ ਸਿੰਘ ਉਸ ਨਾਲ ਮਿਥ ਕੇ ਤੇ ਜੰਮ ਕੇ ਲੜਨ। ਹੁਣ ਉਸ ਦੀ ਸੋਚਣੀ ਇਹ ਸੀ ਕਿ ਹੁਣ ਜਦੋਂ ਕਿ ਸਿੰਘਾਂ ਵਲੋਂ ਹੀ ਇਹ ਮਿਥ ਕੇ ਜੰਗ ਅਰੰਭ ਹੋਈ ਹੈ ਤਾਂ ਜੇ ਮੈਂ ਉਨ੍ਹਾਂ ਨੂੰ ਅੱਗੇ ਧਰ ਕੇ ਉਨ੍ਹਾਂ ਦੀ ਗੱਭੇ-ਵਾਢ ਨਾ ਕਰ ਸੁੱਟਾਂ ਅਤੇ ਹਮੇਸ਼ਾ ਲਈ ਇਨ੍ਹਾਂ ਨੂੰ ਬਰਬਾਦ ਨਾ ਕਰ ਸੁੱਟਾਂ ਤਾਂ ਇਹ ਕਿੱਡੀ ਵੱਡੀ ਭੁੱਲ ਹੋਵੇਗੀ। ਉਹ ਪਲਾਂ ਵਿਚ ਤਰਦੀ ਤਰਦੀ ਮਲਾਈ ਲਾਹੁਣ ਆਇਆ ਸੀ, ਉਲਟਾ ਭੱਠੀ ਵਿਚ ਡਿੱਗ ਕੇ ਅੰਗਿਆਰਾਂ ਵਿਚ ਭੁੱਜਣ ਲੱਗਾ।

ਸੂਰਜ ਡੁੱਬਣ 'ਤੇ ਸੀ ਤੇ ਪੱਛਮ ਵਾਲੇ ਪਾਸੇ ਆਕਾਸ਼ ਵੀ ਲਾਲ ਹੋ ਚੁੱਕਿਆ ਸੀ। ਗਲੀਆਂ ਬਜ਼ਾਰ ਸਿੰਘਾਂ ਨੇ ਦੁਰਾਨੀਆਂ ਦੀਆਂ ਲਾਸ਼ਾਂ ਨਾਲ ਭਰ ਸੁੱਟੇ ਸਨ। ਲਹੂ-ਲੁਹਾਨ ਕਰ ਛੱਡੇ ਸਨ। ਸਿੰਘ ਵੀ ਟੋਟੇ ਟੋਟੇ ਹੋ ਕੇ ਲੜੇ ਸਨ ਤੇ ਰੱਜ ਰੱਜ ਸ਼ਹੀਦੀ ਜਾਮ ਪੀਤੇ ਸਨ। ਕਾਫ਼ੀ ਸਿੰਘ ਵੀ ਸ਼ਹੀਦ ਹੋ ਚੁੱਕੇ ਸਨ। ਲੜਾਈ ਨੇ ਇਕਦਮ ਮੋੜਾ ਖਾਧਾ ਤੇ ਸਿੰਘਾਂ ਦੁਰਾਨੀ ਫ਼ੌਜਾਂ ਨੂੰ ਧੱਕ ਕੇ ਕਿਲ੍ਹਾ ਗੋਬਿੰਦਗੜ੍ਹ ਤੋਂ ਅੱਗੇ ਧਰ ਲਿਆ। ਮੌਜੂਦਾ ਪੁਤਲੀਘਰ ਦਾ ਏਰੀਆ, ਰੇਲਵੇ ਕਾਲੋਨੀ ਤੇ ਰਾਣੀ ਕਾ ਬਾਗ਼ ਤੇ ਕਚਹਿਰੀਆਂ ਵਾਲਾ ਥਾਂ ਲੜਾਈ ਦਾ ਪਿੜ ਬਣਿਆ ਹੋਇਆ ਸੀ। ਅਸਲ ਵਿਚ ਦੁਰਾਨੀ ਫ਼ੌਜਾਂ ਬਚਾਅ ਹੀ ਕਰ ਰਹੀਆਂ ਸਨ ਤੇ ਦਿਲ ਵਿਚ ਸਮੇਤ ਅਫ਼ਸਰਾਂ ਤੇ ਜਰਨੈਲਾਂ ਦੇ ਦੁਆ ਹੀ ਕਰ ਰਹੀਆਂ ਸਨ ਕਿ ਕਿਸੇ ਬਿਧ ਅੱਲ੍ਹਾ ਪਾਕ ਹੀ ਇਨ੍ਹਾਂ ਸਿੰਘਾਂ ਤੋਂ ਪਿੱਛਾ ਛੁਡਾਏ।


ਹੁਣ ਦੋਹਾਂ ਧਿਰਾਂ ਦਿਆਂ ਬਹਾਦਰਾਂ ਤੇ ਸੂਰਮਿਆਂ ਦੇ ਕਰੜੇ ਇਮਤਿਹਾਨ ਦਾ ਵੇਲਾ ਆ ਗਿਆ ਸੀ। ਪਰ ਅਫ਼ਗ਼ਾਨ ਤੇ ਉਜ਼ਬਕ ਸੂਰਮੇ ਬਚ ਬਚ ਕੇ ਪਿੱਛੇ ਹਟ ਰਹੇ ਸਨ। ਬਿਫਰੇ ਹੋਏ ਸ਼ੇਰਾਂ ਵਾਂਗ ਸਿੰਘ ਉਨ੍ਹਾਂ ਉੱਤੇ ਹੱਲੇ 'ਤੇ ਹੱਲਾ ਕਰ ਰਹੇ ਸਨ। ਇਸ ਮੌਕੇ 'ਤੇ ਹੁਣ ਗਹੁ ਨਾਲ ਵੇਖਣਾ ਇਹ ਹੈ ਕਿ ਏਸ਼ੀਆ ਦਾ ਮਹਾਨ ਜਰਨੈਲ, ਪਾਨੀਪਤ ਦੇ ਵਿਜੱਈ ਤੇ ਕੁੱਪ-ਰਹੀੜੇ ਦੇ ਜੇਤੂ ਦੁਰਾਨੀ ਆਪਣੇ ਆਪ ਨੂੰ ਇਸ ਪਰਖ ਦੇ ਮੌਕਿਆਂ 'ਤੇ ਉਂਜ ਹੀ ਬਚਾ ਕੇ ਬੜੀ ਸ਼ਾਨ ਨਾਲ ਨਿਕਲ ਸਕਦੇ ਹਨ ਜਿਵੇਂ ਸਿੰਘਾਂ ਨੇ ਕੁੱਪ-ਰਹੀੜੇ ਦੀ ਲੜਾਈ ਵੇਲੇ ਆਪਣੇ ਆਪ ਨੂੰ ਬਚਾਇਆ ਸੀ ਜਾਂ ਪਾਨੀਪਤ ਦੀ ਲੜਾਈ (ਅਬਦਾਲੀ ਤੇ ਮਰਹੱਟਿਆਂ ਵਿਚਕਾਰ) ਵੇਲੇ ਪੈਰ ਉਖੜੇ ਮਰਹੱਟਿਆਂ ਵਾਂਗ ਪਿੱਛੇ ਹਟਦਿਆਂ ਦੁੰਮ ਦਬਾ ਕੇ ਨੱਸ ਜਾਣ ਵਿਚ ਹੀ ਆਪਣੀ ਸੂਰਮਤਾਈ ਸਮਝਦੇ ਹਨ? ਇਸ ਪਰਖ ਦੀ ਘਸਵੱਟੀ 'ਤੇ ਅਬਦਾਲੀ ਤੇ ਉਸ ਦੀ ਬਹਾਦਰ ਸਿਪਾਹ ਪੂਰੀ ਨਹੀਂ ਉਤਰਦੀ। ਉਹ ਬਿਲਕੁਲ ਫ਼ੇਲ੍ਹ ਹੋਏ ਹਨ।

ਲੜਾਈ ਵੇਲੇ ਵਧੀਕ ਤਾਕਤ ਹੋਣ ਕਾਰਨ ਜ਼ੋਰ ਪੈ ਜਾਣ 'ਤੇ ਅਗਾਂਹ ਵਧਦੇ ਜਾਣਾ ਅਤੇ ਬਚ ਬਚ ਕੇ ਲੜਦੇ ਦੁਸ਼ਮਣ ਨੂੰ ਅੱਗੇ ਧੱਕੀ ਜਾਣਾ ਕੋਈ ਔਖੀ ਗੱਲ ਨਹੀਂ, ਪਰ ਘੋਰ ਤੇ ਭਿਆਨਕ ਮੁਸੀਬਤ ਸਮੇਂ, ਜਦ ਚੁਫੇਰੇ ਮੌਤ ਨੱਚ ਰਹੀ ਹੋਵੇ, ਕੋਈ ਬਚਾਅ ਦੀ ਸੂਰਤ ਨਾ ਹੋਵੇ, ਕਿਸੇ ਪਾਸਿਓਂ ਕਿਸੇ ਆਸਰੇ ਦੀ ਆਸ ਨਾ ਹੋਵੇ ਤਾਂ ਇਸ ਹਾਲਤ ਵਿਚ ਪਿੱਛੇ ਹਟਦਿਆਂ ਆਪਣੀ ਸੁਰਤ ਨੂੰ ਠੀਕ-ਠਾਕ ਤੇ ਟਿਕਾਣੇ ਰੱਖਣਾ ਅਤੇ ਦੁਸ਼ਮਣ ਦੀ ਕੋਈ ਵੀ ਚਾਲ ਸਿਰੇ ਨਾ ਚੜ੍ਹਨ ਦੇਣੀ, ਇਹ ਹਾਰੀ ਸਾਰੀ ਦਾ ਕੰਮ ਨਹੀਂ। ਇਸ ਕਿਸਮ ਦਿਆਂ ਇਮਤਿਹਾਨਾਂ ਵਿਚ ਵਿਰਲੀਆਂ ਟਾਵੀਆਂ ਕੌਮਾਂ ਹੀ ਕਾਮਯਾਬ ਹੁੰਦੀਆਂ ਹਨ। ਅਸੀਂ ਨਿਰਪੱਖ ਹੋ ਕੇ ਵੇਖੀਏ ਤਾਂ ਨਿਰਸੰਦੇਹ ਮੰਨਣਾ ਪਵੇਗਾ ਕਿ ਇਸ ਘਸਵੱਟੀ 'ਤੇ ਸਿੰਘ ਪੂਰੇ ਉਤਰੇ ਸਨ। ਉਨ੍ਹਾਂ ਕੁੱਪ-ਰਹੀੜੇ ਦੇ ਮੈਦਾਨ ਵਿਚ ਆਪਣੀ ਸੂਰਮਤਾਈ ਦੇ ਪੂਰੇ ਪੂਰੇ ਜੌਹਰ ਦਿਖਾਏ ਸਨ। ਆਪਣੀ ਬਹਾਦਰੀ ਤੇ ਸੂਰਮਤਾਈ ਦਾ ਉਹ ਸਬੂਤ ਦਿੱਤਾ ਕਿ ਉਸ ਦੀ ਮਿਸਾਲ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ।

ਸੁਹਿਰਦ ਪਾਠਕ ਜੀ, ਜ਼ਰਾ ਧਿਆਨ ਦੇਵੋ। ਕੁੱਪ-ਰਹੀੜੇ ਦੇ ਮੁਕਾਮ 'ਤੇ ਸਿੰਘਾਂ ਉੱਤੇ ਅਬਦਾਲੀ ਨੇ ਅਚਨਚੇਤ ਹੱਲਾ ਕੀਤਾ ਹੈ। ਖ਼ਾਲਸਾ ਜੀ ਚੁਫੇਰਿਉਂ ਘਿਰਿਆ ਹੋਇਆ ਹੈ। ਨਾਲ ਬੱਚੇ, ਔਰਤਾਂ, ਬੁੱਢੇ, ਜ਼ਖ਼ਮੀ, ਬੀਮਾਰ, ਹਾਮਲਾ ਔਰਤਾਂ, ਕੁੱਛੜ ਬੱਚਿਆਂ ਵਾਲੀਆਂ ਔਰਤਾਂ, ਕਈ ਕਿਸਮ ਦਾ ਘਰੇਲੂ ਸਾਮਾਨ ਤੇ ਨਿੱਕਾ ਮੋਟਾ ਲਟਾ-ਪਟਾ ਹੈ। ਇਸ ਵਹੀਰ ਵਿਚ ਜੋ ਆਦਮੀ ਵੀ ਸ਼ਾਮਲ ਹਨ, ਬਿਨਾਂ ਹਥਿਆਰਾਂ ਤੋਂ ਹਨ। ਗੱਡੇ, ਭੇਡੇ, ਊਠ, ਖੱਚਰਾਂ, ਮਾੜੇ ਮੋਟੇ ਘੋੜੇ ਟੱਟੂ ਹਨ, ਜਿਨ੍ਹਾਂ 'ਤੇ ਮਾਲ ਅਸਬਾਬ ਲੱਦਿਆ ਹੈ। ਕੋਈ ਟਿਕਾਣਾ ਨਹੀਂ। ਹਮਲਾ ਕਰਦਾ ਹੈ ਪਾਨੀਪਤ ਦਾ ਵਿਜੱਈ ਤੇ ਏਸ਼ੀਆ ਦਾ ਜਰਨੈਲ! ਵਹੀਰ ਦੇ ਨਾਲ ਜੋ ਦਲ ਹੈ, ਉਨ੍ਹਾਂ ਪਾਸ ਮੁਕਾਬਲੇ ਦੇ ਹਥਿਆਰ ਵੀ ਨਹੀਂ, ਗੋਲੀ ਸਿੱਕੇ ਦਾ ਕੋਈ ਪ੍ਰਬੰਧ ਨਹੀਂ, ਗਿਣਤੀ ਵੀ ਥੋੜ੍ਹੀ ਹੈ। ਕੋਈ ਤੋਪਾਂ, ਬੰਦੂਕਾਂ ਤੇ ਜੰਜ਼ਾਇਲਾਂ ਨਹੀਂ। ਘੋੜੇ ਵੀ ਪੂਰੇ ਨਹੀਂ, ਬਹੁਤਾ ਦਲ ਪੈਦਲ ਹੈ। ਵੇਖਿਆ ਜਾਵੇ ਤਾਂ ਇਸ ਅਸਾਵੀਂ ਸਥਿਤੀ ਵਿਚ ਕੀ ਮੁਕਾਬਲਾ ਹੈ? ਅਬਦਾਲੀ ਤੇ ਉਸ ਦੇ ਦੇਸੀ ਹਵਾਰੀਆਂ ਦੀ ਕਾਮਯਾਬੀ ਤਾਂ ਇਸ ਵਿਚ ਸੀ ਜੇ ਦੁਹਾਂ ਚੌਹਾਂ ਘੜੀਆਂ ਵਿਚ ਚੁਫੇਰਿਉਂ ਘੇਰ ਕੇ ਇਕ ਜੀਅ ਵੀ ਜੀਊਂਦਾ ਨਾ ਛੱਡਦੇ। ਇਹੋ ਹੀ ਧਾਰ ਕੇ ਤਾਂ ਇਹ ਹੱਲਾ ਹੋਇਆ ਸੀ। ਪਰ ਹੋਇਆ ਕੀ? ਬਿਲਕੁਲ ਇਸ ਤੋਂ ਉਲਟ। ਸਵੇਰ ਤੋਂ ਲੈ ਕੇ ਤੀਜੇ ਪਹਿਰ ਤਕ ਗਹਿਗੱਚ ਲੜਾਈ ਹੋਈ। ਕੁੱਪ-ਰਹੀੜੇ ਤੋਂ ਸ਼ੁਰੂ ਹੋ ਕੇ ਕੁਤਬੇ-ਬਾਹਮਣੀਆਂ ਤੋਂ ਅੱਗੇ ਹਠੂਰ ਤਕ ਘਮਸਾਨ ਦੇ ਹੱਲੇ ਹੁੰਦੇ ਰਹੇ ਤੇ ਅਬਦਾਲੀ ਆਪਣੇ ਬਿਹਤਰੀਨ ਜਰਨੈਲਾਂ ਦੀ ਸਹਾਇਤਾ ਨਾਲ ਸਿੰਘਾਂ ਦੇ ਪੈਰ ਨਾ ਉਖੇੜ ਸਕਿਆ, ਵਹੀਰ ਨੂੰ ਖ਼ਾਲਸਾ ਦਲ ਨਾਲੋਂ ਅਲਹਿਦਾ ਨਾ ਕਰ ਸਕਿਆ। ਉਜ਼ਬਕ ਫ਼ੌਜਾਂ ਨੂੰ ਤਾਂ ਇਹ ਹੁਕਮ ਸੀ ਕਿ ਹਿੰਦੁਸਤਾਨੀ ਲਿਬਾਸ ਵਿਚ ਇਕ ਜੀਅ ਵੀ ਜੀਊਂਦਾ ਨਹੀਂ ਛੱਡਣਾ। ਅਬਦਾਲੀ ਨੇ ਅੱਜ ਇਕ ਤੋਂ ਇਕ ਕਰ ਛੱਡਣ ਦੀ ਮਿਥੀ ਹੋਈ ਸੀ। ਪਰ ਦੁਪਹਿਰ ਤਕ ਕੋਈ ਚਾਰਾ ਨਾ ਚੱਲਦਾ ਵੇਖ ਕੇ ਆਪ ਤਾਂ ਮਲੇਰਕੋਟਲੇ ਨੂੰ ਪਰਤ ਗਿਆ ਤੇ ਫ਼ੌਜਾਂ ਦੇ ਜ਼ਿੰਮੇ ਲਾ ਗਿਆ ਕਿ ਸਿੰਘਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਕੇ ਹੀ ਮੁੜਨਾ ਹੈ। ਪਰ ਬੇਸ਼ੁਮਾਰ ਉਜ਼ਬਕ (ਤਤਾਰ) ਤੇ ਅਫ਼ਗਾਨ 'ਬੱਚੇ' ਮੁੜ ਵਤਨਾਂ ਨੂੰ ਨਾ ਮੁੜੇ।

ਤੀਜੇ ਪਹਿਰ ਫ਼ੌਜ ਵੀ ਪਿਛਾਂਹ ਮੁੜ ਪਈ। ਅਬਦਾਲੀ ਨੇ ਅਗਲੇ ਦਿਨ ਤੁਅਕਬ (ਪਿੱਛਾ) ਵੀ ਨਾ ਕੀਤਾ। ਕਾਰਨ? ਸਿੰਘਾਂ ਦੀ ਸੂਰਮਤਾਈ। ਅਕਾਲ ਪੁਰਖ 'ਤੇ ਭਰੋਸਾ। ਘੋਰ ਮੁਸੀਬਤ ਸਮੇਂ ਵੀ ਨਾ ਘਬਰਾਉਣਾ ਤੇ ਆਪਣੀ ਸੁਰਤਿ ਨੂੰ ਕਾਇਮ ਰੱਖਣਾ। ਸ਼ਹਾਦਤ ਨਾਲ ਕੌਮਾਂ ਨਿਖਰਦੀਆਂ ਹਨ। ਇਸ ਭਰੋਸੇ ਨਾਲ ਲੜਨਾ ਕਿ ਸਾਨੂੰ ਕੋਈ ਰਹਿੰਦੀ ਦੁਨੀਆਂ ਤਕ ਹਰਾ ਨਹੀਂ ਸਕਦੈ। ਭਿਆਨਕ ਮੁਸੀਬਤਾਂ ਤੇ ਮੁਸ਼ਕਲਾਂ ਨਾਲ ਟਕਰਾਉਣਾ ਖ਼ਾਲਸਾ ਜੀ ਦੇ ਮਨ-ਪਰਚਾਵੇ ਹਨ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਅਸੀਂ ਸਦੀਵੀ ਤੇ ਅਮਿਟ ਪ੍ਰਕਾਸ਼ ਬਣ ਗਏ ਹਾਂ, ਜਿਸ ਨੇ ਬਦੀ ਤੇ ਜ਼ੁਲਮ ਦੇ ਅੰਨ੍ਹੇਰੇ ਨੂੰ ਖਾ ਜਾਣਾ ਹੈ, ਆਦਿ।

ਕੁੱਪ-ਰਹੀੜੇ ਦੇ ਹੱਲੇ ਵੇਲੇ ਹਰ ਪਾਸਿਓਂ ਸ਼ਾਹ ਦਾ ਪੱਲੜਾ ਭਾਰੀ ਸੀ। ਹਰ ਸਹੂਲਤ ਉਸ ਦੇ ਪਾਸ ਸੀ। ਹਰ ਪ੍ਰਕਾਰ ਦਾ ਸਾਮਾਨ ਉਸ ਪਾਸ ਸੀ, ਜਿਸ ਨਾਲ ਉਹ ਵੱਡੀ ਤੋਂ ਵੱਡੀ ਤਾਕਤ ਨੂੰ ਨਸ਼ਟ ਕਰ ਸਕਦਾ ਸੀ। ਉਸ ਨੇ ਖ਼ਾਲਸਾ ਜੀ ਨੂੰ 'ਸਫ਼ਾ-ਏ-ਹਸਤੀ' ਤੋਂ ਮਿਟਾ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਖ਼ਾਲਸਾ ਜੀ ਜੇ ਸਥਿਰ ਰਿਹਾ ਤਾਂ ਅਕਾਲ ਪੁਰਖ 'ਤੇ ਅਥਾਹ ਭਰੋਸੇ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਜੋਂ ਪੈਦਾ ਹੋਈ ਸ਼ਕਤੀ ਤੇ ਬਲ ਦੇ ਸਦਕਾ ਹੀ ਰਿਹਾ ਹੈ।

ਪਰ ਸ੍ਰੀ ਅੰਮ੍ਰਿਤਸਰ ਦੇ ਇਸ ਯੁੱਧ ਵਿਚ ਅਬਦਾਲੀ ਸਿੰਘਾਂ ਵਾਂਗ ਇਸ ਘਸਵੱਟੀ 'ਤੇ ਪੂਰਾ ਨਹੀਂ ਉਤਰਿਆ। ਉਹ ਜਾਨ ਬਚਾਉਣ ਲਈ ਪਿੱਛੇ ਹਟਿਆ ਅਤੇ ਇਕਦਮ ਲਾਹੌਰ ਦਲ ਵੱਲ ਨੂੰ ਵਾਗਾਂ ਮੋੜ ਕੇ, ਪੈ ਚੁੱਕੀ ਰਾਤ ਦਾ ਆਸਰਾ ਲੈ ਕੇ ਨੱਸ ਤੁਰਿਆ, ਸ਼ਾਇਦ ਹਨੇਰਾ ਹੀ ਉਸ ਦਾ ਬਚਾਅ ਕਰ ਸਕੇ। ਪਿਆਰੇ ਪਾਠਕ ਜੀ! ਜ਼ਰਾ ਧਿਆਨ ਨਾਲ ਵੇਖਣਾ ਕਿ ਉਜ਼ਬੇਕਸਤਾਨ ਦੇ ਸੂਰਮੇ, ਜੇਤੂ, ਖ਼ੂੰਖ਼ਾਰ ਤੇ ਆਪਣੇ ਆਪ ਨੂੰ ਅਜਿੱਤ ਸਮਝਣ ਵਾਲੇ ਦੁਰਾਨੀ ਜ਼ੋਰ ਪਏ ਵੇਲੇ ਬੰਨ੍ਹਾਂ ਵਿਚ ਨਾ ਮਿਉਣ ਵਾਲੇ ਗੀਦੀਆਂ ਵਾਂਗ ਅੱਗੇ ਲੱਗ ਕੇ ਸਿੰਘਾਂ ਦੀਆਂ ਤੇਗ਼ਾਂ ਤੇ ਨੇਜ਼ਿਆਂ ਤੋਂ ਡਰਦੇ, ਹੂਰਾਂ ਵਰ੍ਹਨ ਵਾਲੇ ਗਾਜ਼ੀ ਤੇ ਅਲੀ ਦੇ ਨਾਮ-ਲੇਵਾ, ਉਸ ਦੇ ਨਾਮ ਨੂੰ ਵੱਟਾ ਲਾਉਂਦੇ ਹੋਏ ਘੋੜਿਆਂ ਨੂੰ ਅੱਡੀਆਂ 'ਤੇ ਅੱਡੀਆਂ ਲਾ ਲਾ ਕੇ ਇਉਂ ਨੱਸ ਰਹੇ ਹਨ, ਮਾਨੋ ਜ਼ਿੱਦਦੇ ਹੋਣ ਕਿ ਲਾਹੌਰ ਪਹਿਲਾਂ ਕੌਣ ਅੱਪੜਦਾ ਹੈ। ਅਹਿਮਦ ਸ਼ਾਹ ਨੇ ਰਾਤ ਦੇ ਅੰਨ੍ਹੇਰੇ ਦਾ ਆਸਰਾ ਲਿਆ ਤੇ ਜਿੰਨੀ ਕੁ ਫ਼ੌਜ ਬਚੀ, ਨਾਲ ਲੈ ਕੇ ਲਾਹੌਰ ਵੱਲ ਨੂੰ ਨੱਸ ਜਾਣਾ ਹੀ ਗ਼ਨੀਮਤ ਸਮਝਿਆ।੨
ਉਹ ਸਮਝਦਾ ਸੀ ਕਿ ਸਿੰਘ ਵੀ ਸਾਰੇ ਦਿਨ ਦੀ ਲੜਾਈ ਕਾਰਨ ਥੱਕੇ ਹੋਣਗੇ ਤੇ ਨਾਲੇ ਮੇਰੇ ਪਿਛਾਂਹ ਹਟ ਜਾਣ ਨੂੰ ਹੀ ਧੰਨ ਭਾਗ ਸਮਝਣਗੇ ਅਤੇ ਇੰਜ ਉਹ ਮਲਕੜੇ ਜਿਹੇ ਬੜੀ ਆਸਾਨੀ ਨਾਲ ਲਾਹੌਰ ਪੁੱਜ ਜਾਵੇਗਾ। ਇੰਜ ਕਰਨਾ ਦੁਨੀਆਂ ਨੂੰ ਮੇਰੀ ਕਮਜ਼ੋਰੀ ਜਾਂ ਹਾਰ ਨਾ ਭਾਸੂ। ਸ਼ਾਇਦ ਸਿੰਘ ਵੀ ਅਗਲੇਰੇ ਦਿਨ ਅੰਮ੍ਰਿਤਸਰ ਖ਼ਾਲੀ ਕਰ ਜਾਣਗੇ। ਇਸ ਪਾਸਿਓਂ ਵੀ ਰਹਿ ਆਊ।

ਅਬਦਾਲੀ ਲਈ-ਦੇਈਦਾ ਬੜੀ ਖ਼ੁਸ਼-ਫਹਿਮੀ ਵਿਚ ਲਾਹੌਰ ਵੱਲ ਨੂੰ ਨੱਸਿਆ ਤਾਂ ਸਹੀ, ਪਰ ਸਿੰਘ ਇਹੋ ਜਿਹੇ ਸ਼ਿਕਾਰ ਨੂੰ ਇੰਜ ਸੁੱਕਾ ਕਿਵੇਂ ਛੱਡ ਸਕਦੇ ਸਨ। ਸਿੰਘ ਵੀ ਮਗਰੇ ਉਸ ਦੇ ਲਾਹੌਰ ਤੀਕ ਠੇਡੀਂ ਚੜ੍ਹੇ ਗਏ। ਇਹ ਫ਼ਰਕ ਜ਼ਰਾ ਗਹੁ ਨਾਲ ਵੇਖਣ ਵਾਲਾ ਹੈ। ਘੱਲੂਘਾਰੇ ਵਾਲੇ ਦਿਨ ਅਹਿਮਦ ਸ਼ਾਹ ਗਹਿਲ ਪਿੰਡ ਤੋਂ ਪਿੱਛੋਂ ਏਨੀ ਫ਼ੌਜ ਦੇ ਹੁੰਦਿਆਂ-ਸੁੰਦਿਆਂ, ਆਪਣਾ ਪਾਸਾ ਵੀ ਭਾਰੀ ਹੁੰਦਿਆਂ ਹੋਇਆਂ ਲੜਾਈ ਵਿਚੇ ਛੱਡ ਕੇ ਮਲੇਰਕੋਟਲੇ ਜਾ ਵੜਿਆ ਸੀ ਤੇ ਜਹਾਨ ਖ਼ਾਂ ਕੁਤਬੇ ਬਾਹਮਣੀਆਂ ਤੋਂ ਬਾਅਦ ਅੱਗੇ ਨਹੀਂ ਗਿਆ। ਪਰ ਸਿੰਘ ਅੱਜ ਅੰਨ੍ਹੇਰਾ ਹੋ ਜਾਣ 'ਤੇ ਵੀ ਸ਼ਿਕਾਰ ਨੂੰ ਛੱਡ ਨਹੀਂ ਰਹੇ। ਲਾਹੌਰ ਤਕ ਵੈਰੀਆਂ ਦੇ ਮੋਢੀਂ ਚੜ੍ਹੇ ਗਏ। ਲਾਹੌਰ ਅੱਪੜ ਕੇ ਵੀ ਅਹਿਮਦ ਸ਼ਾਹ ਨੇ ਬਚਾਅ ਦੀ ਸੂਰਤ ਨਾ ਵੇਖੀ। ਝੱਟਪੱਟ ਕੀਮਤੀ ਸਾਮਾਨ ਤੇ ਜ਼ਰੂਰੀ ਮਾਲ ਅਸਬਾਬ ਕਾਬਲ ਨੂੰ ਰਵਾਨਾ ਕੀਤਾ। ਸਿੰਘਾਂ ਲਾਹੌਰ ਦਾ ਘੇਰਾ ਘੱਤ ਕੇ ਚੁਫੇਰੇ ਦਾ ਇਲਾਕਾ ਫ਼ਨਾਹ-ਫ਼ਿਲਾ ਕਰ ਸੁੱਟਿਆ। ਇਕ ਮਹੀਨਾ ੨੪ ਦਿਨ ਲਾਹੌਰ ਦੇ ਉਦਾਲੇ ਸਿੰਘਾਂ ਦਾ ਦੁੰਦ ਮਚਦਾ ਰਿਹਾ। ੧੨ ਦਸੰਬਰ ਨੂੰ ਸ਼ਾਹ ਲਾਹੌਰ ਛੱਡ ਕੇ ਨਿਕਲ ਗਿਆ। ਸਿੰਘ ਵੀ ਦਰਵਾਜ਼ੇ ਭੰਨ ਤੋੜ ਕੇ ਅੰਦਰ ਆ ਵੜੇ। ਤਦ ਤਕ ਵੈਰੀ ਬਹੁਤ ਦੂਰ ਜਾ ਚੁੱਕਿਆ ਸੀ।

ਵਡਿਆਈ ਵੱਡੇ ਵੱਡੇ ਕਾਰਨਾਮਿਆਂ ਸਦਕਾ ਤੇ ਚੰਗਿਆਂ ਗੁਣਾਂ ਕਰਕੇ ਹੁੰਦੀ ਹੈ। ਅਹਿਮਦ ਸ਼ਾਹ ਨੂੰ ਬੜਾ ਉੱਚ-ਕੋਟੀ ਦਾ ਜਰਨੈਲ ਮੰਨਿਆ ਜਾਂਦਾ ਹੈ। ਇਤਿਹਾਸਕਾਰ ਉਸ ਨੂੰ ਬਹਾਦਰੀ ਤੇ ਵਡਿਆਈ ਦਾ ਹਰ ਖ਼ਿਤਾਬ ਦੇਂਦੇ ਹਨ, ਪਰ ਅੰਮ੍ਰਿਤਸਰ ਦੀ ਇਸ ਲੜਾਈ ਵਿਚ ਜਿਸ ਕਾਇਰਤਾ ਦਾ ਉਸ ਨੇ ਸਬੂਤ ਦਿੱਤਾ, ਉਸ ਦੇ ਮੁਕਾਬਲੇ ਵਿਚ ਇਨ੍ਹਾਂ ਉਪ-ਨਾਮਾਂ ਦੀ ਕੀਮਤ ਕੌਡੀ ਵੀ ਨਹੀਂ ਰਹਿ ਜਾਂਦੀ। ਸ਼ਾਮ ਵੇਲੇ ਇਸ ਦਾ ਪਿਛਾਂਹ ਨੂੰ ਨੱਸਣ ਦਾ ਕਾਰਨਾਮਾ ਵੇਖੋ। ਇਸ ਨਾਲ ਕੋਈ ਵਹੀਰ ਨਹੀਂ, ਕੋਈ ਜ਼ਖ਼ਮੀ, ਬੀਮਾਰ, ਤੀਵੀਆਂ, ਬੱਚੇ ਬੁੱਢੇ ਜਾਂ ਨਾ ਲੜ ਸਕਣ ਵਾਲੇ ਸਾਥੀ ਨਹੀਂ। ਉਸ ਨੂੰ ਕਿਸੇ ਦੇ ਬਚਾਅ ਕਰਨ ਦਾ ਵੀ ਫ਼ਿਕਰ ਨਹੀਂ। ਉਸ ਦੇ ਨਾਲ ਸਭ ਘੋੜ-ਚੜ੍ਹੇ ਤੇ ਚੋਣਵੇਂ ਤਜਰਬਾਕਾਰ ਲੜਾਕੇ ਹਨ, ਮਿਥ ਕੇ ਲੜਨ ਆਏ ਹਨ, ਉਨ੍ਹਾਂ 'ਤੇ ਕੋਈ ਅਚਨਚੇਤ ਹੱਲਾ ਨਹੀਂ ਹੋਇਆ। ਬਾਦਸ਼ਾਹਤ ਉਨ੍ਹਾਂ ਦੀ ਹੈ, ਚੁਫੇਰਿਉਂ ਲੋੜ ਪੈਣ 'ਤੇ ਅਣਗਿਣਤ ਫ਼ੌਜਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ, ਹਰ ਸਹੂਲਤ ਤੇ ਆਰਾਮ ਪਾਸ ਹੈ, ਪਰ ਨੱਸਦੇ ਕਿਵੇਂ ਹਨ? ਬੱਸ ਕਾਇਰਤਾ ਵਿਚ ਨਾਮ ਪੈਦਾ ਕਰ ਲਿਆ ਗਿਆ ਹੈ ਅਹਿਮਦ ਸ਼ਾਹ! ਪਰ ਪੱਖਪਾਤੀ ਇਤਿਹਾਸਕਾਰ ਆਪਣਾ ਈਮਾਨ ਛੱਡ ਕੇ ਅਹਿਮਦ ਸ਼ਾਹ ਦੇ ਕਿਰਦਾਰ ਨੂੰ ਇਸ ਕਾਇਰਤਾ ਦੇ ਦਾਗ਼ ਤੋਂ ਸਾਫ਼ ਰੱਖਣ ਦੇ ਯਤਨ ਕਰ ਰਿਹਾ ਹੈ ਤੇ ਬਾਕੀ ਵਾਹ ਵਾਹ ਨਾਲ ਤਾਲ ਦੇ ਰਹੇ ਹਨ। ਕਲਗ਼ੀਧਰ ਦਿਆ ਬੀਰ ਬਹਾਦਰ ਦੂਲਿਆ ਸਿੰਘਾ! ਕਾਸ਼! ਕੋਈ ਤੇਰਾ ਵੀ ਸਹੀ ਸਹੀ ਇਤਿਹਾਸ ਲਿਖਣ ਵਾਲਾ ਉਸ ਸਮੇਂ ਹੁੰਦਾ!

ਅੰਮ੍ਰਿਤਸਰ ਵਿਚ ਅਬਦਾਲੀ ਦੀ ਹੋਈ ਹਾਰ ਬਾਰੇ ਫ਼ਾਰਸਟਰ ਸਾਹਿਬ ਨੇ ਆਪਣੇ ਸਫ਼ਰਨਾਮੇ ਵਿਚ ਬੜਾ ਸੋਹਣਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ:

"ਸਿੰਘਾਂ ਦੀ ਜ਼ਬਾਨੀ ਲਾਹੌਰ ਲੈਣ ਤੋਂ ਪਹਿਲਾਂ ਅਫ਼ਗ਼ਾਨਾਂ ਨਾਲ ਇਕ ਲੜਾਈ ਦਾ ਵੀ ਪਤਾ ਲੱਗਦਾ ਹੈ। ਅਹਿਮਦ ਸ਼ਾਹ ਨੇ ਹਿੰਦੁਸਤਾਨ ਵਿਚ ਜੋ ਲਗਾਤਾਰ ਉਤੋੜਿੱਤੀ ਜਿੱਤਾਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦਾ ਖ਼ਿਆਲ ਕਰ ਕੇ ਤੇ ਕਿਸੇ ਹੋਰ ਇਤਿਹਾਸਕ ਸਬੂਤ ਦੇ ਨਾ ਮਿਲਣ ਦੇ ਕਾਰਨ, ਮੈਂ ਸਿੱਖਾਂ ਦੀ ਇਸ ਕਹਾਣੀ ਦੇ ਕੁਝ ਹਿੱਸੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਹੈ। ਕਿਹਾ ਜਾਂਦਾ ਹੈ ਕਿ ਇਹ ਘਟਨਾ ਅਕਤੂਬਰ ੧੭੬੨ ਨੂੰ ਵਾਪਰੀ ਸੀ, ਜਦ ਕਿ ਸਿੱਖ ਕੌਮ ਦੀ ਸਮੂਹ ਸ਼ਕਤੀ ੬੦ ਹਜ਼ਾਰ ਘੋੜ-ਸਵਾਰ ਦੀ ਸ਼ਕਲ ਵਿਚ ਅੰਮ੍ਰਿਤਸਰ ਦੇ ਖੋਲਿਆਂ ਉੱਤੇ ਆਣ ਇਕੱਠੀ ਹੋਈ ਸੀ ਕਿ ਕੋਈ ਤਿਉਹਾਰ ਮਨਾਇਆ ਜਾਵੇ ਅਤੇ ਵੈਰੀ ਵਲੋਂ ਹਮਲੇ ਦੀ ਉਮੀਦ ਰੱਖਦਿਆਂ ਹੋਇਆਂ ਇਹ ਫ਼ੈਸਲਾ ਕੀਤਾ ਸੀ ਕਿ ਲੜਾਈ ਦੇ ਸਮੇਂ ਆਪਣੇ ਕੌਮੀ ਜੀਵਨ ਅਤੇ ਆਣ ਦੀ ਖ਼ਾਤਰ ਜਾਨਾਂ ਤੀਕ ਕੁਰਬਾਨ ਕਰ ਦਿੱਤੀਆਂ ਜਾਣ। ਅਹਿਮਦ ਸ਼ਾਹ ਉਸ ਵੇਲੇ ਲਾਹੌਰ ਡੇਰੇ ਲਾਈ ਬੈਠਾ ਸੀ। ਉਹ ਬੇ-ਓੜਕੀ ਫ਼ੌਜ ਲੈ ਕੇ ਅੰਮ੍ਰਿਤਸਰ ਵੱਲ ਧਾ ਕੇ ਆਇਆ ਅਤੇ ਝੱਟਪੱਟ ਲੜਾਈ ਸ਼ੁਰੂ ਕਰ ਦਿੱਤੀ। ਸਿੱਖਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦਾ ਪਵਿੱਤਰ ਤੀਰਥ ਸੀ, ਗੁਰੂ ਸਾਹਿਬਾਨ ਦੇ ਪਵਿੱਤਰ ਅਸਥਾਨ ਅਤੇ ਯਾਦਗਾਰਾਂ ਸਨ, ਜਿਨ੍ਹਾਂ ਨੂੰ ਢਾਹ ਢਾਹ ਕੇ ਦੁਸ਼ਮਣ ਨੇ ਖੋਲਾ ਕਰ ਛੱਡਿਆ ਸੀ ਅਤੇ ਹੁਣ ਉਹੋ ਦੁਸ਼ਮਣ ਉਨ੍ਹਾਂ ਸਾਹਮਣੇ ਉਨ੍ਹਾਂ ਨਾਲ ਲੜ ਰਿਹਾ ਸੀ। ਉਹ ਮਰਨ ਮਾਰਨ 'ਤੇ ਤੁਲ ਕੇ ਬੜਾ ਭਿਆਨਕ ਬਦਲਾ ਲੈਣ ਲਈ ਤੁਲੇ ਹੋਏ ਸਨ। ਸੋ ਉਹ ਬੜੀ ਤੁੰਦ ਬਹਾਦਰੀ ਤੇ ਜ਼ਬਰਦਸਤ ਜੋਸ਼ ਨਾਲ ਜੂਝ ਜੂਝ ਕੇ ਲੜੇ। ਇਹ ਭਿਆਨਕ ਖ਼ੂਨੀ ਲੜਾਈ ਸਵੇਰ ਤੋਂ ਰਾਤ ਤੀਕ ਹੁੰਦੀ ਰਹੀ। ਅੰਤ ਨੂੰ ਅਹਿਮਦ ਸ਼ਾਹ ਨੇ ਬੇਬੱਸ ਤੇ ਮਜਬੂਰ ਹੋ ਕੇ ਆਪਣੀ ਫ਼ੌਜ ਨੂੰ ਪਿਛਾਂਹ ਹਟਾ ਲਿਆ ਅਤੇ ਲਾਹੌਰ ਵੱਲ ਨੂੰ ਬੜੀ ਤੇਜ਼ੀ ਨਾਲ ਨੱਸ ਗਿਆ। ਕਹਿੰਦੇ ਹਨ ਕਿ ਸਿੱਖਾਂ ਨੇ ਉਸ ਸ਼ਹਿਰ (ਲਾਹੌਰ) ਤੀਕ ਉਸ ਦਾ ਪਿੱਛਾ ਕੀਤਾ। ਜਿਸ ਉੱਤੇ ਥੋੜ੍ਹੇ ਚਿਰ ਦੇ ਮੁਹਾਸਰੇ (ਘੇਰੇ) ਮਗਰੋਂ ਇਨ੍ਹਾਂ ਆਪਣਾ ਕਬਜ਼ਾ ਕਰ ਲਿਆ ਅਤੇ ਅਹਿਮਦ ਸ਼ਾਹ ਇਨ੍ਹਾਂ ਦੇ ਸ਼ਹਿਰ ਵਿਚ ਵੜਨ ਤੋਂ ਪਹਿਲਾਂ ਹੀ ਬਚ ਕੇ ਬਾਹਰ ਨਿਕਲ ਗਿਆ ਸੀ ਅਤੇ ਅਟਕੋਂ (ਸਿੰਧ ਦਰਿਆ) ਪਾਰ ਹੋ ਗਿਆ ਸੀ। ਇਸ ਘਟਨਾ ਨੂੰ ਏਸੇ ਸੂਰਤ ਵਿਚ ਮੁਮਕਿਨ ਮੰਨਿਆ ਜਾ ਸਕਦੈ ਕਿ ਜੇ ਇਹ ਮੰਨ ਲਿਆ ਜਾਵੇ ਕਿ ਅਹਿਮਦ ਸ਼ਾਹ ਪਾਸ ਕਿਸੇ ਕਾਰਨ ਬਹੁਤ ਹੀ ਥੋੜ੍ਹੀ ਫ਼ੌਜ ਰਹਿ ਗਈ ਹੋਵੇਗੀ, ਜਿਸ ਵੇਲੇ ਉਸ ਨੇ ਇਹ ਲੜਾਈ ਲੜੀ ਹੋਵੇਗੀ।"
ਕਹਿੰਦੇ ਹਨ ਕਿ ਇਸ ਲੜਾਈ ਵਾਲੇ ਦਿਨ ਪੂਰਾ ਸੂਰਜ ਗ੍ਰਹਿਣ ਲੱਗਾ ਹੋਇਆ ਸੀ।੩

ਇਹ ਸ਼ੱਕ ਕਿਉਂ?

ਇਕੱਲੇ ਫ਼ਾਰਸਟਰ ਸਿਰ ਦੋਸ਼ ਕਾਹਦਾ ਹੈ। ਇਕ ਫ਼ਾਰਸਟਰ ਕੀ, ਹਰੇਕ ਇਤਿਹਾਸਕਾਰ ਅਹਿਮਦ ਸ਼ਾਹ ਦੀ ਇਸ ਪ੍ਰੱਤਖ ਹਾਰ ਨੂੰ ਸ਼ੱਕ ਤੇ ਸ਼ੁਭੇ ਦੀ ਨਿਗਾਹ ਨਾਲ ਹੀ ਵੇਖੇਗਾ। ਉਨ੍ਹਾਂ ਦੇ ਵੱਸ ਨਹੀਂ। ਜੋ ਅਹਿਮਦ ਸ਼ਾਹ ਹਰ ਮੈਦਾਨ ਫ਼ਤਹਿ ਪਾਉਂਦਾ ਰਿਹਾ ਹੋਵੇ, ਆਪਣੇ ਸਮੇਂ ਦਾ ਸਭ ਤੋਂ ਵੱਡਾ ਤੇ ਕਦੇ ਨਾ ਹਾਰਨ ਵਾਲਾ ਜਰਨੈਲ ਹੋਵੇ, ਹਿੰਦੁਸਤਾਨ ਉਸ ਦੇ ਨਾਉਂ ਤੋਂ ਹੀ ਥਰ ਥਰ ਕੰਬਦਾ ਹੋਵੇ, ਕਾਬਲੋਂ ਹਿੰਦੁਸਤਾਨ ਵੱਲ ਚੜ੍ਹਨ ਦੀ ਖ਼ਬਰ ਸੁਣਦਿਆਂ ਹੀ ਅੰਗ੍ਰੇਜ਼ ਬਹਾਦਰ ਨੂੰ ਦਿੱਲੀ ਅੱਗੇ ਕਲਕੱਤੇ ਤਕ ਕਾਂਬਾ ਛਿੜ ਜਾਂਦਾ ਹੋਵੇ, ਮਰਹੱਟਿਆਂ ਵਰਗੀ 'ਤਾਕਤ' ਸਾਹ ਘੁੱਟ ਕੇ ਪੈ ਜਾਵੇ, ਦਿੱਲੀ ਦੀ ਬਾਦਸ਼ਾਹੀ 'ਤੇ ਪਿਲੱਤਣ ਫਿਰ ਜਾਵੇ ਤੇ ਨਬਜ਼ਾਂ ਖਲੋ ਜਾਣ, ਉਸ ਦੇ ਨਾਉਂ ਤੋਂ ਸਾਰੇ ਸੁੰਨ ਵਰਤ ਜਾਵੇ, ਉਹ ਅਹਿਮਦ ਸ਼ਾਹ ਸਿੱਖਾਂ ਤੋਂ ਇੰਜ ਹਾਰ ਖਾਵੇ, ਇਸ ਦਾ ਨਿਸਚਾ ਆਮ ਇਤਿਹਾਸਕਾਰ ਨੂੰ ਨਹੀਂ ਆ ਸਕਦਾ। ਪਰ ਜੋ ਸਿੰਘਾਂ ਦੇ ਆਚਰਨ ਤੇ ਸੁਭਾਵ ਦੇ ਜਾਣੂ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਨੂੰ ਪੂਰਾ ਨਿਸਚਾ ਤੇ ਵਿਸ਼ਵਾਸ ਵੀ ਹੈ ਕਿ ਅਹਿਮਦ ਸ਼ਾਹ ਤਾਂ ਕੀ, ਜੇ ਕਿਤੇ ਕੋਈ ਉਸ ਤੋਂ ਵੀ ਵੱਡਾ ਹੁੰਦਾ ਤੇ ਬਹੁਤੀ ਸ਼ਕਤੀ ਰੱਖਦਾ ਹੁੰਦਾ, ਉਹ ਵੀ ਸਿੰਘਾਂ ਪਾਸੋਂ ਅਵੱਸ਼ ਹਾਰ ਖਾਂਦਾ। ਸਿੰਘ ਉਸ ਬੇਓੜਕੀ ਸ਼ਕਤੀ ਦੇ ਮਾਲਕ ਸਨ ਜਿਸ ਨਾਲ ਟਕਰਾਉਣਾ ਜਾਂ ਉਸ ਨੂੰ ਖ਼ਤਮ ਕਰ ਦੇਣਾ ਇਕ ਅਹਿਮਦ ਸ਼ਾਹ ਤਾਂ ਕੀ, ਅਨੇਕਾਂ ਅਹਿਮਦ ਸ਼ਾਹਾਂ ਦੀ ਵੀ ਮਜਾਲ ਨਹੀਂ ਸੀ। ਉਸ ਸਮੇਂ ਦੇ ਸਿੰਘਾਂ ਦੀ ਬੜੀ ਨਿੱਗਰ ਜਥੇਬੰਦੀ ਸੀ। ਪੰਥ ਦੀ ਖ਼ਾਤਰ ਜਾਨਾਂ ਵਾਰ ਦੇਣ ਵਾਲਾ ਖ਼ਾਲਸਈ ਕਰਤੱਵ ਤੇ ਅਥਾਹ ਭਰੋਸਾ, ਸ਼ੌਕ ਤੇ ਚੜ੍ਹਦੀ ਕਲਾ ਵਾਲੀ ਸਪਿਰਿਟ ਐਸੀਆਂ ਉਜਾਗਰ ਖ਼ੂਬੀਆਂ ਸਨ, ਜੋ ਸਿੰਘਾਂ ਨੂੰ ਹਰ ਮੈਦਾਨੇ ਫ਼ਤਹਿ ਹੀ ਦਿਵਾਉਂਦੀਆਂ
ਸਨ।

ਇਸ ਤੋਂ ਵੱਡਾ ਹੋਰ ਕੀ ਸਬੂਤ ਦਰਕਾਰ ਹੈ?

ਸਰਸਰੀ ਨਜ਼ਰ ਨਾਲ ਵੇਖਿਆਂ ਹੀ ਸਿੰਘਾਂ ਦੀ ਤਾਕਤ ਦਾ ਕਾਫ਼ੀ ਹੱਦ ਤਕ ਅੰਦਾਜ਼ਾ ਲੱਗ ਸਕਦੈ। ਜੋ ਕੰਮ ਕੁੱਪ-ਰਹੀੜੇ ਦੇ ਹਮਲੇ ਵੇਲੇ ਅਹਿਮਦ ਸ਼ਾਹ ਦੀ ਪੂਰੀ ਤਾਕਤ ਹੁੰਦਿਆਂ, ਉਸ ਦੀ ਗਿਣਤੀ ਵੀ ਜ਼ਿਆਦਾ ਹੁੰਦਿਆਂ, ਸਭ ਸਹੂਲਤਾਂ ਉਸ ਦੇ ਪਾਸ ਹੁੰਦਿਆਂ-ਸੁੰਦਿਆਂ ਵੀ, ਐਸੀ ਚਾਲ ਤੇ ਤਰਤੀਬ ਨਾਲ ਪਿੱਛੇ ਹਟਦੀ ਗਈ ਕਿ ਬਾਰ੍ਹਾਂ ਕੋਹਾਂ ਤੀਕ ਵੀ ਅਹਿਮਦ ਸ਼ਾਹ ਉਨ੍ਹਾਂ ਦੀਆਂ ਸਫ਼ਾਂ ਨੂੰ ਤੋੜ ਨਾ ਸਕਿਆ, ਸਗੋਂ ਏਥੋਂ ਤੀਕ ਕਿ ਪੂਰਾ ਪੂਰਾ ਟਿੱਲ ਲਾ ਕੇ ਵੀ ਉਹ ਉਨ੍ਹਾਂ ਦੇ ਵਹੀਰ ਤੇ ਲੜਾਕਿਆਂ ਨੂੰ ਅੱਡੋ-ਅੱਡੀ ਨਿਖੇੜ ਨਾ ਸਕਿਆ, ਉੁਹ ਕੌਮ ਕੋਈ ਮਾਮੂਲੀ ਤਾਕਤ ਦੀ ਮਾਲਕ ਨਹੀਂ ਹੋ ਸਕਦੀ। ਇਹ ਸ਼ੱਕੀ ਇਤਿਹਾਸਕਾਰ ਸਾਰੀ ਦੁਨੀਆਂ ਦੇ ਇਤਿਹਾਸ ਵਿੱਚੋਂ ਕੋਈ ਇਕ ਵੀ ਐਸੀ ਮਿਸਾਲ ਪੇਸ਼ ਨਹੀਂ ਕਰ ਸਕਦੇ ਜਿਥੇ ਕੋਈ ਫ਼ੌਜ ਦੁਸ਼ਮਣ ਨਾਲ ਲੋਹਾ ਵੀ ਲਈ ਜਾਵੇ ਤੇ ਪਿੱਛੇ ਵੀ ਹਟਦੀ ਗਈ ਹੋਵੇ ਅਤੇ ਆਪਣੇ ਨਾਲ ਦੇ ਮਾਲ ਅਸਬਾਬ, ਬਾਲ ਬੱਚੇ, ਤੀਵੀਆਂ, ਬੁੱਢੇ ਠੇਰੇ, ਬੀਮਾਰਾਂ, ਜ਼ਖ਼ਮੀਆਂ ਅਤੇ ਨੌਕਰਾਂ ਚਾਕਰਾਂ (ਂੋਨ-ਚੋਮਬੳਟੳਨਟਸ-ਨਾ ਲੜਨ ਵਾਲਾ ੲਲੲਮੲਨਟ) ਨੂੰ ਵੀ ਬਚਾ ਕੇ ਦੁਸ਼ਮਣ ਦੇ ਪੰਜੇ 'ਚੋਂ ਕੱਢ ਲੈ ਗਈ ਹੋਵੇ।

ਕਿਸੇ ਪਿੱਛੇ ਹਟ ਰਹੀ ਫ਼ੌਜ ਦਾ ਆਪਣੇ ਆਪ ਨੂੰ ਬਚਾਅ ਕੇ, ਜਦ ਕਿ ਉਸ ਦੇ ਨਾਲ ਮਾਲ ਅਸਬਾਬ ਅਤੇ ਬਾਲ ਬੱਚਾ, ਤੀਵੀਆਂ, ਜ਼ਖ਼ਮੀ ਅਤੇ ਬੁੱਢੇ ਠੇਰੇ ਵਾਧੂ ਖਲਜਗਣ ਨਾ ਬਣੇ ਹੋਣ ਅਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਇੰਜ ਨਿਕਲ ਜਾਣਾ ਕੋਈ ਔਖਾ ਨਹੀਂ ਤੇ ਨਾ ਹੀ ਇਹ ਕੋਈ ਵੱਡੀ ਗੱਲ ਹੀ ਹੈ। ਪਰ ਆਪਣੇ ਨਾਲ ਆਪਣੇ ਵਹੀਰ ਨੂੰ ਵੀ ਪੂਰੀ ਤਰ੍ਹਾਂ ਬਚਾਅ ਕੇ ਕੱਢ ਲਿਜਾਣਾ ਅਤੇ ਆਪਣੀ ਤਾਕਤ ਤੇ ਦੁਸ਼ਮਣ ਨੂੰ ਭਾਰੂ ਨਾ ਹੋਣ ਦੇਣਾ, ਇਹ ਸਿਰਫ਼ ਸਿੰਘਾਂ ਦਾ ਹੀ ਕੰਮ ਹੈ। ਉਨ੍ਹਾਂ ਦੇ ਇਸ ਗੁਣ ਦਾ ਦੁਨੀਆਂ ਦੀ ਕੋਈ ਹੋਰ ਕੌਮ ਮੁਕਾਬਲਾ ਨਹੀਂ ਕਰ ਸਕਦੀ। ਇਹ ਇਕ ਬੇਮਿਸਾਲ ਕੌਮ ਹੈ। ਐਸੀ ਅਣਮਿਣੀ ਤਾਕਤ ਦੀ ਮਾਲਕ ਕੌਮ ਜਦ ਵਹੀਰ ਦਾ ਝੰਜਟ ਤੇ ਲਟਾਕਾ ਲਾਹ ਕੇ ਕੇਵਲ ਜੁਝਾਰੂ ਸੂਰਮਿਆਂ ਦੀ ਸਫ਼ਬੰਦੀ ਕਰ ਕੇ ਮੈਦਾਨ ਵਿਚ ਵੈਰੀ ਦੇ ਟਾਕਰੇ 'ਤੇ ਆ ਜਾਵੇ ਤਾਂ ਫਿਰ ਕੌਣ ਹੈ ਐਸਾ ਦੁਸ਼ਮਣ, ਜੋ ਇਨ੍ਹਾਂ ਨਾਲ ਟੱਕਰ ਲੈ ਸਕੇ ਤੇ ਮੂਹਰੇ ਅੜ ਸਕੇ? ਅਹਿਮਦ ਸ਼ਾਹ ਦਾ ਸਿੰਘਾਂ ਹੱਥੋਂ ਹਾਰਨਾ ਕੋਈ ਅਨਹੋਣੀ ਤੇ ਅਨੋਖੀ ਗੱਲ ਨਹੀਂ। ਜ਼ਰਾ ਗਹੁ ਨਾਲ ਵੇਖਿਆਂ ਤੇ ਸਹੀ ਨਿਰਣਾ ਕੀਤਿਆਂ ਇਹ ਇਕ ਸਾਧਾਰਨ ਗੱਲ ਜਾਪਦੀ ਹੈ ਅਤੇ ਇਹੋ ਕਾਰਨ ਹੈ ਕਿ ਇਸ ਘਟਨਾ ਤੋਂ ਪਿੱਛੋਂ ਵੀ ਭਾਵੇਂ ਅਹਿਮਦ ਸ਼ਾਹ ਪੰਜਾਬ 'ਤੇ ਦੋ ਵਾਰ ਚੜ੍ਹ ਕੇ ਆਇਆ, ਪਰ ਉਹ ਕਦੇ ਸਿੰਘਾਂ ਨਾਲ ਪਹਿਲਾਂ ਵਾਂਗ ਵਧ ਕੇ ਨਾ ਲੜਿਆ। ਇਸ ਤੋਂ ਪਿਛਲੀਆਂ ਲੜਾਈਆਂ ਸਭ ਬਚਾਅ ਵਾਲੀ ਨੀਤੀ ਨਾਲ ਲੜਦਾ ਰਿਹਾ। ਜ਼ੋਰ-ਅਜ਼ਮਾਈ ਨਾਲੋਂ ਨੀਤੀ ਨੂੰ ਪ੍ਰਧਾਨ ਰੱਖਿਆ। ਉਸ ਨੇ ਪੂਰੇ ਯਤਨ ਕੀਤੇ ਕਿ ਸਿੰਘਾਂ ਨਾਲ ਉਲਝਣ ਦੀ ਬਜਾਏ ਇਨ੍ਹਾਂ ਨੂੰ ਨੀਤੀ ਦੇ ਪੇਚ ਵਿਚ ਲਿਆ ਕੇ ਨਾਲ ਮਿਲਾ ਲਿਆ ਜਾਵੇ। ਸਿੰਘਾਂ ਨੇ ਉਸ ਦੀ ਇਸ ਨੀਤੀ ਨੂੰ ਵੀ ਸਫਲ ਨਾ ਹੋਣ ਦਿੱਤਾ।

ਫ਼ਾਰਸਟਰ ਸਾਹਿਬ ਨੇ ਇਹ ਹਾਲਾਤ ੨੦-੨੨ ਸਾਲ ਅਸਲ ਘਟਨਾ ਤੋਂ ਪਿੱਛੋਂ ਇਕੱਠੇ ਕਰ ਕੇ ਲਿਖੇ ਹਨ। ਸਿੱਖਾਂ ਬਾਰੇ ਉਸ ਦਾ ਗਿਆਨ ਕਾਫ਼ੀ ਸਹੀ ਹੈ। ਉਹ ਬੜੀ ਬਰੀਕੀ ਨਾਲ ਵੇਖਣ ਵਾਲਾ ਹੈ। ਬਾਕੀ ਗੱਲਾਂ ਜਿਹੜੇ ਸ੍ਰੋਤਾਂ ਤੋਂ ਹਾਸਿਲ ਕਰ ਸਕਿਆ ਹੈ, ਨਿਰਸੰਦੇਹ ਉਹ ਬਹੁਤ ਹੱਦ ਤਕ ਸੱਚ ਅਤੇ ਇੰਨ-ਬਿੰਨ ਹੀ ਹਨ। ਘੱਲੂਘਾਰੇ ਦਾ ਜ਼ਿਕਰ ਪੰਜਾਬ ਦੇ ਲੋਕਾਂ ਦਿਆਂ ਸੀਨਿਆਂ ਤੇ ਜ਼ੁਬਾਨ ਦੀਆਂ ਨੋਕਾਂ ਤੋਂ ਹਾਸਲ ਕੀਤਾ ਹੋਵੇਗਾ। ਬਾਬਾ ਬੰਦਾ ਸਿੰਘ ਤੇ ਉਸ ਦੀ ਸ਼ਹੀਦੀ ਤਕ ਦੇ ਹਾਲਾਤ, ਭਾਈ ਮਨੀ ਸਿੰਘ ਦੀ ਸ਼ਹਾਦਤ, ਉਸ ਤੋਂ ਪਹਿਲਾਂ ਬਾਬਾ ਤਾਰਾ ਸਿੰਘ (ਡੱਲ ਵਾਂ) ਦੀ ਸ਼ਹਾਦਤ, ਭਾਈ ਤਾਰੂ ਸਿੰਘ ਦੀ ਸ਼ਹਾਦਤ, ਮੱਸੇ ਰੰਘੜ ਦਾ ਪੰਜ ਸਾਲ ਪਹਿਲਾਂ ਕਤਲ ਤੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਦੀ ਬਹਾਦਰੀ ਦੀ ਦਾਸਤਾਨ, ਪਹਿਲਾ ਘੱਲੂਘਾਰਾ, ਬਾਬਾ ਦੀਪ ਸਿੰਘ ਦੀ ਅਬਦਾਲੀ ਨਾਲ ਟੱਕਰ, ਨਾਦਿਰ ਸ਼ਾਹ ਨਾਲ ਸਿੰਘਾਂ ਦੀ ਟੱਕਰ, ਪਹਿਲਿਆਂ ਹੱਲਿਆਂ ਵਿਚ ਅਬਦਾਲੀ ਨਾਲ ਟੱਕਰਾਂ ਮੀਰ ਮਨੂੰ ਦੀ ਸਹਾਇਤਾ, ਵੱਡਾ ਘੱਲੂਘਾਰਾ ਆਦਿ ਘਟਨਾਵਾਂ ਹਨ, ਜਿਨ੍ਹਾਂ 'ਤੇ ਅੱਜ ਤਕ ਕਿਸੇ ਸ਼ੱਕ ਨਹੀਂ ਕੀਤਾ। ਇਹ ਦਿਨ ਵਾਂਗ ਰੌਸ਼ਨ ਹਨ। ਅਹਿਮਦ ਸ਼ਾਹ ਦੀ ਹਾਰ ਉੱਤੇ ਸ਼ੱਕ ਦੀ ਕੀ ਗੁੰਜਾਇਸ਼ ਹੈ? ਸਿਰਫ਼ ਇਸ ਲਈ ਕਿ ਇਸ ਨੇ ਮਰਹੱਟਿਆਂ ਨੂੰ ਸ਼ਿਕਸਤੇ-ਫ਼ਾਸ਼ ਦਿੱਤੀ ਸੀ। ਪਹਿਲਿਆਂ ਹੱਲਿਆਂ ਵਿਚ ਅਬਦਾਲੀ ਕਿੰਨੀ ਵਾਰ ਹਾਰਿਆ। ਮੀਰ ਮਨੂੰ ਤੋਂ ਵੀ ਪਹਿਲੀ ਵਾਰ ਹਾਰ ਖਾਧੀ। ਕਦੀ ਕਿਸੇ ਇਤਿਹਾਸਕਾਰ ਨੇ ਸ਼ੱਕ ਨਹੀਂ ਕੀਤਾ। ਅਬਦਾਲੀ 'ਸਰਕਾਰ' (ਜਾਦੂ ਨਾਥ) ਆਦਿ ਲਈ ਤਾਂ ਹੀਰੋ ਹੋ ਸਕਦੈ, ਪਰ ਸਿੰਘ ਉਹਨੂੰ ਕੀ ਸਮਝਦੇ ਸਨ? ਸੈਂਕੜੇ ਹੀ ਐਸੀਆਂ ਮਿਸਾਲਾਂ ਹਨ ਜੋ ਝੁਠਲਾਈਆਂ ਨਹੀਂ ਜਾ ਸਕਦੀਆਂ।

ਇਸ ਜਿੱਤ ਦਾ ਅਸਰ

ਅਜਿੱਤ ਤੇ ਸਦਾ ਚੜ੍ਹਦੀ ਕਲਾ ਵਾਲੇ ਖ਼ਾਲਸਾ ਪੰਥ ਦੇ ਇਨ੍ਹਾਂ ਬਲਕਾਰ ਤੇ ਜੁਝਾਰ ਸੂਰਮਿਆਂ ਦੀ ਗੱਭੇ-ਵਾਢ ਕਰਨ ਆਏ ਪਾਨੀਪਤ ਦੇ ਵਿਜੱਈ ਤੇ ਸਮੇਂ ਦੇ ਸਰਵਉੱਤਮ ਜਰਨੈਲ ਅਹਿਮਦ ਸ਼ਾਹ ਅਬਦਾਲੀ ਦਾ ਫਬਾ ਕੇ ਮੂੰਹ ਭੰਨਿਆ ਤੇ ਉਹ ਗਿੱਦੜ ਧਾਸ ਕੀਤੀ ਕਿ ਰਾਤੋ-ਰਾਤ ਲਾਹੌਰ ਜਾ ਵੜਿਆ। ਸਿੰਘਾਂ ਦੀ ਮਾਰ ਤੋਂ ਬਚ ਕੇ 'ਕਾਬਲੀ ਬਿੱਲੇ' ਦਾ ਲਾਹੌਰ ਵੱਲ ਨੂੰ ਭੱਜਣ ਦਾ ਤਮਾਸ਼ਾ ਦੁਨੀਆਂ ਨੇ ਸ਼ਰ੍ਹੇਆਮ ਵੇਖਿਆ।

ਸਿੰਘਾਂ ਦੀ ਵੱਡੇ ਪੈਮਾਨੇ 'ਤੇ ਇਹ ਪਹਿਲੀ ਜਿੱਤ ਸੀ ਜੋ ਉਨ੍ਹਾਂ ਨੇ ਪਠਾਣ ਜਾਬਰਾਂ 'ਤੇ ਹਾਸਿਲ ਕੀਤੀ। ਇਸ ਤੋਂ ਪਿੱਛੋਂ ਜਿੱਤਾਂ ਦਾ ਲੜੀਵਾਰ ਐਸਾ ਸਿਲਸਿਲਾ ਚੱਲਿਆ ਕਿ ਪੰਜਾਬ ਵਿੱਚੋਂ ਜਰਵਾਣਿਆਂ ਨੂੰ ਹੂੰਝ ਕੇ ਰੱਖ ਦਿੱਤਾ। ਸਗੋਂ ਪਿਸ਼ਾਵਰ ਤੋਂ ਅੱਗੇ ਜਮਰੌਦ ਤਕ ਮੁਲਕ ਜਿੱਤ ਕੇ ਖ਼ਾਲਸਈ ਨਿਸ਼ਾਨ ਝੁਲਾ ਦਿੱਤਾ। ਰਾਜਾ ਅਜੈ ਪਾਲ ਅਤੇ ਅਨੰਗ ਪਾਲ ਦੇ ਵੇਲੇ ਤੋਂ ਭਾਰਤ ਦਾ ਟੁੱਟਾ ਹੋਇਆ ਅੰਗ ਪਿਸ਼ਾਵਰ ਮੁੜ ਸੂਰਮਿਆਂ ਨੇ ਭਾਰਤ ਨਾਲ ਜੋੜ ਦਿੱਤਾ। ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਉੱਤੇ ਜੋ ਸਦੀਆਂ ਤੋਂ ਪਠਾਣਾਂ ਦਾ ਰੋਹਬ ਜੰਮਿਆ ਹੋਇਆ ਸੀ, ਉਹ ਕਾਫ਼ੂਰ ਵਾਂਗ ਉੱਡ ਗਿਆ, ਸਗੋਂ ਸਿੱਖਾਂ ਦਾ ਪਠਾਣਾਂ ਉੱਤੇ ਕਦੀ ਵੀ ਨਾ ਉਤਰਨ ਵਾਲਾ ਰੋਹਬ, ਡਰ ਤੇ ਦਬਦਬਾ ਬੈਠ ਗਿਆ। ਮਿਸਾਲ ਵਜੋਂ ਅਜੇ ਤਕ ਪਠਾਣ ਮਾਵਾਂ ਆਪਣੇ ਚਾਂਭਲੇ ਭਾਵ ਮੱਛਰੇ ਤੇ ਜ਼ਿੱਦਲ ਬੱਚਿਆਂ ਨੂੰ 'ਖ਼ਾਮੋਸ਼ ਸ਼ੌ, ਹਰੀਆ ਰਾਗਲੇ' ਕਹਿ ਕੇ ਡਰਾਂਦੀਆਂ ਤੇ ਚੁੱਪ ਕਰਾਂਦੀਆਂ ਹਨ। 'ਹਰੀਆ' (ਸ. ਹਰੀ ਸਿੰਘ ਜੀ) ਸ਼ਬਦ ਸੁਣਦਿਆਂ ਬੱਚੇ ਦਾ ਡਰ ਨਾਲ ਉਤਲਾ ਸਾਹ ਉਤਾਂਹ ਤੇ ਹੇਠਲਾ ਹੇਠਾਂ ਰਹਿ ਜਾਂਦਾ ਹੈ ਤੇ ਸਹਿਮ ਕੇ ਮੱਖੀ ਵਾਂਗ ਕੰਧ ਨਾਲ ਲੱਗ ਜਾਂਦਾ ਹੈ। ਕੌਮਾਂ ਹਮੇਸ਼ਾ ਆਪਣੇ ਵੱਕਾਰ ਤੇ ਰੋਹਬ ਨਾਲ ਜੀਊਂਦੀਆਂ ਹਨ।

ਏਸ ਪਠਾਣੀ ਖ਼ਿੱਤੇ ਨੇ ਸਮੁੱਚੇ ਹਿੰਦੁਸਤਾਨ ਨੂੰ ਇਸ ਤਰ੍ਹਾਂ ਦ੍ਰੜਿਆ ਸੀ ਕਿ ਪੱਲੇ ਫੱਕਾ ਨਹੀਂ ਸੀ ਰਹਿਣ ਦਿੱਤਾ। ਕਿਹੜੀ ਬੇਪਤੀ ਸੀ ਜਿਹੜੀ ਹਿੰਦੁਸਤਾਨ ਦੀ ਨਾ ਹੋਈ ਹੋਵੇ। ਇਨ੍ਹਾਂ ਪਠਾਣਾਂ ਨੇ ਬਾਦਸ਼ਾਹ ਅਕਬਰ ਨੂੰ ਕੋਈ ਨਿਆਂ ਨਹੀਂ ਸੀ ਦਿੱਤਾ। ਯੂਸ਼ਫ਼ਜ਼ਈਆਂ ਨਾਲ ਲੜਦਿਆਂ ਦਰਬਾਰੀ ਰਤਨ ਬੀਰਬਲ ਤੇ ਕਈ ਉੱਘੇ ਜੰਗੀ ਸੂਰਮੇ ਮਾਰੇ ਗਏ। ਰਾਜਾ ਮਾਨ ਸਿੰਘ ਦੀ ਹੀਲੂੰ ਹੋ ਗਈ। ਜਹਾਂਗੀਰ ਨੂੰ ਇਨ੍ਹਾਂ ਟਿੱਚ ਸਮਝਿਆ। ਸ਼ਾਹ ਜਹਾਨ ਨੂੰ ਪੂਰਾ ਪੂਰਾ ਵਖ਼ਤ ਪਾ ਛੱਡਿਆ, ਔਰੰਗਜ਼ੇਬ ਦਾ ਨੱਕ ਵਿਚ ਦੰਮ ਕਰ ਛੱਡਿਆ। ਹਸਨ ਅਬਦਾਲ ਬੈਠ ਕੇ ਔਰੰਗਜ਼ੇਬ ਖ਼ੁਦ, ਪਠਾਣਾਂ ਨਾਲ ਲੜਦਾ ਰਿਹਾ। ਸਾਰੇ ਹਿੰਦੁਸਤਾਨ ਦੇ ਮਾਲਕ ਔਰੰਗਜ਼ੇਬ ਦੀ ਖ਼ੁਸ਼ਹਾਲ ਖ਼ਾਂ ਖੱਟਕ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਇਨ੍ਹਾਂ ਉਸ (ਅਖੌਤੀ ਧਰਮ ਰੱਖਿਅਕ ਨੂੰ ਸਾਹ ਨਾ ਲੈਣ ਦਿੱਤਾ। ਕਦੀ ਵੀ ਉਹ ਇਨ੍ਹਾਂ ਨੂੰ ਈਨ ਨਾ ਮਨਾ ਸਕਿਆ। ਉਸ ਤੋਂ ਪਿੱਛੋਂ ਦੇ ਮੁਗ਼ਲੀਆ ਸਲਤਨਤ ਦੇ ਬਾਦਸ਼ਾਹਾਂ ਨਾਲ ਕੀ ਵਾਪਰੀ, ਦੁਨੀਆਂ ਦੇ ਸਾਹਮਣੇ ਹੈ। ਨਾਦਿਰ ਸ਼ਾਹ ਤੇ ਫਿਰ ਅਬਦਾਲੀ ਸੀਨੇ ਦੇ ਜ਼ੋਰ ਨਾਲ ਸ਼ਾਹੀ ਖ਼ਾਨਦਾਨ ਦੀਆਂ ਲਾਡਲੀਆਂ ਸ਼ਹਿਜ਼ਾਦੀਆਂ ਵਿਆਹ ਕੇ ਲੈ ਗਏ। ਦਿੱਲੀ ਰਾਜ ਨੂੰ ਨੰਗ-ਮਲੰਗ ਬਣਾ ਸੁੱਟਿਆ। ਛਿੱਤਰਾਂ ਵਿਚ ਟੱਕੇ ਪਵਾਉਂਦੇ ਰਹੇ। ਆਹ ਕੱਲ੍ਹ ਤਕ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਤੇ ਦੁਨੀਆਂ ਵਿਚ ਜਿਨ੍ਹਾਂ ਸਾਹਮਣੇ ਕੋਈ ਕੁਸਕਦਾ ਨਹੀਂ ਸੀ ਅਤੇ ਜਿਨ੍ਹਾਂ ਦੇ ਰਾਜ ਵਿਚ ਸਦਾ ਸੂਰਜ ਚੜ੍ਹਿਆ ਹੀ ਰਹਿੰਦਾ ਸੀ, ਕਦੀ ਛੁਪਦਾ ਨਹੀਂ ਸੀ, ਪਠਾਣਾਂ ਹੱਥੋਂ ਹਮੇਸ਼ਾ ਸੁੱਕਣੇ ਪਏ ਰਹੇ। ਪਠਾਣਾਂ ਤੋਂ ਮਾਲੀਆ ਮਾਲ-ਗੁਜ਼ਾਰੀ ਤਾਂ ਕੀ ਲੈਣਾ ਸੀ, ਸਗੋਂ ਅਮਨ ਕਾਇਮ ਰੱਖਣ ਲਈ ਅੰਗ੍ਰੇਜ਼ ਇਨ੍ਹਾਂ ਜਾਬਰਾਂ ਨੂੰ ਆਪ ਟੱਕੇ ਭਰਦੇ ਰਹੇ। ਪੈਸੇ ਦੇ ਦੇ ਕੇ ਅਮਨ ਕਾਇਮ ਕਰਨ ਦੇ ਜਤਨ ਕਰਦੇ ਰਹੇ। ਇਨ੍ਹਾਂ ਪਠਾਣਾਂ ਕਦੀ ਅੰਗ੍ਰੇਜ਼ ਨੂੰ ਚੈਨ ਦੀ ਨੀਂਦ ਨਹੀਂ ਸੀ ਸੌਣ ਦਿੱਤਾ। ਅਨੇਕਾਂ ਅੰਗ੍ਰੇਜ਼ ਜਰਨੈਲਾਂ ਇਨ੍ਹਾਂ ਨਾਲ ਹੋਈਆਂ ਲੜਾਈਆਂ ਭੜਾਈਆਂ ਵਿਚ ਇਨ੍ਹਾਂ ਦੀ ਤੁੰਦੀ, ਬਹਾਦਰੀ ਤੇ ਜਰਵਾਣਗੀ ਨੂੰ ਇਨ੍ਹਾਂ ਦਾ ਰੋਹਬ ਮੰਨਦਿਆਂ ਹੋਇਆਂ ਸਰਾਹਿਆ ਹੈ। ਅੰਗ੍ਰੇਜ਼ ਦੇ ਮਨ 'ਤੇ ਹਮੇਸ਼ਾ ਪਠਾਣਾਂ ਦਾ ਰੋਹਬ ਛਾਇਆ ਰਿਹਾ ਹੈ। ਪਰ ਸਿੰਘਾਂ ਨੇ ਇਹ ਐਸੇ ਦਬਕਾਏ ਤੇ ਨਿੱਸਲ ਕੀਤੇ ਕਿ ਕਦੀ ਹੁੱਤ ਨਾ ਕੀਤੀ ਤੇ ਕਦੀ ਉੱਚੀ ਸਾਹ ਤਕ ਨਾ ਲਿਆ। ਜਿਸ ਤਰ੍ਹਾਂ ਪਠਾਣ ਲਿਆ ਕਰਦੇ ਸਨ ਉਂਜ ਹੀ ਇਨ੍ਹਾਂ ਨੂੰ ਛਿੱਤਰਾਂ ਵਿਚ ਟੱਕੇ ਦੇਣੇ ਪਏ। ਸਿੰਘਾਂ ਦਾ ਸੋਲ੍ਹਾ ਤਕੜਾ ਸੀ। ਕੀ ਮਜਾਲ, ਇਹ ਫੇਰ ਕੰਨ ਵਿਚ ਪਾਏ ਦੁਖੇ ਹੋਣ। ਇਹ ਕੋਈ ਅੱਤ-ਕਥਨੀ ਨਹੀਂ, ਪ੍ਰਤੱਖ ਸਚਾਈ ਹੈ, ਜੋ ਇਥੇ ਪੂਰੇ ਵਿਸਥਾਰ
ਨਾਲ ਨਹੀਂ ਦੱਸੀ ਜਾ ਸਕਦੀ।

ਸੋ, ਇਸ ਦੀਵਾਲੀ ਵਾਲੇ ਦਿਨ ਸਿੰਘਾਂ ਘੱਲੂਘਾਰੇ ਵਾਲਾ ਬਦਲਾ ਹੀ ਨਹੀਂ ਲਿਆ ਸਗੋਂ ਅਬਦਾਲੀ ਦੀ ਸ਼ਾਨ ਤੇ ਅਜ਼ਮਤ ਨੂੰ ਵੀ ਮਿੱਟੀ ਵਿਚ ਮਿਲਾ ਦਿੱਤਾ। ਉਹਦੇ ਇਹ ਸੁਪਨੇ ਨੂੰ, ਕਿ ਪੰਜਾਬ ਕਾਬਲ ਦੇ ਰਾਜ ਦਾ ਹਿੱਸਾ ਹੈ, ਚਕਨਾਚੂਰ ਕਰ ਦਿੱਤਾ। ਉਹ ਬੀਜ ਬੀਜਿਆ ਜੋ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਬਾਦਸ਼ਾਹੀ ਦੀ ਸ਼ਕਲ ਵਿਚ ਰੂਪਮਾਨ ਹੋਇਆ। ਅਬਦਾਲੀ ਕਾਬਲ ਨਾਲ ਪੰਜਾਬ ਨੂੰ ਮਿਲਾਉਣਾ ਚਾਹੁੰਦਾ ਸੀ, ਸਿੰਘਾਂ ਅਟਕੋਂ ਪਾਰਲਾ ਇਲਾਕਾ ਪਿਸ਼ਾਵਰੋਂ ਅੱਗੇ ਜਮਰੌਦ ਤਕ ਖੋਹ ਕੇ ਉਲਟਾ ਪੰਜਾਬ ਨਾਲ ਰਲਾ ਲਿਆ। ਇਹ ਇਲਾਕਾ ਅੱਜ ਵੀ ਪਾਕਿਸਤਾਨ ਵਿਚ ਸ਼ਾਮਲ ਹੈ। ਹਾਂ, ਬਿਲਕੁਲ ਜਮਰੌਦ ਤਕ। ਸ਼ੇਰੇ ਪੰਜਾਬ ਦੇ ਅਕਾਲ ਚਲਾਣੇ ਪਿੱਛੋਂ ਦਸ ਸਾਲ ਨਹੀਂ ਸਨ ਬੀਤੇ ਕਿ ਅੰਗ੍ਰੇਜ਼ ਦੀਆਂ ਚਾਲਾਂ ਰੰਗ ਲਿਆਈਆਂ, ਅਫ਼ਰਾ-ਤਫ਼ਰੀ ਫੈਲੀ, ਗ਼ਦਾਰ ਜੰਮੇ, ਉੱਗੇ ਤੇ ਵਧੇ ਫੁੱਲੇ, ਖ਼ਾਲਸਾ ਰਾਜ ਉੱਤੇ ਭਾਵ ਜਮਰੌਦ ਤਕ ਅੰਗ੍ਰੇਜ਼ ਕਾਬਜ਼ ਹੋ ਗਿਆ। ੧੯੪੭ ਦੀ ਵੰਡ ਵੇਲੇ ਇਹ ਇਲਾਕਾ ਇੰਨ-ਬਿੰਨ ਪਾਕਿਸਤਾਨ ਦੇ ਹਿੱਸੇ ਆਇਆ, ਜੋ ਅੱਜ ਵੀ ਉਨ੍ਹਾਂ ਪਾਸ ਹੈ।

ਸਿੰਘ ਲੱਖੀ ਜੰਗਲ ਦੀ ਓਟ ਵਿਚ

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਲੜਾਈ ਵਿਚ ਸਿੰਘਾਂ ਆਪਣਾ ਨਿਸ਼ਾਨਾ ਪੂਰਾ ਕਰ ਲਿਆ। ਦੁਨੀਆਂ ਵਿਚ ਸਾਬਤ ਕਰ ਦਿੱਤਾ ਕਿ ਹਿੰਦੁਸਤਾਨ ਦੀ ਪਤ ਦੇ ਰਾਖੇ ਖ਼ਾਲਸਾ ਜੀ ਦੇ ਰੂਪ ਵਿਚ ਜੀਊਂਦੇ ਹਨ। ਨਿਰੇ ਜੀਊਂਦੇ ਹੀ ਨਹੀਂ, ਜਰਵਾਣਿਆਂ ਉੱਤੇ ਭਾਰੂ ਵੀ ਹਨ। ਅਬਦਾਲੀ ਨੂੰ ਸ੍ਰੀ ਅੰਮ੍ਰਿਤਸਰ ਤੋਂ ਭਜਾ ਕੇ ਲਾਹੌਰ ਘਰਕਾ ਕੇ ਵਾੜਨਾ ਇਸ ਗੱਲ ਦਾ ਪ੍ਰਤੱਖ ਤੇ ਅਕੱਟ ਸਬੂਤ ਹੈ। ਇਸ ਪਿੱਛੋਂ ਖ਼ਾਲਸਾ ਜੀ ਤਾਕਤ ਨੂੰ ਹੋਰ ਵਧਾਉਣ ਲਈ ਤੇ ਕੁਝ ਆਰਾਮ ਕਰਨ ਲਈ ਲੱਖੀ ਜੰਗਲ ਵੱਲ ਨੂੰ ਚਲਿਆ ਗਿਆ। ਮਨਚਲੇ ਸੂਰਮੇ ਸੱਜੇ-ਖੱਬੇ ਹੱਥ ਮਾਰਦੇ ਰਹੇ। ਅਹਿਮਦ ਸ਼ਾਹ ਦੇ ਹਮਾਇਤੀਆਂ ਦੇ ਸਿਰ 'ਤੇ ਕਾਲ ਕੂਕਦਾ ਰਿਹਾ। ਅਨੇਕਾਂ ਸੋਧ ਦਿੱਤੇ ਗਏ। ਰਹਿੰਦ-ਖੂੰਦ ਦਮ ਘੁੱਟ ਕੇ ਸ਼ਹਿ ਮਾਰ ਗਈ।

ਹਵਾਲੇ ਤੇ ਟਿੱਪਣੀਆਂ

੧. ਸ. ਕਰਮ ਸਿੰਘ ਹਿਸਟੋਰੀਅਨ, ਇਤਿਹਾਸਿਕ ਖੋਜ, ਸਫ਼ਾ ੮੨; ਡਾ. ਗੰਡਾ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਸਫ਼ਾ ੧੩੧.
੨. ਜੇਮਜ਼ ਬ੍ਰਾਊਨ, ਹਿਸਟਰੀ ਆਫ਼ ਦੀ ਰਾਈਜ਼ ਐਂਡ ਪ੍ਰਾਗ੍ਰੈਸ ਆਫ਼ ਦੀ ਸਿਖਸ, ਸਫ਼ੇ ੨੫-੨੬; ਫ਼ਾਰਸਟਰ, ਏ ਜਰਨੀ ਫ਼੍ਰਾਮ ਬੰਗਾਲ ਟੂ ਇੰਗਲੈਂਡ, ਸਫ਼ੇ ੨੭੯-੮੦; ਮੈਲਕਮ, ਸਕੈੱਚ ਆਫ਼ ਦੀ ਸਿਖਸ, ਸਫ਼ੇ ੧੦੦੦-੦੧.
ਰਾਜਾ ਦੁਲਭ ਰਾਉ ਦੀ ਚਿੱਠੀ ਜੋ ਉਸ ਨੇ ੨੩ ਅਪ੍ਰੈਲ ੧੭੬੪ ਨੂੰ ਲਿਖੀ। ਉਸ ਵਿਚ ਵੀ ਇਸ ਗੱਲ ਦਾ ਜ਼ਿਕਰ ਬੜੇ ਸਪੱਸ਼ਟ ਤੌਰ 'ਤੇ ਕੀਤਾ ਹੈ: "ਜੰਗ ਕਾਫ਼ੀ ਸਮੇਂ ਤਕ ਹੁੰਦੀ ਰਹੀ। ਦੋਹਾਂ ਧਿਰਾਂ ਦਾ ਇਤਨਾ ਨੁਕਸਾਨ ਹੋਇਆ ਕਿ ਦੋਵੇਂ ਧਿਰਾਂ ਹੀ ਆਪਣੇ ਆਪਣੇ ਕੈਪਾਂ ਵਿਚ ਜਾ ਟਿਕੀਆਂ। ਕੋਈ ਵੀ ਫੇਰ ਲੜਨਾ ਨਹੀਂ ਸੀ ਚਾਹੁੰਦੀ। ਅਬਦਾਲੀ ਤਾਂ ਵਾਪਸ ਜਾਣ ਲਈ ਕਾਹਲਾ ਸੀ।"

ਸ. ਕਰਮ ਸਿੰਘ ਜੀ ਹਿਸਟੋਰੀਅਨ, ਇਤਿਹਾਸਿਕ ਖੋਜ, ਸਫ਼ੇ ੮੨-੮੩; ਡਾ. ਗੰਡਾ ਸਿੰਘ ਜੀ, ਅਹਿਮਦ ਸ਼ਾਹ ਦੁਰਾਨੀ, ਸਫ਼ੇ ੨੮੬-੨੮੭; ਸ. ਜੱਸਾ ਸਿੰਘ ਜੀ ਆਹਲੂਵਾਲੀਆ, ਸਫ਼ੇ ੧੩੦-੩੧; ਡਾ. ਹਰੀ ਰਾਮ ਗੁਪਤਾ, ਹਿਸਟਰੀ ਆਫ਼ ਦੀ ਸਿਖਸ, ਜਿਲਦ ਦੂਜੀ, ਸਫ਼ਾ ੧੯੨; ਪਿੰ੍ਰ. ਸਤਿਬੀਰ ਸਿੰਘ ਜੀ, ਸਾਡਾ ਇਤਿਹਾਸ, ਭਾਗ ਪਹਿਲਾ, ਸਫ਼ਾ ੧੭੩.

ਕਈ ਇਤਿਹਾਸਕਾਰ ਅੰਮ੍ਰਿਤਸਰ ਵਾਲੀ ਇਸ ਲੜਾਈ ਦੀ ਘਟਨਾ ਨੂੰ ਸਬੂਤ ਦੀ ਅਣਹੋਂਦ ਕਾਰਨ ਮੰਨਣੋਂ ਹਿਚਕਚਾਉਂਦੇ ਹਨ। ਮਿਸਾਲ ਵਜੋਂ ਮੈਲਕਮ, ਸਫ਼ੇ ੧੦੦-੦੧ ਅਤੇ ਜਾਦੂ ਨਾਥ ਸਰਕਾਰ, ਜਿਲਦ ਦੂਜੀ, ਸਫ਼ਾ ੪੯੧, ਫ਼ੁਟਨੋਟ; ਪਰ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਨ ਨਾਲ ਘੱਲੂਘਾਰੇ ਤੋਂ ਪਹਿਲਾਂ ਤੇ ਪਿੱਛੋਂ ਇਹੋ ਜਿਹੀਆਂ ਬੇਅੰਤ ਮਿਸਾਲਾਂ ਮਿਲਦੀਆਂ ਹਨ ਜੋ ਸਪੱਸ਼ਟ ਕਰਦੀਆਂ ਹਨ ਕਿ ਸਿੰਘਾਂ ਹੱਥੋਂ ਇਸ ਕਿਸਮ ਦੇ ਕਾਰਨਾਮੇ ਕੋਈ ਅਨਹੋਣੀ ਗੱਲ ਨਹੀਂ, ਸਗੋਂ ਪੂਰੀ ਤਰ੍ਹਾਂ ਸੰਭਵ ਹਨ। ਮੈਲਕਮ ਤੇ ਜਾਦੂ ਨਾਥ ਸਰਕਾਰ ਦੇ ਹੀਰੋ ਅਬਦਾਲੀ ਦੀ ਪੁਜ਼ੀਸ਼ਨ ਫ਼ੌਜ ਹੱਥੋਂ ਉਸ ਵੇਲੇ ਕਮਜ਼ੋਰ ਵੀ ਹੋ ਸਕਦੀ ਹੈ। ਘੱਲੂਘਾਰੇ ਵੇਲੇ ਉਸ ਦੀ ਕਾਫ਼ੀ ਫ਼ੌਜ ਮਾਰੀ ਗਈ ਸੀ। ਬਹੁਤ ਸਾਰੀ ਫ਼ੌਜ ਕਸ਼ਮੀਰ ਦੀ ਮੁਹਿੰਮ 'ਤੇ ਨੂਰੁਉੱਦੀਨ ਬਾਮਜ਼ਈ ਨਾਲ ਗਈ ਹੋਈ ਸੀ। ਸੰਸਾਰ ਦੇ ਇਤਿਹਾਸ ਵਿਚ ਅਨੇਕਾਂ ਇਸ ਕਿਸਮ ਦੇ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਮਿਲਦੇ ਹਨ, ਜਿਨ੍ਹਾਂ ਨੂੰ ਅਕਲ ਮੰਨਦੀ ਨਹੀਂ, ਪਰ ਉਨ੍ਹਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਸਪਾਰਟਾ ਦੇ ੩੦੦ ਸੂਰਮਿਆਂ ਨੇ ਈਰਾਨੀ ਬਾਦਸ਼ਾਹ ਦੀਆਂ ਹਜ਼ਾਰਾਂ ਫ਼ੌਜਾਂ ਨੂੰ ਥਰਮੋਪਲੀ ਦੇ ਮੁਕਾਮ 'ਤੇ ਠੱਲ੍ਹਾ ਪਾ ਛੱਡਿਆ ਸੀ। ਇਹੋ ਜਿਹੀਆਂ ਕਈ ਮਿਸਾਲਾਂ ਹਨ ਜਿਥੇ ਮਨੁੱਖੀ ਦ੍ਰਿੜ੍ਹਤਾ, ਹੌਂਸਲੇ ਤੇ ਮਨੋਰਥ ਦੀ ਸਚਾਈ ਦੇ ਜੋਸ਼ ਨੇ ਇਨਸਾਨੀ ਹੱਥਾਂ ਤੋਂ ਚਕ੍ਰਿਤ ਤੇ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਕਰਵਾ ਛੱਡੇ ਹਨ।

ਜੇਮਜ਼ ਬ੍ਰਾਊਨ ਇਸ ਦੀਵਾਲੀ ਵਾਲੇ ਵਾਕੇ ਦੀ ਤਾਰੀਖ਼ ੧੭ ਅਕਤੂਬਰ ੧੭੬੨ ਤੋਂ ਪਿੱਛੋਂ ਦੀ ਦੇਂਦਾ ਹੈ, ਪਰ ਫ਼ਾਰਸਟਰ ਸਾਹਿਬ, ਜੋ ਇਸ ਘਟਨਾ ਤੋਂ ਛੇਤੀ ਹੀ ਪਿੱਛੋਂ (੨੦ ਕੁ ਸਾਲ ਬਾਅਦ) ਪੰਜਾਬ ਵਿਚ ਦੀ ਲੰਘਿਆ ਸੀ ਤੇ ਜਿਸ ਦੀ ਸਿੱਖਾਂ ਬਾਰੇ ਜਾਣਕਾਰੀ ਬ੍ਰਾਊਨ ਨਾਲੋਂ ਜ਼ਿਆਦਾ ਵਿਸਥਾਰ ਪੂਰਵਕ ਤੇ ਖੋਜ ਭਰੀ ਅਤੇ ਪੜਚੋਲਵੀਂ ਹੈ, ਦੀ ਲਿਖਤ ਅਨੁਸਾਰ ਦਿੱਤੀ ਹੋਈ ਤਾਰੀਖ਼ ਜ਼ਿਆਦਾ ਭਰੋਸੇਯੋਗ ਹੈ ਤੇ ਮੰਨਣ ਯੋਗ ਹੈ।

ਪੂਰਨ ਸੂਰਜ ਗ੍ਰਹਿਣ ੧੮ ਘੜੀ ਸੂਰਜ ਚੜ੍ਹੇ ਕੱਤਕ ਦੀ ਅਮਾਵਸ ੧੮੧੯ ਬਿਕ੍ਰਮੀ (ਅਕਤੂਬਰ ੧੭-੧੭੬੨) ਨੂੰ ਹੀ ਬਣਦਾ ਹੈ। ਇਸ ਗ੍ਰਹਿਣ ਸਦਕਾ ਦਿਨ ਵੇਲੇ ਏਨਾ ਅੰਨ੍ਹੇਰਾ ਹੋ ਗਿਆ ਸੀ ਕਿ ਆਕਾਸ਼ ਵਿਚ ਤਾਰੇ ਦਿੱਸਣ ਲੱਗ ਪਏ ਸਨ। ਉਮਦਾ-ਤੁ-ਤਵਾਰੀਖ਼, ਭਾਗ ਪਹਿਲਾ, ਸਫ਼ਾ ੧੬੦; ਦੇਹਲੀ ਕ੍ਰਾਨੀਕਲ।
ਏਨੇ ਸਬੂਤਾਂ ਦੇ ਹੁੰਦਿਆਂ ਹੋਇਆਂ ਵੀ ਇਸ ਸਚਾਈ ਨੂੰ ਨਾ ਮੰਨਣਾ ਇਤਿਹਾਸਕਾਰਾਂ ਦਾ ਨਿਰੋਲ ਪੱਖਪਾਤ ਹੈ। ਉਹ ਵਿਅਕਤੀਗਤ-ਪੂਜ ਹਨ। ਅਬਦਾਲੀ ਦੀ ਹਾਰ ਮੰਨਣ ਨਾਲ ਉਨ੍ਹਾਂ ਦਾ ਈਮਾਨ ਡੋਲਦਾ ਹੈ। ਇਹੋ ਹੀ ਕਾਰਨ ਦਿੱਸਦਾ ਹੈ ਜੋ ਉਹ ਸਚਾਈ ਤੱਕ ਕੇ ਵੀ ਅੱਖਾਂ ਮੀਟਦੇ ਹਨ। ਪਰ ਚੜ੍ਹੇ ਦਿਨ ਨੂੰ ਰਾਤ ਕੌਣ ਕਹਿ ਲਊ ਜਾਂ ਬਣਾ ਦਊ।

ਜੋ ਸੂਝਵਾਨ ਤੇ ਪਾਰਖੂ ਹਨ ਉਹ ਸਿੱਖ ਇਤਿਹਾਸ ਵਿੱਚੋਂ ਉਸ ਵੇਲੇ ਦੇ ਸਿੰਘਾਂ ਦੀ ਅਥਾਹ ਸ਼ਕਤੀ ਨੂੰ ਉਨ੍ਹਾਂ ਦੇ ਕਿਰਦਾਰ ਵਿੱਚੋਂ ਚੰਗੀ ਤਰ੍ਹਾਂ ਤੱਕ ਸਕਦੇ ਹਨ। ਸਿੰਘ ਮੈਦਾਨ ਵਿਚ, ਕਿਸ ਤਾਕਤ ਦਾ ਮਾਲਕ ਹੈ ਤੇ ਕੀ ਕੁਝ ਕਰ ਗੁਜ਼ਰਨ ਦੀ ਅਹਿਲੀਅਤ ਰੱਖਦਾ ਅਤੇ ਨਾਲ ਨਾਲ ਉਦਾਰ-ਚਿਤ ਵੀ ਕਿੰਨਾ ਹੈ।
ਫ਼ਾਰਸਟਰ ਸਾਹਿਬ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਤੇ ਉਸ ਦੀਆਂ ਦੁਰਾਨੀ ਫ਼ੌਜਾਂ ਨਾਲ ਹੋਈਆਂ ਸਿੰਘਾਂ ਦੀਆਂ ਟੱਕਰਾਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ:

"ਸਿੱਖਾਂ ਨੂੰ ਭਾਵੇਂ ਬੜਾ ਸਖ਼ਤ ਗ਼ੁੱਸਾ ਸੀ, ਪਰ ਉਨ੍ਹਾਂ ਨੇ ਆਪਣੇ ਗ਼ੁੱਸੇ ਤੇ ਜਜ਼ਬੇ ਨੂੰ ਆਪਣੇ ਕਾਬੂ ਵਿਚ ਰੱਖਿਆ ਅਤੇ ਭਾਵੇਂ ਅਫ਼ਗ਼ਾਨਾਂ ਵੇਲੇ ਹੋਏ ਘੱਲੂਘਾਰੇ ਅਤੇ ਦਿੱਤੇ ਗਏ ਦੁੱਖਾਂ ਤੇ ਕਸ਼ਟਾਂ ਦਾ ਉਨ੍ਹਾਂ ਦੇ ਮਨਾਂ ਉੱਪਰ ਜ਼ਰੂਰ ਬੜਾ ਡੂੰਘਾ ਅਸਰ ਹੋਣਾ ਹੈ, ਪਰ ਕਿਹਾ ਜਾਂਦਾ ਹੈ ਕਿ ਇਨ੍ਹਾਂ (ਸਿੰਘਾਂ) ਨੇ ਇਕ ਵੀ (ਅਫ਼ਗ਼ਾਨ) ਕੈਦੀ ਨੂੰ ਬੇਦਰਦੀ ਨਾਲ ਕਤਲ ਨਹੀਂ ਕੀਤਾ।"
('ਏ ਜਰਨੀ ਫ਼੍ਰਾਮ ਬੰਗਾਲ ਟੂ ਇੰਗਲੈਂਡ', ਭਾਗ ਪਹਿਲਾ, ਸਫ਼ਾ ੨੭੯)

ਇਹ ਸਿੰਘਾਂ ਦੇ ਉੱਚੇ ਕਿਰਦਾਰ ਦੀ ਮੂੰਹ-ਬੋਲਦੀ ਤਸਵੀਰ ਹੈ। ਇਹੋ ਜਿਹੇ ਉੱਚ-ਕੋਟੀ ਦੇ ਕਿਰਦਾਰ ਦੇ ਮਾਲਕ ਸਭ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੇ ਹਨ। ਲੋੜ ਹੈ ਤਾਂ ਸਿਰਫ਼ ਪੱਖਪਾਤ ਦੀ ਪੱਟੀ ਅੱਖਾਂ ਤੋਂ ਖੋਲ੍ਹ ਕੇ ਇਸ ਕਿਰਦਾਰ ਤੇ ਸ਼ਕਤੀ ਨੂੰ ਤੱਕਣ ਦੀ ਹੈ।

੩. ਇਹ ਸੂਰਜ ਗ੍ਰਹਿਣ ੧੭ ਅਕਤੂਬਰ ਸੰਨ ੧੭੬੨ ਈਸਵੀ ਮੁਤਾਬਕ ੬ ਕੱਤਕ ਸੰ: ਬਿਕ੍ਰਮੀ ੧੮੧੯ ਐਤਵਾਰ ਦੀਵਾਲੀ ਵਾਲੇ ਦਿਨ ਲੱਗਾ ਸੀ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article