Sunday, July 12, 2026

Established 2005 • ISSN Registration : 1930-0107

The role of Akal Takht, Dera Sauda, and other Deradars

Panthic Archives Article (Category: Guest Columns/Commentary)

July 4, 2007
Author/Source: DS Gill, IHRO

ਅਕਾਲ ਤਖਤ, ਡੇਰਾ “ਸੱਚਾ ਸੌਦਾ” ਅਤੇ ਬਾਕੀ ਡੇਰੇਦਾਰਾਂ ਦਾ ਰੋਲ
ਇਸ ਮਾਮਲੇ ਬਾਰੇ ਬਤੌਰ ਇਕ ਸਿੱਖ ਦੇ ਸੋਚਣ ਦੀ ਲੋੜ!

ਸਿੱਖ ਕੌਮ ਇਕ ਬਹਾਦਰ ਕੌਮ ਹੈ, ਸਿੱਖ ਬੜੇ ਬਹਾਦਰ ਹਨ, ਕੁਰਬਾਨੀ ਦੇ ਪੁੰਜ ਹਨ ਅਤੇ ਇਨ੍ਹਾਂ ਬਾਰੇ ਬੜਾ ਕੁਝ ਹੋਰ ਕਿਹਾ ਜਾਣਾ ਆਮ ਜਿਹੀ ਗੱਲ ਹੈ, ਕਿਉਂਕਿ ਇਹ ਸਿੱਖ ਹਨ, ਗੁਰੁੂ ਦੇ ਲਾਡਲੇ ਹਨ ਅਤੇ ਆਪਣੇ ਧਰਮ ਲਈ ਮਰ ਮਿਟਣ ਵਾਲੇ ਹਨ। ਸਿੱਖਾਂ ਦਾ ਇਹ ਸਿੱਕਾ ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਮੰਨਿਆ ਸੀ ਜਦੋਂ ਉਹ 1982 ਵਿੱਚ ਪੰਜਾਬ ਆਈ ਅਤੇ ਆਪਣੇ ਭਾਸ਼ਣ ਵਿੱਚ ਵਾਰ ਵਾਰ ਕਹਿੰਦੀ ਰਹੀ ਕਿ ਸਿੱਖ ਕੌਮ ਬੜੀ ਬਹਾਦਰ ਹੈ ਅਤੇ ਸਿੱਖ ਲੋਕ ਬੜੇ ਬਹਾਦਰ ਹੁੰਦੇ ਹਨ। ਭਾਵੇਂ ਕਿ ਜਦੋਂ ਇੰਦਰਾ ਗਾਂਧੀ ਨੇ ਸਿੱਖਾਂ ਦੀ ਅਜ਼ਮਤ ਨੂੰ ਵੰਗਾਰਿਆ, ਤਾਂ ਉਸ ਨੂੰ ਵੀ ਸਿੱਖਾਂ ਦੀ ਬਹਾਦਰੀ ਦੀ “ਸ਼ਿਕਾਰ” ਹੋਣਾ ਪਿਆ।

ਇਸ ਗੁਰੂੁ ਦੀ ਬਖਸ਼ੀ ਹੋਈ ਬਹਾਦਰੀ ਅਤੇ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਸਿੱਖਾਂ ਨੂੰ ਦੁਨੀਆਂ ਭਰ ਅੰਦਰ ਕਈ ਬਾਹਰੀ ਅਤੇ ਅੰਦਰੂਨੀ ਵਿਰੋਧਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਅੰਦਰ ਸਿੱਖਾਂ ਕੋਲ ਸ੍ਰੀ ਅਕਾਲ ਤਖਤ ਸਾਹਿਬ, ਇਕ ਧਾਰਮਿਕ ਅਤੇ ਸਮਾਜਕ ਸਰਬ-ਉੱਚ ਸੰਸਥਾ ਹੈ, ਜਿਸ ਦਾ ਦਿਸ਼ਾ-ਨਿਰਦੇਸ਼ ਦੁਨੀਆ ਭਰ ਦੇ ਸਿੱਖਾਂ ਲਈ ਇਲਾਹੀ ਫੁਰਮਾਣ ਸਮਝਿਆ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਸੀ ਨੁਮਾਇੰਦਾ ਜਮਾਤ ਜਾਣੀ ਜਾਂਦੀ ਹੈ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਾਰਮਿਕ ਅਸਥਾਨਾਂ ਅਤੇ ਵਿਦਿਆ ਦੇ ਮੰਦਰਾਂ ਦੀ ਦੇਖ ਭਾਲ ਕਰਨ ਦੇ ਨਾਲ ਨਾਲ ਧਰਮ-ਪ੍ਰਚਾਰ ਅਤੇ ਅੰਮ੍ਰਿਤ-ਸੰਚਾਰ ਵੀ ਕਰਦੀ ਹੈ। ਪਰ ਸਮਾਂ ਪੈਣ ਨਾਲ ਇਨ੍ਹਾਂ ਅਦਾਰਿਆਂ ਅਤੇ ਸੰਸਥਾਵਾਂ ਵਿੱਚ ਵੀ, ਦੁਨੀਆਂ ਭਰ ਦੀ ਰਫਤਾਰ ਅਨੁਸਾਰ, ਗਿਰਾਵਟ ਆਈ ਹੈ। ਇਸ ਕਰਕੇ ਸਾਧਾਰਨ ਸਿੱਖਾਂ ਨੂੰ ਭਾਰਤ ਅੰਦਰ, ਖਾਸ ਕਰਕੇ ਪੰਜਾਬ ਵਿੱਚ, ਦੋ ਧਾਰੀ ਲੜਾਈ ਲੜਨੀ ਪੈ ਰਹੀ ਹੈ। ਇਕ ਆਪਸੀ ਅਤੇ ਦੂਜੀ ਲੜਾਈ ਬਾਹਰੀ ਤਾਕਤਾਂ ਨਾਲ ਜੋ ਸਿੱਖਾਂ ਦੀ ਅਜ਼ਾਦ ਹਸਤੀ ਅਤੇ ਇਨ੍ਹਾਂ ਦੇ ਵਿਲੱਖਣ ਸਰੂਪ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਬਾਹਰੀ ਤਾਕਤਾਂ ਵਿੱਚ ਅੱਜ ਕੱਲ ਡੇਰਾ “ਸੱਚਾ ਸੌਦਾ” ਆਉਂਦਾ ਹੈ, ਜਿਸ ਨੂੰ ਕਾਂਗਰਸ ਪਾਰਟੀ ਦੀ ਅੰਦਰ-ਗਤੀ ਅਤੇ ਬਾਹਰੀ ਹਮਾਇਤ ਹਾਸਲ ਹੈ। ਇਸ ਲਈ ਇਹ ਲੜਾਈ ਵੱਡੀ ਹੈ। ਇਸ ਨੂੰ ਲੜਨ ਲਈ ਸਮੁੱਚੀ ਸਿੱਖ ਕੌਮ ਨੂੰ ਇਕ ਮੁੱਠ ਹੋ ਕੇ ਲੜਨਾ ਪਵੇਗਾ।

ਸਿੱਖਾਂ ਦੀ ਅੰਦਰੂਨੀ ਲੜਾਈ, ਸ੍ਰੀ ਅਕਾਲ ਤਖਤ ਸਾਹਿਬ ਸਮੇਤ ਤਖਤਾਂ ਦੇ ਜੱਥੇਦਾਰਾਂ, ਅਕਾਲੀ ਦਲ (ਬਾਦਲ), ਸਮੇਤ ਸ਼ਰੋਮਣੀ ਕਮੇਟੀ, ਅਤੇ ਬਾਕੀ ਸਿੱਖ ਡੇਰੇਦਾਰਾਂ (ਸਾਧਾਂ) ਜੋ ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿੱਚ ਹਨ, ਨਾਲ ਹੈ। ਇਹ ਲੜਾਈ ਵੀ ਬੜੀ ਜ਼ਰੂਰੀ ਹੈ ਕਿਉਂਕਿ ਇਸ ਕਾਰਨ ਹੀ ਸਿੱਖਾਂ ਦੀਆਂ ਸੰਸਥਾਵਾਂ ਅਤੇ ਬਾਕੀ ਅਦਾਰਿਆਂ ਦਾ ਸੁਧਾਰ ਕੀਤਾ ਜਾ ਸਕਦਾ ਹੈ ਜੋ ਕਿ ਅਜੋਕੀ ਸਥਿਤੀ ਵਿੱਚ ਸੌੜੇ ਰਾਜਸੀ ਹਿੱਤਾਂ ਖਾਤਰ ਰਾਜਨੀਤਕ ਲੋਕਾਂ ਦੇ ਗਲਵੇ ਵਿੱਚ ਹਨ। ਪਰ ਅੱਜ ਇਸ ਅੰਦਰੂਨੀ ਲੜਾਈ ਨੂੰ ਘਟਾਕੇ, ਬਾਹਰੀ ਲੜਾਈ ਇਕਮੁਠ ਹੋ ਕੇ ਲੜਨੀ ਬਣਦੀ ਹੈ।

ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਅਖੌਤੀ ਸੱਚਾ ਸੌਦਾ ਦੇ ਡੇਰੇਦਾਰ ਗੁਰਮੀਤ ਰਾਮ ਰਹੀਮ ਸਿੰਘ ਦੇ ਮਸਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਜੇ ਤਖਤਾਂ ਦੇ ਜੱਥੇਦਾਰਾਂ, ਸ਼ਰੋਮਣੀ ਕਮੇਟੀ, ਸਿੱਖ ਡੇਰੇਦਾਰਾਂ (ਸਾਧਾਂ) ਅਤੇ ਬਾਦਲ ਸਰਕਾਰ ਦਾ ਰੋਲ ਮਾੜਾ ਨਹੀਂ ਰਿਹਾ। ਸਗੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਦੇ ਫੈਸਲੇ ਸ਼ਲਾਘਾਯੋਗ ਹਨ ਅਤੇ ਪੰਜਾਬ ਸਰਕਾਰ ਵਲੋਂ ਦੋਸ਼ੀ ਡੇਰੇਦਾਰ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ ਦੇਣਾ ਵੀ ਕਾਨੂੰਨੀ ਨਿਗ੍ਹਾ ਤੋਂ ਠੀਕ ਫੈਸਲਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜੇਕਰ ਸਿੱਖ ਕੌਮ ਨਾ ਜਾਗਦੀ ਅਤੇ ਖਾਲਸਾ ਐਕਸ਼ਨ ਕਮੇਟੀ ਹਰਕਤ (ਹੋਂਦ) ਵਿੱਚ ਨਾ ਆਉਂਦੀ ਤਾਂ ਸ਼ਾਇਦ ਇਹ ਕੁਝ ਨਾ ਹੁੰਦਾ ਭਾਵੇਂ ਕਿ ਬਾਦਲਕਿਆਂ ਦਾ ਇਸ ਸਾਧ ਨੂੰ ਸਬਕ ਸਿਖਾਉਣਾ ਉਨ੍ਹਾਂ ਦਾ ਰਾਜਸੀ ਮੁੱਦਾ ਸੀ।

ਇਹ ਸਭ ਕੁਝ ਸਿੱਖ ਅੰਦਰੂਨੀ ਦੋਵੇਂ ਧਿਰਾਂ ਦੀ ਅਦਿੱਖ ਸਾਂਝ ਕਾਰਨ ਹੀ ਹੋਇਆ ਜਾਪਦਾ ਹੈ ਪੰਥ ਦੇ ਵਡੇਰੇ ਹਿੱਤਾਂ ਖਾਤਰ ਇਸੇ ਤਰ੍ਹਾਂ ਦੀ ਸਾਂਝ ਬਣੀ ਰਹਿਣੀ ਚਾਹੀਦੀ ਹੈ ਤਾਂ ਕਿ ਪੰਥ ਚੜ੍ਹਦੀ ਕਲਾ ਵਿਚ ਰਹੇ। ਬਾਦਲਕੇ ਸਰਕਾਰ ’ਚ ਜੋਣ ਕਰਕੇ ਅਤੇ ਸਿਖ ਸੰਸਥਾਵਾਂ ’ਤੇ ਕਾਬਜ਼ ਜੋਣ ਦੇ ਕਾਰਨ ਪਾਵਰਫੁੱਲ ਹਨ। ਖਾਲਸਾ ਐਕਸ਼ਨ ਕਮੇਟੀ ਨੂੰ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

-ਡੀ. ਐਸ. ਗਿੱਲ


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.