Sunday, July 12, 2026

Established 2005 • ISSN Registration : 1930-0107

Ek Bhindranwala...

Panthic Archives Article (Category: Inspirational)

Originally published on: July 4, 2007
Author/Source: Bhai Sukhdeep Singh Barnala

ਭਿੰਡਰਾਂਵਾਲਾ ਹੋਰ

ਤੂੰ ਕਾਹਤੋਂ ਤੁਰ ਗਿਆ ਸੂਰਿਆ
ਅਜੇ ਮੈਨੂੰ ਸੀ ਤੇਰੀ ਲੋੜ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਮੇਰੀ ਕੁੱਖੋਂ ਜੰਮੇ ਬਦਲ ਗਏ
ਮੇਰਾ ਟੁੱਟ ਗਿਆ ਅੱਜ ਮਾਣ
ਇੱਥੇ ਭਈਏ ਵੇਖ ਬਿਹਾਰ ਦੇ
ਮੇਰੀ ਹਿੱਕ ਤੇ ਥੁੱਕਦੇ ਪਾਨ
ਸਭ ਕੁਰਸੀ ਦੇ ਪੁੱਤ ਬਣ ਗਏ
ਮੇਰਾ ਕੋਈ ਨਹੀਂ ਸੁਣਦਾ ਸ਼ੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਮੇਰੀ ਹਿੱਕ ਤੇ ਵੇਖ ਲੈ ਵਗਦੇ
ਅੱਜ ਨਸ਼ਿਆਂ ਦੇ ਦਰਿਆ
ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ
ਮੈਨੂੰ ਪਖੰਡੀਆਂ ਘੇਰ ਲਿਆ
ਮੈਨੂੰ ਨੋਚ-ਨੋਚ ਕੇ ਖਾ ਗਏ
ਇਹ ਚਿੱਟ ਕੱਪੜੀਏ ਚੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਮੇਰੇ ਪੁੱਤਰ ਕੋਹ-ਕੋਹ ਮਾਰ ਤੇ
ਇਥੇ ਘਰ-ਘਰ ਮੱਚਿਆ ਕਹਿਰ
ਮੇਰੀਆਂ ਧੀਆਂ ਵਿਧਵਾ ਰੋਂਦੀਆਂ
ਇਥੇ ਜੰਮੇ ਨਵੇਂ ਓਡਵਾਇਰ
ਆ ਕੇ ਇੱਜ਼ਤ ਰੱਖ ਲੈ ਯੋਧਿਆ
ਮੇਰਾ ਚਲਦਾ ਨਹੀਂ ਕੋਈ ਜੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ
ਸੀ ਮੈਂ ਮਾਲਕ ਪੰਜ ਦਰਿਆ ਦੀ
ਅੱਜ ਖੁੱਸੀ ਮੇਰੀ ਸ਼ਾਨ
ਸੰਨ ‘47’ ਵੇਲੇ ਖੇਡ ਗਏ
ਮੇਰੀ ਇੱਜ਼ਤ ਨਾਲ ਸ਼ੈਤਾਨ
‘66’ ਚ ਜਾ ਕੇ ਸੰਭਲੀ
ਦਿੱਤਾ ਅੰਗ-ਅੰਗ ਪਰ ਤੋੜ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਫਿਰ ਗਰਜ਼ਿਆ ਤੂੰ ਜਦੋਂ ਯੋਧਿਆ
ਮੇਰੇ ਮੁੱਕ ਗਏ ਫ਼ਿਕਰ ਤਮਾਮ
ਸ਼ੇਰ ਮੇਰਾ ਗਿਣ-ਗਿਣ ਲੈ ਲਊ ਬਦਲੇ
ਲੈ ਕੇ ਆਪਣੇ ਹੱਥ ਲਗਾਮ
ਪਰ ਤੂੰ ਹੱਸ ਸ਼ਹੀਦੀ ਪਾ ਗਿਆ
ਵੈਰੀਆਂ ਪਾਪ ਕਮਾਇਆ ਘੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਤੈਨੂੰ ਗਿੱਠ-ਗਿੱਠ ਚੜੀਆਂ ਲਾਲੀਆਂ
ਸੀ ਸ਼ਹੀਦ ਹੋਣ ਦਾ ਚਾਅ
ਦਾਗ਼ ਨਾ ਲਾਇਆ ਕੁੱਖ ਨੂੰ
ਦਿੱਤਾ ਇਤਿਹਾਸ ਦੁਹਰਾਅ
ਵੇ ਮੈਨੂੰ ਮੁੜ-ਮੁੜ ਚੇਤੇ ਆਵਦੇ
ਤੇਰੇ ਸੀਨਾਂ ਵਿੰਨ੍ਹਦੇ ਬੋਲ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

ਮੇਰੇ ਪੁੱਤ ਹਜ਼ਾਰਾਂ ਯੋਧਿਆ
ਇੱਥੇ ਜੇਲ੍ਹੀਂ ਦਿੱਤੇ ਤਾੜ
ਉਹ ਅੰਦਰੇ ਬੁੱਢੇ ਹੋ ਗਏ
ਕਈ ਗੁਜਰੇ ਮਾਘ ਤੇ ਹਾੜ
ਮੈਂ ਗੋਤੇ ਖਾਂਦੀ ਸੂਰਿਆ
ਮੇਰੀ ਕੋਈ ਨਹੀਂ ਫੜਦਾ ਡੋਰ
ਮੈਂ ਕਿੱਥੋਂ ਲਿਆਵਾਂ ਲੱਭ ਕੇ
ਅੱਜ ਭਿੰਡਰਾਂਵਾਲਾ ਹੋਰ
ਵੇ ਮੈਂ ਰੋਂਦੀ ਧਰਤ ਪੰਜਾਬ ਦੀ

(ਨਵੀਂ ਛਪੀ ਕਿਤਾਬ ‘ਧਰਮ ਯੁੱਧ’ ਵਿੱਚੋਂ )

ਸੁਖਦੀਪ ਸਿੰਘ ਬਰਨਾਲਾ