Sunday, July 12, 2026

Established 2005 • ISSN Registration : 1930-0107

ਐਲਾਨਨਾਮਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਐਲਾਨ-ਜੰਗ!

Panthic Archives Article (Category: Guest Columns/Commentary)

May 4, 2010
Author/Source: Guest Editorial: Sd. Gurcharanjit Singh Lamba

ਆਖਿਰ ਦਿੱਲੀ ਗੁਰਦੁਆਰਾ ਕਮੇਟੀ ਨੇ ਸ੍ਰੀ ਰਕਾਬ ਗੰਜ ਸਾਹਿਬ ਦੀ ਪਾਵਨ ਧਰਤੀ ਤੋਂ ੧੧ ਮਾਰਚ, ੨੦੧੦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ, ਅਧਿਕਾਰ, ਪਰੰਪਰਾਵਾਂ ਦੇ ਵਿਰੁੱਧ ਐਲਾਨੇ ਜੰਗ ਕਰ ਹੀ ਦਿੱਤਾ। ਸਿੱਧੇ ਪੱਧਰੇ ਅਤੇ ਮੂੰਹ ਫ਼ੱਟ ਲਫ਼ਜ਼ਾਂ ਵਿਚ ਮੀਰੀ ਪੀਰੀ ਦੇ ਮਾਲਿਕ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਖਾਲਸਾ ਪੰਥ ਦੇ ਪੰਜਾ ਤਖਤਾਂ, ਪੰਜ ਪਿਆਰਿਆਂ ਦੇ ਸਿਧਾਂਤ, ਹੁਕਮਨਾਮੇ ਦੇ ਅਧਿਕਾਰ ਨੂੰ ਚੁਣੌਤੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਖਾਤਿਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਉਹਨਾਂ ਸਾਰੇ ਹੀ ਹੁਕਮਨਾਮਿਆਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਹਨਾਂ ਵਿਚ ਸਚਿਖੰਡ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਅਤੇ ਅਬਚਲ ਨਗਰ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੁਮਾਂਇੰਦੇ ਸਾਮਿਲ ਹੋਏ ਸਨ। ਇਹ ਐਲਾਨ ਕਰਦਿਆਂ ਇਹਨਾਂ ਪਾਵਨ ਤਖਤਾਂ ਬਾਰੇ ਕਿਹਾ ਗਿਆ ਕਿ, “ਅਜਿਹਾ ਕਰਨ ਵਾਲੀਆਂ ਸੰਸਥਾਵਾਂ / ਵਿਅਕਤੀ ਗੁਰੂ ਪੰਥ ਦੇ ਕਿਸੇ ਵੀ ਫੈਸਲੇ ਵਿਚ ਸ਼ਾਮਿਲ ਹੋਣ ਦੇ ਅਧਿਕਾਰੀ ਨਹੀਂ। ਉਨ੍ਹਾਂ ਦੀ ਸ਼ਮੂਲੀਅਤ ਨਾਲ ਕੀਤੇ ਫੈਸਲੇ / ਹੁਕਮਨਾਮੇ ਦਾ ਖਾਲਸਾ ਪੰਥ ਪਾਬੰਦ ਨਹੀਂ।”

ਜਤਤਮ ਜ਼ਰੀਫ਼ੀ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਇਹ ਕਾਰਵਾਈ ਕਰਦਿਆਂ ਇਹ ਕਿਹਾ ਗਿਆ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਬਹਾਲ ਕਰਣ ਲਈ ਕੀਤੀ ਕਾਰਵਾਈ ਹੈ।

ਕਿਉਂ ਕਹਿ ਕੇ ਮੁਕਰਤਾ ਹੈ ਕਿ ਮੈਂ ਕੁਛ ਨਹੀਂ ਚੱਹਿਤਾ।
ਕਹਿ ਜੋ ਤੁਝੇ ਕਹਿਨਾ ਹੈ, ਮੈਂ ਕੁਛ ਨਹੀਂ ਕਹਿਤਾ।


ਸਿਖ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਅਤੇ ਮੌਹਰ ਅਧੀਨ ਜਾਰੀ ਹੋਇਆ ਹਰ ਹੁਕਮਨਾਮਾ ਇਲਾਹੀ ਹੁਕਮਨਾਮਾ ਹੈ। ਇਸ ਦਾ ਅਧਿਕਾਰ, ਇਸ ਦੀ ਸ਼ਕਤੀ ਅਤੇ ਤਾਸੀਰ ਪ੍ਰਤਖ ਗੁਰੂ ਸਾਹਿਬ ਵਲੋਂ ਨਿਜੀ ਤੌਰ ਤੇ ਜਾਰੀ ਕੀਤੇ ਹੁਕਮਨਾਮਿਆਂ ਜਹੀ ਹੀ ਹੈ। ਕੋਈ ਸਿਖ ਇਸ ਤੋਂ ਮੁਨਕਰ ਅਤੇ ਇਨਕਾਰੀ ਹੋ ਸਕਦਾ ਹੈ ਪਰ ਗੁਰੂ ਤੋਂ ਬੇਮੁਖ, ਬਾਗ਼ੀ ਅਤੇ ਆਕੀ ਹੋ ਕੇ। ਇਸ ਪੰਥ ਵਿਰੋਧੀ ਐਲਾਨ ਦੀ ਚੁਣੌਤੀ ਨੂੰ ਕਬੂਲ ਨਾ ਕਰਨਾ ਗੁਰੂ ਪੰਥ ਤੋਂ ਬੇਮੁਖ ਹੋਣਾ ਹੈ। ਸੋ ਇਸ ਐਲਾਨਨਾਮੇ ਨੇ ਇਸ ਤਰ੍ਹਾਂ ਪਿਛੋਕੜ ਵਿਚ ਗੁਰੂ ਪੰਥ ਵਲੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਜੋ ਗੁਰੂ-ਨਿੰਦਕਾਂ, ਗੁਰੂ ਡੰਮੀਆਂ, ਪੰਥ ਵਿਰੋਧੀਆਂ, ਨਾਸਤਿਕਾਂ ਜਾਂ ਪੰਥ ਵਿਰੋਧੀ ਅਖਬਾਰ ਆਦਿ ਬਾਰੇ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਜਾਰੀ ਕੀਤੇ ਗਏ ਸਨ ਉਹਨਾਂ ਸਾਰਿਆਂ ਨੂੰ ਹੀ ਇਕ ਮੁਸ਼ਤ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। '. . . .. . ’ਤੇ ਹੁਣ ਇਸ ਨਾਲ ਕਾਲਾ ਅਫ਼ਗਾਨਾ ਅਤੇ ਉਸ ਦਾ ਗੁਰੂ ਨਿੰਦਕ ਲਾਣਾ ਖੁਸ਼ ਹੋਇਆ! 'ਲੋ ਆਜ ਹਮ ਭੀ ਸਾਹਿਬੇ ਓਲਾਦ ਹੋ ਗਏ।’

ਪਹਿਲਾਂ ਸਰਬੱਤ ਖਾਲਸਾ ਅਤੇ ਫ਼ਿਰ ਇਸ ਦਾ ਨਾਮ ਕਰਣ ਵਿਸ਼ਵ ਸਿੱਖ ਸੰਮੇਲਨ ਦੇ ਛਦਮ ਨਾਮ ਵਿਚ ਕਰ ਕੇ ਇਹ ਐਲਾਨ ਇਹ ਇੰਨ ਬਿੰਨ ਉਹੀ ਅਤੇ ਉਸੇ ਤਰ੍ਹਾਂ ਹੀ ਹੋਇਆ, ਜਿਸ ਦੀਆਂ ਕਿਆਸ ਆਰਾਈਆਂ ਸਨ ਜਾਂ ਜਿਸ ਦਾ ਅੰਦੇਸ਼ਾ ਅਤੇ ਅੰਦਾਜ਼ਾ ਸਧਾਰਣ ਸੂਝ-ਬੂਝ ਨਾਲ ਵੀ ਲਾਇਆ ਜਾ ਸਕਦਾ ਸੀ।

ਪਰ ਹੈਰਾਨੀ ਤਾਂ ਉਹਨਾਂ ਪੰਥਕ ਅਖਵਾਂਦੇ ਵਿਅਕਤੀਆਂ ਅਤੇ ਸੰਸਥਾਵਾਂ ਤੇ ਹੈ ਜਿਹਨਾਂ ਦੀ ਮੌਜੂਦਗੀ ਵਿਚ ਇਹ ਐਲਾਨਨਾਮਾ ਪੜ੍ਹਿਆ ਗਿਆ ਅਤੇ ਪ੍ਰਵਾਨ ਕੀਤਾ ਗਿਆ। ਇਹ ਵਿਅਕਤੀ ਅਤੇ ਸੰਸਥਾਵਾਂ ਐਲਾਨੀਆਂ ਤੌਰ ਤੋ ਪੰਜਾਂ ਤਖਤਾਂ ਦੀ ਮਰਯਾਦਾ ਅਤੇ ਸ਼ਮੂਲੀਅਤ ਦੇ ਹਾਮੀ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਪਾਬੰਦ। ਫ਼ਿਰ ਇਹ ਦੁਬਿਧਾ ਕਿਉਂ? ਕੀ ਇਹ ਵਰਤਾਰਾ ਸ਼ਿਬਲੀ ਦੇ ਫ਼ੁਲ ਮਾਰਣ ਤੁਲ
ਨਹੀਂ?

ਇਕ ਸਿੱਧਾ ਸਾਦਾ ਬੰਦਾ ਮੇਲਾ ਵੇਖਣ ਗਿਆ ਪਰ ਉਥੇ ਭੀੜ ਵਿਚ ਕਿਸੇ ਨੇ ਉਸ ਵਿਚਾਰੇ ਦੀ ਲੋਈ ਖਿਚ ਲਈ। ਉਹ ਨਿਮੋਝੂਣਾ ਜਿਹਾ ਵਾਪਸ ਪਿੰਡ ਪਹੁੰਚਿਆ ਤੇ ਪਿੰਡ ਵਾਲਿਆਂ ਪੁਛਿਆ, ‘ਚੌਧਰੀ ! ਮੇਲਾ ਕੈਸਾ ਸੀ ?’ ਉਸ ਨੇ ਦੁਖੀ ਮਨ ਨਾਲ ਕਿਹਾ ਕਿ ਮੇਲਾ ਕਾਹਦਾ ਸੀ, ਇਹ ਤਾਂ ਇਹਨਾਂ ਨੇ ਇਹ ਸਾਰਾ ਇਕੱਠ ਹੀ ਕੀਤਾ ਸੀ ਮੇਰੀ ਲੋਈ ਖੋਹਣ ਦਾ ਬਹਾਨਾ ਸੀ।

ਸੋ ਕਿਹਾ ਜਾ ਸਕਦਾ ਹੈ ਕਿ ਦਿੱਲੀ ਦਾ ਵੀ ਇਹ ਇਕੱਠ ਪੰਥ ਦੀ ਲੋਈ ਖੋਹਣ ਦਾ ਇਕ ਬਹਾਨਾ ਸੀ। ਅਸਲ ਕਵਾਇਦ ਜਾਂ ਮਕਸਦ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਦੇ ਜ਼ਾਮਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੋਰਾ ਲਾਉਣਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਇਆਂ ਦਾ ਪੱਖ ਪੂਰਨਾ ਸੀ।

ਪੰਥ ਦੀ ਇਲਾਹੀ ਸ਼ਕਤੀ ਪੰਜਾਂ ਤਖਤਾਂ ਵਿਚ ਸਮੋਈ ਹੋਈ ਹੈ। ਹਰ ਸਿੱਖ ਸਣੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਵੀ (ਹਾਲੇ ਤਕ ਤਾਂ) ਪੰਜਾਂ ਤਖਤਾਂ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਜੈਕਾਰਾ ਗਜਾਇਆ ਜਾਂਦਾ ਹੈ। ਖਾਲਸਾ ਪੰਥ ਦੇ ਪੰਜ ਤਖਤ ਹਨ ਅਤੇ ਪੰਜ ਹੀ ਰਹਿਣ ਗੇ। ਇਸ ਪੀਢੇ ਸਿਧਾਂਤ ਨੂੰ ਖੇਰੂੰ ਖੇਰੂੰ ਕਰਣ ਦੀ ਇਹ ਨਾਪਾਕ ਅਤੇ ਨਾਕਾਮਯਾਬ ਕੋਸ਼ਿਸ਼ ਸੀ ਜੋ ਕਦੇ ਕਾਮਯਾਬ ਨਹੀਂ ਹੋਵੇਗੀ।

ਅਬਚਲ ਨਗਰ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਉਹ ਮਹਾਨ ਪਾਵਨ ਅਸਥਾਨ ਹੈ ਜੋ ਹਜ਼ੂਰ ਸਤਿਗੁਰ ਸਚੇ ਪਾਤਿਸ਼ਾਹ ਗੁਰੂ ਕਲਗੀਧਰ ਪਿਤਾ ਦਾ ਵਿਰਸਾ ਅਤੇ ਵਿਰਾਸਤ, ਉਹਨਾਂ ਦੀ ਬਾਣੀ, ਉਹਨਾਂ ਦੇ ਸ਼ਸਤ੍ਰ-ਅਸਤ੍ਰ, ਉਹਨਾਂ ਦਾ ਇਤਿਹਾਸ, ਬਾਬਾਣੀਆਂ ਕਹਾਣੀਆਂ ਆਪਣੀ ਹਿੱਕ ਵਿਚ ਸਮੋਈ ਬੈਠਾ ਹੈ। ਇਸੇ ਲਈ ਤਾਂ ਉਥੋਂ ਦੇ ਸਿਖਾਂ ਨੂੰ ‘ਹਜ਼ੂਰੀ ਸਿਖ’ ਅਖਵਾਣ ਦਾ ਮਾਣ ਪ੍ਰਾਪਤ ਹੈ।

ਜੇਕਰ ਹੁਣ ਇਹਨਾਂ ਸਿਆਣੇ ਕਨਵੈਨਸਨੀਆਂ ਮੁਤਾਬਕ ਸਚਿਖੰਡ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਅਤੇ ਅਬਚਲ ਨਗਰ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੁਮਾਂਇੰਦਿਆਂ ਦੇ ਸ਼ਾਮਿਲ ਹੋਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਭਿਟਿਆ ਗਿਆ ਹੈ ਅਤੇ ਇਸ ਦੇ ਹੁਕਮ ਨਾਮੇ ਪੰਥ ਤੇ ਲਾਗੂ ਨਹੀਂ ਹਨ ਤਾਂ ਕੀ ਇਹ ਭੁਲ ਗਏ ਹਨ ਕਿ ਜਦੋਂ ਪਿਛਲੀ ਸਦੀ ਵਿਚ ੧੯੩੬ ਤੋਂ ੧੯੪੫ ਦੌਰਾਨ ਮੌਜੂਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਲਈ ਸਥਾਪਿਤ ਕੀਤੀ ਗਈ ‘ਰਹੁ-ਰੀਤ ਸਬ ਕਮੇਟੀ’ ਵਿਚ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ ਸਚਿਖੰਡ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਅਤੇ ਅਬਚਲ ਨਗਰ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੁਮਾਂਇੰਦੇ ਵੀ ਸ਼ਾਮਿਲ ਸਨ। ਤਾਂ ਫਿਰ ਕੀ ਹੁਣ ਇਹਨਾਂ ਵਲੋਂ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰਣ ਦੇ ਇਕ ਹੋਰ ਐਲਾਨ ਨਾਮੇ ਦਾ ਇੰਤਜ਼ਾਰ ਕੀਤਾ ਜਾਏ?

ਦਿੱਲੀ ਦੇ ਗੁਰਦੁਆਰਿਆਂ ਦੀ ਕਾਇਮੀ ਅਤੇ ਸੇਵਾ ਸੰਭਾਲ ਵਿਚ ਪੰਜਾਬ ਤੋਂ ਗਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਬਘੇਲ ਸਿੰਘ ਜਾਂ ਫ਼ਿਰ ਜੀਂਦ ਦੇ ਮਹਾਰਾਜਾ ਸਰੂਪ ਸਿੰਘ ਦਾ ਯੋਗਦਾਨ ਅਦੁੱਤੀ ਹੈ। ਪੰਥ ਨੇ ਆਪਣੇ ਸਾਰੇ ਮੋਰਚੇ ਦਿੱਲੀ ਦੇ ਵਿਹੜੇ ਵਿਚ ਲੜੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਅਹਿਮ ਸੰਸਥਾ ਹੈ। ਇਹਦਾ ਆਪਣਾ ਮਾਣ ਮੱਤਾ ਇਤਿਹਾਸ ਹੈ। ੧੯੭੧ ਵਿਚ ਭਾਰਤ ਦੀ ਪਾਰਲੀਮੈਂਟ ਵਲੋਂ ਪਾਸ ਕੀਤਾ ਇਸਦਾ ਪ੍ਰਬੰਧਕੀ ਐਕਟ ਪੰਥ ਦੀ ਇਕ ਬਹੁਤ ਹੀ ਵੱਡਮੁੱਲੀ ਵਿਰਾਸਤ ਹੈ। ਇਸ ਵਿਚ ਵਰਣਤ ਸਿੱਖ ਦੀ ਤਾਰੀਫ਼ ਜਾਂ ਪਰਿਭਾਸ਼ਾ ਨੇ ਸਾਰੀਆਂ ਦੁਬਿਧਾਵਾਂ ਜਾਂ ਭਰਮ-ਭੁਲੇਖੇ ਹਮੇਸ਼ਾਂ ਲਈ ਸਮਾਪਤ ਕਰ ਦਿੱਤੇ ਹਨ। ਇਸਦੇ ਬਾਵਜੂਦ ਪੰਥ ਦੀ ਸ਼੍ਰੋਮਣੀ ਸੰਸਥਾ ਕੇਵਲ ਇਕ ਹੋ ਸਕਦੀ ਹੈ, ਦੋ ਨਹੀਂ। ਤੇ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ । ਦਿਲੀ ਕਮੇਟੀ ਦਾ ਹੱਕ ਹੈ ਪੰਥਕ ਮਸਲਿਆਂ ਬਾਰੇ ਜਾਂ ਸ਼੍ਰੋਮਣੀ ਕਮੇਟੀ ਬਾਰੇ ਵੀ ਆਪਣਾ ਪੱਖ ਅਤੇ ਆਪਣੀ ਆਵਾਜ਼ ਪੰਥ ਕੋਲ ਰਖੀ ਜਾ ਸਕਦੀ ਹੈ। ਉਸ ਦਾ ਵਿਰੋਧ ਵਿਚ ਵੀ ਹੋ ਸਕਦਾ ਹੈ। ਪਰ ਹਉਮੇ ਗ੍ਰਸਤੀ ਜਾਂ ਨਿਜ ਪ੍ਰਸਤੀ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਇਸਦੇ ਹੁਕਮਨਾਮਿਆਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨੀ ਉਸੇ ਹੀ ਟਾਹਣ ਤੇ ਬੈਠ ਕੇ ਉਸ ਨੂੰ ਵੱਢਣ ਤੁਲ ਹੈ ।

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ॥
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ॥੧੩॥ (ਗੁ.ਗ੍ਰੰ.ਸਾ.੧੩੬੫)


ਸਿੱਖ ਰਹਿਤ ਮਰਯਾਦਾ ਦੇ ਅਧਿਆਏ ‘ਪੰਥਕ ਰਹਿਣੀ’ ਦੀ ਚੌਥੀ ਮੱਦ ਮੁਤਾਬਕ ਕਿਸੇ ਕਿਸਮ ਦੇ ਸਧਾਰਨ (ਧਾਰਮਿਕ, ਪੁਲੀਟੀਕਲ) ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ ਜੋ ਸਥਾਨਿਕ ਸੰਗਤ ਕਰ ਸਕਦੀ ਹੈ ਪਰ ਪੰਥ ਦੇ ਮੁੱਢਲੇ ਸਿਧਾਂਤਾਂ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰਖਣ ਬਾਬਤ ਗੁਰਮਤਾ ਗੁਰੂ ਪੰਥ ਦਾ ਚੁਣਿਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤਿਨਿਧ ਇਕੱਠ ਹੀ ਕਰ ਸਕਦਾ ਹੈ।

ਸੋ ਨਿਰਵਿਵਾਦਤ ਰੂਪ ਵਿਚ ਸਪਸ਼ਟ ਹੈ ਕਿ ਦਿੱਲੀ ਕਮੇਟੀ ਨੇ ਆਪਣੇ ਅਧਿਕਾਰ ਖੇਤਰ ਅਤੇ ਲਛਮਣ-ਰੇਖਾ ਦਾ ਉਲੰਘਣ ਕਰ ਕੇ ਜੋ ਐਲਾਨਨਾਮਾ ਕੀਤਾ ਹੈ ਉਹ ਪੰਥ ਵਿਰੋਧੀ ਅਤੇ ਰਹਿਤ ਮਰਯਾਦਾ ਦੇ ਉਲਟ ਹੈ।

ਇਸੇ ‘ਪੰਥਕ ਰਹਿਣੀ’ ਦੀ ਪੰਜਵੀ ਮੱਦ ਮੁਤਾਬਕ ‘ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ।’ ਸੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਸ ਹੈ ਕਿ ਆਪਣੇ ਅਧਿਕਾਰ ਮੁਤਾਬਕ ਦਿੱਲੀ ਕਮੇਟੀ ਦੇ ਅਕਾਲ ਤਖਤ ਸਾਹਿਬ ਅਤੇ ਇਸਦੇ ਹੁਕਮਨਾਮਿਆਂ ਦੇ ਵਿਰੁੱਧ ਜਾਰੀ ਇਸ ਅਖੌਤੀ ਪੰਥ ਵਿਰੋਧੀ ਐਲਾਨਨਾਮੇ ਬਾਰੇ ਪੰਥਕ ਪਰੰਪਰਾਵਾਂ ਮੂਜਬ ਯੋਗ ਕਾਰਵਾਈ ਕਰੇ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.
FEATURED ARTICLES
Canada's Forgotten Sikh Inmates

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

ਅਕੁਲ ਨਿਰੰਜਨ ਖਾਲਸਾ

Why draconian laws in Punjab?

Harjinder Dilgeer and His Nonsensical Assertions

ਜ਼ਖ਼ਮ ਅਜੇ ਵੀ ਅੱਲੇ ਨੇ.... ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

Sikh & Kashmiri Canadians protest in Ottawa against PM Manmohan Singh's visit to that city

Sikh Genocide and 'Sikh Extremism' Roil Canada

Canada Hears Cries of Sikhs

Anti-Panthic Lobby's Purported 'World Sikh Convention'

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

Sikhism: A World Religion Anomaly in Constitution needs to be Rectified

ਹੁਕਮ, ਹੁਕਮਨਾਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ!

India's 25 years long crimes against humanity Remembering the nearly 10,000 Sikhs

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ?

ਸੌਦਾ ਸਾਧ ਦੀਆਂ ਫੁਕਰੀਆਂ

ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ

ਧੰਨ ਭਾਗ ਕੌਮ ਦੇ…… ਧੰਨਵਾਦ ਤੁਹਾਡਾ

Darshan Singh's Anti-Dasam Granth Phobia

Vaisakhi: Past to Present - The changing Trends!

ਨੁਕਸਾਨ - A short story regarding Justice in Punjab