Sunday, July 12, 2026

Established 2005 • ISSN Registration : 1930-0107

Fake Encounters in Kashmir

Panthic Archives Article (Category: Guest Columns/Commentary)

March 7, 2007
Author/Source: Jagdeep Singh Faridkot

ਕਸ਼ਮੀਰ ਵਿਚ ਝੂਠੇ ਮੁਕਾਬਲਿਆਂ ਦੀਆਂ ਖੁੱਲੀਆਂ ਪਰਤਾਂ

25000 ਤੋਂ ਬਾਅਦ ਹੁਣ ………ਹਜ਼ਾਰ

“ਸਰੂਆਂ ਵਰਗੇ ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ।
ਚਾਅ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ।
ਬੁੱਢੇ ਬਾਪੂ ਖੜ੍ਹੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ।”

ਬੁੱਢੇ ਪਿਉ ਦੇ ਪੁੱਤ, ਪਤਨੀ ਮੁਨੀਰਾਂ ਦੇ ਪਤੀ, ਪੰਜ ਨਿੱਕੇ-ਨਿੱਕੇ ਬੱਚਿਆਂ ਦੇ ਪਿਤਾ ਅਬਦੁਲ ਰਹਿਮਾਨ ਪਦਰੂ ਨੇ ਹੁਣ ਕਦੇ ਘਰ ਨਹੀਂ ਪਰਤਣਾ। 35 ਸਾਲਾ ਕਿਰਤੀ (ਤਰਖਾਣ) ਅਬਦੁਲ ਰਹਿਮਾਨ ਪਦਰੂ ਨੂੰ ਉਸ ਦਾ ਪਰਿਵਾਰ 8 ਦਸੰਬਰ 2006 ਤੋਂ ਉਡੀਕ ਰਿਹਾ ਸੀ। 23ਜਨਵਰੀ 2007 ਨੂੰ ਉਸ ਦੇ ਪਰਿਵਾਰ ਨੇ ਅਣਮੰਨੇ ਮਨ ਨਾਲ ਪੁਲਿਸ ਕੋਲ ਉਸ ਦੀ ਗੁੰਨਸ਼ੁਦਗੀ ਦੀ ਰਿਪੋਰਟ ਵੀ ਦਰਜ਼ ਕਰਵਾਈ। ਪਰ ਪਦਰੂ ਦੀ ਕੋਈ ਖਬਰ ਨਹੀਂ ਆਈ। ਆਉਣੀ ਵੀਕਿੱਥੋਂ ਸੀ, ਉਹ ਵਿਚਾਰਾ ਹੁਣ ਕਬਰ ਵਿਚੋਂ ਕਿਵੇਂ ਬੋਲਦਾ। ਪਰਿਵਾਰ ਨੂੰ ਖ਼ਬਰ ਆਈ ਤਾਂ ਉਸਦੀ ਮੌਤ ਦੀ। ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਲਈ ਇਸ ਤੋਂ ਵੱਡਾ ਹੋਰ ਕਿਆਮਤ ਦਾ ਦਿਨ ਕੀ ਆਏਗਾ। ਖ਼ਬਰ ਆਈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੀ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਪੁਲਿਸ ਨੇ ਝੂਠਾ ਮੁਕਾਬਲਾ ਬਣਾਉਂਦੇ ਹੋਏ ਅਬਦੁਲ ਰਹਿਮਾਨ ਪਦਰੂ ਨੂੰ ਲਸ਼ਕਰ ਦਾ ਅੱਤਵਾਦੀ ਦਿਖਾ ਕੇ ਮਾਰ ਦਿੱਤਾ। ਵਿਚਾਰੇ ਪਦਰੂ ਨੂੰ ਤਾਂ ਖੁਦ ਨੂੰ ਪਤਾ ਨਹੀਂ ਸੀ ਕਿ ਉਹ ਪਾਕਿਸਤਾਨ ਦੇ ਸ਼ਹਿਰ ਮੁਲਤਾਨ ਦਾ ਵਸਨੀਕ ਹੈ, ਉਸ ਦਾ ਨਾਮ ਅਬੂ ਹਾਫ਼ਿਜ਼ ਹੈ ਤੇ ਉਹ ਲਸ਼ਕਰ ਏ ਤਇਬਾ ਦਾ ਮੁਜ਼ਾਹਿਦ ਹੈ। ਪੁਲਿਸ ਨੇ ਪਦਰੂ ਨੂੰ ਮਾਰ ਕੇ ਅਬੂ ਹਾਫ਼ਿਜ਼ ਦੇ ਸਿਰ ਦਾ ਸਵਾ ਲੱਖ (125000) ਰੁਪਏ ਦਾ ਇਨਾਮ ਵੀ ਪ੍ਰਾਪਤ ਕਰ ਲਿਆ।

ਇੱਥੇ ਇਹ ਵੀ ਦੱਸਣਾ ਵਾਜਬ ਹੋਵੇਗਾ ਕਿ ਇਕੱਲੇ ਅਬਦੁਲ ਰਹਿਮਾਨ ਪਦਰੂ ਦਾ ਹੀ ਨਹੀਂ, ਪਿਛਲੇ 17 ਸਾਲਾਂ ਵਿਚ ਕਸ਼ਮੀਰ ਵਿਚ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਹਨ। 18 ਜੁਲਾਈ 2002 ਤੋਂ ਲਾਪਤਾ ਰਫੀਕ ਅਹਿਮਦ ਦਾ ਵੀ ਝੂਠਾ ਮੁਕਾਬਲਾ ਬਣਾਇਆ ਗਿਆ ਹੈ। ਰਫੀਕ ਦੀ ਬੇਬਸ ਮਾਂ ਕੁਰਲਾ-ਕੁਰਲਾ ਕੇ ਕਹਿ ਰਹੀ ਹੈ ਕਿ ਉਸ ਦੇ ਪੁੱਤ ਦੀਆਂ ਹੱਡੀਆਂ ਹੀ ਉਸ ਨੂੰ ਦੇ ਦਿਉ ਜ਼ਾਲਮੋਂ। ਵਿਚਾਰੀ ਮਾਤਾ ਨੂੰ ਸ਼ਾਇਦ ਨਹੀਂ ਪਤਾ ਕਿ ਜਦੋਂ ਬਾਹਮਣ ਨਰ-ਮੇਧ ਯੱਗ ਕਰਦੇ ਹਨ ਤਾਂ ਬੰਦੇ ਦੇ ਮਾਸ ਦੇ ਨਾਲ ਨਾਲ ਹੱਡੀਆਂ ਵੀ ਦੇਵਤਿਆਂ ਨੂੰ ਚੜਾਈਆਂ ਜਾਂਦੀਆਂ ਹਨ। ਤੇ ਮਾਂ ਤੇਰੇ ਰਫੀਕ ਦੀ ਵੀ, ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਨਰ-ਮੇਧ ਯੱਗ ਵਿਚ ਭਾਰਤ ਮਾਤਾ ਨੂੰ ਬਲੀ ਦੇ ਦਿੱਤੀ ਗਈ ਹੈ, ਤੂੰ ਇਹਨਾਂ ਤੋਂ ਹੱਡੀਆਂ ਦੀ ਵੀ ਆਸ ਨਾ ਰੱਖ, ਤੇ ਤੇਰਾ ਜੇ ਕੋਈ ਹੋਰ ਪੁੱਤ ਹੈ ਤਾਂ ਉਸ ਨੂੰ ਇਹਨਾਂ ਦੀ ਨਜ਼ਰ ਤੋਂ ਲੁਕੋ ਤੇ ਯੱਗ ਵਿਚ ਭੇਂਟ ਚੜਨ ਤੋਂ ਬਚਾ। “ਇੱਕ ਨਹੀਂ ਇਕੱਲੀ ਇੱਥੇ ਲੱਖਾਂ ਮਾਵਾਂ ਰੋਦੀਆਂ ਨੇ……”

ਨਜ਼ੀਰ ਅਹਿਮਦ ਦੀਆਂ ਸੱਤਾਂ ਭੈਣਾ ਦੇ ਵੈਣ ਸੁਣ ਕੇ ਪੱਥਰ ਵੀ ਹੰਝੂ ਵਹਾ ਰਹੇ ਨੇ। ਨਜ਼ੀਰ ਨੂੰ 15 ਫਰਵਰੀ 2006 ਨੂੰ ਪੁਲਿਸ ਨੇ ਚੁੱਕ ਕੇ ਮਾਰ ਦਿੱਤਾ ਸੀ, ਉਸ ਦਾ ਕਸੂਰ ਕਿ ਉਹ ਮੁਸਲਮਾਨ ਸੀ ਤੇ ਮੁਸਲਮਾਨ ‘ਤੇ ਅੱਤਵਾਦੀ ਹੋਣ ਦਾ ਸ਼ੱਕ ਹੁੰਦਾ ਹੈ। ਨਜ਼ੀਰ ਦਾ ਪੂਰਾ ਪਰਿਵਾਰ ਪਿੱਟ-ਪਿੱਟ ਕੇ ਅਖੰਡ? ਭਾਰਤ ਦਾ ਸਿਆਪਾ ਕਰ ਰਿਹਾ ਹੈ। ਇਹੀ ਹਾਲ ਬਨੀਹਾਲ ਦੇ ਸ਼ੌਕਤ ਅਹਿਮਦ, ਕੋਕਰਨਾਗ ਦੇ ਗੁਲਾਮ ਨਬੀ ਸਮੇਤ ਹਜ਼ਾਰਾਂ ਪਰਿਵਾਰਾਂ ਦਾ ਹੈ। ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਭਾਰਤ ਦੀ ਬੰਦੇ ਖਾਣੀ ਸ਼ਾਂਤੀ ਨੇ ਬੁਝਾ ਦਿੱਤੇ ਨੇ। ਸ਼ਾਇਦ ਇਹਨਾਂ ਨੂੰ ਭਰਮ ਹੈ ਕਿ ਲੋਕਾਂ ਦੇ ਮੂੰਹ ਵਿਚ ਸੰਗੀਨਾਂ ਤੁੰਨ ਕੇ ਸ਼ਾਂਤੀ ਲਿਆਦੀ ਜਾ ਸਕਦੀ ਹੈ, ਪਰ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੁੰਦੀ ਹੈ। ਜਿੰਨਾ ਚਿਰ ਤੁਸੀਂ ਕਿਸੇ ਦੇ ਹੱਕਾਂ ਨੂੰ ਨੱਪ ਕੇ ਬੈਠੇ ਰਹੋਗੇ, ਉਨੀ ਦੇਰ ਉਹ ਚੁੱਪ ਨਹੀਂ ਰਹੇਗਾ। ਫੇਰ ਭਾਵੇਂ ਲੱਖਾਂ ਮੁੰਡੇ ਅੱਤਵਾਦੀ ਕਹਿ ਕੇ ਦਰਿਆਵਾਂ ਨਹਿਰਾਂ ਦੀ ਭੇਂਟ ਚਾੜ੍ਹ ਦਿਉ ਤੇ ਭਾਵੇਂ 25000 ਲਾਵਾਰਿਸ ਕਹਿ ਕੇ ਸਾੜ ਦਿਉ। ਕੋਈ ਨਾ ਕੋਈ ਖਾਲੜਾ ਤੁਹਾਡੇ ਕੁਫਰ ਤੋਂ ਪਰਦਾ ਚੁੱਕਦਾ ਹੀ ਰਹੇਗਾ, ਤੇ ਤੁਹਾਡੀ ਵਖ਼ਤੀ ਸ਼ਾਂਤੀ ਦੇ ਮੂੰਹ ‘ਤੇ ਤਮਾਚਾ ਮਾਰਦਾ ਰਹੇਗਾ।

ਜਗਦੀਪ ਸਿੰਘ ਫਰੀਦਕੋਟ (9815763313)


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.