ਇਤਿਹਾਸਕਾਰਾਂ ਦੀ ਬਹੁਗਿਣਤੀ ਤਾਂ ਇਹੀ ਮੰਨਦੀ ਹੈ ਕਿ ਰਾਮਾਇਣ ਇਕ ਕਾਲਪਨਿਕ ਕਹਾਣੀ ਹੈ ਤੇ ਰਾਮ ਇਸ ਕਾਲਪਨਿਕ ਕਹਾਣੀ ਦਾ ਮੁੱਖ ਪਾਤਰ। ਕਿਉਂਕਿ ਰਾਮਾਇਣ ਕਾਲਪਨਿਕ ਹੈ ਤੇ 14-15-16 ਕਲਾਂ ਸੰਪੂਰਨ ਰਾਮ ਕਾਲਪਨਿਕ ਹੈ, ਇਸ ਲਈ ਰਾਮਾਇਣ ਵਿਚ ਆਈਆਂ ਥਾਵਾਂ (ਜਿਆਦਾਤਰ), ਘਟਨਾਵਾਂ ਤੇ ਬਾਕੀ ਪਾਤਰ ਵੀ ਕਾਲਪਨਿਕ ਹੀ ਹਨ।
ਕੁਝ ਹੋਰ (ਭਾਵੇਂ ਗਿਣਤੀ ਵਿਚ ਥੋੜੇ) ਇਤਿਹਾਸਕਾਰ ਵੀ ਹਨ, ਜਿਹੜੇ ਰਾਮ ਦੀ ‘ਹੋਂਦ’ ਤੋਂ ਤਾਂ ਮੁਨਕਰ ਨਹੀਂ ਹੁੰਦੇ, ਪਰ ਉਹ ਰਾਮ ਨੂੰ ਭਗਵਾਨ ਵੀ ਨਹੀਂ ਕਹਿੰਦੇ। ਉਹਨਾਂ ਅਨੁਸਾਰ ਰਾਮ ਇਕ ਆਰੀਅਨ ਰਾਜਾ ਸੀ। ਜਦੋਂ ਆਰੀਆਂ ਨੇ ਦ੍ਰਵਿੜਾਂ ‘ਤੇ ਹਮਲਾ ਕੀਤਾ ਤਾਂ ਇਹ ਆਰੀਆਂ ਦਾ ਮੁਖੀ ਸੀ। ਇਹਨਾਂ ਨੇ ਸ਼ਾਂਤੀ ਪਸੰਦ ਦਰਾਵੜਾਂ ਨੂੰ ਇੱਥੋਂ (ਪੰਜਾਬ ਤੇ ਹੋਰ ਉੱਤਰੀ ਭਾਰਤ ਦੇ ਇਲਾਕੇ) ਕੱਢ ਦਿੱਤਾ ਤੇ ਆਪ ਇੱਥੇ ਕਬਜ਼ਾ ਕਰ ਲਿਆ। ਹੁਣ ਕਿਉਂਕਿ ਇਹ (ਰਾਮ) ਮੁਖੀ ਸੀ, ਇਸ ਲਈ ਆਰੀਆ ਲੋਕਾਂ ਨੇ ਇਸ ਦੀ ਭਗਵਾਨ ਜਾਂ ਅਵਤਾਰ ਬਣਾ ਕੇ ਪੂਜਾ ਸ਼ੁਰੂ ਕਰ ਦਿੱਤੀ। ਇਸ ਦੀ ਉਦਾਹਰਣ ਸਾਨੂੰ ਗੁਰਬਾਣੀ ਵਿਚੋਂ ਵੀ ਮਿਲਦੀ ਹੈ,
“ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥7॥” (422)
ਕਿ ਵੱਖ-ਵੱਖ ਸਮੇਂ ਦੇ ਰਾਜੇ, ਜਿਹਨਾਂ ਨੂੰ ਲੋਕਾਂ ਨੇ ਅਵਤਾਰ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ, ਨੇ ਵੀ ਪ੍ਰਮਾਤਮਾਂ ਦਾ ਅੰਤ ਨਹੀਂ ਪਾਇਆ ਮੈਂ ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ?
ਸੋ ਆਰੀਆਂ ਦੁਆਰਾ ਰਾਮ ਨੂੰ ਭਗਵਾਨ ਮੰਨੇ ਜਾਂ ਮਿੱਥੇ ਜਾਣ ਦੀ ਪ੍ਰੰਪਰਾ ਅੱਜ ਤੱਕ ਉਵੇਂ ਚੱਲਦੀ ਆ ਰਹੀ ਹੈ।
ਹੁਣ ਦੋ ਪੱਖ ਸਾਹਮਣੇ ਹਨ, ਇਕ ਤਾਂ ਇਸ ਸਾਰੇ ਵਰਤਾਰੇ ਨੂੰ ਕਾਲਪਨਿਕ ਕਹਿ ਕੇ ਮੂਲੋਂ ਰੱਦ ਕਰ ਰਿਹਾ ਹੈ ਤੇ ਦੂਜਾ ਇਸ ਦੀ ‘ਹੋਂਦ’ ਤਾਂ ਮੰਨਦਾ ਹੈ ਪਰ ਇਸ ਨੂੰ ਭਗਵਾਨ ਕਹਿਣ ਤੋਂ ਇਨਕਾਰੀ ਹੈ।
ਰਾਮਾਇਣਾ ਵੀ ਦੋ ਹਨ, ਵੱਖ-ਵੱਖ ਲੇਖਕਾਂ ਦੀਆਂ। ਇਕ ਬਾਲਮੀਕ ਰਾਮਾਇਣ ਤੇ ਦੂਜੀ ਤੁਲਸੀ ਦਾਸ ਦੀ ਰਾਮ ਚਰਿੱਤ ਮਾਨਸ। ਅੱਜ ਦਾ ਬਾਹਮਣ ਵਰਗ ਤੁਲਸੀ ਦਾਸ ਦੀ ਰਾਮਾਇਣ ਨੂੰ ਸਹੀ ਮੰਨ ਰਿਹਾ ਹੈ, ਜਦ ਕਿ ਪੁਰਾਤਨ ਬਾਲਮੀਕ ਦੀ ਹੈ। ਪਰ ਕਿਉਂਕਿ ਬਾਲਮੀਕ ਨੇ ਕਈ ਥਾਵਾਂ ‘ਤੇ ਰਾਮ ਨੂੰ ਭਗਵਾਨ ਮੰਨਣ ਤੋਂ ਇਨਕਾਰ ਕੀਤਾ ਹੈ ਇਸ ਲਈ ਇਹਨਾਂ ਨੇ (ਬਾਹਮਣਾ ਨੇ) ਬਾਲਮੀਕ ਰਾਮਾਇਣ ਨੂੰ ਰੱਦ ਕਰਕੇ ਤੁਲਸੀ ਦਾਸ ਦੀ ਰਾਮ ਚਰਿੱਤ ਮਾਨਸ ਨੂੰ ਮੂਹਰੇ ਲੈ ਆਂਦਾ ਹੈ। ਬਾਲਮੀਕ ਕਹਿੰਦਾ ਹੈ,
“ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੇਂ ਬੈਠਾ”
ਕਿ ਇਕ ਰਾਮ ਤਾਂ ਉਹ ਹੈ ਜੋ ਅਯੋਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਹੈ ਤੇ ਇਕ ਰਾਮ ਉਹ ਹੈ ਜੋ ਘਟ-ਘਟ ਵਿਚ ਰਮਿਆਂ ਹੋਇਆ ਹੈ।
ਚਲੋ, ਮੰਨ ਲਿਆ ਕਿ ਬਾਲਮੀਕ ਇਹਨਾਂ ਦੇ ਫਿੱਟ ਨਹੀਂ ਬੈਠਾ ਤੇ ਇਹਨਾਂ ਨੇ ਤੁਲਸੀ ਨੂੰ ਸੱਚਾ ਮੰਨ ਲਿਆ, ਪਰ ਫਿਰ ਵੀ ਕਹਾਣੀ ਤਾਂ ਕਾਲਪਨਿਕ ਹੀ ਰਹੀ। ਤੁਲਸੀ ਵੀ ਇਹ ਸਿੱਧ ਨਹੀਂ ਕਰ ਸਕਿਆ ਕਿ ਰਾਮਾਇਣ ਜਾਂ ਰਾਮ ਦਾ ਵਰਤਾਰਾ ਇਕ ਸੱਚੀ ਵਾਰਤਾ ਹੈ। ਤੁਲਸੀ ਰਾਮਾਇਣ ਕਈ ਥਾਵਾਂ ‘ਤੇ ਝੂਠੀ ਪੈ ਜਾਂਦੀ ਹੈ, ਇਕ ਉਦਾਹਰਣ ਦੇ ਰਿਹਾ ਹਾਂ, ਤੁਲਸੀ ਬਾਲ ਕਾਂਡ ਵਿਚ ਕਹਿੰਦਾ ਹੈ,
“ਜਬ ਜਬ ਹੋਇ ਧਰਮ ਕੈ ਹਾਨੀ। ਬਾੜ੍ਹਹਿੰ ਅਸੁਰ ਅਧਮ ਅਭਿਮਾਨੀ।
ਕਰਹਿੰ ਅਨੀਤਿ ਜਾਇ ਨਹਿੰ ਬਰਨੀ। ਸੀਦਹਿੰ ਬਿਪ੍ਰ ਧੇਨੁ ਸੁਰ ਧਰਨੀ।
ਤਬ ਤਬ ਪ੍ਰਭੂ ਧਰਿ ਬਿਬਿਧ ਸਰੀਰਾ। ਹਰਹਿੰ ਕ੍ਰਿਪਾਨਿਧਿ ਸੱਜਨ ਪੀਰਾ।”
ਕਿ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤੇ ਅਧਰਮ ਦਾ ਬੋਲਬਾਲਾ ਵਧਦਾ ਹੈ। ਜਦੋਂ ਬਾਹਮਣ ਤੇ ਗਾਂ ਨੂੰ ਦੁੱਖ ਪਹੁੰਚਦਾ ਹੈ ਤਾਂ ਪ੍ਰਮਾਤਮਾਂ ਤੋਂ ਬਾਹਮਣ ਦਾ ਦੁੱਖ ਵੇਖਿਆ ਨਹੀਂ ਜਾਂਦਾ ਤੇ ਉਹ ਅਵਤਾਰ ਲੈਂਦਾ ਹੈ ਤੇ ਇਹਨਾਂ ਦੀ ਪੀੜ ਖਤਮ ਕਰਦਾ ਹੈ।
ਹਿੰਦੋਸਤਾਨ ਦੀ ਇਸ ਧਰਤੀ ‘ਤੇ ਸਮੇਂ ਸਮੇਂ ਜਰਵਾਣੇ ਆਉਂਦੇ ਰਹੇ ਤੇ ਏਥੋਂ ਦੇ ਲੋਕਾਂ ਨੂੰ ਕੁੱਟਦੇ, ਲੁਟਦੇ ਤੇ ਮਾਰਦੇ ਰਹੇ ਤੇ ਨਾਲ ਨਾਲ ਏਥੋਂ ਦੀ ਇੱਜ਼ਤ ਬਹੂ ਬੇਟੀਆਂ ਦੇ ਰੂਪ ਵਿਚ ਵੀ ਚੁੱਕ ਕੇ ਲਿਜਾਂਦੇ ਰਹੇ। ਹਿੰਦੋਸਤਾਨ ਦੀ ਇੱਜ਼ਤ ਗਜ਼ਨੀਂ ਦੇ ਬਜ਼ਾਰਾਂ ਵਿਚ ਟਕੇ ਟਕੇ ਨੂੰ ਵਿਕੀ। ਇਤਿਹਾਸ ਇਹ ਵੀ ਦੱਸਦਾ ਹੈ ਕਿ ਜੇ ਕੋਈ ਕੁੜੀ ਛੇਤੀ ਵਿਕਦੀ ਨਹੀਂ ਸੀ ਤਾਂ ਉਸ ਦੇ ਸ਼ਰੇਆਮ ਹੌਲੀ ਹੌਲੀ ਕੱਪੜੇ ਲਾਹੇ ਜਾਂਦੇ ਤਾਂ ਕਿ ਚੰਗਾ ਮੁੱਲ ਮਿਲ ਸਕੇ। ………… ਤੇ ਫਿਰ ਇਕ ਸਮਾਂ ਐਸਾ ਵੀ ਆਇਆ ਜਦੋਂ ਤੁਰਕ ਹਾਕਮ ਆਪਣਾ ਪਾਨ ਵਾਲਾ ਥੁੱਕ ਵੀ ਇਹਨਾਂ ਦੇ ਮੂੰਹ ਵਿਚ ਥੁੱਕਦੇ ਰਹੇ। ਪਰ ਕੋਈ ਭਗਵਾਨ ਨਾ ਬਹੁੜਿਆ, ਕਿਸੇ ਨੂੰ ਧਰਮ ਦੀ ਹੁੰਦੀ ਹਾਨੀ ਨਾ ਦਿਸੀ, ਨਿੱਤ ਦਿਹਾੜੀ ਲਹਿੰਦੇ ਸਵਾ ਸਵਾ ਮਣ ਜਨੇਊਆਂ ਨੂੰ ਚੁੱਕ ਕੇ ਦੁਬਾਰਾ ਬਾਹਮਣ ਦੇ ਗਲ ਪਾਉਣ ਦਾ ਕਿਸੇ ਨੇ ਹੀਆ ਨਾ ਕੀਤਾ। ਕਿੱਥੇ ਸੀ ਉਹ ਭਗਵਾਨ ਜਿਸ ਦਾ ਜਿਕਰ ਤੁਲਸੀ ਨੇ ਕੀਤਾ ਹੈ, ਉਸ ਨੂੰ ਇਹ ਜ਼ੁਲਮੀ ਵਰਤਾਰਾ ਕਿਉਂ ਨਾ ਦਿਸਿਆ।
ਜਦੋਂ ਇਸ ਧਰਤੀ ਤੋਂ ਕੋਈ ਸੂਰਮਾਂ, ਜ਼ਾਲਮਾਂ ਅੱਗੇ ਹਿੱਕ ਤਾਣ ਕੇ ਖੜ੍ਹਣ ਲਈ ਨਾ ਬਹੁੜਿਆ, ਤਦੋਂ ਧਰਮ ਦੀ ਚਾਦਰ, ਮਨੁੱਖੀ ਹੱਕਾਂ ਦੇ ਰਾਖੇ ਤੇ ਮਨੁੱਖਤਾ ਦੀ ਆਜ਼ਾਦੀ ਲਈ ਜੂਝਣ ਵਾਲੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਆਏ ਤੇ ਸਨਮੁਖ ਸ਼ਹੀਦ ਹੋਏ। ਇਕ ਹੋਰ ਗੱਲ ਨਾਲ ਲੱਗਦੀ ਕਰ ਦੇਵਾਂ ਕਿ ਇੱਥੇ ਮਸਲਾ ‘ਹਿੰਦੂ ਧਰਮ’ ਦੀ ਰਾਖੀ ਦਾ ਨਹੀਂ ਸੀ, ਇੱਥੇ ਤਾਂ ਮਨੁੱਖੀ ਹੱਕਾਂ ਦੀ ਰਾਖੀ ਦੀ ਗੱਲ ਸੀ।
ਹੁਣ ਮੁੱਦੇ ਵੱਲ ਪਰਤਦੇ ਹਾਂ। ਇਹਨਾਂ ਦੇ ਵੱਖ ਵੱਖ ਗ੍ਰੰਥਾਂ ਦੇ ਵਿਚਾਰ ਵੀ ਆਪੋ ਵਿਚ ਨਹੀਂ ਮਿਲਦੇ। ਕੋਈ ਗ੍ਰੰਥ ਜਾਂ ਇਹਨਾਂ ਦਾ ਕੋਈ ‘ਮਹਾਪੁਰਸ਼’ ਇਹ ਸਾਬਤ ਨਹੀਂ ਕਰ ਸਕਿਆ ਕਿ ਰਾਮਾਇਣ ਸੱਚੀ ਕਹਾਣੀ ਹੈ ਤੇ ਰਾਮ ਵੀ ਕਾਲਪਨਿਕ ਨਹੀਂ। ਇਕ ਨਿੱਜੀ ਟੀ.ਵੀ. ਚੈਨਲ ‘ਤੇ ਮੁਰਲੀ ਮਨੋਹਰ ਜੋਸ਼ੀ ਬੋਲ ਰਿਹਾ ਸੀ, “ਅਗਰ ਰਾਮ ਕਾਲਪਨਿਕ ਹੈ ਤੋਂ ਈਸਾ ਮਸੀਹ ਭੀ ਕਾਲਪਨਿਕ ਹੈ, ਕਿਊਂ ਕਿ ਵੋਹ ਏਕ ਕੁਵਾਰੀ ਲੜਕੀ ਸੇ ਪੈਦਾ ਹੂਆ ਥਾ” ਹੁਣ ਅੱਗੋਂ ਟੀ.ਵੀ. ਵਾਲਾ ਪੱਤਰਕਾਰ ਹੀ ਮਾੜਾ ਸੀ ਨਹੀਂ ਤਾਂ ਮੋੜਵਾਂ ਉੱਤਰ ਦਿੰਦਾ ਕਿ ਜੋਸ਼ੀ ਜੀ ਤੁਸੀਂ ਇਕ ਈਸਾ ਦੀ ਗੱਲ ਕਰਦੇ ਹੋ ਥੋਡਾ ਤਾਂ ਸਾਰਾ ਲਾਣਾ ਬਾਣਾ ਹੀ…………………। ਕਦੇ ਕਹਿੰਦੇ ਹੋ ਚਾਰ ਵਰਣ ‘ਗਾਂ’ ਤੋਂ ਪੈਦਾ ਹੋਏ। ਕਦੇ ਕੋਈ ਸੂਰਜ ਤੋਂ, ਕਦੇ ਚੰਦ ਤੋਂ, ਕੋਈ ਧਰਤੀ ਪੁੱਤਰ, ਕੋਈ ਸਾਗਰ ਤੋਂ, ਘੋੜੀ ਤੋਂ, ਕੱਛ, ਮੱਛ, ਵਰਾਹ …………………। ਰਹਿਣ ਦਿਓ ਐਵੇਂ ਥੋਡਾ ਢਿੱਡ ਨੰਗਾ ਹੋਊ।
ਹੁਣ ਗੱਲ ਕਰਦੇ ਹਾਂ ਉਸ ਰੌਲੇ ਦੀ ਜੋ ਪੰਥਕ ਸਫਾਂ ਵਿਚ ਵੀ ਪਿਆ ਹੋਇਆ ਹੈ ਕਿ ਗੁਰਬਾਣੀ ਵਿਚ ਵਰਤਿਆ ਗਿਆ ‘ਰਾਮ’ ਕੌਣ ਹੈ। ਸਭ ਤੋਂ ਪਹਿਲਾਂ ਮੈਂ
ਭਗਤ ਕਬੀਰ ਜੀ ਦਾ ਸ਼ਬਦ ਅਰਥਾਂ ਸਮੇਤ ਲਿਖਾਂਗਾ,
“ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥190॥
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥191॥” (1374)
ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ । ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ) । ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ।190।
ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ।191।
ਭਗਤ ਕਬੀਰ ਜੀ ਦੋਹਾਂ ‘ਰਾਮਾਂ’ (ਪ੍ਰਮਾਤਮਾਂ ਤੇ ਰਾਜਾ ਰਾਮ) ਵਿਚਲਾ ਭੇਦ ਸ਼ਪਸ਼ਟ ਕਰਦੇ ਹਨ। ਇਹ ਗੱਲ ਸਾਫ ਹੈ ਕਿ ਗੁਰਬਾਣੀ ਵਿਚ ‘ਰਾਮ’ ਸ਼ਬਦ ਪ੍ਰਮਾਤਮਾਂ ਲਈ ਹੀ ਆਇਆ ਹੈ ਤੇ ਜਿੱਥੇ ਰਾਜੇ ਰਾਮ ਲਈ ਆਇਆ ਹੈ ਉਹ ਕਦੇ ਵੀ ਉਸਦੀ ਵਡਿਆਈ ਜਾਂ ਉਸਤਤੀ ਵਿਚ ਨਹੀਂ ਆਇਆ, ਉਹ ਰਾਮ ਜਿਸ ਸੰਧਰਭ ਵਿਚ ਆਇਆ ਹੈ ਉਹ ਇਹਨਾਂ ਰਾਮ ਭਗਤਾਂ ਲਈ ਪਚਾਉਣਾ ਕਾਫੀ ਔਖਾ ਹੈ, ਪਰ ਫਿਰ ਵੀ ਸਿਖ ਸੰਗਤ ਦੀ ਜਾਣਕਾਰੀ ਲਈ ਕੁਝ ਸ਼ਬਦ ਜ਼ਰੂਰ ਲਿਖਾਂਗਾ,
“ਕੇਤੇ ਰਾਮ ਰਵਾਲ” ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਅੱਗੇ,
“ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥” (874)
ਬਾਬਾ ਨਾਮਦੇਵ ਜੀ ਰਾਜੇ ਰਾਮ ਦੁਆਰੇ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਸਾਫ ਦਿਖਾ ਰਹੇ ਹਨ ਕਿ “ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ।3।”
“ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥”
16 ਕਲਾ ਸੰਪੂਰਨ ਰਾਮ, ਸੀਤਾ ਤੇ ਲਛਮਣ ਤੋਂ ਵਿੱਛੜ ਕੇ ਰੋ ਰਿਹਾ ਹੈ ਪਰ ਘਟ ਘਟ ਦੀ ਜਾਣਨ ਵਾਲੇ ਅਖੌਤੀ ਭਗਵਾਨ ਨੂੰ ਇਹ ਨਹੀਂ ਪਤਾ ਕਿ ਸੀਤਾ ਤੇ ਲਛਮਣ ਕਿੱਧਰ ਗਏ।
ਖੈਰ ਅੱਗੇ ਵੇਖੋ,
“ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥ (1429)”
ਹੇ ਨਾਨਕ! ਆਖ-(ਹੇ ਭਾਈ!) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ । (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ । (ਇਹ) ਜਗਤ ਸੁਪਨੇ ਵਰਗਾ (ਹੀ) ਹੈ ।50।
ਗੁਰੂ ਸਾਹਿਬ ਰਾਮ ਨੂੰ ਰਾਵਣ ਦੇ ਬਰਾਬਰ ਹੀ ਲਿਖਦੇ ਹਨ ਤੇ ਜੇ ਗੁਰੂ ਸਾਹਿਬ ਰਾਮ ਦਾ ਰੁਤਬਾ ਥੋੜਾ ਵੀ ਉੱਚਾ ਸਮਝਦੇ ਹੋਣ ਤਾਂ ਇਸ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
ਸੋ ਗੁਰੂ ਪਿਆਰਿਓ ਸਾਡੇ ਵਿਚ ਏਸ ਰਾਜੇ ਰਾਮ ਦੀ ਕੋਈ ਮਹਾਨਤਾ ਜਾਂ ਵਡਿਆਈ ਨਹੀਂ। ਜੇ ਰਾਮ ਦੀ ‘ਹੋਂਦ’ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਹ ਸਿਰਫ ਆਪਣੀ ਪਤਨੀ ਲਈ ਹੀ ਲੜਿਆ ਤੇ ਮਨੁੱਖਤਾ ਦਾ ਇਸ ਨੇ ਕੱਖ ਨਹੀਂ ਸਵਾਰਿਆ, ਹਾਂ ਇਹਨਾਂ ਵੱਲੋਂ ਅਛੂਤ ਬਣਾਏ ਗਏ ‘ਸੰਭੂਕ ਰਿਸ਼ੀ’ ਦਾ ਕਤਲ ਜਰੂਰ ਇਸ ਨੇ ਕੀਤਾ। …… ਤੇ ਨਾਲੇ ਮਿਥਿਹਾਸ ਜਾਂ ਇਹਨਾਂ ਦੇ ਗ੍ਰੰਥ ਆਪ ਦੱਸਦੇ ਹਨ ਕਿ ਇਹਨਾਂ ਨੇ (ਰਾਮ ਤੇ ਲਛਮਣ ਨੇ) ਰਾਵਣ ਦੀ ਭੈਣ ਸਰੂਪਨਖ਼ਾਂ (ਸੋਹਣੇ ਨੱਕ ਵਾਲੀ) ਨਾਲ ਬਦਸਲੂਕੀ ਕੀਤੀ, ਤੇ ਕੋਈ ਗ਼ੈਰਤਮੰਦ ਭਰਾ ਇਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਸੋ ਰਾਵਣ ਨੇ ਇਹਨਾਂ ਨਾਲ ਟੱਕਰ ਲਈ। ਪਰ ਇਹ ਸਭ ਮਿਥਿਹਾਸ ਹੈ ਜਾਂ ਕਹਿ ਲਉ ਕਿ ਆਰੀਆਂ ਤੇ ਦਰਾਵੜਾਂ ਦੀਆਂ ਲੜਾਈਆਂ ਨੂੰ ਹੋਰ ਰੂਪ ਦੇ ਕੇ ਲਿਖਿਆ ਗਿਆ ਹੈ।
ਜੇ ਰਾਮਾਇਣ ਜਾਂ ਰਾਮ ਦੀ ਹੋਂਦ ਹੀ ਕਾਲਪਨਿਕ ਹੈ ਤਾਂ ਰਾਮ ਤੇ ਰਾਵਣ ਦੀ ਲੜਾਈ ਵੀ ਕਲਪਨਾ ਦੀਆਂ ਉਡਾਰੀਆਂ ਹਨ ਤੇ ‘ਰਾਮ ਸੇਤੂ’ ਦਾ ਤਾਂ ਸਵਾਲ ਹੀ ਪੇਦਾ ਨਹੀਂ ਹੁੰਦਾ। ਸੋ ਲੋੜ ਤਾਂ ਇਹ ਹੈ ਕਿ ਜੋ ਕੰਮ ਲੋਕਾਂ ਦੇ ਭਲੇ ਵਿਚ ਹਨ ਉਹ ਕੀਤੇ ਜਾਣ ਨਾ ਕਿ ਪੱਥਰਾਂ ਪਿੱਛੇ ਲੜਿਆ ਜਾਏ। ਨਾਲੇ ਏਸ ‘ਰਾਮ ਸੇਤੂ’ ਨੇ ਅੱਜ ਤੱਕ ਲੋਕਾਂ ਦਾ ਸਵਾਰਿਆ ਕੀ ਹੈ, ਤੇ ਹੁਣ ਕੁਝ ਸਵਰਨ ਲੱਗਾ ਹੈ ਤਾਂ ਇਹ ਵਿਚਾਲੇ ਰੋੜਾ……………।
ਤੇ ਸਾਡੇ ਕੁਝ ਆਪੂ ਬਣੇ ਮੁਖੀਆਂ, ਜਿਹੜੇ ਪਿਛਲੇ ਯੋਧਿਆਂ ਦੀ ਕੁਰਬਾਨੀ ਨੂੰ ਵੀ ਛੁਟਿਆ ਰਹੇ ਹਨ, ਨੂੰ ਵੀ ਬੇਨਤੀ ਹੈ ਕਿ ‘ਰਾਮ ਸੇਤੂ’ ਰਾਹੀਂ ਬਾਹਮਣਾ ਦੀ ਚਾਪਲੂਸੀ ਕਰਨ ਨਾਲੋਂ ‘ਕੌਮ’ ਦਾ ਕੁਝ ਸਵਾਰਨ ਲਈ ਉਪਰਾਲੇ ਕਰਨ ਤਾਂ ਕਿ ਇਤਿਹਾਸ ਵਿਚ ਇਹਨਾਂ ਨੂੰ ‘ਪੰਥ ਦੋਖੀਆਂ’ ਤੇ ‘ਗਦਾਰਾਂ’ ਦੀ ਕਤਾਰ ਵਿਚ ਨਾ ਖੜਾ ਕੀਤਾ ਜਾਵੇ।
ਜਗਦੀਪ ਸਿੰਘ ਫਰੀਦਕੋਟ (9815763313)






























