Sunday, July 12, 2026

Established 2005 • ISSN Registration : 1930-0107

ਮਹੰਤਾਂ ਦਾ ਮਸੰਦ ਪੁਣਾ ਤੇ ਹੁਣ ਦਾ ਸਤਿਜੁਗ

Panthic Archives Article (Category: Guest Columns/Commentary)

September 12, 2007
Author/Source: Gurcharanjit Singh Lamba, Editor Sant Sipahi

ਮਹੰਤਾਂ ਦਾ ਜ਼ਮਾਨਾ ਸਾਡੇ ਇਤਿਹਾਸ ਦਾ ਇਕ ਕਾਲਾ ਬਾਬ, ਅਧਿਆਇ ਜਾਂ ਚੈਪਟਰ ਹੈ।

ਉਸ ਸਮੇਂ ਗੁਰਦੁਆਰਿਆਂ ਦੀ ਮਾਲਕੀ ਪੂਰੇ ਤੌਰ ਤੇ ਮਹੰਤਾਂ ਦੇ ਹੱਥਾਂ ਵਿਚ ਹੀ ਹੁੰਦੀ ਸੀ। ਅਜ ਕਲ ਐਸਾ ਬਿਲਕੁਲ ਨਹੀਂ ਹੈ । ਹੁਣ ਤਾਂ ਸੰਗਤ ਦੀ ਹੀ ਸਰਦਾਰੀ ਹੈ ਅਤੇ ਸਿਕਦਾਰੀ ਹੈ । ਸੰਗਤ ਹੀ ਗੁਰਦੁਆਰੇ ਦੀ ਮਾਲਕ ਹੈ । ਹਰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨਿਮਰਤਾ , ਅਧੀਨਗੀ ਅਤੇ ਵਿਚਾਰਗੀ ਦੀ ਸਾਖਿਆਤ ਮੂਰਤ ਹੁੰਦੇ ਹਨ । ਹਰ ਗੁਰਦੁਆਰੇ ਵਿਚ ਸੰਗਤ ਦੀ ਹੀ ਪੁਛ ਪਰਤੀਤ ਹੈ । ਡੇਰੇ ਦਾਰ ਜਾਂ ਕਮੇਟੀਆਂ ਦੇ ਪ੍ਰਧਾਨ ਸਕੱਤਰ ਤਾਂ ਵਿਚਾਰੇ ਹੱਥ ਬੰਨ ਕੇ ਸੰਗਤ ਦੇ ਹੁਕਮਾ ਨੂੰ ਉਡੀਕਦੇ ਰਹਿੰਦੇ ਹਨ ।

ਮਹੰਤਾਂ ਦੇ ਜ਼ਮਾਨੇ ਵਿਚ ਗੁਰੁ ਕੀ ਗੋਲਕ ਦਾ ਮਾਲਿਕ ਮਹੰਤ ਹੁੰਦਾ ਸੀ ਅਤੇ ਆਮ ਸੰਗਤ ਦਾ ਫਰਜ਼ ਸਿਰਫ ਮਾਇਆ ਭੇਟ ਕਰਣ ਤਕ ਹੀ ਸੀਮਤ ਸੀ । ਅਜ ਕਲ ਇਸ ਤਰ੍ਹਾਂ ਥੋੜੇ ਹੀ ਹੋ ਸਕਦਾ ਹੈ । ਅਜ ਕਲ ਤਾਂ ਪ੍ਰੰਬਧਕ ਗੋਲਕ ਦੇ ਇਕ ਇਕ ਪੈਸੇ ਦਾ ਹਿਸਾਬ ਰਖਦੇ ਹਨ ਅਤੇ ਸੰਗਤ ਨੂੰ ਪੁਛ-ਪੁਛ ਕੇ ਖਰਚ ਕਰਦੇ ਹਨ । ਇਸ ਤਰ੍ਹਾਂ ਸੰਗਤ ਨੂੰ ਵੀ ਪੂਰਾ ਪਤਾ ਹੁੰਦਾ ਹੈ ਕਿ ਇਹ ਪੈਸਾ ਕਿਥੇ ਅਤੇ ਕਿਸ ਤਰਾਂ ਖਰਚ ਕੀਤਾ ਜਾ ਰਿਹਾ ਹੈ ।

ਉਸ ਸਮੇਂ ਮਹੰਤ ਇਤਨੇ ਘਟੀਆ ਅਤੇ ਨੀਚਤਾ ਦੀ ਹੱਦ ਤਕ ਪਹੁੰਚ ਚੁਕੇ ਸਨ ਕਿ ਉਹ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਹਜ਼ੂਰੀ ਵਿਚ ਹੀ ਅੰਗਰੇਜ਼ ਅਫਸਰਾਂ ਅਤੇ ਅਧਿਕਾਰੀਆਂ ਦੀ ਝੋਲੀ-ਚੁਕੀ ਕਰਦੇ ਸਨ । ਉਹਨਾਂ ਨੂੰ ਦੀਵਾਨ ਵਿਚ ਬੁਲਾ ਕੇ ਸਿਰੋਪੇ ਦਿੰਦੇ ਸਨ । ਹੁਣ ਤਾਂ ਇਸ ਤਰ੍ਹਾਂ ਬਿਲਕੁਲ ਹੀ ਨਹੀਂ ਹੁੰਦਾ। ਹਾਂ ਜੇ ਕਿਸੇ ਉਚ ਸਰਕਾਰੀ ਅਧਿਕਾਰੀ ਜਾਂ ਰਾਜਨੇਤਾ ਨੇ ਦੀਵਾਨ ਵਿਚ ਆਣਾ ਵੀ ਹੋਵੇ ਤਾਂ ਉਹ ਚੁਪ ਚੁਪੀਤਾ ਮੱਥਾ ਟੇਕ ਕੇ ਸੰਗਤ ਵਿਚ ਬੈਠ ਜਾਂਦਾ ਹੈ ।

ਹੁਣ ਇਹ ਗੱਲ ਸਹੀ ਹੈ ਕਿ ਨਹੀਂ ਪਰ ਮਹੰਤਾਂ ਦੇ ਸਮੇਂ ਇਹ ਇਲਜ਼ਾਮ ਆਮ ਲਗਦਾ ਸੀ ਕਿ ਮਹੰਤ ਸ਼ਰਾਬੀ ਹਨ । ਇਤਨਾਂ ਘਟੀਆ ਇਲਜ਼ਾਮ ਅਜ ਕਲ ਕਿਸੇ ਵੀ ਪ੍ਰਬੰਧਕ ਬਾਰੇ ਕੋਈ ਲਾਣ ਬਾਰੇ ਸੋਚ ਵੀ ਨਹੀਂ ਸਕਦਾ । ਹਾਂ ਜੇ ਕਿਧਰੇ ਕੋਈ ਵਿਰਲਾ ਜਾਂ ਟਾਵਾਂ-ਟਾਵਾਂ ਇਸ ਤਰ੍ਹਾਂ ਦਾ ਹੈ ਜੋ ਦਵਾਈ ਦੇ ਤੌਰ ਤੇ ਸ਼ਰਾਬ ਪੀਂਦਾ ਹੈ ਤਾਂ ਉਸ ਬਾਰੇ ਐਸਾ ਇਲਜ਼ਾਮ ਲਾਣ ਦੀ ਕੋਈ ਹਿੰਮਤ ਵੀ ਨਹੀਂ ਕਰ ਸਕਦਾ । ਤੱਤ ਸਾਰ ਇਹ ਹੈ ਕਿ ਇਸ ਤਰਾਂ ਦਾ ਕੋਈ ਇਲਜ਼ਾਮ ਜੇ ਹੈ ਤਾਂ ਉਹ ਜਾਂ ਤਾਂ ਕੋਰਾ ਝੂਠ ਹੈ ਤੇ ਜੇ ਸਹੀ ਹੈ ਵੀ ਤਾਂ ਉਸ ਨੂੰ ਝੂਠਾ ਸਾਬਤ ਕਰ ਦਿੱਤਾ ਜਾਏਗਾ । ਪਰਿਣਾਮ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ ਹੁੰਦੀ।

ਮਹੰਤ ਕਾਲ ਵਿਚ ਉਹਨਾਂ ਤੇ ਆਮ ਇਲਜ਼ਾਮ ਇਹ ਲਗਦਾ ਸੀ ਕਿ ਉਹਨਾਂ ਦੀ ਅਲ-ਔਲਾਦ ਪਤਿਤ ਹੈ। ਅਜ ਕਲ ਹੈ ਕਿਸੇ ਦੀ ਹਿੰਮਤ ਹੈ ਕਿ ਇਸ ਤਰਾਂ ਦਾ ਘਟੀਆ ਇਲਜ਼ਾਮ ਕਿਸੇ ਪ੍ਰਬੰਧਕ ਬਾਰੇ ਲਗਾ ਦਵੇ । ਇਸ ਲਈ ਤਾਂ ੳਸਦੀ ਕਪਾਲ ਕਿਰਿਆ ਕਰਣ ਲਈ ਪ੍ਰਬੰਧਕਾਂ ਦੇ ਅਹੁਦੇਦਾਰਾਂ ਦੇ ਹਰਲ ਹਰਲ ਕਰਦੇ ਬੱਚੇ ਬਚੂੰਗੜੇ ਹੀ ਕਾਫੀ ਹਨ ।

ਮਹੰਤ ਗੋਲਕ ਦਾ ਪੈਸਾ ਆਪਣੀ ਮਹੰਤ ਗਿਰੀ ਬਚਾਉਣ ਲਈ ਪਾਣੀ ਦੀ ਤਰਾਂ ਵਹਾਉਂਦੇ ਸਨ। ਅਜ ਕਲ ਇਸ ਦੀ ਲੋੜ ਹੀ ਨਹੀਂ ਹੈ ਕਿਉਂ ਕਿ ਹੁਣ ਤਾਂ ਡੇਰੇਦਾਰ ਜਾਂ ਪ੍ਰਬੰਧਕ ਦਾ ਕਾਰਜਕਾਲ ਜੀਵਨ ਭਰ ਲਈ ਹੁੰਦਾ ਹੈ । ਵੈਸੇ ਗੁਰਦੁਆਰਿਆਂ ਦੀ ਸੇਵਾ ਲਈ ਜੇ ਚੋਣ ਦੀ ਲੋੜ ਪਵੇ ਤਾਂ ਇਹ ਪੰਥ ਦਰਦੀ ਆਪਣੀ ਨੇਕ ਕਿਰਤ ਕਮਾਈ ਵਿਚੋਂ ਹੀ ਖਰਚ ਕਰਦੇ ਹਨ । ਗੁਰੁ ਕੀ ਗੋਲਕ ਵਲ ਤਾਂ ਉਹ ਵੇਖਦੇ ਵੀ ਨਹੀਂ ਤੇ ਨਾ ਹੀ ਕਿਸੇ ਬਾਹਰਲੇ ਨੂੰ ਵੇਖਣ ਹੀ ਦਿੰਦੇ ਹਨ । ਗਾਂਧੀ ਜੀ ਦੇ ਮਰਕਟਾਂ ਦੀ ਤਰ੍ਹਾਂ ਇਹ ਤਾਂ ਨਾ ਬੁਰਾ ਦੇਖਦੇ ਹਨ , ਨਾ ਬੁਰਾ ਸੁਣਦੇ ਹਨ ਤੇ ਨਾ ਹੀ ਬੁਰਾ ਬੋਲਦੇ ਹਨ । ਹਾਂ ਜੇ ਇਹਨਾਂ ਦਾ ਕੋਈ ਸੰਗੀ-ਸਾਥੀ ਗੋਲਕ ਨੂੰ ਸੰਨ ਲਾ ਰਿਹਾ ਹੁੰਦਾ ਹੈ ਤਾਂ ਸ਼ਰਾਫਤ ਅਤੇ ਗੁਰਮੁਖਤਾਈ ਦੀ ਹੱਦ , ਇਹ ਤਾਂ ਉਸ ਵਲ ਵੀ ਨਹੀਂ ਵੇਖਦੇ ।

ਮੈਨੂੰ ਲਗਦਾ ਹੈ ਕਿ ਇਸ ਕਾਪੀ ਨੂੰ ਇਥੇ ਹੁਣੇ ਬੰਦ ਕਰ ਦਿਆਂ, ਪ੍ਰਧਾਨ ਸਾਹਿਬ ਆ ਰਹੇ ਹਨ ਤੇ ਮੈਂ ਉਹਨਾਂ ਨਾਲ ਕਿਸੇ ਜ਼ਰੂਰੀ ਕੰਮ ਥਾਣੇ ਜਾਣਾ ਹੈ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.