Friday, July 17, 2026

Established 2005 • ISSN Registration : 1930-0107

HomeAmericas225 ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਬੀ.ਸੀ. ਦੇ ਗੁਰਦੁਆਰਾ ਸਾਹਿਬਾਨ...

225 ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਬੀ.ਸੀ. ਦੇ ਗੁਰਦੁਆਰਾ ਸਾਹਿਬਾਨ ਅਤੇ ਸਮੂਹ ਸੰਗਤ ਵੱਲੋਂ ਪ੍ਰੈਸ ਕਾਨਫਰੰਸ


ਪ੍ਰੈਸ ਰਿਲੀਸ – ਮਿਤੀ: 15 ਜੁਲਾਈ 2026    (
ਸਮੂਹ ਸਿੱਖ ਸੰਗਤ ਲੋਅਰ ਮੇਨ ਲੈਂਡ – ਸਰੀ, ਬ੍ਰਿਟਿਸ਼ ਕੋਲੰਬੀਆ)


ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ–ਡੈਲਟਾ ਵਿਖੇ ਸਥਿਤ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜੀ ਯਾਦਗਾਰੀ ਇਮਾਰਤ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਕਾਰਗੋ ਕੰਟੇਨਰ ਵਿੱਚ ਕੈਨੇਡਾ ਲਿਆਉਣ, ਪਾਲਕੀ ਬੱਸ ਰਾਹੀਂ ਅੱਗੇ ਲਿਜਾਣ ਅਤੇ ਉਨ੍ਹਾਂ ਦੀ ਸੰਭਾਲ ਨਾਲ ਜੁੜੇ ਗੰਭੀਰ ਮਸਲਿਆਂ ਸਬੰਧੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ।

ਪ੍ਰੈਸ ਕਾਨਫਰੰਸ ਦੌਰਾਨ ਸੰਗਤ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਮਸਲਾ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਸਗੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਮਤਿ ਮਰਿਆਦਾ ਅਤੇ ਪੰਥਕ ਸਿਧਾਂਤਾਂ ਦੀ ਰੱਖਿਆ ਨਾਲ ਸਬੰਧਿਤ ਹੈ।

ਪ੍ਰੈਸ ਕਾਨਫਰੰਸ ਦੌਰਾਨ ਹੇਠ ਲਿਖੇ ਮੁੱਖ ਨੁਕਤੇ ਰੱਖੇ ਗਏ:

1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ਾਂ, ਕਾਰਗੋ ਕੰਟੇਨਰਾਂ, ਪਾਲਕੀ ਬੱਸਾਂ ਜਾਂ ਹੋਰ ਵਪਾਰਕ ਮਾਲ ਢੋਣ ਵਾਲੇ ਸਾਧਨਾਂ ਰਾਹੀਂ ਭੇਜਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ।

2. ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਹੁਕਮਨਾਮਾ ਜਾਰੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੇਵਲ ਹਵਾਈ ਮਾਰਗ ਰਾਹੀਂ ਅਤੇ ਪੂਰੀ ਗੁਰਮਤਿ ਮਰਿਆਦਾ ਅਨੁਸਾਰ ਹੀ ਭੇਜੇ ਜਾਣ।

3. ਸਾਲ 2014 ਤੋਂ ਲੋਅਰ ਮੇਨਲੈਂਡ ਦੀ ਸੰਗਤ ਵੱਲੋਂ ਪਾਵਨ ਸਰੂਪਾਂ ਨੂੰ ਸਮੁੰਦਰੀ ਰਸਤੇ ਭੇਜਣ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ। ਇਸ ਸੰਗਤੀ ਭਾਵਨਾ ਅਤੇ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

4 ਜਿਨ੍ਹਾਂ ਸੰਸਥਾਵਾਂ ਜਾਂ ਪਰਿਵਾਰਾਂ ਵੱਲੋਂ ਪਾਵਨ ਸਰੂਪਾਂ ਦੀ ਮੰਗ ਕੀਤੀ ਗਈ ਹੈ, ਉਨ੍ਹਾਂ ਦੇ ਨਾਮ, ਪਤੇ ਅਤੇ ਗੁਰੂ ਸਾਹਿਬ ਦੇ ਸਰੂਪ ਦੀ ਮਰਿਆਦਾ ਅਨੁਸਾਰ ਸੇਵਾ-ਸੰਭਾਲ ਕਰਨ ਦੀ ਯੋਗਤਾ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ।

5. ਇਹ ਦਲੀਲ ਕਿ ਪਾਵਨ ਸਰੂਪਾਂ ਦੀ “ਮੰਗ ਬਹੁਤ ਹੈ”, ਤੱਥਾਂ ਅਤੇ ਪ੍ਰਮਾਣਾਂ ਨਾਲ ਸਾਬਤ ਕੀਤੀ ਜਾਵੇ। ਲੋਅਰ ਮੇਨਲੈਂਡ ਦੇ ਕਈ ਗੁਰਦੁਆਰਾ ਸਾਹਿਬਾਨ ਅਨੁਸਾਰ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿੱਥੇ ਮਰਿਆਦਾ ਅਨੁਸਾਰ ਸੇਵਾ-ਸੰਭਾਲ ਸੰਭਵ ਨਾ ਹੋਣ ਕਾਰਨ ਸਰੂਪ ਵਾਪਸ ਕੀਤੇ ਜਾ ਰਹੇ ਹਨ।

6 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ, ਆਵਾਜਾਈ, ਸੇਵਾ-ਸੰਭਾਲ ਅਤੇ ਅੱਗੇ ਸੌਂਪਣ ਦੀ ਪ੍ਰਕਿਰਿਆ ਲਈ ਵਿਸਥਾਰਪੂਰਵਕ ਵਿਸ਼ਵ ਪੱਧਰੀ ਗੁਰਮਤਿ ਮਰਿਆਦਾ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।

7. ਇਸ ਮਾਮਲੇ ਨਾਲ ਸਬੰਧਿਤ ਸਾਰੀਆਂ ਘਟਨਾਵਾਂ ਅਤੇ ਫ਼ੈਸਲਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ।

8 ਲੋਅਰ ਮੇਨਲੈਂਡ ਦੀ ਸੰਗਤ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਸਥਾਪਿਤ ਕਰਨ ਦਾ ਵਿਰੋਧ ਕਰਦੀ ਹੈ।

9. ਸੰਗਤਾਂ ਦੀ ਸਹੂਲਤ ਲਈ StandForSatkar.org ਨਾਮ ਦੀ ਇੱਕ ਵੈੱਬਸਾਈਟ ਬਣਾਈ ਗਈ ਹੈ। ਇਸ ਵੈੱਬਸਾਈਟ ਰਾਹੀਂ ਦੁਨੀਆ ਭਰ ਦੀਆਂ ਸੰਗਤਾਂ ਬਹੁਤ ਹੀ ਆਸਾਨੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਈਮੇਲ ਭੇਜ ਸਕਦੀਆਂ ਹਨ, ਜਿਸ ਵਿੱਚ ਲਿਖਿਆ ਹੋਵੇਗਾ ਕਿ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ ਜਾਂ ਹੋਰ ਵਪਾਰਕ ਕਾਰਗੋ ਸ਼ਿਪਿੰਗ ਰਾਹੀਂ ਵਿਦੇਸ਼ਾਂ ਵਿੱਚ ਭੇਜਣ ਦਾ ਤਰੀਕਾ ਮਨਜ਼ੂਰ ਨਹੀਂ ਹੈ। ਸੰਗਤਾਂ ਦੀ ਬੇਨਤੀ ਹੈ ਕਿ ਇਸ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਸਿਰਫ਼ ਪੂਰੇ ਸਤਿਕਾਰ, ਮਰਿਆਦਾ ਅਤੇ ਪੰਥਕ ਪਰੰਪਰਾਵਾਂ ਅਨੁਸਾਰ ਹਵਾਈ ਜਹਾਜ਼ ਰਾਹੀਂ ਹੀ ਕੀਤੀ ਜਾਵੇ।

ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕਿਹਾ ਗਿਆ ਕਿ ਸੰਗਤ ਇਸ ਮਾਮਲੇ ਨੂੰ ਪੂਰੀ ਸ਼ਾਂਤੀ, ਸੰਜਮ ਅਤੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅੱਗੇ ਵਧਾ ਰਹੀ ਹੈ। ਸੰਗਤ ਦਾ ਉਦੇਸ਼ ਕਿਸੇ ਨਾਲ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਉੱਚੀ-ਸੁੱਚੀ ਮਰਿਆਦਾ ਨੂੰ ਯਕੀਨੀ ਬਣਾਉਣਾ ਹੈ।

ਸੰਗਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਨੁਮਾਇੰਦੇ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਨਹੀਂ ਹੋਈ ਅਤੇ ਸਾਰੇ ਸਰੂਪ ਪੂਰੀ ਮਰਿਆਦਾ ਨਾਲ ਸੁਰੱਖਿਅਤ ਪਹੁੰਚੇ ਹਨ।

ਸੰਗਤ ਦਾ ਕਹਿਣਾ ਹੈ ਕਿ ਸਤਿਕਾਰ ਅਤੇ ਮਰਿਆਦਾ ਦਾ ਜੋ ਮਿਆਰ ਇਨ੍ਹਾਂ ਬਿਆਨਾਂ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਲੋਅਰ ਮੇਨਲੈਂਡ ਦੀ ਸੰਗਤ ਨੂੰ ਪ੍ਰਵਾਨ ਨਹੀਂ ਹੈ।

ਸਾਡਾ ਉਦੇਸ਼ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਟਕਰਾਅ ਪੈਦਾ ਕਰਨਾ ਨਹੀਂ ਹੈ ਅਤੇ ਨਾ ਹੀ ਅਸੀਂ ਸੰਗਤ ਵਿੱਚ ਕਿਸੇ ਕਿਸਮ ਦੀ ਦੁਬਿਧਾ ਪੈਦਾ ਕਰਨਾ ਚਾਹੁੰਦੇ ਹਾਂ। ਸਾਡੀ ਨਿਮਰ ਬੇਨਤੀ ਕੇਵਲ ਇਹ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਜਾਵੇ। ਸਤਿਕਾਰ ਅਤੇ ਮਰਿਆਦਾ ਦਾ ਜੋ ਮਿਆਰ ਇਸ ਵੇਲੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਾਨੂੰ ਪ੍ਰਵਾਨ ਨਹੀਂ ਹੈ।

ਅਸੀਂ ਹਰ ਸਿੱਖ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਉੱਚੇ-ਸੁੱਚੇ ਸਤਿਕਾਰ ਦੀ ਬਹਾਲੀ ਅਤੇ ਉਸ ਵਿੱਚ ਹੋਰ ਵਾਧਾ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਆਪਣਾ ਯੋਗਦਾਨ ਪਾਵੇ।

ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਾਮਲੇ ਬਾਰੇ ਤੁਰੰਤ ਅਤੇ ਢੁੱਕਵਾਂ ਫ਼ੈਸਲਾ ਲਿਆ ਜਾਵੇ, ਤਾਂ ਜੋ ਭਵਿੱਖ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਅਤੇ ਸੇਵਾ-ਸੰਭਾਲ ਪੂਰੀ ਗੁਰਮਤਿ ਮਰਿਆਦਾ ਅਨੁਸਾਰ ਹੀ ਹੋਵੇ।

ਪ੍ਰੈਸ ਕਾਨਫਰੰਸ ਵਿੱਚ ਭਾਈ ਜੈਮਲ ਸਿੰਘ , ਭਾਈ ਗਗਨਦੀਪ ਸਿੰਘ , ਭਾਈ ਲਖਵੰਤ ਸਿੰਘ , ਭਾਈ ਅਮਨਦੀਪ ਸਿੰਘ , ਭਾਈ ਭੁਪਿੰਦਰ ਸਿੰਘ ਹੋਠੀ , ਭਾਈ ਜਸਬੀਰ ਸਿੰਘ , ਭਾਈ ਗੁਰਦੀਪ ਸਿੰਘ ਸਮਰਾ , ਭਾਈ ਹਰਦੀਪ ਸਿੰਘ ਨਾਗਰਾ, ਭਾਈ ਭਾਈ ਰਣਜੀਤ ਸਿੰਘ ਖਾਲਸਾ ਜੀ ਅਤੇ ਸੰਗਤਾਂ ਸ਼ਾਮਿਲ ਸਨ l

  • ਜਾਰੀ ਕਰਤਾ: ਸਮੂਹ ਸਿੱਖ ਸੰਗਤ ਲੋਅਰ ਮੇਨ ਲੈਂਡ

Related articles:

BC Sikh Sangat Calls for End to Overseas Commercial Shipment of Guru Granth Sahib Saroops

Canadian Gurdwaras Alarmed as Hundreds of Saroops Transported Via Commercial Container Ship by SGPC

RELATED ARTICLES

Most Popular


Panthic :: A Khalsa Press Publication